ਕੇ.ਐਲ. ਗਰਗ
ਅਰਵਿੰਦਰ ਕੌਰ ਧਾਲੀਵਾਲ ਨੇ ਅਨੁਵਾਦ, ਲਿਪੀਆਂਤਰ ਤੇ ਆਲੋਚਨਾ ਦੇ ਖੇਤਰ ਵਿਚ ਜ਼ਿਕਰਯੋਗ ਕੰਮ ਕੀਤਾ ਹੈ। ਸ਼ਾਹਿਦ ਨਦੀਮ ਦੇ ਸਾਰੇ ਨਾਟਕ ਪੰਜਾਬੀ ਪਾਠਕਾਂ ਸਨਮੁੱਖ ਪੇਸ਼ ਕਰਨ ਦਾ ਵੱਡਾ ਉਪਰਾਲਾ ਉਸ ਕੀਤਾ ਹੈ। ‘ਝਾਂਜਰਾਂ ਵਾਲੇ ਪੈਰ’ (ਕੀਮਤ: 200 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ/ਕੋਟਕਪੂਰਾ) ਉਸ ਦਾ ਪਲੇਠਾ ਕਹਾਣੀ-ਸੰਗ੍ਰਹਿ ਹੈ ਜਿਸ ਵਿਚ ਉਸ ਨੇ ਕੁੱਲ ਦਸ ਕਹਾਣੀਆਂ ਸ਼ਾਮਿਲ ਕੀਤੀਆਂ ਹਨ।
ਅਰਵਿੰਦਰ ਕੌਰ ਧਾਲੀਵਾਲ ਆਪਣੀਆਂ ਇਨ੍ਹਾਂ ਕਹਾਣੀਆਂ ਵਿਚ ਔਰਤ-ਮਰਦ ਦੇ ਰਿਸ਼ਤਿਆਂ ਦੇ ਅਜਿਹੇ ਅਲੋਕਾਰੀ ਅਤੇ ਵਿਕੋਲਿਤਰੇ ਚਿੱਤਰ ਅਤੇ ਪਾਤਰ ਪੇਸ਼ ਕਰਦੀ ਹੈ ਜੋ ਪੰਜਾਬੀ ਕਹਾਣੀ ਦੇ ਰਵਾਇਤੀ ਪਾਠਕ ਲਈ ਰੋਮਾਂਚਕਾਰੀ ਹਨ, ਉਸ ਦੀ ਜਗਿਆਸਾ ਨੂੰ ਨਵੀਂ ਦ੍ਰਿਸ਼ਟੀ ਅਤੇ ਨਵੇਂ ਦ੍ਰਿਸ਼ਟਾਂਤਾਂ ਦੇ ਸਨਮੁੱਖ ਹੋਣਾ ਪੈਂਦਾ ਹੈ। ਵਿਸ਼ੇ ਰਵਾਇਤੀ ਲੀਕ ਤੋਂ ਹਟ ਕੇ ਹਨ। ਇਸੇ ਲਈ ਪਾਠਕ ਨੂੰ ਚਕਾਚੌਂਧ ਕਰਦੇ ਹਨ ਅਤੇ ਉਸ ਦੀ ਮਰਿਆਦਾ ਲਈ ਵੀ ਸੰਕਟ ਖੜ੍ਹਾ ਕਰਦੇ ਹਨ। ਕਹਾਣੀਆਂ ਦੇ ਵਿਸ਼ੇ ਨਵੀਨ ਸੰਵਦੇਨਾ ਦੀ ਘਾੜਤ ਘੜਦੇ ਪ੍ਰਤੀਤ ਹੁੰਦੇ ਹਨ। ਕਹਾਣੀਆਂ ਵਿਚ ਲੇਖਿਕਾ ਆਮ ਹੀ ਇਕ ਅਜਿਹਾ ਓਹਲਾ ਸਿਰਜਦੀ ਹੈ ਜੋ ਪਾਠਕ ਨੂੰ ਹਲੂਣਨ ਅਤੇ ਸੋਚਣ ਲਈ ਮਜਬੂਰ ਕਰਦਾ ਹੈ।
‘ਆਪਣੇ ਹਿੱਸੇ ਦਾ ਅਸਮਾਨ’ ਕਹਾਣੀ ਘਰੇਲੂ ਸੰਕਟ ’ਚੋਂ ਲੰਘਦੀ ਹੋਈ ਕਈ ਪ੍ਰਸ਼ਨ ਖੜ੍ਹੇ ਕਰਦੀ ਹੈ। ਪਤੀ ਦਿਆਲ ਔਲਾਦ ਪੈਦਾ ਕਰਨ ਦੇ ਯੋਗ ਨਹੀਂ ਹੈ। ਉਸ ਦੇ ਟੈਸਟ ਪਾਜ਼ੇਟਿਵ ਆਏ ਹਨ ਪਰ ਪਤਨੀ ਪਾਲੀ ਕੁਝ ਦੇਰ ਤੋਂ ਗਰਭਵਤੀ ਹੈ। ਡਾਕਟਰ ਇਸ ਨੂੰ ਚਮਤਕਾਰ ਕਹਿ ਕੇ ਟਾਲਾ ਵੱਟਦੇ ਹਨ। ਪਤੀ ਦੇ ਮਰਦ ਸ਼ਾਵਨਵਾਦ ਨੂੰ ਸੱਟ ਵੱਜਦੀ ਹੈ। ਉਸ ਦੀ ਹਉਮੈਂ ਨੂੰ ਡੰਗ ਵੱਜਦੇ ਹਨ। ਉਹ ਕੁੱਟ-ਮਾਰ ਹਿੰਸਾ ਦਾ ਸਹਾਰਾ ਲੈਂਦਾ ਹੋਇਆ ਪਤਨੀ ’ਤੇ ਤਸ਼ਦੱਦ ਕਰਦਾ ਹੈ। ਆਖ਼ਰ ਪਤਨੀ ਵਿਦਰੋਹ ਕਰਦੀ ਹੈ ਤੇ ਔਲਾਦ ਨੂੰ ਆਪਣੀ ਤੇ ਆਪਣੀ ਦੱਸਣ ਦਾ ਸਾਹਸ ਕਰਦੀ ਹੈ। ਲੇਖਿਕਾ ਪਾਠਕਾਂ ਲਈ ਓਹਲਾ ਇਹ ਸਿਰਜਦੀ ਹੈ ਕਿ ਸ਼ਾਇਦ ਬੱਚੇਦਾਨੀ ਦੇ ਆਪਰੇਸ਼ਨ ਵੇਲੇ ਡਾਕਟਰ ਨੇ ਉਸ ਨਾਲ ਸੰਭੋਗ ਕੀਤਾ ਹੋਵੇ ਕਿਉਂਕਿ ਆਪਰੇਸ਼ਨ ਤੋਂ ਬਾਅਦ ਪਾਲੀ ਨੂੰ ਆਪਣੇ ਜਿਸਮ ਵਿਚ ਉਹੋ ਜਿਹੀਆਂ ਹੀ ਝਰਨਾਹਟਾਂ ਤੇ ਅਲਾਮਤਾਂ ਮਹਿਸੂਸ ਹੁੰਦੀਆਂ ਹਨ। ਆਖ਼ਰ ਤੱਕ ਪਾਠਕ ਨੂੰ ਸਮਝ ਨਹੀਂ ਪੈਂਦੀ ਕਿ ਆਖ਼ਰ ਬੱਚੇ ਦਾ ਅਸਲ ਬਾਪ ਕੌਣ ਹੈ।
‘ਆਖ਼ਰ ਉਹ ਹਾਰ ਗਿਆ’ ਦੀ ਔਰਤ ਮਨਜੀਤ ਆਪਣੀ ਕਿਸ਼ੋਰ ਅਵਸਥਾ ਦੇ ਪਹਿਲੇ ਪਿਆਰ ਨੂੰ ਕਦੀ ਨਹੀਂ ਭੁੱਲਦੀ। ਵੈਸੇ ਵੀ ਕਿਸੇ ਨੂੰ ਪਹਿਲਾ ਪਿਆਰ ਭੁੱਲਣਾ ਸਹਿਜ ਨਹੀਂ ਹੁੰਦਾ। ਵਿਆਹੇ ਵਰੇ ਜਾਣ ਤੇ ਬਾਲ ਬੱਚੇਦਾਰ ਹੋ ਜਾਣ ਦੇ ਕਈ ਵਰ੍ਹਿਆਂ ਬਾਅਦ ਵੀ ਉਹ ਸੁੱਖ ਨੂੰ ਆਪਣਾ ਸਭ ਕੁਝ ਅਰਪਣ ਕਰਨ ਲਈ ਤਿਆਰ ਹੀ ਨਹੀਂ ਹੁੰਦੀ ਸਗੋਂ ਅਰਪਣ ਕਰ ਹੀ ਦਿੰਦੀ ਹੈ ਤੇ ਉਹ ਇਹ ਸੋਚ ਕੇ ਗਵਾਰਾ ਕਰ ਲੈਂਦੀ ਹੈ ਕਿ ਕਈ ਵਾਰ ਬਿੱਲੀ ਨੂੰ ਆਪ ਵੀ ਪਤਾ ਨ੍ਹੀਂ ਹੁੰਦਾ ਕਿ ਉਹ ਮਾਰੀ ਗਈ ਹੈ।
ਪਹਿਲੇ ਪਿਆਰ ਦੀ ਸ਼ਿਦੱਤ ਕਹਾਣੀ ‘ਨੀਲੇ ਮੋਰਾਂ ਵਾਲੀ ਚਾਦਰ’ ਵਿਚੋਂ ਵੀ ਮਹਿਸੂਸ ਕੀਤੀ ਜਾ ਸਕਦੀ ਹੈ। ਔਰਤ ਦਾ ਪਹਿਲਾ ਤੇ ਪੁਰਾਣਾ ਪ੍ਰੇਮੀ ਉਸ ਨੂੰ ਨੀਲੇ ਮੋਰਾਂ ਵਾਲੀ ਚਾਦਰ ਭੇਂਟ ਦੇ ਕੇ ਜਾਂਦਾ ਹੈ ਤੇ ਉਸ ਨੂੰ ਚਿੱਠੀ ਰਾਹੀਂ ਉਸ ਦਾ ਹੁਸਨ ਯਾਦ ਕਰਵਾਉਂਦਾ ਹੈ। ਪਤੀ ਨੂੰ ਪਤਾ ਲੱਗਣ ’ਤੇ ਕੁੱਟ ਮਾਰ ਤੇ ਹਿੰਸਾ ਤਾਂ ਹੁੰਦੀ ਹੈ, ਆਪਸੀ ਸਬੰਧਾਂ ਦਾ ਤੋੜ-ਵਿਛੋੜਾ ਵੀ ਹੁੰਦਾ ਹੈ। ਪ੍ਰੇਮੀ ਦੇ ਫ਼ੌਜ ਵਿਚ ਮਾਰੇ ਜਾਣ ’ਤੇ ਔਰਤ ਪਤੀ ਦੇ ਹੁੰਦਿਆਂ-ਸੁੰਦਿਆਂ ਵਿਧਵਾਵਾਂ ਵਾਂਗ ਹੰਝੂ ਕੇਰਦੀ ਹੈ, ਕਲਪਦੀ ਹੈ। ਪਤੀ ਦੀ ਮੌਤ ’ਤੇ ਨੀਲੇ ਮੋਰਾਂ ਵਾਲੀ ਚਾਦਰ ਵਿਛਾ ਕੇ ਉਸ ਉੱਤੇ ਬੈਠ ਬਾਣੀ ਦਾ ਪਾਠ ਕਰਨ ਲੱਗਦੀ ਹੈ।
‘ਹੈਸ਼ ਟੈਗ # ਤੂੰ ਉਹ’ ਕਹਾਣੀ ਵੀ ਔਰਤ ਦੇ ਵਿਦਰੋਹ ਦੀ ਕਹਾਣੀ ਹੈ ਜੋ ਆਪਣੇ ਪਤੀ ਦੇ ਦੂਸਰੀ ਔਰਤ ਨਾਲ ਪੈਦਾ ਹੋਏ ਸਬੰਧਾਂ ਨੂੰ ਸਵੀਕਾਰ ਕਰਨ ਜਾਂ ਝੱਲਣ ਤੋਂ ਇਨਕਾਰੀ ਹੈ ਤੇ ਉਸ ਘਰ ’ਚ ਰਹਿੰਦਿਆਂ ਵੀ ਪਤੀ ਨਾਲੋਂ ਸਾਰੇ ਸਬੰਧ ਤੋੜ ਲੈਂਦੀ ਹੈ।
‘ਗਰਦਿਸ਼’ ਕਹਾਣੀ ਇਕ ਅਜਿਹੀ ਔਰਤ ਦੀ ਕਹਾਣੀ ਹੈ ਜੋ ਦੁੱਖਾਂ ਦੀ ਮਾਰ ਸਹਿੰਦੀ ਹੋਈ ਵੀ ਅਣਮਨੁੱਖੀ ਵਰਤਾਰੇ ਵੱਲ ਰੁਚਿਤ ਹੈ। ਉਸ ਦਾ ਪਤੀ ਮਰ ਜਾਂਦਾ ਹੈ, ਪੁੱਤਰ ਹੱਥੋਂ ਨਿਕਲ ਜਾਂਦਾ ਹੈ, ਪੋਤਾ ਅਮਰੀਕਾ ਚਲਾ ਜਾਂਦਾ ਹੈ ਜਿੱਥੇ ਉਸ ਨੂੰ ਕਰੋਨਾ ਹੋ ਜਾਂਦਾ ਹੈ। ਇਕ ਪਰਵਾਸੀ ਨੌਕਰ ਜੋ ਘਰ ਦੀ ਸਾਂਭ-ਸੰਭਾਲ ਕਰਦਾ ਹੈ, ਦਾ ਟੱਬਰ ਗੱਡੀ ਹੇਠ ਆ ਕੇ ਲਿਤਾੜਿਆ ਜਾਂਦਾ ਹੈ। ਉਸ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਥਾਂ ਉਹ ਪੋਤੇ ਦੀ ਰਿਪੋਰਟ ਨੈਗੇਟਿਵ ਆ ਜਾਣ ’ਤੇ ਚੁੱਲ੍ਹੇ ’ਚ ਮਿਰਚਾਂ ਵਾਰਨ ਚਲੀ ਜਾਂਦੀ ਹੈ।
‘ਝਾਂਜਰਾਂ ਵਾਲੇ ਪੈਰ’ ਅਜਿਹੇ ਜ਼ਲੀਲ ਤੇ ਅਣਮਨੁੱਖੀ ਸੁਭਾਅ ਵਾਲੇ ਲੋਕਾਂ ਦਾ ਬਿਰਤਾਂਤ ਹੈ ਜੋ ਮਨਬਚਨੀ ਰਾਹੀਂ ਆਪਣੀ ਕਥਾ ਬਿਆਨ ਕਰਦੇ ਹਨ। ਉਹ ਮੁਰਦਿਆਂ ਨੂੰ ਡੈੱਡ ਹਾਊਸ ਵਿਚ ਸੰਭਾਲਣ ਦਾ ਕਾਰਜ ਕਰਦੇ ਹਨ ਤੇ ਮੁਰਦਾਰ ਮਾਦਾ ਪਾਤਰਾਂ ਨਾਲ ਸੰਭੋਗ ਤੀਕ ਕਰਦੇ ਦਿਖਾਏ ਗਏ ਹਨ। ਇਕ ਬਹੁਤ ਹੀ ਸੁਹਣੀ ਔਰਤ ਨਾਲ ਸੰਭੋਗ ਕਰਦਿਆਂ ਉਹ ਜੀਵਤ ਹੋ ਉੱਠਦੀ ਹੈ ਜਿਸ ਨੂੰ ਭੁਲੇਖੇ ਨਾਲ ਮੁਰਦਾ ਸਮਝ ਲਿਆ ਜਾਂਦਾ ਹੈ। ਮੈਂ ਪਾਤਰ ਸੰਭੋਗ ਕਰਦਿਆਂ ਨਿਪੁਸੰਕ ਤੱਕ ਹੋ ਜਾਂਦਾ ਹੈ ਜਿਸ ਕਾਰਨ ਉਸ ਦੀ ਪਤਨੀ ਆਪਣੇ ਮੁਸ਼ਕ ਮਾਰੇ ਦਿਉਰ ਨਾਲ ਸੰਬੰਧ ਬਣਾ ਲੈਂਦੀ ਹੈ।
‘ਮਤ ਸ਼ਰਮਿੰਦਾ ਥੀਵਹੀ’ ਇਕ ਸਫ਼ਲ ਐਕਸੀਅਨ ਦੀ ਕਹਾਣੀ ਹੈ ਜਿਸ ਕੋਲ ਧਨ, ਮਾਣ-ਇੱਜ਼ਤ ਤੇ ਸ਼ਾਨ ਸ਼ੌਕਤ ਹੈ। ਉਸ ਨੂੰ ਆਪਣੇ ਬੱਚਿਆਂ ’ਤੇ ਮਾਣ ਹੈ। ਉਸ ਦੀ ਧੀ ਦਿੱਲੀ ਪੜ੍ਹਦੀ ਹੈ। ਮੁੰਡਾ ਵੀ ਚੰਗਾ ਪੜ੍ਹ ਲਿਖ ਗਿਆ ਹੈ। ਦਿੱਲੀ ਫੇਰੀ ਦੌਰਾਨ ਮਹਿਕਮੇ ਵੱਲੋਂ ਉਸ ਦੀ ਇੱਜ਼ਤ-ਮਾਣ ਲਈ ਉਸ ਨੂੰ ਗਸ਼ਤੀ ਪੇਸ਼ ਕੀਤੀ ਜਾਂਦੀ ਹੈ ਜੋ ਉਸ ਦੀ ਆਪਣੀ ਧੀ ਹੀ ਨਿਕਲਦੀ ਹੈ। ਉਹ ਮਰਦੇ ਦਮ ਤੱਕ ਉਸ ਦੀ ਸ਼ਕਲ ਨਹੀਂ ਦੇਖਣਾ ਚਾਹੁੰਦਾ। ਉਸ ਦੇ ਆਉਣ ਦੀ ਖ਼ਬਰ ਸੁਣ ਕੇ ਹੀ ਉਸ ਦੇ ਪ੍ਰਾਣ ਪੰਖੇਰੂੰ ਉੱਡ ਜਾਂਦੇ ਹਨ।
‘ਕੁਆਰ ਗੰਦਲ’ ਇਕ ਅਜਿਹੀ ਔਰਤ ਦੀ ਕਹਾਣੀ ਹੈ ਜੋ ਜੀਵਨ ਵਿਚ ਦੁਖੀ ਹੈ ਪਰ ਧਰਮ ਦੀ ਸ਼ਰਨ ਵਿਚ ਆ ਕੇ ਉਸ ਦੀ ਜ਼ਿੰਦਗੀ ਸੁਧਰ ਜਾਂਦੀ ਹੈ ਤੇ ਉਹ ਜ਼ਿੰਦਗੀ ਨੂੰ ਮਾਨਣ ਦੇ ਯੋਗ ਹੋ ਜਾਂਦੀ ਹੈ।
‘ਵੇਦਨ ਕਹੀਏ ਕਿਸ’ ਬਾਬਾ ਦੀਸ਼ਾ, ਨੂਰੀ, ਕੁੰਤੀ, ਮੰਗਾ ਤੇ ਚਿੱਚੜ ਜਿਹੇ ਪਾਤਰਾਂ ਦਾ ਬਿਰਤਾਂਤ ਹੈ ਜੋ ਲਾਵਾਰਿਸ ਲਾਸ਼ਾਂ ਸਾੜਨ ਦਾ ਧੰਦਾ ਕਰਦੇ ਹੋਏ, ਸੁਖ ਚੈਨ ਦੀ ਜ਼ਿੰਦਗੀ ਬਤੀਤ ਕਰਦੇ ਹਨ। ਕਹਾਣੀ ਵਿਚ ਮੋੜ ਉਦੋਂ ਆਉਂਦਾ ਹੈ ਜਦੋਂ ਬਾਬੇ ਦੀਸ਼ ਦੀ ਧੀ ਨੂਰੀ ਕਿਸੇ ਅਮੀਰ ਮੁੰਡੇ ਨਾਲ ਪ੍ਰੇਮ ਕਰਨ ਲੱਗਦੀ ਹੈ ਤੇ ਘਰੋਂ ਚਲੀ ਜਾਂਦੀ ਹੈ। ਬਾਬਾ ਉਸ ਦੇ ਭਵਿੱਖ ਬਾਰੇ ਚਿੰਤਤ ਹੈ। ਅਮੀਰਾਂ ਵੱਲੋਂ ਕੁੜੀਆਂ ਨੂੰ ਖੇਹ-ਖਰਾਬ ਕਰਨ ਦੀਆਂ ਕਹਾਣੀਆਂ ਉਨ੍ਹਾਂ ਸੁਣੀਆਂ ਹੋਈਆਂ ਸਨ। ਪਰ ਜਦੋਂ ਉਨ੍ਹਾਂ ਦੀਆਂ ਲਾਸ਼ਾਂ ਗੱਡੀ ਦੀ ਲੀਹ ਤੋਂ ਕੱਟੀਆਂ ਵੱਢੀਆਂ ਮਿਲੀਆਂ ਤਾਂ ਬਾਬੇ ਦੀ ਚਿੰਤਾ ਟਲ ਜਾਂਦੀ ਹੈ ਤੇ ਉਹ ਉਨ੍ਹਾਂ ਦਾ ਸਸਕਾਰ ਵੀ ਠਰ੍ਹੰਮੇ ਨਾਲ ਕਰਦਾ ਪ੍ਰਤੀਤ ਹੁੰਦਾ ਹੈ।
‘ਲਿਪ ਗਲੌਸ’ ਦਾ ਨਾਇਕ ਜਿਮ ਵਿਚ ਟਰੇਨਰ ਹੈ ਜਿੱਥੇ ਉੱਚ ਵਰਗ ਦੀਆਂ ਕਾਮੁਕ ਕੁੜੀਆਂ ਜਿਮ ਕਰਨ ਆਉਂਦੀਆਂ ਹਨ ਤੇ ਉਹ ਉਨ੍ਹਾਂ ਨੂੰ ਭੋਗਦਾ ਵੀ ਹੈ। ਪਰ ਜੋ ਤਸੱਲੀ ਤੇ ਇਤਮੀਨਾਨ ਉਸ ਨੂੰ ਆਪਣੀ ਨਵੀਂ ਪਤਨੀ ਗੀਨਾ ਕੋਲੋਂ ਮਿਲਦਾ ਹੈ, ਉਸ ਦਾ ਜਵਾਬ ਨਹੀਂ ਹੈ।
ਇਸ ਤਰ੍ਹਾਂ ਇਹ ਕਹਾਣੀਆਂ ਵੱਖਰੇ ਪਰਿਵੇਸ਼, ਵੱਖਰੇ ਯਥਾਰਥ ਅਤੇ ਅਲੌਕਿਕਤਾ ਵਾਲੀਆਂ ਹਨ ਜਿਨ੍ਹਾਂ ਵਿਚ ਕਥਾ ਰਸ ਅਤੇ ਵਚਿਤੱਰਤਾ ਦੋਵੇਂ ਮੌਜੂਦ ਹਨ। ਕਹਾਣੀਕਾਰ ਕਿਰਪਾਲ ਕਜ਼ਾਕ ਦਾ ਇਨ੍ਹਾਂ ਕਹਾਣੀਆਂ ਬਾਰੇ ਬਿਆਨ ਵੀ ਧਿਆਨ ਦੀ ਮੰਗ ਕਰਦਾ ਹੈ: ‘‘ਅਰਵਿੰਦਰ ਧਾਲੀਵਾਲ ਅਧੂਰੇ, ਅਤ੍ਰਿਪਤ, ਖੰਡਿਤ, ਦਲਿਤ/ਦਮਿਤ ਅਤੇ ਸ਼ਹਿਰੀ ਮੱਧਵਰਗ ਦੀ ਮੱਚਦੀ, ਤਪਦੀ, ਤੜਫ਼ਦੀ ਅਤੇ ਸੁਪਨਿਆਂ ਦੀ ਤਾਮੀਰ ਲਈ ਤਾਂਘਦੀ ਸ਼ਿੱਦਤ ਅਤੇ ਪੀੜ ਨੂੰ ਪਰਨਾਈ ਕਹਾਣੀਕਾਰ ਹੈ। ਇਨ੍ਹਾਂ ਕਹਾਣੀਆਂ ਵਿਚ ਧਾਲੀਵਾਲ ਨੇ ਸੱਜਰੇ ਪ੍ਰਤੀਕ, ਨਿਵੇਕਲੇ ਵਿਸ਼ੇ ਅਤੇ ਗਲਪੀ ਮੁਹਾਵਰੇ ਵਿਚ ਨਾਬਰੀ ਵਾਲੇ ਕਿਰਦਾਰ ਸਿਰਜਕੇ ਆਪਣੀ ਪ੍ਰਤਿਭਾ ਦਾ ਸਿੱਕਾ ਮਨਵਾਇਆ ਹੈ।’’