ਸੁਖਮਿੰਦਰ ਸਿੰਘ ਸੇਖੋਂ
ਸਵੈ-ਜੀਵਨੀਆਂ ਸਾਹਿਤ ਲੇਖਣ ਦਾ ਰਿਵਾਜ ਪਹਿਲਾਂ ਵੀ ਰਿਹਾ ਹੈ, ਪਰ ਉਸ ਵੇਲੇ ਉੱਘੇ ਸਾਹਿਤਕਾਰ ਹੀ ਇਸ ਵਿਧਾ ’ਤੇ ਹੱਥ ਅਜ਼ਮਾਉਂਦੇ ਸਨ। ਲੰਮਾ ਅਭਿਆਸ, ਪੁਸਤਕਾਂ ਦੀ ਗਿਣਤੀ ਅਤੇ ਪਾਠਕਾਂ ਦੀ ਪ੍ਰਵਾਨਗੀ ਉਨ੍ਹਾਂ ਨੂੰ ਸਵੈ-ਜੀਵਨੀ ਲਿਖਣ ਲਈ ਪ੍ਰੇਰਿਤ ਕਰਦੀ ਸੀ। ਅੰਮ੍ਰਿਤਾ ਪ੍ਰੀਤਮ, ਬਲਵੰਗ ਗਾਰਗੀ, ਕਰਤਾਰ ਸਿੰਘ ਦੁੱਗਲ, ਅਜੀਤ ਕੌਰ, ਗੁਰਬਚਨ ਸਿੰਘ ਭੁੱਲਰ- ਅਨੇਕਾਂ ਜਾਣੇ-ਪਛਾਣੇ ਲੇਖਕਾਂ ਨੇ ਇਸ ਵਿਧਾ ’ਤੇ ਕਲਮ ਅਜ਼ਮਾਈ ਤੇ ਆਪੋ ਆਪਣੇ ਢੰਗ ਨਾਲ ਸਫ਼ਲ ਰਹੇ। ਹੱਥਲੀ ਸਵੈ-ਜੀਵਨੀ ‘ਬਿਖੜੇ ਰਾਹਾਂ ਦਾ ਪਾਂਧੀ’ (ਕੀਮਤ: 250 ਰੁਪਏ; ਆਟਮ ਆਰਟ, ਪਟਿਆਲਾ) ਧਿਆਨ ਸਿੰਘ ਸ਼ਾਹ ਸਿਕੰਦਰ ਦੀ ਲਿਖਤ ਹੈ ਜਿਸ ਦਾ ਲੇਖਣ ਕਾਰਜ ਕਾਫ਼ੀ ਲੰਬਾ ਹੈ ਤੇ ਉਹ ਸਾਹਿਤਕ ਰਸਾਲਾ ਰੂਪਾਂਤਰ ਵੀ ਪ੍ਰਕਾਸ਼ਿਤ ਕਰਦਾ ਹੈ। ਹੁਣ ਤੱਕ ਉਸ ਨੇ ਅਨੇਕਾਂ ਪੁਸਤਕਾਂ ਲਿਖੀਆਂ ਹਨ ਜਿਵੇਂ ਜਿੰਦ (ਕਵਿਤਾਵਾਂ), ਕਾਵਿ ਰੰਗ, ਤਾਈ ਮਤਾਬੀ ਤੇ ਹੋਰ ਕਹਾਣੀਆਂ। ਸਫ਼ਰਨਾਮਾ ਵੀ ਲਿਖਿਆ ਹੈ- ਤਾਂ ਕਿ ਸਨਦ ਰਹੇ ਅਤੇ ਇੱਕ ਸੰਪਾਦਕੀਆਂ ਦੀ ਕਿਤਾਬ ਵੀ। ਇਉਂ ਉਸ ਨੂੰ ਸਾਹਿਤ ਸਾਧਨਾ ਤੇ ਸੰਪਾਦਕੀ ਦਾ ਲੰਬਾ ਤਜਰਬਾ ਹੈ। ਹੱਥਲੀ ਪੁਸਤਕ ਦਾ ਪਹਿਲਾ ਭਾਗ ਹੈ: ਮੈਂ ਤੇ ਮੈਂ। ਇਹ ਮੈਂ ਵੀ ਬੜੀ ਅਜੀਬ ਸ਼ੈਅ ਹੈ! ਮੈਂ ਕਦੋਂ ਜੰਮੀ? ਕਿਉਂ ਜੰਮੀ? ਕਿਵੇਂ ਜੰਮੀ?
ਸਵੈ-ਜੀਵਨੀ ਨੂੰ ਭਾਗਾਂ ਵਿੱਚ ਵੰਡਿਆ ਗਿਆ ਹੈ ਤੇ ਹਰ ਅਧਿਆਏ ਨੂੰ ਸਿਰਲੇਖਾਂ ਨਾਲ ਨਿਵਾਜਿਆ ਹੈ। ਲੇਖਕ ਨੇ ਆਪਣੇ ਬਚਪਨ, ਆਪਣੀ ਖੇਡ ਕੁੱਦ ਤੇ ਪੜ੍ਹਾਈ ਲਿਖਾਈ ਬਾਰੇ ਖੁੱਲ੍ਹ ਕੇ ਬਿਆਨ ਕੀਤਾ ਹੈ। ਕਿਵੇਂ ਕਿਵੇਂ ਉਸ ਮਿਹਨਤ ਮਜ਼ਦੂਰੀ ਕੀਤੀ ਤੇ ਫੈਕਟਰੀਆਂ ਵਿੱਚ ਮੁਨਸ਼ੀ ਵਜੋਂ ਘੱਟ ਤਨਖ਼ਾਹ ਨਾਲ ਕਿਵੇਂ ਜ਼ਿੱਲਤ ਸਹਿੰਦਿਆਂ ਜੀਵਨ ਜੀਵਿਆ, ਉਹ ਪੜ੍ਹਿਆਂ ਹੀ ਬਣਦਾ ਹੈ। ਦਰਅਸਲ, ਆਮ ਤੇ ਨਿਮਨ ਮੱਧ ਵਰਗੀਆਂ ਦੀ ਅਜਿਹੀ ਗ਼ਰੀਬੀ ਘਰ ਘਰ ਦੀ ਕਹਾਣੀ ਹੈ। ਪੜ੍ਹਨ ਲਿਖਣ ਵਾਲੇ ਲਿਖ ਕੇ ਦੱਸ ਦਿੰਦੇ ਹਨ ਤੇ ਅਨਪੜ੍ਹ ਜਾਂ ਦੂਸਰੇ ਕਿੱਤਿਆਂ ਨਾਲ ਸਬੰਧਿਤ ਬੰਦੇ ਚੰਗੀਆਂ ਮਾੜੀਆਂ ਕਹਾਣੀਆਂ ਆਪਣੇ ਮੂੰਹੋਂ ਦੱਸਣ ਦੇ ਯਤਨ ਵਿੱਚ ਰਹਿੰਦੇ ਹਨ। ਮੇਰੇ ਪੁਰਖੇ ਨਾਮੀ ਅਧਿਆਏ ਵਿੱਚ ਲੇਖਕ ਨੇ ਆਪਣੇ ਵਡੇਰਿਆਂ ਦੀ ਗੱਲ ਕੀਤੀ ਹੈ। ਮੇਰੀ ਭੂਆ ਵਿੱਚ ਆਪਣੀ ਭੂਆ ਦੇ ਸੁਭਾਅ ਤੇ ਉਸ ਦੀ ਗੱਲਬਾਤ ਦਾ ਵਰਣਨ ਕੀਤਾ ਗਿਆ ਹੈ। ਵਿਆਹ ਦਾ ਫੰਧਾ ਕਾਂਡ ਵਿੱਚ ਉਸ ਨੇ ਵਿਆਹ ਉਪਰੰਤ ਦੁਸ਼ਵਾਰੀਆਂ ਦਾ ਜ਼ਿਕਰ ਕੀਤਾ ਹੈ। ਮੈਂ (ਲੇਖਕ) ਦੀ ਮਾਨਸਿਕ ਦਸ਼ਾ ਇਸ ਕਦਰ ਕੁਰਲਾਈ ਕਿ ਇੱਕ ਮਰਤਬਾ ਉਸ ਆਪਣੀ ਪਤਨੀ ਨੂੰ ਛੱਲੀਆਂ ਵਾਂਗ ਕੁੱਟ ਸੁੱਟਿਆ। ਦਰਅਸਲ ਘਰੇਲੂ ਹਾਲਾਤ ਤੇ ਮਜਬੂਰੀਆਂ ਬੰਦੇ ਨੂੰ ਕਿੱਥੋਂ ਕਿੱਥੇ ਪਹੁੰਚਾ ਦਿੰਦੀਆਂ ਹਨ, ਉਹ ਇਸ ਅਧਿਆਏ ਵਿੱਚ ਚੰਗੇ ਢੰਗ ਨਾਲ ਦਰਜ ਹੈ। ਕਿਤਾਬ ਦੇ ਬਾਕੀ ਕਾਂਡ ਵੀ ਪਾਠਕ ਜ਼ਰੂਰ ਪੜ੍ਹੇਗਾ। ਇਹ ਸਵੈ-ਜੀਵਨੀ ਸੰਜੀਦਾ ਤੇ ਜਾਗਰੂਕ ਪਾਠਕਾਂ ਨੂੰ ਰਾਹਤ ਦੇਵੇਗੀ। ਪੁਸਤਕ ਦੇ ਦੂਸਰੇ ਖੰਡਾਂ ਦੇ ਸਿਰਲੇਖ ਵੀ ਢੁੱਕਵੇਂ ਹਨ: ਦਰ ਖੁੱਲ੍ਹਾ, ਅਸਰ ਅਜ਼ਾਬ ਦਾ, ਪੀੜਾਂ ਪਿਆਰ ਦੀਆਂ, ਪਹੁ-ਫੁਟਾਲਾ ਆਦਿ। ਇਹ ਸਵੈ-ਜੀਵਨੀ ਮਿਹਨਤ, ਲਗਨ ਤੇ ਦ੍ਰਿੜ੍ਹਤਾ ਦਾ ਨਤੀਜਾ ਹੈ। ਮਿੱਤਰਾਂ ਸਾਥੀਆਂ ਦੀ ਹੱਲਾਸ਼ੇਰੀ ਬਲ ਬਖ਼ਸ਼ਦੀ ਹੈ। ਲੇਖਕ ਨੇ ਆਪਣੀਆਂ ਪਹਿਲਾਂ ਰਚੀਆਂ ਰਚਨਾਵਾਂ ਤੇ ਪੁਸਤਕਾਂ ਦੀ ਲੜੀ ਵਿੱਚ ਇਹ ਸਵੈ-ਜੀਵਨੀ ਪਾਠਕਾਂ ਦੀ ਨਜ਼ਰ ਕਰਕੇ ਆਪਣੇ ਕੰਮ ਨੂੰ ਸੁਹਿਰਦਤਾ ਨਾਲ ਅੰਜਾਮ ਦਿੱਤਾ ਹੈ।
ਸੰਪਰਕ: 98145-07693