ਮਨਮੋਹਨ ਸਿੰਘ ਦਾਊਂ
ਪੰਜਾਬ ਵਿੱਚ ਸਰਦੀ, ਪੱਤਝੜ, ਬਸੰਤ ਤੇ ਗਰਮੀ ਦੀਆਂ ਰੁੱਤਾਂ ਦੇ ਆਪਣੇ-ਆਪਣੇ ਰੰਗ ਹਨ। ਪੰਜਾਬ ਬਹੁ-ਰੰਗਾਂ ਦੀ ਧਰਤੀ ਜਾਣੀ ਜਾਂਦੀ ਹੈ। ਜੇਠ-ਹਾੜ੍ਹ (ਮਈ-ਜੂਨ) ਤਪਸ਼ ਦੇ ਮਹੀਨੇ ਹਨ। ਗੁਰੂ ਨਾਨਕ ਦੀ ਤੁਖਾਰੀ ਰਾਗ ਵਿੱਚ ਰਚੀ ਬਾਣੀ ਬਾਰਹ ਮਾਹ ’ਚ ਜ਼ਿਕਰ ਆਉਂਦਾ ਹੈ:
ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ।।
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ।।
… … …
ਆਸਾੜੁ ਭਲਾ ਸੂਰਜੁ ਗਗਨਿ ਤਪੈ।।
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ।।
ਸੱਚਮੁੱਚ ਮਈ-ਜੂਨ ’ਚ ਕਹਿਰਾਂ ਦੀ ਗਰਮੀ ਪੈਂਦੀ ਹੈ। ਪਾਣੀ ਦੀ ਘਾਟ ਮਹਿਸੂਸ ਹੁੰਦੀ। ਤ੍ਰੇਹ ਵਿਆਕੁਲ ਕਰਦੀ ਹੈ। ਜੀਵ-ਜੰਤੂ, ਪੰਛੀ ਤੇ ਜਾਨਵਰ ਵੀ ਗਰਮੀ ਤੋਂ ਤ੍ਰਹਿੰਦੇ ਹਨ। ਗਰਮੀ ਕਾਰਨ ਜਾਨਵਰ ਹੌਂਕਣ ਲੱਗਦੇ। ਪੰਛੀ ਪਾਣੀ ਦੀ ਭਾਲ ’ਚ ਇਧਰ-ਉਧਰ ਉਡਾਰੀਆਂ ਮਾਰਦੇ ਹਨ। ਹਰ ਕੋਈ ਛਾਂ ਭਾਲਦਾ ਹੈ। ਕਹਾਵਤ ਹੈ ਘੁੱਗੀ ਆਲ੍ਹਣੇ ਆ ਬੈਠਦੀ। ਲੂਆਂ ਚੱਲਣ ਲੱਗਦੀਆਂ ਹਨ। ਸਾਵਾ ਘਾਹ ਵੀ ਸਹਿਕਦਾ ਸੁੱਕਣ ਲੱਗਦਾ। ਬਿਰਖ-ਬੂਟੇ ਲੂਸੇ ਜਾਂਦੇ ਹਨ। ਫੁੱਲ ਕਮਲਾ ਜਾਂਦੇ ਹਨ। ਹਰ ਕੋਈ ਵਰਖਾ ਦੀ ਉਡੀਕ ਕਰਨ ਲੱਗਦਾ ਹੈ। ਧਰਤੀ ਤਪ ਕੇ ਤਾਂਬਾ ਬਣ ਜਾਂਦੀ। ਰੇਤਾ ਅੱਗ ਦੀ ਭੱਠੀ ਬਣ ਜਾਂਦਾ। ਮਾਰੂਥਲਾਂ ਦੀ ਕੀ ਹਾਲਤ ਹੁੰਦੀ ਹੋਵੇਗੀ ਜਿੱਥੇ ਬਿਰਖਾਂ ਦੀ ਅਣਹੋਂਦ ਕਾਰਨ ਛਾਂ ਵਾਲੀ ਬਦਲੋਟੀ ਨਜ਼ਰੀਂ ਨਹੀਂ ਪੈਂਦੀ। ਦਾਣੇ ਭੁੰਨਦੀ ਭਠਿਆਰਨ ਦੀ ਤਪਦੀ ਰੇਤ ਦੀ ਕੜਾਹੀ ਵਾਂਗ ਰੇਤਾ ਅਗਨ ਦਾ ਰੂਪ ਧਾਰਨ ਲੱਗਦਾ ਹੈ। ਸੂਰਜ ਅੱਗ ਵਰ੍ਹਾਉਣ ਲੱਗਦਾ ਹੈ। ਮੈਨੂੰ ਅਜਿਹੇ ਤਪਸ਼ ਪਲਾਂ ਨੂੰ ਚੇਤੇ ਕਰਦਿਆਂ ਬਾਵਾ ਬਲਵੰਤ ਦੀ ਕਵਿਤਾ ਚੇਤੇ ਆਉਣ ਲੱਗਦੀ ਹੈ:
“ਲੰਘ ਗਏ ਹਨ ਊਠਾਂ ਵਾਲੇ
ਅਰਸ਼ਾਂ ਤੀਕ ਪਰਛਾਵੇਂ ਪਾ ਕੇ,
ਮਾਰੂਥਲ ਦੇ ਥੰਮ ਹਿਲਾ ਕੇ,
ਲੰਘੇ ਨਕਸ਼ ਸਦੀਵੀ ਦੇ ਕੇ
ਤਰਦੇ ਰੇਤ ’ਚ ਬੇੜੀ ਖੇ ਕੇ
ਇਸ ਸਾਗਰ, ਇਸ ਲਹਿਰ-ਨਗਰ ’ਚੋਂ
ਦਿੰਦੇ ਲੈਂਦੇ ਪੁਨਰ-ਉਛਾਲੇ
ਲੰਘ ਗਏ ਹਨ ਊਠਾਂ ਵਾਲੇ!!”
ਜੇਠ-ਹਾੜ੍ਹ ਦੀ ਰੁੱਤੇ ਵਾ-ਵਰੋਲੇ ਉੱਠਦੇ ਹਨ। ਮਿੱਟੀ ਘੱਟਾ ਉਡਦਾ ਹੈ। ਕਹਾਵਤ ਹੈ ਜੂਨ ਸੁਕਾਏ ਖ਼ੂਨ। ਇਸ ਤਪਦੀ ਰੁੱਤੇ ਛਬੀਲਾਂ ਲਾਈਆਂ ਜਾਂਦੀਆਂ ਹਨ। ਪਿੰਡੇ ਤਪ ਜਾਂਦੇ ਹਨ। ਇਸ ਤਪਸ਼ ਬਾਰੇ ਡਾ. ਹਰਿਭਜਨ ਸਿੰਘ ਇੱਕ ਥਾਂ ਲਿਖਦਾ ਹੈ: “ਸਿਖਰ ਦੁਪਹਿਰਾ ਨਿਰਾ ਤਾਪ ਏ।” ਇਸ ਵਰ੍ਹਦੀ ਗਰਮੀ ਤੇ ਤਪਸ਼ ਨੂੰ ਯਾਦ ਕਰਦਿਆਂ ਮੈਨੂੰ ਸ਼ਾਇਰ ਹਾਸ਼ਮ ਦੀਆਂ ਉਹ ਸਤਰਾਂ ਯਾਦ ਆਉਣ ਲੱਗਦੀਆਂ ਹਨ ਜਦੋਂ ਮੁਹੱਬਤ ’ਚ ਗੜੂੰਦ ਸੱਸੀ ਦਾ ਮਹਬਿੂਬ ਪੁੰਨੂੰ ਉਸ ਤੋਂ ਵਿਛੜ ਜਾਂਦਾ ਹੈ, ਬਲੋਚ ਉਸ ਨੂੰ ਉਠਾ ਲੈ ਜਾਂਦੇ ਹਨ। ਸੱਸੀ ਆਪਣੇ ਪੁੰਨੂੰ ਦੀ ਭਾਲ ਲਈ ਤੜਪਦੀ ਤੇ ਕੁਰਲਾਉਂਦੀ ਹੈ। ਤਪਦੇ ਥਲ ਚੀਰਦੀ ਤੇ ਭੱਠੀ ਬਣੇ ਰੇਤੇ ’ਤੇ ਬੌਰੀ ਹੋਈ ਪੁੰਨੂੰ-ਪੁੰਨੂੰ ਕੂਕਦੀ ਹੈ। ਉਸ ਬ੍ਰਿਹੋਂ ਦੀ ਅਵਸਥਾ ਤੇ ਤਪਦੇ ਥਲ ਬਾਰੇ ਸ਼ਾਇਰ ਹਾਸ਼ਮ ਜਿਹੜਾ ਦ੍ਰਿਸ਼ ਪੇਸ਼ ਕਰਦਾ ਹੈ, ਉਹ ਆਪਣੇ ਆਪ ਚੇਤੇ ਆਉਣ ਲੱਗਦਾ:
“ਨਾਜ਼ਕ ਪੈਰ ਗੁਲਾਬ (ਮਲੂਕ) ਸੱਸੀ ਦੇ
ਮਹਿੰਦੀ ਨਾਲ ਸ਼ਿੰਗਾਰੇ,
ਆਸ਼ਕ ਵੇਖ ਬਹੇ ਇੱਕ ਵਾਰੀ
ਜੀਓ ਤਿਨ੍ਹਾਂ ਪਰ ਵਾਰੇ।
ਬਾਲੂ ਰੇਤ ਤਪੇ ਵਿੱਚ ਥਲ ਦੇ,
ਭੁੰਨਣ ਜੌਂ ਭਠਿਆਰੇ,
ਹਾਸ਼ਮ ਵੇਖ ਯਕੀਨ ਸੱਸੀ ਦਾ
ਫੇਰ ਨਹੀਂ ਦਿਲ ਹਾਰੇ।”
ਮੁਹੱਬਤ ਦੀ ਇੰਤਹਾ ਦਾ ਕੋਈ ਸਿਰਾ ਨਹੀਂ। ਮੁਹੱਬਤ ਜ਼ਿੰਦਗੀ ਨੂੰ ਉਤਾਂਹ ਉੱਠਣ ਲਈ ਪ੍ਰੇਰਦੀ ਹੈ। ਜੀਵਨ ’ਚ ਖੇੜਾ ਲਿਆਉਂਦੀ ਹੈ। ਕਬਜ਼ਾ ਨਹੀਂ ਪਛਾਣ ਕਰਾਉਂਦੀ ਹੈ। ਜੀਵਨ ਦੇ ਉਜਲੇ ਰਾਹਾਂ ਦਾ ਪਾਂਧੀ ਬਣਾਉਂਦੀ ਹੈ। ਇਸ ਸੰਵੇਦਨਾ ਨੂੰ ਤਾਰਾ ਸਿੰਘ ਆਪਣੀ ਕਾਵਿ ਪੁਸਤਕ ‘ਸਿੰਮਦੇ ਪੱਥਰ’ ’ਚ ਬਹੁਤ ਸੂਖ਼ਮ ਅਨੁਭਵ ਨੂੰ ਤਪਦੇ ਰੇਤ ਦੇ ਕਿਣਕੇ ਦੀ ਤਸ਼ਬੀਹ ਦਿੰਦਾ, ਪਿਆਰ ਦੀ ਅਵਸਥਾ ਦਾ ਜ਼ਿਕਰ ਕਰਦਾ ਹੈ:
“ਕੀ ਕੋਈ ਮਾਣ ਕਰੇ ਜੀਵਨ ਤੇ
ਕੀ ਕੋਈ ਗੱਲ ਲਮਕਾਵੇ!
ਪਿਆਰ ਤੇਰਾ ਜੀਵਨ ਵਿੱਚ ਮੈਨੂੰ
ਕੁੱਲ ਏਨਾ ਚਿਰ ਮਿਲਿਆ-
ਜੇਠ-ਹਾੜ੍ਹ ਦੀ ਰੁੱਤੇ
ਜਿਉਂ ਥਲ ਭੁਜਦੇ ਸਿਖਰ ਦੁਪਹਿਰੇ
ਇੱਕ ਕਿਣਕੇ ਦੇ ਉੱਤੋਂ
ਅੱਕ-ਕੱਕੜੀ ਦਾ ਫੰਭਾ ਉਡਦਾ
ਪਲ-ਛਿਣ ਛਾਂ ਕਰ ਜਾਵੇ।”
ਤਪਦੇ ਰੇਤ ਦੇ ਕਿਣਕੇ ਉੱਤੇ ਅੱਕ-ਕੱਕੜੀ ਦੇ ਫੰਭੇ ਦੀ ਕਿੰਨੀ ਕੁ ਦੇਰ ਤੇ ਕਿੰਨੀ ਕੁ ਛਾਂ ਹੋ ਸਕਦੀ ਹੈ, ਇਸ ਸੰਕਲਪ ਦੀ ਵਿਆਖਿਆ ਲਾਜਵਾਬ ਹੈ। ਹਰ ਮਨੁੱਖ ਦੇ ਜੀਵਨ ’ਚ ਤਕਲੀਫ਼ਾਂ ਦੀਆਂ ਘੜੀਆਂ ਵੀ ਆਉਂਦੀਆਂ ਹਨ ਜਿਨ੍ਹਾਂ ਨੂੰ ਸਬਰ-ਸੰਤੋਖ ਤੇ ਹੌਸਲੇ ਨਾਲ ਸਹਿਣਾ ਪੈਂਦਾ ਹੈ। ਤਪਦੀ ਧਰਤੀ ’ਤੇ ਨੰਗੇ ਪੈਰੀਂ ਤੁਰਨ ਦੀ ਪੀੜਾ ਨੂੰ ਸਹਿਣ ਦਾ ਇੱਕ ਵਾਕਿਆ ਮੇਰੇ ਪਿਤਾ ਜੀ ਸੁਣਾਉਂਦੇ ਹੁੰਦੇ ਸਨ। “ਜਦੋਂ ਮੈਂ ਆਪਣੇ ਪਿੰਡ ਤੋਂ ਦੂਜੇ ਪਿੰਡ ਪ੍ਰਾਇਮਰੀ ਸਕੂਲ ਪੜ੍ਹਨ ਜਾਂਦਾ ਹੁੰਦਾ ਸੀ ਤਾਂ ਗਰਮੀ ਦੀ ਰੁੱਤੇ ਮੈਨੂੰ ਨਦੀ ਪਾਰ ਕਰ ਕੇ ਲੰਘਣਾ ਪੈਂਦਾ ਸੀ। ਸਕੂਲ ਦਾ ਪੈਂਡਾ ਤਕਰੀਬਨ ਤਿੰਨ ਮੀਲ ਹੁੰਦਾ ਸੀ। ਜੂਨ ਮਹੀਨੇ ਸਕੂਲ ਤੋਂ ਛੁੱਟੀ ਕਰ ਕੇ ਜਦੋਂ ਨੰਗੇ ਪੈਰੀਂ ਨਦੀ ਦੀ ਤਪਦੀ ਰੇਤ ਤੋਂ ਲੰਘਣਾ ਪੈਂਦਾ ਤਾਂ ਮੇਰੇ ਪੈਰ ਲੂਸੇ ਜਾਣੇ। ਮੈਂ ਦੌੜ-ਦੌੜ ਕੇ ਨਦੀ ਪਾਰ ਕਰਨੀ। ਰੇਤ ਦੀ ਤਪਸ਼ ਸਹਿ ਨਾ ਹੋਣੀ। ਕਈ ਵੇਰ ਮੈਂ ਢੱਕ ਦੇ ਪੱਤੇ ਤੋੜ ਕੇ ਪੈਰਾਂ ਥੱਲੇ ਬੰਨ੍ਹ ਲੈਣੇ। ਬਚਪਨ ਦੀ ਉਮਰ ਸੀ ਹੋਰ ਕੋਈ ਸਾਧਨ ਵੀ ਨਹੀਂ ਸੀ।” ਪਿਤਾ ਜੀ ਦੀ ਇਹ ਕਥਾ ਸੁਣ ਕੇ ਮੈਂ ਗੰਭੀਰ ਹੋ ਜਾਂਦਾ। ਮੈਂ ਸੋਚਦਾ ਕਿ ਉਹ ਸਮਾਂ ਕਿਹੋ ਜਿਹਾ ਸੀ।
ਤਪਦੇ ਜੂਨ ਮਹੀਨੇ ਨੂੰ ਯਾਦ ਕਰਦਿਆਂ ਮੈਨੂੰ ਇੱਕ ਆਪ ਬੀਤੀ ਕਦੇ ਨਹੀਂ ਭੁੱਲਦੀ। ਜੂਨ ਦਾ ਮਹੀਨਾ ਤੇ ਦੁਪਹਿਰ ਦਾ ਸਮਾਂ ਸੀ। ਮੈਂ ਆਪਣੇ ਨੌਂ ਵਰ੍ਹੇ ਦੇ ਪੋਤਰੇ ਨੂੰ ਸਕੂਟਰ ’ਤੇ ਬਿਠਾ ਸ਼ਹਿਰ ਦੇ ਇਕ ਗੁਰਦੁਆਰਾ ਸਾਹਿਬ ’ਚ ਮੱਥਾ ਟਿਕਾਉਣ ਲੈ ਗਿਆ। ਸ਼ਹਿਰ ਤੋਂ ਇਕਲਵੰਝੇ ਇਸ ਅਸਥਾਨ ਨੂੰ ਦੇਖਣ ਲਈ ਪੋਤਰੇ ਨੇ ਕਈ ਵਾਰ ਇੱਛਾ ਪ੍ਰਗਟ ਕੀਤੀ ਸੀ। ਅਸੀਂ ਸਕੂਟਰ ਤੋਂ ਉਤਰ ਕੇ ਗੁਰਦੁਆਰਾ ਸਹਬਿ ਦੇ ਮੁੱਖ-ਦੁਆਰ ਲੰਘ ਕੇ, ਉਤਾਂਹ ਪੌੜੀਆਂ ਚੜ੍ਹ ਗਏ। ਮਾਰਬਲ ਤਪ ਰਿਹਾ ਸੀ। ਦਰਬਾਰ ਸਾਹਿਬ ’ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਅਸੀਂ ਆਪਣੇ ਜੋੜੇ ਉਤਾਰੇ ਤੇ ਨੰਗੇ ਪੈਰੀਂ ਤੁਰ ਪਏ। ਝੱਟ ਹੀ ਤਪਦੇ ਮਾਰਬਲ ’ਤੇ ਤੁਰਨਾ ਔਖਾ ਲੱਗਿਆ। ਪੈਰ ਜਿਵੇਂ ਅੰਗਿਆਰਿਆਂ ’ਤੇ ਰੱਖੇ ਗਏ ਹੋਣ। ਮੈਨੂੰ ਪੋਤਰੇ ਦੇ ਕੂਲੇ-ਕੂਲੇ ਨੰਗੇ ਪੈਰਾਂ ਦਾ ਖਿਆਲ ਆਇਆ। “ਹੁਸਨ ਪੁੱਤਰਾ, ਤੇਰੇ ਤਾਂ ਪੈਰ ਸੜ ਰਹੇ ਹੋਣਗੇ,” ਮੇਰੇ ਮੂੰਹੋਂ ਨਿਕਲਿਆ। ਹੁਸਨ ਦੀ ਹਾਜ਼ਰ ਜੁਆਬੀ ਨੇ ਮੈਨੂੰ ਝੰਜੋੜ ਦਿੱਤਾ। “ਦਾਰ ਜੀ, ਬਾਬਾ ਜੀ ਤਾਂ ਤੱਤੀ ਤਵੀ ’ਤੇ ਬੈਠ ਗਏ ਸੀ ਉਪਰੋਂ ਰੇਤਾ ਵੀ ਤੱਤਾ-ਤੱਤਾ ਪਾਇਆ ਸੀ। ਮੇਰੇ ਤਾਂ ਪੈਰ ਹੀ ਨੰਗੇ ਹਨ,” ਹੁਸਨ ਦੇ ਬੋਲ ਸਨ। ਸੱਚ ਜਾਣੋ ਮੈਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਨੂੰ ਚਿਤਵਦਿਆਂ ਸਭ ਕੁਝ ਭੁੱਲ ਗਿਆ। ਰੇਤ ਦੀ ਤਪਸ਼ ਮਿੱਠਾ ਭਾਣਾ ਬਣ ਗਈ।
ਸੰਪਰਕ: 98151-23900