ਤੇਜਾ ਸਿੰਘ ਤਿਲਕ
ਪੁਸਤਕ ਪੜਚੋਲ
ਇਸਲਾਮੀ ਮੁਲਕਾਂ ਅਰਬ, ਇਰਾਨ ਤੋਂ ਆਈ ਸ਼ਾਇਰੀ ਵਿਧਾ ‘ਗ਼ਜ਼ਲ’ ਪੰਜਾਬੀ ਵਿੱਚ ਵੀ ਹਰਮਨ ਪਿਆਰੀ ਹੈ। ਇਸ ਸਿਨਫ਼ ਦੇ ਉਰਦੂ, ਫ਼ਾਰਸੀ ਉਸਤਾਦ ਸ਼ਾਇਰਾਂ ਨੇ ਸਿਰਜਣਾ ਵਿਧਾਨ ਦੇ ਨਿਯਮ ਬਣਾਏ ਹੋਏ ਹਨ, ਪਰ ਪੰਜਾਬੀ ਆਪਣੇ ਸੁਭਾਅ ਮੁਤਾਬਿਕ ਗ਼ਜ਼ਲ ਰਚਨਾ ਵਿੱਚ ਵੀ ਖੁੱਲ੍ਹਾਂ ਲੈ ਰਹੇ ਹਨ। ਫਿਰ ਵੀ ਕੁਝ ਕੁ ਨਿਯਮ ਜਾਣੇ ਬਿਨਾਂ ਗ਼ਜ਼ਲ ਲਿਖਣ ਵਿੱਚ ਪ੍ਰਬੀਨਤਾ ਨਹੀਂ ਆ ਸਕਦੀ। ਇਸ ਵਿਧਾਨ ਨੂੰ ਅਰੂਜ਼ ਦਾ ਨਾਮ ਦਿੱਤਾ ਗਿਆ ਹੈ। ਬਹੁਤ ਸਾਰੇ ਸ਼ਾਇਰਾਂ ਨੇ ਅਰੂਜ਼ ਦੇ ਨਿਯਮ ਸਮਝਾਉਣ ਲਈ ਪੰਜਾਬੀ ਵਿੱਚ ਪੁਸਤਕਾਂ ਰਚੀਆਂ ਹਨ। ਇਹ ਕਾਰਜ ਉਸਤਾਦ ਗ਼ਜ਼ਲਗੋਆਂ ਨੇ ਆਪਣੇ ਸ਼ਾਗਿਰਦਾਂ ਨੂੰ ਗ਼ਜ਼ਲ ਵਿੱਚ ਮੁਹਾਰਤ ਹਾਸਲ ਕਰਵਾਉਣ ਲਈ ਕੀਤੇ ਹਨ। ਇਨ੍ਹਾਂ ਵਿੱਚ ਇੱਕ ਨਾਂ ਹਰਿਆਣੇ ਦੇ ਪਾਣੀਪਤ ਰਹਿੰਦੇ ਅਰੂਜ਼ਕਾਰ ਅਨੁਪਿੰਦਰ ਸਿੰਘ ਅਨੂਪ ਦਾ ਵੀ ਜੁੜ ਗਿਆ ਹੈ।
ਅਨੂਪ ਨੇ ਆਪਣੀ ਨਵੀਂ ਪੁਸਤਕ ‘ਗ਼ਜ਼ਲ ਦਾ ਗਣਤਿ’ (ਕੀਮਤ: 250 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਲਿਖ ਕੇ ਨਵੇਂ ਸ਼ਾਇਰਾਂ ਲਈ ਕਾਫ਼ੀ ਗਿਆਨ ਦੇਣ ਦਾ ਯਤਨ ਕੀਤਾ ਹੈ। ਪੁਸਤਕ ਦੇ ਨੌਂ ਭਾਗ ਹਨ। ਪਹਿਲੇ ਵਿੱਚ ਗੁਰੂ, ਲਘੂ ਦਾ ਗਿਆਨ ਹੈ। ਦੂਜਾ ਬਹਿਰ ਤੇ ਤੀਜਾ ਗਿਣਤੀ ਬਾਰੇ ਹੈ। ਮੁੱਖ ਭਾਗ ਚੌਥਾ ਬਹਿਰਾਂ ਬਾਰੇ ਜਾਣਕਾਰੀ ਦਾ ਹੈ ਜਿਸ ਵਿਚ ਹਜ਼ਜ਼, ਰਮਲ ਤੇ ਮੁਤਦਾਰਿਕ ਸਮੇਤ 9 ਮੁੱਖ ਬਹਿਰਾਂ ਦੇ ਇਕੱਤੀ ਰੂਪ ਵਰਣਤਿ ਹਨ। ਇਨ੍ਹਾਂ ਨੂੰ ਹਿੰਦੀ ਗੀਤਾਂ ਤੇ ਪੰਜਾਬੀ ਗ਼ਜ਼ਲਗੋਆਂ ਦੇ ਸ਼ਿਅਰਾਂ ਦੀਆਂ ਉਦਾਹਰਣਾਂ ਦੇ ਕੇ ਸਮਝਾਇਆ ਗਿਆ ਹੈ। ਦੋਹਾ ਛੰਦ ਵਿੱਚ ਗ਼ਜ਼ਲਾਂ, ਕੁਝ ਪ੍ਰਚੱਲਤਿ ਰਦੀਫ਼ ਤੇ ਕਾਫ਼ੀਏ ਦੇ ਅਗਲੇ ਭਾਗ ਹਨ। ਅੱਠਵਾਂ ਭਾਗ ਪ੍ਰਸ਼ਨਾਂ ਦਾ ਹੈ ਕਿ ਪਾਠਕ ਪਹਿਚਾਣ ਕਰਨ। ਆਖ਼ਰੀ ਭਾਗ ਵਿੱਚ ਪੰਜਾਬੀ ਦੇ ਦਸ ਉੱਭਰਵੇਂ ਗ਼ਜ਼ਲਗੋ ਜਿਨ੍ਹਾਂ ਵਿੱਚ ਜਗਤਾਰ, ਪਾਤਰ, ਜਸਵਿੰਦਰ, ਕੋਹਾਰਵਾਲਾ, ਮਸਰੂਰ, ਕੋਮਲ, ਵਿਵੇਕ, ਨਜ਼ਮੀ, ਸਾਗਰ ਤੇ ਚੌਹਾਨ ਸ਼ਾਮਿਲ ਹਨ, ਦੀਆਂ ਇੱਕ ਬਹਿਰ ਵਿੱਚ ਰਚਤਿ ਗ਼ਜ਼ਲਾਂ ਦੇ ਦ੍ਰਿਸ਼ਟਾਂਤ ਹਨ। ਅਨੁਪਿੰਦਰ ਸਿੰਘ ਅਨੂਪ ਗ਼ਜ਼ਲ ਖੇਤਰ ਦੇ ਉਸਤਾਦ ਸ਼ਾਇਰ ਤੇ ਵਿਦਵਾਨ ਹਨ। ਜੇਕਰ ਉਹ ਗ਼ਜ਼ਲ ਦੇ ਜਨਮ, ਵਿਕਾਸ, ਇਤਿਹਾਸ ’ਤੇ ਸੰਖੇਪ ਚਾਨਣਾ ਪਾਉਂਦੇ ਤਾਂ ਹੋਰ ਵੀ ਚੰਗਾ ਹੁੰਦਾ। ਗ਼ਜ਼ਲ ਦੀ ਆਪਣੀ ਸ਼ਬਦਾਵਲੀ ਹੈ ਜਿਵੇਂ ਤਕਤੀਹ, ਮਤਲਾ, ਮਕਤਾ, ਕਾਫ਼ੀਆ, ਰਦੀਫ਼, ਤੁਕਾਂਤ, ਸਕਤਾ, ਸ਼ਿਅਰ ਦੇ ਗੁਣ ਤੇ ਐਬ ਇਹ ਵੀ ਜਾਣਕਾਰੀ ਚਾਹੀਦੀ ਸੀ। ਫੇਰ ਵੀ ਸਿਖਾਂਦਰੂ ਗ਼ਜ਼ਲਗੋਆਂ ਲਈ ਅਨੂਪ ਦੀ ਇਹ ਅਰੂਜ਼ ਪੁਸਤਕ ਲਾਭਕਾਰੀ ਹੋਵੇਗੀ। ਪੁਸਤਕ ਦਾ ਨਾਮਕਰਣ ਆਕਰਸ਼ਕ ਤੇ ਨਵੀਨ ਹੈ।
ਸੰਪਰਕ: 98766-36159