ਕੇ.ਐਲ. ਗਰਗ
ਪੁਸਤਕ ਪੜਚੋਲ
‘ਕੌਣ’ (ਲੇਖਕ: ਮੁਦੱਸਰ ਬਸ਼ੀਰ; ਕੀਮਤ: 125 ਰੁਪਏ; ਸੰਗਮ ਪਬਲੀਕੇਸ਼ਨਜ਼, ਸਮਾਣਾ, ਪਟਿਆਲਾ) 2019 ਦਾ ‘ਢਾਹਾਂ ਕਲੇਰਾਂ ਪੁਰਸਕਾਰ’ ਜੇਤੂ ਲਹਿੰਦੇ ਪੰਜਾਬ ਦਾ ਪੰਜਾਬੀ ਨਾਵਲ ਹੈ। ਇਸ ਨੂੰ ਲੇਖਕ ਅਤੇ ਪ੍ਰਸ਼ੰਸਕ ਨਾਵਲ ਆਖ਼ਦੇ ਹਨ, ਪਰ ਮੇਰੀ ਜਾਚੇ ਇਸ ਦੀ ਤਾਸੀਰ ਲੰਮੀ ਕਹਾਣੀ ਜਾਂ ਨਾਵਲਿੱਟ ਵਾਲੀ ਹੈ। ਛੋਟਾ ਆਕਾਰ ਹੋਣ ਕਾਰਨ ਲੇਖਕ ਲੰਬੇ-ਲੰਬੇ ਬਿਰਤਾਂਤਾਂ ਦੀ ਥਾਂ ਇਸ਼ਾਰਿਆਂ ਅਤੇ ਸੰਕੇਤਾਂ ਤੋਂ ਕੰਮ ਲੈਂਦਾ ਹੈ। ਥੋੜ੍ਹੇ ਲਫ਼ਜ਼ਾਂ ਵਿਚ ਜ਼ਿਆਦਾ ਤੇ ਵੱਡੀਆਂ ਗੱਲਾਂ ਕਰਨ ਦੇ ਯਤਨ ਵਿਚ ਹੈ। ਇਸ ਦੀ ਬਣਤਰ ਵੀ ਰਵਾਇਤੀ ਨਾਵਲ ਵਾਲੀ ਨਹੀਂ। ਉਹ ਨਵੇਂ ਢੰਗ ਅਤੇ ਨਵੀਂ ਸ਼ੈਲੀ ਰਾਹੀਂ ਪਾਤਰਾਂ ਦੀ ਉਸਾਰੀ ਕਰਦਾ ਹੈ ਅਤੇ ਆਪਣੇ ਸਮੇਂ ਦੇ ਇਤਿਹਾਸ, ਸਮਾਜ, ਜਮਾਤ ਅਤੇ ਹਯਾਤੀ ਨੂੰ ਖੰਗਾਲਣ ਦਾ ਆਹਰ ਕਰਦਾ ਹੈ।
ਸਰਮਦ ਨਾਂ ਦਾ ਬੰਦਾ ਐਕਟਰ ਜਾਂ ਸਟਾਰ ਬਣਨਾ ਲੋਚਦਾ ਹੈ। ਉਹ ਯੂਯਫ਼ ਨਾਂ ਦੇ ਡਾਇਰੈਕਟਰ ਦੇ ਹਾੜੇ ਕੱਢਦਾ ਹੈ ਕਿ ਉਹ ਉਸ ਨੂੰ ਕੋਈ ਅਜਿਹਾ ਰੋਲ ਦੇ ਦੇਵੇ ਜਿਸ ਨਾਲ ਉਸ ਦੀ ਐਕਟਿੰਗ ਦੀ ਧਾਂਕ ਪੱਕੀ ਜੰਮ ਜਾਵੇ। ਟਾਲਮ-ਟੋਲ ਕਰਨ ’ਤੇ ਆਖ਼ਰ ਯੂਯਫ਼ ਮੰਨ ਜਾਂਦਾ ਹੈ ਤੇ ਉਸ ਨੂੰ ਉਸ ਦੀ ਪਸੰਦ ਦਾ ਹੀ ਰੋਲ ਚੁਣਨ ਲਈ ਆਖ ਦਿੰਦਾ ਹੈ। ਉਹ ਉਸ ਨੂੰ ਇਕ ਸਟੂਡੀਓ ਵਿਚ ਛੱਡ ਜਾਂਦਾ ਹੈ ਜਿੱਥੇ ਸਕ੍ਰਿਪਟਾਂ ਪਈਆਂ ਹਨ, ਐਕਟਰਾਂ ਦੇ ਪਹਿਨਣ ਲਈ ਪੁਸ਼ਾਕਾਂ ਤੇ ਹੋਰ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਵੀ ਹਨ। ਚਾਰੇ ਪਾਸੇ ਸ਼ੀਸ਼ੇ ਹੀ ਸ਼ੀਸ਼ੇ ਹਨ। ਯੂਯਫ਼ ਆਖ਼ਦਾ ਹੈ: ‘‘ਸ਼ੀਸ਼ੇ ਤੋਂ ਵੱਡਾ ਕੋਈ ਡਾਇਰੈਕਟਰ ਨਹੀਂ ਹੁੰਦਾ।’’ ਸ਼ੀਸ਼ਾ ਦੇਖ-ਦੇਖ ਸਰਮਦ ਐਕਟਿੰਗ ਸਿੱਖਣ ਤੇ ਕਰਨ ਦਾ ਯਤਨ ਕਰੇ।
ਇਥੇ ਹੀ ਸਰਮਦ ਅਲੱਗ-ਅਲੱਗ ਸਕ੍ਰਿਪਟਾਂ ’ਚੋਂ ਪਾਤਰ ਕੱਢ-ਕੱਢ ਉਨ੍ਹਾਂ ਨੂੰ ਨਿਭਾਉਣ ਦਾ ਯਤਨ ਕਰਦਾ ਹੈ। ਉਹ ਅੱਠ ਕਿਰਦਾਰ ਛਾਂਟਦਾ ਹੈ, ਉਨ੍ਹਾਂ ਵਾਲੇ ਕਸਟਿਊਮ ਪਹਿਨਦਾ ਹੈ ਤੇ ਉਸ ਕਿਰਦਾਰ ਦੇ ਲੋਕ, ਸਮਾਜ ਅਤੇ ਹਯਾਤੀ ਨੂੰ ਦਰਸਾਉਣ ਦਾ ਯਤਨ ਕਰਦਾ। ਇੱਥੋਂ ਲੇਖਕ ਵੱਖ-ਵੱਖ ਕਿਰਦਾਰਾਂ, ਜਿਵੇਂ ਦਿੱਤਾ ਸੈਣੀ (ਮਜ਼ਦੂਰ), ਮੌਧੀ ਖਾਨ (ਸੰਗੀਤਕਾਰ), ਨਜ਼ੀਰ ਅਹਿਮਦ (ਡਿਪਟੀ ਹੈੱਡ ਕਲਰਕ), ਸ਼ਾਮ ਗੋਪਾਲ ਵਰਮਾ (ਉਰਦੂ ਟੀਚਰ), ਨਾਮੁਰਾਦ ਆਸ਼ਕ (ਰਿਸ਼ੀ ਕਪੂਰ), ਵਾਹੀਵਾਨ ਘੁਮਿਆਰ (ਕਸਕੂ), ਸੰਮ੍ਹੀ (ਪਹਿਲਵਾਨ) ਤੇ ਜਾਰੀ ਆਦਿ ਦੇ ਕਿਰਦਾਰਾਂ ਰਾਹੀਂ ਆਪਣੇ ਇਤਿਹਾਸ, ਸਮਾਜ ਅਤੇ ਹਯਾਤੀ ਬਾਰੇ ਪ੍ਰਸ਼ਨ ਊਠਾ ਕੇ ਉਨ੍ਹਾਂ ਦੇ ਜਵਾਬ ਲੱਭਣ ਦਾ ਯਤਨ ਕਰਦਾ ਹੈ।
ਪਹਿਲਾਂ ਲੇਖਕ ਇਤਿਹਾਸ ਨੂੰ ਵਾਚਣ ਦਾ ਯਤਨ ਕਰਦਾ ਹੈ। ਉਹ ਆਰੀਆ ਲੋਕਾਂ ਦੇ ਭਾਰਤ ਵਿਚ ਆਉਣ ਤੋਂ ਲੈ ਕੇ ਮੁਗ਼ਲਾਂ, ਪਠਾਣਾਂ, ਅੰਗਰੇਜ਼ਾਂ ਤਕ ਦਾ ਇਤਿਹਾਸ ਫਰੋਲਦਾ ਹੈ। ਉਨ੍ਹਾਂ ਵਿਚ ਪਏ ਖੱਪਿਆਂ ਵੱਲ ਇਸ਼ਾਰਾ ਕਰਦਾ ਹੈ। ਫੇਰ ਉਹ ਪੰਜਾਬ ਦੇ ਆਰਥਿਕ ਇਤਿਹਾਸ ਵੱਲ ਪੰਛੀ ਝਾਤ ਮਾਰਦਾ ਹੈ। ਨਵਾਬਾਂ, ਜਾਗੀਰਦਾਰਾਂ, ਪੂੰਜੀਪਤੀਆਂ ਤੋਂ ਹੁੰਦਾ ਹੋਇਆ ਉਹ ਕਾਰਪੋਰੇਟ ਘਰਾਣਿਆਂ ਦੀ ਗੱਲ ਕਰਦਾ ਹੈ। ਜਾਗੀਰਦਾਰਾਂ ਵੱਲੋਂ ਭੂਮੀ ’ਤੇ ਕਬਜ਼ਾ, ਗ਼ਰੀਬਾਂ ਕੋਲੋਂ ਜਬਰੀ ਕਰਵਾਈ ਵਗਾਰ ਅਤੇ ਉਨ੍ਹਾਂ ਦੀਆਂ ਔਰਤਾਂ, ਕੁੜੀਆਂ ਤੇ ਤ੍ਰੀਮਤਾਂ ਨੂੰ ਮੰਡੀ ਦੀ ਵਸਤ ਵਾਂਙ ਖਰੀਦਣਾ ਜਿਹੇ ਕਿਰਦਾਰ ਪੇਸ਼ ਹੁੰਦੇ ਹਨ। ਆਲੇ-ਦੁਆਲੇ ਦੀ ਜ਼ਿੰਦਗੀ ਅਤੇ ਕਿਰਦਾਰਾਂ ਦੀ ਵੀ ਪੇਸ਼ਕਾਰੀ ਨਾਲੋ-ਨਾਲ ਹੁੰਦੀ ਹੈ। ਭਾਸ਼ਾ, ਖ਼ਾਸ ਕਰਕੇ ਉਰਦੂ ਅਤੇ ਹਿੰਦੀ ਦੇ ਮਸਲੇ ਬਾਰੇ ਬਹਿਸ ਛਿੜਦੀ ਹੈ। ਸੂਫ਼ੀ ਸੰਗੀਤ ਦਾ ਬਿਰਤਾਂਤ ਵੀ ਆਉਂਦਾ ਹੈ। ਬੁੱਲ੍ਹਾ, ਮਾਧੋ, ਸ਼ਾਹ ਹੁਸੈਨ, ਫ਼ਰੀਦ ਤੇ ਗੁਰੂ ਨਾਨਕ ਦੇਵ ਜੀ ਦਾ ਇਲਾਹੀ ਸੰਗੀਤ ਵੀ ਸੁਣਾ ਹੈ। ਜਦੋਂ ਬਾਬਾ ਜੀ ਰਮਜ਼ ਨਾਲ ਭਗਤੀ ’ਚ ਲੀਨ ਹੋ ਕੇ ਸ਼ਬਦ ਗਾਉਂਦੇ ਹਨ ਤੇ ਪਸ਼ੂ, ਪੰਛੀ ਤੇ ਪੂਰੀ ਕੁਦਰਤ ਵੀ ਉਨ੍ਹਾਂ ਦੀ ਲੈਅ ਵਿਚ ਲੀਨ ਹੋ ਜਾਂਦੀ ਹੈ। ‘ਸਾ-ਰੇ-ਗਾ-ਸਾ-ਨੀ’ ਦੀ ਲੇਖਕ ਵੱਲੋਂ ਕੀਤੀ ਤਸ਼ਰੀਹ ਕਮਲ ਦੀ ਹੈ।
ਆਖ਼ਰ ‘ਨਾਰੀ’ ਪਾਤਰ ਰਾਹੀਂ ਉਹ ਅਜੋਕੇ ਤੇ ਪੁਰਾਣੇ ਵੇਲਿਆਂ ਦੀ ਔਰਤ ਦੀ ਸਮਾਜਿਕ ਦਸ਼ਾ ਦਾ ਬਿਆਨ ਕਰਦਾ ਹੈ। ਮਰਦ ਹਉਂ ਵਾਲੇ ਸਮਾਜ ਵਿਚ ਔਰਤ ਦੀ ਜਿਨਸੀ ਵਰਤੋਂ ਦਾ ਬਿਰਤਾਂਤ ਦਿਲ ਨੂੰ ਛੂਹ ਲੈਣ ਵਾਲਾ ਹੈ।
ਇਸ ਰਚਨਾ ਵਿਚ ਸ਼ਬਦਾਂ ਦਾ ਸੰਜਮ ਕਮਾਲ ਦਾ ਹੈ। ਥੋੜ੍ਹੇ ਸ਼ਬਦਾਂ ਵਿਚ ਵੱਡੇ ਤੇ ਡੂੰਘੇ ਅਰਥਾਂ ਦੀ ਲੱਭਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸੰਖੇਪ ਰਚਨਾ ਰਾਹੀਂ ਪੰਜਾਬ ਦੇ ਪੂਰੇ ਸਭਿਆਚਾਰਕ ਪਰਿਖੇਪ ਦੇ ਦਰਸ਼ਨ ਹੁੰਦੇ ਹਨ। ਮੈਨੂੰ ਇਹ ਰਚਨਾ ਫ਼ਖ਼ਰ ਜ਼ਮਾਨ ਦੇ ਨਾਵਲ ‘ਸੱਤ ਗਵਾਚੇ ਲੋਕ’ ਦਾ ਅਗਲਾ ਪੜਾਅ ਜਾਪਦੀ ਹੈ। ਸਰਮਦ ਇਕੱਲਾ ਹੀ ਨਹੀਂ, ਅਸੀਂ ਸਾਰੇ ਦੇ ਸਾਰੇ ਪੰਜਾਬੀ ਆਪਣੇ ਆਪ ਨੂੰ ਲੱਭਣ ਦਾ ਯਤਨ ਹੀ ਤਾਂ ਕਰ ਰਹੇ ਹਾਂ। ‘ਹੁਣ ਮੈਂ ਕੌਣ ਕਹਾਊਂਗਾ’ ਸ਼ਬਦ ਸਾਡੀਆਂ ਸਾਰਿਆਂ ਦੀਆਂ ਰੂਹਾਂ ਵਿਚ ਗੂੰਜ ਰਿਹਾ ਹੈ ਤੇ ਸਾਡੀ ਹਯਾਤੀ ਦੀ ਤਲਬ ਤੇ ਤਲਾਸ਼ ਜਾਰੀ ਹੈ।
ਸੰਪਰਕ: 94635-37050