ਡਾ. ਪ੍ਰਦੀਪ ਕੌੜਾ
ਨਾ ਜਿੱਤ ਵੇਖ, ਨਾ ਹਾਰ ਵੇਖ।
ਤੇਲ ਵੇਖ, ਤੇਲ ਦੀ ਧਾਰ ਵੇਖ।
ਫੱਟ ਦੀ ਗਹਿਰਾਈ ਨੂੰ ਸਮਝ,
ਨਾ ਤੀਰ ਵੇਖ, ਨਾ ਤਲਵਾਰ ਵੇਖ।
ਜਿਹੜੀ ਕਥਾ ਦੀ ਨਾਇਕੀ ਲੋਚਦੈਂ,
ਉਸ ਦਾ ਆਦਿ ਪੜ੍ਹ, ਸਾਰ ਵੇਖ।
ਜਦੋਂ ਦਿਲਾਂ ਨਾਲ ਖੇਡਣਾ ਆ ਜਾਵੇ,
ਫੇਰ ਬਣੇ ਸ਼ਬਦਾਂ ਦੇ ਹਥਿਆਰ ਵੇਖ।
ਤ੍ਰਿਕਾਲਾਂ ਵੇਲੇ ਘਰਾਂ ਨੂੰ ਆਹੁਲਦੇ,
ਉੱਡਦੇ ਪਰੰਦਿਆਂ ਦੀ ਡਾਰ ਵੇਖ।
ਉਮਰਾਂ ਦੀ ਮੁਥਾਜੀ ਪੱਲੇ ਪਾ ਲਈ
ਭੁੱਲਾਂ ਦਾ ਹਸ਼ਰ ਵਾਰ-ਵਾਰ ਵੇਖ।
ਸੰਪਰਕ: 95011-15200
ਤੈਨੂੰ ਅਜੇ ਹਿਸਾਬ ਨਹੀਂ
ਮਨਜੀਤ ਪਾਲ ਸਿੰਘ
ਨਹੀਂ ਠਿਲ੍ਹਣਾ ਹੁਣ ਕੱਚੇ ਉੱਤੇ, ਇਹ ਮੇਰੀ ਚਨਾਬ ਨਹੀਂ ਹੈ।
ਦੂਜੇ ਪਾਰ ਉਡੀਕ ਰਿਹਾ, ਮੇਰੇ ਖ਼ਾਬਾਂ ਦਾ ਸਰਤਾਜ ਨਹੀਂ ਹੈ।
ਸ਼ਬਦ ਵਿਹੂਣੇ ਆਕਾਰਾਂ ਦਾ, ਸਿਰਜ ਲਿਆ ਤੂੰ ਜੰਗਲ ਹੈ
ਹੱਥ ਰੱਖ ਉੱਤੇ ਕਸਮ ਤੂੰ ਖਾਵੇਂ, ਐਸੀ ਇਹ ‘ਕਿਤਾਬ’ ਨਹੀਂ ਹੈ।
ਨਿਆਂ-ਅਨਿਆਂ ਤੋਂ ਪਾਰ ਹਾਂ ਮੈਂ ਤਾਂ, ਮੈਂ ਕੀ ਕਰਨੈ ਇਨ੍ਹਾਂ ਦਾ
ਮੇਰੀ ਤਲ਼ੀ ’ਤੇ ਕੁਝ ਟਿਕਾਵੇ, ਐਡਾ ਕੋਈ ਨਵਾਬ ਨਹੀਂ ਹੈ।
ਸੋਨੇ ਦਾ ਕੋਈ ਹਿਰਨ ਦਿਖਾ ਕੇ, ਕਦੋਂ ਮੈਨੂੰ ਛਲ ਸਕਿਆ ਹੈ
ਮੇਰੀ ਰੂਹ ਦੇ ਮੇਚ ਆ ਜਾਵੇ, ਐਸਾ ਕੋਈ ਖ਼ਾਬ ਨਹੀਂ ਹੈ।
ਰਾਜ-ਹਠ ਤੇਰਾ ਕੀ ਜਾਣੇ, ਸ਼ਕਤੀ ਹਲ਼ਾਂ ਪੰਜਾਲ਼ੀਆਂ ਦੀ
ਝੁਕੀਆਂ ਬਾਦਸ਼ਾਹੀਆਂ ਕਈ ਏਥੇ, ਤੈਨੂੰ ਅਜੇ ਹਿਸਾਬ ਨਹੀਂ ਹੈ।
ਸੰਪਰਕ: 96467-13135
ਗ਼ਜ਼ਲ
ਸੋਨੂੰ ਮੰਗਲ਼ੀ
ਰੌਸ਼ਨ ਭਾਵੇਂ ਚਾਰ ਚੁਫ਼ੇਰਾ ਹੁੰਦਾ ਏ
ਦੀਵੇ ਥੱਲੇ ਯਾਰ ਹਨੇਰਾ ਹੁੰਦਾ ਏ
ਸਦਾ ਜੋਗੜਾ ਹੁੰਦਾ ਜੋਗੀ ਘਰ ਵਾਲਾ
ਬਾਹਰਲਾ ਜੋਗੀ ਸਿੱਧ ਵਧੇਰਾ ਹੁੰਦਾ ਏ
ਕਿੱਥੇ ਗਿਣਤੀ ਕਰਦੇ ਜੋ ਰੱਬ ਰੰਗੇ ਨੇ
ਉਨ੍ਹਾਂ ਲਈ ਸਭ ਤੇਰਾਂ ਤੇਰਾਂ ਹੁੰਦਾ ਏ
ਵਾਰ ਸਕੇ ਸਰਬੰਸ ਧਰਮ ਦੀ ਖ਼ਾਤਰ ਜੋ
ਵਿਰਲਿਆਂ ਦੇ ਵਿੱਚ ਐਸਾ ਜੇਰਾ ਹੁੰਦਾ ਏ
ਸੰਪਰਕ: 81949-58011
ਸੰਘਰਸ਼ ਦੀ ਦਾਸਤਾਨ
ਡਾ. ਮੰਜੂ ਵਰਮਾ
ਇਹ ਚਿਹਰੇ ਦੀਆਂ ਝੁਰੜੀਆਂ,
ਇਹ ਬਾਲਾਂ ਦੀ ਸਫੇਦੀ,
ਮੇਰੇ ਲੰਬੇ ਸੰਘਰਸ਼ ਦੀ ਦਾਸਤਾਨ ਹੈ
ਇਹ ਮੁਸਕਰਾਹਟ ਮੇਰੇ ਹੌਸਲਿਆਂ ਦਾ ਪ੍ਰਮਾਣ ਹੈ।।
ਰੋਂਦੇ ਹੋਏ ਦਾ ਸਾਥ ਕੋਈ ਨਿਭਾਉਂਦਾ ਨਹੀਂ,
ਹੱਸਦੇ ਹੋਏ ਨੂੰ ਕੋਈ ਦੇਖ ਕੇ ਜਰਦਾ ਨਹੀਂ,
ਮੈਂ ਇੱਥੋਂ ਤੱਕ ਪਹੁੰਚ ਗਈ,
ਇਹ ਕੁਦਰਤ ਦਾ ਵਰਦਾਨ ਹੈ,
ਮੇਰੇ ਲੰਬੇ ਸੰਘਰਸ਼ ਦੀ ਲੰਬੀ ਦਾਸਤਾਨ ਹੈ।।
ਰਾਸਤਾ ਬਹੁਤ ਮੁਸ਼ਕਿਲ ਹੈ, ਕੰਡਿਆਲੀ ਰਾਹਾਂ ਨੇ,
ਰਾਸਤਾ ਲੱਭਦੀ ਰਹੀ, ਇਹ ਹੌਸਲਿਆਂ ਦੀ ਉਡਾਣ ਹੈ,
ਮੇਰੇ ਲੰਬੇ ਸੰਘਰਸ਼ ਦੀ ਇਹੀ ਦਾਸਤਾਨ ਹੈ।।
ਸੌਖਾ ਨਹੀਂ ਇਉਂ ਇਕੱਲਿਆਂ ਦਾ ਚੱਲਣਾ
ਕਦੇ ਚੁੱਪ ਰਹਿਣਾ ਤੇ ਕਦੇ ਮੁਸਕਰਾਉਣਾ
ਪਲ ਪਲ ਦਰਦ ਜਿਉਣਾ, ਹੰਝੂਆਂ ਨੂੰ ਪੀ ਜਾਣਾ
ਸਹਿਜ ਹੋ ਕੇ ਖ਼ੁਦ ਨੂੰ ਚੱਟਾਨ ਜਿਹਾ ਦਿਖਾਉਣਾ
ਮਖੌਟਾ ਪਾ ਕੇ ਪਛਾਣ ਨੂੰ ਲੁਕਾਉਣਾ
ਸੌਖਾ ਨਹੀਂ ਇਹ ਸਭ ਝੱਲ ਪਾਉਣਾ।।
ਪੰਜਾਬੀ ਰੂਪ: ਪ੍ਰੋ. ਅਰਸ਼ਦੀਪ ਕੌਰ
ਸੰਪਰਕ: 98728-54006
ਖ਼ੁਸ਼ਦਿਲ ਪਿੰਡ
ਗੁਰਮੇਲ ਸਿੰਘ ਮਡਾਹੜ
ਕੱਲ੍ਹ ਇੱਕ ਪਿੰਡ ਮੈਂ ਅਜੀਬ ਵੇਖਿਆ।
ਉੱਥੇ ਨਾ ਅਮੀਰ ਨਾ ਗਰੀਬ ਵੇਖਿਆ।
ਭਾਂਤ-ਭਾਂਤ ਦੇ ਨੇ ਉੱਥੇ ਪਕਵਾਨ ਪਕਦੇ।
ਬਿਨਾਂ ਭੇਦ-ਭਾਵ ਇਨਸਾਨ ਛਕਦੇ।
ਤੋਟ ਕਿਸੇ ਚੀਜ਼ ਦੀ ਨਾ ਉੱਥੇ ਆਉਂਦੀ ਏ।
ਬਿਨਾਂ ਮੁੱਲ ਹਰ ਚੀਜ਼ ਹੱਥ ਆਉਂਦੀ ਏ।
ਅਮਨ-ਅਮਾਨ ਦਾ ਵੀ ਅਜਬ ਨਜ਼ਾਰਾ ਹੈ।
ਜੱਗੋਂ ਅਲਹਿਦਾ ਵੱਸੇ ਉੱਥੇ ਭਾਈਚਾਰਾ ਹੈ।
ਬੜਾ ਖ਼ੁਸ਼ਦਿਲ ਇਹੇ ਪਿੰਡ ਜਾਪਦਾ।
ਸਾਰਾ ਪਿੰਡ ਰਾਗ ਇੱਕੋ ਹੀ ਅਲਾਪਦਾ।
ਜਦੋਂ ਲੋਕ ਇਸ ਪਿੰਡੋਂ ਤੁਰ ਜਾਣਗੇ।
ਜਾ ਕੇ ਬਾਤਾਂ ਇਸੇ ਪਿੰਡ ਦੀਆਂ ਪਾਣਗੇ।
ਸੰਪਰਕ: 99156-29001
ਕਿਸਾਨ ਜ਼ਿੰਦਾਬਾਦ
ਅਮਰਜੀਤ ਸਿੰਘ ਫ਼ੌਜੀ
ਜੀਹਦੀ ਮਿਹਨਤ ਦੇ ਨਾਲ
ਸਾਰੀ ਧਰਤੀ ਆਬਾਦ ਐ
ਮਜ਼ਦੂਰ ਜ਼ਿੰਦਾਬਾਦ ਐ
ਕਿਸਾਨ ਜ਼ਿੰਦਾਬਾਦ ਐ!
ਦਿਨ ਰਾਤ ਖੇਤਾਂ ਵਿੱਚ
ਮਿਹਨਤ ਕਮਾਉਂਦਾ ਏ
ਮਿੱਟੀ ਨਾਲ ਮਿੱਟੀ ਹੋ ਕੇ
ਅੰਨ ਇਹ ਉਗਾਉਂਦਾ ਏ
ਮੁੜ੍ਹਕੇ ਦਾ ਪਾਣੀ ਦਿੰਦਾ
ਹਿੰਮਤਾਂ ਦੀ ਖ਼ਾਦ ਐ!
ਰੋਹੀ ਬੀਆਬਾਨ ਇਨ੍ਹਾਂ
ਹਰੇ ਭਰੇ ਕਰਤੇ
ਅਨਾਜ ਦੇ ਭੰਡਾਰ ਸਾਰੀ
ਦੁਨੀਆਂ ਦੇ ਭਰਤੇ
ਦਾਲਾਂ, ਸਬਜ਼ੀਆਂ, ਫ਼ਲ ਨਾਲੇ
ਉੱਗਦੇ ਕਮਾਦ ਐ!
ਔਕੜਾਂ ਮੁਸੀਬਤਾਂ ਨਾ ਮੁੱਢੋਂ
ਮੱਥਾ ਲਾਇਆ ਏ
ਦੇਸ਼ ਦੀ ਤਰੱਕੀ ਵਿੱਚ
ਖ਼ੂਬ ਹਿੱਸਾ ਪਾਇਆ ਏ
ਮਾਣ ਸਤਿਕਾਰ ਨਾ ਕੋਈ
ਦਿੰਦਾ ਇਹਨੂੰ ਦਾਦ ਐ!
ਮਿਹਨਤ ਦਾ ਮੁੱਲ ਇਹਦਾ
ਕਿਸੇ ਨੇ ਵੀ ਪਾਇਆ ਨਾ
ਔਖ ਸੌਖ ਵੇਲੇ ਦੁੱਖ ਦੋਹਾਂ ਦਾ
ਵੰਡਾਇਆ ਨਾ
ਜੀਹਨੇ ਲੁੱਟਿਆ ਏ ਸਾਨੂੰ
ਸਭ ਫ਼ੌਜੀ ਤਾਈਂ ਯਾਦ ਐ!
ਮਜ਼ਦੂਰ ਜ਼ਿੰਦਾਬਾਦ ਐ
ਕਿਸਾਨ ਜ਼ਿੰਦਾਬਾਦ ਐ!
ਸੰਪਰਕ: 95011-27033