ਹਰਭਜਨ ਸਿੰਘ ਮਹਿਰੋਤਰਾ
ਕਮਜ਼ੋਰੀ ਨੇ ਉਹਨੂੰ ਇੰਨਾ ਜਕੜ ਲਿਆ ਸੀ, ਜਿਵੇਂ ਬੜੀ ਦੂਰੋਂ ਚੱਲ ਕੇ ਆਈ ਹੋਵੇ! ਸਾਹ ਵੀ ਚੜ੍ਹਿਆ ਹੋਇਆ ਸੀ, ਦਮੇ ਦੇ ਮਰੀਜ਼ ਵਾਂਗ। ਮੱਥੇ ਤੋਂ ਮੁੜ੍ਹਕਾ ਪੂੰਝਦਿਆਂ ਉਹਨੇ ਧੋਤੀ ਦੇ ਪੱਲੇ ਨੂੰ ਖੁਸ਼ਕ ਬੁੱਲ੍ਹਾਂ ’ਤੇ ਮਲ਼ਿਆ ਅਤੇ ਛਾਂ ਵੇਖ ਕੇ ਬੋਹੜ ਦੇ ਰੁੱਖ ਹੇਠਾਂ ਬਣੇ ਥੜ੍ਹੇ ’ਤੇ ਬਹਿ ਗਈ। ਨੇੜੇ ਹੀ ਡਫਲੀ ’ਤੇ ਕੋਈ ਬੁੱਢਾ ਗਾ ਰਿਹਾ ਸੀ ‘‘…ਪਾਇਲ ਕੀ ਝਨਕਾਰ ਰਸਤੇ-ਰਸਤੇ… ਢੂੰਡੇ ਤੇਰਾ ਪਿਆਰ ਰਸਤੇ-ਰਸਤੇ…।’’ ਅੱਠ-ਨੌਂ ਵਰ੍ਹਿਆਂ ਦੀ ਕੁੜੀ ਗਾਣੇ ਦੀ ਧੁਨ ’ਤੇ ਠੁਮਕੇ ਲਾ ਰਹੀ ਸੀ ਜੋ ਗਾਣੇ ਦੇ ਸੁਰ ਨਾਲ ਜ਼ਰਾ ਵੀ ਮੇਲ ਨਹੀਂ ਖਾ ਰਹੇ ਸਨ। ਸੜਕ ਤੋਂ ਲੰਘਦੇ ਲੋਕਾਂ ਲਈ ਕੋਈ ਮੇਲਾ ਨਹੀਂ ਸੀ ਇਹ ਜੀਹਨੂੰ ਉਹ ਖੜ੍ਹੇ ਹੋ ਕੇ ਵੇਖਦੇ। ਫਿਰ ਵੀ ਦੋ-ਚਾਰ ਬੱਚੇ ਜ਼ਰੂਰ ਗਾਉਣ ਵਾਲੇ ਅਤੇ ਨੱਚਣ ਵਾਲੀ ਕੁੜੀ ਨੂੰ ਉਦਾਸੀਨ ਭਾਵਾਂ ਨਾਲ ਵੇਖ ਰਹੇ ਸਨ। ਜਿਵੇਂ ਉਨ੍ਹਾਂ ਕੋਲ ਵੀ ਕੋਈ ਹੋਰ ਕੰਮ-ਧੰਦਾ ਨਾ ਹੋਵੇ!
ਬੁੱਢੇ ਦੀ ਆਵਾਜ਼ ਵਿਚ ਸੁਰ ਅਤੇ ਲੈਅ ਗੀਤ ਦੇ ਹਿਸਾਬ ਨਾਲ ਭਾਵੇਂ ਠੀਕ ਤਰ੍ਹਾਂ ਨਹੀਂ ਲੱਗ ਰਹੇ ਸਨ, ਪਰ ਉਹ ਬੜੀ ਮਸਤੀ ਨਾਲ ਗਾ ਰਿਹਾ ਸੀ। ਆਖ਼ਰ ਉਹਦੀ ਰੋਜ਼ੀ-ਰੋਟੀ ਦਾ ਸੁਆਲ ਜੁ ਸੀ! ਸਾਰੇ ਦਿਨ ਵਿਚ ਅਜਿਹਾ ਕੋਈ ਵੀ ਢੁਕਵਾਂ ਟਿਕਾਣਾ, ਜਿੱਥੇ ਪਾਨ ਵਾਲੇ ਦੀ ਦੁਕਾਨ, ਰਿਕਸ਼ਾ-ਟੈਂਪੂ ਖੜ੍ਹੇ ਕਰਨ ਦੀ ਥਾਂ, ਜਾਂ ਗ਼ਰੀਬ-ਗੁਰਬੇ ਦਾ ਫੁਟਪਾਥ ਹੋਵੇ; ਉਹ ਆਪਣੇ ਛੋਟੇ ਜਿਹੇ ਲਾਮ-ਲਸ਼ਕਰ ਨੂੰ ਜਮਾ ਕੇ ਨਾਚ-ਗਾਣਾ ਸ਼ੁਰੂ ਕਰ ਦਿੰਦਾ ਹੈ।
ਕੁੜੀ ਤੋਂ ਇੱਕ-ਅੱਧ ਸਾਲ ਛੋਟਾ ਮੁੰਡਾ, ਜੋ ਸ਼ਾਇਦ ਕੁੜੀ ਦਾ ਭਰਾ ਹੋਵੇ, ਭੁੰਜੇ ਡਿੱਗੇ ਪੈਸੇ ’ਕੱਠੇ ਕਰਦਾ ਹੈ। ਇੱਕ ਔਰਤ ਵੀ ਸੀ ਮਰੀਅਲ ਜਿਹੀ ਜੋ ਕਮਜ਼ੋਰ ਜਿਹੇ ਬੱਚੇ ਨੂੰ ਆਪਣੇ ਗਲ ਨਾਲ ਚਿਪਕਾਈ ਖਾਲੀ ਆਸਮਾਨ ਵੱਲ ਟਿਕਟਿਕੀ ਲਾ ਕੇ ਵੇਖ ਰਹੀ ਸੀ। ਇਸ ਉਮੀਦ ਨਾਲ ਕਿ ਭਲਕ ਸ਼ਾਇਦ ਬੀਤੇ ਕੱਲ੍ਹ ਤੋਂ ਚੰਗੀ ਹੋਵੇਗੀ! ਬੱਚਾ ਭੁੱਖ ਕਾਰਨ ਰੋਣ ਲੱਗ ਪਿਆ। ਔਰਤ ਉਹਨੂੰ ਪੁਚਕਾਰਦੀ ਹੋਈ ਗਾਣੇ ਦੇ ਸੁਰ ਨਾਲ ਸੁਰ ਮਿਲਾਉਂਦੀ ਹੌਲੀ-ਹੌਲੀ ਗਾਉਣ ਲੱਗੀ, ‘‘ਕਰਤੀ ਹੂੰ ਫਰਿਆਦ… ਲੇਕਿਨ ਹੱਸਤੇ-
ਹੱਸਤੇ… ਢੂੰਡੇ ਤੇਰਾ ਪਿਆਰ ਰਸਤੇ-ਰਸਤੇ…।’’ ਪਰ ਭੁੱਖ ਨਾਲ ਬੇਚੈਨ ਬੱਚੇ ’ਤੇ ਔਰਤ ਦੇ ਅਲਾਪ ਦਾ ਕੋਈ ਅਸਰ ਨਾ ਹੋਇਆ ਸਗੋਂ ਉਹਨੇ ਆਪਣਾ ਸੁਰ ਜ਼ਰੂਰ ਮੱਧਮ ਤੋਂ ਸਪਤਮ ਤੱਕ ਪੁਚਾ ਦਿੱਤਾ।
ਰੁੱਖ ਦੇ ਥੜ੍ਹੇ ’ਤੇ ਬੈਠੀ ਔਰਤ ਦੀ ਬੇਚੈਨੀ ਇਹ ਸਭ ਦੇਖ ਕੇ ਵਧ ਗਈ। ਅੱਜ ਵੀ ਉਹਨੂੰ ਕੋਈ ਕੰਮ ਨਹੀਂ ਸੀ ਮਿਲਿਆ। ਪਿਛਲੇ ਤਿੰਨ ਦਿਨਾਂ ਤੋਂ ਖਾਲੀ ਹੱਥ ਆਪਣੀ ਝੁੱਗੀ ’ਚ ਜਾ ਰਹੀ ਹੈ ਅਤੇ ਉਸ ਦੀ ਬਿੜਕ ਨਾਲ ਮੁੰਨਾ ਬਾਹਰ ਨਿਕਲ ਆਉਂਦਾ ਹੈ। ਉਹਦੀਆਂ ਅੱਖਾਂ ਵਿਚ ਉਮੀਦਾਂ ਦੇ ਜੁਗਨੂੰ ਚਮਕਣ ਲੱਗਦੇ ਹਨ ਅਤੇ ਉਹ ਮੂੰਹ ਲੁਕਾਉਂਦੀ ਝੁੱਗੀ ਵਿੱਚ ਵੜ ਕੇ ਕੋਨਾ ਤਲਾਸ਼ਦੀ ਹੈ।
‘‘ਅੰਮਾ, ਕੀ ਹੋਇਆ…!’’ ਮੁੰਨੇ ਦੀ ਬਰੀਕ ਜਿਹੀ ਆਵਾਜ਼ ਆਉਂਦੀ ਹੈ। ਉਹਨੂੰ ਜਵਾਬ ਨਹੀਂ ਸੁਝਦਾ, ਕੀ ਕਹੇ। ਉਹ ਮੁੰਨੇ ਨੂੰ ਕਿਸੇ ਤਰ੍ਹਾਂ ਟਾਲ ਦਿੰਦੀ ਹੈ। ਮੁੰਨਾ ਵਿਚਾਰਾ ਧਰਤੀ ’ਤੇ ਬਹਿ ਜਾਂਦਾ ਹੈ ਅਤੇ ਆਪਣਾ ਸਿਰ ਕਿਤਾਬ ਵਿਚ ਗੱਡ ਲੈਂਦਾ ਹੈ।
ਅੱਜ ਉਹ ਕੀ ਬਹਾਨਾ ਬਣਾਏਗੀ – ਉਹਨੂੰ ਸਮਝ ਨਹੀਂ ਸੀ ਆ ਰਿਹਾ। ਮੁੰਨੇ ਦੇ ਪਿਉ ਦੀ ਆਮਦਨ ਨਾਲ ਤਿੰਨ ਜਣਿਆਂ ਲਈ ਚੁੱਲ੍ਹਾ ਹੀ ਜਲ ਜਾਵੇ ਤਾਂ ਵਧੀਆ ਹੈ।
ਬੋਹੜ ਦੀ ਠੰਢੀ ਛਾਂ ਵਿੱਚ ਬੈਠਿਆਂ ਸੋਚਦਿਆਂ ਉਹਨੇ ਜਿਵੇਂ ਆਪਣੇ ਆਪ ਨੂੰ ਕਿਹਾ, ‘‘ਅੱਜ ਤਾਂ ਗਿਆ, ਕੱਲ੍ਹ ਵੇਖੀ ਜਾਏਗੀ, ਕੀ ਹੋਵੇਗਾ! ਮਜ਼ਦੂਰੀ ਦਾ ਕੋਈ ਪਤਾ ਨਹੀਂ।’’ ਉਹਦੇ ਆਦਮੀ ਦੀ ਇਕ ਲੱਤ ਬਚਪਨ ਤੋਂ ਹੀ ਕਮਜ਼ੋਰ ਸੀ। ਸੱਟ ਲੱਗਣ ਨਾਲ ਰਹੀ-ਸਹੀ ਕਸਰ ਵੀ ਜਾਂਦੀ ਰਹੀ।
ਅਜਿਹਾ ਨਹੀਂ ਹੈ ਕਿ ਮੁੰਨੇ ਦੇ ਪਿਉ ਦੇ ਮਜ਼ਦੂਰੀ ਕਰਦੇ ਸਮੇਂ ਉਹ ਕੰਮ ’ਤੇ ਨਹੀਂ ਸੀ ਜਾਂਦੀ। ਦੋਵਾਂ ਨੂੰ ਮਜ਼ਦੂਰੀ ਮਿਲ ਹੀ ਜਾਇਆ ਕਰਦੀ। ਜ਼ਰੂਰੀ ਨਹੀਂ ਕਿ ਦੋਹਾਂ ਨੂੰ ਹਰ ਰੋਜ਼ ਮਜ਼ਦੂਰੀ ਮਿਲ ਜਾਂਦੀ। ਇਕ ਨੂੰ ਵੀ ਮਿਲੀ ਤਾਂ ਸ਼ਾਮ ਨੂੰ ਰਸਦ-ਪਾਣੀ ਨਾਲ ਉਹਦੇ ਹੱਥ ਵਿਚ ਕੁਝ ਨਾ ਕੁਝ ਪੈਸਾ ਵੀ ਹੁੰਦਾ। ਚਾਹੇ ਸੀਆਰਾਮ ਨੂੰ ਮਿਲੀ ਮਜ਼ਦੂਰੀ ਦਾ ਪੈਸਾ ਹੋਵੇ ਜਾਂ ਉਹਦੀ ਮਿਹਨਤ ਦਾ। ਸੀਆਰਾਮ ਨੂੰ ਜਰਦੇ ਤੋਂ ਬਿਨਾਂ ਹੋਰ ਕਿਸੇ ਤਰ੍ਹਾਂ ਦੇ ਨਸ਼ੇ-ਪੱਤੇ ਦੀ ਆਦਤ ਨਹੀਂ ਸੀ। ਜਦੋਂ ਤੋਂ ਉਹਦੀ ਲੱਤ ਬਿਲਕੁਲ ਰਹਿ ਗਈ ਸੀ ਉਸ ਤੋਂ ਲੇਬਰ ਦਾ ਕੰਮ ਨਹੀਂ ਸੀ ਹੁੰਦਾ। ਪਰ ਉਹ ਮਿਹਨਤਕਸ਼ ਸੀ। ਵਿਹਲੇ ਬੈਠਿਆਂ ਢਿੱਡ ਦੀ ਅੱਗ ਤਾਂ ਨਹੀਂ ਬੁਝਦੀ। ਥੋੜ੍ਹੀ ਜਿਹੀ ਬੇਕਾਰ ਪਈ ਜ਼ਮੀਨ ’ਤੇ ਉਸ ਨੇ ਸਾਗ ਤੇ ਹੋਰ ਸਬਜ਼ੀ ਉਗਾਉਣੀ ਸ਼ੁਰੂ ਕਰ ਦਿੱਤੀ। ਦੁਪਹਿਰ ਪਿੱਛੋਂ ਸਬਜ਼ੀਆਂ ਤੋੜ ਕੇ ਹੱਟੀ ’ਤੇ ਜਾ ਕੇ ਵੇਚ ਆਉਂਦਾ। ਬਚੀ- ਖੁਚੀ ਸਬਜ਼ੀ ਨਾਲ ਘਰ ਦਾ ਚੁੱਲ੍ਹਾ-ਚੌਕਾ ਚੱਲਦਾ। ਟਮਾਟਰ, ਬੈਂਗਣ, ਲੌਕੀ ਦੀ ਸਬਜ਼ੀ ਨਾਲ ਉਹਦੀ ਘਰ-ਗ੍ਰਹਿਸਥੀ ਦੀ ਗੱਡੀ ਜਿਵੇਂ-ਕਿਵੇਂ ਰੁੜ੍ਹਨ ਲੱਗੀ। ਕਦੇ-ਕਦੇ ਉਹਨੂੰ ਵੀ ਮਜ਼ਦੂਰੀ ਮਿਲ ਜਾਂਦੀ ਤਾਂ ਬਾਕੀ ਦੇ ਖ਼ਰਚਿਆਂ ਦੀ ਕਮੀ ਵੀ ਪੂਰੀ ਹੋ ਜਾਂਦੀ।
ਆਪਣੀ ਮਜ਼ਦੂਰੀ ਦੇ ਭਰੋਸੇ ਹੀ ਮੁੰਨੇ ਨੂੰ ਇੱਕ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਸੀ। ਗੋਦੜੀ ਵਿੱਚ ਖਿੜੇ ਲਾਲ ਵਾਂਗ ਮੁੰਨਾ ਪੜ੍ਹਾਈ ਵਿੱਚ ਖ਼ੂਬ ਮਨ ਲਗਾਉਂਦਾ। ਇਸੇ ਲਈ ਤਾਂ ਪਿਛਲੇ ਸਾਲ ਦੂਜੀ ਜਮਾਤ ਵਿੱਚੋਂ ਉਹ ਪੂਰੇ ਸਕੂਲ ਵਿੱਚੋਂ ਪਹਿਲੇ ਨੰਬਰ ’ਤੇ ਆਇਆ ਸੀ। ਇਸ ਨਾਲ ਮਾਸਟਰਨੀਆਂ ਦਾ ਵੀ ਚਹੇਤਾ ਬਣ ਗਿਆ ਸੀ। ਬੜੀ ਆਸ ਬਣਾ ਲਈ ਸੀ ਮੁੰਨੇ ਨੂੰ ਲੈ ਕੇ ਉਨ੍ਹਾਂ ਦੋਵਾਂ ਨੇ ਆਪਣੇ ਮਨ ਵਿੱਚ। ਉਸ ਨੇ ਆਪਣੇ ਟੋਲੇ-ਮੁਹੱਲੇ ਵਿੱਚ ਸੁਣਿਆ ਸੀ ਕਿਸੇ ਰਿਕਸ਼ਾ ਚਲਾਉਣ ਵਾਲੇ ਦਾ ਮੁੰਡਾ ਡਾਕਟਰੀ ਵਿੱਚ ਆ ਗਿਆ ਹੈ। ਉਸ ਦਾ ਬੇਟਾ ਵੀ ਪੜ੍ਹ-ਲਿਖ ਕੇ ਵੱਡਾ ਆਦਮੀ ਬਣੇਗਾ। ਫਿਰ ਉਹ ਵੀ ਆਕੜ ਕੇ ਚੱਲੇਗੀ ਪੂਰੇ ਮੁਹੱਲੇ ਵਿਚ! ਉਂਜ, ਮੁੰਨੇ ਨੂੰ ਲੈ ਕੇ ਇੱਕ ਕਸਕ ਉਹ ਹੁਣੇ ਤੋਂ ਮਹਿਸੂਸ ਕਰਨ ਵੀ ਲੱਗੀ ਸੀ। ਦੂਜੀ ਜਮਾਤ ਵਿਚ ਮੁੰਨੇ ਦਾ ਪਹਿਲੇ ਨੰਬਰ ’ਤੇ ਆਉਣਾ, ਉਹਦੇ ਅੰਦਰ ਮਾਣ ਪੈਦਾ ਕਰਦਾ। ਉਸ ਵੇਲੇ ਉਹਦੇ ਤਾਂਬੇ-ਰੰਗੇ ਚਿਹਰੇ ਦੀ ਰੰਗਤ ਵਿੱਚ ਹੋਰ ਵੀ ਲਾਲੀ ਫੈਲ ਜਾਂਦੀ। ਉਹ ਸੀਆਰਾਮ ਨੂੰ ਗਾਹੇ-ਬਗਾਹੇ ਕਿਹਾ ਵੀ ਕਰਦੀ, ‘‘ਕਿਸੇ ਜਨਮ ਦਾ ਪੁੰਨ ਕੀਤਾ ਹੋਵੇਗਾ ਜੋ ਸਾਨੂੰ ਮੁੰਨੇ ਵਰਗਾ ਬੱਚਾ ਮਿਲਿਆ ਹੈ!’’
ਉਹਦੀ ਪੜ੍ਹਾਈ ਨੂੰ ਲੈ ਕੇ ਉਹ ਖ਼ੂਬ ਸੋਚਦੀ ਅਤੇ ਉਹਦਾ ਮਨ ਨੱਚ ਉੱਠਦਾ। ਅਜੇ ਪਰਸੋਂ ਦੀ ਹੀ ਗੱਲ ਹੈ। ਮੁੰਨਾ ਉਸ ਨੂੰ ਕਾਪੀ ਵਿਖਾ ਰਿਹਾ ਸੀ। ਸਫ਼ੈਦ-ਚਿੱਟੇ ਕਾਗਜ਼ ’ਤੇ ਉਸ ਨੇ ਪਹਾੜ, ਝਰਨੇ ਅਤੇ ਰੁੱਖਾਂ ਦੀ ਫੋਟੋ ਬਣਾਈ ਸੀ। ਉਹਨੂੰ ਵਿਖਾਉਂਦਾ ਕਹਿ ਰਿਹਾ ਸੀ, ‘‘ਟੀਚਰ ਜੀ ਨੇ ਡਰਾਇੰਗ ’ਚ ‘ਵੈਰੀ ਗੁੱਡ’’ ਦਿੱਤਾ ਹੈ…। ਕਿਸੇ ਬੱਚੇ ਨੂੰ ਨਹੀਂ ਮਿਲਿਆ ਹੈ ਗੁੱਡ…। ਭੋਲੂ ਤਾਂ ਬਣਾ ਵੀ ਨਹੀਂ ਸਕਿਆ। ਉਸ ਨੂੰ ਟੀਚਰ ਜੀ ਨੇ ਖੜ੍ਹਾ ਕਰ ਦਿੱਤਾ ਸੀ ਕਮਰੇ ਤੋਂ ਬਾਹਰ।’’
ਉਹ ਅੰਗਰੇਜ਼ੀ ਦੇ ਲਿਖੇ ਅੱਖਰਾਂ ’ਤੇ ਹੱਥ ਫੇਰਦੀ ਰਹੀ ਸੀ। ਉਹਦੇ ਲਈ ਕੀ ਅੰਗਰੇਜ਼ੀ, ਕੀ ਹਿੰਦੀ- ਸਭ ਕਾਲਾ ਅੱਖਰ ਭੈਂਸ ਬਰਾਬਰ ਸੀ।
‘‘ਇਹ ਗੁੜ ਕੀ ਹੁੰਦੈ ਓਏ!’’ ਬੱਚਿਆਂ ਵਰਗੀ ਸਹਿਜਤਾ ਸੀ ਉਹਦੀ ਆਵਾਜ਼ ਵਿਚ। ਮੁੰਨਾ ਖਿੜਖਿੜਾ ਕੇ ਹੱਸਿਆ ਤੇ ਬੋਲਿਆ, ‘‘ਅੰਮਾ, ਗੁੜ ਨਹੀਂ, ਗੁਡ-ਗੁਡ…। ਕੋਈ ਚੰਗਾ ਕੰਮ ਕਰੋ, ਟੀਚਰ ਜੀ ਖ਼ੁਸ਼ ਹੋ ਕੇ ਗੁੱਡ ਬੋਲਦੇ ਹਨ। ਕਾਪੀ ਵਿੱਚ ਪੈੱਨ ਨਾਲ ਲਿਖਿਆ ਵੀ ਹੈ।’’
ਉਹ ਹੋਰ ਮਾਣ ਨਾਲ ਭਰ ਉੱਠਦੀ ਅਤੇ ਮੁੰਨੇ ਤੋਂ ਵਾਰੇ ਜਾਂਦੀ ਗਲਵਕੜੀ ਵਿਚ ਘੁੱਟ ਲੈਂਦੀ। ਦੋਵਾਂ ਨੂੰ ਇਉਂ ਲਿਪਟਿਆ ਵੇਖ ਕੇ ਬਾਹਰ ਤੋਂ ਆਏ ਮੁੰਨੇ ਦੇ ਪਿਓ ਤੋਂ ਰਿਹਾ ਨਹੀਂ ਗਿਆ ਤੇ ਬੋਲ ਉੱਠਿਆ, ‘‘ਬੜਾ ਪਿਆਰ ਆ ਰਿਹੈ ਮੁੰਨੇ ’ਤੇ…।’’
ਮੁਸਕਾਨ ਦੀ ਹਲਕੀਆਂ ਲਕੀਰਾਂ ਖਿੱਚ ਗਈਆਂ ਉਹਦੇ ਬੁੱਲ੍ਹਾਂ ’ਤੇ। ‘‘ਮੁੰਨੇ ਨੂੰ ਕਿਵੇਂ ਨਾ ਕਿਵੇਂ ਖ਼ੂਬ ਪੜ੍ਹਾਉਣਾ ਚਾਹੀਦਾ ਹੈ। ਸਕੂਲ ਦੀ ਮਾਸਟਰਨੀ ਵੀ ਕਹਿੰਦੀ ਸੀ ਉਹਨੂੰ ਪੜ੍ਹਾਉਣ ਖ਼ਾਤਰ।’’
ਉਹਦੇ ਅੰਦਰ ਜੋਸ਼ ਹੁਲਾਰੇ ਮਾਰਨ ਲੱਗਿਆ। ਉਹਦੀ ਸਾਰੀ ਥਕਾਵਟ ਅਤੇ ਨਿਰਾਸ਼ਾ ਜਿਵੇਂ ਕਾਫ਼ੂਰ ਹੋ ਗਈ ਹੋਵੇ ਅਤੇ ਉਹ ਉੱਠਣ ਨੂੰ ਜਿਉਂ ਹੀ ਖੜ੍ਹੀ ਹੋਈ, ਉਹਦੇ ਪੈਰ ਨਾਲ ਕੋਈ ਚੀਜ਼ ਆ ਕੇ ਟਕਰਾਈ। ਨਜ਼ਰ ਗਈ ਤਾਂ ਦਸ ਰੁਪਏ ਦਾ ਸਿੱਕਾ ਸੀ। ਮਿੱਟੀ ਦੇ ਢੇਲੇ ਨਾਲ ਟਕਰਾ ਕੇ ਉਹਦੇ ਪੈਰਾਂ ਕੋਲ ਆ ਡਿੱਗਿਆ ਸੀ।
ਕੋਈ ਵੱਡਾ ਸਾਹਿਬ ਸੀ। ਮੋਟਰ-ਗੱਡੀ ਤੋਂ ਉਤਰਿਆ ਸੀ। ਖੋਖੇ ਵਾਲੇ ਤੋਂ ਕੁਝ ਖ਼ਰੀਦ ਕੇ ਵਾਪਸ ਗੱਡੀ ਵਿਚ ਬੈਠਦੇ-ਬੈਠਦੇ ਉਸ ਨੇ ਨੱਚ ਰਹੀ ਕੁੜੀ ’ਤੇ ਉੱਡਦੀ ਜਿਹੀ ਨਜ਼ਰ ਮਾਰੀ ਸੀ। ਫਿਰ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਇਆ ਕਿ ਉਹਨੇ ਆਪਣੇ ਲੜਕੇ ਨੂੰ ਸਿੱਕਾ ਫੜਾ ਕੇ ਉਹਨੂੰ ਦੇਣ ਲਈ ਕਿਹਾ। ਲੜਕੇ ਨੇ ਗੱਡੀ ਤੋਂ ਉਤਰ ਕੇ ਝਿਜਕਦਿਆਂ ਕੁਝ ਅੱਗੇ ਆਉਂਦਿਆਂ ਸਿੱਕੇ ਨੂੰ ਨੱਚ ਰਹੀ ਕੁੜੀ ਵੱਲ ਸੁੱਟ ਦਿੱਤਾ ਸੀ।
ਪਰ ਸਿੱਕਾ ਕੁੜੀ ਕੋਲ ਨਾ ਜਾ ਕੇ ਉਹਦੇ ਨੇੜੇ ਆ ਡਿੱਗਿਆ। ਉਹਨੇ ਝੱਟ ਆਪਣਾ ਪੈਰ ਅੱਗੇ ਵਧਾ ਕੇ ਸਿੱਕੇ ਨੂੰ ਪੈਰ ਦੇ ਹੇਠਾਂ ਦਬਾ ਲਿਆ। ਅਚਾਨਕ ਉਹਨੂੰ ਲੱਗਿਆ ਕਿ ਇਹ ਦਸ ਰੁਪਏ ਦਾ ਸਿੱਕਾ ਉਸ ਦੀਆਂ ਬਹੁਤ ਸਾਰੀਆਂ ਲੋੜਾਂ ਦੀ ਪੂਰਤੀ ਕਰ ਸਕਦਾ ਹੈ। ਇਸ ਨਾਲ ਉਹ ਮੁੰਡੇ ਲਈ ਘਰ ਦੇ ਰਾਹ ਆਉਂਦੇ ਹਲਵਾਈ ਤੋਂ ਗਰਮ-ਗਰਮ ਦੁੱਧ ਖਰੀਦ ਸਕਦੀ ਹੈ। ਪੜ੍ਹਨ ਵਾਲੇ ਮੁੰਡੇ ਲਈ ਦੁੱਧ ਬਹੁਤ ਜ਼ਰੂਰੀ ਹੈ। ਸਰੀਰ ਅਤੇ ਦਿਮਾਗ਼ ਇਸ ਨਾਲ ਮਜ਼ਬੂਤ ਰਹਿੰਦਾ ਹੈ। ਇੰਨੇ ਪੈਸੇ ਨਹੀਂ ਹੁੰਦੇ ਦੁੱਧ ਖ਼ਰੀਦਣ ਵਾਸਤੇ। ਬੇਹੀਆਂ ਰੋਟੀਆਂ ਖਾ ਕੇ ਉਹ ਵਿਚਾਰਾ ਸਕੂਲ ਜਾਂਦਾ ਹੈ। ਸਾਰਾ ਦਿਨ ਕਿਤਾਬਾਂ ਵਿੱਚ ਖੁੱਭਿਆ ਰਹਿੰਦਾ ਹੈ। ਇਸੇ ਲਈ ਤਾਂ ਉਸ ਦਾ ਸਰੀਰ ਇੰਨਾ ਕਮਜ਼ੋਰ ਹੋ ਗਿਆ ਹੈ। ਅਸੀਮ ਵੇਦਨਾ ਨਾਲ ਉਹਦੀਆਂ ਅੱਖਾਂ ਵਿਚ ਪਾਣੀ ਭਰ ਆਇਆ। ਪੈਰ ਹੇਠਾਂ ਦਬਾਏ ਦਸ ਰੁਪਏ ਦੇ ਸਿੱਕੇ ਨੂੰ ਉਸ ਨੇ ਹੋਰ ਜ਼ੋਰ ਨਾਲ ਦਬਾਅ ਲਿਆ, ਜਿਵੇਂ ਕੋਈ ਉਸ ਤੋਂ ਖੋਹ ਰਿਹਾ ਹੋਵੇ।
ਹੌਲੀ-ਹੌਲੀ ਉਹਨੇ ਆਪਣੀ ਬਾਂਹ ਅੱਗੇ ਵਧਾਈ। ਸਿੱਕੇ ਨੂੰ ਹੱਥ ਵਿੱਚ ਲੈਣ ਲਈ। ਬੜੀ ਹੁਸ਼ਿਆਰੀ ਨਾਲ। ਕੋਈ ਵੇਖ ਨਾ ਲਵੇ ਉਹਦੀ ਚੋਰੀ। ਕਿਸੇ ਦੇ ਹਿੱਸੇ ਦਾ ਪੈਸਾ ਹੜੱਪਣਾ ਚੋਰੀ ਹੀ ਤਾਂ ਹੈ। ਅਜਿਹਾ ਖਿਆਲ ਆਉਂਦੇ ਹੀ ਉਹਦੀ ਸਿੱਕੇ ਤੋਂ ਪਕੜ ਕਮਜ਼ੋਰ ਪੈ ਗਈ। ਕਮਜ਼ੋਰ ਸਰੀਰ ਵਾਲੀ ਬੱਚੇ ਵਾਲੀ ਔਰਤ ’ਤੇ ਉਹਦੀ ਨਜ਼ਰ ਗਈ। ਫਿਰ ਗਾਉਣ ਵਾਲੇ ਅਤੇ ਨੱਚਣ ਵਾਲੀ ਕੁੜੀ ’ਤੇ ਨਜ਼ਰ ਜਾ ਕੇ ਠਹਿਰ ਗਈ। ਕਿੰਨੇ ਚਿਰ ਤੋਂ ਵਿਚਾਰੇ ਨੱਚ-ਗਾ ਰਹੇ ਹਨ। ਪਰ ਕਿਸੇ ਨੇ ਅਜੇ ਤਕ ਸਿਵਾਏ ਉਸ ਦਸ ਰੁਪਏ ਦੇ ਸਿੱਕੇ ਤੋਂ ਇਕ ਕੌਡੀ ਵੀ ਨਹੀਂ ਸੀ ਦਿੱਤੀ। ਉਹਦਾ ਮਨ ਭਾਵੁਕ ਜਿਹਾ ਹੋ ਗਿਆ।
‘ਆਪਣੇ ਵਰਗੇ ਹੀ ਨੇ ਇਹ ਲੋਕ ਵੀ…।’ ਸ਼ਾਇਦ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰਾ ਕਰਨ ਵਿਚ ਉਨ੍ਹਾਂ ਤੋਂ ਵੀ ਘੱਟ ਹੋਣ। ਸੀਆਰਾਮ ਤਾਂ ਰੋਜ਼ ਕੁਝ ਨਾ ਕੁਝ ਲੈ ਕੇ ਆਉਂਦਾ ਹੈ। ਬਚੀ ਹੋਈ ਸਬਜ਼ੀ ਵੀ ਲੈ ਆਉਂਦਾ ਹੈ। ਉਸ ਨੂੰ ਵੀ ਕਦੇ-ਕਦਾਈਂ ਮਜ਼ਦੂਰੀ ਮਿਲ ਜਾਂਦੀ ਹੈ। ਅੱਜ ਕੁਝ ਨਹੀਂ ਮਿਲਿਆ, ਵੱਖਰੀ ਗੱਲ ਹੈ। ਉਂਜ, ਪਿਛਲੇ ਤਿੰਨ ਦਿਨ ਉਹਦੇ ਖਾਲੀ ਹੀ ਗਏ ਹਨ। ਮਜ਼ਦੂਰੀ ਪਹਿਲਾਂ ਜਵਾਨਾਂ ਨੂੰ, ਫਿਰ ਹੋਰਨਾਂ ਨੂੰ ਮਿਲਦੀ ਹੈ। ਲੋੜ ਦੇ ਹਿਸਾਬ ਨਾਲ ਔਰਤਾਂ ਦੀ ਵਾਰੀ ਪਿੱਛੋਂ ਆਉਂਦੀ ਹੈ। ‘ਕੀ ਕਰਾਂ, ਕੁਝ ਹੋਰ ਹੁੰਦਾ ਨਹੀਂ…।’ ਉਸ ਨੇ ਸੋਚਿਆ। ਉਹਦੇ ਟੋਲੇ-ਮੁਹੱਲੇ ਦੀਆਂ ਔਰਤਾਂ ਮਿੱਲ ਵਿਚ ਜਾ ਕੇ ਕਮਾਉਂਦੀਆਂ ਹਨ। ਚੰਗਾ ਖਾਂਦੀਆਂ, ਚੰਗਾ ਪਹਿਨਦੀਆਂ ਹਨ। ਰੋਜ਼ ਸਵੇਰੇ ਘਰ ਤੋਂ ਨਿਕਲਦੀਆਂ ਹਨ। ਸਾਰਾ ਦਿਨ ਉੱਥੇ ਕੰਮ ਕਰਦੀਆਂ ਹਨ। ਸ਼ਾਮ ਢਲੇ ਤੋਂ ਆਉਂਦੀਆਂ ਹਨ ਅਤੇ ਮਹੀਨੇ ਪਿੱਛੋਂ ਢੇਰ ਸਾਰੇ ਰੁਪਏ ਲੈ ਕੇ ਆਉਂਦੀਆਂ ਹਨ। ਐਤਵਾਰ ਦੀ ਛੁੱਟੀ ਮਿਲਦੀ ਹੈ ਉਹ ਵੱਖਰੀ…।
ਸੋਚਦੇ-ਸੋਚਦੇ ਉਹਦਾ ਹੱਥ ਇਕਦਮ ਸਿੱਕੇ ਦੇ ਉੱਤੇ ਆ ਗਿਆ। ਫਿਰ ਤੇਜ਼ੀ ਨਾਲ ਉਹਨੂੰ ਆਪਣੀ ਮੁੱਠੀ ਵਿੱਚ ਬੰਦ ਕਰ ਲਿਆ। ਹੁਣ ਸਿੱਕਾ ਉਹਦੇ ਹੱਥ ਵਿੱਚ ਸੀ।
‘ਕਦੋਂ ਦਾ ਮੁੰਨਾ ਕਾਪੀ-ਪੈਨਸਿਲ ਲਈ ਕਹਿ ਰਿਹਾ ਹੈ।’ ਸਾਹਮਣੇ ਵੇਖਿਆ, ਸਭ ਆਪਣੇ-ਆਪ ਵਿਚ ਮਸਤ ਸਨ। ਉਹਨੂੰ ਤਸੱਲੀ ਹੋ ਗਈ। ‘ਚੱਲੋ ਕਾਪੀ ਮੁੰਨੇ ਵਾਸਤੇ ਆ ਜਾਏਗੀ…।’ ਪਰ ਉਦੋਂ ਹੀ ਉਹਨੂੰ ਹਲਵਾਈ ਦੀ ਦੁਕਾਨ ਦੀ ਕੜਾਹੀ ਵਿੱਚ ਕੜ੍ਹਦੇ ਦੁੱਧ ਦੀ ਯਾਦ ਆਈ…।
‘ਵਿਚਾਰਾ ਕਿੰਨਾ ਕਮਜ਼ੋਰ ਹੋ ਗਿਆ ਹੈ! ਸਰੀਰ ਲੱਗਦਾ ਹੈ ਫੂਕ ਮਾਰੋ ਤਾਂ ਜਿਵੇਂ ਉੱਡ ਜਾਵੇਗਾ… ਖਾਵੇ-ਪੀਵੇਗਾ ਨਹੀਂ ਤਾਂ ਇਹ ਦਿਮਾਗ਼ ਕਿਵੇਂ ਚੱਲੇਗਾ… ਪਰ ਕਾਪੀ ਵੀ ਪੜ੍ਹਾਈ ਲਈ ਜ਼ਰੂਰੀ ਹੈ…।’ ਉਹਨੇ ਆਪਣੇ ਗੀਝੇ ਨੂੰ ਦੂਜੇ ਹੱਥ ਨਾਲ ਟਟੋਲਿਆ। ਪੰਜ-ਪੰਜ ਦੇ ਦੋ ਸਿੱਕੇ ਧੋਤੀ ਦੇ ਕੋਨੇ ਨਾਲ ਬੰਨ੍ਹੇ ਹੋਏ ਸਨ। ਉਹਨੇ ਹਿਸਾਬ ਲਾਇਆ, ਦੋਵੇਂ ਚੀਜ਼ਾਂ ਸਾਰੇ ਪੈਸਿਆਂ ਨਾਲ ਆ ਜਾਣਗੀਆਂ। ਉਹਨੂੰ ਤਸੱਲੀ ਹੋਈ। ਫਿਰ ਵੀ ਗਰਮ-ਗਰਮ ਦੁੱਧ ਦਾ ਖ਼ਿਆਲ ਉਹਦੇ ਦਿਮਾਗ ’ਚੋਂ ਨਹੀਂ ਸੀ ਨਿਕਲ ਰਿਹਾ।
‘ਕਿੰਨਾ ਠੀਕ ਹੁੰਦਾ… ਜੇ ਸਾਰਾ ਕੁਝ ਇੰਨੇ ਵਿੱਚ ਹੀ ਆ ਜਾਂਦਾ…।’ ਉੱਠਣ ਦੀ ਕੋਸ਼ਿਸ਼ ਕਰਦਿਆਂ ਉਹਨੇ ਸੋਚਿਆ, ‘ਬੇਟੇ ਨੂੰ ਦੁੱਧ ਜ਼ਿਆਦਾ ਜ਼ਰੂਰੀ ਹੁੰਦੈ। ਕੱਲ੍ਹ ਐਤਵਾਰ ਹੈ, ਮੁੰਡੇ ਦੇ ਪਿਓ ਨੂੰ ਕਹਿੰਦੀ ਹਾਂ, ਉਹ ਹੱਟੀਓਂ ਕਾਪੀਆਂ ਲੈ ਆਊਗਾ। ਮਾਸਟਰਨੀਆਂ ਨੇ ਕੁੱਟਿਆ ਤਾਂ…’ ਅਜਿਹੇ ਵਿਚਾਰਾਂ ਦਾ ਕੋਈ ਅੰਤ ਨਹੀਂ ਸੀ। ਮੁੰਨੇ ਦੀ ਸਿਹਤ ਨੂੰ ਵੇਖਦਿਆਂ ਦੁੱਧ ਵਿੱਚ ਅਟਕਿਆ ਉਹਦਾ ਮਨ ਕਾਪੀ-ਪੈਨਸਿਲ ਦੀ ਲੋੜ ਅੱਗੇ ਬੌਣਾ ਪੈ ਰਿਹਾ ਸੀ।
ਉੱਠਦਿਆਂ-ਉੱਠਦਿਆਂ ਉਹਦੀਆਂ ਅੱਖਾਂ ਮੂਹਰੇ ਸੰਘਣਾ ਹਨੇਰਾ ਛਾ ਗਿਆ। ਜਿਵੇਂ ਕੋਈ ਉਹਦੇ ਕੋਲ ਆ ਖੜ੍ਹਾ ਹੋਇਆ ਹੈ। ਹਨੇਰੇ ਤੋਂ ਪਾਰ ਹੁਣ ਮੁੰਨੇ ਦੀ ਸ਼ਕਲ ਦਿੱਸਦੀ ਸੀ ਜੋ ਕਾਪੀ-ਪੈਨਸਿਲ ਲਈ ਹੱਥ ਵਧਾਈ ਖੜ੍ਹਾ ਪੁਕਾਰ ਰਿਹਾ ਸੀ। ਉਹ ਕੰਬ ਗਈ। ਅਗਲੇ ਹੀ ਪਲ ਉਹਨੇ ਅੱਖਾਂ ’ਤੇ ਪਲਕਾਂ ਦਾ ਦਬਾਅ ਮਹਿਸੂਸ ਕੀਤਾ। ਫਿਰ ਅਚਾਨਕ ਬੋਲ ਉੱਠੀ, ‘‘ਮੇਰਾ ਬੱਚਾ…।’’ ਅਸਪਸ਼ਟ ਜਿਹੀ ਆਵਾਜ਼ ਉਹਦੇ ਬੁੱਲ੍ਹਾਂ ਨੂੰ ਚੀਰਦਿਆਂ ਬਾਹਰ ਦੀ ਹਵਾ ਵਿੱਚ ਫੈਲ ਗਈ। ਗਾਇਨ ਮੰਡਲੀ ਦਾ ਮੁੰਡਾ ਖੜ੍ਹਾ ਬੁੜਬੁੜਾ ਰਿਹਾ ਸੀ, ‘‘ਸਾਡੇ ਪੈਸੇ ਦਿਓ ਜੀ…।’’
ਸੰਪਰਕ: 98391-01647
ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015