ਡਾ. ਸੁਰਜੀਤ ਸਿੰਘ ਭਦੌੜ
ਪੁਸਤਕ ‘ਮੁਰਗਾਬੀਆਂ’ (ਕੀਮਤ: 250 ਰੁਪਏ; ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮ.) ਗੁਰਮੀਤ ਪਨਾਗ ਦੀ ਗੰਭੀਰ ਸਮਾਜਿਕ ਵਿਸ਼ਿਆਂ ’ਤੇ ਕੇਂਦਰਿਤ ਮੌਲਿਕ ਕਹਾਣੀਆਂ ਦੀ ਪੁਸਤਕ ਹੈ। ਹਥਲਾ ਕਹਾਣੀ ਸੰਗ੍ਰਹਿ ‘ਮੁਰਗਾਬੀਆਂ’ ਦਾ ਦੂਸਰਾ ਐਡੀਸ਼ਨ ਹੈ। ਕਹਾਣੀ ਸੰਗ੍ਰਹਿ ਦੇ ਮਿਆਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੁਸਤਕ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਬੀ.ਏ. ਭਾਗ 3 ਦੇ ਸਿਲੇਬਸ ਵਿਚ ਸ਼ਾਮਿਲ ਕੀਤੀ ਗਈ ਹੈ ਅਤੇ ਪੁਸਤਕ ਦੀ ਟਾਈਟਲ ਕਹਾਣੀ ‘ਮੁਰਗਾਬੀਆਂ’ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਐਮ.ਏ. ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਸਿਲੇਬਸ ਵਿਚ ਪੜ੍ਹਾਈ ਜਾ ਰਹੀ ਹੈ। ਕਹਾਣੀਆਂ ਵਿਚ ਕਹਾਣੀਕਾਰਾ ਵਿਸ਼ਿਆਂ ਦੀ ਸਾਰਥਕਤਾ ਲਈ ਬਹੁਤ ਹੀ ਸੰਜੀਦਾ ਅਤੇ ਇਮਾਨਦਾਰ ਹੈ। ਕਹਾਣੀਆਂ ਵਿਚ ਘਟਨਾਵਾਂ ਦਾ ਖ਼ੁਦ-ਬ-ਖ਼ੁਦ ਵਿਸ਼ਲੇਸ਼ਣ ਹੁੰਦਾ ਦਿਖਾਈ ਦਿੰਦਾ ਹੈ। ਪੁਸਤਕ ਦੀ ਟਾਈਟਲ ਕਹਾਣੀ ‘ਮੁਰਗਾਬੀਆਂ’ ਦੁਨੀਆ ਭਰ ਵਿਚਲੇ ਮੁਰਗਾਬੀਆਂ ਦੇ ਨੋਚੇ ਖੰਭਾਂ ਵਾਂਗ ਰੋਡੇ ਕੀਤੇ ਅਤੇ ਹਾਸ਼ੀਏ ’ਤੇ ਧੱਕੇ ਲੋਕਾਂ ਦੀ ਬਾਕਮਾਲ ਪੇਸ਼ਕਾਰੀ ਹੈ। ਕੈਨੇਡਾ ਵਿਚਲੇ ਮੂਲ ਵਾਸੀ ਲੋਕਾਂ ਦੇ ਮਾਧਿਅਮ ਤੋਂ ਕਹਾਣੀ ਅੰਦਰਲੀ ਮੁਰਗਾਬੀਆਂ ਦੀ ਕਹਾਣੀ ਦੁਨੀਆ ਦੇ ਹਰ ਕੋਨੇ ਵਿਚ ਗ਼ੁਲਾਮ ਬਣਾਏ ਮੂਲ ਵਾਸੀਆਂ ਦੇ ਇਕੋ ਜਿਹੇ ਦਰਦ ਅਤੇ ਆਜ਼ਾਦੀ ਲਈ ਪਣਪਦੇ ਇਲਾਕਾ ਆਧਾਰਿਤ ਸੰਘਰਸ਼ਾਂ ਨੂੰ ਬਾਖ਼ੂਬੀ ਬਿਆਨ ਕਰਦੀ ਹੈ। ਇਸੇ ਤਰ੍ਹਾਂ ਗੁਰਮੀਤ ‘ਵੀਜਾ ਨਾਨੀ ਦਾ’ ਕਹਾਣੀ ਵਿੱਚ ਸੱਚੀ-ਮੁੱਚੀ ਨਾਨੀ ਤੇਜ ਕੌਰ ਦੀ ਦੋਹਤੀ ਹੋਣ ਦਾ ਝਲਕਾਰਾ ਦੇ ਜਾਂਦੀ ਹੈ ਜੋ ਕਹਾਣੀਆਂ ਦੇ ਪਾਤਰਾਂ ਰਾਹੀਂ ਦੁਨੀਆਂ ਦੇ ਹਰ ਖਿੱਤੇ ਵਿਚ ਮਨੁੱਖਾਂ ਦੇ ਹੁੰਦੇ ਸ਼ੋਸ਼ਣ ਦਾ ਸੰਜੀਦਗੀ ਨਾਲ ਵਰਣਨ ਕਰਦੀ ਹੈ। ਕਹਾਣੀ ’ਚ ਨਾਨੀ ਦੁਆਰਾ ਗਹਿਣੇ ਸੁਭਾਸ਼ ਚੰਦਰ ਬੋਸ ਦੇ ਸਾਹਮਣੇ ਸੁੱਟਣ ਦੀ ਘਟਨਾ ਨਾਲ ਕਹਾਣੀਕਾਰਾ ਹਿੰਦੋਸਤਾਨ ਦੀ ਆਜ਼ਾਦੀ ਦੀ ਕੌਮਾਂਤਰੀ ਲਹਿਰ ਦਾ ਇਤਿਹਾਸ ਦੱਸਦਿਆਂ ਆਪਣੇ ਮੌਜੂਦਾ ਰਿਹਾਇਸ਼ੀ ਦੇਸ਼ ਦੀਆਂ ਕਮੀਆਂ ’ਤੇ ਬਹਾਦਰੀ ਨਾਲ ਉਂਗਲ ਧਰਦੀ ਹੈ।
ਇਨ੍ਹਾਂ ਕਹਾਣੀਆਂ ਦੀ ਭਾਸ਼ਾ ਬਹੁਤ ਸਰਲ ਅਤੇ ਪਾਤਰਾਂ ਦੀ ਘਾੜਤ ਘਰੇਲੂ ਅਤੇ ਸਾਧਾਰਨ ਹੈ। ਕਹਾਣੀਕਾਰਾ ਵਿਦੇਸ਼ ’ਚ ਪਰਵਾਸੀ ਭਾਰਤੀਆਂ ਨੂੰ ਦਰਪੇਸ਼ ਵੱਖ ਵੱਖ ਮੁੱਦਿਆਂ ਅਤੇ ਮਸਲਿਆਂ ਦਾ ਚਿਤਰਣ ਬਾਖ਼ੂਬੀ ਕਰਦੀ ਹੈ।
ਕਹਾਣੀਆਂ ਦੇ ਪੰਜਾਬੀ ਪਾਤਰ ਅਕਸਰ ਲੋੜ ਤੋਂ ਜ਼ਿਆਦਾ ਅੰਗਰੇਜ਼ੀ ਬੋਲਦੇ ਦਿਸਦੇ ਤਾਂ ਹਨ, ਪਰ ਇਹ ਭਾਸ਼ਾ ਕਹਾਣੀ ਦੀ ਜ਼ਰੂਰਤ ਕਾਰਨ ਅੱਖਰਦੀ ਨਹੀਂ। ਗੁਰਮੀਤ ਤਕਰੀਬਨ ਤਿੰਨ ਦਹਾਕਿਆਂ ਤੋਂ ਕੈਨੇਡਾ ਦੀ ਵਸਨੀਕ ਹੈ ਅਤੇ ਇਹ ਕਹਾਣੀ ਸੰਗ੍ਰਹਿ ਕੈਨੇਡਾ ਦੀ ਜੀਵਨ ਸ਼ੈਲੀ ’ਚ ਰਚਿਆ ਗਿਆ ਹੈ। ਇਸ ਦੇ ਬਾਵਜੂਦ ਉਸ ਦੀ ਪੰਜਾਬੀ ਭਾਸ਼ਾ ’ਤੇ ਮੁਕੰਮਲ ਪਕੜ ਹੈ।
ਕਹਾਣੀਕਾਰਾ ਅਕਸਰ ਬਹੁਤ ਸੀਮਤ ਗੱਲਬਾਤ ਜ਼ਰੀਏ ਕਈ ਸੁਨੇਹੇ ਇਕੱਠੇ ਦਿੰਦੀ ਹੈ। ਇਸ ਤੋਂ ਇਲਾਵਾ ਉਹ ਗੋਰਿਆਂ ਵੱਲੋਂ ਅਫ਼ਰੀਕੀਆਂ ਨੂੰ ਗ਼ੁਲਾਮ ਬਣਾਉਣ ਦਾ ਇਤਿਹਾਸ ਪੇਸ਼ ਕਰਦੀ ਹੈ “ਅਫ਼ਰੀਕਾ ’ਚ ਆਪਣਾ ਮਾਲ ਵੇਚਿਆ ਤੇ ਪਤੈ ਉੱਥੋਂ ਕੀ ਚੁੱਕਿਆ? ਜੀਂਦੇ ਜਾਗਦੇ ਇਨਸਾਨ, ਸੰਗਲ ਪਾ ਕੇ, ਗੁਲਾਮ ਬਣਾ ਕੇ”। ਇਉਂ ਇਤਿਹਾਸ ਉਸ ਦੀ ਕਹਾਣੀ ’ਚੋਂ ਬੋਲਦਾ ਹੈ।
ਗੋਰਿਆਂ ਖ਼ਿਲਾਫ਼ ਮੂਲ ਵਾਸੀ ਵਿਅਕਤੀ ਦੇ ਭਾਸ਼ਨ ’ਤੇ ਪ੍ਰਤੀਕਿਰਿਆ ਕਰਦੀ ਕਹਾਣੀਕਾਰਾ ਦੀ ਪਾਤਰ ਇਹ ਬੋਲਦੀ ਬਹੁਤ ਕੁਝ ਸਮਝਾ ਜਾਂਦੀ ਹੈ: “ਸੋਚ ਰਹੀ ਸੀ ਕਿ ਇੰਨਾ ਸੱਚ ਬੋਲ ਲੈਣਾ ਵੀ ਇਨ੍ਹਾਂ ਦੇਸ਼ਾਂ ਵਿਚ ਹੀ ਸੰਭਵ ਹੈ। ਸਾਡੇ ਭਾਰਤ ਵਰਗੇ ਦੇਸ਼ ਵਿੱਚ ਤਾਂ ਸ਼ਾਇਦ ਹੁਣ ਨੂੰ ਪੁਲੀਸ ਗੋਲੀਆਂ ਚਲਾ ਕੇ ਦੋ ਚਾਰ ਨੂੰ ਭੁੰਨ ਛੱਡਦੀ। ਫਿਰ ਅਗਲੇ ਪਲ ਹੀ ਮੈਨੂੰ ਖਿਆਲ ਆਇਆ, ਕਿਤੇ ਏਨਾ ਕੁ ਬੋਲਣ ਦਾ ਹੱਕ ਦੇਣਾ ਵੀ ਧੋਖਾ ਦੇਣ ਦੀ ਲੜੀ ਦਾ ਹੀ ਹਿੱਸਾ ਨਹੀਂ ਕਿ ਇਨ੍ਹਾਂ ਨੂੰ ਮਨ ਦਾ ਗੁਬਾਰ ਕੱਢਣ ਦਾ ਮੌਕਾ ਦੇ ਦਿਉ ਤਾਂ ਕਿ ਉਹ ਗੁਬਾਰ ਕਿਤੇ ਬਗ਼ਾਵਤ ਦੀ ਹਨੇਰੀ ਵਿੱਚ ਨਾ ਬਦਲ ਜਾਵੇ”। ਇਸ ਤਰ੍ਹਾਂ ਬਹੁਤ ਬਰੀਕੀ ਨਾਲ ਕਹਾਣੀਆਂ ਅੱਗੇ ਤੋਰਦੀ ਕਹਾਣੀਕਾਰਾ ਬਿਨਾਂ ਦੱਸੇ ਵਿਸ਼ਵ ਭਰ ਦੇ ਨਸਲੀ ਵਿਤਕਰਿਆਂ ਦੀ ਗਾਥਾ ਪੇਸ਼ ਕਰ ਦਿੰਦੀ ਹੈ।
‘ਜਿਨ੍ਹਾਂ ਦੇ ਰੂਪ ਨੇ ਸੋਹਣੇ’ ਕਹਾਣੀ ਵੀ ਦੂਜੀਆਂ ਕਹਾਣੀਆਂ ਵਾਂਗ ਭੋਲੀਆਂ ਭਾਲੀਆਂ ਕੁੜੀਆਂ ਦੇ ਪੜ੍ਹਾਈ ਕਰਨ ਦੀ ਥਾਂ ਕੈਨੇਡਾ ਦੇ ਰਿਸ਼ਤਿਆਂ ਦੀ ਬਲੀ ਚੜ੍ਹ ਜਾਣ ਦਾ ਇਤਿਹਾਸ ਸਮੋਈ ਬੈਠੀ ਹੈ। ਜਦੋਂ ਪਨਾਗ ਦੀ ਪਾਤਰ ਬੀਜੀ ਇਹ ਕਹਿੰਦੀ ਹੈ “ਪੜ੍ਹ ਕੇ ਤੂੰ ਵਕੀਲ ਬਣਨੈ?”, “ਲੋਕ ਤਾਂ ਮੱਖੀਆਂ ਆਂਗੂੰ ਭਿਣਕਦੇ ਫਿਰਦੇ ਨੇ ਉਨ੍ਹਾਂ ਦੇ ਘਰ।’’
ਇਸ ਕਹਾਣੀ ਸੰਗ੍ਰਹਿ ਦੀਆਂ ਆਪਣੀਆਂ ਕਹਾਣੀਆਂ ਰਾਹੀਂ ਸਮੁੱਚੇ ਸੰਸਾਰ ਨੂੰ ਕਲਾਵੇ ’ਚ ਸਮੋਣ ਦੀ ਇੱਛਾ ਨਾਲ ਸਾਹਿਤਕ ਸੰਸਾਰ ਦੀ ਯਾਤਰਾ ’ਤੇ ਨਿਕਲੀ ਗੁਰਮੀਤ ਹਾਸ਼ੀਆਗਤ ਸਮਾਜ ਨੂੰ ਪਾਠਕਾਂ ਦੇ ਫੋਕਸ ’ਚ ਲਿਆਉਣ ਵਿਚ ਸਫ਼ਲ ਰਹੀ ਹੈ।
ਸੰਪਰਕ: 98884-88060