ਸੁਖਦੇਵ ਸਿੰਘ ਸੋਹਲ*
ਇਤਿਹਾਸਕਾਰਾਂ ਤੇ ਵਿਦਵਾਨਾਂ ਦੇ ਧਾਰਮਿਕ ਪਛਾਣ ਤੇ ਫ਼ਿਰਕੂ ਚੇਤਨਤਾ ਬਾਰੇ ਵੱਖ ਵੱਖ ਵਿਚਾਰ ਹਨ। ਪੰਜਾਬ ਦੀ 1947 ਦੀ ਵੰਡ ਨੂੰ ਇਸ ਪਰਿਪੇਖ ਵਿਚ ਵਿਚਾਰਿਆ ਗਿਆ ਹੈ। ਪ੍ਰੋਫ਼ੈਸਰ ਕੇ.ਐਲ. ਟੁਟੇਜਾ ਨੇ ਆਪਣੀ ਕਿਤਾਬ ‘ਰਿਲੀਜਨ, ਕਮਿਊਨਿਟੀ ਐਂਡ ਨੇਸ਼ਨ’ ਰਾਹੀਂ ਹਿੰਦੂ ਚੇਤਨਤਾ ਤੇ ਰਾਸ਼ਟਰਵਾਦ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਬਸਤੀਵਾਦੀ ਪੰਜਾਬ ’ਚ ਸਿੱਖ ਰਾਜਨੀਤੀ ਤੇ ਸਥਾਪਿਤ ਖੋਜ ਰਾਹੀਂ ਆਪਣੀ ਇਤਿਹਾਸਕ ਸੂਝ ਦਾ ਪ੍ਰਮਾਣ ਦੇ ਚੁੱਕੇ ਹਨ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦਾ ਧਿਆਨ ਹਿੰਦੂ ਚੇਤਨਤਾ ਨੂੰ ਰਾਸ਼ਟਰਵਾਦ ਦੇ ਪਰਿਪੇਖ ’ਚ ਘੋਖਣ ਵੱਲ ਹੈ।
ਅੰਗਰੇਜ਼ਾਂ ਨੇ ਹਿੰਦੋਸਤਾਨ ’ਚ ਹਿੰਦੂ ਮੁਸਲਿਮ ਭਾਈਚਾਰਿਆਂ ਨੂੰ ‘ਅਖੰਡ ਧਾਰਮਿਕ ਸਮੂਹ’ ਮੰਨਦਿਆਂ ਇਸ ਧਾਰਮਿਕ ਪਛਾਣ ਨੂੰ ਫ਼ਿਰਕੂ ਪਛਾਣ ’ਚ ਤਬਦੀਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਰਾਸ਼ਟਰਵਾਦੀ ਆਗੂਆਂ ਨੇ ਇਸ ਨੂੰ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਆਖਿਆ। ਸ਼ੁਰੂ ’ਚ ਆਗੂਆਂ ਨੇ ਆਪਣੇ ਸਮੂਹ ਹਿੱਤਾਂ ਨੂੰ ਤਰਜੀਹ ਦਿੱਤੀ। ਜਿਉਂ ਜਿਉਂ ਰਾਸ਼ਟਰਵਾਦੀ ਸੋਚ ਦਾ ਪਸਾਰਾ ਹੋਇਆ, ਇਕ ਨਵੀਂ ਰਾਸ਼ਟਰੀ ਚੇਤਨਤਾ ਹੋਂਦ ’ਚ ਆਉਣ ਲੱਗੀ। ਜਿਵੇਂ ਧਰਮ ਨੂੰ ਬਿਰਾਦਰੀ ਤੱਕ ਰੱਖਿਆ ਜਾਂਦਾ ਸੀ, ਫਿਰ ਬਿਰਾਦਰੀ ਜਾਂ ਸਮੂਹ ਕੌਮ ਜਾਂ ਰਾਸ਼ਟਰੀ ਸੂਝ ਵੱਲ ਵਧਣ ਲੱਗਾ। ਇਲਾਕਾਈ ਹੱਦਾਂ ਛੋਟੀਆਂ ਜਾਪਣ ਲੱਗੀਆਂ। ਅੰਗਰੇਜ਼ੀ ਰਾਜ ਦਾ ਵਰਤਾਰਾ ਹਰ ਸਮੂਹ ’ਤੇ ਹਾਵੀ ਹੋਣ ਲੱਗਿਆ। ਇਸ
ਦਾ ਮੁਕਾਬਲਾ ਕਰਨ ਲਈ ਕੌਮੀ ਜਥੇਬੰਦੀਆਂ, ਕੌਮੀ ਸੋਚ ਨੂੰ ਤਰਜੀਹ ਮਿਲਣ ਲੱਗੀ। ਸਮੂਹ ਛੋਟਾ ਲੱਗਣ ਲੱਗਾ, ਪਰ ਅੰਗਰੇਜ਼ਾਂ ਦੀਆਂ ਨੀਤੀਆਂ ਬਿਰਾਦਰੀ ਜਾਂ ਸਮੂਹ ’ਤੇ ਹੀ ਆਧਾਰਿਤ ਸਨ। ਬਿਰਾਦਰੀ ਦੇ ਪ੍ਰਭਾਵਸ਼ਾਲੀ ਆਗੂਆਂ ਨੂੰ ‘ਕੁਦਰਤੀ ਨੇਤਾ’ ਪ੍ਰਮਾਣਿਤ ਕੀਤਾ ਜਾਂਦਾ ਸੀ। ਵੀਹਵੀਂ ਸਦੀ ਦੇ ਤੀਸਰੇ ਦਹਾਕੇ ’ਚ ਬਿਰਾਦਰੀ ਦਾ ਇਕ ਰੁਝਾਨ ਫ਼ਿਰਕਾਪ੍ਰਸਤੀ ਤੇ ਦੂਜਾ ਰਾਸ਼ਟਰਵਾਦ ਵੱਲ ਹੋਣ ਲੱਗਾ। ਫ਼ਿਰਕਾਪ੍ਰਸਤੀ ਨੇ ਵੰਡਿਆ ਅਤੇ ਰਾਸ਼ਟਰਵਾਦ ਨੇ ਲੋਕਾਂ ਨੂੰ ਜੋੜਿਆ। ਫ਼ਿਰਕਾਪ੍ਰਸਤੀ ਦਾ ਉਭਾਰ ਉਨ੍ਹੀਵੀਂ ਸਦੀ ਦੀਆਂ ਬਸਤੀਵਾਦੀ ਨੀਤੀਆਂ ਨਾਲ ਜੁੜਿਆ ਸੀ। ਮੱਧ ਸ਼੍ਰੇਣੀ ਨੇ ਇਸ ਰਾਹੀਂ ਆਪਣੀ ਪਛਾਣ ਬਣਾਈ। ਸਮੂਹ ਜਾਂ ਬਿਰਾਦਰੀ ਦੇ ਵਿਰੁੱਧ ਦੂਸਰੀ ਬਿਰਾਦਰੀ ਨੂੰ ‘ਡਰ’ ਦੇ ਰੂਪ ਵਿਚ ਖੜ੍ਹਾ ਕੀਤਾ ਗਿਆ। ਫ਼ਿਰਕਾਪ੍ਰਸਤੀ ’ਚ ਨਫ਼ਰਤ ਸੰਮਿਲਤ ਹੈ। ਕੁਝ ਨੇਤਾਵਾਂ ਨੇ ਬਿਰਾਦਰੀ ਨੂੰ ਰਾਸ਼ਟਰਵਾਦ ਨਾਲ ਜੋੜ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ’ਚ ਹਿੱਸਾ ਪਾਇਆ। ਇਹ ਮੋੜ ਕਠਿਨ ਤੇ ਗੁੰਝਲਦਾਰ ਸੀ। ਬਿਰਾਦਰੀ ਦੇ ਇਸ ਰੁਝਾਨ ’ਚ ਇਕ ਵਰਗ ਅੰਗਰੇਜ਼ ਪੱਖੀ ਤੇ ਮੁਸਲਿਮ ਵਿਰੋਧੀ ਸੀ ਅਤੇ ਦੂਸਰਾ ਬਸਤੀ ਵਿਰੋਧੀ ਤੇ ਰਾਸ਼ਟਰਵਾਦੀ।
ਲਾਲਾ ਲਾਜਪਤ ਰਾਏ ਉਸ ਹਿੰਦੂ ਸੋਚ ਦਾ ਮੋਢੀ ਸੀ ਜੋ ਬਿਰਾਦਰੀ ਦੇ ਨਾਲ ਨਾਲ ਰਾਸ਼ਟਰਵਾਦ ਦੀ ਹਾਮੀ ਸੀ। ਅੰਗਰੇਜ਼ਾਂ ਨੇ ਇੰਗਲੈਂਡ ’ਚ ਧਰਮ ਨੂੰ ਬਿਰਾਦਰੀ ਦੇ ਆਧਾਰ ’ਤੇ ਨਕਾਰਿਆ, ਪਰ ਹਿੰਦੋਸਤਾਨ ਵਿਚ ਇਸ ਨੂੰ ਅਹਿਮੀਅਤ ਦਿੱਤੀ। ਮਰਦਮਸ਼ੁਮਾਰੀ ਤੇ ਅਖ਼ਬਾਰਾਂ ਰਾਹੀਂ ਇਹ ਪਛਾਣ ਉਭਾਰੀ ਗਈ। ਗਿਣਤੀ ਤੇ ਦੂਸਰੇ ਧਾਰਮਿਕ ਫ਼ਿਰਕੇ ਦਾ ਡਰ ਹਾਵੀ ਹੋਣ ਲੱਗਾ। ਇਸੇ ਸਮੇਂ ਰਾਸ਼ਟਰਵਾਦ ਬਸਤੀਵਾਦ ਦੀ ਵਿਰੋਧੀ ਵਿਚਾਰਧਾਰਾ ਵਜੋਂ ਉੱਭਰਿਆ। ਅੰਗਰੇਜ਼ੀ ਰਾਜ ਤੋਂ ਪਹਿਲਾਂ ਹਿੰਦੂ ਧਰਮ ਬਹੁਪੱਖੀ ਸੀ। ਸਮਾਜਿਕ ਲਹਿਰਾਂ ਰਾਹੀਂ ਧਰਮ ਸੁਧਾਰ ਕਰਨ ਨਾਲ ਧਾਰਮਿਕ ਸੋਚ ਵਿਕਸਤ ਹੋਈ ਜਿਸ ਵਿਚ ਫ਼ਿਰਕੂ ਰੁਝਾਨ ਪ੍ਰਤੱਖ ਸੀ। ਬਰਤਾਨਵੀ ਨਿਜ਼ਾਮ ’ਚ ਗਿਣਤੀ ਦੀ ਮਹੱਤਤਾ ਵਧੀ, ਖ਼ਾਸਕਰ ਪੱਛਮੀ ਪੰਜਾਬ ਵਿਚ ਹਿੰਦੂਆਂ ਨੂੰ ਆਪਣੀ ਘੱਟਗਿਣਤੀ ਦਾ ਅਹਿਸਾਸ ਹੋਣ ਲੱਗਾ। ਜ਼ਿਆਦਾ ਹਿੰਦੂ ਵਪਾਰ ਤੇ ਵਿੱਦਿਆ ਦੇ ਖੇਤਰ ’ਚ ਲੱਗੇ ਹੋਏ ਸਨ ਜਿਨ੍ਹਾਂ ’ਚ ਮੁੱਖ ਜਾਤੀਆਂ ਖੱਤਰੀ, ਅਰੋੜਾ ਤੇ ਬਾਣੀਏ ਸਨ। ਅੰਗਰੇਜ਼ੀ ਵਿਦਿਆ ’ਚ ਇਨ੍ਹਾਂ ਦੀ ਗਿਣਤੀ 82 ਫ਼ੀਸਦੀ ਅਤੇ
75 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਵਾਲੀਆਂ ਨੌਕਰੀਆਂ ’ਚ 80 ਫ਼ੀਸਦੀ ਸੀ। ਇਹ ਵਰਗ ਪੱਛਮੀ ਸੋਚ ਤੇ ਆਧੁਨਿਕਤਾ ਦੇ ਹਾਮੀ ਸੀ। ਇਨ੍ਹਾਂ ਦਾ ਰੁਝਾਨ
ਆਰੀਆ ਸਮਾਜ ਵੱਲ ਵਧਿਆ। 1881 ਦੇ ਹੰਟਰ ਕਮਿਸ਼ਨ ਵੇਲੇ ਇਸ ਵਰਗ ਨੇ ਬੋਲੀ ਦੇ ਮੁੱਦੇ ’ਤੇ ਪੰਜਾਬੀ ਤੇ ਉਰਦੂ ਤੋਂ ਵੱਖਰੀ ਨੀਤੀ ਨੂੰ ਉਭਾਰਿਆ। ਇਸ ਤੋਂ ਇਲਾਵਾ ਗਊ ਰੱਖਿਆ ਲਈ ਲਹਿਰ ਚਲਾਈ ਜਿਸ ਨਾਲ ਹਿੰਦੂ ਸੋਚ ਨੂੰ ਉਭਾਰ ਮਿਲਿਆ। ਇਸੇ ਨੀਤੀ ਅਧੀਨ 1906 ’ਚ ਹਿੰਦੂ ਸਭਾ ਬਣਾਈ ਗਈ। ਲਾਲਾ ਲਾਜਪਤ ਰਾਏ ਨੇ ‘ਹਿੰਦੂ ਰਾਸ਼ਟਰਵਾਦ’ ਦੇ ਵਿਚਾਰ ਨੂੰ ਉਭਾਰਿਆ। ਇਸ ਨੂੰ ਸਰਬ ਭਾਰਤੀ ਪੱਧਰ ’ਤੇ ਜਥੇਬੰਦ ਕੀਤਾ। ਅਪਰੈਲ 1915 ’ਚ ਹਰਿਦੁਆਰ ’ਚ ਹਿੰਦੂ ਸਭਾ ਦਾ ਇਜਲਾਸ ਹੋਇਆ।
ਪੰਜਾਬ ਦੇ ਸ਼ਹਿਰਾਂ ’ਚ ਰਾਸ਼ਟਰਵਾਦੀ ਚੇਤਨਾ ਵਿਕਸਿਤ ਹੋਈ। ਲਾਹੌਰ ਪ੍ਰਮੁੱਖ ਸ਼ਹਿਰ ਸੀ। ਹਿੰਦੂ ਮੱਧਵਰਗੀ ਜਮਾਤ ਆਪਣੇ ਹਿੱਤ ਸਪੱਸ਼ਟ ਕਰਨ ਲਈ ਅੱਗੇ ਆਈ। 1900 ਦੇ ਜ਼ਮੀਨ ਨਾਲ ਸੰਬੰਧਿਤ ਕਾਨੂੰਨ ਵੇਲੇ ਇਸ ਸੋਚ ਨੇ ਕਾਂਗਰਸ ਨੂੰ ਪੰਜਾਬ ’ਚ ਕਮਜ਼ੋਰ ਕੀਤਾ। 1907 ਦੇ ਕਿਸਾਨੀ ਸੰਘਰਸ਼ ਵੇਲੇ ਬਸਤੀਵਾਦ ਵਿਰੁੱਧ ਉੱਠੀ ਲਹਿਰ ਵਿਚ ਲਾਲਾ ਲਾਜਪਤ ਰਾਏ ਦਾ ਵੱਡਾ ਯੋਗਦਾਨ ਸੀ। ਉਨ੍ਹਾਂ ਨੇ ਹਿੰਦੋਸਤਾਨੀ ਰਾਸ਼ਟਰਵਾਦ ਨੂੰ ਤਰਜੀਹ ਦਿੱਤੀ। 1909 ਵਿਚ ਮੁਸਲਮਾਨਾਂ ਨੂੰ ਵੱਖਰੀ ਨੁਮਾਇੰਦਗੀ ਦੇਣ ਨਾਲ ਹਿੰਦੂਆਂ ’ਚ ਰੋਸ ਪੈਦਾ ਹੋਇਆ। ਲਾਜਪਤ ਰਾਏ ਹਿੰਦੂ ਤੇ ਮੁਸਲਮਾਨਾਂ ਨੂੰ ਨਾਲ ਲੈ ਕੇ ਆਜ਼ਾਦੀ ਦੀ ਲਹਿਰ ਦੇ ਹੱਕ ’ਚ ਸਨ ਜਦੋਂਕਿ ਲਾਲ ਚੰਦ ਸਿਰਫ਼ ਹਿੰਦੂਆਂ ਤੱਕ ਹੀ ਸੀਮਤ ਰਹਿਣ ਦੇ ਹੱਕ ’ਚ ਸੀ। ਮਹਾਤਮਾ ਗਾਂਧੀ ਨੇ ਸਵਰਾਜ ਵਿਚਾਰਧਾਰਾ ਰਾਹੀਂ ਹਿੰਦੂ-ਮੁਸਲਿਮ ਏਕੇ ਨੂੰ ਉਭਾਰਿਆ। ਰੌਲਟ ਸਤਿਆਗ੍ਰਹਿ ਤੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ਨੇ ਰਾਸ਼ਟਰਵਾਦ ਨੂੰ ਲੋਕਾਂ ਤਕ ਪਹੁੰਚਾਇਆ। ਨਾ-ਮਿਲਵਰਤਣ ਲਹਿਰ ਨੇ ਇਸ ਰੁਝਾਨ ਨੂੰ ਹੋਰ ਵਿਕਸਿਤ ਕੀਤਾ। 1920ਵਿਆਂ ਦੌਰਾਨ ਹੋਏ ਫ਼ਿਰਕੂ ਫਸਾਦਾਂ ਨੇ ਇਕ ਵਾਰ ਫੇਰ ਪੰਜਾਬ ਨੂੰ 1880 ਦੇ ਦਹਾਕੇ ਵਾਂਗ ਫ਼ਿਰਕਾਪ੍ਰਸਤੀ ਵੱਲ ਧੱਕ ਦਿੱਤਾ। ਲਾਜਪਤ ਰਾਏ ਨੇ ਹਿੰਦੂ ‘ਘੱਟਗਿਣਤੀ’ ਵਿਚਾਰਧਾਰਾ ਵੱਲ ਮੋੜਿਆ। ਮੁਸਲਿਮ ਬਹੁਗਿਣਤੀ ਦਾ ਡਰ ਵਧਣ ਲੱਗਾ। ਲਾਜਪਤ ਰਾਏ ਆਰੀਆ ਸਮਾਜ ਦੀ ਹਿੰਦੂ ਚੇਤਨਤਾ ਦੇ ਹੱਕ ਵਿਚ ਸੀ। ਉਸ ਨੇ ਪੰਜਾਬ ਦੀ ਘੱਟਗਿਣਤੀ ਤੇ ਬਹੁਗਿਣਤੀ ਦੇ ਆਧਾਰ ’ਤੇ ਪ੍ਰਬੰਧਕੀ ਵੰਡ ਦੀ ਵੀ ਵਕਾਲਤ ਕੀਤੀ। ਇਸ ਦੇ ਨਾਲ ਨਾਲ ਉਸ ਨੇ ਹਿੰਦੂ ਮਹਾਸਭਾ ਦੀ ਕਾਂਗਰਸ ਵਿਰੁੱਧ ਨੀਤੀ ਦੀ ਆਲੋਚਨਾ ਵੀ ਕੀਤੀ। ਉਸ ਨੇ ਆਪਣੀ ਰਾਜਨੀਤੀ ਨੂੰ ਬਰਾਦਰੀ ਜਾਂ ਸਮੂਹ ਨਾਲ ਜੋੜਿਆ ਜਿਸ ਨੂੰ ਬਰਾਦਰਾਨਾ ਚੇਤਨਾ ਕਿਹਾ ਜਾ ਸਕਦਾ ਹੈ। ਇਹ ਸੋਚ ਫ਼ਿਰਕੂ ਸੋਚ ਤੋਂ ਵੱਖਰੀ ਸੀ। ਬਰਾਦਰਾਨਾ ਸੋਚ ’ਚ ਰਾਸ਼ਟਰਵਾਦ ਹਾਵੀ ਸੀ ਜੋ ਬਸਤੀਵਾਦ ਦੇ ਵਿਰੁੱਧ ਸੀ। ਫ਼ਿਰਕੂ ਸੋਚ ’ਚ ਸਮੂਹ ਦੇ ਹਿੱਤ ਸਨ ਤੇ ਇਸ ਦੀ ਰਾਜਨੀਤੀ ਬਰਤਾਨਵੀ ਨਿਜ਼ਾਮ ਪੱਖੀ ਸੀ। ਹਿੰਦੋਸਤਾਨ ਦੇ ਇਤਿਹਾਸ ’ਚ ਬਿਰਾਦਰੀ ਜਾਂ ਸਮੂਹ ਨੂੰ ਫ਼ਿਰਕੂ ਚੇਤਨਤਾ ਰਾਹੀਂ ਦੇਖਣ ਕਰਕੇ ਕਈ ਪੇਚੀਦਗੀਆਂ ਸਾਹਮਣੇ ਆਉਂਦੀਆਂ ਹਨ। ਜੇਮਜ਼ ਮਿੱਲ ਵੱਲੋਂ ਇਤਿਹਾਸ ਦੀ ਧਰਮ ਦੇ ਆਧਾਰ ’ਤੇ ਵੰਡ ਕਰਨ ਕਰਕੇ ਇਹ ਬਸਤੀਵਾਦੀ ਨਜ਼ਰੀਆ ਸਾਹਮਣੇ ਆਇਆ ਜਿਸ ਕਾਰਨ ਹਿੰਦੋਸਤਾਨੀ ਸਮਾਜ ਵਿਚ ਪਈ ਗਹਿਰੀ ਵੰਡ 1947 ਵਿਚ ਘਾਤਕ ਸਾਬਿਤ ਹੋਈ। ਹਿੰਦੂ ਚੇਤਨਾ ਦਾ ਉਭਾਰ ਬਸਤੀਵਾਦ ਦੇ ਢਾਂਚੇ ਤੇ ਨੀਤੀਆਂ ਨਾਲ ਜੋੜਿਆ ਜਾਂਦਾ ਹੈ। ਆਰੀਆ ਸਮਾਜ ਨੇ ਇਸ ਵਿਚ ਵੱਡੀ ਭੂਮਿਕਾ ਨਿਭਾਈ। ਲਾਜਪਤ ਰਾਏ ਹਿੰਦੂ ਹਿੱਤਾਂ ਤੇ ਚੇਤਨਾ ਦੇ ਹੱਕ ਵਿਚ ਸੀ ਅਤੇ ਉਸ ਨੇ ਹਿੰਦੂ ਚੇਤਨਾ ਨੂੰ ਰਾਸ਼ਟਰਵਾਦ ਨਾਲ ਜੋੜਨ ਨੂੰ ਤਰਜੀਹ ਦਿੱਤੀ। ਉਹ ਹਿੰਦੂ ਫ਼ਿਰਕਾਪ੍ਰਸਤੀ ਤੋਂ ਉੱਪਰ ਉੱਠਣ ਵਾਲੀ ਰਾਜਨੀਤੀ ਦੇ ਨਾਲ ਸੀ। 1920 ਦੇ ਫ਼ਿਰਕੂ ਦੰਗਿਆਂ ਨੇ ਉਸ ਨੂੰ ਵਾਰ ਵਾਰ ਹਿੰਦੂ ਹਿੱਤਾਂ ਵੱਲ ਮੋੜਿਆ। ਉਹ ਪੰਜਾਬ ’ਚ ਮੁਸਲਿਮ ਬਹੁਗਿਣਤੀ ਦੇ ਅਸਰ ਦਾ ਹੱਲ ਪੰਜਾਬ ਦੀ ਪ੍ਰਬੰਧਕੀ ਵੰਡ ਰਾਹੀਂ ਕੱਢਣ ਦੇ ਹੱਕ ’ਚ ਸੀ।
1947 ਦੀ ਪੰਜਾਬ ਦੀ ਵੰਡ ਤਕਰੀਬਨ ਇਸ ਸੋਚ ਮੁਤਾਬਿਕ ਪ੍ਰਵਾਨ ਚੜ੍ਹੀ। ਪ੍ਰੋਫ਼ੈਸਰ ਟੁਟੇਜਾ ਮੁਤਾਬਿਕ ਲਾਜਪਤ ਰਾਏ ਨੇ ਦੇਸ਼ ’ਚ ‘ਹਿੰਦੂ ਬਹੁਗਿਣਤੀ ਪਛਾਣ’ ਨੂੰ ਸਥਾਪਿਤ ਕੀਤਾ। ਇਸ ਤਰ੍ਹਾਂ ਲਾਜਪਤ ਰਾਏ ਅੱਜ ਦੇ ਭਾਰਤ ’ਚ ਉਭਰ ਰਹੀ ‘ਹਿੰਦੂ ਬਹੁਗਿਣਤੀ ਦੀ ਸੋਚ’ ਨਾਲ ਜੁੜਦਾ ਹੈ। ਇਸ ਸੰਦਰਭ ’ਚ ਇਹ ਖੋਜ ਮੌਜੂਦਾ ਹਾਲਾਤ ਨੂੰ ਸਮਝਣ ਲਈ ਅਹਿਮ ਹੈ।
* ਪ੍ਰੋਫ਼ੈਸਰ (ਰਿਟਾਇਰਡ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਸੰਪਰਕ: 94173-14345