ਕੁਲਵਿੰਦਰ ਵਿਰਕ
ਪ੍ਰਸਿੰਨੀ ਬੇਬੇ ਅਕਸਰ ਜੋਤੀ ਨੂੰ ਸਮਝਾਉਂਦੀ ਰਹਿੰਦੀ। ਅੱਜ ਵੀ ਉਹਨੇ ਪੇਕਿਓਂ ਪਰਤੀ ਜੋਤੀ ਨੂੰ ‘ਵਾਜ ਮਾਰ ਕੇ ਆਪਣੇ ਦਰਵਾਜ਼ੇ ‘ਚ ਬਿਠਾ ਲਿਆ ਤੇ ਬੋਲੀ, “ਤੈਨੂੰ ਪਤੈ ਕੁੜੇ! ਤੇਰਾ ਘਰ ਕਿਉਂ ਖਰਾਬ ਹੋਇਆ? ਨਹੀਂ ਪਤਾ…?
ਆ ਤੈਨੂੰ ਮੈਂ ਦੱਸਦੀ ਆਂ… ‘‘ਵਿਆਹ ਤੋਂ ਮਗਰੋਂ ਵੀ ਤੂੰ ਨਿੱਕੀ-ਨਿੱਕੀ ਗੱਲ ਆਪਣੇ ‘ਪੇਕਿਆਂ ਦੇ ਕੰਨਾਂ ਵਿਚ’ ਪਾਉਂਦੀ ਰਹੀ ਹੈਂ … ਦਿਉਰਾਂ, ਜੇਠਾਂ ਨਾਲ ਤੇਰੀ ਕਦੇ ਬਣੀ ਨਹੀਂ… ਤੇ ਦਰਾਣੀਆਂ, ਜਠਾਣੀਆਂ ਨੂੰ ਵੀ ਤੂੰ ਕਦੇ ਮੂੰਹ ਨਹੀਂ ਲਾਇਆ…! ਪਹਿਲਾਂ ਤਾਂ ਭਰਾਵਾਂ ਨਾਲ ਵੀ ਨਹੀਂ ਸੀ ਬਣਦੀ ਤੇਰੀ… ਅੱਧਿਆਂ ਕੁ ਨਾਲ ਤਾਂ ਅਜੇ ਵੀ ਨੀ ਬਣਦੀ… ਭਰਜਾਈਆਂ ਨਾਲ ਹੁਣ ਤੱਕ ਨੀਂ ਬਣੀਂ… ਭਰਾਵਾਂ ਦੇ ਹੱਕ ਖਾ ਕੇ ਆਖਰ ਕਿੱਥੇ ਭਰੇਂਗੀ ਤੂੰ ਚੰਦਰੀਏ…? ਤੇ ਫਿਰ ਹੁਣ ਤੂੰ ਹੀ ਦੱਸ ! ਕੀ ਸਾਰੇ ਈ ਮਾੜੇ ਹੋ ਗਏ…? ਤੇਰੇ ਨਾਲ ਹੁਣ ਵਰਤੇ ਤਾਂ ਕੌਣ ਵਰਤੇ….? ਤੇ ਵਰਤੇ ਵੀ ਕਿਉਂ ..??
ਲਾਲਚ, ਹੰਕਾਰ ਦੀ ਮਾਰੀ ਤੂੰ ਪੁੱਠੀਆਂ ਚਾਲਾਂ ਚੱਲ-ਚੱਲ ਆਪਣਿਆਂ ਨੂੰ ਆਪਣਿਆਂ ਤੋਂ ਈ ਦੂਰ ਕਰਦੀ ਰਹੀ, ਵਿੱਥਾਂ ਪਾਉਂਦੀ ਰਹੀ… ਕੁਦਰਤ ਨੇ ਤੈਨੂੰ ਕਦੇ ਮੁਆਫ਼ ਨਹੀਂ ਜੇ ਕਰਨਾ…! ਤੂੰ ਵੇਖੀਂ… ਤੇਰੀ ਆਪਣੀ ਔਲਾਦ ਵੀ ਇੱਕ ਦਿਨ ਤੇਰੇ ਕੰਨਾਂ ਨੂੰ ਹੱਥ ਲਵਾ ਕੇ ਛੱਡੂ….!
ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ’ਤੇ ਚਲਦੀ ਰਹੀ ਹੈ ਨਾ ਤੂੰ !… ਪਰ ਯਾਦ ਰੱਖੀਂ ਕੁੜੇ! ਰਾਜ ਤਾਂ ਭਰਾ-ਭਰਜਾਈਆਂ ਨਾਲ ਈ ਹੁੰਦੇ ਆ… ਭਰਜਾਈਆਂ ਨਾਲ ਤਾਂ ਪਰ ਤੇਰੀ ਮੁੱਢੋਂ ਈ ਨੀਂ ਬਣੀ… ਉਹ ਵੀ ਤਾਂ ਕਿਸੇ ਦੀਆਂ ਧੀਆਂ ਨੇ ਵਿਚਾਰੀਆਂ…!!
ਦੇਖ ਕੁੜੇ ! ਗੱਲਾਂ ਤਾਂ ਮੇਰੀਆਂ ਬਸ਼ੱਕ ਦੀ ਚੁਭਦੀਆਂ ਤੈਨੂੰ… ਪਰ ਹੈ ਇਹ ਜਵਾਂ ਸੱਚੀਆਂ!!”
ਇੰਨਾ ਕਹਿੰਦੀ ਹੋਈ ਪ੍ਰਸਿੰਨੀ ਚੁੱਪ ਹੋ ਗਈ। ਹੁਣ ਜੋਤੀ ਨੂੰ ਬੋਲਣ ਲਈ ਸ਼ਬਦ ਨਹੀਂ ਸਨ ਮਿਲ ਰਹੇ… ਪ੍ਰਸਿੰਨੀ ਨੇ ਖ਼ਰੀਆਂ-ਖ਼ਰੀਆਂ ਜੋ ਸੁਣਾਈਆਂ ਸਨ…!!
ਸੰਪਰਕ: 78146-54133