ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਡਾ. ਸੁਰਜੀਤ ਚੰਦਰ ਦੀ ਵੱਡਆਕਾਰੀ ਪੁਸਤਕ ‘ਇਲਾਕਾ ਧਰਮਕੋਟ (ਮੋਗਾ) ਦਾ ਇਤਿਹਾਸ’ (ਕੀਮਤ: 400 ਰੁਪਏ; ਪੰਜ ਆਬ ਪ੍ਰਕਾਸ਼ਨ, ਜਲੰਧਰ) ਉਸ ਦਾ ਖੋਜ ਪੱਤਰ ਹੈ ਜੋ 1991 ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਪੇਸ਼ ਕੀਤਾ ਗਿਆ ਸੀ। ਧਰਮਕੋਟ ਜ਼ਿਲ੍ਹਾ ਮੋਗਾ ਦਾ ਸ਼ਹਿਰ ਹੈ ਜੋ ਪਹਿਲਾਂ ਫਿਰੋਜ਼ਪੁਰ ਨਾਲ ਸੀ। ਖੋਜ ਕਰਤਾ ਨੇ ਧਰਮਕੋਟ ਤੇ ਆਸ-ਪਾਸ ਦੇ ਇਲਾਕੇ ਦੀ ਵਿਸਤਰਿਤ ਜਾਣਕਾਰੀ ਦਿੱਤੀ ਹੈ। ਧਰਮਕੋਟ ਦੀ ਪ੍ਰਾਚੀਨਤਾ, ਇਤਿਹਾਸਕ ਪਿਛੋਕੜ, ਸਭਿਆਚਾਰਕ ਮੇਲੇ, ਵਿਦਿਅਕ ਸਥਿਤੀ, ਉੱਥੋਂ ਦੇ ਸਿਆਸੀ ਚਿਹਰੇ, ਧਰਮਕੋਟ ਦਾ ਵਿਕਾਸ, ਉੱਥੋਂ ਦੇ ਸਾਹਿਤਕਾਰ, ਲੋਕ ਸਾਹਿਤ, ਡੇਰੇ ਤੇ ਸੰਤ ਸਮਾਜ, ਪੱਤਰਕਾਰ ਭਾਈਚਾਰਾ, ਜ਼ਿਲ੍ਹਾ ਹੈੱਡਕੁਆਰਟਰ ਮੋਗਾ ਤੇ ਹੋਰ ਬਹੁਤ ਕੁਝ ਹੈ। ਪੁਸਤਕ ਬਾਰੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਡਾ. ਗੋਪਾਲ ਸਿੰਘ ਬੁੱਟਰ ਨੇ ਭਾਵਪੂਰਤ ਲਿਖਿਆ ਹੈ। ਧਰਮਕੋਟ ਦੀ ਜਨਸੰਖਿਆ, ਦਰਿਆ, ਨਹਿਰਾਂ, ਰਕਬੇ ਅਤੇ ਭੂਗੋਲਿਕ ਸਥਿਤੀ ਦਾ ਖੋਜਮਈ ਜ਼ਿਕਰ ਹੈ। ਪੁਸਤਕ ਲਿਖਣ ਲਈ ਖੋਜੀ ਸਾਹਿਤਕਾਰ ਨੇ 303 ਹਵਾਲੇ ਦਿੱਤੇ ਹਨ। ਇਨ੍ਹਾਂ ਹਵਾਲਿਆਂ ਵਿੱਚ ਮੁੱਖ ਤੌਰ ’ਤੇ ਫਿਰੋਜ਼ਪੁਰ ਜ਼ਿਲ੍ਹੇ ਦੀ ਪੰਜਾਬੀ ਬੋਲੀ ਤੇ ਭਾਸ਼ਾ ਨੂੰ ਦੇਣ, ਸਾਧੂ ਦਇਆ ਸਿੰਘ ਆਰਿਫ, ਢਾਡੀ ਸੋਹਣ ਸਿੰਘ ਸੀਤਲ ਰਚਿਤ ਸਿੱਖ ਇਤਿਹਾਸ, ਵਾਰ ਸ਼ਾਹ ਮੁਹੰਮਦ, ਮਾਲਵੇ ਦਾ ਇਤਿਹਾਸ, ਤਾਰੀਖ-ਏ-ਪੰਜਾਬ, ਆਤਮ ਹਮਰਾਹੀ ਰਚਿਤ ਸੰਤ ਵਿਸਾਖਾ ਸਿੰਘ, ਗਿਆਨੀ ਗਿਆਨ ਸਿੰਘ ਰਚਿਤ ਪੰਥ ਪ੍ਰਕਾਸ਼, ਤਵਾਰੀਖ ਗੁਰੂ ਖਾਲਸਾ, ਸੰਤਾਂ ਦੀ ਮਹਿਮਾ (ਲੇਖਕ: ਮੁਖਤਿਆਰ ਸਿੰਘ), ਜਲਾਲਾਬਾਦ ਦਾ ਇਤਿਹਾਸ (ਭਾਸ਼ਾ ਵਿਭਾਗ, ਪਟਿਆਲਾ), ਜ਼ੀਰੇ ਦਾ ਇਤਿਹਾਸ (ਡਾ. ਗੁਰਚਰਨ ਸਿੰਘ ਜ਼ੀਰਾ), ਸਿੱਖ ਮਿਸਲਾਂ ਤੇ ਸਰਦਾਰ ਘਰਾਣੇ, ਪੰਜਾਬ ਦਾ ਬਟਵਾਰਾ (ਕਿਰਪਾਲ ਸਿੰਘ), ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਆਦਿ ਸ਼ਾਮਿਲ ਹਨ। ਸਪਸ਼ਟ ਹੈ ਕਿ ਇੰਨੀ ਵੱਡੀ ਗਿਣਤੀ ਦੇ ਹਵਾਲਿਆਂ ਵਿੱਚੋਂ ਨਿਕਲੀ ਪੁਸਤਕ ਕਸ਼ੀਦ ਕੀਤੇ ਅਰਕ ਵਾਂਗ ਹੈ ਜਿਸ ਵਿੱਚ ਬਹੁਤ ਸਾਰੇ ਮੁਫ਼ੀਦ ਗੁਣ ਹਨ। ਵੱਡਆਕਾਰੀ ਪੁਸਤਕ ਵਿੱਚ ਧਰਮਕੋਟ ਦਾ ਦਰਪਣ ਵਿਖਾਈ ਦਿੰਦਾ ਹੈ। ਧਰਮਕੋਟ ਨਾਲ ਲੇਖਕ ਦੀ ਬਚਪਨ ਦੀ ਸਾਂਝ ਹੈ। ਉਸ ਦਾ ਜੱਦੀ ਪਿੰਡ ਧਰਮਕੋਟ ਦੇ ਨਜ਼ਦੀਕ ਚੁੱਘਾ ਖੁਰਦ ਹੈ।
ਧਰਮਕੋਟ ਪੰਜਾਬ ਦਾ ਮਾਣਮੱਤਾ ਇਲਾਕਾ ਹੈ। ਲੇਖਕ ਨੇ ਪੁਸਤਕ ਦੇ ਇੱਕ ਕਾਂਡ ਵਿੱਚ ਮੋਗੇ ਦੇ 49 ਸਾਹਿਤਕਾਰਾਂ ਦਾ ਭਰਵਾਂ ਜ਼ਿਕਰ ਕੀਤਾ ਹੈ ਜਿਨ੍ਹਾਂ ਵਿੱਚ ਪੁਰਾਣੇ ਕਲਮਕਾਰ ਅਮੀ ਚੰਦ ਆਜ਼ਿਜ਼, ਸਾਈਂ ਦਾਸ, ਅਮਰ ਸਿੰਘ ਵੀਰ ਦੇ ਨਾਲ ਨਵੇਂ ਸਾਹਿਤਕਾਰ ਡਾ. ਸਤੀਸ਼ ਠੁਕਰਾਲ ਸੋਨੀ, ਸਿਮਰਜੀਤ ਸਿੰਮੀ, ਸਰਬਜੀਤ ਕੌਰ, ਪ੍ਰੋ. ਸ਼ੇਰ ਸਿੰਘ ਕੰਵਲ, ਇਤਿਹਾਸਕਾਰ ਗੁਰਚਰਨ ਸਿੰਘ ਜ਼ੀਰਾ, ਸ਼ਾਇਰ ਤੇ ਵਿਅੰਗਕਾਰ ਜਸਵੰਤ ਸਿੰਘ ਕੈਲਵੀ, ਕਹਾਣੀਕਾਰ ਗੁਰਮੀਤ ਕੜਿਆਲਵੀ, ਸੋਢੀ ਗੁਰਦਰਸ਼ਨ ਸਿੰਘ, ਜਸਵੀਰ ਸਿੰਘ ਕਲਸੀ, ਤਾਰਾ ਸਿੰਘ ਸੰਧੂ, ਨਛੱਤਰ ਸਿੰਘ ਬਰਾੜ ਨਾਵਲਕਾਰ, ਪਾਲ ਸਿੰਘ ਪੰਛੀ ਢਾਡੀ ਤੇ ਕਵੀਸ਼ਰ, ਪ੍ਰਿੰਸੀਪਲ ਪ੍ਰੀਤਮ ਸਿੰਘ ਪ੍ਰੀਤ, ਪੱਤਰਕਾਰ ਬਲਦੇਵ ਸਿੰਘ ਕੋਰੋਟਾਣਵੀ, ਬਲਬੀਰ ਜਲਾਲਾਬਾਦੀ, ਯਸ਼ਪਾਲ ਗੁਲਾਟੀ, ਰਲਾ ਸਿੰਘ, ਵਿਵੇਕ (ਮਿੰਨੀ ਕਹਾਣੀਕਾਰ), ਪ੍ਰੋ. ਵੀਰਪਾਲ ਕੌਰ ਆਦਿ ਸ਼ਾਮਿਲ ਹਨ।
ਇਕ ਕਾਂਡ ਵਿੱਚ ਧਰਮਕੋਟ ਦੀਆਂ ਸਾਹਿਤ ਸਭਾਵਾਂ ਦਾ ਜ਼ਿਕਰ ਹੈ। ਧਰਮਕੋਟ ਵਿੱਚ ਹੱਥ ਲਿਖਤ ਬੀੜਾਂ, ਧਾਰਮਿਕ ਗਰੰਥ, ਦਮਦਮੀ ਬੀੜ ਦੇ ਉਤਾਰੇ, ਉਦਾਸੀ ਡੇਰਿਆਂ ਵਿੱਚ ਪਏ ਗਰੰਥ ਤੇ ਬੀੜਾਂ, ਬਾਬਾ ਦੇਸਾ ਸਿੰਘ ਦੀ ਪੁਰਾਣੀ ਬੀੜ, ਭਾਈ ਬੰਨੋ ਜੀ ਦੀ ਬੀੜ ਦਾ ਉਤਾਰਾ, ਬਾਬਾ ਮੋਹਰ ਸਿੰਘ ਸਮੇਂ ਦੀ ਬੀੜ (ਅੰਗ 699), 784 ਪੰਨਿਆਂ ਦੀ ਆਦਿ ਬੀੜ, 839 ਪੰਨਿਆਂ ਦੀ ਭਾਈ ਬੰਨੋ ਵਾਲੀ ਬੀੜ, ਬ੍ਰਿਜ ਭਾਸ਼ਾ ਦੇ ਗਰੰਥ, ਭਗਵਤ ਪੁਰਾਣ, ਪਦਮ ਪੁਰਾਣ, ਅਧਿਆਤਮਕ ਰਮਾਇਣ, ਭਾਈ ਗੁਰਦਾਸ ਦੀਆਂ ਵਾਰਾਂ ਦੀਆਂ ਹੱਥ ਲਿਖਤ ਪੋਥੀਆਂ, ਗੁਰਪ੍ਰਤਾਪ ਸੂਰਜ ਗਰੰਥ, ਪ੍ਰਾਣ ਸੰਗਲੀ ਆਦਿ ਬਾਰੇ ਵੇਰਵਾ ਪੁਸਤਕ ਵਿੱਚ ਹੈ। ਇਸ ਇਲਾਕੇ ਦੇ ਸੰਤ ਸਮਾਜ, 25 ਪ੍ਰਸਿੱਧ ਸੰਤਾਂ ਮਹਾਂਪੁਰਸ਼ਾਂ ਦਾ ਅਲੌਕਿਕ ਜੀਵਨ, ਇਲਾਕੇ ਨੂੰ ਦਿੱਤੀ ਧਾਰਮਿਕ ਸੇਧ, ਗੁਰਮਤਿ ਪ੍ਰਚਾਰ ਦਾ ਜ਼ਿਕਰ ਹੈ। ਸੰਤਾਂ ਵੱਲੋਂ ਕੀਤੇ ਗੁਰਮਤਿ ਪ੍ਰਚਾਰ ਤੇ ਲੋਕ ਭਲਾਈ ਕਾਰਜਾਂ ਦਾ ਪ੍ਰਭਾਵਸ਼ਾਲੀ ਜ਼ਿਕਰ ਹੈ। ਇਸ ਵਿੱਚ ਸੰਤਾਂ ਦੀ ਲੋਕ ਮਹਿਮਾ ਦੀਆਂ ਕੁਝ ਦੰਦਕਥਾਵਾਂ ਵੀ ਸ਼ਾਮਿਲ ਹਨ। ਪੁਸਤਕ ਵਿੱਚ ਸਿਆਸੀ ਵਿਅਕਤੀਆਂ ਦੇ ਲੋਕ ਹਿਤ ਵਿੱਚ ਕੀਤੇ ਕਾਰਜਾਂ ਦਾ ਬਿਰਤਾਂਤ ਹੈ। ਧਰਮਕੋਟ ਪਹਿਲਾਂ ਫਿਰੋਜ਼ਪੁਰ ਜ਼ਿਲ੍ਹੇ ਦਾ ਹਿੱਸਾ ਸੀ। ਇਸੇ ਕਾਂਡ ਵਿੱਚ ਵਿਧਾਨ ਸਭਾ ਮੈਂਬਰਾਂ ਦਾ ਜ਼ਿਕਰ ਹੈ। 1967 ਵਿੱਚ ਲਛਮਣ ਸਿੰਘ ਗਿੱਲ ਧਰਮਕੋਟ ਤੋਂ ਹਲਕਾ ਮੈਂਬਰ ਸਨ। ਕੁਝ ਸਮੇਂ ਤੋਂ ਧਰਮਕੋਟ ਰਿਜ਼ਰਵ ਹਲਕਾ ਵੀ ਰਿਹਾ ਹੈ। ਲਛਮਣ ਸਿੰਘ ਗਿੱਲ ਦੇ ਕੀਤੇ ਕਾਰਜਾਂ, ਖ਼ਾਸਕਰ ਪੰਜਾਬ ਵਿੱਚ ਪੰਜਾਬੀ ਸਖ਼ਤੀ ਨਾਲ ਲਾਗੂ ਕਰਨ ਦਾ ਬਿਰਤਾਂਤ ਹੈ। ਇੱਕ ਕਾਂਡ ਵਿੱਚ ਆਰੀਆ ਸਮਾਜ ਲਹਿਰ, ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਇਸਾਈ ਲਹਿਰ, ਗੁਰੂ ਕਾ ਬਾਗ਼, ਗੰਗਸਰ ਜੈਤੋ ਦੇ ਮੋਰਚੇ ਵਿੱਚ ਧਰਮਕੋਟ ਇਲਾਕੇ ਦੇ ਸਿੰਘਾਂ ਦੀ ਲੰਮੀ ਸੂਚੀ ਹੈ। ਇਸ ਵਿੱਚ ਆਜ਼ਾਦੀ ਅੰਦੋਲਨ ਵਿੱਚ ਸ਼ਾਮਿਲ ਦੇਸ਼ਭਗਤਾਂ ਦਾ ਜ਼ਿਕਰ ਹੈ। ਧਰਮਕੋਟ ਦੇ ਪ੍ਰਸਿੱਧ ਪਿੰਡਾਂ ਦਾ ਬਿਰਤਾਂਤ ਬਹੁਤ ਰੌਚਿਕ ਸ਼ੈਲੀ ਵਿੱਚ ਹੈ। ਪੁਸਤਕ ਵਿੱਚ ਪਿੰਡਾਂ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਬਾਰੇ ਵੀ ਦੱਸਿਆ ਹੈ। ਪੁਸਤਕ ਦਾ ਸਮਰਪਣ ਇਲਾਕੇ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਦੇ ਨਾਮ ਹੈ। ਇਹ ਸ਼ਖ਼ਸੀਅਤਾਂ ਹਨ: ਸੰਤ ਵਿਸਾਖਾ ਸਿੰਘ ਕਿਸ਼ਨਪੁਰਾ, ਡਾ. ਗੁਰਚਰਨ ਸਿੰਘ ਔਲਖ, ਡਾ. ਆਤਮ ਹਮਰਾਹੀ, ਨਛੱਤਰ ਸਿੰਘ ਬਰਾੜ, ਹਰਦੀਪ ਸਿੰਘ ਸ਼ੇਰਗਿੱਲ ਐਡਵੋਕੇਟ ਜ਼ੀਰਾ, ਸਰਦਾਰ ਹਰਨੇਕ ਸਿੰਘ ਰੋਡੇ। ਪੁਸਤਕ ਲੇਖਕ ਨੇ ਧਰਮਕੋਟ ਦਾ ਨਕਸ਼ਾ ਦਿੱਤਾ ਹੈ। ਕੁਝ ਰੰਗਦਾਰ ਤਸਵੀਰਾਂ ਹਨ। ਇੱਕ ਤਸਵੀਰ ਮਹਾਰਾਣੀ ਅਲਿਜ਼ਬੈੱਥ ਦੀ ਹੈ। ਸਮਾਧ ਸੰਤ ਬਾਬਾ ਸੁਧਾ ਸਿੰਘ ਦੀ ਤਸਵੀਰ ਹੈ। ਇੱਕ ਤਸਵੀਰ ਵਿੱਚ ਸ਼੍ਰੋਮਣੀ ਸਾਹਿਤਕਾਰ ਸੁਰਜੀਤ ਪਾਤਰ ਗੁਰੂ ਗ੍ਰੰਥ ਸਾਹਿਬ ਦੀ ਪੁਰਾਤਨ ਹੱਥਲਿਖਤ ਬੀੜ ਨੂੰ ਗਹੁ ਨਾਲ ਵੇਖ ਰਹੇ ਹਨ। ਸਮੁੱਚੇ ਤੌਰ ’ਤੇ ਧਰਮਕੋਟ ਨੇ ਪੰਜਾਬ ਦੀ ਬਹੁਮੁੱਲੀ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ।
ਸੰਪਰਕ: 98148-56160