ਅਵਤਾਰ ਸਿੰਘ
ਅਹਿਸਾਸ
ਨਮਨ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਸਿਰ ਝੁਕਾਉਣਾ ਹੈ। ਇਸ ਸ਼ਬਦ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਵਰਤੇ ਜਾਂਦੇ ਲਾਤੀਨੀ ਸ਼ਬਦ ਨਯੂਮਿਨ (numen) ਦੀ ਸਹਾਇਤਾ ਨਾਲ ਵੀ ਸਮਝਿਆ ਜਾ ਸਕਦਾ ਹੈ। ਨਯੂਮਿਨ ਦਾ ਮੂਲ ਅਰਥ ਵੀ ਨੌਡ ਅਰਥਾਤ ਸਿਰ ਝੁਕਾਉਣਾ ਹੀ ਹੈ। ਭਾਈ ਕਪੂਰ ਸਿੰਘ ਜੀ ਨੇ ਧਾਰਮਿਕ ਅਨੁਭਵ ਅਤੇ ਅਭਿਆਸ ਵਜੋਂ ਭਾਰਤੀ ਧਰਮ ਪਰੰਪਰਾ ਵਿੱਚ ਬੇਹੱਦ ਪ੍ਰਚੱਲਤ ਨਾਮ ਨੂੰ ਲਤੀਨੀ ਨਯੂਮਿਨ ਅਤੇ ਸੰਸਕ੍ਰਿਤ ਦੇ ਨਮਨ ਦਾ ਹੀ ਸਗੋਤੀ, ਪਰਿਆਇ ਅਤੇ ਬਦਲਿਆ ਰੂਪ ਮੰਨਿਆ ਹੈ। ਨਯੂਮਿਨ ਦਾ ਅਰਥ ਪਾਰਬ੍ਰਹਮ ਦਾ ਹੁਕਮ ਦੱਸਿਆ ਗਿਆ ਹੈ। ਇਸ ਹਿਸਾਬ ਨਾਲ ਨਾਮ ਪ੍ਰਭੂ ਦਾ ਹੁਕਮ ਹੈ ਤੇ ਜਦ ਅਸੀਂ ਉਸ ਹੁਕਮ ਅਗੇ ਨਤਮਸਤਕ ਹੁੰਦੇ ਹੋਏ, ਉਸ ਨੂੰ ਆਪਣੇ ਅਭਿਆਸ ਵਿੱਚ ਉਤਾਰਦੇ ਹਾਂ ਤਾਂ ਇਹ ਵੀ ਸਾਡਾ ਨਾਮ ਜਪਣਾ ਹੀ ਹੋ ਜਾਂਦਾ ਹੈ। ਇਸ ਤਰ੍ਹਾਂ ਨਾਮ ਪਾਰਬ੍ਰਹਮ ਦੇ ਹੁਕਮ ਅਤੇ ਮਨੁਖ ਦੇ ਸਮਰਪਣ ਵਜੋਂ ਦੋ ਤਰਫ਼ਾ ਅਭਿਆਸ ਹੈ। ਮੈਂ ਸਮਝਦਾ ਹਾਂ ਕਿ ਸ਼ਾਇਰ ਵੀ ਆਪਣੇ ਚਿੰਤਨ ਵਿੱਚ ਏਨੇ ਗਹਿਰੇ ਉਤਰ ਜਾਂਦੇ ਹਨ ਕਿ ਉਨ੍ਹਾਂ ਦਾ ਅਨੁਭਵ ਵੀ ਪਾਰਬ੍ਰਹਮ ਤਕ ਜਾ ਪੁੱਜਦਾ ਹੈ। ਇਸ ਕਰਕੇ ਉਨ੍ਹਾਂ ਦੇ ਕਾਵਿ ਆਵੇਸ਼ ਅਤੇ ਆਦੇਸ਼ ਵੀ ਨਾਮ ਹੋ ਜਾਂਦੇ ਹਨ। ਕਵੀਆਂ ਦਾ ਕਵਿਤਾ ਲਿਖਣਾ ਤੇ ਪਾਠਕ ਵੱਲੋਂ ਉਸ ਨੂੰ ਪੜ੍ਹਨਾ ਵੀ ਨਮਨ ਦੇ ਅਰਥਾਂ ਵਿੱਚ ਲਿਆ ਜਾ ਸਕਦਾ ਹੈ। ਪੰਜਾਬੀ ਕਵਿਤਾ ਵਿੱਚ ਸੁਰਜੀਤ ਪਾਤਰ ਸਾਡੇ ਸਮਿਆਂ ਦਾ ਸਭ ਤੋਂ ਵਧੇਰੇ ਹਰ ਦਿਲ ਅਜ਼ੀਜ਼ ਅਤੇ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਸ਼ਾਇਰ ਹੈ। ਉਸ ਦੀ ਕਵਿਤਾ ਦਾ ਹਰ ਸ਼ਬਦ, ਵਾਕ ਅਤੇ ਬੰਦ ਜੀਵਨ ਦੇ ਬੜੇ ਹੀ ਗਹਿਰੇ ਅਤੇ ਮਹੀਨ ਰਹੱਸ ਨੂੰ ਸੁਚੇਤ, ਸੰਖੇਪ ਅਤੇ ਸੂਖ਼ਮ ਅੰਦਾਜ਼ ਵਿੱਚ ਖੋਲ੍ਹਦਾ ਹੈ। ਅਜਿਹੀ ਕਵਿਤਾ ਨੂੰ ਨਮਨ ਨਾ ਕਰੀਏ ਤਾਂ ਕੀ ਕਰੀਏ!
ਸ਼ਾਇਦ ਇਹ ਗੱਲ ਵੀ ਕਈਆਂ ਨੂੰ ਪਸੰਦ ਨਾ ਆਵੇ ਕਿ ਅਜਿਹੇ ਕਵੀ ਦੀ ਕਵਿਤਾ ਦੀ ਸ਼ਨਾਖ਼ਤ ਕਰਨ ਵਾਲਾ ਵੀ ਕਦੇ ਕਦੇ ਹੀ ਅਵਤਾਰ ਲੈਂਦਾ ਹੈ। ਅਜੋਕੇ ਜੀਵਨ ਵਿੱਚ ਸੱਚ ਬੜਾ ਹੀ ਅਸਹਿਜ ਵਰਤਾਰਾ ਹੋ ਗਿਆ ਹੈ ਤੇ ਝੂਠ ਏਨੀ ਸਹਿਜਤਾ ਨਾਲ ਸਾਡੇ ਜੀਵਨ ਵਿੱਚ ਧਸ ਗਿਆ ਹੈ ਕਿ ਹੁਣ ਝੂਠ ਬਗੈਰ ਜਿਉਣਾ ਸੰਭਵ ਹੀ ਨਹੀਂ ਜਾਪਦਾ। ਇਸੇ ਲਈ ਸੱਚੇ ਹੋਣਾ ਇਕੱਲਤਾ ਦੇ ਸ਼ਿਕਾਰ ਹੋਣਾ ਅਤੇ ਅਖੀਰ ਸੂਲ਼ੀ ’ਤੇ ਟੰਗੇ ਜਾਣ ਜਿਹਾ ਹੈ। ਪਾਤਰ ਦਾ ਸ਼ਿਅਰ ਹੈ: ਏਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ। ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ। ਇਸ ਸ਼ਿਅਰ ਵਿੱਚ ਲੱਗਦਾ ਹੈ ਜਿਵੇਂ ਬਹੁਤਾ ਸੱਚ ਬੋਲਣ ਤੋਂ ਗੁਰੇਜ਼ ਕਰਨ ਲਈ ਨਸੀਹਤ ਦਿੱਤੀ ਗਈ ਹੋਵੇ। ਪਰ ਕਵਿਤਾ ਨਸੀਹਤ ਨਹੀਂ ਹੁੰਦੀ ਤੇ ਨਸੀਹਤ ਕਵਿਤਾ ਨਹੀਂ ਹੁੰਦੀ। ਕਵਿਤਾ ਨਸੀਹਤ ਦੀ ਬਜਾਏ ਨਸੀਹਤਨੁਮਾ ਹੋ ਸਕਦੀ ਹੈ ਤੇ ਇਹ ਕਵਿਤਾ ਦਾ ਇੱਕ ਅੰਦਾਜ਼ ਹੁੰਦਾ ਹੈ।
ਮੈਂ ਆਪਣੇ ਜੀਵਨ ਵਿੱਚ ਸੱਚ ਦੀ ਅਹਿਮੀਅਤ ਸਮਝਣ ਦੇ ਰਾਹ ਪਿਆ ਹੋਇਆ ਹਾਂ ਤੇ ਇਸ ਦੀ ਸ਼ਨਾਖ਼ਤ ਕਰਨ ਲਈ ਜੱਦੋਜਹਿਦ ਕਰ ਰਿਹਾ ਹਾਂ। ਇਸ ’ਤੇ ਚੱਲਣਾ ਮੇਰੇ ਵਰਗੇ ਸਾਧਾਰਨ ਮਨੁੱਖ ਲਈ ਨਾਮੁਮਕਿਨ ਹੀ ਪ੍ਰਤੀਤ ਹੁੰਦਾ ਹੈ। ਮੈਂ ਦੇਖਿਆ ਹੈ ਕਿ ਸੱਚ ਦੀ ਗੱਲ ਕਰਨ ਵਾਲਾ ਵੀ ਹੌਲ਼ੀ ਹੌਲ਼ੀ ਇਕੱਲਤਾ ਵਿੱਚ ਘਿਰਨਾ ਸ਼ੁਰੂ ਹੋ ਜਾਂਦਾ ਹੈ। ਲੋਕ ਉਸ ਤੋਂ ਅੱਖਾਂ ਚੁਰਾਉਣ ਲੱਗ ਜਾਂਦੇ ਹਨ ਤੇ ਉਸ ਨੂੰ ਦੇਖ ਕੇ ਮਿਲਣ ਦੀ ਬਜਾਏ ਇੱਧਰ ਉੱਧਰ ਟਿਭਣਾ ਸ਼ੁਰੂ ਕਰ ਦਿੰਦੇ ਹਨ। ਇੱਥੇ ਤੱਕ ਵੀ ਰਹਿਣ ਤਾਂ ਵੀ ਕੋਈ ਹਰਜ ਨਹੀਂ, ਉਹ ਤਾਂ ਅਜਿਹੇ ਇਨਸਾਨ ਦੀ ਏਨੀ ਬਦਖੋਈ ਕਰਨੀ ਸ਼ੁਰੂ ਕਰ ਦਿੰਦੇ ਹਨ ਜਿਵੇਂ ਸੱਚ ਦੀ ਗੱਲ ਕਰਨੀ ਸਿਰੇ ਦੀ ਮੁਜਰਮਾਨਾ ਕਾਰਵਾਈ ਹੋਵੇ। ਸੱਚ ਬੋਲਣ ਵਾਲਾ ਤਾਂ ਕਿਤੇ ਰਿਹਾ, ਸੱਚ ਦੀ ਗੱਲ ਕਰਨ ਵਾਲਾ ਹੀ ਇਕੱਲਤਾ ਦੀ ਸੂਲੀ ’ਤੇ ਟੰਗਿਆ ਜਾਂਦਾ ਹੈ। ਇਸ ਅਹਿਸਾਸ ਨੂੰ ਨਦੀਮ ਕਾਸਮੀ ਨੇ ਆਪਣੇ ਸ਼ਿਅਰ ਵਿੱਚ ਇਸ ਤਰ੍ਹਾਂ ਬਿਆਨ ਕੀਤਾ: ਆਜ ਤਨਹਾਈ ਕੀ ਯੂੰ ਆਖ਼ਰੀ ਤਕਮੀਲ ਹੂਈ। ਮਰ ਗਏ ਸਾਏ ਭੀ ਆ ਕਰ ਤੇਰੀ ਦੀਵਾਰ ਕੇ ਪਾਸ।
ਮੁੱਕਦੀ ਗੱਲ: ਨਾਮ ਤੇ ਨਯੂਮਿਨ ਦੀ ਤਰ੍ਹਾਂ ਸੱਚ ਤੇ ਸੂਲ਼ੀ ਸ਼ਬਦ ਬੇਸ਼ੱਕ ਪਰਿਆਇ ਨਹੀਂ ਹਨ। ਪਰ ਇਨ੍ਹਾਂ ਦਾ ਅਭਿਆਸ ਏਨਾ ਸਗੋਤੀ, ਪਰਿਆਇ ਜਾਂ ਪੜੋਸੀ ਹੈ ਕਿ ਸੱਚ ਬੋਲਣ ਵਾਲਾ ਤਾਂ ਕਿਤੇ ਰਿਹਾ, ਸੱਚ ਦੀ ਗੱਲ ਕਰਨ ਵਾਲਾ ਵੀ ਸੂਲ਼ੀ ਚੜ੍ਹਨ ਦੇ ਰਾਹ ਪੈ ਜਾਂਦਾ ਹੈ।
ਸੰਪਰਕ: 94175-18384