ਦਰਸ਼ਨ ਸਿੰਘ ‘ਆਸ਼ਟ’ (ਡਾ.)*
ਵਰਤਮਾਨ ਪੰਜਾਬੀ ਬਾਲ ਸਾਹਿਤ ਵਿਚ ਨਵੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ ਜਿਨ੍ਹਾਂ ਨੇ ਬਾਲ-ਮਨਾਂ ਵਿਚ ਚੇਤਨਾ ਦਾ ਸੰਚਾਰ ਕਰਕੇ ਇਕ ਉਸਾਰੂ ਵਾਯੂਮੰਡਲ ਪੈਦਾ ਕੀਤਾ ਹੈ। ਪੰਜਾਬੀ ਦੇ ਸਸ਼ਕਤ ਲੇਖਕ ਸੁਖਬੀਰ ਨੇ ਇਸ ਕਿਸਮ ਦੇ ਬਾਲ ਸਾਹਿਤ ਨੂੰ ਰਚਨਾਤਮਕ ਦ੍ਰਿਸ਼ਟੀਕੋਣ ਤੋਂ ਚੰਗਾ ਹੁਲਾਰਾ ਦਿੱਤਾ ਹੈ। ‘ਛੱਪੜ ਤੇ ਅਸਮਾਨ’ ਉਸ ਦਾ ਨਵ-ਪ੍ਰਕਾਸ਼ਿਤ ਬਾਲ ਕਥਾ ਸੰਕਲਨ ਹੈ ਜਿਸ ਵਿਚ ਵੀਹ ਕਹਾਣੀਆਂ ਰਾਹੀਂ ਇਹ ਅਹਿਸਾਸ ਜਗਾਇਆ ਹੈ ਕਿ ਮਾਨਵੀ ਜੀਵਨ ਵਿਚ ਨਕਾਰਾਤਮਕ ਅਤੇ ਪਿਛਾਂਹਖਿੱਚੂ ਪ੍ਰਵਿਰਤੀਆਂ ਦਾ ਤਿਆਗ ਕਰਕੇ ਹੀ ਸਹੀ ਦਿਸ਼ਾ ਵੱਲ ਤੁਰਿਆ ਜਾ ਸਕਦਾ ਹੈ।
ਸੁਖਬੀਰ ਦੀਆਂ ਇਨ੍ਹਾਂ ਕਹਾਣੀਆਂ ਵਿਚ ਵਸਤੂ ਜਗਤ ਦੀ ਦ੍ਰਿਸ਼ਟੀ ਤੋਂ ਵੰਨ-ਸੁਵੰਨਤਾ ਵਿਖਾਈ ਦਿੰਦੀ ਹੈ। ਮਸਲਨ ਇਨ੍ਹਾਂ ਕਹਾਣੀਆਂ ਰਾਹੀਂ ਇਹ ਬੁਨਿਆਦੀ ਸੁਨੇਹਾ ਪ੍ਰਸਾਰਿਤ ਹੁੰਦਾ ਹੈ ਕਿ ਮਨੁੱਖ ਜਾਂ ਜੀਵ-ਜੰਤੂ ਸ਼੍ਰੇਣੀ ਜ਼ੁਲਮ, ਬੇਈਮਾਨੀ, ਭ੍ਰਿਸ਼ਟਾਚਾਰ, ਝੂਠ, ਵਿਸ਼ਵਾਸਘਾਤ, ਸਰੀਰਕ, ਮਾਨਸਿਕ ਅਤੇ ਬੌਧਿਕ ਸੋਸ਼ਣ ਅਤੇ ਅਸਮਾਜਿਕ ਜਾਂ ਗ਼ੈਰ-ਕੁਦਰਤੀ ਵਰਤਾਰੇ ਦੇ ਵਿਰੋਧ ਵਿਚ ਭੁਗਤਦੀ ਹੈ ਅਤੇ ਅਜਿਹੀ ਪ੍ਰਵਿਰਤੀ ਵਾਲਿਆਂ ਨੂੰ ਉਚਿਤ ਸਜ਼ਾ ਮਿਲਣ ’ਤੇ ਮਾਨਸਿਕ ਸੰਤੁਸ਼ਟੀ ਅਨੁਭਵ ਕਰਦੀ ਹੈ।
ਜ਼ਿਆਦਾਤਰ ਕਹਾਣੀਆਂ ਦਾ ਕਥਾਨਕ ਜੀਵ ਜੰਤੂਆਂ ਉਪਰ ਆਧਾਰਿਤ ਹੈ ਜਿਵੇਂ ‘ਸਹੀ ਵੰਡ’, ‘ਉਮਰ ਦਾ ਸਵਾਲ’, ‘ਤਿੰਨ ਡੰਗ ਦੀ ਰੋਟੀ’, ‘ਲਾਲ ਕੋਟ ਵਾਲਾ ਚੂਹਾ’, ‘ਸਭ ਤੋਂ ਤਗੜੀ ਚਿੜੀ’, ‘ਉਲੂ ਦਾ ਇਲਾਜ’, ‘ਛੱਪੜ ਤੇ ਅਸਮਾਨ’, ‘ਬਾਦਸ਼ਾਹ’, ‘ਦੋ ਲੱਤਾਂ ਵਾਲਾ ਟਿੱਡਾ’, ‘ਸ਼ੀਸ਼ਾ ਤੇ ਸ਼ਕਲਾਂ’, ‘ਸੈਹੇ ਦੀ ਸਿਆਣਪ’, ‘ਗੱਲਾਂ ਕਰਨ ਵਾਲਾ ਖੋਤਾ’ ਆਦਿ ਕਹਾਣੀਆਂ ਵਿਚ ਵੰਨ-ਸੁਵੰਨੇ ਜੀਵ-ਜੰਤੂ ਹਿੰਸਕ ਪ੍ਰਵਿਰਤੀਆਂ ਦੀ ਮੁਖ਼ਾਲਫ਼ਤ ਕਰਦੇ ਹਨ ਅਤੇ ਆਪਣੀ ਨੇਕੀ, ਏਕਤਾ ਅਤੇ ਦ੍ਰਿੜ੍ਹ ਨਿਸਚੇ ਨਾਲ ਹੀ ਸਫ਼ਲਤਾ ਹਾਸਿਲ ਕਰਦੇ ਹਨ। ਆਕਾਰ ਦੀ ਦ੍ਰਿਸ਼ਟੀ ਤੋਂ ਨਿਗੂਣੇ ਤੇ ਕਮਜ਼ੋਰ ਵਿਖਾਈ ਦੇਣ ਵਾਲੇ ਪਾਤਰ ਆਪਣੀ ਹਾਜ਼ਰ-ਦਿਮਾਗ਼ੀ ਅਤੇ ਯੋਜਨਾਬੰਦੀ ਨਾਲ ਵਿਰੋਧੀਆਂ ਨੂੰ ਮਾਤ ਪਾਉਂਦੇ ਹਨ। ਉਦਾਹਰਣ ਵਜੋਂ ‘ਸਭ ਤੋਂ ਤਗੜੀ ਚਿੜੀ’ ਕਹਾਣੀ ਵਿਚ ਚਿੜੀ ਦੋ ਸ਼ਕਤੀਸ਼ਾਲੀ ਵਿਰੋਧੀਆਂ ਹਾਥੀ ਅਤੇ ਮਗਰਮੱਛ ਨੂੰ ਆਪਣੀ ਤਾਕਤ ਦਾ ਲੋਹਾ ਮਨਵਾਉਣ ਵਿਚ ਸਫ਼ਲ ਹੁੰਦੀ ਹੈ। ਚਿੜੀ ਨੂੰ ਤੰਗ ਕਰਨ ਵਾਲੇ ਇਨ੍ਹਾਂ ਪਾਤਰਾਂ ਨੂੰ ਜਦੋਂ ਚਿੜੀ ਬੰਨ੍ਹਣ ਦੀ ਗੱਲ ਆਖਦੀ ਹੈ ਤਾਂ ਉਹ ਉਸ ਦਾ ਮਜ਼ਾਕ ਉਡਾਉਂਦੇ ਹਨ। ਚਿੜੀ ਇਕ ਲੰਮੀ, ਮਜ਼ਬੂਤ ਅਤੇ ਮੋਟੀ ਰੱਸੀ ਲੈ ਕੇ ਪਹਿਲਾਂ ਹਾਥੀ ਦੀ ਪੂਛ ਨਾਲ ਜਾ ਬੰਨ੍ਹਦੀ ਹੈ। ਫਿਰ ਉਸ ਦਾ ਦੂਜਾ ਸਿਰਾ ਮਗਰਮੱਛ ਦੀ ਪੂਛ ਨਾਲ। ਚਿੜੀ ਦੋਵਾਂ ਪਾਸਿਓਂ ਪੂਛਾਂ ਨਾਲ ਬੰਨ੍ਹੀ ਰੱਸੀ ਦੇ ਵਿਚਕਾਰ ਜਾਂਦੀ ਹੈ ਅਤੇ ਪਹਿਲਾਂ ਹਾਥੀ ਨੂੰ ਉੱਚੀ ਆਵਾਜ਼ ਦਿੰਦੀ ਹੈ ਕਿ ਉਹ ਵੇਲ ਨੁਮਾ ਰੱਸੀ ਖਿੱਚੇ। ਇਹੀ ਗੱਲ ਮਗਰਮੱਛ ਨੂੰ ਆਖਦੀ ਹੈ। ਦੋਵੇਂ ਪੂਰਾ ਤਾਣ ਲਾਉਂਦੇ ਹਨ ਤੇ ਹੈਰਾਨ ਹੁੰਦੇ ਹਨ ਕਿ ਚਿੜੀ ਤਾਂ ਉਨ੍ਹਾਂ ਕੋਲੋਂ ਵੀ ਸ਼ਕਤੀਸ਼ਾਲੀ ਹੈ ਜਿਸ ਨੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾਣ ਦਿੱਤੀ। ਦੋਵੇਂ ਚਿੜੀ ਕੋਲੋਂ ਮੁਆਫ਼ੀ ਮੰਗਦੇ ਹਨ। ਇਸੇ ਪ੍ਰਕਾਰ ‘ਛੱਪੜ ਤੇ ਅਸਮਾਨ’ ਕਹਾਣੀ ਵਿਚ ਤਿਤਲੀ ਇਕ ਹੈਂਕੜਬਾਜ਼ ਡੱਡੂ ਨੂੰ ਸਬਕ ਸਿਖਾਉਂਦੀ ਹੈ। ਇਉਂ ਇਹ ਕਹਾਣੀਆਂ ਸੰਕੇਤ ਕਰਦੀਆਂ ਹਨ ਕਿ ਨੀਤੀ ਤੇ ਵਿਉਂਤਬੰਦੀ ਨਾਲ ਵੱਡੀ ਮੁਸ਼ਕਲ ਉਪਰ ਵੀ ਕਾਬੂ ਪਾਇਆ ਜਾ ਸਕਦਾ ਹੈ।
ਦੂਜੇ ਪਾਸੇ ‘ਵਿਹਲੜ’, ‘ਅਮਰਤਾ ਦਾ ਫ਼ਲ’, ‘ਕੋਰੇ ਹੱਥ’, ‘ਕਿਹੋ ਜਿਹੇ ਦੋਸਤ’, ‘ਖੋਟੀ ਕਿਸਮਤ’ ਅਤੇ ‘ਸਭ ਤੋਂ ਸੋਹਣੀ ਆਵਾਜ਼’ ਕਹਾਣੀਆਂ ਵਿਚ ਮਨੁੱਖੀ ਪਾਤਰ ਵਿਚਰਦੇ ਵਿਖਾਈ ਦਿੰਦੇ ਹਨ। ਕਿਤੇ ਕਿਤੇ ਮਨੁੱਖੀ ਪਾਤਰਾਂ ਦੀ ਜਨੌਰ ਜਾਂ ਪ੍ਰਾਸਰੀਰਕ ਪਾਤਰਾਂ ਨਾਲ ਟੱਕਰ ਵੀ ਹੁੰਦੀ ਹੈ, ਪਰ ਓੜਕ ਜਿੱਤ ਚੰਗਿਆਈ ਅਤੇ ਹਿੰਮਤ ਦੀ ਹੀ ਹੁੰਦੀ ਹੈ। ਇਸ ਸੰਦਰਭ ਵਿਚ ‘ਚਾਲ ਤੇ ਜਾਲ’ ਕਹਾਣੀ ਵਿਚ ਇਕ ਹਾਜ਼ਰ ਦਿਮਾਗ਼ ਯਤੀਮ ਨੌਜਵਾਨ ਪਿੰਡ ਨੂੰ ਭੈਭੀਤ ਕਰਕੇ ਹਾਹਾਕਾਰ ਮਚਾਉਣ ਵਾਲੇ ਇਕ ਪ੍ਰਾਸਰੀਰਕ ਪਾਤਰ ਭਿਆਨਕ ਦੈਂਤ ਨੂੰ ਯੋਜਨਾਬੱਧ ਤਰੀਕੇ ਨਾਲ ਖ਼ਤਮ ਕਰਕੇ ਉਸ ਦੇ ਜ਼ੁਲਮਾਂ ਤੇ ਸਹਿਮ ਤੋਂ ਲੋਕਾਈ ਨੂੰ ਨਿਜਾਤ ਦਿਵਾਉਂਦਾ ਹੈ।
ਇਉਂ ਸਮੁੱਚੀਆਂ ਕਹਾਣੀਆਂ ਦੇ ਆਦਰਸ਼ਕ ਪਾਤਰ ਭੈੜੇ ਪਾਤਰਾਂ ਨੂੰ ਸਬਕ ਸਿਖਾਉਂਦੇ ਅਤੇ ਮੁਆਫ਼ ਕਰਦਿਆਂ ਸਮਾਜਿਕ ਸੰਤੁਲਨ ਕਾਇਮ ਰੱਖਦੇ ਹਨ। ਇਹ ਜੀਓ ਅਤੇ ਜਿਊਣ ਦੀ ਭਾਵਨਾ ਨੂੰ ਦ੍ਰਿੜ੍ਹ ਕਰਨ ਦਾ ਪੈਗ਼ਾਮ ਦਿੰਦੇ ਹੋਏ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਦਾ ਸੰਚਾਰ ਕਰਦੇ ਹਨ।
ਇਹ ਕਹਾਣੀਆਂ ਦਿਲਚਸਪ ਅਤੇ ਜਿਗਿਆਸਾਮਈ ਅੰਦਾਜ਼ ਵਿਚ ਲਿਖੀਆਂ ਹੋਈਆਂ ਹਨ। ਸੁਖਬੀਰ ਨੇ ਪਾਤਰਾਂ ਦੀ ਮਾਨਸਿਕਤਾ ਤੇ ਦਿੱਖ ਅਨੁਸਾਰ ਢੁੱਕਵੀਂ, ਸਰਲ ਤੇ ਸੰਖੇਪ ਵਾਰਤਾਲਾਪ ਘੜ ਕੇ ਗਲਪੀ-ਸ਼ੈਲੀ ਦਾ ਸੁੰਦਰ ਨਮੂਨਾ ਪੇਸ਼ ਕੀਤਾ ਹੈ। ਇਹ ਪੁਸਤਕ ਬੱਚਿਆਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ।
ਸਾਹਿਤ ਅਕਾਦਮੀ ਐਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ
ਸੰਪਰਕ: 98144-23703