ਕੇ.ਐਲ. ਗਰਗ
ਮਨਮੋਹਨ ਬਾਵਾ ਨਿਰੰਤਰ ਸਿਰਜਣਾ ਵਿਚ ਰੁੱਝਿਆ ਅਜਿਹਾ ਘੁਮੱਕੜ ਲੇਖਕ ਹੈ ਜਿਸ ਨੇ ਭਾਰਤੀ ਤੇ ਵਿਸ਼ਵ ਇਤਿਹਾਸ ਦੀਆਂ ਅਨੇਕਾਂ ਪਰਤਾਂ ਅਤੇ ਗੁੰਝਲਾਂ ਪੰਜਾਬੀ ਪਾਠਕਾਂ ਦੇ ਸਨਮੁਖ ਖੋਲ੍ਹੀਆਂ ਹਨ। ਇਤਿਹਾਸ, ਕਲਾ, ਯਾਤਰਾ, ਪ੍ਰੇਮ ਮੁਹੱਬਤ ਉਸ ਦੇ ਮਨਭਾਉਂਦੇ ਵਿਸ਼ੇ ਹਨ ਜਿਨ੍ਹਾਂ ’ਤੇ ਕਲਮ ਚਲਾਉਂਦਿਆਂ ਇਤਿਹਾਸਕ ਪਾਤਰਾਂ ਦੇ ਅਨੇਕਾਂ ਭੇਤ ਉਜਾਗਰ ਕੀਤੇ ਹਨ। ਉਹ ਇਤਿਹਾਸਕ ਪਾਤਰਾਂ ਨੂੰ ਜਿਉਂ ਦੇ ਤਿਉਂ ਹੀ ਨਹੀਂ ਸਿਰਜਦਾ ਸਗੋਂ ਉਨ੍ਹਾਂ ਵਿਚ ਆਪਣੀ ਕਲਪਨਾ ਅਤੇ ਤਰਕ ਦੇ ਰੰਗ ਵੀ ਘੋਲ ਕੇ, ਉਨ੍ਹਾਂ ਨੂੰ ਸੁਹਾਂਢਣੇ ਅਤੇ ਦਿਲਚਸਪ ਵੀ ਬਣਾਉਂਦਾ ਹੈ। ਉਸ ਦੇ ਇਤਿਹਾਸਕ ਪਾਤਰ (ਸਿਰਜੇ ਹੋਏ) ਤਰਕ ਅਤੇ ਯਥਾਰਥ ਦੋਵਾਂ ’ਤੇ ਖਰੇ ਉਤਰਦੇ ਹਨ।
‘ਕਹੋ ਰੁਕਮਣੀ’ (ਕੀਮਤ: 395 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ/ ਕੋਟਕਪੂਰਾ) ਉਸ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਕਹਾਣੀ-ਸੰਗ੍ਰਹਿ ਹੈ ਜਿਸ ਵਿਚ ਉਸ ਨੇ ਕੁੱਲ ਸੱਤ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਸਾਰੀਆਂ ਕਹਾਣੀਆਂ ਦੇ ਰੰਗ, ਚਿੱਤਰ ਅਤੇ ਪਾਤਰ ਵੱਖੋ-ਵੱਖਰੇ ਰੰਗਾਂ ਦੇ ਹਨ। ਬਹੁਤੇ ਪਾਤਰ ਪੂਰੀ ਤਰ੍ਹਾਂ ਇਤਿਹਾਸਕ ਨਾ ਹੋ ਕੇ ਵੀ ਵੱਡੇ ਇਤਿਹਾਸਕ ਪਾਤਰਾਂ ਨਾਲ ਜੁੜੇ ਪ੍ਰਤੀਤ ਹੁੰਦੇ ਹਨ। ਦੂਰ-ਦੂਰ ਦੀਆਂ ਥਾਵਾਂ ’ਤੇ ਰਟਨ ਕਰਦਿਆਂ ਉਸ ਨੂੰ ਉੱਥੋਂ ਦੇ ਸਥਾਨਕ ਪਾਤਰ ਵੀ ਲੱਭ ਪੈਂਦੇ ਹਨ ਜਿਨ੍ਹਾਂ ਨੇ ਭਾਵੇਂ ਵੱਡੇ ਇਤਿਹਾਸਕ ਰਣ-ਖੇਤਰ ਵਿਚ ਆਪਣੀ ਧਾਂਕ ਨਾ ਜਮਾਈ ਹੋਵੇ ਪਰ ਆਪਣੇ ਖਿੱਤੇ ਦੇ ਉਹ ਪ੍ਰਸਿੱਧ ਇਤਿਹਾਸਕ ਪਾਤਰ ਹੋ ਨਬਿੜੇ ਹਨ। ਇਹ ਪਾਤਰ ਕਲਾ ਨਾਲ ਜੁੜੇ ਹੋਏ ਹਨ, ਪ੍ਰੇਮ ਦੀ ਨਦੀ ’ਚ ਡੁੱਬੇ ਹੋਏ ਹਨ, ਕਦੀ-ਕਦੀ ਮਨ ਦੇ ਨਾਲ-ਨਾਲ ਸਰੀਰ ਦੀ ਗੱਲ ਵੀ ਸੁਣਦੇ ਪ੍ਰਤੀਤ ਹੁੰਦੇ ਹਨ।
‘ਅਲੋਰਾ ਦੀ ਮਹਾਂਮੇਧਾ’ ਅਲੋਰਾ ਦੀਆਂ ਗੁਫ਼ਾਵਾਂ ਦੇ ਨਿਰਮਾਣ ਵਿਚ ਜੁਟੀ ਇਕ ਕਲਾਕਾਰ ਮਹਿਲਾ ਹੈ ਜਿਸ ਦਾ ਵਿਆਹ ਇਕ ਸੌਦੇਬਾਜ਼ੀ ਤਹਿਤ ਅਮੀਰ ਇੰਦਰ ਸੇਨ ਨਾਲ ਹੋ ਜਾਂਦਾ ਹੈ। ਉਮਰਾਂ ਦਾ ਕਾਫ਼ੀ ਫ਼ਰਕ ਹੋਣ ਕਾਰਨ ਉਸ ਦੀ ਕਾਮ-ਚੇਸ਼ਟਾ ਸੰਤੁਸ਼ਟ ਨਹੀਂ ਹੋ ਪਾਉਂਦੀ ਤੇ ਉਹ ਇਕ ਕਲਾਕਾਰ ਅਸ਼ਵਜੀਤ ਨਾਲ ਆਪਣੇ ਸਬੰਧ ਜੋੜ ਲੈਂਦੀ ਹੈ। ਸਰੀਰਕ ਸੰਤੁਸ਼ਟੀ ਲਈ ਉਹ ਉਸ ਨਾਲ ਵਿਵਰਜਤ ਸਬੰਧ ਵੀ ਜੋੜਦੀ ਹੈ। ਪਤੀ ਨੂੰ ਇਸ ਦਾ ਪਤਾ ਲੱਗਣ ’ਤੇ ਉਹ ਕੋਈ ਪ੍ਰਤਿਕਾਰ ਨਹੀਂ ਕਰਦਾ ਸਗੋਂ ਖੁੱਲ੍ਹਦਿਲੀ ਨਾਲ ਇਸ ਰਿਸ਼ਤੇ ਨੂੰ ਸਵੀਕਾਰ ਕਰ ਲੈਂਦਾ ਹੈ। ਆਖ਼ਰ ਇੰਦਰ ਸੇਨ ਦਾ ਦੇਹਾਂਤ ਹੋ ਜਾਂਦਾ ਹੈ ਤੇ ਮਹਾਂਮੇਧਾ ਉਸ ਦੀ ਸਾਰੀ ਧਨ-ਸੰਪਤੀ ਬੋਧ ਗੁਫ਼ਾਵਾਂ ਅਤੇ ਬੋਧ ਵਿਹਾਰਾਂ ਦੇ ਨਿਰਮਾਣ ਖ਼ਾਤਰ ਦਾਨ ਦੇ ਕੇ ਆਪ ਬੋਧ ਸੰਘ ਵਿਚ ਭਿੱਖਣੀ ਬਣ ਜਾਂਦੀ ਹੈ। ਕਲਾ ਅਤੇ ਅਜੰਤਾ ਅਲੋਰਾ ਦੀਆਂ ਗੁਫ਼ਾਵਾਂ ਦੇ ਨਿਰਮਾਣ ਵਿਚ ਰਾਜਿਆਂ, ਮਹਾਰਾਜਿਆਂ ਅਤੇ ਧਨਾਢ ਲੋਕਾਂ ਦਾ ਵੱਡਾ ਯੋਗਦਾਨ ਰਿਹਾ ਹੈ।
ਕਹਾਣੀ ‘ਸਮਰੂ ਬੇਗ਼ਮ’ ਇਕ ਵੇਸਵਾ ਤੋਂ ਆਪਣਾ ਜੀਵਨ ਸਫ਼ਰ ਸ਼ੁਰੂ ਕਰ ਕੇ ਇਕ ਪੂਰੀ ਜਾਗੀਰ ਦੀ ਮਾਲਕ ਕਿਵੇਂ ਬਣੀ ਤੇ ਉਸ ਨੇ ਆਖ਼ਰੀ ਦਮ ਤੱਕ ਲੜਦਿਆਂ ਅਤੇ ਸੰਘਰਸ਼ ਕਰਦਿਆਂ ਆਪਣੀ ਜਾਗੀਰ ਦੀ ਰੱਖਿਆ ਕੀਤੀ। ਇਕ ਅੰਗਰੇਜ਼ ਸੋਂਬਰ ਜੋ ਇਕ ਫ਼ੌਜੀ ਕਿਸਮ ਦਾ ਅੰਗਰੇਜ਼ ਸੀ, ਸਮਰੂ ਬੇਗ਼ਮ ’ਤੇ ਆਸ਼ਿਕ ਹੋ ਗਿਆ ਸੀ ਅਤੇ ਉਹ ਆਪਣੀ ਹਿੰਮਤ ਤੇ ਦਲੇਰੀ ਨਾਲ ਸਰਧਾਨਾ ਦੀ ਜਾਗੀਰ ਪ੍ਰਾਪਤ ਕਰ ਲੈਂਦਾ ਹੈ। ਸਮਰੂ ਬੇਗ਼ਮ ਆਪਣੀ ਹਿੰਮਤ ਅਤੇ ਦਲੇਰੀ ਕਾਰਨ ਦਿੱਲੀ ਦੇ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਅਤੇ ਸਿੱਖ ਜਰਨੈਲ ਬਘੇਲ ਸਿੰਘ ਜਿਹਿਆਂ ਨਾਲ ਵੀ ਸਬੰਧ ਪੱਕੇ ਕਰਦੀ ਹੈ ਪਰ ਸ਼ਾਤਰ ਕੌਮ ਅੰਗਰੇਜ਼ਾਂ ਨਾਲ ਵਾਹ ਪੈਣ ’ਤੇ ਆਪਣੀ ਸਿਆਣਪ ਦਾ ਭਰਪੂਰ ਮੁਜ਼ਾਹਰਾ ਕੀਤਾ। ਭਰਤਪੁਰ ਦੇ ਮਹਾਰਾਜੇ ਦੇ ਸਾਥ ਕਾਰਨ ਉਸ ਨੂੰ ਖੁੱਸਿਆ ਹੋਇਆ ਸਰਧਾਨਾ ਮੁੜ ਪ੍ਰਾਪਤ ਹੋ ਗਿਆ ਤੇ ਉਸ ਆਖ਼ਰ ’ਚ ਈਸਾਈ ਮੱਤ ਧਾਰਨ ਕਰ ਲਿਆ ਤੇ ਸਰਧਾਨਾ ਵਿਚ ਇਕ ਬਹੁਤ ਵੱਡਾ ਰੋਮਨ ਕੈਥੋਲਿਕ ਸ਼ੈਲੀ ਦਾ ਗਿਰਜਾਘਰ ਬਣਾਇਆ।
‘ਕਹੋ ਰੁਕਮਣੀ’ ਕਹਾਣੀ ਦੀ ਪਿੱਠਭੂਮੀ ਮੁਹੰਮਦ ਤੁਗਲਕ ਵੇਲੇ ਦੀ ਹੈ ਜਿੱਥੇ ਇਕ ਗੰਗੂ ਬ੍ਰਾਹਮਣ ਨਾਂ ਦਾ ਕਾਸ਼ਤਕਾਰ ਖੇਤੀ ਕਰਦਾ ਸੀ ਤੇ ਉਸ ਕੋਲ ਹਸਨ ਨਾਂ ਦਾ ਇਕ ਯਤੀਮ ਪਠਾਣ ਮੁੰਡਾ ਸੀਰੀ ਦਾ ਕੰਮ ਕਰਦਾ ਸੀ। ਉਹ ਗੰਗੂ ਦੀ ਧੀ ਰੁਕਮਣੀ ਦੇ ਪ੍ਰੇਮ ਜਾਲ ’ਚ ਉਲਝ ਜਾਂਦਾ ਹੈ ਪਰ ਜ਼ਮੀਰ ਦਾ ਬੋਝ ਵੀ ਝੱਲ ਨਹੀਂ ਸਕਦਾ। ਆਪਣੀ ਬਹਾਦਰੀ ਅਤੇ ਤਪ ਤੇਜ ਕਾਰਨ ਉਹ ਫ਼ੌਜ ’ਚ ਚੰਗਾ ਨਾਂ ਕਮਾਉਂਦਾ ਹੈ। ਜਾਗੀਰ ਦਾ ਮਾਲਕ ਬਣਦਾ ਹੈ ਤੇ ਖ਼ੁਦਮੁਖਤਿਆਰ ਸ਼ਾਸਕ ਹੋਣ ਦਾ ਐਲਾਨ ਵੀ ਕਰ ਦਿੰਦਾ ਹੈ। ਉਹ ਗੰਗੂ ਬ੍ਰਾਹਮਣ ਨੂੰ ਆਪਣੇ ਪਿਤਾ ਸਮਾਨ ਹੀ ਮੰਨਦਾ ਰਿਹਾ ਤੇ ਉਸ ਦੇ ਨਾਂ ’ਤੇ ਸਿੱਕੇ ਚਲਾਏ, ਆਪਣੀ ਹਕੂਮਤ ਦਾ ਨਾਂ ਬਾਹਮਣੀ ਹਕੂਮਤ ਤੇ ਉਸ ਦੇ ਵਾਰਿਸਾਂ ਨੂੰ ਬਾਹਮਣੀ ਸੁਲਤਾਨ ਆਖ ਕੇ ਮੁਖਾਤਬ ਕੀਤਾ।
‘ਇਕ ਵੱਖਰਾ ਸ਼ਾਂਤੀ ਨਿਕੇਤਨ’ ਆਦਿਵਾਸੀ ਕਲਾਕਾਰ ਕੇਤਕੀ ਅਤੇ ਪੰਜਾਬੀ ਮੁਹਾਂਦਰੇ ਵਾਲੇ ਕਲਾਕਾਰ ਰਘੂਮਣੀ ਦੀ ਕਹਾਣੀ ਹੈ ਜਿਸ ਵਿਚ ਕੇਤਕੀ ਆਦਿਵਾਸੀਆਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਸੰਘਰਸ਼ ਕਰਦੀ ਹੈ ਤੇ ਰਘੂਮਣੀ ਇਸ ਸੰਘਰਸ਼ ਵਿਚ ਉਸ ਦਾ ਸਾਥ ਦੇਣ ਲਈ ਤਿਆਰ ਹੋ ਜਾਂਦਾ ਹੈ। ਉਹ ਆਪਸ ਵਿਚ ਸਰੀਰਕ ਸਬੰਧ ਵੀ ਬਣਾਉਂਦੇ ਹਨ ਅਤੇ ਆਤਮਿਕ ਸਬੰਧ ਵੀ। ਸਰਮਾਏਦਾਰਾਂ ਵੱਲੋਂ ਆਦਿਵਾਸੀਆਂ ਦੇ ਕੀਤੇ ਜਾ ਰਹੇ ਸ਼ੋਸ਼ਣ ਦੇ ਖਿਲਾਫ਼ ਲੜਨ ਦਾ ਅਹਿਦ ਕਰਕੇ ਉਹ ਇਕ ਨਵਾਂ ਸ਼ਾਂਤੀ ਨਿਕੇਤਨ ਵਸਾਉਣ ਦੀ ਹਿੰਮਤ ਕਰਦੇ ਹਨ।
‘ਬੇਅਕਲਾਂ ਦਾ ਜਨਪਦ’ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਸਾਦ-ਮੁਰਾਦੇ ਲੋਕਾਂ ਦੀ ਭੂਮੀਪਤੀਆਂ, ਜਾਗੀਰਦਾਰਾਂ ਅਤੇ ਧਨਾਢਾਂ ਦੇ ਖਿਲਾਫ਼ ਛੇੜੇ ਸੰਘਰਸ਼ ਦੀ ਕਹਾਣੀ ਹੈ ਜਿਸ ਵਿਚ ਇਕ ਖਿੱਤੇ ਦੇ ਕੁਝ ਲੋਕ ਪਿੰਡੋਂ ਨੱਸ ਕੇ ਸ਼ਸਤਰ ਸਿੱਖਿਆ ਪ੍ਰਾਪਤ ਕਰਕੇ ਮੁੜ ਆਪਣੇ ਖਿੱਤੇ ’ਚ ਪ੍ਰਵੇਸ਼ ਕਰਦੇ ਹਨ ਤੇ ਸਮੂਹਿਕ ਤੌਰ ’ਤੇ ਵਿਦਰੋਹ ਕਰਦੇ ਹਨ। ਜਾਗੀਰਦਾਰਾਂ ਤੇ ਉਨ੍ਹਾਂ ਦੇ ਗਿਰੋਹ ਦੇ ਲੋਕਾਂ ਦਾ ਕਤਲੇਆਮ ਕਰਕੇ ਉਹ ਇਕ ਨਵਾਂ ਜਨਪਦ ਕਾਇਮ ਕਰਨ ਲਈ ਤੁਰ ਪੈਂਦੇ ਹਨ ਜਿੱਥੇ ਹਰ ਤਰ੍ਹਾਂ ਦੀ ਆਜ਼ਾਦੀ ਹੋਵੇਗੀ।
‘ਉਹ ਲੋਕ ਜੋ ਹਵਾ ’ਚ ਗੁੰਮ ਹੋ ਗਏ’ ਉਪਰੋਂ ਦੇਖਿਆਂ ਤਾਂ ਨਿਰਮਲ ਜੋਸ਼ੀ ਦੀ ਕਹਾਣੀ ਹੈ ਜੋ ਬਿਸ਼ਨੀ ਨਾਂ ਦੀ ਕੁੜੀ ਨੂੰ ਪਿਆਰ ਕਰਦਾ ਹੈ ਤੇ ਫਿਰ ਉਸ ਦਾ ਪਿੱਛਾ ਕਰਦਿਆਂ ਇੰਗਲੈਂਡ ਪਹੁੰਚ ਜਾਂਦਾ ਹੈ। ਪੂੰਜੀਵਾਦੀ ਪ੍ਰਣਾਲੀ ਵਿਚ ਕੰਮ ਕਰਦਿਆਂ, ਉਹ ਉੱਥੋਂ ਦਾ ਹੀ ਹੋ ਕੇ ਰਹਿ ਜਾਂਦਾ ਹੈ। ਉੱਥੇ ਜਾ ਕੇ ਉਨ੍ਹਾਂ ਦਾ ਮਹਿਮਾਨ ਰਹਿੰਦਿਆਂ ਬਿਸ਼ਨੀ ਨਾਲ ਸਰੀਰਕ ਸਬੰਧ ਵੀ ਬਣਾਉਂਦਾ ਹੈ ਤੇ ਨੈਤਿਕਤਾ ਦੇ ਮਾਪਦੰਡਾਂ ਤੋਂ ਸਰਕਦਾ ਪ੍ਰਤੀਤ ਹੁੰਦਾ ਹੈ। ਪਰ ਅਸਲ ਗੱਲ ਇਹ ਹੈ ਕਿ ਮਨੁੱਖ ਪਰਵਾਸ ਕਰਦਾ ਹੋਇਆ ਆਪਣੀਆਂ ਜੜ੍ਹਾਂ ਆਪਣੇ ਨਾਲ ਹੀ ਚੁੱਕੀ ਫਿਰਦਾ ਰਹਿੰਦਾ ਹੈ ਤੇ ਆਖ਼ਰ ਉਹ ਕਿਤੋਂ ਦਾ ਨਹੀਂ ਰਹਿ ਜਾਂਦਾ। ਨਾ ਇਧਰਲਾ, ਨਾ ਉਧਰਲਾ। ਅਜਿਹੇ ਪਰਵਾਸੀ ਲੋਕ ਹਵਾ ’ਚ ਕਿਧਰੇ ਗੁੰਮ ਹੋ ਜਾਂਦੇ ਹਨ।
‘ਲੁਟੇਰੇ ਉਰਫ਼ ਅਮੀਰ ਅਲੀ’ ਕਹਾਣੀ ਅਮੀਰ ਅਲੀ ਲੁਟੇਰੇ ਦੀ ਕਹਾਣੀ ਹੈ ਜੋ ਇਕ ਆਮ ਲੁਟੇਰਾ ਹੁੰਦਿਆਂ ਹੋਇਆਂ ਵੀ ਆਪਣੀ ਤਾਕਤ ਅਤੇ ਸਿਆਣਪ ਨਾਲ ਕਿਸੇ ਜਾਗੀਰ ਦਾ ਮਾਲਕ ਬਣ ਜਾਂਦਾ ਹੈ ਤੇ ਆਖ਼ਰ ਫ਼ਰੰਗੀਆਂ ਤੱਕ ਨਾਲ ਟੱਕਰ ਲੈਂਦਾ ਹੈ। ਪਰ ਆਖ਼ਰ ਹਾਰ ਜਾਂਦਾ ਹੈ ਤੇ ਫਾਹੇ ਲੱਗਣ ਦੀ ਸਜ਼ਾ ਪਾਉਂਦਾ ਹੈ। ਆਖ਼ਰ ਵੇਲੇ ਇਕ ਚਮਤਕਾਰ ਵਾਪਰਦਾ ਹੈ ਤੇ ਉਸ ਨੂੰ ਇਕ ਸਾਧ ਕੈਦੀ ਰੁਮਾਲ ਨਾਲ ਫਾਹਾ ਦੇ ਕੇ ਅੰਗਰੇਜ਼ਾਂ ਦੇ ਤਸੀਹਿਆਂ ਤੋਂ ਬਚਾ ਲੈਂਦਾ ਹੈ। ਮਰਨ ਲੱਗਿਆਂ ਉਹਦੇ ਚਿਹਰੇ ’ਤੇ ਅੰਤਾਂ ਦਾ ਸਕੂਨ ਹੁੰਦਾ ਹੈ।
ਮਨਮੋਹਨ ਬਾਵਾ ਨੇ ਇਨ੍ਹਾਂ ਕਹਾਣੀਆਂ ਵਿਚ ਰੰਗ-ਬਰੰਗੇ ਵਿਸ਼ੇ ਛੋਹੇ ਹਨ, ਵੱਖਰੀ ਤਰ੍ਹਾਂ ਦੇ ਪਾਤਰ ਲਏ ਹਨ ਜੋ ਚਮਤਕਾਰੀ ਵੀ ਹਨ ਤੇ ਰੌਚਕ ਵੀ। ਇਨ੍ਹਾਂ ਕਹਾਣੀਆਂ ਵਿਚ ਕਲਾ ਦੇ ਰੰਗ ਬਿਖਰੇ ਹੋਏ ਹਨ, ਪ੍ਰੇਮ ਦੀ ਚਰਚਾ ਹੈ, ਸਰੀਰਕ ਮੇਲ ਦਾ ਆਨੰਦ ਹੈ, ਕਿਤੇ-ਕਿਤੇ ਮਨਾਹੀਆਂ ਵੀ ਦਰਕਾਰ ਹਨ। ਕੁੱਲ ਮਿਲਾ ਕੇ ਇਹ ਕਹਾਣੀਆਂ ਦਿਲਚਸਪ ਹਨ ਤੇ ਪਾਠਕ ਦੇ ਦਿਲੋ-ਦਿਮਾਗ ’ਤੇ ਕਿੰਨੀ ਦੇਰ ਛਾਈਆਂ ਰਹਿ ਸਕਦੀਆਂ ਹਨ। ਨਿਵੇਕਲੀ ਸੁਰ ਵਾਲੀਆਂ ਕਹਾਣੀਆਂ ਨੂੰ ਜੀ ਆਇਆਂ ਆਖਣਾ ਬਣਦਾ ਹੀ ਹੈ।
ਸੰਪਰਕ: 94635-37050