ਸੁਣ ਬਾਬਾ
ਗੁਰਜਿੰਦਰ ਸਿੰਘ
ਗੱਲ ਤੇ ਸੁਣ ਕੁਝ ਧਿਆਨ ਏ ਬਾਬਾ
ਦੁਨੀਆਂ ਕਿਉਂ ਪਰੇਸ਼ਾਨ ਏ ਬਾਬਾ
ਅੰਬਰ ਕਿਉਂ ਮੈਨੂੰ ਸਾਫ਼ ਜਿਹਾ ਲੱਗੇ
ਧਰਤੀ ਕਿਉਂ ਸ਼ਮਸ਼ਾਨ ਏ ਬਾਬਾ
ਕਿਸਦੇ ਸੱਦੇ ਆਈ ਕਿਆਮਤ
ਕਿਸ ’ਤੇ ਇਹ ਮਿਹਰਬਾਨ ਏ ਬਾਬਾ
ਕਿਸਦਾ ਕਿੰਨਾ ਕਸੂਰ ਤੂੰ ਦੱਸੀਂ
ਕਿਸਦਾ ਕਿੰਨਾ ਨੁਕਸਾਨ ਏ ਬਾਬਾ
ਘਰ ਕਿਉਂ ਜੇਲ੍ਹਾਂ ਵਰਗੇ ਬਣਗੇ
ਗਲ਼ੀਆਂ ’ਤੇ ਦਰਬਾਨ ਏ ਬਾਬਾ
’ਕੱਲਾ ਤੂੰ ਸੱਥਾਂ ਵਿਚ ਘੁੰਮੇਂ
ਪਿੰਡ ਇਹ ਕਿਉਂ ਸੁੰਨਸਾਨ ਏ ਬਾਬਾ
ਔਹ ਕਿਸਦੀ ਪਈ ਲਾਸ਼ ਏ ਰੁਲਦੀ
ਕਿੱਥੇ ਇਹਦਾ ਖ਼ਾਨਦਾਨ ਏ ਬਾਬਾ
ਬੰਦ ਹੋ ਗਏ ਮੜ੍ਹੀਆਂ ਦੇ ਬੂਹੇ
ਮਰਨਾ ਕਿਹੜਾ ਆਸਾਨ ਏ ਬਾਬਾ
ਰੋਟੀ ’ਤੇ ਤਸਵੀਰਾਂ ਲਾਈਆਂ
ਕੈਸਾ ਇਹ ਹੁਕਮਰਾਨ ਏ ਬਾਬਾ
ਹਾਕਮ, ਜੋ ਸਾਨੂੰ ਮੱਤਾਂ ਦੇਵੇ
ਖ਼ੁਦ ਕਿਉਂ ਨਾ ਪਸ਼ੇਮਾਨ ਏ ਬਾਬਾ
ਸੁਣਦੀ ਕਲ ਕਲ, ਚੀਂ ਚੀਂ, ਕਾਂ ਕਾਂ
ਧੋਇਆ ਕਿਹਨੇ ਜਹਾਨ ਏ ਬਾਬਾ
ਕੁਦਰਤ ਨੂੰ ਮਸਾਂ ਸਾਹ ਅੱਜ ਆਇਆ
ਜਦ ਦਾ ਆਇਆ ਇਨਸਾਨ ਏ ਬਾਬਾ
ਸੁਣਿਆ ਜਿਸ ਤੋਂ ਡਰ ਗਈ ਖ਼ਲਕਤ
ਬੰਦੇ ਖਾਣਾ ਸ਼ੈਤਾਨ ਹੈ ਬਾਬਾ।
ਸੰਪਰਕ: 98766-15464
ਗ਼ਜ਼ਲ
ਅਮਰਜੀਤ ਕੌਰ ਹਰੜ
ਕਿਹੜੀ ਗੱਲੋਂ ਹੋ ਹਥਿਆਰ ਬਣਾਉਣ ਤੁਰੇ।
ਕਾਹਤੋਂ ਅਪਣੀ ਮਿੱਟੀ ਆਪ ਪੁਟਾਉਣ ਤੁਰੇ।
ਉੱਡਣ ਲਈ ਲੈ ਦਿੱਤੀ ਸੀ ਆਜ਼ਾਦੀ ਜਿਸ,
ਉਸ ਨੂੰ ਕਾਹਤੋਂ ਮਿੱਟੀ ਵਿੱਚ ਮਿਲਾਉਣ ਤੁਰੇ।
ਲੋੜ ਸਮੇਂ ਦੀ, ਏਕਾ ਬਹੁਤ ਜ਼ਰੂਰੀ ਹੈ,
ਵੰਡਣ ਵਾਲਾ ਕਾਹਤੋਂ ਬਿਗਲ ਵਜਾਉਣ ਤੁਰੇ।
ਫੁੱਲਾਂ ਖਿੜਨਾ ਕੀਕਣ ਇਸ ਬਗੀਚੇ ਵਿਚ,
ਪੱਤਝੜ ਨੂੰ ਜਦ ਆਪਾਂ, ਆਪ ਬੁਲਾਉਣ ਤੁਰੇ।
ਦੇਸ਼ ਮਿਰੇ ਦੀ ਮਿੱਟੀ ’ਚੋਂ ਕੀ ਮਿਲਦਾ ਨਾ,
ਕਿਹੜੀ ਗੱਲੋਂ ਪੁੱਤ ਪਰਦੇਸ ਹੰਢਾਉਣ ਤੁਰੇ।
ਸੁਪਨੇ ਉੱਚੇ ਅੰਬਰ ਦੇ ਨੇ ਅੱਖਾਂ ਵਿਚ,
ਉਂਞ ਸ਼ਿਕਾਰੀ ਕੋਲੋਂ ਖੰਭ ਪੁਟਾਉਣ ਤੁਰੇ।
‘ਅਮਰਜੀਤ’ ਆ ਰਲੀਏ ਉਹਨਾਂ ਲੋਕਾਂ ਵਿਚ,
ਜਿਹੜੇ ਰੁੜ੍ਹਦਾ ਜਾਂਦਾ ਵਤਨ ਬਚਾਉਣ ਤੁਰੇ।
ਸੰਪਰਕ: 94172-35848
ਹੋਰ ਨੇ
ਅਮਨ ਜੱਖਲਾਂ
ਖਾਣ ਵਾਲੇ ਹੋਰ ਨੇ, ਖਵਾਉਣ ਵਾਲੇ ਹੋਰ ਨੇ,
ਦੇਖਿਆ ਮੈਂ ਜੱਗ, ਰੁਸ਼ਨਾਉਣ ਵਾਲੇ ਹੋਰ ਨੇ…
ਲੱਖਾਂ ਹੀ ਮਾਸੂਮ ਜਿਨ੍ਹਾਂ, ਅੱਗਾਂ ਨਾਲ ਸਾੜ ਦਿੱਤੇ,
ਮਿੱਟੀ ਵਿੱਚ ਪੱਤਾਂ ਨੂੰ, ਰਲਾਉਣ ਵਾਲੇ ਹੋਰ ਨੇ…
ਕਰਕੇ ਘੁਟਾਲੇ ਜਿਹੜੇ, ਮਾਣਦੇ ਨੇ ਮੌਜਾਂ ਬੈਠੇ,
ਮਾੜਿਆਂ ਦੀ ਮੰਡੀ ਨੂੰ, ਵਿਕਾਉਣ ਵਾਲੇ ਹੋਰ ਨੇ…
ਚਿੱਟੇ ਬਾਣੇ ਪਾਕੇ ਜਿਹੜੇ, ਜੋਕਾਂ ਬਣ ਨੋਚਦੇ ਨੇ,
ਝੂਠੇ ਮੂਠੇ ਰੱਬ ਤੋਂ, ਡਰਾਉਣ ਵਾਲੇ ਹੋਰ ਨੇ…
ਕਿਰਤੀਆਂ ਭੋਲਿਆਂ ਨੇ, ਹੱਡ ਤੋੜ ਖੜ੍ਹੇ ਕੀਤੇ,
ਹੱਕ ਉਹਨਾਂ ਮਹਿਲਾਂ ’ਤੇ, ਜਤਾਉਣ ਵਾਲੇ ਹੋਰ ਨੇ…
ਬੜੇ ਸੁਕਰਾਤ ਇੱਥੇ, ਮਿੱਟੀ ਵਿੱਚ ਰੋਲੇ ਗਏ,
ਜ਼ਹਿਰਾਂ ਘੋਲ ਘੋਲ ਕੇ, ਪਿਲਾਉਣ ਵਾਲੇ ਹੋਰ ਨੇ…
ਅੰਨ੍ਹੀ ਬੋਲੀ ਪਰਜਾ ਨੂੰ, ਵਿੱਚੋ ਵਿੱਚ ਪਾੜ ਕੇ,
ਵਾਰੋ ਵਾਰੀ ਨਾਂ, ਚਮਕਾਉਣ ਵਾਲੇ ਹੋਰ ਨੇ…
ਇੱਜ਼ਤਾਂ ਦੀ ਰਾਖੀ ਲਈ ਸ਼ਹੀਦ ਕੋਈ ਹੋਰ ਹੋਏ,
ਪੱਥਰਾਂ ’ਤੇ ਨੱਕ, ਰਗੜਾਉਣ ਵਾਲੇ ਹੋਰ ਨੇ…
ਹੱਕ ਸੱਚ ਦੀ ਆਵਾਜ਼ ਜਿਨ੍ਹਾਂ, ਹਾਕਮਾਂ ਦਬਾ ਦਿੱਤੀ,
ਧੀਆਂ ਪੁੱਤ ਲੋਕਾਂ ਦੇ, ਮਰਾਉਣ ਵਾਲੇ ਹੋਰ ਨੇ…
ਜੱਖਲਾਂ ਵਾਲੇ ਨੇ ਸਦਾ, ਲਿਖਣਾ ਹੈ ਲਾਲੋਆਂ ਲਈ,
ਭਾਗੋਆਂ ਦੇ ਗੀਤ ਇੱਥੇ, ਗਾਉਣ ਵਾਲੇ ਹੋਰ ਨੇ…
ਸੰਪਰਕ: 94782-26980
ਗ਼ਜ਼ਲ
ਗੁਰਜੰਟ ਸਿੰਘ ਚਾਹਲ
ਸਿੱਧੇ ਸਾਦੇ ਰਾਹਾਂ ਵਿੱਚ ਕੁਝ ਮੋੜ ਅਚਾਨਕ ਆ ਜਾਂਦੇ ਨੇ
ਕੁਝ ਮਿੱਤਰ ਵੈਰੀ ਬਣ ਜਾਂਦੇ ਕੁਝ ਵੈਰੀ ਮਨ ਨੂੰ ਭਾ ਜਾਂਦੇ ਨੇ।
ਤਿੱਖੜ ਦੁਪਹਿਰੇ ਢਲ ਜਾਵਣ ਤੇ ਡੁੱਬੇ ਸੂਰਜ ਚੜ੍ਹ ਜਾਵਣ
ਮਾਰੂਥਲ ਵਿੱਚ ਨਿੱਕੇ ਨਿੱਕੇ ਨਖਲਿਸਤਾਨ ਵੀ ਆ ਜਾਂਦੇ ਨੇ।
ਮੋਹ ਭਿੱਜੇ ਦੋ ਬੋਲਾਂ ਦੇ ਨਾਲ ਜਦ ਕੋਈ ਦਰਦ ਵੰਡਾ ਲੈਂਦਾ ਏ
ਢਿੱਡੋਂ ਭੁੱਖੇ ਬੁੱਲਾਂ ’ਤੇ ਵੀ ਨਿਰਛਲ ਹਾਸੇ ਛਾ ਜਾਂਦੇ ਨੇ।
ਅੱਖਾਂ ਉੱਤੇ ਪੱਟੀ ਧਰਕੇ ਨਿਰਣਾ ਕਰਦੇ ਜਦੋਂ ਦਰੋਣਾ
ਕੁਝ ਇਕਲੱਵਿਆ ਬਣਦੇ, ਕੁਝ ਅਰਜਨ ਅਖਵਾ ਜਾਂਦੇ ਨੇ।
ਕੰਨੀ ਵਾਲ਼ੇ ਕਿਆਰੇ ਭਾਵੇਂ ਉਂਝ ਤਾਂ ਸਦਾ ਹੀ ਰਹਿਣ ਤਿਹਾਏ
ਹਿੰਮਤ ਵਾਲ਼ੇ ਪੈਰਾਂ ਨਾਲ਼ ਹੀ ਪਾਣੀ ਵੱਟ ਨਾਲ ਲਾ ਜਾਂਦੇ ਨੇ।
ਬੀਵੀ, ਬੱਚੇ, ਕੋਠੀ, ਬੰਗਲਾ ਸਭ ਕੁਝ ਭਾਵੇਂ ਕੋਲ ਹੈ ਹੁੰਦਾ
ਮਾਵਾਂ ਬਾਝੋਂ ਸੁੰਨੇ ਵਿਹੜੇ ਦਿਲ ਨੂੰ ਵੱਢ ਵੱਢ ਖਾ ਜਾਂਦੇ ਨੇ।
ਹੱਸ ਕੇ ਧੁੱਪਾਂ ਜਰਦੇ ਚਾਹਲ ਛਾਂ ਲਈ ਬੂਟੇ ਲਾਵਣ ਵਾਲ਼ੇ
ਬੋਹੜਾਂ ਵਰਗੇ ਦਿਲ ਜੋ ਰੱਖਣ ਥੋਹਰਾਂ ਨਾਲ ਨਿਭਾ ਜਾਂਦੇ ਨੇ।
ਸੰਪਰਕ: 98771-29452
ਬਾਪ
ਵਿਸ਼ਾਲ ਲੁਧਿਆਣਾ
ਜਿਹਨੇ ਆਖ਼ਿਰ ਤਕ ਫ਼ਿਕਰ ਹੀ ਕੀਤਾ ਉਹ ਬਾਪ ਹੀ ਹੈ।
ਇਸ ਗੱਲ ਦਾ ਕਦੇ ਜ਼ਿਕਰ ਨਾ ਕੀਤਾ ਉਹ ਬਾਪ ਹੀ ਹੈ।
ਲੜਕੇ-ਝਿੜਕੇ ਵੀ ਮਾਂ ਨੂੰ ਪੁੱਛੇ ‘‘ਰੋਟੀ ਖਾ ਲਈ ਓਹਨੇ’’,
ਸੁੱਤੇ ਪਏ ਨੂੰ ਵੇਖਣ ਆਇਆ ਉਹਦਾ ਪਸ਼ਚਾਤਾਪ ਹੀ ਹੈ।
ਥੱਕ-ਹਾਰ ਕੇ ਆਉਂਦਾ ਤਾਂ ਵੀ ਮੋਢੇ ਚੁੱਕ ਲਵੇ,
ਹਰ ਵਾਰੀ ਵੇਖਿਆ ਲੁਟਾਉਂਦਾ ਆਪਣਾ ਆਪ ਹੀ ਹੈ।
ਬੱਚਿਆਂ ਦੀ ਦਵਾਈ-ਬੂਟੀ ਲੈ ਆਉਂਦਾ ਸਮੇਂ ਤੋਂ ਪਹਿਲਾਂ,
ਟੱਬਰ ਹੱਸਦਾ ਦੇਖ ਲਹਿ ਜਾਂਦਾ ਉਸ ਦਾ ਤਾਪ ਹੀ ਹੈ।
ਆਪ ਨਿੱਤ ਪਾ ਕੇ ਫਿਰਦਾ ਖੁੱਲ੍ਹਾ ਤੇ ਇਕੋ ਸੂਟ ਉਹੀ,
ਹਰ ਮਹੀਨੇ ਪਿੱਛੋਂ ਜੋ ਲਿਆਂਦਾ ਮੇਰੇ ਨਾਪ ਹੀ ਹੈ।
ਮਿਹਨਤ ਕਰ ‘ਵਿਸ਼ਾਲ’ ਪੁੱਤਰਾ ਕੰਮ ਤੇਰੇ ਆਊਗੀ,
ਜਦ ਵੀ ਕੋਲ ਬਹਿੰਦਾ ਇਹੋ ਗਾਉਂਦਾ ਅਲਾਪ ਹੀ ਹੈ।
ਸੰਪਰਕ: 81464-49478