ਕੁਲਵੰਤ ਘੋਲੀਆ
ਮੈਂ ਆਪਣੇ ਪਰਿਵਾਰ ਵਿਚ ਸਭ ਤੋਂ ਛੋਟੀ ਤੇ ਲਾਡਲੀ ਸੀ ਤਾਂ ਹੀ ਹਰ ਮੰਗ ਜਲਦੀ ਪੂਰੀ ਹੋ ਜਾਂਦੀ। ਇਹ ਵੇਖ ਦਾਦੀ ਹਮੇਸ਼ਾ ਪਾਪਾ ਨੂੰ ਘੂਰਦੀ, ‘‘ਤੂੰ ਕੁੜੀ ਨੂੰ ਚੰਬਲਾਈ ਜਾਨੈਂ, ਏਨੀ ਖੁੱਲ੍ਹ ਚੰਗੀ ਨਹੀਂ। ਅਗਾਂਹ ਸਹੁਰੇ ਘਰ ਕੀ ਲੱਲਰ ਲਾਊ।’’
ਪਾਪਾ ਵੱਲੋਂ ਪਟਾ ਢਿੱਲਾ ਹੁੰਦੇ ਹੀ ਮਾਂ ਵਾਲੇ ਪਾਸੇ ਕੱਸਿਆ ਜਾਂਦਾ, ‘‘ਅੱਗ ਲੱਗ ਜਾਏ, ਆਹ ਟੀਵੀ ਨੂੰ ਸਾਰਾ ਦਿਨ ਏਸੇ ’ਚ ਵੜੀ ਰਹਿੰਦੀ ਐ। ਜਿਹੋ ਜਿਹੀ ਵਿਹਲੜ ਆਪ ਉਹੋ ਜੀ ਕੁੜੀ ਜੰਮਤੀ।’’ ਨੱਬੇ ਸਾਲ ਨੂੰ ਪਹੁੰਚੀ ਦਾਦੀ ਸਭ ਨੂੰ ਇੱਕੋ ਤੱਕੜੀ ਤੋਲ ਛੱਡਦੀ। ਮੈਨੂੰ ਕਦੇ ਕਦੇ ਦਾਦੀ ’ਤੇ ਗੁੱਸਾ ਆ ਜਾਣਾ ਤਾਂ ਕਹਿਣਾ, ‘‘ਦਾਦੀ, ਤੂੰ ਕੌਣ ਐਂ ਕਹਿਣ ਵਾਲੀ, ਮੈਂ ਆਪਣੇ ਬਾਪ ਦਾ ਖਾਨੀ ਆਂ ਤੇਰਾ ਨਹੀਂ।’’ ਤੇ ਏਨਾ ਕਹਿ ਪਾਪਾ ਨੂੰ ਹੌਲੀ ਦੇਣੇ ਇਸ਼ਾਰਾ ਕਰ ਦੇਣਾ।
ਪਟਾ ਫਿਰ ਚੜ੍ਹ ਜਾਣਾ, ‘‘ਆਹ ਪੁੱਛ ਆਵਦੇ ਪਿਉ ਨੂੰ, ਕੀ ਸੀ ਇਹਦੇ ਕੋਲ, ਨਾਲੇ ਆਹ ਤੇਰੀ ਮਾਂ ਕੋਲ! ਗੱਲਾਂ ਕਰਦੀ ਐਂ।’’
ਫਿਰ ਮੈਂ ਮਨ ਹੀ ਮਨ ਹੱਸੀ ਜਾਣਾ, ਸੱਚੀਂ ਵੱਡਿਆਂ ਦੀਆਂ ਗਾਲ੍ਹਾਂ ਵੀ ਬੱਚਿਆਂ ਵਰਗੀਆਂ ਹੀ ਹੁੰਦੀਆਂ ਨੇ।
ਮੈਨੂੰ ਯਾਦ ਹੈ ਜਦ ਨਵਾਂ ਘਰ ਬਣਾਉਣਾ ਸੀ ਤਾਂ ਦਾਦੀ ਜ਼ਿੱਦ ਕਰਕੇ ਬੈਠੀ ਰਹੀ ਕਿ ਪੁਰਾਣਾ ਕਮਰਾ ਨਹੀਂ ਢਾਹੁਣਾ ਤੇ ਨਾ ਹੀ ਮੇਰਾ ਸੰਦੂਕ ਉੱਥੋਂ ਕਿਸੇ ਨੇ ਹਿਲਾਉਣਾ ਹੈ। ਦਾਦੀ ਦੀਆਂ ਪਤਾ ਨਹੀਂ ਕਿਹੜੀਆਂ ਯਾਦਾਂ ਜੁੜੀਆਂ ਸੀ। ਪਾਪਾ ਨੇ ਵੀ ਉਹ ਕਮਰਾ ਉਸੇ ਤਰ੍ਹਾਂ ਛੱਡ ਦਿੱਤਾ ਤੇ ਅੱਗੇ ਨਵਾਂ ਘਰ ਬਣਾ ਲਿਆ।
ਮੈਂ ਅਕਸਰ ਦਾਦੀ ਨੂੰ ਕਹਿਣਾ, ‘‘ਲਿਆ ਦਾਦੀ ਚਾਬੀ, ਸੰਦੂਕ ਖੋਲ੍ਹੀਏ। ਕੀ ਪਤਾ ਸੋਨੇ ਦੀਆਂ ਮੋਹਰਾਂ ਹੀ ਨਿਕਲ ਆਉਣ।’’ ਮੇਰੀ ਗੱਲ ’ਤੇ ਸਭ ਹੱਸ ਪੈਂਦੇ, ਪਰ ਦਾਦੀ ਮੱਥੇ ਤਿਉੜੀ ਪਾ ਲੈਂਦੀ। ‘‘ਖ਼ਬਰਦਾਰ, ਜੇ ਮੇਰੇ ਸੰਦੂਕ ਵੱਲ ਝਾਕੀ!’’ ਮੈਂ ਅੱਗੋਂ ਦਾਦੀ ਨੂੰ ਹੋਰ ਛੇੜ ਦੇਣਾ।
‘‘ਦਾਦੀ, ਕੀ ਉਹਦੇ ’ਚ ਤੇਰੇ ਪੁਰਾਣੇ ਸੂਟ ਹੋਣੇ ਆ?’’
‘‘ਤੈਨੂੰ ਕੀ ਅਕਲ ਐ ਕੁੜੀਏ ਸੁੂਟਾਂ ਬਾਰੇ। ਲੱਖ ਲੱਖ ਦੇ ਅਣਸਿਉਂਤੇ ਵਰੀ ਵਾਲੇ ਸੂਟ ਪਏ ਨੇ ਮੇਰੇ ਸੰਦੂਕ ’ਚ।’’
ਮੇਰੀ ਉਤਸੁਕਤਾ ਹੋਰ ਵਧ ਜਾਣੀ, ਖ਼ਬਰੇ ਦਾਦੀ ਸੱਚ ਹੀ ਬੋਲਦੀ ਹੋਵੇ।
ਪਾਪਾ ਅਕਸਰ ਦੱਸਦੇ ਸੀ ਕਿ ਸੰਤਾਲੀ ਦੀ ਵੰਡ ਵੇਲੇ ਬੜਾ ਰੌਲਾ ਪਿਆ, ਬਹੁਤ ਖ਼ੂਨ ਖਰਾਬਾ ਹੋਇਆ, ਹਜ਼ਾਰਾਂ ਜਾਨਾਂ ਗਈਆਂ। ਤੇਰੇ ਦਾਦਾ ਤੇ ਦਾਦੀ ਜੀ, ਆਪਣਾ ਘਰਬਾਰ, ਜ਼ਮੀਨ ਆਦਿ ਉਧਰ ਹੀ ਛੱਡ ਕੇ ਬੱਸ ਇਹ ਸੰਦੂਕ ਵਿਚ ਲੀੜੇ ਲੱਤੇ ਪਾ ਗੱਡੇ ’ਤੇ ਲੱਦ ਕੇ ਜਾਨ ਬਚਾਅ ਏਧਰ ਆ ਗਏ। ਔਖੇ ਸੌਖੇ ਇਕ ਕਮਰਾ ਖੜ੍ਹਾ ਕਰ ਲਿਆ। ਸਿਰ ’ਤੇ ਛੱਤ ਨਸੀਬ ਹੋਈ ਤੇ ਫਿਰ ਥੋੜ੍ਹੇ ਸਮੇਂ ਬਾਅਦ ਮੈਂ ਪੈਦਾ ਹੋਇਆ। ਤੇਰੇ ਦਾਦਾ ਜੀ ਨੇ ਬੜੀ ਮਿਹਨਤ ਕੀਤੀ ਤੇ ਫਿਰ ਜ਼ਮੀਨ ਜਾਇਦਾਦ ਬਣਾ ਲਈ, ਪਰ ਜਲਦੀ ਹੀ ਬਿਮਾਰੀ ਕਾਰਨ ਇਸ ਸੰਸਾਰ ਤੋਂ ਚਲੇ ਗਏ। ਤੇਰੀ ਦਾਦੀ ਨੇ ਵੀ ਬਹੁਤ ਗ਼ਰੀਬੀ ਦੇਖੀ, ਪਰ ਅੱਜ ਜੋ ਵੀ ਹਾਂ ਉਨ੍ਹਾਂ ਕਰਕੇ ਹੀ ਹਾਂ।’’ ਇਹ ਸੁਣ ਕੇ ਮੇਰੀਆਂ ਅੱਖਾਂ ਭਰ ਆਉਂਦੀਆਂ ਤੇ ਦਾਦੀ ਲਈ ਮਣਾਂ-ਮੂੰਹੀ ਪਿਆਰ ਉਮੜ ਆਉਂਦਾ।
ਖੁੱਲ੍ਹੇ ਮਾਹੌਲ ਵਿਚ ਜੰਮੀ ਪਲੀ ਸੀ। ਸ਼ਾਇਦ ਇਸੇ ਕਰਕੇ ਕਦੇ ਕਦੇ ਦਾਦੀ ਦੀਆਂ ਗਾਲ੍ਹਾਂ ਦਾ ਗੁੱਸਾ ਕਰ ਜਾਂਦੀ।
ਇਕ ਦਿਨ ਅਚਾਨਕ ਦਾਦੀ ਦੀ ਤਬੀਅਤ ਖ਼ਰਾਬ ਹੋ ਗਈ। ਦਵਾਈ ਲਈ, ਪਰ ਤਬੀਅਤ ਦਿਨ-ਬ-ਦਿਨ ਖ਼ਰਾਬ ਹੁੰਦੀ ਗਈ। ਉਮਰ ਵੀ ਹੁਣ ਕਾਫ਼ੀ ਸੀ ਤੇ ਡਾਕਟਰਾਂ ਨੇ ਵੀ ਸੇਵਾ ਕਰਨ ਲਈ ਕਹਿ ਦਿੱਤਾ। ਮੈਂ ਸਾਰਾ ਸਾਰਾ ਦਿਨ ਦਾਦੀ ਦੇ ਸਿਰਹਾਣੇ ਬੈਠੇ ਰਹਿਣਾ। ਦਾਦੀ ਬਿਲਕੁਲ ਗੁੰਮ-ਸੁੰਮ ਸੀ। ਮੈਂ ਬਥੇਰਾ ਪੁੱਠਾ ਸਿੱਧਾ ਬੋਲਣਾ ਕਿ ਦਾਦੀ ਗਾਲ੍ਹਾਂ ਕੱਢੇ। ਮੈਂ ਸੰਦੂਕ ਦਾ ਜਿੰਦਾ ਤੋੜ ਕੇ ਵਰੀ ਵਾਲੇ ਸੂਟ ਕੱਢਣ ਦੀ ਵੀ ਗੱਲ ਕਰਨੀ, ਪਰ ਕੋਈ ਅਸਰ ਨਾ ਹੋਣਾ।
ਬੱਸ ਕੁਝ ਸਾਹ ਬਚੇ ਸੀ ਤੇ ਅਗਲੀ ਸਵੇਰ ਦਾਦੀ ਵੀ ਚਲੀ ਗਈ। ਉਸ ਦਿਨ ਮੈਂ ਬਹੁਤ ਰੋਈ, ਆਪਣੀ ਸੁੱਧ ਬੁੱਧ ਗੁਆ ਬੈਠੀ। ਮੈਂ ਜਾਣਦੀ ਸੀ ਕਿ ਮਾਂ ਤੋਂ ਜ਼ਿਆਦਾ ਦਾਦੀ ਨੂੰ ਮੇਰਾ ਫ਼ਿਕਰ ਸੀ।
ਸਾਰੀਆਂ ਰਸਮਾਂ ਹੋ ਗਈਆਂ। ਹੁਣ ਘਰ ਵਿਚ ਚੁੱਪ ਸੀ। ਕੋਈ ਹੱਸਦਾ ਬੋਲਦਾ ਨਹੀਂ ਸੀ। ਮੈਂ ਵੀ ਚੁੱਪਚਾਪ ਬੇਜਾਨਾਂ ਵਾਂਗ ਬੈਠੀ ਰਹਿਣਾ। ਇਕਦਮ ਯਾਦ ਆਇਆ ਤੇ ਮੈਂ ਭੱਜ ਕੇ ਦਾਦੀ ਵਾਲੇ ਕਮਰੇ ਵਿਚ ਜਾ ਵੜੀ। ਸੰਦੂਕ ਨੂੰ ਤੱਕਿਆ ਤਾਂ ਏਦਾਂ ਲੱਗਿਆ ਜਿਵੇਂ ਦਾਦੀ ਹਾਲੇ ਵੀ ਕਹਿ ਰਹੀ ਹੋਵੇ, ‘ਖ਼ਬਰਦਾਰ, ਜੇ ਮੇਰੇ ਸੰਦੂਕ ਨੂੰ ਹੱਥ ਲਗਾਇਆ।’ ਆਪਮੁਹਾਰੇ ਅੱਖੋਂ ਡੁੱਲ੍ਹਿਆ ਹੰਝੂ ਗੱਲ੍ਹ ’ਤੇ ਆ ਗਿਆ ਤੇ ਹੱਥ ਨਾਲ ਸਾਫ਼ ਕਰ ਥੋੜ੍ਹਾ ਹੱਸੀ।
ਸੰਦੂਕ ਨੂੰ ਹੱਥ ਲਾਇਆ ਹੀ ਸੀ ਕਿ ਪਿੱਛੋਂ ਪਾਪਾ ਵੀ ਆ ਗਏ ਤੇ ਸੰਦੂਕ ਦੀ ਚਾਬੀ ਫੜਾ ਦਿੱਤੀ। ਮੈਂ ਕਾਹਲੀ ਕਾਹਲੀ ਦਾਦੀ ਦਾ ਸੰਦੂਕ ਖੋਲ੍ਹ ਲਿਆ।
ਏਦਾਂ ਲੱਗ ਰਿਹਾ ਸੀ ਜਿਵੇਂ ਦਾਦੀ ਨਾਲ ਫਿਰ ਗਲਵਕੜੀ ਪੈ ਗਈ ਹੋਵੇ। ਆਪਣੀਆਂ ਬਚਪਨ ਦੀਆਂ ਫਰਾਕਾਂ ਅਤੇ ਗੁੱਡੀਆਂ ਪਟੋਲੇ ਦੇਖ ਕੇ ਅੱਖਾਂ ਫਿਰ ਭਰ ਆਈਆਂ। ਇੱਥੋਂ ਤੱਕ ਕਿ ਮੰਮੀ ਜੋ ਮੇਰੀਆਂ ਪੁਰਾਣੀਆਂ ਕਿਤਾਬਾਂ ਰੱਦੀ ਵਾਲੇ ਨੂੰ ਵੇਚਦੀ ਸੀ, ਦਾਦੀ ਨੇ ਉਹ ਕਿਤਾਬਾਂ ਵੀ ਵਾਪਸ ਲੈ ਕੇ ਸੰਦੂਕ ਵਿਚ ਸਾਂਭ ਲਈਆਂ ਸਨ।
ਸੰਦੂਕ ’ਚੋਂ ਇਕ ਪੁਰਾਣਾ ਫੁੱਲਾਂ ਵਾਲਾ ਝੋਲਾ ਮਿਲਿਆ ਜਿਸ ਵਿਚ ਬਹੁਤ ਹੀ ਖ਼ੂਬਸੂਰਤ ਫੁਲਕਾਰੀ ਸੀ। ਪਾਪਾ ਨੇ ਉਸ ਫੁਲਕਾਰੀ ਨੂੰ ਫੜ ਚੁੰਮਿਆ ਤੇ ਮੱਥੇ ਨਾਲ ਲਾ ਕੇ ਰੋਣ ਲੱਗੇ।
ਪਾਪਾ ਨੇ ਦੱਸਿਆ, ‘‘ਇਹ ਫੁਲਕਾਰੀ ਤੇਰੀ ਦਾਦੀ ਨੇ ਤੇਰੇ ਲਈ ਰੱਖੀ ਸੀ ਕਿ ਜਦ ਮੇਰੀ ਪੋਤੀ ਸਹੁਰੇ ਘਰ ਜਾਵੇਗੀ ਤਾਂ ਮੈਂ ਇਹ ਫੁਲਕਾਰੀ ਦੇਵਾਂਗੀ।’’
ਮੈਂ ਤੇ ਪਾਪਾ ਉਸ ਫੁਲਕਾਰੀ ਨਾਲ ਲਿਪਟ ਪਤਾ ਨਹੀਂ ਕਦੋਂ ਤੱਕ ਰੋਈ ਗਏ। ਇਸ ਗੱਲ ਨੂੰ ਅੱਜ ਦੋ ਸਾਲ ਬੀਤ ਗਏ। ਮੇਰੇ ਵਿਆਹ ਦਾ ਦਿਨ ਵੀ ਆ ਗਿਆ। ਇਸ ਘਰ ਨੂੰ ਛੱਡ ਕੇ ਜਾਣ ਦਾ ਸਮਾਂ। ਸਭ ਤਿਆਰੀਆਂ ਹੋ ਗਈਆਂ। ਵਿਦਾਈ ਦਾ ਸਮਾਂ ਵੀ ਹੋ ਗਿਆ।
ਮੈਂ ਭੱਜ ਕੇ ਦਾਦੀ ਵਾਲੇ ਕਮਰੇ ਵਿਚ ਜਾ ਵੜੀ। ਸੰਦੂਕ ਨੂੰ ਘੁੱਟ ਕੇ ਬਾਹਾਂ ਵਿਚ ਭਰ ਲਿਆ। ਹੰਝੂ ਰੁਕਣ ਦਾ ਨਾਮ ਹੀ ਨਹੀਂ ਸੀ ਲੈ ਰਹੇ। ‘‘ਚੰਗਾ ਦਾਦੀ ਉਦਾਸ ਨਾ ਹੋਵੀਂ, ਤੂੰ ਹਮੇਸ਼ਾ ਮੇਰੇ ਨਾਲ ਹੀ ਰਹੇਂਗੀ…’’ ਪਤਾ ਹੀ ਨਹੀਂ ਬੱਚਿਆਂ ਵਾਂਗ ਅੱਜ ਮੈਂ ਕਿੰਨੀਆਂ ਹੀ ਗੱਲਾਂ ਦਾਦੀ ਦੇ ਸੰਦੂਕ ਨਾਲ ਕੀਤੀਆਂ।
ਦਾਦੀ ਦਾ ਸੰਦੂਕ ਖੋਲ੍ਹ ਮੈਂ ਉਹ ਫੁਲਕਾਰੀ ਚੁੱਕ ਲਈ ਤੇ ਆਪਣੇ ਦਾਜ ਵਾਲੇ ਸੂਟ ਨਾਲ ਹੀ ਰੱਖ ਲਈ। ਅੱਜ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਇਸ ਘਰ ’ਚੋਂ ਮੈਂ ਨਹੀਂ ਜਾ ਰਹੀ ਸਗੋਂ ਮੇਰੀ ਦਾਦੀ ਵੀ ਅੰਤਾਂ ਦਾ ਮੋਹ ਦੇਣ ਲਈ ਸੰਦੂਕ ਵਿੱਚੋਂ ਨਿਕਲ ਮੇਰੇ ‘ਦਾਜ ਵਾਲੇ ਸੂਟ’ ਨਾਲ ਫੁਲਕਾਰੀ ਬਣ ਜਾ ਰਹੀ ਹੈ।
ਸੰਪਰਕ: 95172-90006