ਜਗਵੀਰ ਕੌਰ ਮੋਗਾ
ਮੇਰੇ ਸਾਥੀ ਮੇਰੀ ਸੁਣ ਲੈ ਪੁਕਾਰ ਵੇ,
ਮੈਨੂੰ ਦਿੱਲੀ ਨੂੰ ਲੈ ਚੱਲ ਨਾਲ ਵੇ,
ਵੇ ਮੈਂ ਵੇਖਣੀ ਆ ਦਿੱਲੀ ਇੱਕ ਵਾਰ ਵੇ,
ਮੈਨੂੰ ਦਿੱਲੀ ਨੂੰ ਲੈ ਚੱਲ ਨਾਲ ਵੇ।
ਵੇਖਾਂ ਉਹਦਾ ਰੰਗ ਵੇ ਕਿੰਨਾ ਕੁ ਹੈ ਉੱਡਿਆ,
ਅੰਨਦਾਤਾ ਵੇਖ ਵਾਂਗ ਬੱਦਲਾਂ ਦੇ ਗੱਜਿਆ,
ਫਿੱਕੀ ਕਿੰਨੀ ਕੁ ਪਈ ਉਹਦੇ ਚਿਹਰੇ ਦੀ ਨੁਹਾਰ ਵੇ,
ਮੈਂ ਵੇਖਾਂ ਤਾਂ ਚੱਲ ਇੱਕ ਵਾਰ ਵੇ,
ਮੇਰੇ ਸਾਥੀ ਮੇਰੀ ਸੁਣ ਲੈ ਪੁਕਾਰ ਵੇ,
ਮੈਨੂੰ ਦਿੱਲੀ ਨੂੰ ਲੈ ਚੱਲ ਨਾਲ ਵੇ।
ਚੁੱਲ੍ਹਾ-ਚੌਕਾ ਸਾਂਭ-ਸਾਂਭ ਮੇਰਾ ਭਰਿਆ ਏ ਜੀਅ ਵੇ,
ਰਹੀ ਨਾ ਜੇ ਪੈਲੀ ਫਿਰ ਰਿੰਨ੍ਹਣਾ ਹੈ ਕੀ ਵੇ,
ਛੱਡ ਫ਼ਿਕਰਾਂ ਨੂੰ ਪਰ੍ਹਾਂ ਗੋਲੀ ਮਾਰ ਵੇ,
ਚੱਲ ਲਾਈਏ ਗੱਲ ਆਰ ਜਾਂ ਹੁਣ ਪਾਰ ਵੇ,
ਮੇਰੇ ਸਾਥੀ ਮੇਰੀ ਸੁਣ ਲੈ ਪੁਕਾਰ ਵੇ,
ਮੈਨੂੰ ਦਿੱਲੀ ਨੂੰ ਲੈ ਚੱਲ ਨਾਲ ਵੇ।
ਸੰਪਰਕ: 76963-00539,73802-27706
ਕਾਰੋਬਾਰ
ਜਸਵੀਰ ਸੋਹਲ
ਚੱਲਿਆ ਕਾਰੋਬਾਰ ਹਵਾ ਦਾ
ਲੱਗਾ ਹੋਣ ਵਪਾਰ ਹਵਾ ਦਾ
ਕਿੰਨੀ ਛੇਤੀ ਪੈਦਾ ਹੋ ਗਿਆ
ਇੱਕ ਨਵਾਂ ਬਾਜ਼ਾਰ ਹਵਾ ਦਾ
ਆਪਣੇ ਹੀ ਲੋਕਾਂ ਤੋਂ ਦੇਖੋ
ਲੈਂਦੀ ਮੁੱਲ ਸਰਕਾਰ ਹਵਾ ਦਾ
ਭਾਰੀ ਕੀਮਤ ਦੇਣੀ ਪੈ ਗਈ
ਹੁੰਦਾ ਨੀ ਉਂਝ ਭਾਰ ਹਵਾ ਦਾ
ਖੰਡਾਂ ਤੋਂ ਬ੍ਰਹਿਮੰਡਾਂ ਤੀਕਰ
ਪੂਰਾ ਹੈ ਵਿਸਥਾਰ ਹਵਾ ਦਾ
ਕਦੋਂ ਹਨੇਰੀ ਬਣ ਕੇ ਆਏ
ਭੋਰਾ ਨ੍ਹੀਂ ਇਤਬਾਰ ਹਵਾ ਦਾ
ਇਹ ਵੀ ਸਾਰਾ ਦੋਸ਼ ਹੈ ਸਾਡਾ
ਬੰਦਾ ਹੈ ਗੁਨਹਗਾਰ ਹਵਾ ਦਾ
ਕਾਸ਼! ਅਸੀਂ ਵੀ ਕਰਦੇ ਸੋਹਲ
ਥੋੜ੍ਹਾ ਤਾਂ ਸਤਿਕਾਰ ਹਵਾ ਦਾ।
ਸੰਪਰਕ: 98144-21001
ਗ਼ਜ਼ਲ
ਅੰਜੂ ਅਮਨਦੀਪ ਗਰੋਵਰ
ਟਿਕਾ ਕੇ ਪੈਰ ਧਰਤੀ ’ਤੇ ਗਗਨ ਦੀ ਸੈਰ ਕਰਦੀ ਹੈ।
ਇਹ ਸਾਡੀ ਸੋਚ ਹੈ ਜੋ ਨਿੱਤ ਨਵੀਂ ਪਰਵਾਜ਼ ਭਰਦੀ ਹੈ।
ਅਨੇਕਾਂ ਤਾਜ ਉਹ ਜਿੱਤਦੀ, ਨਵੇਂ ਇਤਿਹਾਸ ਉਹ ਰਚਦੀ ,
ਮਗਰ ਨਾਰੀ ਤਾਂ ਮਰਦਾਂ ਦੇ ਸਿਤਮ ਹਾਲੇ ਵੀ ਜਰਦੀ ਹੈ।
ਕਰਾਂ ਮੈਂ ਮਾਣ ਕਿਸ ਗੱਲ ਦਾ ਕਿ ਮੇਰੇ ਦੇਸ਼ ਦੇ ਅੰਦਰ,
ਇਹ ਨੇਤਾ ਐਸ਼ ਕਰਦੇ ਨੇ ਤੇ ਜਨਤਾ ਭੁੱਖੀ ਮਰਦੀ ਹੈ।
ਨਹੀਂ ਹੈ ਹੋਰ ਕੋਈ ਮਾਂ ਬਿਨਾਂ ਇਸ ਜੱਗ ਦੇ ਅੰਦਰ,
ਇਹ ਮਾਂ ਹੀ ਹੈ ਜੋ ਅਪਣੇ ਬੱਚਿਆਂ ਦੇ ਦੁੱਖ ਹਰਦੀ ਹੈ।
ਬਦਲ ਜਾਂਦੇ ਨੇ ਸਾਰੇ ਅਰਥ ਧਰਮ ਪ੍ਰਚਾਰ ਦੇ ‘ਅੰਜੂ’,
ਜਦੋਂ ਵੀ ਧਰਮ ਦੇ ਅੰਦਰ ਸਿਆਸਤ ਪੈਰ ਧਰਦੀ ਹੈ।
ਸੰਪਰਕ: 99990-30821
ਮਾਈ ਲਾਲੀ ਦੀ ਭੱਠੀ
ਬੂਟਾ ਗੁਲਾਮੀ ਵਾਲਾ
ਪਿੰਡ ਦੇ ਐਨ ਵਿਚਾਲੇ, ਬਈ ਇੱਕ ਭੱਠੀ ਹੁੰਦੀ ਸੀ
ਉੱਤੇ ਕੜਾਹੀ ਦਾਣੇ ਭੁੰਨਣ ਲਈ, ਰੱਖੀ ਹੁੰਦੀ ਸੀ
ਢਲੀ ਦੁਪਹਿਰ ਤੋਂ ਸਾਫਿਆਂ ਦੇ ਲੜ, ਦਾਣੇ ਬੰਨ੍ਹ ਲਿਜਾਣੇ
ਮਾਈ ਲਾਲੀ ਦੀ ਭੱਠੀ ਤੋਂ, ਫਿਰ ਜਾ ਅਸੀਂ ਭੁੰਨਾਣੇ
ਤੁਰ ਪੈਂਦੇ ਸੀ ਭੱਠੀ ਵੱਲ ਨੂੰ, ਅੱਗੜ ਪਿੱਛੜ ਸਾਰੇ
ਦਾਦੇ ਪੋਤੇ ਬੁੱਢੇ ਬੱਚੇ, ਵਿਆਹੇ ਅਤੇ ਕੁਆਰੇ
ਆ ਜਾ ਪਿੱਪਲਾ ਆ ਜਾ ਕਿੱਕਰਾ ਭੱਠੀ ਉੱਤੇ ਚੱਲੀਏ
ਅੱਜ ਮੈਂ ਵਾਰੀ ਪਹਿਲਾਂ ਲੈਣੀ, ਜਾ ਕੇ ਤੇ ਥਾਂ ਮੱਲੀਏ
ਮਾਵਾਂ ਕੋਲੋਂ ਝੋਲੀਆਂ ਦੇ ਵਿੱਚ, ਦਾਣੇ ਬਈ ਪੁਆ ਕੇ
ਭੱਠੀ ਵੱਲ ਨੂੰ ਜਾਂਦੇ ਭੱਜੇ, ਹੱਥ ਨਿੱਕਰ ਨੂੰ ਪਾ ਕੇ
ਨੰਗ ਧੜੰਗੇ ਲਿੱਬੜੇ ਤਿੱਬੜੇ, ਤੁਰ ਪੈਂਦੇ ਸੀ ਬੱਚੇ
ਉਮਰ ਬਾਦਸ਼ਾਹ ਮੂੰਹ ’ਤੇ ਹਾਸੇ, ਦਿਲ ਦੇ ਵੀ ਨੇ ਸੱਚੇ
ਸਭ ਬਹਿੰਦੇ ਸੀ ਭੱਠੀ ਉੱਤੇ, ਕੀ ਗੁਰੂ ਕੀ ਚੇਲਾ
ਚਾਰ ਵਜੇ ਤੱਕ ਭੱਠੀ ਉੱਤੇ, ਲੱਗ ਜਾਂਦਾ ਸੀ ਮੇਲਾ
ਕੰਧ ਨਾਲ ਸੀ ਹੁੰਦੀ ਭੱਠੀ, ਛਾਂ ਪਰਛਾਵਾਂ ਕਰਦਾ
ਆਣ ਤਪਾਉਂਦੀ ਭੱਠੀ ਮਾਈ, ਮੋਹ ਛੱਡ ਕੇ ਬਈ ਘਰ ਦਾ
ਘਰੋਂ ਲਿਆ ਕੇ ਬਾਲਣ ਸੀ, ਉਹ ਭੱਠੀ ਆਣ ਤਪਾਉਂਦੀ
ਅੱਗ ਬਾਲਣ ਤੋਂ ਪਹਿਲਾ ਸੀ, ਉਹ ਰੱਬ ਨੂੰ ਧਿਆਉਂਦੀ
ਵਿਚ ਵਿਚਾਲੇ ਭੱਠੀ ਵਾਲੀ, ਚੁੰਗਾਂ ਬੈਠੀਆਂ ਪਾਸੇ
ਨਾ ਕੋਈ ਫ਼ਿਕਰ ਨਾ ਫਾਕਾ ਕੋਈ, ਹਾਸੇ ਹੀ ਬੱਸ ਹਾਸੇ
ਪਾ ਕੇ ਰੇਤਾ ਵਿਚ ਕੜਾਹੀ, ਅੱਗ ਬਾਲ ਸੀ ਦੇਂਦੀ
ਜਿਸ ਦੀ ਵਾਰੀ ਅੱਗ ਉਹ ਬਾਲੇ, ਸਭਨਾਂ ਤਾਈਂ ਕਹਿੰਦੀ
ਕੱਕਾ ਰੇਤਾ ਵਿੱਚ ਕੜਾਹੀ, ਪਾ ਕੇ ਗਰਮ ਸੀ ਕਰਦੀ
ਫਿਰ ਦਾਤੀ ਦੇ ਨਾਲ ਉਹ ਦਾਣੇ, ਉੱਤੇ ਹੇਠਾਂ ਕਰਦੀ,
ਭੁੰਨ ਭੁੰਨ ਕੇ ਦਾਣੇ ਜਦ ਉਹ, ਛਾਨਣੀ ਨਾਲ ਹਿਲਾਉਂਦੀ
ਛੋਲਿਆਂ ਦੇ ਦਾਣਿਆਂ ਨੂੰ ਦੌਰੀ, ਨਾਲ ਸੀ ਰਗੜਾ ਲਾਉਂਦੀ
ਵਿੱਚ ਛਾਨਣੀ ਦਾਣੇ ਰਹਿੰਦੇ, ਥੱਲੇ ਕਿਰਦਾ ਰੇਤਾ
ਸਭ ਤੋਂ ਲੱਪ ਲੱਪ ਦਾਣੇ ਲੈਂਦੀ, ਅੱਜ ਵੀ ਮੈਨੂੰ ਚੇਤਾ
ਉਦੋਂ ਭੋਲੇ ਬੱਚੇ ਸੀ ਤੇ ਬੜਾ ਜ਼ਮਾਨਾ ਭੋਲਾ
ਅੱਜ ਵਾਂਗੂ ਨਾ ਕਰਨ ਸ਼ਰਾਰਤ, ਨਾ ਕੋਈ ਪਾਉਂਦਾ ਰੌਲਾ
ਤੜ ਤੜ ਕਰਕੇ ਡਿੱਗਦੇ ਸੀ ਜਦ, ਭੁੜਕ ਭੁੜਕ ਫੁੱਲੇ
ਭੱਜ ਭੱਜ ਚੁੱਕ ਕੇ ਖਾਈ ਜਾਣੇ ਇਹ ਵੀ ਸੀ ਅਣਮੁੱਲੇ
ਘਰ ਨੂੰ ਤੁਰਨਾ ਝੋਲੀ ਪਾ ਕੇ ਭੱਠੀਉਂ ਭੁੱਜੇ ਦਾਣੇ
ਵਿਚ ਗਲੀ ਦੇ ਚੱਬਦੇ ਜਾਂਦੇ, ਕੀ ਨਿਆਣੇ ਕੀ ਸਿਆਣੇ
ਹੱਟੀਉਂ ਲੈ ਕੇ ਗੁੜ ਠੇਲਾ, ਲੈਣਾ ਬਣਾ ਮਰੂੰਡਾ
ਨਾਲੇ ਲੈਣਾ ਲਾਲੇ ਕੋਲੋਂ, ਬਿਨ ਪੈਸੇ ਤੋਂ ਝੂੰਗਾ
ਮਾਈ ਜਦ ਜਾਂਦੀ ਸੀ ਵਾਂਡੇ, ਚੀਸ ਦਿਲਾਂ ਵਿੱਚ ਪੈਂਦੀ
ਉਸ ਦਿਨ ਭੱਠੀ ਸੁੰਨੀ ਲੱਗੇ, ਰੌਣਕ ਮੂਲ ਨਾ ਰਹਿੰਦੀ
ਅੱਜਕੱਲ੍ਹ ਭਾਵੇਂ ਪੌਪਕੋਰਨ ਨੇ, ਲੈ ਲਈ ਭੱਠੀ ਦੀ ਥਾਂ
ਪਰ ਮਾਸੀ ਨਹੀਂ ਕਰ ਸਕਦੀ ਕਦੇ ਮਾਂ ਦੇ ਵਰਗੀ ਛਾਂ
ਉਹ ਭੱਠੀ ਮੇਰੇ ਦਿਲ ਦੇ ਵਿਹੜੇ, ਅੱਜ ਵੀ ਤਪਦੀ ਰਹਿੰਦੀ
ਅੱਜ ਵੀ ਚੇਤੇ ਆਉਂਦੀਆਂ ਗੱਲਾਂ, ਜੋ ਮਾਈ ਸੀ ਕਹਿੰਦੀ
ਇਹੋ ਜਿਹੀਆਂ ਮੈਂ ਕਵਿਤਾਵਾਂ, ਸੌਂਦਾ ਰੱਖ ਸਿਰਹਾਣੇ
ਸੁਪਨੇ ਦੇ ਵਿੱਚ ਰਹਿੰਦਾ ਹਾਂ, ਮੈਂ ਰੋਜ਼ ਭੁੰਨਾਉਂਦਾ ਦਾਣੇ
ਇਹ ਮੇਰੇ ਪੰਜਾਬ ਦਾ ਵਿਰਸਾ, ਦੱਸੋ ਕਿਵੇਂ ਭੁਲਾਵਾਂ
ਇੰਝ ਲੱਗਦਾ ਜਿਵੇਂ ਭੱਠੀ ਵੱਲ ਨੂੰ, ਅੱਜ ਵੀ ਤੁਰਿਆ ਜਾਵਾਂ
ਸੰਪਰਕ: 94171-97395