ਪਹਿਲਾਂ ਸੁਣਦੇ ਸਾਂ, ਅੱਜ ਅੱਖੀਂ ਵੇਖਿਆ,
ਕੀੜੀਆਂ ਪਹਾੜ ਢਾਹ ਲਿਆ।
ਬੀਜੇ ਕਿੱਕਰਾਂ ਭਾਲਦਾ ਦਾਖਾਂ
ਕੰਡਿਆਂ ਨੂੰ ਚੁਗਦਾ ਫਿਰੇ।
ਤੇਰੇ ਵੈਲੀਆਂ ਦੇ ਨਾਲ ਸੀ ਮੁਲਾਹਜੇ,
ਹੁਣ ਤੈਨੂੰ ਕੱਲ੍ਹਾ ਛੱਡ ਗਏ।
ਅਸੀਂ ਤੱਤੀਆਂ ਲੋਹਾਂ ਦੇ ਜਾਏ,
ਹੁਣ ਤੇ ਤੂੰ ਪਰਖ਼ ਲਿਆ।
ਕੱਖ ਟਿਕਦੇ ਕਦੇ ਨਾ ਵੇਖੇ,
ਅੱਗੇ ਦਰਿਆਵਾਂ ਦੇ।
ਖੋਟੀ ਨੀਤ ਸੀ ਕਾਨੂੰਨ ਕਾਲ਼ੇ ਘੜ ਕੇ,
ਮੂਧੇ ਮੂੰਹ ਗੁਮਾਨ ਡਿੱਗਿਆ।
ਬੰਨ੍ਹ ਬੱਕਰਾ ਬੋਹਲ ਦੀ ਰਾਖੀ,
ਕਿਸੇ ਵੀ ਨਾ ਸੁਖ ਮਾਣਿਆ।
ਸੀਸ ਤਲੀ ‘ਤੇ ਟਿਕਾਇਆ ਸੀਸਗੰਜ ਨੇ,
ਕਿਲ੍ਹੇ ਨੂੰ ਤਰੇਲ਼ੀ ਆ ਗਈ।
ਤੇਰਾ ਜਬਰ ਕੁਹਾੜਾ ਲੱਕੋਂ ਟੁੱਟਿਆ,
ਸਾਬਰਾਂ ਨੇ ਕੰਡ ਨਾ ਕਰੀਂ।
ਸਾਨੂੰ ਤੈਥੋਂ ਵੱਧ ਵਤਨ ਪਿਆਰਾ,
ਦੱਸ ਕੀ ਸਬੂਤ ਚਾਹੀਦਾ?
ਬਾਬੇ ਬੋਹੜ ਤੇ ਬਿਰਧ ਸੀ ਮਾਵਾਂ,
ਤਣੀਆਂ ਫ਼ਸੀਲ ਬਣ ਕੇ।
ਬੱਤੀ ਦੰਦਾਂ ਨੇ ਵੇਖ ਲਉ ਚਿੱਥਿਆ,
ਨਾਗ ਸੀ ਫੱਰਾਟੇ ਮਾਰਦਾ।
–ਗੁਰਭਜਨ ਗਿੱਲ