ਸਤਨਾਮ ਸ਼ਦੀਦ ਸਮਾਲਸਰ
ਪਿੰਡ ਤੋਂ ਬਾਹਰ ਨਹਿਰ ਕੋਲ ਬਣੇ ਸਕੂਲ ਵਿੱਚ ਪੰਦਰਾਂ ਅਗਸਤ ਨੂੰ ਆਜ਼ਾਦੀ ਦਾ ਬਹੁਤ ਵੱਡਾ ਸਮਾਗਮ ਮਨਾਇਆ ਜਾ ਰਿਹਾ ਸੀ। ਸਕੂਲ ਦੇ ਬਾਹਰ ਟੈਂਟ ਵਿੱਚ ਕੁਰਸੀਆਂ ਲਾ ਕੇ ਵੱਡਾ ਸਾਰਾ ਪੰਡਾਲ ਸਜਾਇਆ ਹੋਇਆ ਸੀ। ਪੰਡਾਲ ਸਾਹਮਣੇ ਇੱਕ ਉੱਚਾ ਜਿਹਾ ਮੰਚ ਲਗਾ ਕੇ ਮੋਹਤਬਾਰ ਬੰਦਿਆਂ ਦੇ ਬੈਠਣ ਲਈ ਸੋਫੇ ਲਗਾ ਕੇ ਮੇਜ਼ਾਂ ਉੱਤੇ ਖਾਣ ਲਈ ਕਈ ਤਰ੍ਹਾਂ ਦੇ ਮੇਵੇ ਰੱਖੇ ਹੋਏ ਸਨ। ਸਕੂਲ ਦੇ ਬੱਚਿਆਂ ਸਮੇਤ ਉਨ੍ਹਾਂ ਦੇ ਮਾਪੇ ਵੀ ਇਸ ਸਮਾਗਮ ਵਿੱਚ ਪਹੁੰਚੇ ਹੋਏ ਸਨ। ਦੇਸ਼ਭਗਤੀ ਦੇ ਗੀਤ ਚੱਲ ਰਹੇ ਸਨ। ਇੰਨੇ ਨੂੰ ਇੱਕ ਮੰਤਰੀ ਦੀ ਹੂਟਰ ਮਾਰਦੀ ਗੱਡੀ ਸਕੂਲ ਵਿੱਚ ਦਾਖਲ ਹੋਈ ਜਿਸ ਨਾਲ ਦਸ ਬਾਰਾਂ ਹੋਰ ਗੱਡੀਆਂ ਅਤੇ ਕਿੰਨੇ ਸਾਰੇ ਪੁਲੀਸ ਵਾਲੇ ਵੀ ਸਨ। ਮੰਤਰੀ ਸਾਹਿਬ ਦੇ ਆਉਂਦਿਆਂ ਹੀ ਉਨ੍ਹਾਂ ਦਾ ਹਾਰ ਪਾ ਕੇ ਸੁਆਗਤ ਕੀਤਾ ਗਿਆ। ਉਨ੍ਹਾਂ ਨੇ ਦੇਸ਼ ਦਾ ਝੰਡਾ ਲਹਿਰਾਇਆ। ਇਹ ਸਭ ਸਕੂਲ ਦੇ ਬਾਹਰਲੀ ਕੰਧ ਕੋਲ ਪਹੀ ਤੋਂ ਪੱਠੇ ਖੋਤਦੀ ਗੇਲੋ ਦੀ ਪੰਜ-ਛੇ ਸਾਲਾਂ ਦੀ ਕੁੜੀ ਭਿੱਲੀ ਸਕੂਲ ਦੀ ਕੰਧ ਨਾਲ ਖੜ੍ਹੀ ਆਪਣੀ ਪੱਠਿਆਂ ਵਾਲੀ ਰੇਹੜੀ ’ਤੇ ਖੜ੍ਹੀ ਦੇਖ ਰਹੀ ਸੀ। ਉਹ ਸਕੁੂਲੀ ਬੱਚਿਆਂ ਨੂੰ ਹੱਸਦੇ ਗਾਉਂਦੇ ਵੇਖਦੀ ਆਪਣੇ ਆਪ ਵਿੱਚ ਖ਼ੁਸ਼ ਹੋਈ ਜਾਂਦੀ ਸੀ। ਇੰਨੇ ਨੂੰ ਮੰਤਰੀ ਜੀ ਨੂੰ ਮੰਚ ’ਤੇ ਆਉਣ ਦਾ ਸੱਦਾ ਦਿੱਤਾ ਗਿਆ। ਉਹ ਆਪਣੇ ਦੋ ਗੰਨਮੈਨਾਂ ਨਾਲ ਮੰਚ ’ਤੇ ਆਏ ਤੇ ਭਾਸ਼ਣ ਦੇਣ ਲੱਗੇ, ‘‘ਦੇਸ਼ ਵਾਸੀਓ! ਅਸੀਂ ਅੱਜ ਸਾਡੇ ਦੇਸ਼ ਦਾ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ। ਅੱਜ ਸਾਨੂੰ ਆਜ਼ਾਦੀ ਮਿਲਿਆ ਸਤੱਤਰ ਸਾਲ ਹੋ ਗਏ ਹਨ। ਆਜ਼ਾਦੀ ਮਿਲਣ ਤੋਂ ਪਹਿਲਾਂ ਅਸੀਂ ਅੰਗਰੇਜ਼ਾਂ ਦੇ ਗ਼ੁਲਾਮ ਹੁੰਦੇ ਸੀ। ਅਸੀਂ ਆਪਣੀ ਮਰਜ਼ੀ ਨਾਲ ਕੋਈ ਕੰਮ ਨਹੀਂ ਕਰ ਸਕਦੇ ਸੀ। ਇੱਥੋਂ ਤੱਕ ਕਿ ਅਸੀਂ ਆਪਣੇ ਖੇਤਾਂ ਵਿੱਚ ਫ਼ਸਲ ਵੀ ਬੀਜ ਜਾਂ ਵੱਢ ਨਹੀਂ ਸਕਦੇ ਸੀ…।”
ਜਦੋਂ ਗੇਲੋ ਪੱਠਿਆਂ ਦਾ ਥੱਬਾ ਭਰ ਕੇ ਰੇਹੜੀ ’ਤੇ ਸੁੱਟਣ ਲੱਗੀ ਤਾਂ ਕੰਧ ਨਾਲ ਖੜ੍ਹੀ ਭਿੱਲੀ ਨੇ ਮਾਂ ਨੂੰ ਕਿਹਾ, ‘‘ਮਾਂ, ਇਹ ਆਜ਼ਾਦੀ ਕੀ ਹੁੰਦੀ ਏ?’’ ਉਸ ਨੇ ਚੁੰਨੀ ਦੇ ਪੱਲੇ ਨਾਲ ਆਪਣਾ ਮੁੜ੍ਹਕਾ ਪੂੰਝਦਿਆਂ ਕਿਹਾ, ‘‘ਧੀਏ, ਇਹ ਆਜ਼ਾਦੀ ਮਹਿਲਾਂ ਵਿੱਚ ਵੱਸਦੀ ਏ ਤੇ ਗੱਡੀਆਂ ਵਿੱਚ ਘੁੰਮਦੀ ਏ। ਸਾਡੇ ਕੁੱਤੀ ਦੇ ਘੁਰਨਿਆਂ ਵਰਗੇ ਘਰਾਂ ਤੋਂ ਡਰਦੀ ਏ ਇਹ ਆਜ਼ਾਦੀ।” ਮਾਂ ਦੇ ਕਹੇ ਬੋਲਾਂ ਦੀ ਭਿੱਲੀ ਨੂੰ ਰਤਾ ਵੀ ਸਮਝ ਨਾ ਆਈ ਤੇ ਉਹ ਫਿਰ ਕਹਿਣ ਲੱਗੀ, ‘‘ਮਾਂ, ਅੱਜ ਆਪਾਂ ਵੀ ਆਜ਼ਾਦੀ ਦਿਹਾੜਾ ਮਨਾਵਾਂਗੇ ਘਰੇ ਜਾ ਕੇ।” ਇੰਨੇ ਨੂੰ ਖੇਤ ਦੇ ਮਾਲਕ ਨੇ ਪਹੀ ’ਤੇ ਖੜ੍ਹ ਕੇ ਆਵਾਜ਼ ਦਿੰਦਿਆਂ ਕਿਹਾ, ‘‘ਕਿਹੜੀ ਐਂ ਤੂੰ ਸਾਡਾ ਝੋਨਾ ਮਿੱਧਦੀ ਫਿਰਦੀ ਐਂ? ਤੇਰੇ ਪਿਉ ਦਾ ਖੇਤ ਐ! ਆ ਜਾਂਦੀਆਂ ਨੇ ਮੂੰਹ ਚੱਕ ਕੇ। ਆਹ ਪੱਠੇ ਇੱਥੇ ਹੀ ਰੱਖ ਜਾ ਨਹੀਂ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਣਾ।” ਜਿਮੀਂਦਾਰ ਦੇ ਮਾਂ ਨੂੰ ਮਾਰੇ ਦਬਕੇ ਨਾਲ ਕੁੜੀ ਡਰ ਕੇ ਮਾਂ ਦੇ ਨਾਲ ਲੱਗ ਗਈ ਤੇ ਗੇਲੋ ਰੇਹੜੀ ਵਿੱਚ ਲੱਦੇ ਪੱਠੇ ਕੱਢ ਕੇ ਬਾਹਰ ਸੁੱਟਣ ਲੱਗੀ। ਮਾਂ ਨੂੰ ਇਉਂ ਪੱਠੇ ਸੁੱਟਦਿਆਂ ਦੇਖ ਕੁੜੀ ਕਹਿਣ ਲੱਗੀ, ‘‘ਮਾਂ, ਇਹ ਪੱਠੇ ਆਪਣੇ ਨਹੀਂ! ਅੱਜ ਆਪਾਂ ਗਾਂ ਨੂੰ ਕੀ ਪਾਵਾਂਗੇ?” ‘‘ਪੁੱਤ, ਇਹ ਪੱਠੇ ਆਪਣੇ ਨਹੀਂ, ਆਜ਼ਾਦ ਲੋਕਾਂ ਦੇ ਨੇ। ਆਪਣੀ ਆਜ਼ਾਦੀ ਹਾਲੇ ਦੂਰ ਏ।” ਇੰਨੇ ਨੂੰ ਸਟੇਜ ਤੋਂ ਮੰਤਰੀ ਦਾ ਭਾਸ਼ਣ ਖ਼ਤਮ ਹੋਇਆ ਤੇ ਜੈ ਹਿੰਦ, ਜੈ ਭਾਰਤ ਤੇ ਮੇਰਾ ਭਾਰਤ ਮਹਾਨ ਦੇ ਨਾਅਰੇ ਪੂਰੇ ਪੰਡਾਲ ਵਿੱਚ ਗੂੰਜ ਉੱਠੇ। ਮੰਤਰੀ ਜੀ ਗੱਡੀਆਂ ਵੱਲ ਨੂੰ ਚੱਲ ਪਏ। ਵਿਚਾਰੀ ਗੇਲੋ ਖਾਲੀ ਰੇਹੜੀ ਲੈ ਕੇ ਪਿੰਡ ਵੱਲ ਨੂੰ ਮੁੜ ਪਈ।
ਸੰਪਰਕ: 99142-98580
* * *
ਬੇਵਸੀ
ਗਗਨਪ੍ਰੀਤ ਸੱਪਲ
ਘਰ ਰਿਸ਼ਤੇਦਾਰਾਂ ਨੇ ਆਉਣਾ ਸੀ। ਮੈਂ ਕਿਹਾ, ‘‘ਅੰਜਲੀ, ਜਲਦੀ ਸਵੇਰੇ ਆ ਜਾਵੀਂ ਅਤੇ ਰਾਤ ਨੂੰ ਦੇਰੀ ਵੀ ਹੋ ਸਕਦੀ ਹੈ।’’ ‘‘ਠੀਕ ਹੈ ਮੇਮ ਸਾਹਿਬ, ਮੈਂ ਜਲਦੀ ਆ ਜਾਏਗੀ।’’ ਅਗਲੀ ਸਵੇਰ ਘੰਟੀ ਵੱਜੀ। ਮੈਂ ਗੇਟ ਖੋਲ੍ਹਿਆ ਤੇ ਵੇਖਿਆ ਕਿ ਅੰਜਲੀ ਹੱਥ ਇੱਕ ਥੈਲਾ ਲਈ ਖੜ੍ਹੀ ਸੀ। ਉਹ ਬੋਲੀ, ‘‘ਮੇਮ ਸਾਹਿਬ, ਪਹਿਲੇ ਰਸੋਈ ਕਾ ਕਾਮ ਕਰੂੰ ਜਾਂ ਸਫ਼ਾਈ?’’ ਮੈਂ ਉਸ ਨੂੰ ਕਿਹਾ ਕਿ ਪਹਿਲਾਂ ਉਹ ਘਰ ਦੀ ਸਫ਼ਾਈ ਕਰ ਦੇਵੇ ਤੇ ਫਿਰ ਰਸੋਈ ਦਾ ਕੰਮ। ਮੈਂ ਉਸ ਨੂੰ ਸਫ਼ਾਈ ਕਰਨ ਲਈ ਕਹਿ ਕੇ ਨਹਾਉਣ ਚਲੀ ਗਈ। ਉਸ ਨੇ ਜਲਦੀ ਨਾਲ ਸਾਰੇ ਘਰ ਦੀ ਸਫ਼ਾਈ ਕਰ ਦਿੱਤੀ। ਉਸ ਤੋਂ ਬਾਅਦ ਰਸੋਈ ’ਚ ਚਲੀ ਗਈ। ‘‘ਮੇਮ ਸਾਹਿਬ, ਕਿਆ ਕਿਆ ਬਨਾਣਾ ਹੈ ਵੋ ਬਤਾਏਂ।’’ ਮੈਂ ਉਸ ਨੂੰ ਬਣਾਉਣ ਬਾਰੇ ਦੱਸ ਕੇ ਤਿਆਰ ਹੋਣ ਚਲੀ ਗਈ।
ਘੰਟੀ ਵੱਜੀ। ਮੈਂ ਅੰਜਲੀ ਨੂੰ ਕਿਹਾ ਕਿ ਉਹ ਕੰਮ ਕਰ ਲਵੇ, ਮੈਂ ਗੇਟ ਖੋਲ੍ਹ ਆਉਂਦੀ ਹਾਂ। ਬਾਹਰ ਰਿਸ਼ਤੇਦਾਰ ਖੜ੍ਹੇ ਸੀ। ਮੈਂ ਉਨ੍ਹਾਂ ਨੂੰ ਜੀ ਆਇਆਂ ਕਹਿ ਅੰਦਰ ਲੈ ਆਈ। ਉਨ੍ਹਾਂ ਦੇ ਡਰਾਇੰਗ ਰੂਮ ਵਿੱਚ ਬੈਠਦਿਆਂ ਸਾਰ, ਮੇਰੇ ਕਹਿਣ ਤੋਂ ਪਹਿਲਾਂ ਅੰਜਲੀ ਪਾਣੀ ਲੈ ਆਈ ਤੇ ਥੋੜ੍ਹੇ ਸਮੇਂ ਬਾਅਦ ਠੰਢਾ ਸ਼ਰਬਤ। ਮੈਂ ਆਰਾਮ ਨਾਲ ਰਿਸ਼ਤੇਦਾਰਾਂ ਕੋਲ ਬੈਠ ਕੇ ਗੱਲਾਂ ਕਰਨ ਲੱਗੀ। ਗੱਲਾਂ ਕਰਦਿਆਂ ਸਮੇਂ ਦਾ ਪਤਾ ਹੀ ਨਾ ਲੱਗਾ। ਅੰਜਲੀ ਬਾਈ ਨੇ ਆਵਾਜ਼ ਮਾਰੀ ਕਿ ਖਾਣਾ ਤਿਆਰ ਹੈ। ਮੈਂ ਸਾਰਿਆਂ ਨੂੰ ਡਾਈਨਿੰਗ ਟੇਬਲ ਕੋਲ ਲੈ ਗਈ।ਮੈਂ ਅੰਜਲੀ ਨੂੰ ਕਿਹਾ ਕਿ ਉਹ ਆਪਣਾ ਖਾਣਾ ਇੱਥੇ ਸਾਡੇ ਕੋਲ ਬੈਠ ਕੇ ਖਾ ਲਵੇ, ਪਰ ਉਹ ਰਸੋਈ ਅੰਦਰ ਚਲੀ ਗਈ ਤੇ ਬਾਹਰ ਹੀ ਨਹੀਂ ਆਈ। ਮੈਂ ਅਚਾਨਕ ਉੱਠ ਕੇ ਰਸੋਈ ਅੰਦਰ ਚਲੀ ਗਈ। ਮੈਨੂੰ ਵੇਖ ਕੇ ਇਕਦਮ ਉਸ ਨੇ ਆਪਣਾ ਰੋਟੀ ਵਾਲਾ ਡੱਬਾ ਬੰਦ ਕਰ ਲਿਆ। ਕੀ ਹੋਇਆ… ਮੈਂ ਵੇਖਦੇ ਹੀ ਉਸ ਦੇ ਹੱਥੋਂ ਡੱਬਾ ਫੜਿਆ ਤੇ ਵੇਖਿਆ ਕਿ ਦੋ ਰੋਟੀਆਂ ਨਾਲ ਲੂਣ ਤੇ ਇੱਕ ਪਿਆਜ਼ ਰੱਖਿਆ ਹੋਇਆ ਸੀ। ਮੈਂ ਕਿਹਾ, ‘‘ਤੂੰ ਇੰਨਾ ਵਧੀਆ ਖਾਣਾ ਬਣਾਇਆ ਏ। ਉਸ ਨੂੰ ਛੱਡ ਕੇ ਇਹ ਖਾ ਰਹੀ ਏਂ!’’ ਮੈਂ ਉਸ ਦਾ ਜਵਾਬ ਸੁਣ ਕੇ ਹੈਰਾਨ ਰਹਿ ਗਈ। ਅੰਜਲੀ ਨੇ ਕਿਹਾ, ‘‘ਮੇਮ ਸਾਹਿਬ, ਮੈਂ ਅਗਰ ਯੇ ਸੂਕੀ ਰੋਟੀ ਖਾਏਗੀ ਤਬੀ ਅਪਨੇ ਬੱਚੋਂ ਕੋ ਅੱਛਾ ਖਾਣਾ ਖਿਲਾ ਪਾਏਗੀ।’’ ਉਸ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਨਮ ਹੋ ਗਈਆਂ।
ਸੰਪਰਕ: 62801-57535
* * *
ਦਿਸ਼ਾਹੀਣ
ਪੂਨਮ ਬਿਲਿੰਗ
‘‘ਰੀਮਾ, ਤੂੰ ਅੱਜ ਇੰਨੇ ਦਿਨਾਂ ਬਾਅਦ ਸਕੂਲ ਆਈ ਐਂ। ਖੜ੍ਹੀ ਹੋ!’’ ਉਹ ਚੁੱਪਚਾਪ ਆਪਣੀ ਸੀਟ ’ਤੇ ਖੜ੍ਹੀ ਹੋ ਗਈ। ‘‘ਕੀ ਗੱਲ ਗ਼ੈਰਹਾਜ਼ਰ ਕਿਉਂ ਸੀ?’’ ਉਸ ਨੇ ਫਿਰ ਵੀ ਕੋਈ ਜਵਾਬ ਨਹੀਂ ਦਿੱਤਾ।
‘‘ਆਹ ਵਾਲ ਬੰਨ੍ਹ। ਤੈਨੂੰ ਪਤੈ ਸਕੂਲ ਵਿੱਚ ਖੁੱਲ੍ਹੇ ਵਾਲ ਆਉਣ ਦੀ ਇਜਾਜ਼ਤ ਨਹੀਂ, ਗੁੱਤ ਕਰ।’’ ਉਹ ਟੱਸ ਤੋਂ ਮੱਸ ਨਾ ਹੋਈ। ਮੈਂ ਆਪਣੇ ਪਰਸ ਵਿੱਚੋਂ ਰਬੜ ਬੈਂਡ ਕੱਢ ਕੇ ਦਿੰਦਿਆਂ ਕਿਹਾ, ‘‘ਆਹ ਫੜ ਗੁੱਤ ਕਰ ਕੇ ਪਾ ਲੈ। ਤੈਨੂੰ ਪਤਾ ਨਹੀਂ ਸਕੂਲ ਖੁੱਲ੍ਹੇ ਵਾਲ ਆਉਣਾ ਅਨੁਸ਼ਾਸਨਹੀਣਤਾ ਹੈ!’’ ‘‘ਮੈਂ ਨਹੀਂ ਕਰਨੀ ਗੁੱਤ, ਮੈਂ ਕੈਰੇਟਿਨ ਕਰਵਾਇਆ (ਵਾਲ ਸਿੱਧੇ) ਏ। ਮੇਰੇ ਵਾਲ ਖਰਾਬ ਹੋ ਜਾਣਗੇ। ਮੈਂ ਤਾਂ ਵਾਪਸ ਘਰ ਜਾਣਾ ਹੈ।’’
‘‘ਇਵੇਂ ਕਿਵੇਂ ਤੂੰ ਘਰ ਜਾਣਾ ਏ। ਅੱਜ ਇੰਨੇ ਦਿਨਾਂ ਬਾਅਦ ਆ ਕੇ ਹੁਣ ਫੇਰ ਮੈਂ ਜਾਣਾ ਹੈ…!’’ ਮੈਂ ਗੁੱਸੇ ਨਾਲ ਕਿਹਾ। ‘‘ਮੈਂ ਬਸ ਘਰ ਵਾਪਸ ਜਾਣਾ ਹੈ,’’ ਉਹ ਵੀ ਥੋੜ੍ਹਾ ਗੁੱਸੇ ਨਾਲ ਬੋਲੀ। ‘‘ਇਸ ਤਰ੍ਹਾਂ ਨਹੀਂ ਤੈਨੂੰ ਇੱਕਲਿਆਂ ਭੇਜ ਸਕਦੇ। ਮੈਂ ਤੇਰੇ ਘਰ ਫੋਨ ਕਰ ਦਿੰਦੀ ਹਾਂ। ਕੋਈ ਆ ਕੇ ਲੈ ਜਾਵੇਗਾ।’’ ਮੈਂ ਉਸ ਦੀ ਜ਼ਿੱਦ ਨੂੰ ਭਾਂਪਦਿਆਂ ਕਿਹਾ।
ਮੇਰੇ ਫੋਨ ਕਰਨ ਉਪਰੰਤ ਕੁਝ ਸਮੇਂ ਬਾਅਦ ਇੱਕ ਬਜ਼ੁਰਗ ਔਰਤ ਮੇਰੇ ਕੋਲ ਸਟਾਫ ਰੂਮ ਵਿੱਚ ਆ ਗਈ ਜੋ ਉਸ ਦੀ ਦਾਦੀ ਸੀ। ਉਸ ਨੂੰ ਕੁਰਸੀ ’ਤੇ ਬਿਠਾ ਰੀਮਾ ਨੂੰ ਬੁਲਾਵਾ ਭੇਜਿਆ। ਉਸ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਮੈਂ ਗੁੱਸੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ, ‘‘ਮੈਂ ਰੋਜ਼ ਇਸ ਨੂੰ ਫੋਨ ਕਰਦੀ ਸੀ ਕਿ ਸਕੂਲ ਹਾਜ਼ਰ ਹੋ। ਪਰ ਨਹੀਂ ਹੁਣ ਤਾਂ ਇਸ ਨੇ ਮੇਰਾ ਨੰਬਰ ਵੀ ਬਲੌਕ ਕਰ ਦਿੱਤਾ। ਅੱਜ ਕਿਸੇ ਹੋਰ ਅਧਿਆਪਕ ਦੇ ਫੋਨ ਤੋਂ ਨੰਬਰ ਮਿਲਾਇਆ ਅਤੇ ਕਿਹਾ, ਮੈਂ ਤੇਰਾ ਨਾਮ ਕੱਟ ਦੇਣਾ ਹੈ ਤੂੰ ਲਗਾਤਾਰ ਗ਼ੈਰਹਾਜ਼ਰ ਚੱਲ ਰਹੀ ਏਂ ਤਾਂ ਅੱਜ ਸਕੂਲ ਆ ਗਈ। ਤੁਸੀਂ ਇਸ ਦੇ ਮੰਮੀ ਜਾਂ ਡੈਡੀ ਨੂੰ ਭੇਜਣਾ ਸੀ।’’
‘‘ਮੈਡਮ ਜੀ, ਕੀ ਦੱਸਾਂ ਇਹਦੇ ਮਾਂ ਬਾਪ ਵੱਖ ਹੋ ਗਏ। ਦੋਵਾਂ ਨੇ ਆਪੋ ਆਪਣੇ ਵਿਆਹ ਕਰਵਾ ਲਏ ਹਨ। ਇਹ ਦੋ ਕੁੜੀਆਂ ਮੇਰੇ ਕੋਲ ਛੱਡ ਗਏ। ਮੈਂ ਇਨ੍ਹਾਂ ਬੋਟਾਂ ਨੂੰ ਕਿੱਥੇ ਸੁੱਟਦੀ…’’ ਅੱਖਾਂ ਨੂੰ ਚੁੰਨੀ ਦੇ ਲੜ ਨਾਲ ਪੂੰਝਦਿਆਂ ਉਹ ਬੋਲੀ, ‘‘ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜ ਇਹਨਾਂ ਨੂੰ ਬਹੁਤ ਔਖੀ ਪਾਲ ਰਹੀ ਹਾਂ।’’ ਮੈਨੂੰ ਸੁਣ ਕੇ ਪਛਤਾਵਾ ਜਿਹਾ ਹੋਇਆ। ਮੈਂ ਹਮਦਰਦੀ ਪ੍ਰਗਟਾਉਂਦਿਆਂ ਪੁੱਛਿਆ, ‘‘ਫਿਰ ਤਾਂ ਇਹ ਤੁਹਾਡੇ ਨਾਲ ਕੰਮ ’ਤੇ ਜਾਂਦੀਆਂ ਹੋਣਗੀਆਂ ਤਾਂ ਹੀ ਸਕੂਲ ਨਹੀਂ ਆਉਂਦੀ।’’ ‘‘ਨਾ ਮੈਡਮ ਜੀ ਨਾ, ਮੈਂ ਨਹੀਂ ਇਨ੍ਹਾਂ ਨੂੰ ਕੰਮ ’ਤੇ ਲਿਜਾਂਦੀ। ਬਸ ਇਹ ਪੜ੍ਹ-ਲਿਖ ਕੇ ਕੁਝ ਬਣ ਜਾਣ, ਮੇਰੀ ਤਾਂ ਇਹੋ ਇੱਛਾ ਹੈ।’’
‘‘ਘਰ ਕੀ ਕਰਦੀ ਰਹਿੰਦੀ ਏ?’’ ਮੈਂ ਰੀਮਾ ਵੱਲ ਵੇਖਿਆ। ਉਹ ਦਾਦੀ ਵੱਲ ਇਸ ਤਰ੍ਹਾਂ ਵੇਖ ਰਹੀ ਸੀ ਜਿਵੇਂ ਪੁੱਛ ਰਹੀ ਹੋਵੇ ਕਿ ਉਹ ਇੱਥੇ ਕੀ ਕਰਨ ਆਈ ਹੈ। ‘‘ਜੀ ਸਾਰਾ ਦਿਨ ਬੈੱਡ ’ਤੇ ਪਈ ਮਬੈਲ ਚਲਾਉਂਦੀ ਰਹਿੰਦੀ ਐ,’’ ਦਾਦੀ ਔਖੀ ਜਿਹੀ ਬੋਲੀ। ‘‘ਤੁਸੀਂ ਮੋਬਾਈਲ ਕਿਉਂ ਲੈ ਕੇ ਦਿੱਤਾ ਹੋਇਐ?’’ ‘‘ਜੀ ਕਹਿੰਦੀ ਐ ਸਕੂਲ ਦਾ ਕੰਮ ਆਉਂਦੈ। ਘਰ ਬੈਠੇ ਕਰਨਾ ਹੈ। ਸਕੂਲ ਜਾਣ ਦੀ ਕੋਈ ਲੋੜ ਨਹੀਂ।’’ ‘‘ਹੁਣ ਤਾਂ ਰੈਗੂਲਰ ਕਲਾਸਾਂ ਲੱਗਦੀਆਂ ਨੇ। ਸਾਰੇ ਬੱਚੇ ਸਕੂਲ ਆਉਂਦੇ ਨੇ। ਸਕੂਲ ਵਿੱਚ ਹੀ ਪੜ੍ਹਾਈ ਹੁੰਦੀ ਏ,’’ ਮੈਂ ਕਿਹਾ। ‘‘ਆਹ ਵਾਲ ਸਿੱਧੇ ਜਿਹੇ ਕਰਵਾਉਣ ਲਈ ਤੁਹਾਡੇ ਕੋਲ ਪੈਸੇ ਹਨ। ਫੀਸ ਜੋ ਕਿ ਨਾਂ-ਮਾਤਰ ਹੈ ਉਹ ਭਰਨ ਲਈ ਪੈਸੇ ਨਹੀਂ?’’ ਮੈਂ ਦਾਦੀ ਵੱਲ ਸਵਾਲੀਆ ਨਜ਼ਰਾਂ ਨਾਲ ਵੇਖਿਆ। ‘‘ਨਾ ਜੀ ਮੈਂ ਨਹੀਂ ਦਿੱਤੇ ਕੋਈ ਪੈਸੇ ਇਸ ਲਈ। ਦੋ ਵਕਤ ਦੀ ਰੋਟੀ ਦਾ ਜੁਗਾੜ ਮਸਾਂ ਹੁੰਦੈ ਮੈਥੋਂ।’’
‘ਕਿੰਨੇ ਪੈਸੇ ਲੱਗੇ ਵਾਲਾਂ ’ਤੇ ਰੀਮਾ?’’ ‘‘3000’’ ‘‘ਕਿੱਥੋਂ ਲਏ?’’ ‘‘ਮੇਰਾ ਵਜ਼ੀਫਾ ਆਇਆ ਸੀ,’’ ਰੀਮਾ ਨੇ ਠੋਕ ਕੇ ਜਵਾਬ ਦਿੱਤਾ। ‘‘ਸ਼ਾਬਾਸ਼! ਸਰਕਾਰ ਵਜ਼ੀਫਾ ਭਵਿੱਖ ਸੰਵਾਰਨ ਲਈ ਦਿੰਦੀ ਹੈ ਨਾ ਕਿ ਵਾਲ ਸੰਵਾਰਨ ਲਈ।’’
ਮੈਨੂੰ ਦਿਸ਼ਾਹੀਣ ਹੋ ਚੁੱਕੇ ਸਮਾਜ ਅਤੇ ਬੱਚਿਆਂ ’ਤੇ ਗੁੱਸਾ ਵੀ ਆ ਰਿਹਾ ਸੀ ਅਤੇ ਤਰਸ ਵੀ।
ਸੰਪਰਕ: 94649-46099
* * *
ਸੋਚ
ਸ਼ਵਿੰਦਰ ਕੌਰ
ਇਸ ਵਾਰ ਪੇਕੇ ਘਰ ਗਈ ਤਾਂ ਅੱਗੇ ਭੂਆ ਮੁਖਤਿਆਰੋ ਨੂੰ ਆਈ ਬੈਠੀ ਦੇਖ ਕੇ ਖ਼ੁਸ਼ੀ ਦੇ ਨਾਲ ਹੈਰਾਨੀ ਵੀ ਹੋਈ। ਖ਼ੁਸ਼ ਹੋਣ ਦਾ ਕਾਰਨ ਤਾਂ ਭੂਆ ਕੋਲ ਬੈਠ ਕੇ ਬਚਪਨ ਦੀਆਂ ਯਾਦਾਂ ਨੂੰ ਮੁੜ ਤਰੋਤਾਜ਼ਾ ਕਰਨ ਦਾ ਮੌਕਾ ਮਿਲਣਾ ਸੀ। ਹੈਰਾਨੀ ਇਸ ਗੱਲ ਦੀ ਸੀ ਕਿ ਹੁਣ ਜਦੋਂ ਭੂਆ ਦੇ ਗੋਡੇ ਤੁਰਨੋਂ ਆਕੀ ਹੁੰਦੇ ਜਾ ਰਹੇ ਹਨ ਤੇ ਉਹ ਖੂੰਡੀ ਦੇ ਸਹਾਰੇ ਹੀ ਹੌਲੀ ਹੌਲੀ ਕਦਮ ਪੁੱਟਦੀ ਹੈ, ਫਿਰ ਵੀ ਪਤਾ ਨਹੀਂ ਇਸ ਅੰਦਰ ਆਪਣਿਆਂ ਨੂੰ ਮਿਲਣ ਦੀ ਚਾਹਤ ਕਿੰਨੀ ਕੁ ਡੂੰਘੀ ਸਮੋਈ ਹੋਈ ਹੈ, ਇਹ ਕਿਵੇਂ ਨਾ ਕਿਵੇਂ ਤਰੱਦਦ ਕਰ ਕੇ ਆਪਣੀ ਭੂਆ ਦੇ ਘਰ ਪਹੁੰਚ ਜਾਂਦੀ ਹੈ। ਹੁਣ ਨਾ ਤਾਂ ਇਸ ਦੇ ਭੂਆ ਫੁੱਫੜ ਰਹੇ ਹਨ ਤੇ ਨਾ ਹੀ ਭਰਾ ਭਰਜਾਈ। ਅਸਲ ’ਚ ਇਹ ਭੂਆ ਮੇਰੀ ਦਾਦੀ ਦੀ ਭਤੀਜੀ ਹੈ ਜੋ ਬਚਪਨ ਵਿੱਚ ਬਹੁਤਾ ਆਪਣੀ ਭੂਆ ਕੋਲ ਹੀ ਰਹਿੰਦੀ ਰਹੀ। ਬਚਪਨ ਦਾ ਬਣਿਆ ਮੋਹ ਪਿਆਰ ਉਹ ਅੱਜ ਵੀ ਜ਼ਿੰਦਗੀ ਦੇ ਆਖ਼ਰੀ ਪਹਿਰ ਤੱਕ ਆਪਣੇ ਅੰਦਰ ਸਾਂਭੀ ਬੈਠੀ ਹੈ।
ਰਾਤ ਦੀ ਰੋਟੀ ਖਾ ਕੇ ਗੱਲਾਂ ਬਾਤਾਂ ਕਰਦਿਆਂ ਤੋਂ ਹੀ ਭੂਆ ਤਾਂ ਸੌਂ ਗਈ, ਪਰ ਮੈਨੂੰ ਬਚਪਨ ਵਿੱਚ ਦੇਖੇ ਉਸ ਦੇ ਵਿਆਹ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਨੇ ਉਲਝਾ ਲਿਆ। ਯਾਦ ਆ ਰਿਹਾ ਸੀ ਕਿਵੇਂ ਬਚਪਨ ਵਿੱਚ ਉਸ ਦੇ ਵਿਆਹ ਸਮੇਂ ਅਸੀਂ ਸਾਰਾ ਪਰਿਵਾਰ ਬੜੇ ਚਾਅ ਨਾਲ ਗਏ ਸੀ। ਪਹਿਲੀ ਵਾਰ ਉੱਥੇ ਵਿਆਹ ਵਿੱਚ ਆਈਆਂ ਕਾਰਾਂ ਦੇਖੀਆਂ ਸਨ। ਭਾਵੇਂ ਦਾਦੀ ਦੇ ਪੇਕੇ ਵੀ ਸੋਹਣਾ ਗੁਜ਼ਾਰਾ ਕਰਨ ਵਾਲੇ ਸਨ ਕਿਉਂਕਿ ਉਹ ਸੰਜਮ ਨਾਲ ਵਰਤਣ ਵਾਲਾ ਅਤੇ ਦਿਨ ਰਾਤ ਮਿਹਨਤ ਨਾਲ ਕਮਾਈ ਕਰਨ ਵਾਲਾ ਪਰਿਵਾਰ ਸੀ। ਪਰ ਭੂਆ ਦੇ ਸਹੁਰੇ ਤਾਂ ਰਾਜਸਥਾਨ ਵਿੱਚ ਚੰਗੀ ਜ਼ਮੀਨ ਜਾਇਦਾਦ ਦੇ ਮਾਲਕ ਸਨ। ਉਂਝ ਇਸ ਰਿਸ਼ਤੇ ਹੋਣ ਦਾ ਕਾਰਨ ਭੂਆ ਦਾ ਉੱਚੇ ਲੰਮੇ ਕੱਦ-ਕਾਠ ਦੀ ਅਤਿ ਸੋਹਣੀ ਸਨੁੱਖੀ ਹੋਣਾ ਸੀ। ਘਰ ਵਿੱਚ ਪਹਿਲਾਂ ਵਿਆਹ ਹੋਣ ਕਰਕੇ ਸਭ ਰਿਸ਼ਤੇਦਾਰ ਸੱਦੇ ਹੋਣ ਕਰਕੇ ਖ਼ੂਬ ਰੌਣਕਾਂ ਲੱਗੀਆਂ ਸਨ।
ਵਿਆਹ ਤੋਂ ਬਾਅਦ ਭੂਆ ਸਾਨੂੰ ਮਿਲਣ ਆਈ ਤਾਂ ਉਸ ਦੇ ਗੱਲ ਗੱਲ ’ਤੇ ਛਕਣਦੇ ਹਾਸੇ ਤੱਕ ਕੇ ਦੇਖਣ ਵਾਲੇ ਨੂੰ ਅੰਦਾਜ਼ਾ ਹੋ ਜਾਂਦਾ ਸੀ ਕਿ ਉਹ ਆਪਣੇ ਘਰ ਪੂਰੀ ਸੌਖੀ ਹੈ। ਜਦੋਂ ਮਿਲਣ ਆਈ ਉਹ ਦੱਸਦੀ ਕਿ ਉਨ੍ਹਾਂ ਦੇ ਘਰ ਰੋਟੀਆਂ ਪਕਾਉਣ ਤੋਂ ਲੈ ਕੇ ਹਰ ਕੰਮ ਲਈ ਨੌਕਰ ਰੱਖੇ ਹੋਏ ਹਨ ਤਾਂ ਸਾਨੂੰ ਬੜੀ ਹੈਰਾਨੀ ਹੁੰਦੀ। ਸਹੁਰਿਆਂ ਦੀਆਂ ਸਿਫ਼ਤਾਂ ਕਰਦਿਆਂ ਤਾਂ ਜਿਵੇਂ ਉਸ ਨੂੰ ਰੱਜ ਹੀ ਨਹੀਂ ਆਉਂਦਾ ਸੀ। ਮੇਰੀ ਦਾਦੀ ਉਸ ਦੀਆਂ ਗੱਲਾਂ ਸੁਣ ਕੇ ਬੜੀ ਖ਼ੁਸ਼ ਹੁੰਦੀ। ਉਹ ਕਹਿੰਦੀ ਕਿ ਭਾਵੇਂ ਮੇਰੇ ਭਰਾ ਨੇ ਵਿਆਹ ’ਤੇ ਵਿੱਤੋਂ ਵੱਧ ਖਰਚ ਕੀਤਾ ਸੀ, ਚਲੋ ਲਾਇਆ ਰਾਸ ਆ ਗਿਆ ਕੁੜੀ ਆਵਦੇ ਘਰੇ ਸੌਖੀ ਵੱਸਦੀ ਹੈ।
ਫਿਰ ਸੱਤ ਅੱਠ ਸਾਲ ਨਾ ਭੂਆ ਮਿਲਣ ਆਈ ਤੇ ਨਾ ਹੀ ਸਾਡੇ ਪਰਿਵਾਰ ਵਿੱਚੋਂ ਕਿਸੇ ਤੋਂ ਮਿਲਣ ਜਾਇਆ ਗਿਆ। ਫਿਰ ਇੱਕ ਦਿਨ ਜਦੋਂ ਭੂਆ ਆਪਣੀ ਮਾਂ ਨਾਲ ਮਿਲਣ ਆਈ ਤਾਂ ਭੂਆ ਦੇ ਚਿਹਰੇ ’ਤੇ ਪਹਿਲਾਂ ਵਾਲਾ ਜਲੌਅ ਨਹੀਂ ਸੀ। ਉਦਾਸ ਚਿਹਰਾ, ਸੁਭਾਅ ਤੋਂ ਉਲਟ ਚੁੱਪ-ਗੜੁੱਪ ਜਿਵੇਂ ਉਹ ਪਹਿਲਾਂ ਵਾਲੀ ਭੂਆ ਨਾ ਹੋਵੇ। ਉਸ ਨੂੰ ਤੱਕ ਕੇ ਲੱਗਦਾ ਸੀ ਜਿਵੇਂ ਕਿਸੇ ਦੀ ਪੱਕੀ ਫ਼ਸਲ ’ਤੇ ਗੜੇਮਾਰੀ ਹੋ ਗਈ ਹੋਵੇ। ਉਂਝ ਭਾਵੇਂ ਮੈਂ ਸਕੂਲ ਦਾ ਕੰਮ ਕਰ ਰਹੀ ਸੀ, ਪਰ ਮੇਰਾ ਧਿਆਨ ਭੂਆ ਦੀਆਂ ਗੱਲਾਂ ਵੱਲ ਸੀ। ਉਹ ਮੇਰੀ ਮਾਂ ਕੋਲ ਆਪਣਾ ਦੁੱਖ ਫਰੋਲ ਰਹੀ ਸੀ, ‘‘ਭਾਬੀ, ਮੇਰੇ ਬੱਚਾ ਕਾਹਦਾ ਨਹੀਂ ਹੋਇਆ ਜਿਵੇਂ ਮੇਰੇ ਨਾਲ ਤਾਂ ਸਾਰੇ ਚਾਅ ਹੀ ਰੁੱਸ ਗਏ। ਘਰ ਵਿੱਚ ਮੇਰੇ ਨਾਲ ਕੋਈ ਸਿੱਧੇ ਮੂੰਹ ਗੱਲ ਨਹੀਂ ਕਰਦਾ। ਮੇਰੀ ਸੱਸ ਤਾਂ ਸਾਰਾ ਦਿਨ ਮਿਹਣੇ ਦੇ ਕੇ ਮੇਰਾ ਜਿਊਣਾ ਦੁੱਭਰ ਕਰੀ ਰੱਖਦੀ ਹੈ। ਆਖੂ ਕਿ ਇਸ ਬਾਂਝ ਕੋਲੋਂ ਕਿੱਥੋਂ ਲਾਲ ਦੀ ਆਸ ਰੱਖਦੈਂ! ਇਹ ਤਾਂ ਇਸ ਘਰ ਦਾ ਦੀਵਾ ਗੁੱਲ ਕਰਨ ਆਈ ਹੈ। ਜਾਇਦਾਦ ਸ਼ਰੀਕਾਂ ਜੋਗੀ ਰਹਿ ਜਾਊ। ਘਰ ਵਿੱਚ ਮੇਰੀ ਕਦਰ ਇੱਕ ਨੌਕਰ ਨਾਲੋਂ ਵੀ ਗਈ ਗੁਜ਼ਰੀ ਹੈ।’’
‘‘ਬੀਬੀ, ਕਿਸੇ ਡਾਕਟਰ ਨੂੰ ਦਿਖਾਉਣਾ ਸੀ, ਅੱਜਕੱਲ੍ਹ ਤਾਂ ਬਥੇਰੇ ਇਲਾਜ ਚੱਲੇ ਹੋਏ ਹਨ,’’ ਮੇਰੀ ਮਾਂ ਉਸ ਨੂੰ ਦਿਲਾਸਾ ਦਿੰਦਿਆਂ ਕਹਿ ਰਹੀ ਸੀ।
‘‘ਮੇਰੀ ਮਾਂ ਨੇ ਬਥੇਰੀਆਂ ਡਾਕਟਰਾਂ ਨੂੰ ਦਿਖਾਇਆ ਹੈ। ਸਭ ਕਹਿੰਦੀਆਂ ਹਨ ਤੇਰੇ ਵਿੱਚ ਕੋਈ ਨੁਕਸ ਨਹੀਂ ਆਪਣੇ ਘਰ ਵਾਲੇ ਨੂੰ ਲੈ ਕੇ ਆ। ਪਰ ਉਹ ਤਾਂ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੰਦਾ। ਉਲਟਾ ਮੇਰੇ ਗਲ ਪੈ ਜਾਂਦਾ ਹੈ ਕਿ ਹੁਣ ਆਪਣੀ ਊਣਤਾਈ ਨੂੰ ਮੇਰੇ ਸਿਰ ਮੜ੍ਹ ਦੇ।’’ ਬੁਸ ਬੁਸ ਕਰਦੀ ਭੂਆ ਅਗਲੇ ਦਿਨ ਚਲੀ ਗਈ ਸੀ।
ਮੈਂ ਵੀ ਇੱਕ ਦਿਨ ਪੇਕਾ ਘਰ ਛੱਡ ਕੇ ਆਪਣੇ ਸਹੁਰੇ ਘਰ ਆ ਗਈ। ਜਦੋਂ ਪੇਕੇ ਘਰ ਜਾਂਦੀ, ਸੋਚਦੀ ਕਿ ਭੂਆ ਬਾਰੇ ਪੁੱਛਾਂਗੀ, ਪਰ ਹਰ ਵਾਰ ਮਨ ’ਚੋਂ ਗੱਲ ਵਿਸਰ ਜਾਂਦੀ ਮੇਰੀ ਦਾਦੀ ਦੇ ਭੋਗ ’ਤੇ ਭੂਆ ਮਿਲੀ ਤਾਂ ਪਤਾ ਲੱਗਿਆ ਕਿ ਉਸ ਦੇ ਸਰਦਾਰ ਨੇ ਦੂਸਰਾ ਵਿਆਹ ਕਰਵਾ ਲਿਆ ਸੀ, ਪਰ ਬੱਚਾ ਉਸ ਦੀ ਦੂਸਰੀ ਪਤਨੀ ਦੇ ਵੀ ਨਹੀਂ ਹੋਇਆ ਸੀ। ਫਿਰ ਉਸ ਘਰ ਵਿੱਚ ਬਹੁਤੀ ਬੇਕਦਰੀ ਹੁੰਦੀ ਦੇਖ ਕੇ ਉਸ ਨੂੰ ਉਸ ਦਾ ਬਾਪ ਨਾਲ ਲੈ ਆਇਆ ਸੀ। ਉਸ ਦੇ ਅੰਦਰ ਧੀ ਨੂੰ ਆਪਣੇ ਤੋਂ ਉੱਚੇ ਘਰ ਵਿਆਹੁਣ ਦਾ ਪਛਤਾਵਾ ਸੀ ਜਾਂ ਫਿਰ ਧੀ ਦੀ ਆਉਣ ਵਾਲੀ ਜ਼ਿੰਦਗੀ ਦਾ ਫ਼ਿਕਰ, ਉਸ ਨੇ ਦੂਰ-ਅੰਦੇਸ਼ੀ ਤੋਂ ਕੰਮ ਲੈਂਦਿਆਂ ਆਪਣੇ ਦੋ ਮੁੰਡਿਆਂ ਦੇ ਨਾਲ ਨਾਲ ਭੂਆ ਦੇ ਨਾਂ ਵੀ ਜਿਉਂਦੇ ਜੀਅ ਜ਼ਮੀਨ ਲਗਵਾ ਦਿੱਤੀ ਸੀ ਤਾਂ ਜੋ ਬੁਢਾਪੇ ਵਿੱਚ ਉਹ ਕਿਸੇ ਦੀ ਮੁਥਾਜ ਨਾ ਹੋਵੇ। ਜ਼ਮੀਨ ਦੇ ਲਾਲਚ ਨੂੰ ਉਸ ਦੀ ਸਾਂਭ ਸੰਭਾਲ ਹੁੰਦੀ ਰਹੇ। ਸੋਚਾਂ ਦੇ ਸਮੁੰਦਰ ’ਚ ਗੋਤੇ ਲਾਉਂਦਿਆਂ ਪਤਾ ਹੀ ਨਾ ਲੱਗਿਆ ਮੈਨੂੰ ਵੀ ਕਦੋਂ ਨੀਂਦ ਆ ਗਈ।
ਮੈਂ ਤਾਂ ਰਾਤ ਰਹਿ ਕੇ ਵਾਪਸ ਆਉਣਾ ਸੀ। ਅਗਲੇ ਦਿਨ ਤੁਰਨ ਤੋਂ ਪਹਿਲਾਂ ਰੋਟੀ ਖਾਣ ਤੋਂ ਬਾਅਦ ਸਾਰਾ ਪਰਿਵਾਰ ਕੁਝ ਦੇਰ ਇਕੱਠੇ ਬੈਠ ਕੇ ਗੱਲਾਂ ਕਰਨ ਲੱਗ ਪਏ। ਘਰੇਲੂ ਗੱਲਾਂ ਕਰਦਿਆਂ ਤੋਂ ਪਤਾ ਹੀ ਨਾ ਲੱਗਾ ਕਦੋਂ ਗੱਲਾਂ ਦਾ ਰੁਖ਼ ਰੂਸ ਤੇ ਯੂਕਰੇਨ ਦੀ ਲੜਾਈ ਵੱਲ ਮੁੜ ਗਿਆ ਕਿ ਕਿਵੇਂ ਉੱਥੋਂ ਦੇ ਲੋਕ ਜੰਗ ਕਾਰਨ ਭਿਆਨਕ ਤਬਾਹੀ ਤੇ ਬਰਬਾਦੀ ਦੇ ਪੜਾਅ ਵਿੱਚੋਂ ਗੁਜ਼ਰ ਰਹੇ ਹਨ।
ਵਾਤਾਵਰਣ ਪ੍ਰੇਮੀ ਚਾਚਾ ਕਹਿਣ ਲੱਗਾ, ‘‘ਉਂਝ ਤਾਂ ਹਰ ਜੰਗ ਆਪਣੀ ਸਰਵੋਤਮਤਾ ਸਾਬਿਤ ਕਰਨ ਅਤੇ ਰਾਜਸੀ ਚੌਧਰ ਕਾਇਮ ਕਰਨ ਲਈ ਲੜੀ ਜਾਂਦੀ ਹੈ ਜੋ ਦੂਜੇ ਖਿੱਤੇ ਦੇ ਬਰਬਾਦ ਹੋਣ ਦਾ ਕਾਰਨ ਬਣਦੀ ਹੈ। ਜਦੋਂ ਆਹਮਣੇ ਸਾਹਮਣੇ ਹੋ ਕੇ ਲੜਾਈਆਂ ਲੜੀਆਂ ਜਾਂਦੀਆਂ ਸਨ ਤਾਂ ਮਨੁੱਖਤਾ ਦਾ ਘਾਣ ਉਸ ਸਮੇਂ ਵੀ ਹੁੰਦਾ ਹੀ ਸੀ, ਪਰ ਵਾਤਾਵਰਣ ਦੀ ਤਬਾਹੀ ਘੱਟ ਹੁੰਦੀ ਸੀ। ਸਾਇੰਸ ਦੀਆਂ ਕਾਢਾਂ ਨਾਲ ਬਣੇ ਘਾਤਕ ਹਥਿਆਰਾਂ ਨਾਲ ਤਾਂ ਪਲਾਂ ਛਿਣਾਂ ਵਿੱਚ ਹੀ ਹੱਸਦੀ ਵੱਸਦੀ ਮਨੁੱਖਤਾ ਤੇ ਪ੍ਰਕਿਰਤੀ ਤਬਾਹ ਹੋ ਜਾਂਦੀ ਹੈ। ਫਿਰ ਸਦੀਆਂ ਲੱਗ ਜਾਂਦੀਆਂ ਹਨ ਉਸ ਨੂੰ ਵਸਾਉਣ ’ਤੇ।’’
ਭੂਆ ਸਾਡੀਆਂ ਗੱਲਾਂ ਧਿਆਨ ਨਾਲ ਸੁਣ ਰਹੀ ਸੀ। ਉਹ ਬੋਲੀ, ‘‘ਮੈਨੂੰ ਇਨ੍ਹਾਂ ਜੰਗਾਂ ਬਾਰੇ ਤਾਂ ਨਹੀਂ ਪਤਾ। ਪਰ ਇੱਕ ਗੱਲ ਦਾ ਜ਼ਰੂਰ ਪਤਾ ਹੈ ਕਿ ਸਾਇੰਸ ਦੀਆਂ ਕਾਢਾਂ ਜੇ ਮਨੁੱਖਤਾ ਦੇ ਭਲੇ ਲਈ ਵਰਤੀਆਂ ਜਾਣ ਤਾਂ ਇਨ੍ਹਾਂ ਦਾ ਕੋਈ ਸਾਨੀ ਨਹੀਂ। ਇਹ ਤਾਂ ਮਨੁੱਖ ਦੀ ਸੋਚ ’ਤੇ ਨਿਰਭਰ ਹੈ ਕਿ ਉਹ ਉਸ ਦੀ ਵਰਤੋਂ ਦੁਨੀਆਂ ਨੂੰ ਹੋਰ ਬਿਹਤਰ ਬਣਾਉਣ ਲਈ ਕਰਦਾ ਹੈ ਜਾਂ ਉਸ ਨੂੰ ਤਬਾਹ ਕਰਨ ਲਈ। ਹੁਣ ਤੁਸੀਂ ਹੀ ਦੇਖ ਲਵੋ ਆਪਣੇ ਘਰ ਰੰਗੀ ਵੱਸਦੀ ਨੂੰ ਬੱਚਾ ਨਾ ਹੋਣ ਕਰਕੇ ਮੈਨੂੰ ਜ਼ਿੰਦਗੀ ਭਰ ਸੋਗੀ ਰੁੱਤ ਹੰਢਾਉਣ ਲਈ ਮਜਬੂਰ ਕਰ ਦਿੱਤਾ। ਤੇ ਹੁਣ ਕੀ ਕਹਿੰਦੇ ਆਹ ਉਹਨੂੰ, ਆਈ.ਵੀ.ਐਫ. ਸ਼ਾਇਦ ਇਹੀ ਕਹਿੰਦੇ ਐ ਜਿਸ ਦੀ ਕਾਢ ਨੇ ਕਰਕੇ ਮੇਰੇ ਵਰਗੀਆਂ ਲੱਖਾਂ ਧੀਆਂ ਨੂੰ ਪੇਕਿਆਂ ਦੇ ਦਰ ’ਤੇ ਬੈਠਣ ਤੋਂ ਰੋਕ ਲਿਆ ਹੈ।’’ ਭੂਆ ਦੇ ਇਨ੍ਹਾਂ ਲਫ਼ਜ਼ਾਂ ਵਿੱਚੋਂ ਜ਼ਿੰਦਗੀ ਭਰ ਹੰਢਾਇਆ ਦਰਦ ਛਲਕ ਰਿਹਾ ਸੀ।
ਸੰਪਰਕ: 76260-63596