ਭੁਪਿੰਦਰ ਸਿੰਘ ਪੰਛੀ
ਨਵਾਂ ਸਾਲ ਮੁਬਾਰਕ ਮਜ਼ਦੂਰਾਂ ਨੂੰ ਨਵਾਂ ਸਾਲ ਮੁਬਾਰਕ ਕਿਸਾਨਾਂ ਨੂੰ
ਨਵਾਂ ਸਾਲ ਮੁਬਾਰਕ ਜੀ ਖੇਤਾਂ ਵਿੱਚ ਵੱਸਦੇ ਭਗਵਾਨਾਂ ਨੂੰ…
ਜੋ ਬੈਠੇ ਰਹੇ ਦਿੱਲੀ ਦੀਆਂ ਬਰੂਹਾਂ ਤੇ ਜੂਹਾਂ ’ਤੇ
ਪੋਹ ਮਾਘ ਦੀ ਸਰਦੀ ਦੇਖੀ ਦਿਨ ਵੀ ਦੇਖੇ ਲੂਆਂ ਦੇ
ਸਭ ਸਿਜਦਾ ਕਰੀਏ ਉਨ੍ਹਾਂ ਧਨਵਾਨਾਂ ਨੂੰ
ਨਵਾਂ ਸਾਲ ਮੁਬਾਰਕ ਮਜ਼ਦੂਰਾਂ ਨੂੰ ਨਵਾਂ ਸਾਲ ਮੁਬਾਰਕ ਕਿਸਾਨਾਂ ਨੂੰ
ਜਦੋਂ ਦਿਨ ਆਏ ਬਰਸਾਤਾਂ ਦੇ ਕਾਲੀਆਂ ਰਾਤਾਂ ਦੇ
ਜਦੋਂ ਹੋਇਆ ਸਰਕਾਰੀ ਜ਼ੁਲਮ ਝੰਬੇ ਗਏ ਹਾਲਾਤਾਂ ਦੇ
ਆਓ ਮੱਥਾ ਟੇਕੀਏ ਇਸ ਸੰਘਰਸ਼ ਦੇ ਭਲਵਾਨਾਂ ਨੂੰ
ਨਵਾਂ ਸਾਲ ਮੁਬਾਰਕ…
ਗਲਾ ਘੁਟਣਾ ਚਾਹੁੰਦਾ ਸੀ ਰਾਜਾ ਸਾਡੇ ਖ਼ੁਆਬਾਂ ਦਾ
ਝਗੜਾ ਪਾਉਂਦਾ ਸੀ ਕਦੇ ਰਾਜਾਂ ਦਾ ਕਦੇ ਆਬਾਂ ਦਾ
ਆਓ ਸਿਜਦਾ ਕਰੀਏ ਕਿਸਾਨੀ ਨੀਤੀਵਾਨਾਂ ਨੂੰ
ਨਵਾਂ ਸਾਲ ਮੁਬਾਰਕ…
ਭਾਰਤ ਮਾਂ ਦੀ ਜੈ ਤੇ ਹਿੰਦੋਸਤਾਨ ਜ਼ਿੰਦਾਬਾਦ ਰਹੇਗਾ
ਜਦੋਂ ਤੱਕ ਮਜ਼ਦੂਰ-ਕਿਸਾਨ ਦਾ ਏਕਾ ਆਬਾਦ ਰਹੇਗਾ
ਪੰਛੀ ਇਕੱਠੇ ਹੋ ਕੇ ਹਰਾਈਏ ਸਭ ਹੈਵਾਨਾਂ ਨੂੰ
ਨਵਾਂ ਸਾਲ ਮੁਬਾਰਕ…
ਸੰਪਰਕ: 98559-91055
ਵੋਟਰ ਜਾਗ ਬਈ!
ਨਿਰਮਲ ਸਿੰਘ
ਵੋਟਰ ਜਾਗ ਬਈ!
ਓਏ! ਹੁਣ ਵੋਟਾਂ ਆਈਆਂ
ਸ਼ਾਵਾ! ਬਈ ਹੁਣ ਵੋਟਾਂ ਆਈਆਂ
ਬੱਲੇ ਬਈ ਹੁਣ ਵੋਟਾਂ ਆਈਆਂ!
ਸੁਣ ਬਈ ਵੋਟਰਾ ਵੋਟਾਂ ਆਈਆਂ
ਰੰਗ ਤਮਾਸ਼ੇ ਨਾਲ ਲਿਆਈਆਂ
ਰੁੱਸਿਆਂ ਨੇ ਆ ਜੱਫੀਆਂ ਪਾਈਆਂ
ਮਿਲਦੇ ਮਿਹਣੇ
ਕਿਤੇ ਵਧਾਈਆਂ
ਚਾਚੇ ਮੰਨ ਗਏ ਰੁੱਸੀਆਂ ਤਾਈਆਂ
ਕਈ ਹਫ਼ਤੇ ਹੁਣ ਸੁਣਨਾ ਪੈਣਾ
ਇਹੋ ਰਾਗ ਬਈ
ਓਏ! ਹੁਣ ਵੋਟਾਂ ਆਈਆਂ
ਵੋਟਰ ਜਾਗ ਬਈ!
ਓਏ! ਹੁਣ ਵੋਟਾਂ ਆਈਆਂ।
ਹੱਥ ਜੋੜਦਾ ਨੇਤਾ ਆਊ
ਮੁਫ਼ਤ ਸ਼ਰਾਬਾਂ ਮੀਟ ਖਵਾਊ
ਬਜ਼ੁਰਗਾਂ ਦੇ ਉਹ ਪੈਰ ਦਬਾਊ
ਕੰਮੀਆਂ ਦੇ ਨਾਲ ਪਿਆਰ ਜਤਾਊ
ਸਬਜ਼ਬਾਗ ਵੀ ਖ਼ੂਬ ਵਿਖਾਊ
ਵੇਖ ਡਰਾਮੇ ਉਹਦੇ ਸਾਨੂੰ ਆਊਗਾ
ਸਵਾਦ ਬਈ
ਓਏ! ਹੁਣ ਵੋਟਾਂ ਆਈਆਂ
ਵੋਟਰ ਜਾਗ ਬਈ!
ਓਏ! ਹੁਣ ਵੋਟਾਂ ਆਈਆਂ।
ਸੋਚ ਸਮਝ ਕੇ ਵੋਟ ਤੂੰ ਪਾਵੀਂ
ਲਾਲਚ ਵਿੱਚ ਨਾ ਭੋਲਿਆ ਆਵੀਂ
ਵੋਟ ਕੀਮਤੀ ਸੁੱਟ ਨਾ ਆਵੀਂ
ਧਰਮ ਜਾਤ ਦਾ ਗੀਤ ਨਾ ਗਾਵੀਂ
ਗੁਣ ਵਾਲੇ ਦੇ ਨਾਲ ਹੋ ਜਾਵੀਂ
ਅਸਲੀ ਲੋਕਤੰਤਰ ਕਰੀਏ ਹੁਣ
ਆਬਾਦ ਬਈ
ਓਏ! ਹੁਣ ਵੋਟਾਂ ਆਈਆਂ
ਵੋਟਰ ਜਾਗ ਬਈ!
ਓਏ! ਹੁਣ ਵੋਟਾਂ ਆਈਆਂ।
ਕਈਆਂ ਤੇਰਾ ਦਰ ਖੜਕਾਉਣਾ
ਝੂਠਾ ਸੁਪਨਾ ਫੇਰ ਵਿਖਾਉਣਾ
ਕਈਆਂ ਲਾਲਚ ਵਿੱਚ ਫਸਾਉਣਾ
ਕੁਝ ਨੇ ਬੂਹੇ ਆ ਧਮਕਾਉਣਾ
ਕਹਿਣਗੇ ਤੈਨੂੰ ਪਊ ਪਛਤਉਣਾ
ਐਪਰ ਤੂੰ ਨਾ ਡੋਲਣਾ, ਇਹ ਗੱਲ
ਰੱਖੀਂ ਯਾਦ ਬਈ
ਓਏ!ਹੁਣ ਵੋਟਾਂ ਆਈਆਂ
ਵੋਟਰ ਜਾਗ ਬਈ!
ਓਏ! ਹੁਣ ਵੋਟਾਂ ਆਈਆਂ।
ਸ਼ਾਵਾ! ਬਈ ਹੁਣ ਵੋਟਾਂ ਆਈਆਂ
ਬੱਲੇ! ਬਈ ਹੁਣ ਵੋਟਾਂ ਆਈਆਂ!
ਸੰਪਰਕ: 84270-07623