ਜਿਉਂ ਜਿਉਂ ਗਰਮੀਆਂ ਦੀਆਂ ਛੁੱਟੀਆਂ ਨੇੜੇ ਆ ਰਹੀਆਂ ਸਨ ਓਵੇਂ ਓਵੇਂ ਤਾਰੋ ਦੀ ਖ਼ੁਸ਼ੀ ਵਧਦੀ ਜਾ ਰਹੀ ਸੀ। ਉਸ ਨੇ ਇਨ੍ਹਾਂ ਛੁੱਟੀਆਂ ਵਿਚ ਆਪਣੇ ਦੋ ਸਾਲਾਂ ਦੇ ਪੁੱਤਰ ਨਾਲ ਪੇਕੇ ਜੁ ਜਾਣਾ ਸੀ। ਖ਼ੁਸ਼ੀ ’ਚ ਖੀਵੀ ਹੋਈ ਕਦੇ ਆਪਮੁਹਾਰੇ ਗੱਲਾਂ ਕਰਦੀ ਤੇ ਕਦੇ ਆਪਣੇ ਦੋ ਸਾਲਾਂ ਦੇ ਪੁੱਤ ਨੂੰ ਪੁੱਛਦੀ, ‘‘ਮੇਰਾ ਸੋਹਣਾ ਪੁੱਤ ਨਾਨਕੇ ਜਾਵੇਗਾ?’’ ਜੇ ਉਹ ਅੱਗੋਂ ਥੋੜ੍ਹਾ ਜਿਹਾ ਵੀ ਹੁੰਗਾਰਾ ਭਰਦਾ ਤਾਂ ਉਹ ਬਹੁਤ ਖ਼ੁਸ਼ ਹੁੰਦੀ। ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ। ਤਾਰੋ ਦਾ ਖ਼ਾਵੰਦ ਉਸ ਨੂੰ ਕਦੇ ਕਹੇ ਤੈਨੂੰ ਅੱਜ ਛੱਡ ਕੇ ਆਊਂ ਤੇ ਕਦੇ ਕਹੇ ਭਲਕੇ। ਅੰਤ ਇਕ ਦਿਨ ਤਾਰੋ ਆਪ ਹੀ ਲੌਢੇ ਵੇਲੇ ਲਾਰੀ ਚੜ੍ਹ ਕੇ ਆਪਣੇ ਪੁੱਤ ਨਾਲ ਪੇਕੇ ਆ ਗਈ। ਪੇਕੇ ਆ ਕੇ ਜਦੋਂ ਉਸ ਨੇ ਆਪਣੇ ਖ਼ਾਵੰਦ ਨੂੰ ਸੁਖੀ ਸਾਂਦੀ ਪਹੁੰਚਣ ਦੀ ਖ਼ਬਰ ਦੇਣ ਲਈ ਫ਼ੋਨ ਕੀਤਾ ਤਾਂ ਉਸ ਨੇ ਅੱਗੋਂ ਸਿੱਧੇ ਮੂੰਹ ਗੱਲ ਨਾ ਕੀਤੀ ਕਿਉਂਕਿ ਤਾਰੋ ਆਪ ਹੀ ਪੇਕੇ ਚਲੀ ਗਈ ਸੀ। ਹੁਣ ਤਾਰੋ ਆਪਣੇ ਪੇਕੇ ਘਰ ਸੀ ਜਿਸ ਪਲ ਦਾ ਇੰਤਜ਼ਾਰ ਉਹ ਕਈ ਮਹੀਨਿਆਂ ਤੋਂ ਕਰ ਰਹੀ ਸੀ। ਫਿਰ ਵੀ ਉਸ ਦਾ ਸਾਰਾ ਧਿਆਨ ਪਿੱਛੇ ਆਪਣੇ ਨਾਰਾਜ਼ ਹੋਏ ਖ਼ਾਵੰਦ ਵੱਲ ਸੀ। ਜੋ ਖ਼ੁਸ਼ੀ ਉਹ ਸੋਚਦੀ ਸੀ ਉਸ ਨੂੰ ਮਿਲ ਨਹੀਂ ਰਹੀ ਸੀ। ਨਾ ਉਸ ਨੇ ਇਸ ਵਾਰ ਆਪਣੀ ਮਾਂ ਕੋਲ ਬੈਠ ਕੇ ਨਿੱਕੀਆਂ ਨਿੱਕੀਆਂ ਗੱਲਾਂ ਕੀਤੀਆਂ ਤੇ ਨਾ ਹੀ ਆਪਣੇ ਸਭ ਤੋਂ ਸੋਹਣੇ ਕੱਟੇ ਕੋਲ ਜਾ ਕੇ ਉਸ ਨੂੰ ਪਲੋਸਿਆ। ਭਰਾ ਨੂੰ ਆਪਣੀ ਭੈਣ ਜੀ ਦੇ ਆਉਣ ਦਾ ਬੜਾ ਚਾਅ ਸੀ, ਪਰ ਭੈਣ ਨੂੰ ਉਦਾਸ ਵੇਖ ਕੇ ਉਸ ਦਾ ਵੀ ਚਿੱਤ ਜਿਹਾ ਨਹੀਂ ਲੱਗ ਰਿਹਾ ਸੀ। ਅੰਤ ਜਦੋਂ ਜੀਤੇ ਵੀਰ ਨੇ ਉਦਾਸ ਹੋਣ ਦਾ ਕਾਰਨ ਪੁੱਛਿਆ ਤਾਂ ਤਾਰੋ ਨੇ ਕਿਹਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ, ਉਹਨੂੰ ਤਾਂ ਪੇਕੇ ਆਉਣ ਦਾ ਚਾਅ ਹੀ ਬਹੁਤ ਹੈ। ਇਸ ਗੱਲ ਤੋਂ ਬਾਅਦ ਵੀ ਤਾਰੋ ਦਾ ਧਿਆਨ ਆਪਣੇ ਰੁੱਸੇ ਹੋਏ ਖ਼ਾਵੰਦ ਵੱਲ ਹੀ ਸੀ। ਇਸੇ ਤਰ੍ਹਾਂ ਹੀ ਦਿਨ ਬੀਤਦੇ ਗਏ ਅਤੇ ਗਰਮੀ ਦੀਆਂ ਛੁੱਟੀਆਂ ਖ਼ਤਮ ਹੋ ਗਈਆਂ। ਇਕ ਦਿਨ ਤਾਰੋ ਨੇ ਆਪਣੇ ਵੀਰ ਜੀਤੇ ਨੂੰ ਲਾਰੀ ’ਤੇ ਚੜ੍ਹਾ ਕੇ ਆਉਣ ਲਈ ਕਿਹਾ। ਅੱਡੇ ’ਤੇ ਖੜ੍ਹੀ ਤਾਰੋ ਹੁਣ ਇਹ ਸੋਚ ਰਹੀ ਸੀ ਕਿ ਜਦ ਉਹ ਅਗਲੀ ਵਾਰ ਆਵੇਗੀ ਤਾਂ ਇਸ ਵਾਰ ਦੀਆਂ ਸਾਰੀਆਂ ਗੱਲਾਂ ਆਪਣੀ ਮਾਂ ਕੋਲ ਬੈਠ ਕੇ ਕਰੇਗੀ। ਇੰਨੇ ਨੂੰ ਧੂੜਾਂ ਪੁੱਟਦੀ ਲਾਰੀ ਆਈ ਤੇ ਤਾਰੋ ਆਪਣੇ ਪੁੱਤ ਨੂੰ ਕੁੱਛੜ ਚੁੱਕ ਕੇ ਬੱਸ ਚੜ੍ਹ ਕੇ ਸਹੁਰੇ ਚਲੀ ਗਈ।
– ਜਸ਼ਨਦੀਪ ਤਰੀਕਾ
ਸੰਪਰਕ: 95019-95829
* * *
ਕਰਮਾਂ ਦੀ ਸਜ਼ਾ
ਹਰਜੀਤ ਵੱਡੇ ਘਰ ਦਾ ਮੁੰਡਾ ਸੀ। ਉਸ ਨੂੰ ਹਰ ਸੁਖ ਸਹੂਲਤ ਮਿਲੀ ਹੋਈ ਸੀ। ਉਹ ਸਭ ਦਾ ਲਾਡਲਾ ਸੀ। ਉਸ ਦੇ ਕਹਿਣ ਤੋਂ ਪਹਿਲਾਂ ਹੀ ਉਸ ਨੂੰ ਹਰ ਚੀਜ਼ ਮਿਲ ਜਾਂਦੀ ਸੀ। ਇਸ ਕਾਰਨ ਉਹ ਲਾਪ੍ਰਵਾਹ ਹੋ ਗਿਆ ਸੀ। ਕੋਈ ਵੀ ਕੰਮ ਢੰਗ ਨਾਲ ਨਹੀਂ ਸੀ ਕਰਦਾ। ਜੇਕਰ ਕੋਈ ਉਸ ਨੂੰ ਕੁਝ ਕਹਿੰਦਾ ਤਾਂ ਉਹ ਰੁੱਸ ਕੇ ਬਹਿ ਜਾਂਦਾ ਸੀ। ਇਸ ਕਰਕੇ ਕਿਸੇ ਉਸ ਨੂੰ ਕੁਝ ਕਹਿਣਾ ਹੀ ਛੱਡ ਦਿੱਤਾ ਸੀ।
ਇਕ ਦਿਨ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਚਲਾਉਣ ਕਰਕੇ ਇਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਹਰਜੀਤ ਦੇ ਮਾਪਿਆਂ ਲਈ ਇਸ ਤੋਂ ਵੱਧ ਦੁੱਖ ਕੀ ਹੋ ਸਕਦਾ ਸੀ। ਹਰ ਕੋਈ ਘਰ ਆ ਕੇ ਦਿਲਾਸਾ ਦੇ ਰਿਹਾ ਸੀ ਤੇ ਘਰ ਤੋਂ ਬਾਹਰ ਜਾਂਦੇ ਹੀ ਅਫ਼ਸੋੋਸ ਕਰਨ ਵਾਲੇ ਸਾਰਾ ਦੋਸ਼ ਮਾਪਿਆਂ ਨੂੰ ਦੇ ਰਹੇ ਸਨ ਕਿ ਜ਼ਿਆਦਾ ਹੀ ਆਜ਼ਾਦੀ ਦਿੱਤੀ ਹੋਈ ਸੀ, ਮਾਂ-ਪਿਓ ਦੇ ਕਰਮਾਂ ਦੀ ਸਜ਼ਾ ਮਿਲੀ ਹੈ ਮੁੰਡੇ ਨੂੰ ਤੇ ਹੋਰ ਪਤਾ ਨਹੀਂ ਕੀ-ਕੀ, ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਮਾਪਿਆਂ ਨੂੰ ਕਿਸ ਦੇ ਕਰਮਾਂ ਦੀ ਸਜ਼ਾ ਮਿਲੀ ਹੈ।
– ਹਰਪ੍ਰੀਤ ਕੌਰ
ਈ-ਮੇਲ: kaurharpreet26dec@gmail.com
* * *
ਅਸਲ ਗ਼ਰੀਬ
ਪਿੰਡ ਦੀ ਸਮਾਜ ਸੇਵੀ ਸੰਸਥਾ ਵੱਲੋਂ ਅੱਜ ਵਿਹੜੇ ਵਾਲਿਆਂ ਦੇ ਘਰਾਂ ਵਿਚ ਰਾਸ਼ਨ ਵੰਡਿਆ ਜਾ ਰਿਹਾ ਸੀ। ਸੰਸਥਾਂ ਦੇ ਕਾਰਕੁਨਾਂ ਨੇ ਸੱਤੇ ਦੇ ਘਰ ਦਾ ਬੂਹਾ ਖੜਕਾਇਆ। ਉਹ ਸਿਰ ’ਤੇ ਮੈਲਾ-ਕੁਚੈਲਾ ਜਿਹਾ ਸਾਫ਼ਾ ਬੰਨ੍ਹਦਿਆਂ ਆਪਣੇ ਕੱਚੇ ਕੋਠੇ ਵਿੱਚੋਂ ਬਾਹਰ ਨਿਕਲ ਕੇ ਬੂਹੇ ਵੱਲ ਨੂੰ ਵਧਿਆ। ਬੂਹਾ ਖੋਲ੍ਹਦਿਆਂ ਹੀ ਸਾਹਮਣੇ ਖੜ੍ਹੇ ਮੁੰਡਿਆਂ ਨੂੰ ਵੇਖ ਕੇ ਸੱਤੇ ਦੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ। ‘‘ਆ ਲੈ ਬਾਈ ਸੱਤਿਆ ਰਾਸ਼ਨ, ਲੌਕਡਾਊਨ ਦਾ ਕੋਈ ਪਤਾ ਨਈਂ ਅਜੇ ਕਿੰਨੇ ਕੁ ਦਿਨ ਚੱਲੂ। ਤੂੰ ਜੁਵਾਕਾਂ ਦਾ ਢਿੱਡ ਭਰ ਇਕੇਰਾਂ। ਜੇ ਹੋਰ ਲੋੜ ਹੋਈ ਤਾਂ ਦੱਸ ਦੇਈਂ।’’ ‘‘ਨਹੀਂ ਨਹੀਂ, ਮੈਨੂੰ ਹੋਰ ਰਾਸ਼ਨ ਨ੍ਹੀਂ ਚਾਹੀਦਾ। ਮੈਨੂੰ ਤਾਂ ਕੰਮ ਚਾਹੀਦੈ ਗਿੰਦਰਾ ਕੰਮ। ਅੱਜ ਮੈਂ ਸਵੇਰੇ ਕੰਮ ਦੀ ਭਾਲ ’ਚ ਈ ਨਿਕਲਿਆ ਸੀ ਘਰੋਂ, ਪਰ ਕੰਮ ਤਾਂ ਕਿਸੇ ਪਾਸੇ ਹੈ ਈ ਨਈਂ। ਸੁੰਨ ਪਸਰੀ ਪਈ ਐ ਚਾਰ-ਚੁਫ਼ੇਰੇ। ਅੱਡੇ ਆਲੀਆਂ ਸਾਰੀਆਂ ਦੁਕਾਨਾ ਵੀ ਬੰਦ ਤੇ ਬੰਦੇ ਵੀ ਵਿਰਲੇ-ਟਾਵੇਂ ਐ ਚਾਰ-ਚੁਫ਼ੇਰੇ।” ਸੱਤੇ ਨੇ ਭਰੀਆਂ ਅੱਖਾਂ ਨਾਲ ਇੱਕੋ ਸਾਹੇ ਹੀ ਆਪਣੇ ਦਿਲ ਦੀ ਗੱਲ ਕਹਿ ਦਿੱਤੀ। “ਕੋਈ ਨਾ ਸੱਤਿਆ, ਤੂੰ ਦਿਲ ਹੌਲਾ ਨਾ ਕਰ। ਸਾਨੂੰ ਪਤੈ ਤੂੰ ਕਮਾ ਕੇ ਖਾਣ ਆਲਾ ਬੰਦੈਂ, ਪਰ ਹੁਣ ਜਦੋਂ ਕੋਈ ਕੰਮ ਈ ਨਈਂ ਕਿਸੇ ਪਾਸੇ ਤਾਂ ਕੀ ਕਰੇਂਗਾ!” ਗਿੰਦਰ ਨੇ ਸੱਤੇ ਦਾ ਹੌਸਲਾ ਬੰਨ੍ਹਾਉਂਦਿਆਂ ਆਖਿਆ। “ਹਾਂ ਗੱਲ ਤੇਰੀ ਵੀ ਠੀਕ ਐ, ਆਖ਼ਰ ਕੱਲ ਤੋਂ ਭੁੱਖੇ ਵਿਲਕਦੇ ਜੁਆਕਾਂ ਦਾ ਢਿੱਡ ਵੀ ਤਾਂ ਭਰਨੈ। ਆਖ਼ਰ ਮੈਂ ਉਨ੍ਹਾਂ ਦਾ ਪਿਓ ਆਂ,’’ ਦਿਲ ਹੀ ਦਿਲ ਵਿਚ ਸੋਚਦਿਆਂ ਸੱਤੇ ਨੇ ਮਰੇ ਜਿਹੇ ਮਨ ਨਾਲ ਆਪਣੇ ਸਿਰ ਤੋਂ ਸਾਫ਼ਾ ਲਾਹ ਕੇ ਆਪਣੀਆਂ ਬਾਹਾਂ ਰਾਸ਼ਨ ਦੇਣ ਲਈ ਆਏ ਮੁੰਡਿਆਂ ਵੱਲ ਵਧਾ ਦਿੱਤੀਆ। “ਲੈ ਵੀ ਮੁੰਡਿਆ ਖਿੱਚ ਫੋਟੋ,’’ ਗਿੰਦਰ ਨੇ ਆਪਣੇ ਨਾਲ ਖੜ੍ਹੇ ਮੁੰਡੇ ਨੂੰ ਇਸ਼ਾਰਾ ਕਰਦਿਆਂ ਆਖਿਆ। ਰਾਸ਼ਨ ਲੈ ਕੇ ਆਪਣੇ ਕੱਚੇ ਕੋਠੇ ਵੱਲ ਨੂੰ ਮੁੜਦਿਆਂ ਸੱਤੇ ਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਅੱਜ ਉਹ ਭੀਖ ਮੰਗ ਕੇ ਆਪਣੇ ਬੱਚਿਆਂ ਦਾ ਢਿੱਡ ਭਰ ਰਿਹਾ ਹੋਵੇ।
ਉਸ ਨੇ ਆਪਣੇ ਕੋਠੇ ਵਿਚ ਆ ਕੇ ਟੁੱਟੀ ਪੈਂਦ ਵਾਲੇ ਮੰਜੇ ’ਤੇ ਆਪਣੇ ਸਾਫ਼ੇ ਦੀ ਗੰਢ ਖੋਲ ਦਿੱਤੀ। ਰਾਸ਼ਨ ਨੂੰ ਵੇਖਦਿਆਂ ਹੀ ਦੋ ਦਿਨ ਤੋਂ ਭੁੱਖੇ ਜੁਆਕਾਂ ਅਤੇ ਸੱਤੇ ਦੇ ਘਰ ਵਾਲੀ ਨਸੀਬੋ ਦੀਆਂ ਅੱਖਾਂ ਵਿਚ ਚਮਕ ਆ ਗਈ ਅਤੇ ਉਹ ਇਕ-ਦੂਸਰੇ ਵੱਲ ਵੇਖਕੇ ਮੁਸਕਰਾਉਣ ਲੱਗੇ। “ਲੈ ਭਾਪਾ ਅੱਜ ਤਾਂ ਤੈਨੂੰ ਖ਼ੁਸ਼ ਹੋਣਾ ਚਾਹੀਦੈ। ਅੱਜ ਤਾਂ ਆਪਣੇ ਘਰ ਆਟਾ ਆ ਗਿਆ। ਹੁਣ ਆਪਾਂ ਢਿੱਡ ਭਰ ਲਾਂਗੇ। ਤੂੰ ਅਜੇ ਵੀ ਉਦਾਸ ਜਿਹਾ ਬੈਠੈਂ!’’ ਸਰਕਾਰੀ ਸਕੂਲ ਵਿਚ ਛੇਵੀਂ ਜਮਾਤ ’ਚ ਪੜ੍ਹਦੀ ਸੱਤੇ ਦੀ ਵੱਡੀ ਕੁੜੀ ਗੁੱਡੋ ਨੇ ਆਪਣੇ ਪਿਉ ਨੂੰ ਹੌਸਲਾ ਬੰਨ੍ਹਾਉਂਦਿਆ ਆਖਿਆ। “ਨਹੀਂ ਪੁੱਤ, ਗੱਲ ਇਹ ਨਈਂ ਕਿ ਅੱਜ ਆਪਾਂ ਢਿੱਡ ਭਰ ਕੇ ਖਾਵਾਂਗੇ। ਗੱਲ ਤਾਂ ਇਹ ਐ ਕਿ ਇਸ ਰਾਸ਼ਨ ਨਾਲ ਬਣੀ ਰੋਟੀ ’ਚੋਂ ਮੈਨੂੰ ਉਹ ਸੁਆਦ ਨਈਂ ਆਉਣਾ ਜੋ ਮੈਨੂੰ ਮੇਰੇ ਹੱਥਾਂ ਨਾਲ ਕਮਾ ਕੇ ਲਿਆਂਦੇ ਪੈਸਿਆਂ ਦੇ ਰਾਸ਼ਨ ਨਾਲ ਬਣੀ ਰੋਟੀ ’ਚੋਂ ਆਉਂਦੈ। ਕੱਲ੍ਹ ਜਦੋਂ ਅਖ਼ਬਾਰ ’ਚ ਮੇਰੀ ਫੋਟੋ ਛਪੇਗੀ ਤਾਂ ਮੈਂ ਲੋਕਾਂ ਲਈ ਆਪਣੀ ਕਿਰਤ ਨਾਲ ਆਪਣੇ ਬੱਚਿਆਂ ਦਾ ਢਿੱਡ ਭਰਨ ਵਾਲਾ ਸੱਚਾ-ਸੁੱਚਾ ਇਨਸਾਨ ਨਈਂ ਸਗੋਂ ਮੰਗ ਕੇ ਖਾਣ ਵਾਲਾ ਅਸਲ ਗ਼ਰੀਬ ਹੋਵਾਂਗਾਂ।’’ ਇਹ ਕਹਿੰਦਿਆਂ ਹੀ ਸੱਤੇ ਦੀ ਭੁੱਬ ਨਿਕਲ ਗਈ ਤੇ ਉਸ ਨੇ ਮਾਸੂਮ ਗੁੱਡੋ ਨੂੰ ਘੁੱਟ ਕੇ ਆਪਣੀ ਹਿੱਕ ਨਾਲ ਲਗਾ ਲਿਆ।
– ਜਗਤਾਰ ਸਮਾਲਸਰ
ਸੰਪਰਕ: 94670-95953
* * *
ਫੱਤੂ ਦੀਆਂ ਧੀਆਂ
ਘੁੱਗ ਵੱਸਦਾ ਪਿੰਡ ਸੀ ਫੱਤੋਮਾਜਰਾ। ਪਿੰਡ ਵਿਚ ਹਰ ਜਾਤ ਦੇ ਲੋਕ ਰਹਿੰਦੇ ਸਨ। ਜਾਤ ਪਾਤ ਤੋਂ ਉੱਪਰ ਉੱਠ ਕੇ ਇਕ ਦੂਜੇ ਦੇ ਦੁੱਖ ਸੁੱਖ ਸ਼ਾਮਲ ਹੁੰਦੇ। ਫੌਜਾ ਸਿੰਘ ਜੱਟਾਂ ਦਾ ਨੰਬਰਦਾਰ ਸੀ ਤੇ ਚੌਧਰੀ ਮੁਹੰਮਦ ਮੁਸਲਮਾਨ ਭਾਈਚਾਰੇ ਦਾ ਸੀ। ਫੱਤੂ ਵੀ ਮੁਸਲਮਾਨ ਭਾਈਚਾਰੇ ਨਾਲ ਸਬੰਧ ਰੱਖਦਾ ਸੀ। ਬਹੁਤ ਹੀ ਮਿਹਨਤੀ ਤੇ ਠੰਢੇ ਸੁਭਾਅ ਦਾ ਮਾਲਕ ਸੀ ਫੱਤੂ। ਉਹ ਪਿੰਡ ਦੇ ਹੀ ਕਸਤੂਰੀ ਮੱਲ ਦੀ ਜ਼ਮੀਨ ਹਿੱਸੇ ’ਤੇ ਲੈ ਕੇ ਖੇਤੀ ਕਰਦਾ ਸੀ। ਫੱਤੂ ਚਾਰ ਧੀਆਂ ਦਾ ਬਾਪ ਸੀ। ਇਕ ਦਿਨ ਆਥਣ ਵੇਲੇ ਫੱਤੂ ਮੋਢੇ ਉੱਤੇ ਹਲ਼ ਤੇ ਪੰਜਾਲੀ ਧਰ ਕੇ ਬਲਦਾਂ ਨੂੰ ਖੇਤਾਂ ਵੱਲ ਲਈ ਜਾਂਦਾ ਸੀ। ਖੇਤੋਂ ਘਰ ਵੱਲ ਆ ਰਹੇ ਫੌਜਾ ਸਿੰਘ ਨੂੰ ਫੱਤੂ ਮਿਲ ਗਿਆ। ਫੌਜਾ ਨੇ ਕਹੀ ਮੋਢੇ ਤੋਂ ਥੱਲੇ ਲਾਹ ਕੇ ਰੱਖਦਿਆਂ ਕਿਹਾ, “ਓ ਕਿਵੇਂ ਫੱਤੂ ਸਿਆ! ਹੁਣ ਤਾਂ ਲੋਕੀਂ ਖੇਤਾਂ ਤੋਂ ਘਰਾਂ ਨੂੰ ਪਰਤ ਰਹੇ ਨੇ ਤੇ ਤੂੰ ਦਿਨ ਛਿਪਦੇ ਆਹ ਹਲ਼ ਪੰਜਾਲੀ ਲੈ ਕੇ ਖੇਤਾਂ ਨੂੰ ਚੱਲਿਆ!”
“ਵਧੀਆ ਫੌਜਾ ਸਿੰਹਾਂ। ਓ ਗੱਲ ਤਾਂ ਤੇਰੀ ਠੀਕ ਆ… ਬਈ ਹੁਣ ਘਰਾਂ ਨੂੰ ਪਰਤਣ ਦਾ ਵੇਲਾ। ਮੈਂ ਤਾਂ ਪਸ਼ੂਆਂ ਲਈ ਕੱਖ ਕੰਢਾ ਬੀਜਣ ਚੱਲਿਆ। ਕਿੰਨੇ ਦਿਨ ਹੋ ਗਏ ਟਾਈਮ ਹੀ ਨਹੀਂ ਲੱਗਦਾ ਸੀ।” ਫੱਤੂ ਨੇ ਹਲ਼ ਨੂੰ ਮੋਢੇ ਤੋਂ ਲਾਹ ਕੇ ਹੇਠਾਂ ਰੱਖਦਿਆਂ ਆਖਿਆ।
“ਚੱਲ ਵਧੀਆ ਫੱਤੂ ਸਿੰਹਾਂ। ਜਦੋਂ ਟੈਮ ਲੱਗਦਾ ਕੰਮ ਨਬਿੇੜ ਲੈਣਾ ਚਾਹੀਦਾ ਹੈ। ਹਾਂ ਸੱਚ ਯਾਰ, ਇਉਂ ਦੱਸ ਤੇਰੇ ਟੱਬਰ ਦਾ ਕੀ ਹਾਲ ਹੈ? ਧੀਆਂ ਪੜ੍ਹਨ ਲਾ ਦਿੱਤੀਆਂ ਨੇ ਜਾਂ ਨਹੀਂ?” ਫੌਜਾ ਨੇ ਕਹੀ ਮੋਢੇ ’ਤੇ ਧਰਦਿਆਂ ਆਖਿਆ।
“ਪਰਿਵਾਰ ਸਾਰਾ ਵਧੀਆ। ਕੁੜੀਆਂ ਪਿੰਡ ਵਾਲੀ ਮਸੀਤ ਵਿਚ ਲਾ ਦਿੱਤੀਆਂ ਨੇ ਮੌਲਵੀ ਕੋਲ ਪੜ੍ਹਨ। ਤੈਨੂੰ ਤਾਂ ਪਤਾ ਹੀ ਫੌਜਾ ਸਿੰਹਾ ਮੈਂ ਤਾਂ ਕੋਰਾ ਅਨਪੜ੍ਹ ਆਂ। ਚੱਲ ਕੁੜੀਆਂ ਦੋ ਅੱਖਰ ਪੜ੍ਹ ਜਾਣਗੀਆਂ ਤਾਂ ਸੁੱਖ ਹੋ ਜਾਊਗਾ,” ਅੱਗੋਂ ਫੱਤੂ ਨੇ ਜਵਾਬ ਦਿੰਦਿਆਂ ਕਿਹਾ।
ਫੱਤੂ ਦਾ ਵੱਡਾ ਭਾਈ ਕਾਲੂ ਆਪਣੇ ਟਾਂਗੇ ’ਤੇ ਮੰਡੀਓਂ ਸਵਾਰੀ ਲੈ ਕੇ ਪਿੰਡ ਵੱਲ ਨੂੰ ਆ ਰਿਹਾ ਸੀ। ਉਸ ਨੇ ਫੱਤੂ ਤੇ ਫੌਜੇ ਨੂੰ ਦੇਖ ਕੇ ਟਾਂਗਾ ਰੋਕ ਲਿਆ ਤੇ ਬੋਲਿਆ, “ਨੰਬਰਦਾਰਾ ਸਸਰੀ ਕਾਲ। ਕਿਵੇਂ ਰਾਹ ਰੋਕੀ ਖੜ੍ਹੇ ਓ ਸੁੱਖ ਆ?”
“ਆਹੋ ਸੁੱਖ ਕਾਲੂ ਸਿੰੰਹਾ। ਇੱਥੇ ਕਿਹੜਾ ਜੰਗ ਲੱਗੀ ਆ। ਅਸੀਂ ਤਾਂ ਸੁਤੇ ਸੁਭਾਅ ਗੱਲਾਂ ਕਰਦੇ ਆਂ। ਤੂੰ ਦੱਸ ਕੋਈ ਚੁਆਨੀ ਆਨਾ ਬਣਿਆ ਜਾਂ ਫੇਰ ਮੰਦਾ ਹੀ ਰਿਹਾ!” ਫੌਜਾ ਸਿੰਘ ਨੇ ਕਾਲੂ ਦੀਆਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ।
“ਅੱਜ ਦਾ ਦਿਨ ਤਾਂ ਵਧੀਆ ਨੰਬਰਦਾਰਾ। ਪਿੰਡੋਂ ਮੰਡੀ ਜਾਂਦੇ ਹੋਏ ਦੋ ਸਵਾਰੀਆਂ ਮਿਲ ਗਈਆਂ ਸੀ ਤੇ ਹੁਣ ਇਕ ਆਉਂਦੇ ਹੋਏ ਮਿਲ ਗਈ। ਆਜਾ ਹੁਣ ਤੂੰ ਬਹਿ ਜਾ ਨੰਬਰਦਾਰਾ ਟਾਂਗੇ ’ਤੇ। ਤੈਨੂੰ ਘਰ ਛੱਡ ਦਿੰਨਾ।”
ਕਾਲੂ ਦੇ ਕਹਿਣ ’ਤੇ ਫੌਜਾ ਨੰਬਰਦਾਰ ਟਾਂਗੇ ’ਤੇ ਬੈਠ ਗਿਆ ਤੇ ਫੱਤੂ ਖੇਤਾਂ ਵੱਲ ਨੂੰ ਹੋ ਗਿਆ। ਨ੍ਹੇਰਾ ਹੋਣ ਤੋਂ ਪਹਿਲਾਂ ਪਹਿਲਾਂ ਫੱਤੂ ਨੇ ਜ਼ਮੀਨ ਨੂੰ ਵਾਹ ਦਿੱਤਾ ਸੀ। ਉਸ ਤੋਂ ਬਾਅਦ ਉਸ ਨੇ ਬਾਜਰੇ ਦਾ ਛਿੱਟਾ ਦੇ ਦਿੱਤਾ। ਹਲ਼ ਪੰਜਾਲੀ ਮੋਢੇ ’ਤੇ ਧਰੀ ਤੇ ਬਲਦਾਂ ਨੂੰ ਆਰ ਲਾ ਕੇ ਆਪਣੇ ਅੱਗੇ ਲਾ ਲਿਆ। ਫੱਤੂ ਦੀ ਘਰਵਾਲੀ ਨਿਆਮੀ ਤੇ ਉਸ ਦੀਆਂ ਧੀਆਂ ਉਸ ਨੂੰ ਉਡੀਕ ਰਹੀਆਂ ਸਨ। ਘਰਵਾਲੀ ਤੇ ਜਵਾਕਾਂ ਨੇ ਰੋਟੀ ਖਾ ਲਈ ਸੀ। ਬੱਸ ਫੱਤੂ ਹੀ ਰਹਿੰਦਾ ਸੀ। ਫੱਤੂ ਨੇ ਘਰ ਵੜਦਿਆਂ ਹੀ ਹਲ਼ ਪੰਜਾਲੀ ਨੂੰ ਵਿਹੜੇ ਵਿਚ ਰੱਖ ਦਿੱਤਾ ਤੇ ਬਲਦਾਂ ਨੂੰ ਖੁਰਲੀ ਨਾਲ ਬੰਨ੍ਹ ਦਿੱਤਾ। ਆਪ ਨਲਕੇ ਤੋਂ ਮੂੰਹ ਹੱਥ ਧੋ ਕੇ ਚੁੱਲ੍ਹੇ ਮੂਹਰੇ ਜਾ ਬੈਠਾ। ਨਿਆਮੀ ਨੇ ਰੋਟੀ ਪਾ ਕੇ ਦੇ ਦਿੱਤੀ। ਫੱਤੂ ਦੀ ਵੱਡੀ ਧੀ ਨੇ ਆਪਣੇ ਅੱਬਾ ਨੂੰ ਆਖਿਆ, “ਅੱਬੂ ਇਸ ਵਾਰ ਮੈਨੂੰ ਨਵਾਂ ਸੂਟ ਚਾਹੀਦੈ।’’ ਨਾਲ ਹੀ ਦੂਜੀਆਂ ਕੁੜੀਆਂ ਨੇ ਵੀ ਕਹਿ ਦਿੱਤਾ ਕਿ ਅਸੀਂ ਵੀ ਨਵੇਂ ਕੱਪੜੇ ਲੈਣੇ ਨੇ। ‘‘ਰੋਟੀ ਤਾਂ ਖਾਣ ਲੈਣ ਦਿਉ ਕਰੋ।’’ ਫੱਤੂ ਦੇ ਬੋਲਣ ਤੋਂ ਪਹਿਲਾਂ ਹੀ ਨਿਆਮੀ ਨੇ ਆਖਿਆ।
“ਕੋਈ ਨਾ ਲੈ ਦਿਉਂਗਾ ਨਵੇਂ ਸੂਟ। ਤੁਸੀਂ ਮੇਰੇ ਨਾਲ ਚੱਲਿਓ ਮੰਡੀ। ਜਿਹੜਾ ਕੁਝ ਚਾਹੀਦਾ ਹੋਇਆ ਲੈ ਲਿਉ,” ਫੱਤੂ ਨੇ ਰੋਟੀ ਦੀ ਬੁਰਕੀ ਲੰਘਾਉਂਦਿਆਂ ਆਖਿਆ।
ਕੁੜੀਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਆ ਗਈ। ਫੱਤੂ ਚਾਰੇ ਕੁੜੀਆਂ ਨੂੰ ਮੁੰਡਿਆਂ ਵਾਂਗ ਪਾਲ ਰਿਹਾ ਸੀ। ਉਸ ਨੇ ਕਦੇ ਰੋਸਾ ਨਹੀਂ ਕੀਤਾ ਸੀ ਕਿ ਉਸ ਦੇ ਘਰ ਮੁੰਡਾ ਕਿਉਂ ਨਹੀਂ ਹੋਇਆ। ਆਪਣੀ ਜਾਨ ਤੋਂ ਵੱਧ ਪਿਆਰ ਕਰਦਾ ਸੀ ਫੱਤੂ ਆਪਣੀਆਂ ਧੀਆਂ ਨੂੰ। ਮੂੰਹ ਵਿਚੋਂ ਬੋਲ ਨਾ ਡਿੱਗਣ ਦਿੰਦਾ ਤੇ ਪਹਿਲਾਂ ਹੀ ਰੀਝ ਪੂਰੀ ਕਰ ਦਿੰਦਾ ਸੀ। ਫੱਤੂ ਦੀ ਦਿਨ ਰਾਤ ਦੀ ਮਿਹਨਤ ਨੇ ਘਰ ਵਿਚ ਕਿਸੇ ਚੀਜ਼ ਦੀ ਤੋਟ ਨਹੀਂ ਆਉਣ ਦਿੱਤੀ ਸੀ। ਛੇ ਮਹੀਨਿਆਂ ਤੋਂ ਜਦੋਂ ਫ਼ਸਲ ਵੇਚ ਕੇ ਫੱਤੂ ਘਰ ਆਇਆ ਤਾਂ ਕੁੜਤੇ ਦਾ ਗੀਜਾ ਰੁਪਈਆਂ ਨਾਲ ਭਰਿਆ ਹੋਇਆ ਸੀ। ਆਪਣੇ ਭਾਈਚਾਰੇ ਵਿਚ ਫੱਤੂ ਦਾ ਵਧੀਆ ਰਸੂਖ਼ ਸੀ। ਚੌਧਰੀ ਮੁਹੰਮਦ ਵੀ ਉਸ ਨੂੰ ਪੁੱਛ ਕੇ ਫ਼ੈਸਲਾ ਕਰਦਾ। ਉਸ ਨੇ ਕਦੇ ਕਿਸੇ ਨਾਲ ਅਨਿਆਂ ਨਹੀਂ ਹੋਣ ਦਿੱਤਾ ਸੀ। ਕੁਝ ਕੁ ਮਹੀਨਿਆਂ ਬਾਅਦ ਮੁਲਕ ਅੰਦਰ ਮਾਹੌਲ ਖ਼ਰਾਬ ਹੋਣ ਦੀਆਂ ਖ਼ਬਰਾਂ ਆਉਣ ਲੱਗੀਆਂ। ਲੋਕ ਰੇਡੀਉ ’ਤੇ ਸਾਰਾ ਦਿਨ ਮੁਲਕ ਅੰਦਰ ਵਾਪਰ ਰਹੀਆਂ ਘਟਨਾਵਾਂ ਬਾਰੇ ਸੁਣਦੇ ਰਹਿੰਦੇ। ਹੌਲੀ ਹੌਲੀ ਖ਼ਰਾਬ ਮਾਹੌਲ ਦੀ ਅੱਗ ਦਾ ਸੇਕ ਪਿੰਡਾਂ ਤਕ ਆ ਪਹੁੰਚਿਆ। ਪਿੰਡਾਂ ਅੰਦਰ ਮਾਰ ਧਾੜ ਸ਼ੁਰੂ ਹੋ ਗਈ ਸੀ। ਮਰਨ ਵਾਲਿਆਂ ਵਿਚ ਹਰ ਭਾਈਚਾਰੇ ਦੇ ਲੋਕ ਸਨ। ਮੁਲਕ ਦਾ ਬਟਵਾਰਾ ਹੋਣ ਲੱਗਾ ਸੀ। ਲੋਕ ਪਿੰਡ ਛੱਡ ਕੇ ਜਾ ਰਹੇ ਸਨ। ਗੱਡਿਆਂ ਤੇ ਟਾਂਗਿਆਂ ’ਤੇ ਸਾਮਾਨ ਲੱਦ, ਬਜ਼ੁਰਗਾਂ ਤੇ ਬਿਮਾਰ ਜੀਆਂ ਨੂੰ ਬਿਠਾ ਕੇ ਲੋਕ ‘ਆਪਣੇ’ ਮੁਲਕ ਨੂੰ ਤੁਰ ਪਏ ਸਨ। ਫੱਤੋਮਾਜਰੇ ਪਿੰਡ ਵਿਚ ਭੀੜ ਨੇ ਹਮਲਾ ਬੋਲ ਦਿੱਤਾ ਸੀ। ਫੱਤੂ ਉਸ ਦਿਨ ਘਰ ਨਹੀਂ ਸੀ। ਉਹ ਖੇਤਾਂ ਵਿਚ ਕੰਮ ਕਰ ਰਿਹਾ ਸੀ। ਭੀੜ ਨੇ ਗਲੀਆਂ ਵਿਚ ਹੋਕਾ ਦਿੱਤਾ ਕਿ ਘਰ ਛੱਡ ਕੇ ਚਲੇ ਜਾਉ। ਜਿਹੜੇ ਕਾਹਲੀ ਕਾਹਲੀ ਘਰਾਂ ’ਚੋਂ ਨਿਕਲ ਗਏ। ਉਨ੍ਹਾਂ ਦੀ ਜਾਨ ਬਚ ਗਈ। ਜਿਨ੍ਹਾਂ ਨੇ ਘਰ ਨਹੀਂ ਛੱਡੇ ਉਨ੍ਹਾਂ ਘਰਾਂ ਨੂੰ ਭੀੜ ਨੇ ਅੱਗ ਲਗਾ ਦਿੱਤੀ। ਫੱਤੂ ਦੀ ਘਰਵਾਲੀ ਤੇ ਉਸ ਦੀਆਂ ਧੀਆਂ ਉਸ ਨੂੰ ਉਡੀਕ ਰਹੀਆਂ ਸਨ ਕਿ ਉਹ ਫੱਤੂ ਦੇ ਨਾਲ ਹੀ ਜਾਣਗੀਆਂ, ਪਰ ਫੱਤੂ ਅਜੇ ਆਇਆ ਨਹੀਂ ਸੀ ਖੇਤੋਂ। ਭੀੜ ਨੇ ਫੱਤੂ ਦੇ ਘਰ ਨੂੰ ਅੱਗ ਲਾ ਦਿੱਤੀ। ਨਿਆਮੀ ਤੇ ਫੱਤੂ ਦੀਆਂ ਧੀਆਂ ਅੱਗ ਵਿਚ ਮੱਚ ਕੇ ਮਰ ਗਈਆਂ। ਭੀੜ ਅਗਲੇ ਪਿੰਡ ਵੱਲ ਨੂੰ ਵਧ ਗਈ। ਆਥਣੇ ਜਦੋਂ ਫੱਤੂ ਆਇਆ ਤਾਂ ਦੇਖਿਆ ਕਿ ਪਿੰਡ ਦੇ ਕਈ ਘਰਾਂ ਨੂੰ ਅੱਗ ਦੇ ਹਵਾਲੇ ਕੀਤਾ ਪਿਆ ਸੀ। ਉਹ ਆਪਣੇ ਘਰ ਵੱਲ ਨੂੰ ਤੇਜ਼ੀ ਨਾਲ ਭੱਜਿਆ। ਜਾ ਕੇ ਦੇਖਿਆ ਤਾਂ ਘਰ ਸੁਆਹ ਬਣਿਆ ਪਿਆ ਸੀ। ਘਰਵਾਲੀ ਨਿਆਮੀ ਤੇ ਉਸ ਦੀਆਂ ਚਾਰੇ ਧੀਆਂ ਦੀਆਂ ਅੱਗ ਨਾਲ ਸੜੀਆਂ ਲੋਥਾਂ ਵੀ ਪਈਆਂ ਸਨ। ਫੱਤੂ ਨਿਆਮੀ ਅਤੇ ਧੀਆਂ ਦੇ ਸਿਰ ਬੁੱਕਲ ਵਿਚ ਰੱਖ ਕੇ ਉੱਚੀ ਉੱਚੀ ਧਾਹਾਂ ਮਾਰ ਕੇ ਰੋਣ ਲੱਗ ਪਿਆ। ਪੁੱਤਾਂ ਵਾਂਗੂੰ ਪਾਲੀਆਂ ਧੀਆਂ ਜਹਾਨੋਂ ਰੁਖ਼ਸਤ ਹੋ ਗਈਆਂ ਸਨ। ਫੱਤੂ ਨੂੰ ਜ਼ਿੰਦਗੀ ਦੇ ਆਖ਼ਰੀ ਸਾਹ ਤੱਕ ਬਟਵਾਰੇ ਦਾ ਦਰਦ ਤੜਫਾਉਂਦਾ ਰਿਹਾ।
– ਬੇਅੰਤ ਸਿੰਘ ਬਾਜਵਾ
ਸੰਪਰਕ: 80000-00584