ਲਖਵਿੰਦਰ ਸਿੰਘ ਬਾਜਵਾ
ਨਵਾਬ ਮਾਰਿਆ ਗਿਆ ਸੀ, ਜੋ ਪੁਆੜੇ ਦੀ ਜੜ੍ਹ ਸੀ। ਫਿਰ ਵੀ ਉਸ ਨੂੰ ਅਪਣਾਉਣ ਲਈ ਉਸ ਪਿੰਡ ਦੇ ਲੋਕ ਤਿਆਰ ਨਹੀਂ ਸਨ। ਭਾਵੇਂ ਉਹ ਉਸ ਦੀ ਬਹਾਦਰੀ ’ਤੇ ਖ਼ੁਸ਼ ਵੀ ਸਨ।
ਗੱਲ ਉਦੋਂ ਦੀ ਹੈ ਜਦੋਂ ਦਿੱਲੀ ਦੇ ਤਖ਼ਤ ’ਤੇ ਔਰੰਗਜ਼ੇਬ ਦਾ ਰਾਜ ਸੀ। ਹਿੰਦੂਆਂ ਨੂੰ ਮੁਸਲਮਾਨ ਬਣਾਉਣ ਤੋਂ ਲੈ ਕੇ ਜਿੰਨੇ ਜ਼ੁਲਮ ਢਾਹੇ ਜਾ ਸਕਦੇ ਸਨ, ਢਾਹੇ ਜਾ ਰਹੇ ਸਨ। ਪਿੰਡ ਨਵਾਬ ਵਾਲਾ ਵੀ ਉਸ ਤੋਂ ਅਛੂਤਾ ਨਹੀਂ ਸੀ। ਸਾਰਾ ਪਿੰਡ ਹਿੰਦੂਆਂ ਦਾ ਸੀ ਤੇ ਕੁਝ ਕੁ ਘਰ ਮੁਸਲਮਾਨਾਂ ਦੇ ਸਨ। ਉਹ ਵਕਤ ਹੀ ਐਸਾ ਸੀ ਕਿ ਹਰ ਮੁਸਲਮਾਨ ਆਪਣੇ ਆਪ ਨੂੰ ਨਵਾਬ ਸਮਝਦਾ ਸੀ ਅਤੇ ਹਿੰਦੂਆਂ ’ਤੇ ਜ਼ੁਲਮ ਕਰਨਾ ਆਪਣਾ ਹੱਕ। ਇਹ ਨਹੀਂ ਸੀ ਕਿ ਮੁਸਲਮਾਨਾਂ ਵਿੱਚ ਚੰਗੇ ਵਿਅਕਤੀ ਨਹੀਂ ਸਨ, ਪਰ ਬਹੁਤਿਆਂ ਅੱਗੇ ਥੋੜ੍ਹਿਆਂ ਦੀ ਕੀ ਪੇਸ਼ ਚੱਲਦੀ ਹੈ?
ਮੁਸਲਮਾਨ ਹਾਕਮ ਦੀਨ ਦੀ ਆੜ ਵਿੱਚ ਜ਼ੁਲਮ ਦਾ ਜੋ ਨੰਗਾ ਨਾਚ ਨੱਚਦੇ ਸਨ, ਉਹ ਕਹਿਣ ਤੋਂ ਬਾਹਰ ਸੀ। ਸੱਤਾ ਹੁਣ ਮੁਗ਼ਲਾਂ ਦੀ ਵਿਲਾਸਤਾ ਦਾ ਕਾਰਨ ਬਣ ਚੁੱਕੀ ਸੀ ਅਤੇ ਹਿੰਦੂ ਵਿਲਾਸਤਾ ਦਾ ਸਾਧਨ। ਹੁਣ ਨਵਾਬਾਂ ਤੇ ਚੌਧਰੀਆਂ ਦੀ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਵਿੱਚ ਬਹੁਤੀ ਦਿਲਚਸਪੀ ਨਹੀਂ ਸੀ। ਜੇ ਹਿੰਦੂਆਂ ਨੂੰ ਮੁਸਲਮਾਨ ਹੀ ਬਣਾ ਲਿਆ ਗਿਆ ਤਾਂ ਉਨ੍ਹਾਂ ਦੀਆਂ ਸਰਦਾਰੀਆਂ ਦਾ ਕੀ ਬਣੇਗਾ।
ਹਿੰਦੂ ਆਪਣੀ ਅਣਖ਼ ਤੇ ਗ਼ੈਰਤ ਗੁਆ ਚੁੱਕੇ ਸਨ। ਮੌਤ ਦਾ ਭੈਅ ਉਨ੍ਹਾਂ ’ਤੇ ਏਨਾ ਹਾਵੀ ਹੋ ਗਿਆ ਸੀ ਕਿ ਉਹ ਨਾ ਚਾਹੁੰਦਿਆਂ ਵੀ ਹਾਕਮਾਂ ਦੀ ਹਰ ਫਰਮਾਇਸ਼ ਪੂਰੀ ਕਰਦੇ। ਪਿੰਡ ਨਵਾਬਵਾਲੇ ਦਾ ਨਵਾਬ ਚੌਧਰੀ ਦੌਲਤ ਖਾਂ ਸੀ। ਸ਼ਰਾਬ, ਕਬਾਬ ਤੇ ਸ਼ਬਾਬ ਦਾ ਸ਼ੌਕੀਨ। ਉਸ ਨੂੰ ਹੋੜਨ ਵਾਲਾ ਕੌਣ ਸੀ? ਪਿੰਡ ਵਿੱਚੋਂ ਜਿਸ ਵੀ ਔਰਤ ’ਤੇ ਉਸ ਦੀ ਨਿਗਾਹ ਟਿਕ ਜਾਂਦੀ ਜਦੋਂ ਮਰਜ਼ੀ ਉਸ ਨੂੰ ਆਪਣੀ ਹਵੇਲੀ ਵਿੱਚ ਬੁਲਾ ਸਕਦਾ ਸੀ। ਉਸ ਦੇ ਜਿਸਮ ਨਾਲ ਖੇਡ ਕੇ ਉਸ ਨੂੰ ਬੂਹਿਓਂ ਬਾਹਰ ਧੱਕ ਦਿੱਤਾ ਜਾਂਦਾ। ਕੋਈ ਚੂੰ ਤੱਕ ਨਾ ਕਰਦਾ, ਕਿਉਂਕਿ ਉਨ੍ਹਾਂ ਨੇ ਰਹਿਣਾ ਹੈ ਤਾਂ ਸਹਿਣਾ ਹੈ ਦੀ ਨੀਤੀ ਅਪਣਾ ਲਈ ਸੀ।
ਏਥੇ ਹੀ ਬੱਸ ਨਹੀਂ ਸੀ। ਨਵਾਬ ਦੀ ਵਿਲਾਸਤਾ ਦਾ ਇੱਕ ਹੋਰ ਘਿਨਾਉਣਾ ਪਹਿਲੂ ਵੀ ਸੀ। ਉਸ ਪਿੰਡ ਵਿੱਚ ਜਦੋਂ ਵੀ ਕੋਈ ਲੜਕਾ ਵਿਆਹਿਆ ਜਾਂਦਾ ਤਾਂ ਡੋਲਾ ਪਹਿਲਾਂ ਨਵਾਬ ਦੀ ਹਵੇਲੀ ਵਿੱਚ ਉਤਰਦਾ। ਨਵਾਬ ਦੇ ਸੁਹਾਗ ਰਾਤ ਮਨਾਉਣ ਤੋਂ ਬਾਅਦ ਹੀ ਡੋਲਾ ਲੜਕੇ ਵਾਲੇ ਲਿਜਾ ਸਕਦੇ ਸਨ। ਹਕੂਮਤ ਤੇ ਸ਼ਰਾਬ ਦੇ ਨਸ਼ੇ ਵਿੱਚ ਅੰਨ੍ਹਾ ਹੋਇਆ ਦੌਲਤ ਖਾਂ ਘਿਨੌਣਾ ਵਿਹਾਰ ਕਰਦਾ ਅਤੇ ਸਵੇਰੇ ਡੋਲਾ ਲਾੜੇ ਨੂੰ ਸੌਂਪ ਦਿੱਤਾ ਜਾਂਦਾ। ਇਹ ਉਸ ਪਿੰਡ ਦਾ ਅਸੂਲ ਬਣ ਗਿਆ ਸੀ। ਹਰ ਡੋਲੀ ਦਾ ਰਾਹ ਦੌਲਤ ਖਾਂ ਦੇ ਹਰਮਾਂ ਵਿਚਦੀ ਹੋ ਕੇ ਪਿੰਡ ਵਿੱਚ ਜਾਂਦਾ ਸੀ ਕਿਉਂਕਿ ਦੌਲਤ ਖਾਂ ਦਾ ਦੌਲਤਖਾਨਾ ਪਿੰਡੋਂ ਬਾਹਰਵਾਰ ਸੀ।
ਹੁਣ ਗੱਲ ਚਾਰ ਚੁਫ਼ੇਰੇ ਫੈਲ ਗਈ ਸੀ। ਦੂਸਰੇ ਪਿੰਡਾਂ ਦੇ ਲੋਕ ਉਸ ਪਿੰਡ ਵਿੱਚ ਆਪਣੀਆਂ ਲੜਕੀਆਂ ਵਿਆਹੁਣ ਤੋਂ ਪ੍ਰਹੇਜ਼ ਕਰਨ ਲੱਗੇ। ਇਸ ਦਾ ਨਤੀਜਾ ਇਹ ਹੋਇਆ ਕਿ ਪਿੰਡ ਦੇ ਚੰਗੇ ਖਾਂਦੇ ਪੀਂਦੇ ਘਰਾਂ ਦੇ ਮੁੰਡੇ ਵੀ ਕੁਆਰੇ ਰਹਿਣ ਲੱਗੇ, ਪਰ ਕਿਸੇ ਦਾ ਕੋਈ ਹੀਲਾ ਨਹੀਂ ਸੀ ਚੱਲਿਆ।
ਪਿੰਡ ਫਤਿਹਪੁਰ ਵਿੱਚ ਇਕ ਲੜਕੀ ਜੁਆਨੀ ਦੀ ਦਹਿਲੀਜ਼ ’ਤੇ ਆਣ ਪਹੁੰਚੀ। ਸਭ ਮਾਪਿਆਂ ਵਾਂਗੂੰ ਉਸ ਦੇ ਮਾਪਿਆਂ ਨੂੰ ਵੀ ਉਸ ਦੇ ਵਿਆਹ ਦੀ ਚਿੰਤਾ ਸਤਾਉਣ ਲੱਗੀ। ਮਾਪਿਆਂ ਨੇ ਉਸ ਦਾ ਨਾਮ ਦੁਰਗਾ ਸ਼ਾਇਦ ਸੁਤੇਸਿੱਧ ਹੀ ਰੱਖ ਦਿੱਤਾ ਹੋਵੇ, ਪਰ ਉਸ ਵਿੱਚ ਕੁਦਰਤੀ ਦੁਰਗਾ ਦੇ ਕੁਝ ਗੁਣਾਂ ਦੇ ਸੰਕੇਤ ਮਿਲਦੇ ਸਨ। ਜਿੱਥੇ ਉਸ ਨੂੰ ਰੱਬ ਨੇ ਹੁਸਨ ਦੀ ਅਮੁੱਲੀ ਦਾਤ ਬਖ਼ਸ਼ੀ ਸੀ, ਉੱਥੇ ਉਸ ਦੇ ਅੰਦਰ ਬੀਰਤਾ, ਨਿਡਰਤਾ ਅਤੇ ਸਿਆਣਪ ਵੀ ਕੁੱਟ ਕੁੱਟ ਕੇ ਭਰੀ ਹੋਈ ਸੀ। ਉਸ ਜ਼ਮਾਨੇ ਵਿੱਚ ਅਜਿਹਾ ਹੋਣਾ ਵੀ ਮੌਤ ਨੂੰ ਬੁਲਾਵਾ ਦੇਣ ਦੇ ਬਰਾਬਰ ਸੀ। ਸੋ ਸੁਭਾਵਿਕ ਹੀ ਉਸ ਦੇ ਮਾਪਿਆਂ ਨੂੰ ਉਸ ਦੀ ਕੁਝ ਚਿੰਤਾ ਜ਼ਿਆਦਾ ਰਹਿੰਦੀ ਸੀ।
ਇੱਕ ਦਿਨ ਪਿੰਡ ਨਵਾਬਵਾਲੇ ਦਾ ਇੱਕ ਨੌਜਵਾਨ ਲੜਕਾ ਪਿੰਡ ਫਤਿਹਪੁਰ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਆਇਆ। ਜਦੋਂ ਉਹ ਗਲੀ ਵਿੱਚੋਂ ਲੰਘ ਰਿਹਾ ਸੀ ਤਾਂ ਦੁਰਗਾ ਦੇ ਪਿਤਾ ਹੁਸ਼ਿਆਰੀ ਲਾਲ ਨੂੰ ਉਹ ਆਪਣੀ ਲੜਕੀ ਲਈ ਯੋਗ ਵਰ ਜਾਪਿਆ। ਪਤਾ ਲੱਗਾ ਕਿ ਉਹ ਅਜੇ ਕੁਆਰਾ ਹੈ ਅਤੇ ਚੰਗੇ ਖਾਂਦੇ ਪੀਂਦੇ ਪਰਿਵਾਰ ਦਾ ਹੈ। ਪਿੰਡ ਵਿੱਚ ਉਹ ਜਿਨ੍ਹਾਂ ਦੇ ਘਰ ਆਇਆ ਸੀ, ਉਹ ਉਸ ਦੀ ਮਾਸੀ ਦਾ ਘਰ ਸੀ। ਹੁਸ਼ਿਆਰੀ ਲਾਲ ਨੇ ਘਰ ਸਲਾਹ ਕੀਤੀ ਅਤੇ ਪਹਿਲਾਂ ਲੜਕੇ ਦੀ ਮਾਸੀ ਨਾਲ ਗੱਲ ਕਰਨ ਲਈ ਆਪਣੀ ਪਤਨੀ ਨੂੰ ਭੇਜਿਆ।
ਗੱਲਾਂ ਗੱਲਾਂ ਵਿੱਚ ਰਿਸ਼ਤਾ ਲਗਭਗ ਤੈਅ ਹੀ ਹੋ ਗਿਆ ਸੀ, ਜਦੋਂ ਦੁਰਗਾ ਦੀ ਮਾਂ ਨੇ ਉਸ ਲੜਕੇ ਦਾ ਪਿੰਡ ਪੁੱਛਿਆ। ਲੜਕੇ ਦੀ ਮਾਸੀ ਨੇ ਜ਼ਰਾ ਝਿਜਕਦਿਆਂ ਪਿੰਡ ਦਾ ਨਾਮ ਦੱਸਿਆ। ਪਿੰਡ ਨਵਾਬਵਾਲੇ ਦਾ ਨਾਂ ਸੁਣ ਕੇ ਦੁਰਗਾ ਦੀ ਮਾਂ ਨੂੰ ਕੰਬਣੀ ਜਿਹੀ ਆ ਗਈ। ਉਹ ਇਹ ਆਖ ਕੇ ਉੱਠ ਤੁਰੀ ਕਿ ਦੁਰਗਾ ਦੇ ਪਿਉ ਨਾਲ ਸਲਾਹ ਕਰਕੇ ਦੱਸੇਗੀ। ਘਰ ਵਿੱਚ ਘੁਸਰ ਮੁਸਰ ਹੋਣ ਲੱਗੀ। ਦੁਰਗਾ ਦੇ ਪਿਉ ਨੇ ਆਖਿਆ, ‘‘ਉਸ ਪਿੰਡ ਵਿੱਚ ਅਸੀਂ ਲੜਕੀ ਹਰਗਿਜ਼ ਨਹੀਂ ਵਿਆਹੁਣੀ। ਤੂੰ ਕੋਈ ਬਹਾਨਾ ਲਾ ਕੇ ਨਾਂਹ ਕਰ ਛੱਡੀਂ।’’ ਉਨ੍ਹਾਂ ਰਿਸ਼ਤਾ ਕਰਨਾ ਹੀ ਨਹੀਂ ਸੀ। ਇਸ ਲਈ ਦੁਰਗਾ ਤੋਂ ਗੱਲ ਲੁਕਾਉਣ ਦੀ ਲੋੜ ਵੀ ਬਹੁਤੀ ਨਾ ਸਮਝੀ। ਭਾਵੇਂ ਉਨ੍ਹਾਂ ਦਿਨਾਂ ਵਿੱਚ ਲੜਕੀਆਂ ਨੂੰ ਵਿਆਹ ਸ਼ਾਦੀ ਦੇ ਮਾਮਲੇ ਵਿੱਚ ਘੱਟ ਹੀ ਪੁੱਛਿਆ ਜਾਂਦਾ ਸੀ।
ਦੁਰਗਾ ਨੇ ਸਾਰੀ ਗੱਲ ਸੁਣੀ ਅਤੇ ਆਪਣੇ ਪਿਤਾ ਨੂੰ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ, ‘‘ਮੈਂ ਵਿਆਹ ਉਸੇ ਪਿੰਡ ਹੀ ਕਰਵਾਉਣਾ ਹੈ। ਭਾਵੇਂ ਉਹ ਲੜਕਾ ਮੰਨੇ ਜਾਂ ਨਾ ਮੰਨੇ। ਕਿਸੇ ਹੋਰ ਨਾਲ ਕਰ ਦਿਉ, ਪਰ ਵਿਆਹੋ ਉਸੇ ਪਿੰਡ।’’ ਇਹ ਗੱਲ ਸੁਣ ਕੇ ਹੁਸ਼ਿਆਰੀ ਲਾਲ ਅਤੇ ਉਸ ਦੀ ਪਤਨੀ ਦੇ ਹੱਥਾਂ ਦੇ ਤੋਤੇ ਉੱਡ ਗਏ। ਦੁਰਗਾ ਨੇ ਆਪਣੇ ਪਿਤਾ ਨੂੰ ਦਿਲਾਸਾ ਦਿੱਤਾ ਤੇ ਆਖਿਆ, ‘‘ਜੇ ਮੇਰੀ ਕੁਰਬਾਨੀ ਨਾਲ ਪਿੰਡ ਵੱਸ ਪਏ ਤਾਂ ਇਸ ਤੋਂ ਵਧੀਆ ਗੱਲ ਹੋਰ ਕਿਹੜੀ ਹੋ ਸਕਦੀ ਹੈ? ਤੁਸੀਂ ਫ਼ਿਕਰ ਨਾ ਕਰੋ, ਨਵਾਬ ਮੇਰੀ ਬੇਪਤੀ ਨਹੀਂ ਕਰ ਸਕਦਾ, ਮਾਰ ਭਾਵੇਂ ਦੇਵੇ।’’
ਮਾਰ ਦੇਣ ਦੀ ਗੱਲ ਸੁਣ ਕੇ ਹੁਸ਼ਿਆਰੀ ਲਾਲ ਦੇ ਸੀਨੇ ਵਿੱਚ ਚੀਰ ਜਿਹਾ ਪਿਆ, ਪਰ ਬਾਲ ਹਠ ਅੱਗੇ ਅਖੀਰ ਉਸ ਨੇ ਹਥਿਆਰ ਸੁੱਟ ਦਿੱਤੇ। ਬਾਕੀ ਕੰਮ ਕੋਈ ਮੁਸ਼ਕਿਲ ਨਹੀਂ ਸੀ। ਵਿਆਹ ਪੱਕਾ ਹੋ ਗਿਆ।
ਵਿਆਹ ਤੋਂ ਦੋ ਦਿਨ ਪਹਿਲਾਂ ਕੁੜੀਆਂ ਵਿਆਹ ਦੇ ਗੀਤ ਗਾ ਰਹੀਆਂ ਸਨ। ਦੁਰਗਾ ਨੇ ਨੈਣ ਨੂੰ ਸੱਦਿਆ ਤੇ ਕਿਹਾ, ‘‘ਜਾਹ ਪਿੰਡ ਦੇ ਚੰਗੇ ਸਿਰ ਕੱਢ ਦਸ ਪੰਦਰਾਂ ਨੌਜਵਾਨ ਜਿੱਥੇ ਵੀ ਹੋਣ, ਉਨ੍ਹਾਂ ਨੂੰ ਮੇਰਾ ਸੁਨੇਹਾ ਦੇ ਦੇ ਕਿ ਤੁਹਾਨੂੰ ਦੁਰਗਾ ਨੇ ਪਿੰਡ ਦੇ ਮੰਦਰ ਵਿੱਚ ਬੁਲਾਇਆ ਹੈ। ਡਰਨ ਦੀ ਲੋੜ ਨਹੀਂ, ਬੇਝਿਜਕ ਆ ਜਾਓ। ਪਰ ਕਿਸੇ ਨਾਲ ਉਤਨੀ ਦੇਰ ਗੱਲ ਨਾ ਕਰਿਓ ਜਿੰਨਾ ਚਿਰ ਮੈਨੂੰ ਮਿਲ ਨਹੀਂ ਲੈਂਦੇ।’’ ਉਸ ਨੇ ਨੈਣ ਨੂੰ ਵੀ ਗੱਲ ਗੁਪਤ ਰੱਖਣ ਦੀ ਤਾਕੀਦ ਕੀਤੀ। ਸ਼ਾਮ ਨੂੰ ਸਾਰੇ ਨੌਜਵਾਨ ਝਕਦੇ-ਝਕਦੇ ਹੌਲੀ ਹੌਲੀ ਪਿੰਡ ਦੇ ਮੰਦਰ ਵਿੱਚ ਇਕੱਠੇ ਹੋ ਗਏ। ਦੁਰਗਾ ਘਰੋਂ ਮਰਦਾਵਾਂ ਭੇਸ ਬਣਾ ਕੇ ਉਨ੍ਹਾਂ ਨੂੰ ਜਾ ਮਿਲੀ। ਏਧਰ ਕੁੜੀਆਂ ਵਿਆਹ ਦੇ ਗੀਤ ਗਾ ਰਹੀਆਂ ਸਨ। ਉਧਰ ਕੁਝ ਹੋਰ ਵਿਉਂਤ ਘੜੀ ਜਾ ਰਹੀ ਸੀ। ਦੁਰਗਾ ਦੇ ਹੌਸਲੇ ਅਤੇ ਦਲੇਰੀ ਅੱਗੇ ਨੌਜਵਾਨ ਝੁਕ ਗਏ। ਉਸ ਨੇ ਉਨ੍ਹਾਂ ਦੇ ਅੰਦਰ ਗ਼ੈਰਤ ਦੀ ਐਸੀ ਫੂਕ ਮਾਰੀ ਕਿ ਉਨ੍ਹਾਂ ਦੇ ਅੰਦਰ ਬੁਝੀ ਪਈ ਅਣਖ ਦੀ ਚੰਗਿਆੜੀ ਭੜਕ ਉੱਠੀ।
ਇਹ ਜ਼ਾਹਰ ਸੀ ਕਿ ਦੁਰਗਾ ਦਾ ਡੋਲਾ ਵੀ ਉਸੇ ਰਸਤੇ ਹੋ ਕੇ ਜਾਣਾ ਸੀ ਜਿੱਥੋਂ ਦੂਜੇ ਜਾਂਦੇ ਰਹੇ ਸਨ। ਪਿੰਡ ਨਵਾਬਵਾਲੇ ਦੇ ਲੋਕਾਂ ਨੂੰ ਹਰ ਵਿਆਹ ਦੀ ਨਵਾਬ ਨੂੰ ਪਹਿਲਾਂ ਇਤਲਾਹ ਦੇਣੀ ਪੈਂਦੀ ਸੀ। ਦੁਰਗਾ ਨੇ ਨੈਣ ਨੂੰ ਬੁਲਾਇਆ ਅਤੇ ਉਸ ਦੇ ਹੱਥ ਵਿੱਚ ਇੱਕ ਰੁੱਕਾ ਲਿਖ ਕੇ ਫੜਾ ਦਿੱਤਾ ਤੇ ਕਿਹਾ, ‘‘ਆਪਣੇ ਪਤੀ ਨੂੰ ਨਵਾਬਪੁਰੇ ਭੇਜ ਦੇ ਅਤੇ ਇਹ ਰੁੱਕਾ ਮੇਰੇ ਵੱਲੋਂ ਉਹ ਨਵਾਬ ਨੂੰ ਦੇ ਆਵੇ।’’ ਨਵਾਬ ਨੇ ਰੁੱਕਾ ਖੋਲ੍ਹਿਆ ਤਾਂ ਉਸ ਦੀਆਂ ਵਾਛਾਂ ਖਿੜ ਗਈਆਂ। ਰੁੱਕੇ ਵਿੱਚ ਲਿਖਿਆ ਸੀ: ‘‘ਮੈਂ ਤੁਹਾਡੇ ਮਹੱਲਾਂ ਵਿੱਚ ਆਪਣੀ ਖ਼ੂਬਸੂਰਤੀ ਦਾ ਨਜ਼ਰਾਨਾ ਪੇਸ਼ ਕਰਨ ਆ ਰਹੀ ਹਾਂ। ਮੇਰੇ ਨਾਲ ਮੇਰੀਆਂ ਸੋਲ੍ਹਾਂ ਸਹੇਲੀਆਂ ਵੀ ਹੋਣਗੀਆਂ। ਮੇਰੇ ਵਿਆਹ ਦੀ ਰੌਣਕ ਵਧਾਉਣ ਲਈ ਤੁਸੀਂ ਵੀ ਆਪਣੇ ਖ਼ਾਸ ਮਹਿਮਾਨ ਬੁਲਾ ਲੈਣੇ ਤਾਂ ਕਿ ਮੇਰੀਆਂ ਸਹੇਲੀਆਂ ਦਾ ਨਜ਼ਰਾਨਾ ਉਨ੍ਹਾਂ ਨੂੰ ਵੀ ਭੇਟ ਕੀਤਾ ਜਾ ਸਕੇ। ਤੁਹਾਨੂੰ ਮਿਲਣ ਲਈ ਬੇਤਾਬ ਤੁਹਾਡੀ ਖ਼ਿਦਮਤਗਾਰ…’’
ਨਵਾਬ ਨੇ ਨਾਈ ਦੀ ਚੰਗੀ ਖਾਤਰਦਾਰੀ ਕਰਕੇ ਵਾਪਸ ਭੇਜ ਦਿੱਤਾ। ਉਸ ਦੀ ਹਵੇਲੀ ਵਿੱਚ ਵਿਆਹ ਵਾਲੇ ਘਰ ਨਾਲੋਂ ਵੀ ਜ਼ਿਆਦਾ ਰੌਣਕ ਸੀ। ਸ਼ਰਾਬ ਕਬਾਬ ਦਾ ਦੌਰ ਚੱਲ ਰਿਹਾ ਸੀ। ਇੱਕ ਨਫ਼ਰ ਨੇ ਆਣ ਕੇ ਸੂਚਨਾ ਦਿੱਤੀ ਕਿ ਡੋਲੀ ਆ ਗਈ ਹੈ, ਇੱਕ ਨਹੀਂ ਸਤਾਰਾਂ ਡੋਲੀਆਂ। ਨਵਾਬ ਨੇ ਆਪਣੇ ਚੋਣਵੇਂ ਆਦਮੀ ਰੱਖ ਕੇ ਬਾਕੀ ਲੋਕਾਂ ਨੂੰ ਰੁਖ਼ਸਤ ਕਰ ਦਿੱਤਾ ਅਤੇ ਬਹੁਤੇ ਨੌਕਰਾਂ ਨੂੰ ਵੀ ਛੁੱਟੀ ਦੇ ਦਿੱਤੀ ਤਾਂ ਕਿ ਉਨ੍ਹਾਂ ਦੇ ਰੰਗ ਵਿੱਚ ਭੰਗ ਨਾ ਪਵੇ।
ਡੋਲੀਆਂ ਹਵੇਲੀ ਵਿੱਚ ਦਾਖ਼ਲ ਹੋਈਆਂ। ਨਵਾਬ ਨੇ ਇੱਕ ਵੱਡਾ ਹਾਲ ਕਮਰਾ ਦੁਰਗਾ ਅਤੇ ਉਸ ਦੀਆਂ ਸਹੇਲੀਆਂ ਦੇ ਸੁਆਗਤ ਲਈ ਸਜਾਇਆ ਹੋਇਆ ਸੀ। ਉਸ ਵਿੱਚ ਖ਼ਾਸ ਆਸਣਾਂ ਉੱਤੇ ਉਸ ਦੇ ਖ਼ਾਸ ਮਹਿਮਾਨ ਬੈਠੇ ਸਨ। ਸਾਹਮਣੇ ਖ਼ੂਬਸੂਰਤ ਸੁਰਾਹੀਆਂ ਤੇ ਪਿਆਲੇ ਪਏ ਸਨ।
ਡੋਲੀਆਂ ਵਿੱਚੋਂ ਨਿਕਲ ਕੇ ਸਤਾਰਾਂ ਖ਼ੂਬਸੂਰਤ ਲੜਕੀਆਂ ਸੁੰਦਰ ਸਜੀਆਂ ਹੋਈਆਂ ਪੁਸ਼ਾਕਾਂ ਵਿੱਚ ਅੰਦਰ ਦਾਖ਼ਲ ਹੋਈਆਂ। ਝੁਕ ਕੇ ਆਦਾਬ ਕਰਦੀਆਂ ਕਮਰੇ ਵਿੱਚ ਬੈਠੇ ਆਦਮੀਆਂ ਵਿੱਚ ਘੇਰਾ ਮੱਲ ਕੇ ਖਲੋ ਗਈਆਂ। ਦੁਰਗਾ ਨਵਾਬ ਦੇ ਪਾਸ ਜਾ ਖਲੋਤੀ ਤੇ ਨਵਾਬ ਨੂੰ ਆਖਿਆ, “ਮੇਰੀ ਜਾਨ, ਹੁਣ ਸਾਰਿਆਂ ਨੂੰ ਆਪੋ ਆਪਣੇ ਕਮਰਿਆਂ ਵਿੱਚ ਜਾਣ ਦੀ ਇਜਾਜ਼ਤ ਦਿਓ।’’ ਨਵਾਬ ਨੇ ਇਸ਼ਾਰਾ ਕੀਤਾ ਤਾਂ ਸੋਲ੍ਹਾਂ ਆਦਮੀ ਇੱਕ ਇੱਕ ਲੜਕੀ ਦੀ ਬਾਂਹ ਫੜ ਕੇ ਸ਼ਰਾਬ ਦੇ ਨਸ਼ੇ ਵਿੱਚ ਝੂਲਦੇ ਹੋਏ ਕਮਰਿਆਂ ਵੱਲ ਲੈ ਤੁਰੇ ਜਿਨ੍ਹਾਂ ਦਾ ਨਵਾਬ ਨੇ ਪਹਿਲਾਂ ਇੰਤਜ਼ਾਮ ਕੀਤਾ ਹੋਇਆ ਸੀ। ਦਰਅਸਲ, ਨਵਾਬ ਨੇ ਡੋਲੀਆਂ ਦੇ ਹਿਸਾਬ ਨਾਲ ਗਿਣਤੀ ਦੇ ਆਦਮੀ ਹੀ ਰੱਖੇ ਸਨ।
ਸਭ ਨੇ ਬੂਹੇ ਬੰਦ ਕਰ ਲਏ। ਸ਼ਰਾਬ ਦੇ ਨਸ਼ੇ ਵਿੱਚ ਧੁੱਤ ਉਨ੍ਹਾਂ ਵਿਲਾਸੀ ਪੁਰਸ਼ਾਂ ਨੇ ਸ਼ਾਇਦ ਇਹ ਤਸੱਵਰ ਵੀ ਨਾ ਕੀਤਾ ਹੋਵੇ। ਸੁੰਦਰ ਚੋਲੀਆਂ ਦੇ ਹੇਠੋਂ ਚਮਕਦੀਆਂ ਤਲਵਾਰਾਂ ਨਿਕਲੀਆਂ ਅਤੇ ਪਲ ਭਰ ਵਿੱਚ ਸਭਨਾਂ ਦੇ ਸਿਰ ਧੜ ਤੋਂ ਅਲੱਗ ਸਨ। ਇਹ ਦਾਸੀਆਂ ਦੇ ਭੇਸ ਵਿੱਚ ਸੋਲ੍ਹਾਂ ਨੌਜਵਾਨ ਸਨ ਜੋ ਆਪਣਾ ਕੰਮ ਮੁਕਾ ਕੇ ਹਾਲ ਕਮਰੇ ਵਿੱਚ ਦਾਖ਼ਲ ਹੋਏ। ਜਿੱਥੇ ਨਵਾਬ ਦੁਰਗਾ ਦੀ ਬਾਂਹ ਫੜਨ ਲਈ ਲੜਖੜਾਉਂਦਾ ਅੱਗੇ ਵਧ ਰਿਹਾ ਸੀ। ਦੁਰਗਾ ਨੇ ਕੜਕ ਕੇ ਉਹਨੂੰ ਲਲਕਾਰਿਆ ਅਤੇ ਅਸਲੀਅਤ ਤੋਂ ਜਾਣੂੰ ਕਰਵਾਇਆ। ਨਵਾਬ ਦੌਲਤ ਖਾਂ ਨੂੰ ਆਪਣੇ ਦੌਲਤਖਾਨੇ ਸਮੇਤ ਧਰਤੀ ਘੁੰਮਦੀ ਨਜ਼ਰ ਆਈ, ਪਰ ਅਗਲੇ ਹੀ ਪਲ ਦੁਰਗਾ ਦੀ ਸੁੰਦਰ ਪੁਸ਼ਾਕ ਥੱਲੇ ਛੁਪੀ ਤੇਜ਼ ਕਟਾਰ ਨੇ ਨਵਾਬ ਦੇ ਜ਼ੁਲਮਾਂ ਨੂੰ ਠੱਲ੍ਹ ਪਾ ਦਿੱਤੀ।
ਨੌਜਵਾਨਾਂ ਨੇ ਆਪਣਾ ਔਰਤਾਂ ਵਾਲਾ ਲਬਿਾਸ ਲਾਹ ਕੇ ਦੁਰਗਾ ਦੀ ਡੋਲੀ ਚੁੱਕੀ ਅਤੇ ਉਸ ਦੇ ਸਹੁਰੇ ਘਰ ਪਹੁੰਚਾ ਦਿੱਤੀ। ਘਰ ਵਾਲੇ ਇਹ ਸਭ ਵੇਖ ਕੇ ਹੈਰਾਨ ਸਨ। ਜਦੋਂ ਉਨ੍ਹਾਂ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਉਹ ਕਿਸੇ ਅਣਹੋਣੀ ਦੀ ਚਿੰਤਾ ਨਾਲ ਥਰ ਥਰ ਕੰਬ ਉੱਠੇ। ਭਾਵੇਂ ਨਵਾਬ ਦੇ ਮਾਰੇ ਜਾਣ ਦੀ ਉਨ੍ਹਾਂ ਨੂੰ ਖ਼ੁਸ਼ੀ ਵੀ ਹੋਈ ਸੀ। ਦੁਰਗਾ ਨੇ ਲਲਕਾਰ ਕੇ ਆਖਿਆ, “ਮੈਨੂੰ ਪਤੈ ਮੈਨੂੰ ਰੱਖਣ ਦੀ ਹਿੰਮਤ ਤੁਹਾਡੇ ਵਿੱਚ ਨਹੀਂ। ਮੈਂ ਇਹ ਵੀ ਨਹੀਂ ਚਾਹੁੰਦੀ ਕਿ ਮੇਰੇ ਕਰਕੇ ਤੁਹਾਡੇ ’ਤੇ ਕੋਈ ਮੁਸੀਬਤ ਪਵੇ। ਮੇਰਾ ਪਤੀ ਮੇਰੇ ਹਵਾਲੇ ਕਰ ਦਿਓ।”
ਲੋਕ ਵੇਖ ਰਹੇ ਸਨ, ਦੁਰਗਾ ਆਪਣੇ ਪਤੀ ਨੂੰ ਲੈ ਕੇ ਸੋਲ੍ਹਾਂ ਨੌਜਵਾਨਾਂ ਸਹਿਤ ਘੋੜਿਆਂ ’ਤੇ ਚੜ੍ਹ ਕੇ ਰਾਤ ਦੇ ਹਨੇਰੇ ਵਿੱਚ ਗੁਆਚ ਗਈ।
ਸੰਪਰਕ: 94267-34506
ਤਰਸ ਦੇ ਆਧਾਰ ’ਤੇ ਨੌਕਰੀ
ਰਾਜਿੰਦਰ ਸਿੰਘ ਰਾਜਨ
ਇਮਾਨਦਾਰ, ਸਾਹਸੀ, ਯਥਾਰਥਵਾਦੀ, ਧਾਰਮਿਕ ਅਕਸ ਰੱਖਣ ਵਾਲੇ ਟਾਵੇਂ-ਟਾਵੇਂ ਮੁਲਾਜ਼ਮ ਹੁੰਦੇ ਹਨ ਜਿਨ੍ਹਾਂ ਦੀ ਬਦੌਲਤ ਵਿਭਾਗਾਂ ਦੇ ਕੰਮ ਬੜੇ ਹੀ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਦੇ ਹਨ। ਦੇਸਾ ਸਿੰਘ ਵੀ ਇਸੇ ਪ੍ਰਵਿਰਤੀ ਦਾ ਮਾਲਕ ਸੀ। ਇਮਾਨਦਾਰੀ ਜਿਵੇਂ ਕੁੱਟ-ਕੁੱਟ ਕੇ ਭਰੀ ਹੋਵੇ। ਸਮੇਂ ਦਾ ਪਾਬੰਦ, ਆਪਣੇ ਕੰਮ ਵਿਚ ਪੂਰੀ ਨਿਪੁੰਨਤਾ ਰੱਖਣ ਵਾਲਾ ਇਨਸਾਨ। ਖੁਸ਼ਹਾਲ ਪਰਿਵਾਰ ਵਿਚ ਪਤਨੀ ਰੁਪਿੰਦਰ ਸਮੇਤ ਬੇਟਾ ਰਣਜੀਤ ਸਿੰਘ ਤੇ ਬੇਟੀ ਕਮਲਦੀਪ ਕੌਰ ਸ਼ਾਮਲ ਸਨ। ਪਤਨੀ ਘਰੇਲੂ ਔਰਤ, ਬੇਟਾ ਗਿਆਰਵੀਂ ਅਤੇ ਬੇਟੀ ਨੌਵੀ ਜਮਾਤ ਵਿੱਚ ਪੜ੍ਹਦੇ ਸਨ। ਘਰ ਵਿਚ ਹਮੇਸ਼ਾ ਖ਼ੁਸ਼ੀ ਦਾ ਮਾਹੌਲ ਬਣਿਆ ਰਹਿੰਦਾ। ਮੁਹੱਲੇ ਦੇ ਲੋਕ ਵੀ ਕਹਿੰਦੇ ਨਾ ਥੱਕਦੇ ਕਿ ਪਰਿਵਾਰ ਹੋਵੇ ਤਾਂ ਦੇਸਾ ਸਿੰਘ ਦੇ ਪਰਿਵਾਰ ਵਰਗਾ। ਦੋਵੇਂ ਬੱਚੇ ਸਕੂਲ ਵਿਚ ਅੱਵਲ ਨੰਬਰ ’ਤੇ ਰਹਿੰਦੇ।
ਰੋਜ਼ ਦੀ ਤਰ੍ਹਾਂ ਦੇਸਾ ਸਿੰਘ ਦਫ਼ਤਰ ਤੋਂ ਛੁੱਟੀ ਕਰਕੇ ਘਰ ਆਇਆ ਅਤੇ ਰੋਟੀ ਪਾਣੀ ਖਾਣ ਤੋਂ ਬਾਅਦ ਆਪਣੀ ਪਤਨੀ ਨੂੰ ਕਹਿਣ ਲੱਗਾ, ‘‘ਮੇਰੀ ਛਾਤੀ ਵਿੱਚ ਦਰਦ ਹੋ ਰਿਹਾ ਹੈ। ਸ਼ਾਮ ਨੂੰ ਡਾਕਟਰ ਨੂੰ ਦਿਖਾ ਆਉਂਦੇ ਹਾਂ।’’ ਪਤਨੀ ਕਹਿਣ ਲੱਗੀ, ‘‘ਸ਼ਾਮ ਨੂੰ ਕਿਉਂ, ਹੁਣੇ ਹੀ ਚਲਦੇ ਹਾਂ।’’ ‘‘ਨਹੀਂ, ਘਰ ਦਰਦ ਦੀ ਦਵਾਈ ਪਈ ਹੈ ਉਹ ਖਾ ਕੇ ਦੇਖ ਲੈਂਦਾ ਹਾਂ,’’ ਦੇਸਾ ਸਿੰਘ ਨੇ ਕਿਹਾ। ‘‘ਨਹੀਂ, ਹੁਣੇ ਚੱਲੋ। ਮੋਟਰਸਾਈਕਲ ਬਾਹਰ ਕੱਢੋ,’’ ਦੇਸਾ ਸਿੰਘ ਦੀ ਪਤਨੀ ਨੇ ਜ਼ਿੱਦ ਕਰਦਿਆਂ ਆਖਿਆ।
ਦੇਸਾ ਸਿੰਘ ਨੇ ਮੋਟਰਸਾਈਕਲ ਬਾਹਰ ਕੱਢਿਆ ਅਤੇ ਸ਼ਹਿਰ ਦੇ ਪ੍ਰਸਿੱਧ ਡਾਕਟਰ ਕੋਲ ਚੈੱਕਅੱਪ ਕਰਾਉਣ ਚਲਾ ਗਿਆ। ਡਾਕਟਰ ਨੇ ਛਾਤੀ ਦਾ ਸਕੈਨ ਕਰਵਾ ਕੇ ਲਿਆਉਣ ਲਈ ਕਿਹਾ। ਜਦੋਂ ਛਾਤੀ ਦਾ ਸਕੈਨ ਕਰਵਾ ਕੇ ਡਾਕਟਰ ਕੋਲ ਲਿਆਂਦਾ ਗਿਆ ਤਾਂ ਉਸ ਨੇ ਫੌਰੀ ਤੌਰ ’ਤੇ ਕਰੋਨਾ ਟੈਸਟ ਕਰਵਾਉਣ ਲਈ ਭੇਜਿਆ। ਦੇਸਾ ਸਿੰਘ ਦੀ ਰਿਪੋਰਟ ਪਾਜ਼ੇਟਿਵ ਨਿਕਲੀ। ਡਾਕਟਰ ਨੇ ਸਪਸ਼ਟ ਕੀਤਾ ਕਿ ਇਨਫੈਕਸ਼ਨ ਫੇਫੜਿਆਂ ਵਿਚ ਚਲਾ ਗਿਆ ਹੈ ਅਤੇ ਹਾਲਾਤ ਬਹੁਤ ਨਾਜ਼ੁਕ ਬਣ ਗਏ ਹਨ, ਤੁਰੰਤ ਕਿਸੇ ਬਾਹਰੀ ਚੰਗੇ ਹਸਪਤਾਲ ਲੈ ਜਾਓ। ਸਾਰੇ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਤੁਰੰਤ ਬਾਕੀ ਪਰਿਵਾਰ ਨੇ ਵੀ ਆਪਣੇ ਕਰੋਨਾ ਟੈਸਟ ਕਰਵਾਏ। ਉਨ੍ਹਾਂ ਤਿੰਨਾਂ ਜੀਆਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ।
ਰਿਸ਼ਤੇਦਾਰਾਂ ਦੀ ਮੱਦਦ ਨਾਲ ਸਾਰਿਆਂ ਨੂੰ ਬਾਹਰੀ ਜ਼ਿਲ੍ਹੇ ਦੇ ਇਕ ਚੰਗੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਦੇਖਭਾਲ ਸ਼ੁਰੂ ਹੋਈ। ਦੂਸਰੇ ਪਾਸੇ ਦੇਸਾ ਸਿੰਘ ਦੀ ਹਾਲਤ ਅਗਲੇ ਦਿਨ ਬਦ ਤੋਂ ਬਦਤਰ ਹੋ ਗਈ ਅਤੇ ਅਖ਼ੀਰ ਰਾਤ 12 ਵਜੇ ਦਮ ਤੋੜ ਗਿਆ। ਦੇਸਾ ਸਿੰਘ ਦਾ ਸਸਕਾਰ ਰਿਸ਼ਤੇਦਾਰਾਂ ਦੀ ਸਹਿਮਤੀ ਨਾਲ ਸਰਕਾਰੀ ਨਿਯਮਾਂ ਅਨੁਸਾਰ ਕਰ ਦਿੱਤਾ ਗਿਆ, ਪਰ ਪਤਨੀ ਅਤੇ ਬੱਚਿਆਂ ਨੂੰ ਇਸ ਘਟਨਾ ਦੀ ਕੰਨੋਂ-ਕੰਨੀਂ ਖ਼ਬਰ ਨਹੀਂ ਜਾਣ ਦਿੱਤੀ ਮਤੇ ਉਨ੍ਹਾਂ ਦੇ ਹਾਲਾਤ ਵੀ ਦੇਸਾ ਸਿੰਘ ਦੀ ਮੌਤ ਕਾਰਨ ਬਦਤਰ ਨਾ ਹੋ ਜਾਣ। ਇਕ ਹਫ਼ਤੇ ਮਗਰੋਂ ਦੇਸਾ ਸਿੰਘ ਦੀ ਪਤਨੀ ਅਤੇ ਬੱਚਿਆਂ ਦੀ ਹਾਲਤ ਸੁਧਰਨ ਲੱਗੀ ਅਤੇ ਉਨ੍ਹਾਂ ਨੂੰ 14 ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਦੇਸਾ ਸਿੰਘ ਦੀ ਪਤਨੀ ਨੇ ਆਪਣੇ ਸਿਰ ਦੇ ਸਾਈਂ ਬਾਰੇ ਪੁੱਛਗਿੱਛ ਕੀਤੀ ਤਾਂ ਹਸਪਤਾਲ ਦੇ ਪ੍ਰਬੰਧਕਾਂ, ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਨੇ ਬੜੇ ਹੀ ਤਰੀਕੇ ਨਾਲ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਦੱਸਿਆ ਕਿ ਉਸ ਦੀ ਮੌਤ ਹੋ ਗਈ ਹੈ ਤੇ ਉਸ ਦਾ ਸਸਕਾਰ ਵੀ ਕਰ ਦਿੱਤਾ ਗਿਆ ਹੈ। ਸੁਣਦੇ ਸਾਰ ਪਤਨੀ ਨੂੰ ਦੰਦਲਾਂ ਪੈਣ ਲੱਗੀਆਂ ਅਤੇ ਦੋਵੇਂ ਬੱਚਿਆਂ ਦਾ ਚੀਕ-ਚਿਹਾੜਾ ਆਸਮਾਨ ਚੀਰਨ ਲੱਗਿਆ। ਡਾਕਟਰਾਂ ਦੀ ਟੀਮ ਨੇ ਉਸ ਦੀ ਪਤਨੀ ਨੂੰ ਫਿਰ ਡਾਕਟਰੀ ਸਹਾਇਤਾ ਦਿੱਤੀ ਅਤੇ ਠੀਕ ਹੋਣ ਉਪਰੰਤ ਉਨ੍ਹਾਂ ਨੂੰ ਐਂਬੂਲੈਂਸ ਵਿੱਚ ਘਰ ਪਹੁੰਚਾਇਆ ਗਿਆ।
ਘਰ ਜਾ ਕੇ ਪਰਿਵਾਰਕ ਮੈਂਬਰਾਂ ਦੀ ਰਾਤਾਂ ਦੀ ਨੀਂਦ ਉੱਡ ਗਈ। ਜਿਹੜੇ ਕਮਰੇ ਵਿਚ ਜਾਣ ਉਹੀ ਕਮਰਾ ਵੱਢ ਖਾਣ ਨੂੰ ਆਵੇ। ਜ਼ਿੰਦਗੀ ਹਾਲੋਂ ਬੇਹਾਲ ਹੋ ਗਈ। ਦੇਸਾ ਸਿੰਘ ਦੀ ਪਤਨੀ ਦਿਲ ਹੀ ਦਿਲ ਵਿਚ ਸੋਚਣ ਲੱਗੀ ਕਿ ਹੁਣ ਕਿਵੇਂ ਕੱਢਾਂਗੇ ਜ਼ਿੰਦਗੀ। ਦੇਸਾ ਸਿੰਘ ਤੋਂ ਬਿਨਾਂ ਪਰਿਵਾਰ ਵਾਲਿਆਂ ਦੀ ਜ਼ਿੰਦਗੀ ਦਾ ਇਕ-ਇਕ ਦਿਨ, ਇਕ-ਇਕ ਪਲ ਔਖਾ ਲੰਘਣ ਲੱਗਿਆ। ਸਮਾਂ ਬੀਤਦਾ ਗਿਆ। ਉਸ ਦੇ ਬੇਟੇ ਰਣਜੀਤ ਸਿੰਘ ਨੇ ਬਾਰ੍ਹਵੀਂ ਜਮਾਤ ਪਾਸ ਕਰ ਲਈ। ਉਹ ਆਪਣੇ ਪਿਤਾ ਦੇ ਵਿਭਾਗ ਵਿਚ ਤਰਸ ਦੇ ਆਧਾਰ ’ਤੇ ਨੌਕਰੀ ਹਾਸਲ ਕਰਨ ਲਈ ਅਪਲਾਈ ਕਰਨ ਲੱਗਾ ਤਾਂ ਪਤਾ ਲੱਗਾ ਕਿ ਉਸ ਨੂੰ ਆਪਣੇ ਪਿਤਾ ਨਾਲੋਂ ਇਕ ਪੱਧਰ ਹੇਠਾਂ ਨੌਕਰੀ ਮਿਲ ਸਕਦੀ ਹੈ। ਉਸ ਨੇ ਇਸ ਗੱਲ ’ਤੇ ਹੀ ਸਬਰ ਕਰ ਲਿਆ ਅਤੇ ਅਪਲਾਈ ਕਰ ਦਿੱਤਾ।
ਫਿਰ ਲੱਗਾ ਵਿਭਾਗ ਦੇ ਬਾਬੂਆਂ ਦੇ ਚੱਕਰ ਕੱਟਣ। ਕਦੇ ਇਹ ਕਾਗਜ਼ ਘੱਟ ਤੇ ਕਦੇ ਉਹ ਘੱਟ। ਰਣਜੀਤ ਸਿੰਘ ਹੈੱਡ ਆਫਿਸ ਦੇ ਚੱਕਰ ਕੱਟ ਕੱਟ ਕੇ ਦੁਖੀ ਹੋ ਗਿਆ। ਉਹ ਆਪਣੇ ਪਿਤਾ ਦੇਸਾ ਸਿੰਘ ਨੂੰ ਯਾਦ ਕਰਨ ਲੱਗਾ ਤੇ ਰੋਂਦਿਆਂ ਮਨ ਹੀ ਮਨ ਕਹਿਣ ਲੱਗਾ: ‘ਮੇਰੇ ਪਿਤਾ ਦਾ ਵਿਭਾਗ ਉਨ੍ਹਾਂ ਦੀ ਇਮਾਨਦਾਰੀ ਦਾ ਇਹ ਮੁੱਲ ਪਾਉਣ ਲੱਗਾ ਹੈ। ਮੇਰੇ ਪੜ੍ਹਣ ਤੇ ਖੇਡਣ ਦੇ ਦਿਨ ਸਨ, ਇਹ ਕਿਹੜੇ ਚੱਕਰਾਂ ਵਿਚ ਪਾ ਦਿੱਤਾ ਰੱਬਾ! ਵਿਭਾਗ ਵਾਲੇ ਪੈਰ ਨਹੀਂ ਲੱਗਣ ਦਿੰਦੇ। ਹੁਣ ਜਾਵਾਂ ਤਾਂ ਜਾਵਾਂ ਕਿੱਥੇ?’
ਹਾਰ ਕੇ ਉਸ ਨੇ ਆਪਣੇ ਪਿਤਾ ਦੇ ਇਕ ਦੋਸਤ ਤੋਂ ਸਲਾਹ ਲਈ ਤੇ ਉਸ ਨੂੰ ਦੱਸਿਆ ਕਿ ਪਿਤਾ ਜੀ ਦੇ ਸਬੰਧਤ ਵਿਭਾਗ ਵਿਚ ਅਪਲਾਈ ਕਰ ਦਿੱਤਾ ਹੈ, ਪਰ ਵਿਭਾਗ ਵਾਲੇ ਮੇਰੀ ਬਿਨਾਂ ਵਜਾ ਹੀ ਭੱਜ-ਦੌੜ ਕਰਾ ਰਹੇ ਹਨ। ਉਸ ਦੇ ਪਿਤਾ ਦੇ ਦੋਸਤ ਨੇ ਵੀ ਦੁਖੀ ਹੁੰਦਿਆਂ ਕਿਹਾ, ‘‘ਵਿਭਾਗ ਵਿੱਚ ਕੁਝ ਕਾਲੀਆਂ ਭੇਡਾਂ ਬੈਠੀਆਂ ਹਨ ਜੋ ਵਿਭਾਗ ਦੇ ਨਾਂ ’ਤੇ ਕਲੰਕ ਹਨ। ਇਨ੍ਹਾਂ ਕਾਲੀਆਂ ਭੇਡਾਂ ਦਾ ਮੂੰਹ ਆਖ਼ਰ ਕਾਲਾ ਕਰਨਾ ਹੀ ਪੈਣਾ ਹੈ।’’ ਮਜਬੂਰ ਹੋਏ ਮੁੰਡੇ ਨੂੰ ਆਖ਼ਰ ਇਨ੍ਹਾਂ ਕਾਲੀਆਂ ਭੇਡਾਂ ਦੀ ਬਲੀ ਚੜ੍ਹਨਾ ਹੀ ਪਿਆ ਤੇ ਫਿਰ ਹੋਇਆ ਉਸੇ ਤਰ੍ਹਾਂ ਹੀ, ਘਰ ਬੈਠੇ ਹੀ ਸਾਰੇ ਕੰਮ ਨੇਪਰੇ ਚੜ੍ਹੇ।
ਇਸ ਸਾਰੇ ਘਟਨਾਕ੍ਰਮ ਦੇ ਮੱਦੇਨਜ਼ਰ ਮ੍ਰਿਤਕ ਦੇਸਾ ਸਿੰਘ ਦਾ ਪੁੱਤਰ ਕਦੇ ਆਪਣੇ ਬਾਪ ਦੀ ਇਮਾਨਦਾਰੀ ਬਾਰੇ ਸੋਚ ਰਿਹਾ ਸੀ ਅਤੇ ਕਦੇ ਵਿਭਾਗ ਵਿੱਚ ਬੈਠੀਆਂ ਕਾਲੀਆਂ ਭੇਡਾਂ ਦੇ ਖੁੱਲ੍ਹੇ ਮੂੰਹ ਬਾਰੇ। ਉਹ ਇਹ ਵੀ ਸੋਚ ਰਿਹਾ ਸੀ ਕਿ ‘ਆਖ਼ਰ ਕਿਨ੍ਹਾਂ ਹਾਲਾਤ ਵਿਚ ਮੇਰੇ ਬਾਪ ਦੀ ਮੌਤ ਹੋਈ ਹੈ ਪਰ ਇਨ੍ਹਾਂ ਨੂੰ ਕੋਈ ਤਰਸ ਨਹੀਂ! ਉਂਜ ਕਹਿਣ ਨੂੰ ਇਹ ਨੌਕਰੀ ਤਰਸ ਦੇ ਆਧਾਰ ’ਤੇ ਹੈ।’
ਸੰਪਰਕ: 94174-27656