ਜਸ਼ਨਪ੍ਰੀਤ ਕੌਰ
ਵੀਹ ਫ਼ਰਵਰੀ ਨੂੰ ਪੰਜਾਬ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਵੋਟਾਂ ਦਾ ਰੌਲ਼ਾ ਹੈ। ਉਮੀਦਵਾਰ ਗਲ਼ੀ, ਮੁਹੱਲੇ ਦੇ ਮੋੜ, ਬਾਜ਼ਾਰਾਂ ’ਚ ਕਿਧਰੇ ਵੀ ਮਿਲ ਸਕਦੇ ਹਨ। ਵੋਟ ਦੇਣਾ ਸਾਡਾ ਲੋਕਤੰਤਰੀ ਅਧਿਕਾਰ ਹੈ, ਪਰ ਇਸ ਤੋਂ ਪਹਿਲਾਂ ਦਾ ਪ੍ਰਚਾਰ ਵੋਟਰਾਂ ਦੀ ਆਮ ਜ਼ਿੰਦਗੀ ’ਚ ਓਪਰਾਪਣ ਲਿਆ ਧਰਦਾ ਹੈ। ਇਨ੍ਹੀਂ ਦਿਨੀਂ ਉਹ ਫਲਾਣੇ ਕੇ, ਢਿਮਕੇ ਕੇ ਵੱਜਣ ਦੀ ਥਾਂ ਫਲਾਣੀ ਜਾਂ ਢਿਮਕੀ ਪਾਰਟੀ ਵਾਲੇ ਵੱਜਣ ਲੱਗਦੇ ਹਨ। ਲਾਊਡ ਸਪੀਕਰਾਂ ਰਾਹੀਂ ਪਾਰਟੀਆਂ ਦੀ ਮਸ਼ਹੂਰੀ ਵਜਾਈ ਜਾ ਰਹੀ ਹੈ। ਸੋਸ਼ਲ ਮੀਡੀਆ ਨੂੰ ਪ੍ਰਚਾਰ ਦੇ ਵੱਡੇ ਸਾਧਨ ਵਜੋਂ ਵੇਖਿਆ ਤੇ ਵਰਤਿਆ ਜਾ ਰਿਹਾ ਹੈ। ਹਰੇਕ ਉਮੀਦਵਾਰ ਦੀ ਆਪਣੀ ਮੀਡੀਆ ਟੀਮ ਹੈ ਜੋ ਉਸਦੀਆਂ ਗਤੀਵਿਧੀਆਂ ਨੂੰ ਜਲਦ ਤੋਂ ਜਲਦ ਸਾਂਝਾ ਕਰਦੀ ਹੈ। ਹਰੇਕ ਤਸਵੀਰ ਉੱਪਰ ਪਾਰਟੀ ਦੇ ਨਾਂ ਅਤੇ ਚੋਣ ਨਿਸ਼ਾਨ ਤੋਂ ਇਲਾਵਾ ਹਲਕੇ ਦਾ ਉਮੀਦਵਾਰ ਨਾਲ ਨਾਤਾ ਦੱਸਦਾ ‘ਨਾਅਰਾ’ ਦਿਖਾਈ ਦਿੰਦਾ ਹੈ। ਬਹੁਤੇ ਨਾਅਰੇ ‘ਸਾਡਾ’ ਤੇ ‘ਆਪਣਾ’ ਜਿਹੇ ਸ਼ਬਦ ਲਾਜ਼ਮੀ ਵਰਤਦੇ ਹਨ।
ਸਾਰੇ ਸਿਆਸੀ ਦਲ ਕਲਾ ਦੀ ਪਹੁੰਚ ਨੂੰ ਜਾਣਦਿਆਂ ਆਪੋ-ਆਪਣਾ ਪਾਰਟੀ ਗੀਤ ਜਾਰੀ ਕਰਦੇ ਹਨ, ਪਰ ਇਹ ਗੱਲ ਵੱਖਰੀ ਹੈ ਕਿ ਪੰਜਾਬ ਦੀ ਚਿਹਰਾ ਆਧਾਰਿਤ ਸਿਆਸਤ ਵਾਂਗ ਇਹ ਗੀਤ ਵੀ ਵਿਅਕਤੀ ਵਿਸ਼ੇਸ਼ ਦੁਆਲੇ ਘੁੰਮਦੇ ਹਨ। ‘ਚੰਨੀ ਕਰਦਾ ਮਸਲੇ ਹੱਲ’, ‘ਵੀਰ ਸੁਖਬੀਰ’, ‘ਪੰਜਾਬ ਦਾ ਪੁੱਤ ਜਿਤਾਉਣਾ ਏ’ ਵਿਚੋਂ ਪਹਿਲੇ ਦੋਵਾਂ ਵਿਚ ਮੁੱਖ ਮੰਤਰੀ ਨਾਵਾਂ ਦਾ ਸਾਫ਼ ਜ਼ਿਕਰ ਹੈ, ਤੀਜੇ ਵਿਚ ਪੰਜਾਬ ਸ਼ਬਦ ਰਾਹੀਂ ਲੋਕ-ਖਿੱਚੂ ਜੁਗਤ ਦੀ ਵਰਤੋਂ ਹੋਈ ਹੈ। ਪੰਜਾਬ ਦੀ ਕਿਸੇ ਪਾਰਟੀ ਨੇ ਵਕਤ ਸਿਰ ਚੋਣ ਮਨੋਰਥ ਪੱਤਰ ਜਾਰੀ ਨਹੀਂ ਕੀਤਾ। ਇਸ ਲਈ ਉਮੀਦਵਾਰ ਆਪੋ-ਆਪਣੀ ਦਾਅਵੇਦਾਰੀ ਬਚਾਉਣ ਲਈ ਸਥਾਨਕ ਨਾਅਰਿਆਂ ਅਤੇ ਆਪਣੇ ਭਾਸ਼ਣਾਂ ਨਾਲ ਇਸ ਖਲਾਅ ਦੀ ਭਰਪਾਈ ਕਰਦੇ ਨਜ਼ਰ ਆਉਂਦੇ ਹਨ। ਇਹ ਤਾਂ ਉਹ ਗੀਤ ਹਨ ਜੋ ਪਾਰਟੀਆਂ ਵੱਲੋਂ ਸਪਾਂਸਰ ਕੀਤੇ ਗਏ ਹਨ। ਪਰ ਪਿਛਲੇ ਹਫ਼ਤੇ ਜਾਂ ਮਹੀਨੇ ’ਚ ਆਏ ਕੁਝ ਪੰਜਾਬੀ ਗੀਤ ਸੁਣਨ ਵਾਲੇ ਹਨ, ਜਿਨ੍ਹਾਂ ’ਚੋਂ ਪੰਜਾਬੀਆਂ ਦਾ ਸਿਆਸਤ ਤੇ ਸਿਆਸਤਦਾਨਾਂ ਪ੍ਰਤੀ ਰਵੱਈਆ ਸਮਝ ਆਉਂਦਾ ਹੈ। ਸਭ ਤੋਂ ਚਰਚਿਤ ਅਰਜਨ ਢਿੱਲੋਂ ਦਾ ਲਿਖਿਆ ਤੇ ਗਾਇਆ ਗੀਤ ‘ਵੋਟਾਂ’ ਹੈ ਜਿਸਦੇ ਬੋਲ ਹਨ:-
ਝੂਠ ਵੀ ਬੋਲੇਂ, ਲੁੱਟਦੀ ਵੀ ਏਂ
ਬਾਕੀ ਕੁਝ ਵੀ ਸਿੱਖਜੇਂਗੀ
ਵੋਟਾਂ ਵਿਚ ਖੜ੍ਹਜਾ, ਜਿੱਤਜੇਂਗੀ
ਕਲਾਕਾਰ ਰਾਜਨੀਤੀ ਨੂੰ ਫਿੱਟ ਬਹਿੰਦੇ ਸੁਭਾਅ ਦੇ ਪਛਾਣ-ਚਿੰਨ੍ਹ ਗਿਣਾਉਂਦਾ ਹੈ। ਗੀਤ ਮੁਤਾਬਿਕ ਝੂਠ ਬੋਲਣਾ, ਲੁੱਟਣਾ, ਸੁਪਨੇ ਵਿਖਾ ਕੇ ਤੋੜਨਾ, ਹਲਕੇ ’ਚ ਮੁੜ ਨਾ ਦਿਸਣਾ ਸਿਆਸਤਦਾਨਾਂ ਦਾ ਆਮ ਚਲਨ ਰਹਿੰਦਾ ਹੈ। ਉਸ ਤੋਂ ਵੀ ਅਗਾਂਹ ਇਹ ਹੈ ਕਿ ਇਨ੍ਹਾਂ ਸਭ ਖ਼ਾਮੀਆਂ ਦੇ ਬਾਵਜੂਦ ਉਹ ਜਿੱਤ ਸਕਦੇ ਜਾਂ ਜਿੱਤ ਜਾਂਦੇ ਹਨ। ਕਿਉਂਕਿ ਵੋਟਰ ਜਾਂ ਤਾਂ ਹਾਂ ’ਚ ਹਾਂ ਮਿਲਾਉਣ ਵਾਲੇ ਪਿਛਲੱਗ ਹਨ ਤੇ ਜਾਂ ਲਾਲਚ ਦੇ ਕੇ ਵਰਾਏ ਜਾ ਸਕਦੇ ਹਨ। ਗੀਤ ਵਿਚ ਭਾਵੁਕ ਅਪੀਲਾਂ ਤੇ ਲਾਈਵ ਹੋ ਕੇ ਲੰਮਾ ਸਮਾਂ ਟਿਕ ਜਾਣ ਦੀ ਗੱਲ ਹੋਈ ਹੈ ਭਾਵ ਸੰਚਾਰ ਪ੍ਰਬੰਧ ਦੀ ਮਹੱਤਤਾ ਦਾ ਵੀ ਜ਼ਿਕਰ ਹੈ। ਕੁੱਲ ਮਿਲਾ ਕੇ ਚੰਗਾ ਸਿਆਸੀ ਵਿਅੰਗ ਕੱਸਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗੀਤ ਕਿਸੇ ਮਹਿਲਾ ਨੂੰ ਸੰਬੋਧਨ ਕਰਦਾ ਕਹਿੰਦਾ ਹੈ ਕਿ ਤੇਰੇ ਵਿਚ ਸਿਆਸਤਦਾਨ ਹੋਣ ਦੀਆਂ ਸਾਰੀਆਂ ਖ਼ੂਬੀਆਂ ਹਨ। ਇਸ ਮੌਕੇ ਮਨੋਰੰਜਨ ਜਗਤ ਵੱਲੋਂ ਸਿਆਸਤ ਦੇ ਗੰਧਲੇਪਣ ’ਤੇ ਟੋਕ ਕਰਨ ਵਾਲੀ ਜ਼ਿੰਮੇਵਾਰੀ ਕਬੂਲਣੀ ਮੁਬਾਰਕ ਕਦਮ ਹੈ, ਪਰ ਇਹ ਸਾਰੀਆਂ ਊਣਤਾਈਆਂ ਵਿਸ਼ੇਸ਼ ਲਿੰਗ ਨਾਲ ਜੋੜ ਦੇਣੀਆਂ ਠੀਕ ਨਹੀਂ, ਉਹ ਵੀ ਉਦੋਂ ਜਦੋਂ ਵੱਖ-ਵੱਖ ਪਾਰਟੀਆਂ ਔਰਤਾਂ ਨੂੰ ਵਾਅਦਿਆਂ ਤੋਂ ਵੀ ਘੱਟ ਸੀਟਾਂ ਲਈ ਉਮੀਦਵਾਰ ਐਲਾਨਦੀਆਂ ਹਨ।
ਇਸੇ ਸਿਰਲੇਖ ਹੇਠ ਹਰਫ਼ ਚੀਮਾ ਦੇ ਲਿਖੇ ਤੇ ਦੀਪਕ ਢਿੱਲੋਂ ਨਾਲ ਗਾਏ ਗੀਤ ਵਿਚ ਟਿਕਟ ਦਾ ਹੀਲਾ ਕਰਨ ਤੋਂ ਲੈ ਕੇ ਸਰਕਾਰ ਵਿਚ ਅਹੁਦਾ ਲੈਣ ਤਕ ਦਾ ਸੁਪਨਾ ਸੰਜੋਇਆ ਹੋਇਆ ਹੈ। ਇਸ ਸੁਪਨੇ ਦੀ ਲੱਗੀ ਕੀਮਤ ਮੁੜ ਪੂਰਨ ਲਈ, ਇਕੱਠ ਕਰਨ ਲਈ ਵਰਤੇ ਜਾਂਦੇ ਸਭ ਜੁਗਾੜਾਂ ਦਾ ਵੇਰਵਾ ਹੈ। ਇਸ ਗੀਤ ਦਾ ਵੱਖਰਾਪਣ ਇਹ ਹੈ ਕਿ ਇਹ ਪੰਜਾਬੀਆਂ ਦੇ ਜਾਗ ਜਾਣ, ਸਿਆਣੇ ਹੋ ਜਾਣ ਦੇ ਸੁਨੇਹੇ ਰਾਹੀਂ ਵੋਟਰ ਵਿਚ ਵਿਸ਼ਵਾਸ ਭਰਨ ਦੇ ਨਾਲ ਉਸ ’ਤੇ ਜ਼ਿੰਮੇਵਾਰੀ ਵੀ ਪਾਉਂਦਾ ਹੈ। ਇਹ ਗੀਤ ਕਿਸਾਨ ਅੰਦੋਲਨ ਵਿਚ ਗਈਆਂ ਜਾਨਾਂ ਦੀ ਯਾਦ ਵੀ ਦਿਵਾਉਂਦਾ ਹੈ। ਇਸ ਦਾ ਇਕ ਫ਼ਿਕਰਾ ਧਰਮ ਤੇ ਸਿਆਸਤ ਦੇ ਜੋੜ ਜਾਂ ਮੇਚ ਨੂੰ ਵੀ ਘੇਰੇ ’ਚ ਲਿਆਉਂਦਾ ਹੈ। ਥੋੜ੍ਹਾ ਹੋਰ ਪਿਛਾਂਹ ਚੱਲੀਏ ਤਾਂ ਵਰੀ ਰਾਏ ਦੇ ਲਿਖੇ ਤੇ ਕੰਵਰ ਗਰੇਵਾਲ ਦੀ ਆਵਾਜ਼ ’ਚ ਆਏ ‘ਵੋਟ’ ਗੀਤ ਰਾਹੀਂ ਵੋਟਰ ਨੂੰ ਸਾਵਧਾਨ ਹੋ ਕੇ ਆਪਣੇ ਹੱਕ ਦੀ ਸੁਵਰਤੋਂ ਕਰਨ ਦਾ ਫ਼ਰਜ਼ ਚੇਤੇ ਕਰਵਾਇਆ ਗਿਆ ਹੈ। ਇਹ ਚਰਚਾ ਹਮੇਸ਼ਾ ਰਹਿੰਦੀ ਹੈ ਕਿ ਸਿਆਸਤ ਜਾਤ-ਪਾਤ, ਫ਼ਿਰਕੇ, ਚਿਹਰਿਆਂ ਤੋਂ ਅੱਗੇ ਨਹੀਂ ਵਧਦੀ, ਪਰ ਵੋਟਾਂ ਦੀ ਪ੍ਰਕਿਰਿਆ ’ਚ ਵੋਟਰ ਦੀ ਥਾਂ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਜੇਕਰ ਸਿਆਸਤਦਾਨਾਂ ਨੂੰ ਇਹ ਵੰਡੀਆਂ ਰਾਸ ਆਉਂਦੀਆਂ ਹਨ ਤਾਂ ਵੋਟਰ ਖ਼ੁਦ ਇਨ੍ਹਾਂ ਰੰਗਾਂ ਤੋਂ ਪਾਰ ਜਾ ਕੇ ਸਿਆਸਤ ਨੂੰ ਬਦਲ ਦੇਣ ਦੀ ਪਹਿਲ ਵੀ ਕਰ ਸਕਦੇ ਹਨ। ਸੋ ਇਸ ਵਾਰ ਦੀ ਵੋਟ ਵੱਖਰੇ ਪ੍ਰਤਿਮਾਨਾਂ ਨੂੰ ਆਧਾਰ ਬਣਾਵੇਗੀ।
‘ਲੋਕਾਂ ਦੇ ਹੱਥ ਤਾਕਤ ਹੁੰਦੀ, ਲੋਕ ਬਿਠਾਉਂਦੇ ਤਖਤਾਂ ਤੇ’
ਇਸ ਗੀਤ ਦੀ ਕੇਂਦਰੀ ਧੁਨ ਹੈ। ਇਹ ਉਮੀਦਵਾਰਾਂ ਨਾਲ ਫੋਟੋਆਂ ਖਿਚਾ ਕੇ ਟੰਗਣ ਜਿਹਾ ਹਲਕਾ-ਫੁਲਕਾ ਜਾਂ ਛਿਣ-ਭੰਗਰ ਖ਼ੁਸ਼ੀ ਲੈਣ ਜਿੰਨਾ ਆਸਾਨ ਕੰਮ ਨਹੀਂ ਸਗੋਂ ਉਨ੍ਹਾਂ ਨੂੰ ਹੁਣ ਕੰਮਾਂ ਤੇ ਕਿਰਦਾਰਾਂ ਦੀ ਕਸੌਟੀ ’ਤੇ ਪਰਖਿਆ ਜਾਵੇ। ਕਮਾਲ ਦੀ ਗੱਲ ਇਹ ਹੈ ਕਿ ਉੱਪਰ ਜਿਨ੍ਹਾਂ ਗੀਤਾਂ ਦਾ ਜ਼ਿਕਰ ਆਇਆ ਹੈ, ਉਹ ਕਿਤੇ ਨਾ ਕਿਤੇ ਵੋਟਰ ਦੀ ਭੂਮਿਕਾ ਨੂੰ ਬਲ ਦਿੰਦੇ ਹਨ। ਸੋ ਇਹ ਕਦੇ ਉਮੀਦਵਾਰਾਂ ਦੇ ਸੋਸ਼ਲ ਖਾਤਿਆਂ ਦਾ ਸ਼ਿੰਗਾਰ ਨਹੀਂ ਬਣੇ। ਉਨ੍ਹਾਂ ਦੀ ਮੀਡੀਆ ਟੀਮ ਤੇ ਹਮਾਇਤੀ ‘ਆਖ਼ਰੀ ਪਲਾਂ ਤੇ ਯੁੱਧ ਆਰ-ਪਾਰ ਦਾ’, ‘ਜਾਰੀ ਜੰਗ ਰੱਖਿਓ’, ‘ਦਬਦਾ ਕਿੱਥੇ ਆ’, ‘ਮੰਜ਼ਿਲ ਬਹੁਤੀ ਦੂਰ ਨਹੀਂ’ ਜਿਹੇ ਗੀਤਾਂ ਦੇ ਟੋਟਿਆਂ ਨੂੰ ਚੁਣਦੇ ਹਨ। ਪਹਿਲਾਂ ਵੀ ਸੱਤਾ ਦੀ ਲਾਲਸਾ ਨੂੰ ਬਿਆਨ ਕਰਦੇ ਗੀਤ ਆਉਂਦੇ ਰਹੇ ਹਨ ਜਿਵੇਂ ਪਿੰਡ ਪੱਧਰ ਦੀ ਮੁਖ਼ਤਿਆਰੀ ਦੀ ਇੱਛਾ ਦੀ ਤਰਜ਼ਮਾਨੀ ਕਰਦਾ ਮਰਹੂਮ ਰਾਜ ਬਰਾੜ ਤੇ ਅਨੀਤਾ ਸਮਾਣਾ ਦਾ ਦੋਗਾਣਾ ‘ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ’ ਜਿਸ ਵਿਚ ਸਿਆਸਤ ਦੀ ਟੇਢ ਯਾਨੀ ਘਪਲੇਬਾਜ਼ੀ, ਜ਼ਮੀਨ ਵਿਕ ਜਾਣ ਦੇ ਧਰਾਤਲੀ ਸੱਚ ਨੂੰ ਥਾਂ ਮਿਲੀ ਸੀ। ਗੁਰਵਿੰਦਰ ਬਰਾੜ ਦਾ ਗੀਤ ‘ਆ ਗਏ ਇਲੈਕਸ਼ਨ ਨੇੜੇ ਮੌਜਾਂ ਲੱਗੀਆਂ ਮਿੱਤਰਾਂ ਨੂੰ’ ਭਾੜੇ ਦੇ ਵੋਟਰਾਂ ਦੀ ਸਥਿਤੀ ਤੇ ਸੋਚ ਨੂੰ ਚਿਤਵਦਾ ਹੈ। ‘ਕਿਸਮਤ ਚੰਦਰੀ ਬੰਦ ਪਈ ਐ, ਵਿਚ ਪੇਟੀਆਂ ਦੇ’ ਵੋਟਾਂ ਪੈਣ ਤੋਂ ਬਾਅਦ ਤੇ ਨਤੀਜਾ ਆਉਣ ਤੋਂ ਪਹਿਲਾਂ ਦੇ ਦਿਨਾਂ ਵਿਚ ਉਮੀਦਵਾਰਾਂ ਦੇ ਧੁੜਕੂੰ ਨੂੰ ਬਿਆਨ ਕਰਦਾ ਹੈ।
ਅਸਲ ਵਿਚ ਪਾਪੂਲਰ ਕਲਚਰ ਚਲੰਤ ਮਸਲਿਆਂ ਦੀ ਤਤਕਾਲੀ ਪੇਸ਼ਕਾਰੀ ਕਰਦਾ ਹੈ। ਰੀਲ ਕਲਚਰ ਨੇ ਇਹ ਕੰਮ ਹੋਰ ਵੀ ਤੇਜ਼ ਕਰ ਦਿੱਤਾ ਹੈ, ਗੀਤ ਰਸੀਏ ਆਪਣੇ ਕੰਮ ਦਾ ਅੰਸ਼ ਚੁਣ ਲੈਂਦਾ ਹੈ। ਪਰ ਗੰਭੀਰ ਸਾਹਿਤ ਦੀ ਸਿਰਜਣਾ ਸਮਾਂ ਲੈਂਦੀ ਹੈ। ਕਲਾਤਮਿਕਤਾ ਗੱਲ ਨੂੰ ਲਪੇਟ ਕੇ ਕਹਿਣ ਦਾ ਹੁਨਰ ਹੁੰਦਾ ਹੈ, ਸਿੱਧਮ-ਸਿੱਧਾ ਜਾਂ ਉੱਚੀ ਆਵਾਜ਼ ਦਾ ਬਿਆਨ ਨਹੀਂ। ਫਿਰ ਵੀ ਇਸ ਵੇਲੇ ਦਾ ਗੀਤ-ਸੰਗੀਤ ਆਪਣੇ ਵੇਲੇ ਦੇ ਵੱਡੇ ਸਵਾਲਾਂ ਦੇ ਸਨਮੁਖ ਹੋ ਰਿਹਾ ਹੈ। ਕਲਾ ਦੇ ਵੱਖ-ਵੱਖ ਅੰਗ ਸਮਾਜ ਵਿਸ਼ੇਸ਼ ਦੀ ਸਮੇਂ ਦੇ ਖ਼ਾਸ ਬਿੰਦੂ ’ਤੇ ਤਸਵੀਰਕਸ਼ੀ ਕਰ ਕੇ ਉਸ ਨੂੰ ਦਸਤਾਵੇਜ਼ਾਂ ਵਜੋਂ ਸਾਂਭ ਰੱਖਦੇ ਹਨ। ਪਿਛਲੇ ਸਾਲ ਕਿੰਨੀਆਂ ਹੀ ਕਲਾ-ਕ੍ਰਿਤਾਂ ਜਿਨ੍ਹਾਂ ਵਿਚ ਗੀਤ, ਫਿਲਮਾਂ ਤੇ ਕਿਤਾਬਾਂ ਆਉਂਦੀਆਂ ਹਨ, ਖੇਤੀਬਾੜੀ ਅਤੇ ਕਿਰਸਾਨੀ ਸਮਾਜ ਦੀਆਂ ਦੁਸ਼ਵਾਰੀਆਂ ਦੁਆਲੇ ਸਿਰਜੀਆਂ ਗਈਆਂ ਹਨ। ਪੰਜਾਬੀ ਸੰਗੀਤ ਜਗਤ ’ਚ ਦਰਜ ਹੋ ਰਹੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਸੰਤੁਲਿਤ ਪੜ੍ਹਤ ਹੋਣੀ ਬੜੀ ਜ਼ਰੂਰੀ ਹੈ।
ਈ-ਮੇਲ: jashansidhu38@gmail.com