ਤੇਜਾ ਸਿੰਘ ਤਿਲਕ
ਚਾਰ ਪੁਸਤਕਾਂ ਦਾ ਕਰਤਾ ਗੁਰਚਰਨ ਭਾਵੇਂ ਵਧੇਰੇ ਚਰਚਿਤ ਨਹੀਂ ਹੋਇਆ। ਕਾਵਿ-ਸੰਗ੍ਰਹਿ ‘ਲਕੀਰਾਂ ਦੇ ਪਾਰ’ (ਕੀਮਤ: 200 ਰੁਪਏ; ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ) ਦੀਆਂ ਬੱਤੀ ਕਵਿਤਾਵਾਂ ਤੇ ਤਿੰਨ ਲੰਮੀਆਂ ਕਵਿਤਾਵਾਂ ਦਾ ਪਾਠ ਇਹ ਪ੍ਰਮਾਣਿਤ ਕਰਦਾ ਹੈ ਕਿ ਉਹ ਇੱਕ ਪ੍ਰੌਢ ਕਵੀ ਹੈ। ਉਹ ਸਰਬੱਤ ਦਾ ਭਲਾ ਲੋਚਦਾ ਵਿਰਾਸਤ ’ਚੋਂ ਪ੍ਰੇਰਨਾ ਲੱਭਦਾ ਵਰਤਮਾਨ ਨੂੰ ਸੰਬੋਧਿਤ ਹੁੰਦਾ ਹੈ। ਉਸ ਨੂੰ ਲਕੀਰਾਂ ਖਿੱਚੇ ਜਾਣ ਦੀ ਪੀੜਾ ਹੈ। ਉਹ ਲਕੀਰਾਂ ਦੇ ਪਾਰ ਜਾਣਾ ਲੋਚਦਾ ਹੈ। ਉਹ ਪਰਵਾਸੀ ਹੋਣ ਦੇ ਹੇਰਵੇ ਤੋਂ ਫ਼ਿਕਰਮੰਦ ਪਰ ਆਸ਼ਾਵਾਦੀ ਹੈ। ਉਸ ਨੂੰ ਅਜੋਕੇ ਮਾਨਵ ਦੇ ਮੋਹ ਵਿਹੂਣੇ ਟੁੱਟ ਰਹੇ ਰਿਸ਼ਤਿਆਂ ਦਾ ਦੁੱਖ ਹੈ। ਉਹ ਫੇਰ ਪਿਛਲੀਆਂ ਮੋਹ ਭਰੀਆਂ ਰਿਸ਼ਤਿਆਂ ਦੀਆਂ ਗੰਢਾਂ ਬੰਨ੍ਹਣੀਆਂ ਸੋਚਦਾ ਹੈ। ਸੱਚੇ-ਸੁੱਚੇ ਪ੍ਰੇਮ ਦੀ ਉਮੀਦ ਤੇ ਉਮੰਗ ਭਰਦਾ ਹੈ। ਉਸ ਦੀ ਕਵਿਤਾ ਵਰਤਮਾਨ ਦੀਆਂ ਲੋਟੂ ਹਕੂਮਤਾਂ ਤੇ ਉਨ੍ਹਾਂ ਦੇ ਜਾਲ ਦਾ ਮਖੌਲ ਉਡਾਉਂਦੀ ਹੈ। ਲੁੱਟੇ ਜਾ ਰਹੇ, ਗ਼ਰੀਬ ਮਜ਼ਦੂਰ ਨਾਲ ਹਮਦਰਦੀ ਹੈ। ਕਿਰਸਾਨੀ ਦੇ ਸ਼ੋਸ਼ਣ ’ਚੋਂ ਉੱਭਰੇ ਸੰਘਰਸ਼ ਵੱਲ ਸੰਕੇਤ ਹੈ। ਨਗਰਾਂ, ਮਹਾਂਨਗਰਾਂ ਦੀ ਜ਼ਿੰਦਗੀ ਦੀਆਂ ਝਲਕਾਂ ਹਨ। ਲੰਮੀਆਂ ਕਵਿਤਾਵਾਂ ਵਿੱਚ ਹਿੰਦੋਸਤਾਨੀਆਂ ਦੇ ਅੰਗਰੇਜ਼ੀ ਗ਼ੁਲਾਮੀ ਤੋਂ ਭਾਰਤੀ ਹਾਕਮਾਂ ਦੀ ਗ਼ੁਲਾਮੀ ਦਾ ਸਫ਼ਰ ਹੈ। ਦੱਸਿਆ ਹੈ ਕਿ ਕਿਵੇਂ ਹਾਕਮ ਵੱਲ ਫਰੇਬ ਨਾਲ, ਧਰਮ ਦੇ ਨਾਮ ’ਤੇ, ਤਿਆਗ ਦੇ ਝਾਂਸੇ ਵਿੱਚ ਲੁੱਟ ਖੋਹ ਦਾ ਰਾਜ ਕਾਇਮ ਰੱਖਣਾ ਚਾਹੁੰਦੇ ਹਨ। ਔਰਤ ਦੀ ਆਜ਼ਾਦੀ ਦਾ ਮੁੱਲ, ਬੁੱਧ ਧਰਮ ਬਾਰੇ ਚਰਚਾ ਅਤੇ ਮਹਾਂਭਾਰਤ ਦੀ ਇੱਕ ਕਥਾ ਨਾਲ ਰੌਚਿਕਤਾ ਭਰਦਿਆਂ ਵਰਤਮਾਨ ਵਿੱਚ ਵਿਚਰ ਰਹੇ ਪ੍ਰਾਣੀ ਨੂੰ ਸੁਚੇਤ ਕੀਤਾ ਹੈ। ਕਵੀ ਗੁਰਚਰਨ ਪਾਸ ਵਿ਼ਸ਼ਿਆਂ ਦਾ ਵਿਸ਼ਾਲ ਸਾਗਰ, ਕਲਪਨਾ, ਉਡਾਰੀ, ਬਿੰਬ, ਕਟਾਕਸ਼, ਸੁਰ, ਸੰਗੀਤ, ਰਸ, ਅਲੰਕਾਰ ਹੈ। ਉਹ ਸਹੀ ਅਰਥਾਂ ਵਿੱਚ ਕਵੀ ਹੈ ਤੇ ਉਸ ਦੇ ਹਰਫ਼ ਕਵਿਤਾ ਹਨ। ਪੰਗਤੀਆਂ ਦੀਆਂ ਪੰਗਤੀਆਂ ਲੋਕ ਆਵਾਜ਼ ਦੇ ਸਦੀਵੀ ਬੋਲ ਬਣਨ ਦੇ ਸਮਰੱਥ ਹਨ। ਅਜਿਹੇ ਕਵੀ ਵੱਲ ਪਾਠਕਾਂ, ਆਲੋਚਕਾਂ ਤੇ ਵਿਦਵਾਨਾਂ ਨੂੰ ਧਿਆਨ ਦੇਣਾ ਬਣਦਾ ਹੈ।
ਸੰਪਰਕ: 98766-36159