ਗੁਰਦੇਵ ਸਿੰਘ ਸਿੱਧੂ
ਮਨੀਮਾਜਰਾ ਰਿਆਸਤ ਦੇ ਰਾਜਾ ਭਗਵਾਨ ਸਿੰਘ ਦੀ ਮੌਤ ਮਗਰੋਂ ਉਸ ਦੀ ਮਾਂ ਰਾਣੀ ਪੰਜਾਬ ਕੌਰ ਅਤੇ ਦੋਵਾਂ ਵਿਧਵਾਵਾਂ ਨੂੰ ਪੈਨਸ਼ਨਾਂ ਲਾਈਆਂ ਗਈਆਂ। ਉਸ ਦੀ ਨਿੱਜੀ ਸੰਪਤੀ ਉਨ੍ਹਾਂ ਦੇ ਹਵਾਲੇ ਕੀਤੀ ਗਈ। ਤਿੰਨਾਂ ਦੇ ਅਕਾਲ ਚਲਾਣੇ ਮਗਰੋਂ ਰਾਜਾ ਭਗਵਾਨ ਸਿੰਘ ਦੀ ਨਿੱਜੀ ਸੰਪਤੀ ਦੀ ਮਾਲਕ ਉਸ ਦੀ ਬੇਟੀ ਸੂਰਜ ਕੌਰ (ਪਤਨੀ ਕੰਵਰ ਬਲਬੀਰ ਸਿੰਘ ਫ਼ਰੀਦਕੋਟ) ਐਲਾਨੀ ਗਈ ਜਿਸ ਵਿਚ ਮਨੀਮਾਜਰੇ ਦਾ ਕਿਲ੍ਹਾ ਵੀ ਸ਼ਾਮਲ ਸੀ।
1948 ਵਿਚ ਪੰਜਾਬ ਦੀਆਂ ਰਿਆਸਤਾਂ ਨੂੰ ਮਿਲਾ ਕੇ ਪੈਪਸੂ ਬਣਾਇਆ ਗਿਆ ਤਾਂ ਰਿਆਸਤਾਂ ਦੀ ਹੋਂਦ ਖ਼ਤਮ ਹੋ ਗਈ ਪਰ ਰਿਆਸਤਾਂ ਦੇ ਮਾਲਕਾਂ ਦੀ ਨਿੱਜੀ ਜਾਇਦਾਦ ਉਨ੍ਹਾਂ ਦੇ ਅਧਿਕਾਰ ਹੇਠ ਰਹੀ। ਇਸ ਸਮੇਂ ਫ਼ਰੀਦਕੋਟ ਰਿਆਸਤ ਦੇ ਆਖ਼ਰੀ ਰਾਜੇ, ਰਾਜਾ ਹਰਿੰਦਰ ਸਿੰਘ ਦੀ ਨਿੱਜੀ ਜਾਇਦਾਦ ਦਾ ਮੁੱਲ ਅੰਦਾਜ਼ਨ 25 ਹਜ਼ਾਰ ਕਰੋੜ ਰੁਪਏ ਸੀ ਜੋ ਉਸ ਦੀ ਮੌਤ ਪਿੱਛੋਂ ਅਦਾਲਤੀ ਘੁੰਮਣਘੇਰੀਆਂ ਵਿਚ ਪੈ ਗਈ। ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਇਹ ਜਾਇਦਾਦ ਇਕ ਟਰੱਸਟ ਦੇ ਹੱਥੋਂ ਕੱਢ ਕੇ ਰਾਜਾ ਹਰਿੰਦਰ ਸਿੰਘ ਦੇ ਵਾਰਸਾਂ ਨੂੰ ਦੇਣ ਦਾ ਫ਼ੈਸਲਾ ਸੁਣਾਇਆ। ਇਸ ਜਾਇਦਾਦ ਦੇ ਨਸ਼ਰ ਹੋਏ ਵੇਰਵੇ ਵਿਚ ਦੋ ਕਿਲ੍ਹੇ ਦੱਸੇ ਗਏ ਹਨ। ਸਾਰੇ ਜਾਣਦੇ ਹਨ ਕਿ ਇਨ੍ਹਾਂ ਵਿਚੋਂ ਇਕ ਕਿਲ੍ਹਾ ਫ਼ਰੀਦਕੋਟ ਦਾ ਹੈ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਦੂਜਾ ਕਿਲ੍ਹਾ ਮਨੀਮਾਜਰੇ ਦਾ ਹੈ। ਮਨੀਮਾਜਰੇ ਦਾ ਕਿਲ੍ਹਾ ਰਿਆਸਤ ਫ਼ਰੀਦਕੋਟ ਦੇ ਰਾਜੇ ਦੀ ਮਾਲਕੀ ਵਿਚ ਕਿਵੇਂ ਚਲਾ ਗਿਆ, ਇਹ ਭੇਤ ਅਗਲੇ ਸ਼ਬਦਾਂ ਵਿਚ ਪ੍ਰਗਟ ਹੋਵੇਗਾ।
ਮੁਗ਼ਲਾਂ ਵੇਲੇ ਇਸ ਇਲਾਕੇ ਦੇ 84 ਪਿੰਡਾਂ ਲਈ ਉਨ੍ਹਾਂ ਦਾ ਕਾਰਦਾਰ ਗੰਗਾ ਰਾਮ ਸੀ। ਜਦ ਮੁਗ਼ਲਾਂ ਦਾ ਜ਼ੋਰ ਢਿੱਲਾ ਪਿਆ ਤਾਂ ਉਸ ਨੇ ਮੁਗ਼ਲਾਂ ਨੂੰ ਮਾਲੀਆ ਦੇਣਾ ਬੰਦ ਕਰ ਦਿੱਤਾ। ਗੰਗਾ ਰਾਮ ਪਿੱਛੋਂ ਉਸ ਦੇ ਪੁੱਤਰ ਗਰੀਬ ਦਾਸ ਨੇ ਇਸ ਇਲਾਕੇ ਦੀ ਮਾਲਕੀ ਸੰਭਾਲੀ। ਜਨਵਰੀ 1764 ਵਿਚ ਸਰਹੰਦ ਦੀ ਫ਼ਤਹਿ ਪਿੱਛੋਂ ਸ. ਜੱਸਾ ਸਿੰਘ ਆਹਲੂਵਾਲੀਆ ਇਸ ਇਲਾਕੇ ਵਿਚ ਆਇਆ ਤਾਂ ਗਰੀਬ ਦਾਸ ਨੇ ਉਸ ਦੀ ਈਨ ਮੰਨਦਿਆਂ ਖ਼ੂਬ ਆਉਭਗਤ ਕੀਤੀ ਅਤੇ ਉਸ ਦੇ ਹੱਥੋਂ ਮਨੀਮਾਜਰੇ ਦੇ ਕਿਲ੍ਹੇ ਦੀ ਨੀਂਹ ਰਖਵਾਈ। ਗਰੀਬ ਦਾਸ ਪਿੱਛੋਂ ਉਸ ਦਾ ਪੁੱਤਰ ਗੋਪਾਲ ਸਿੰਘ ਇੱਥੋਂ ਦਾ ਮਾਲਕ ਬਣਿਆ ਜਿਸ ਨੇ ਸਤਲੁਜ ਤੋਂ ਪੂਰਬ ਵੱਲ ਦੇ ਹੋਰ ਸਿੱਖ ਰਾਜਿਆਂ ਵਾਂਗ 1809 ਵਿਚ ਅੰਗਰੇਜ਼ਾਂ ਦੀ ਸਰਪ੍ਰਸਤੀ ਕਬੂਲ ਕੀਤੀ। ਉਸ ਨੇ ਅੰਗਰੇਜ਼ ਅਧਿਕਾਰੀ ਆਕਟਰਲੋਨੀ ਦੇ ਹਰ ਹੁਕਮ ਉੱਤੇ ਫੁੱਲ ਚੜ੍ਹਾਏ ਤਾਂ ਆਕਟਰਲੋਨੀ ਨੇ ਉਸ ਨੂੰ ਇਨਾਮ ਦੇਣ ਬਾਰੇ ਸੋਚਿਆ। ਗੋਪਾਲ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਆਕਟਰਲੋਨੀ ਕੋਲ ਬੇਨਤੀ ਕੀਤੀ ਕਿ ਉਸ ਨੂੰ ਹੋਰ ਕੋਈ ਇਨਾਮ ਦੇਣ ਦੀ ਥਾਂ ‘ਰਾਜਾ’ ਦਾ ਖਿਤਾਬ ਦਿੱਤਾ ਜਾਵੇ। ਆਕਟਰਲੋਨੀ ਵੱਲੋਂ ਸਿਫ਼ਾਰਿਸ਼ ਕੀਤੇ ਜਾਣ ਉੱਤੇ ਕੰਪਨੀ ਬਹਾਦਰ ਨੇ ਉਸ ਦੀ ਬੇਨਤੀ ਮੰਨ ਲਈ ਅਤੇ ਗੋਪਾਲ ਸਿੰਘ ਮਨੀਮਾਜਰਾ ਰਿਆਸਤ ਦਾ ਰਾਜਾ ਬਣ ਗਿਆ।
ਰਾਜਾ ਗੋਪਾਲ ਸਿੰਘ ਦੀਆਂ ਅਗਲੀਆਂ ਕੁਝ ਪੀੜ੍ਹੀਆਂ ਪਿੱਛੋਂ 1866 ਵਿਚ ਭਗਵਾਨ ਸਿੰਘ ਇੱਥੋਂ ਦਾ ਰਾਜਾ ਬਣਿਆ। ਰਾਜਾ ਭਗਵਾਨ ਸਿੰਘ ਨੇ ਦੋ ਵਿਆਹ ਕਰਵਾਏ। ਉਸ ਦੀ ਪਹਿਲੀ ਪਤਨੀ ਕੁੱਕੜਾਂਵਾਲਾ ਤੋਂ ਸ਼ਿਵਦੱਤ ਕੌਰ ਅਤੇ ਦੂਜੀ ਮੋਰਾਂਵਾਲਾ ਤੋਂ ਨਰੈਣ ਕੌਰ ਸੀ। ਸ਼ਿਵਦੱਤ ਕੌਰ ਦੀ ਕੋਈ ਔਲਾਦ ਨਹੀਂ ਸੀ ਪਰ ਨਰੈਣ ਕੌਰ ਦੇ ਪੇਟੋਂ ਇਕ ਲੜਕੇ ਅਤੇ ਦੋ ਲੜਕੀਆਂ ਨੇ ਜਨਮ ਲਿਆ। ਇਨ੍ਹਾਂ ਵਿਚੋਂ ਇਕ ਬੇਟੀ ਹੀ ਜੀਵਿਤ ਰਹੀ ਜਿਸ ਦਾ ਨਾਂ ਸੂਰਜ ਕੌਰ ਸੀ। ਸੂਰਜ ਕੌਰ ਫ਼ਰੀਦਕੋਟ ਦੇ ਰਾਜੇ ਬਿਕਰਮਾ ਸਿੰਘ ਦੇ ਪੁੱਤਰ ਕੰਵਰ ਬਲਬੀਰ ਸਿੰਘ ਨੂੰ ਵਿਆਹੀ ਗਈ।
ਅੰਗਰੇਜ਼ ਸਰਕਾਰ ਨੇ ਰਾਜ ਘਰਾਣਿਆਂ ਵਾਸਤੇ ਇਹ ਰਵਾਇਤ ਪੱਕੀ ਕੀਤੀ ਹੋਈ ਸੀ ਕਿ ਰਾਜ ਗੱਦੀ ਉੱਤੇ ਰਾਜੇ ਦੇ ਵੱਡੇ ਪੁੱਤਰ ਦਾ ਹੱਕ ਹੋਵੇਗਾ ਅਤੇ ਮਰਦਾਨਾ ਔਲ਼ਾਦ ਨਾ ਹੋਣ ਦੀ ਸੂਰਤ ਵਿਚ ਰਿਆਸਤ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਈ ਜਾਵੇਗੀ। ਸਤਲੁਜ ਤੋਂ ਇਸ ਪਾਸੇ ਪਟਿਆਲੇ ਤੋਂ ਅਗਲੇ ਨੰਬਰ ਉੱਤੇ ਗਿਣੀ ਜਾਂਦੀ ਰਿਆਸਤ ਕੈਥਲ 1843 ਵਿਚ ਇਸ ਕਾਰਨ ਹੀ ਅੰਗਰੇਜ਼ਾਂ ਨੇ ਆਪਣੇ ਪੇਟੇ ਪਾ ਲਈ ਸੀ, ਇਸ ਤੋਂ ਇਲਾਵਾ ਦੋ ਢਾਈ ਦਰਜਨਾਂ ਹੋਰ ਮਿਲਖਾਂ ਵੀ ਹੜੱਪ ਲਈਆਂ ਸਨ। ਰਾਜਾ ਭਗਵਾਨ ਸਿੰਘ ਦੇ ਘਰ ਪੁੱਤਰ ਨਾ ਹੋਣ ਕਾਰਨ 8 ਨਵੰਬਰ 1873 ਨੂੰ ਉਸ ਦੀ ਮੌਤ ਹੋਣ ਪਿੱਛੋਂ ਇਹ ਰਿਆਸਤ ਵੀ ਅੰਗਰੇਜ਼ੀ ਇਲਾਕੇ ਵਿਚ ਸ਼ਾਮਲ ਹੋ ਗਈ। ਰਾਜਾ ਭਗਵਾਨ ਸਿੰਘ ਦੀ ਮਾਂ ਰਾਣੀ ਪੰਜਾਬ ਕੌਰ ਅਤੇ ਦੋਵਾਂ ਵਿਧਵਾਵਾਂ ਨੂੰ ਪੈਨਸ਼ਨਾਂ ਲਾਈਆਂ ਗਈਆਂ। ਰਾਜਾ ਭਗਵਾਨ ਸਿੰਘ ਦੀ ਨਿੱਜੀ ਸੰਪਤੀ ਵੀ ਉਨ੍ਹਾਂ ਦੇ ਹਵਾਲੇ ਕੀਤੀ ਗਈ। ਸਮੇਂ ਸਮੇਂ ਇਹ ਤਿੰਨੇ ਅਕਾਲ ਚਲਾਣਾ ਕਰ ਗਈਆਂ ਤਾਂ ਰਾਜਾ ਭਗਵਾਨ ਸਿੰਘ ਦੀ ਨਿੱਜੀ ਸੰਪਤੀ, ਜਿਸ ਵਿਚ ਮਨੀਮਾਜਰੇ ਦਾ ਕਿਲ੍ਹਾ ਵੀ ਸ਼ਾਮਲ ਸੀ, ਦੀ ਮਾਲਕ ਉਸ ਦੀ ਬੇਟੀ ਸੂਰਜ ਕੌਰ ਪਤਨੀ ਕੰਵਰ ਬਲਬੀਰ ਸਿੰਘ ਫ਼ਰੀਦਕੋਟ ਐਲਾਨੀ ਗਈ।
ਰਾਜਾ ਭਗਵਾਨ ਸਿੰਘ ਤੋਂ ਪਹਿਲੇ ਰਾਜੇ ਗੁਰਬਖਸ਼ ਸਿੰਘ ਦੇ ਸਮੇਂ ਰਿਆਸਤ ਮਨੀਮਾਜਰਾ ਨੇ ਰਿਆਸਤ ਨਾਭਾ ਤੋਂ ਕੁਝ ਕਰਜ਼ਾ ਲਿਆ ਸੀ ਜਿਸ ਦੀ ਅਦਾਇਗੀ ਅਜੇ ਤੱਕ ਨਹੀਂ ਸੀ ਹੋਈ। ਰਾਜਾ ਹੀਰਾ ਸਿੰਘ ਨਾਭਾ ਇਹ ਕਰਜ਼ਾ ਮੁੜਵਾਉਣ ਵਾਸਤੇ ਵਾਰ ਵਾਰ ਪੰਜਾਬ ਸਰਕਾਰ ਨੂੰ ਲਿਖ ਰਿਹਾ ਸੀ। ਇਸ ਲਈ ਪੰਜਾਬ ਸਰਕਾਰ ਨੇ ਇਸ ਬਾਰੇ ਰਾਜਾ ਬਲਬੀਰ ਸਿੰਘ ਨੂੰ ਲਿਖਿਆ। ਸੁਝਾਅ ਇਹ ਸੀ ਕਿ ਰਾਜਾ ਭਗਵਾਨ ਸਿੰਘ ਦੀ ਨਿੱਜੀ ਸੰਪਤੀ ਜੋ ਵਿਰਾਸਤ ਵਿਚ ਰਾਣੀ ਸੂਰਜ ਕੌਰ ਨੂੰ ਮਿਲਣੀ ਹੈ, ਫ਼ਰੀਦਕੋਟ ਰਿਆਸਤ ਸੰਭਾਲ ਲਵੇ ਅਤੇ ਇਸ ਦੇ ਇਵਜ਼ ਵਿਚ ਨਾਭਾ ਰਿਆਸਤ ਦਾ ਬਕਾਇਆ ਕਰਜ਼ਾ ਵਾਪਸ ਕਰੇ ਅਤੇ ਰਾਣੀ ਸੂਰਜ ਕੌਰ ਨੂੰ ਦੋ ਹਜ਼ਾਰ ਰੁਪਏ ਸਾਲਾਨਾ ਅਦਾ ਕਰੇ। ਉੱਤਰ ਵਿਚ ਸ. ਬਲਬੀਰ ਸਿੰਘ, ਰਾਜਾ ਫ਼ਰੀਦਕੋਟ, ਨੇ ਪੱਤਰ ਨੰ: 37 ਮਿਤੀ 9 ਦਸੰਬਰ 1905 ਦੁਆਰਾ ਕਮਿਸ਼ਨਰ ਨੂੰ ਸੂਚਿਤ ਕੀਤਾ ਕਿ ਇਹ ਮਾਮਲਾ ਪੁਰਾਣਾ ਹੋਣ ਕਾਰਨ ਇਸ ਬਾਰੇ ਕੋਈ ਕਾਰਵਾਈ ਕੀਤੀ ਜਾਣੀ ਨਹੀਂ ਬਣਦੀ। ਰਾਜਾ ਬਲਬੀਰ ਸਿੰਘ ਦੀ ਮੌਤ ਫਰਵਰੀ 1906 ਵਿਚ ਹੋਈ। ਰਾਣੀ ਸੂਰਜ ਕੌਰ ਦੀ ਆਪਣੀ ਕੋਈ ਔਲਾਦ ਨਹੀਂ ਸੀ। ਉਸ ਦੇ ਗੋਦ ਲਏ ਪੁੱਤਰ ਬ੍ਰਿਜ ਇੰਦਰ ਸਿੰਘ ਨੇ ਗੱਦੀ ਸੰਭਾਲਣ ਪਿੱਛੋਂ ਰਵਾਇਤ ਮੁਤਾਬਿਕ ਰਾਣੀ ਸੂਰਜ ਕੌਰ ਨੂੰ ਉਸ ਦੇ ਗੁਜ਼ਾਰੇ ਵਾਸਤੇ ਪੈਨਸ਼ਨ ਲਾ ਦਿੱਤੀ ਜੋ ਇਸ ਪ੍ਰਕਾਰ ਸੀ:
ਨਕਦ ਭੱਤਾ 5,000 ਰੁਪਏ ਪ੍ਰਤੀ ਸਾਲ
ਰਾਸ਼ਨ ਲਈ ਭੱਤਾ 2,302 ਰੁਪਏ 1 ਆਨਾ 6
ਪਾਈ ਪ੍ਰਤੀ ਸਾਲ
ਔਰਤ ਸੇਵਕਾਵਾਂ ਲਈ 1,314 ਰੁਪਏ
ਪ੍ਰਤੀ ਸਾਲ ਪ੍ਰਤੀ ਸਾਲ
ਮਹਿਮਾਨਾਂ ਲਈ 328 ਰੁਪਏ 5
ਆਨੇ ਪ੍ਰਤੀ ਸਾਲ
2 ਗਾਵਾਂ ਅਤੇ 2 ਮੱਝਾਂ ਦੀ ਖੁਰਾਕ ਤੇ ਸਾਂਭ ਸੰਭਾਲ ਲਈ 711 ਰੁਪਏ ਪ੍ਰਤੀ ਸਾਲ
ਇਸ ਰਾਸ਼ੀ ਦਾ ਜੋੜ 9,655 ਰੁਪਏ 6 ਆਨੇ 6 ਪਾਈ ਬਣਦਾ ਸੀ। ਮਨੀਮਾਜਰਾ ਵਾਲੀ ਜਾਇਦਾਦ ਤੋਂ ਹੋਣ ਵਾਲੀ ਆਮਦਨ ਇਸ ਤੋਂ ਵੱਖ ਸੀ।
ਰਾਣੀ ਸੂਰਜ ਕੌਰ ਨੂੰ ਜਦ ਵੀ ਨਾਭਾ ਰਿਆਸਤ ਵੱਲੋਂ ਮਨੀਮਾਜਰੇ ਵਾਲਾ ਕਰਜ਼ਾ ਵਾਪਸ ਕਰਨ ਵਾਸਤੇ ਲਿਖਿਆ ਗਿਆ, ਉਸ ਨੇ ਹਰ ਵਾਰ ਇਹ ਹੀ ਜਵਾਬ ਦਿੱਤਾ ਕਿ ਉਹ ਨਹੀਂ ਚਾਹੁੰਦੀ ਕਿ ਉਸ ਦੇ ਜਿਉਂਦਿਆਂ ਉਸ ਦੀ ਮਨੀਮਾਜਰੇ ਵਾਲੀ ਸੰਪਤੀ ਦਾ ਪ੍ਰਬੰਧ ਫ਼ਰੀਦਕੋਟ ਰਿਆਸਤ ਸੰਭਾਲੇ ਅਤੇ ਬਦਲੇ ਵਿਚ ਉਸ ਨੂੰ 2,000 ਰੁਪਏ ਸਾਲਾਨਾ ਅਦਾ ਕਰੇ। ਆਪਣੇ ਪੱਖ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਉਸ ਨੇ ਫਰਵਰੀ 1908 ਵਿਚ ਵਸੀਅਤ ਲਿਖ ਦਿੱਤੀ ਕਿ ਮੇਰੇ ਪਿਤਾ ਰਾਜਾ ਭਗਵਾਨ ਸਿੰਘ ਮਨੀਮਾਜਰਾ ਤੋਂ ਵਿਰਾਸਤ ਵਿਚ ਮਿਲਣ ਵਾਲੀ ਸੰਪਤੀ ਮੇਰੀ ਮੌਤ ਪਿੱਛੋਂ ਫ਼ਰੀਦਕੋਟ ਦਰਬਾਰ ਦੇ ਹਵਾਲੇ ਕੀਤੀ ਜਾਵੇ।
ਰਾਣੀ ਸੂਰਜ ਕੌਰ ਵੱਲੋਂ ਵਸੀਅਤ ਲਿਖੇ ਜਾਣ ਬਾਰੇ ਜਾਣਕਾਰੀ ਮਿਲਣ ਪਿੱਛੋਂ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ ਹੁਕਮ ਕੀਤਾ ਕਿ ਰਾਜਾ ਨਾਭਾ ਨੂੰ ਦੇਣਯੋਗ ਰਕਮ ਦੀ ਅਦਾਇਗੀ ਕਰਨ ਵਾਸਤੇ ਫ਼ਰੀਦਕੋਟ ਦਰਬਾਰ ਨੂੰ ਕਿਹਾ ਜਾਵੇ, ਮਨੀਮਾਜਰੇ ਦੀ ਸੰਪਤੀ ਜਿਸ ਸਬੰਧੀ ਕਰਜ਼ਾ ਮੋੜਿਆ ਜਾਣਾ ਹੈ ਉਹ ਰਾਣੀ ਸੂਰਜ ਕੌਰ ਕੋਲ ਰਹੇ ਪਰ ਫ਼ਰੀਦਕੋਟ ਦਰਬਾਰ ਵੱਲੋਂ ਉਸ ਨੂੰ ਦਿੱਤੀ ਜਾ ਰਹੀ ਪੈਨਸ਼ਨ ਵਿਚੋਂ ਇਕ ਹਜ਼ਾਰ ਰੁਪਏ ਕੱਟ ਲਏ ਜਾਇਆ ਕਰਨ। ਜਦ ਇਹ ਹੁਕਮ ਰਾਣੀ ਸੂਰਜ ਕੌਰ ਕੋਲ ਪਹੁੰਚੇ ਤਾਂ ਉਸ ਨੇ ਲਗਭਗ ਅੱਧੀ ਸਦੀ ਪਿੱਛੋਂ ਮਾਮਲਾ ਮੁੜ ਛੇੜੇ ਜਾਣ ਨੂੰ ਕਾਨੂੰਨ ਤੋਂ ਬਾਹਰਾ ਦੱਸਦਿਆਂ ਇਹ ਵੀ ਲਿਖਿਆ ਕਿ ‘‘ਕਿਸੇ ਪਿਤਾ ਜਾਂ ਪੂਰਵਜ ਦੇ ਕਰਜ਼ੇ ਦੀ ਭਰਪਾਈ ਧੀ ਕੋਲੋਂ ਕਰਨੀ, ਧਰਮ ਅਨੁਸਾਰ ਮਰਿਆਦਾ ਦਾ ਉਲੰਘਣ ਹੈ। ਨਾਭੇ ਦੀ ਇਹ ਦਲੀਲ ਕਿ ਕਰਜ਼ਾ ਨਾ ਮੋੜੇ ਜਾਣ ਕਾਰਨ ਸਵਰਗੀ ਰੂਹਾਂ ਨੂੰ ਤਕਲੀਫ਼ ਹੋਵੇਗੀ, ਆਪਣਾ ਵਜ਼ਨ ਗਵਾ ਲੈਂਦੀ ਹੈ ਕਿਉਂਕਿ ਅਖੌਤੀ ਕਰਜ਼ੇ ਦੀ ਧੀ ਤੋਂ ਭਰਪਾਈ ਕਰਵਾਉਣਾ ਹੋਰ ਵਧੇਰੇ ਧਰਮ ਵਿਰੋਧੀ ਗੱਲ ਹੋਣ ਕਾਰਨ ਵਿਛੜੀਆਂ ਰੂਹਾਂ ਦੀ ਸ਼ਾਂਤੀ ਭੰਗ ਕਰਨ ਦਾ ਵੱਡਾ ਕਾਰਨ ਹੋਵੇਗੀ।’’
ਰਾਣੀ ਸੂਰਜ ਕੌਰ ਨੂੰ ਭਿਣਕ ਪਈ ਕਿ ਪੰਜਾਬ ਸਰਕਾਰ ਨਾਭੇ ਨੂੰ ਕਰਜ਼ੇ ਦੀ ਅਦਾਇਗੀ ਵਾਸਤੇ ਮਨੀਮਾਜਰੇ ਵਾਲੀ ਸੰਪਤੀ ਨੂੰ ਵੇਚਣ ਬਾਰੇ ਸੋਚ ਰਹੀ ਹੈ ਤਾਂ ਉਸ ਨੇ ਇਕ ਪੱਤਰ ਲਿਖ ਕੇ ਲੈਫਟੀਨੈਂਟ ਗਵਰਨਰ ਕੋਲ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ। ਉਸ ਨੇ ਲਿਖਿਆ, ‘‘ਮੈਨੂੰ ਇਹ ਜਾਣ ਕੇ ਅਤਿਅੰਤ ਹਾਰਦਿਕ ਪੀੜਾ ਹੋਈ ਹੈ ਕਿ ਮੇਰੇ ਗੋਦ ਲਏ ਪੁੱਤਰ ਬ੍ਰਿਜ ਇੰਦਰ ਸਿੰਘ ਦੇ ਬਾਲਗ ਹੋਣ ਅਤੇ ਗੱਦੀ ਉੱਤੇ ਬੈਠਣ ਤੋਂ ਕੁਝ ਸਾਲ ਪਹਿਲਾਂ ਮਨੀਮਾਜਰੇ ਵਾਲੀ ਸੰਪਤੀ ਨੂੰ ਬਿੱਲੇ ਲਾ ਕੇ ਮੇਰੀ ਵਸੀਅਤ ਨੂੰ ਬੇਅਸਰ ਕੀਤਾ ਜਾ ਰਿਹਾ ਹੈ। ਇਸ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਅਜਿਹਾ ਕਰਨਾ ਯਕੀਨਨ ਮੇਰੇ ਵਡੇਰਿਆਂ ਦੇ ਨਾਂ ਨੂੰ ਕਲੰਕਿਤ ਕਰਨਾ ਹੋਵੇਗਾ ਅਤੇ ਇਸ ਨਾਲ ਜੋ ਸ਼ਰਮਸਾਰੀ ਮੈਨੂੰ ਹੋਵੇਗੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ, ਕਲਪਨਾ ਕੀਤੀ ਜਾ ਸਕਦੀ ਹੈ। ਦੂਜੇ ਸ਼ਬਦਾਂ ਵਿਚ ਇਹ ਕਾਰਵਾਈ ਮਨੀਮਾਜਰਾ ਮਿਲਖ ਨਾਲੋਂ ਮੇਰਾ ਅਤੇ ਮੇਰੇ ਪੂਰਵਜਾਂ ਦਾ ਨਾਂ ਅਲਹਿਦਾ ਕਰਕੇ ਸਾਡੀ ਹੋਂਦ ਨੂੰ ਦੁਨੀਆਂ ਤੋਂ ਮਿਟਾ ਦੇਣ ਦਾ ਕਾਰਨ ਬਣੇਗੀ। ਇਹ ਕਹਿਣ ਦੀ ਜ਼ਰੂਰਤ ਨਹੀਂ ਕਿ ਇਸ ਸੂਰਤ ਵਿਚ ਮੇਰੇ ਵਾਸਤੇ ਅਜਿਹਾ ਸਦਮਾ ਸਹਿਣ ਨਾਲੋਂ ਮੌਤ ਬੇਹਤਰ ਹੋਵੇਗੀ। …ਇਸ ਲਈ ਬੇਨਤੀ ਹੈ ਕਿ … ਮੇਰੀ ਸੰਪਤੀ ਦਾ ਨਿਪਟਾਰਾ ਕਰ ਕੇ ਮੇਰੇ ਨਾਂ ਨੂੰ ਅਪਮਾਨਜਨਕ ਢੰਗ ਨਾਲ ਦੁਨੀਆ ਤੋਂ ਨਾ ਮਿਟਾਇਆ ਜਾਵੇ।’’ ਉਸ ਨੇ ਪੱਤਰ ਦੇ ਨਾਲ ਆਪਣੀ ਨਵੀਂ ਲਿਖੀ ਵਸੀਅਤ ਭੇਜਦਿਆਂ ਬੇਨਤੀ ਕੀਤੀ ਕਿ ਮੇਰੀ ਪਿਛਲੀ ਵਸੀਅਤ ਨੂੰ ਰੱਦ ਕਰਦਿਆਂ ਉਹ ਮੈਨੂੰ ਵਾਪਸ ਕਰ ਦਿੱਤੀ ਜਾਵੇ। ਰਾਣੀ ਸੂਰਜ ਕੌਰ ਨੇ ਨਵੀਂ ਵਸੀਅਤ ਵਿਚ ਰਸਮੀ ਗੱਲਾਂ ਲਿਖਣ ਪਿੱਛੋਂ ਆਪਣੀ ਸੰਪਤੀ ਅਤੇ ਇਸ ਦੀ ਵੰਡ ਇਸ ਪ੍ਰਕਾਰ ਕੀਤੀ ਕਿ:
- ਮੇਰੇ ਜਿਉਂਦਿਆਂ ਮੇਰੀ ਮਨੀਮਾਜਰਾ, ਕਕਰਾਲਾ ਆਦਿ ਨਾਲ ਸੰਬੰਧਿਤ ਜਾਇਦਾਦ ਮੇਰੇ ਅਧਿਕਾਰ ਹੇਠ ਰਹੇਗੀ ਅਤੇ ਇਨ੍ਹਾਂ ਤੋਂ ਹੋਣ ਵਾਲੀ ਆਮਦਨ ਨੂੰ ਖ਼ਰਚ ਕਰਨ ਦਾ ਪੂਰਾ ਅਧਿਕਾਰ ਮੇਰੇ ਕੋਲ ਹੋਵੇਗਾ।
- ਮੇਰੀ ਮੌਤ ਪਿੱਛੋਂ ਇਹ ਸੰਪਤੀ ਇਸ ਬਾਰੇ ਸਾਰੇ ਕਾਨੂੰਨੀ ਹੱਕਾਂ ਅਤੇ ਇਸ ਤੋਂ ਹੋਣ ਵਾਲੀ ਆਮਦਨ ਸਮੇਤ ਬਰਤਾਨਵੀ ਸਰਕਾਰ ਦੀ ਮਾਲਕੀ ਹੇਠ ਜਾਵੇਗੀ।
- ਬਰਤਾਨਵੀ ਸਰਕਾਰ ਦੇ ਪ੍ਰਬੰਧ ਹੇਠ ਜਾਣ ਪਿੱਛੋਂ ਮਿਲਖ ਨੂੰ ‘‘ਰਿਆਸਤ ਰਾਣੀ ਸੂਰਜ ਕੌਰ ਸਪੁੱਤਰੀ ਸੂਰਜਬੰਸੀ ਰਾਜਾ ਭਗਵਾਨ ਸਿੰਘ ਪਟਰਾਣੀ ਸੁਰਗਵਾਸੀ ਰਾਜਾ ਬਲਬੀਰ ਸਿੰਘ ਵਾਲੀਆ ਫ਼ਰੀਦਕੋਟ’’ ਨਾਉਂ ਦਿੱਤਾ ਜਾਵੇ।
ਆਮਦਨ ਸਦਾ ਲਈ ਇਸ ਪ੍ਰਕਾਰ ਖਰਚੀ ਜਾਵੇ:
(ੳ) ਫ਼ਰੀਦਕੋਟ ਦਰਬਾਰ ਰਾਹੀਂ ਫ਼ਰੀਦਕੋਟ ਰਿਆਸਤ ਵਿਚ ਖਰੈਤੀ ਉਦੇਸ਼ਾਂ ਵਾਸਤੇ: 1/4¼ ਹਿੱਸਾ,
(ਅ) ਕਸੌਲੀ ਦੇ ਹਲਕੇ ਕੁੱਤਿਆਂ ਦਾ ਇਲਾਜ ਕਰਨ ਵਾਲੀ ਸੰਸਥਾ ਲਈ: 1/8 ਹਿੱਸਾ
(ੲ) ਮਨੀਮਾਜਰੇ ਵਿਚ ਮੇਰੇ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਖੈਰਾਤੀ ਕਾਰਜ ਲਈ: ¼1/4 ਹਿੱਸਾ
(ਸ) ਜਗਨ ਨਾਥ ਸਵਾਮੀ ਮੰਦਰ ਲਈ: 1/4¼ ਹਿੱਸਾ
(ਹ) ਸ੍ਰੀ ਹਜ਼ੂਰ ਸਾਹਿਬ ਨੰਦੇੜ ਲਈ: 1/8 ਹਿੱਸਾ
(ਕ) ਫਿਰੋਜ਼ਪੁਰ ਦੀ ਅਨਾਥਸ਼ਾਲਾ ਲਈ: 1/8 ਹਿੱਸਾ
ਪੰਜਾਬ ਸਰਕਾਰ ਨੇ ਇਸ ਪੱਤਰ ਬਾਰੇ ਵਿਚਾਰ ਕਰਨ ਉਪਰੰਤ ਇਸ ਮਾਮਲੇ ਵਿਚ ਦੋਵਾਂ ਧਿਰਾਂ ਦੇ ਰਵੱਈਏ ਨੂੰ ਵੇਖਦਿਆਂ ਕੋਈ ਹੋਰ ਕਾਰਵਾਈ ਕਰਨੀ ਉਚਿਤ ਨਾ ਸਮਝੀ ਅਤੇ ਇਸ ਬਾਰੇ ਪੱਤਰ ਨੰ: 174 (ਰਾਜਸੀ-ਦੇਸੀ ਰਿਆਸਤਾਂ) ਮਿਤੀ 14 ਮਾਰਚ 1910 ਦੁਆਰਾ ਹੇਠਲੇ ਅਧਿਕਾਰੀਆਂ ਨੂੰ ਸੂਚਨਾ ਭੇਜ ਦਿੱਤੀ। ਰਾਣੀ ਸੂਰਜ ਕੌਰ ਦੇ ਦੇਹਾਂਤ ਪਿੱਛੋਂ ਇਹ ਜਾਇਦਾਦ ਫ਼ਰੀਦਕੋਟ ਰਿਆਸਤ ਦੇ ਕਬਜ਼ੇ ਵਿਚ ਚਲੀ ਗਈ ਅਤੇ ਮਨੀਮਾਜਰਾ ਰਿਆਸਤ ਦਾ ਅੰਤ ਹੋ ਗਿਆ ਪਰ ਮਨੀਮਾਜਰੇ ਦੇ ਵਸਨੀਕਾਂ ਨੇ ਕਿਲ੍ਹੇ ਨੂੰ ਉਸ ਦੇ ਨਾਂ ਨਾਲ ਜੋੜ ਕੇ ‘ਕਿਲ੍ਹਾ ਸੂਰਜਗੜ੍ਹ’ ਕਹਿਣਾ ਸ਼ੁਰੂ ਕਰ ਦਿੱਤਾ।
ਪੈਪਸੂ ਬਣਨ ਨਾਲ ਫ਼ਰੀਦਕੋਟ ਰਿਆਸਤ ਵੀ ਉਸ ਵਿਚ ਸ਼ਾਮਲ ਹੋ ਗਈ। ਅੰਤਿਮ ਰਾਜੇ ਹਰਿੰਦਰ ਸਿੰਘ ਦੇ ਪੁੱਤਰ ਦਾ ਉਸ ਦੇ ਜਿਉਂਦਿਆਂ ਹੀ ਦੇਹਾਂਤ ਹੋ ਗਿਆ ਤਾਂ ਜਾਇਦਾਦ ਸਾਂਭਣ ਵਾਲਾ ਕੋਈ ਮਰਦ ਵਾਰਸ ਨਾ ਰਿਹਾ। ਕਿਹਾ ਗਿਆ ਕਿ ਰਾਜਾ ਹਰਿੰਦਰ ਸਿੰਘ ਨੇ ਵਸੀਅਤ ਲਿਖ ਕੇ ਆਪਣੀ ਸਾਰੀ ਜਾਇਦਾਦ ਇਕ ਟਰੱਸਟ ਦੇ ਹਵਾਲੇ ਕਰ ਦਿੱਤੀ ਪਰ ਉਸ ਦੀ ਬੇਟੀ ਅੰਮ੍ਰਿਤ ਕੌਰ ਨੇ ਵਸੀਅਤ ਦੀ ਅਸਲੀਅਤ ਉੱਤੇ ਸ਼ੱਕ ਜਤਾਉਂਦਿਆਂ ਕਚਹਿਰੀ ਵਿਚ ਮੁਕੱਦਮਾ ਕਰ ਦਿੱਤਾ ਜਿਸ ਦਾ ਨਿਪਟਾਰਾ ਤਿੰਨ ਦਹਾਕਿਆਂ ਪਿੱਛੋਂ ਅਜੇ ਪਿਛਲੇ ਦਿਨੀਂ ਹੋਇਆ ਹੈ।
ਸੰਪਰਕ: 94170-49417