ਅਨੰਤ ਗਿੱਲ
ਨੈਣਾਂ ਵਿੱਚ ਸਮੁੰਦਰ
ਤੈਨੂੰ ਹੀ ਲਗਦਾ, ਪੈਰਾਂ ਹੇਠਾਂ ਅੰਬਰ ਹੈ।
ਗੈਰਾਂ ਦੇ ਘਰ, ਦਿਸਦੀ ਅੱਗ ਬਸੰਤਰ ਹੈ।
ਹੋਰ ਭਲਾ ਕੀ ਮੰਗਣਾ, ਸੋਹਣੇ ਰੱਬ ਕੋਲੋਂ,
ਦੇ ਦਿੱਤਾ ਵਰਦਾਨ ’ਚ, ਅੱਖਰ ਅੱਖਰ ਹੈ।
ਬੇਕਦਰਾਂ ਸੰਗ ਨੇਹੁ, ਇਹੋ ਮਿਲਣਾ ਸੀ,
ਸੁਪਨਿਆਂ ਦੇ ਨੈਣੀਂ, ਖੁੱਭੀ ਛਿਲਤਰ ਹੈ।
ਭਲਾ ਸਰਬੱਤ ਦਾ ਮੰਗ ਕੇ, ਅੱਖਾਂ ਮੁੰਦ ਲਵਾਂ,
ਅੱਖ ਖੁੱਲ੍ਹੇ ਜਦ ਆਖਾਂ, ਵਾਹਿਗੁਰੂ ਸ਼ੁਕਰ ਹੈ।
ਦਿਲ ਦੀਆਂ ਸੱਭੇ ਦਿਲ ’ਚ ਲੈਕੇ ਤੁਰ ਜਾਣਾ,
ਕੀਹਨੂੰ ਦੱਸਾਂ?? ਕੀ ਕੀ ਦਿਲ ਦੇ ਅੰਦਰ ਹੈ।
ਓਸੇ ਈ ਖਾਤਿਰ, ਰੋ-ਰੋ ਦੀਦੇ ਗਾਲ਼ ਲਏ,
ਜੋ ਕਹਿੰਦਾ ਸੀ, ਨੈਣਾਂ ਵਿੱਚ ਸਮੁੰਦਰ ਹੈ।
ਲੱਖ ਚੰਗਾ ਹੈ ਦਰਦ, ਵਿਚਾਲੇ ਟੁੱਟੀਆਂ ਦਾ,
ਟੁੱਟਣ ਭਰਮ ਤਾਂ, ਬੜਾ ਡਰਾਉਂਦਾ ਮੰਜ਼ਰ ਹੈ।
ਜੋ ਹੱਥ ਉਠਦੇ ਵੇਖੇ, ਕਦੇ ਦੁਆਵਾਂ ਲਈ,
ਉਨ੍ਹਾਂ ਹੀ ਹੱਥਾਂ ਵਿੱਚ, ਅੱਜਕੱਲ੍ਹ ਖੰਜਰ ਹੈ।
ਕੁਪੱਤੀਆਂ ਪੌਣਾਂ
ਡਾ. ਸੁਖਦੇਵ ਗੁਰੂ
ਬਲਦੇ ਦੀਵਿਆਂ ਨੂੰ
ਬੁਝਾਉਣ ਲਈ
ਹੋ ਰਹੀਆਂ ਨੇ
ਤਰਲੋ ਮੱਛੀ
ਕੁਪੱਤੀਆਂ ਪੌਣਾਂ
ਡਰਦੀਆਂ ਨੇ
ਘਬਰਾਉਂਦੀਆਂ ਨੇ
ਕਿ ਕਿਧਰੇ
ਬਲਦੇ ਦੀਵਿਆਂ ਵਿਹੜੇ
ਉੱਗ ਨਾ ਆਵੇ
ਤਪਦਾ ਸੂਰਜ।
ਸੰਪਰਕ: 98146-19581
ਦਿਲ ਦੇ ਦਾਅਵੇ
ਲਖਵੀਰ ਸਿੰਘ
ਦਿਲ ਦੇ ਦਾਅਵੇ ਵੱਡੇ-ਵੱਡੇ, ਦਾਨਿਸ਼ ਬਣ-ਬਣ ਬਹਿੰਦਾ ਏ,
ਉਂਝ ਨਿੱਕੀ-ਨਿੱਕੀ ਗੱਲ ’ਤੇ ਇਹ, ਸੌ-ਸੌ ਵਾਰੀ ਢਹਿੰਦਾ ਏ।
ਪਿਆਰ-ਮੁਹੱਬਤ ਚੰਗੀ ਗੱਲ ਏ, ਪਲ਼-ਪਲ਼ ਕਰਿਆ ਕਰ,
ਸਾੜਾ-ਨਫ਼ਰਤ ਕਰਨ ਨੂੰ ਤੈਨੂੰ, ਦੱਸ ਤਾਂ ਕਿਹੜਾ ਕਹਿੰਦਾ ਏ?
ਵਗਦੀ ’ਵਾ ਨੇ ਮੁੜ ਨ੍ਹੀਂ ਵਗਣਾ, ਮਾਣ ਨਜ਼ਾਰੇ ਰੱਜ-ਰੱਜ ਕੇ,
ਇੱਥੇ ਸਾਹਾਂ ਨੂੰ ਛੱਡਕੇ, ਸਭ ਕਾਸੇ ਦਾ ਲੇਖਾ ਰੱਖਣਾ ਪੈਂਦਾ ਏ।
ਕੀ ਹੋਇਆ ਜੇ ਸੁੰਨੀਆਂ ਗਲੀਆਂ, ਮੈਂ ਤਾਂ ਸਾਂ, ਹਾਂ, ਰਹਾਂਗਾ,
ਮੇਰੇ ਅੰਦਰ ਅੱਖਰ-ਅੱਖਰ, ਮਜਲਿਸ ਲਾ-ਲਾ ਬਹਿੰਦਾ ਏ।
ਦੁੱਖ-ਸੁੱਖ ਨੇ ਤਾਂ ਜ਼ਿੰਦਗੀ ਜਗਮਗ, ਸ਼ਿਕਵੇ ਕਾਹਦੇ ਕਰੀਏ?
ਖੁਸ਼ਬੂ ਹੋਰ ਵੀ ਫ਼ੈਲੇ ਜੇਕਰ, ਫੁੱਲ ਨਾਲ ਕੰਡਾ ਖਹਿੰਦਾ ਏ।
ਰੱਬ ਨੇ ਸੋਹਣਾ ਬਹੁਤ ਬਣਾਇਆ, ਤੈਨੂੰ ਵੀ ਤੇ ਮੈਨੂੰ ਵੀ,
ਜਗ ਨੂੰ ਸੋਹਣਾ ਆ ਬਣਾਈਏ, ਇਹ ਜਿੱਥੋਂ-ਜਿੱਥੋਂ ਰਹਿੰਦਾ ਏ।
ਸੰਪਰਕ: 99110-03559