ਤਰਸੇਮ ਸਿੰਘ ‘ਭੰਗੂ’
ਰੇਲ ਜਾਂ ਬੱਸ ਦਾ ਸਫ਼ਰ ਕਰਦੇ ਸਮੇਂ ਹਮੇਸ਼ਾ ਸੀਟ ’ਤੇ ਬੈਠਣ ਲੱਗਿਆਂ ਮਰਦ ਸਵਾਰੀਆਂ ਦੇ ਨਾਲ ਬੈਠਣ ਤੋਂ ਗੁਰੇਜ਼ ਕਰਨ ਵਾਲੀ ਨੱਕ ਚੜ੍ਹੀ ਪ੍ਰੀਤ, ਮੋਗੇ ਬੱਸ ਅੱਡੇ ਦੇ ਬਾਹਰਵਾਰ ਤਿਆਰ ਖਲੋਤੀ ਚੰਡੀਗੜ੍ਹ ਜਾਣ ਵਾਲੀ ਪਹਿਲੀ ਸਰਕਾਰੀ ਬੱਸ ਦੀ ਅਗਲੀ ਬਾਰੀ ਚੜ੍ਹ ਕੇ, ਬੱਸ ਵਿਚ ਖਾਲੀ ਸੀਟਾਂ ’ਤੇ ਨਜ਼ਰ ਮਾਰਦੀ ਬੈਠਣ ਲਈ ਸੀਟ ਦੀ ਚੋਣ ਕਰਨ ਲੱਗੀ।
ਬੱਸ ਵਿਚ ਵਿਰਲੀਆਂ-ਟਾਵੀਆਂ ਸਵਾਰੀਆਂ ’ਚੋਂ ਕੋਈ-ਕੋਈ ਅਖ਼ਬਾਰ ਪੜ੍ਹਨ ਜਾਂ ਆਪੋ-ਆਪਣੇ ਫ਼ੋਨਾਂ ਦੀਆਂ ਸਕਰੀਨਾਂ ’ਤੇ ਉਂਗਲਾਂ ਮਾਰਨ ’ਚ ਮਗਨ ਸਨ। ਬੱਸ ਦੀਆਂ ਤਕਰੀਬਨ ਅੱਧੀਆਂ ਸੀਟਾਂ ਖਾਲੀ ਸਨ। ਬੱਸ ਦੇ ਵਿਚਾਲੇ ਜਿਹੇ ਦੋ ਸੀਟਾਂ ਵਾਲੀ ਸੀਟ ’ਤੇ ਖਿੜਕੀ ਵਾਲੇ ਪਾਸੇ ਬੈਠੇ, ਸਲੀਕੇ ਨਾਲ ਬੰਨ੍ਹੀ ਗ਼ੁਲਾਨਾਰੀ ਪੱਗ ਵਾਲੇ ਗੱਭਰੂ ਨੇ ਅਖ਼ਬਾਰ ਦਾ ਪੰਨਾ ਪਲਟਦਿਆਂ ਨਜ਼ਰਾਂ ਥੋੜ੍ਹਾ ਉਪਰ ਚੁੱਕੀਆਂ ਤਾਂ ਜਿਵੇਂ ਪਹਿਲੀ ਨਜ਼ਰੇ ਹੀ ਖ਼ੂਬਸੂਰਤ ਚਿਹਰਾ ਪ੍ਰੀਤ ਦੀਆਂ ਹਿਰਨੀ ਵਰਗੀਆਂ ਅੱਖਾਂ ਜ਼ਰੀਏ ਦਿਲ ਦਾ ਕੋਈ ਕੋਨਾ ਮੱਲ ਬੈਠਾ ਹੋਵੇ। ਉਹ ਗੱਭਰੂ ਦੇ ਪ੍ਰਭਾਵਸ਼ਾਲੀ ਚਿਹਰੇ ਦੀ ਤਾਬ ਨਾ ਝੱਲ ਸਕੀ ਜੋ ਭੂੰਡ ਆਸ਼ਕਾਂ ਨੂੰ ਆਪਣੇ ਨੇੜੇ ਵੀ ਨਹੀਂ ਢੁੱਕਣ ਦੇਂਦੀ ਸੀ। ਕਾਲਜ ਪੜ੍ਹਦਿਆਂ ਜ਼ਿੰਦਗੀ ਦੇ ਕਈ ਕੌੜੇ ਫਿੱਕੇ ਤਜਰਬਿਆਂ ’ਚੋਂ ਲੰਘ ਕੇ ਐੱਮ.ਏ. ਦੀ ਵਿਦਿਆਰਥਣ ਅੱਜ ਆਪਣਾ ਭਲਾ-ਬੁਰਾ ਸੋਚਣ ਦੇ ਸਮਰੱਥ ਹੋ ਚੁੱਕੀ ਸੀ। ਬੇਸ਼ੱਕ ਗਹਿਰ-ਗੰਭੀਰ ਅੱਖਾਂ ਫਿਰ ਅਖ਼ਬਾਰ ’ਤੇ ਟਿਕ ਗਈਆਂ ਸਨ ਪਰ ਪ੍ਰੀਤ ਦਾ ਦਿਲ ਟਿਕਾਣੇ ਨਹੀਂ ਰਿਹਾ ਸੀ। ਖਾਲੀ ਸੀਟਾਂ ਹੋਣ ਦੇ ਬਾਵਜੂਦ ਹਮੇਸ਼ਾ ਤੋਂ ਉਲਟ ਜਿੱਥੇ ਉਹ ਜ਼ਨਾਨਾ ਸਵਾਰੀ ਦੇ ਨਾਲ ਬੈਠਣ ਨੂੰ ਪਹਿਲ ਦੇਂਦੀ ਸੀ ਜਾਂ ਆਪਣੇ ਨਾਲ ਖਾਲੀ ਸੀਟ ’ਤੇ ਕਿਤਾਬਾਂ ਜਾਂ ਹੈਂਡ ਬੈਗ ਰੱਖ ਕੇ ਕੋਈ ਜ਼ਨਾਨਾ ਸਵਾਰੀ ਬੈਠਣ ਤੱਕ ਸੀਟ ਮੱਲ ਕੇ ਰੱਖਦੀ ਸੀ, ਅੱਜ ਖ਼ੁਦ ਨੇ ਗੱਭਰੂ ਦੇ ਸੀਟ ਉਪਰ ਰੱਖੇ ਬੈਗ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘ਐਕਸਿਊਜ਼ ਮੀ, ਕੋਈ ਬੈਠਾ ਤਾਂ ਨਹੀਂ?’’
ਗੱਭਰੂ ਨੇ ਬਿਨਾਂ ਬੋਲਿਆਂ ਬੈਗ ਚੁੱਕ ਕੇ ਆਪਣੇ ਪੱਟਾਂ ’ਤੇ ਰੱਖ ਲਿਆ ਜਿਸ ਦਾ ਭਾਵ ਸੀ ‘ਸੀਟ ਖਾਲੀ ਹੈ ਤੁਸੀਂ ਬੈਠ ਸਕਦੇ ਹੋ।’
‘‘ਥੈਂਕਸ’’ ਕਹਿ ਕੇ ਪ੍ਰੀਤ ਸੀਟ ’ਤੇ ਬੈਠ ਗਈ।
‘‘ਲੁਧਿਆਣੇ ਤੋਂ ਉਰ੍ਹੇ ਦੀ ਸਵਾਰੀ ਕੋਈ ਨਾ ਹੋਵੇ ਬਾਈ ਜੀ, ਰਸਤੇ ’ਚ ਨਹੀਂ ਰੁਕਦੀ ਏਹ,’’ ਬੱਸ ਕੰਡਕਟਰ ਨੇ ਚੱਲਣ ਤੋਂ ਪਹਿਲਾਂ ਬਾਰੀ ‘ਚ ਖਲੋ ਕੇ ਇਕ ਤਰ੍ਹਾਂ ਚਿਤਾਵਨੀ ਜਿਹੀ ਦਿੱਤੀ। ਬਾਰੀ ’ਚੋਂ ਮੂੰਹ ਬਾਹਰ ਕੱਢ ਕੇ ਇਕ ਵਾਰ ਫਿਰ ਕੰਡਕਟਰ ਨੇ ‘‘ਚੰਡੀਗੜ੍ਹ-ਲੁਧਿਆਣਾ ਨੌਨ ਸਟਾਪ! ਆਜੋ ਵੀਰੇ,’’ ਦੋ ਵਾਰ ਪੁਕਾਰਿਆ।
ਦਾਹੜੀ-ਮੁੱਛਾਂ ਢਾਠੀਆਂ ਨਾਲ ਕੱਸੀ ਅੱਧਖੜ ਜਿਹਾ ਡਰਾਈਵਰ ਕੰਡਕਟਰ ਵਾਲੇ ਪਾਸਿਓਂ ਹੀ ਚੜ੍ਹ ਕੇ ਗੇਅਰ ਲੀਵਰ ਦੇ ਲਾਗੋਂ ਦੀ ਹੁੰਦਾ ਹੋਇਆ ਡਰਾਈਵਰ ਸੀਟ ’ਤੇ ਡਟ ਗਿਆ। ਫੁਕਰੇ ਡਰਾਈਵਰਾਂ ਵਾਂਗ ਉਸ ਨੇ ਕਿਸੇ ਸੁਨੱਖੀ ਸਵਾਰੀ ’ਤੇ ਸ਼ੀਸ਼ਾ ਸੈੱਟ ਨਹੀਂ ਕੀਤਾ। ਹਾਂ, ਉਸ ਨੇ ਬਾਹਰਲੇ ਬੈਕ ਸ਼ੀਸ਼ੇ ’ਚ ਜ਼ਰੂਰ ਝਾਤੀ ਮਾਰ ਕੇ ਸੈਲਫ਼ ਦਾ ਬਟਨ ਦੱਬ ਦਿੱਤਾ। ਦੋ ਵਾਰ ਹਾਰਨ ਮਾਰਨਾ ਬੱਸ ਦੇ ਪੰਧ ਪੈਣ ਦਾ ਸੰਕੇਤ ਸੀ।
ਕਾਹਲ਼ੀ-ਕਾਹਲ਼ੀ ਇਕ ਬਿਰਧ ਮਾਤਾ ਫੁੱਲਾਂ ਵਾਲਾ ਝੋਲ਼ਾ ਸੰਭਾਲਦੀ ਬੱਸ ਦੀ ਬੰਦ ਹੋ ਰਹੀ ਬਾਰੀ ਨੂੰ ਹੱਥ ਪਾਉਂਦੀ ਬੋਲੀ, ‘‘ਠਹਿਰੀਂ ਵੇ ਪੁੱਤਾ, ਮਾਂ ਨੂੰ ਵੀ ਲੈਂਦਾ ਜਾਈਂ।’’
‘‘ਬੇਬੇ ਚੰਡੀਗੜ੍ਹ ਜਾਣੈ ਜਾਂ ਲੁਧਿਆਣੇ?’’ਕੰਡਕਟਰ ਸਮਝ ਰਿਹਾ ਸੀ ਕਿ ਬੁੜ੍ਹੀ ਧੀ ਕੋਲ ਚੱਲੀ ਹੋਊ ਜਾਂ ਪੇਕੇ।
‘‘ਨਾ ਵੇ ਜਿਊਣ ਜੋਗਿਆ, ਆਹ ਚਾਰ ਕਦਮਾਂ ’ਤੇ ਨਾਨਕਸਰ ਉਤਰ ਜਾਣੈ ਤੇਰੀ ਮਾਵਾਂ ਵਰਗੀ ਨੇ,’’ ਕਹਿੰਦਿਆਂ ਬੇਬੇ ਅੱਗੇ ਨੂੰ ਹੋਈ। ‘‘ਨਾ-ਨਾ ਬੇਬੇ, ਮੇਰੀ ਆਪਣੀ ਮਾਂ ਨਾਲ ਨਹੀਂ ਬਣਦੀ, ਤੈਨੂੰ ਕਿਮੇ ਲੈ ’ਜਾਂ, ਇਹ ਨਹੀਂ ਰੁਕਦੀ ਨਾਨਕਸਰ,’’ ਕੰਡਕਟਰ ਰੁੱਖੀ ਜਿਹੀ ਕੰਡਕਟਰੀ ਭਾਸ਼ਾ ’ਚ ਟਿੱਚਰ ਕਰ ਕੇ ਆਪਣੇ ਮਖੌਲੀ ਹੋਣ ਦਾ ਪ੍ਰਭਾਵ ਬੱਸ ਵਿਚ ਬੈਠੀਆਂ ਸਵਾਰੀਆਂ ’ਤੇ ਛੱਡਣ ਦੀ ਕੋਸ਼ਿਸ਼ ਕਰਦਿਆਂ ਬਾਰੀ ਬੰਦ ਕਰਨ ਲੱਗ ਪਿਆ।
ਕੰਡਕਟਰ ਵੱਲੋਂ ਬਜ਼ੁਰਗ ਨਾਲ ਕੀਤੇ ਕੱਚੇ ਜਿਹੇ ਮਜ਼ਾਕ ਦਾ ਕਿਸੇ ਸਵਾਰੀ ਵੱਲੋਂ ਕੋਈ ਖ਼ਾਸ ਪ੍ਰਤੀਕਰਮ ਨਾ ਹੋਇਆ ਪਰ ਖਾਲੀ ਬੱਸ ਸੋਚ ਕੇ ਡਰਾਈਵਰ ਬੋਲ ਪਿਆ, ‘‘ਲੈ ਲਾ ਯਾਰ, ਲਾਹ ਦਿਆਂਗੇ, ਕਿਹੜਾ ਟੈਮ ਲੱਗਦੈ, ਤੈਂ ਚੰਡੀਗੜ੍ਹ ਪਹੁੰਚ ਕੇ ਕਿਹੜੀ ਅੱਗ ਬੁਝਾਉਣੀ ਐ?’’
‘‘ਯਾਰ ਫ਼ੌਜੀਆ ਤੂੰ ਵੀ ਬਾਹਲ਼ਾ ਨਰਮ ਐਂ, ਬੁੜ੍ਹੀ ਘੰਟਾ ਲਾਊ ਚੜ੍ਹਦਿਆਂ ਉਤਰਦਿਆਂ, ਫ਼ੌਜੀ ਕਨੂੰਨ ਵਾਂਗ ਪੰਜਾਹ ਤੋਂ ਮੀਟਰ ਦੀ ਸੂਈ ਤੂੰ ਟੱਪਣ ਨਹੀਂ ਦੇਂਦਾ, ਭਾਵੇਂ ਕੋਈ ਘੜੁੱਕਾ ਈ ਪਾਸ ਕਰੀ ਜਾਵੇ,’’ ਕੱਚਾ ਜਿਹਾ ਹੋਇਆ ਕੰਡਕਟਰ ਡਰਾਈਵਰ ਨਾਲ ਵੀ ਖਿਝ ਪਿਆ।
‘‘ਕਮਲ਼ਿਆ ਮਾਵਾਂ ਨਾਲ ਮਸ਼ਕਰੀਆਂ ਨਹੀਂ ਕਰੀਦੀਆਂ, ਮਾਵਾਂ ਦੀ ਕੀਮਤ ਮਾਵਾਂ ਦੇ ਜਾਣ ਤੋਂ ਬਾਅਦ ਈ ਪਤਾ ਲੱਗਦੀ ਹੈ,’’ ਸਾਊ ਡਰਾਈਵਰ ਨੇ ਦੁਨਿਆਵੀ ਸੱਚ ਕਹਿ ਕੇ ਸਵਾਰੀਆਂ ਦੇ ਦਿਲਾਂ ’ਚ ਡਰਾਈਵਰ ਭਾਈਚਾਰੇ ਦਾ ਸਤਿਕਾਰ ਵਧਾ ਦਿੱਤਾ। ਏਨੇ ਨੂੰ ਬੇਬੇ ਬਾਰੀ ਦਾ ਹੈਂਡਲ ਫੜ ਬੱਸ ’ਚ ਚੜ੍ਹ ਚੁੱਕੀ ਸੀ।
ਪੰਜ-ਦਸ ਮਿੰਟਾਂ ਬਾਅਦ ਹੀ ਬਰਨਾਲੇ ਵਾਲੇ ਬਾਈਪਾਸ ’ਤੇ ਆ ਕੇ ਲੁਧਿਆਣੇ ਤੇ ਚੰਡੀਗੜ੍ਹ ਜਾਣ ਵਾਲੀਆਂ ਸਵਾਰੀਆਂ ਨਾਲ ਬੱਸ ਖਚਾ-ਖਚ ਭਰ ਗਈ। ਬਾਈਪਾਸ ਤੋਂ ਚੜ੍ਹੀਆਂ ਜ਼ਿਆਦਾ ਸਵਾਰੀਆਂ ਨੌਜਵਾਨ ਮੁੰਡੇ-ਕੁੜੀਆਂ ਹੀ ਸਨ। ਉਨ੍ਹਾਂ ਦੀ ਗੱਲਬਾਤ ਤੋਂ ਲੱਗ ਰਿਹਾ ਸੀ ਕਿ ਉਹ ਐਤਵਾਰ ਦੇ ਦਿਨ ਵੱਖ-ਵੱਖ ਟੈਸਟ ਸੈਂਟਰਾਂ ’ਚ ਕਿਸੇ ਨੌਕਰੀ ਦਾ ਟੈਸਟ ਦੇਣ ਜਾ ਰਹੇ ਹਨ। ਛੁੱਟੀ ਵਾਲੇ ਦਿਨ ਉਮੀਦੋਂ ਵੱਧ ਸਵਾਰੀਆਂ ਦੇ ਆਉਣ ਦਾ ਪ੍ਰਭਾਵ ਕੰਡਕਟਰ ਦੇ ਚਿਹਰੇ ਤੋਂ ਸਾਫ਼ ਝਲਕ ਰਿਹਾ ਸੀ। ‘‘ਗਾਹਾਂ ਨੂੰ ਹੋ ’ਜੋ ਵੀਰੇ, ਖਾਲੀ ਪਈ ਆ ਸਾਰੀ ਬੱਸ।’’
ਪ੍ਰੀਤ ਵੀ ਚੰਡੀਗੜ੍ਹ ਟੈਸਟ ਦੇਣ ਹੀ ਜਾ ਰਹੀ ਸੀ। ‘ਕਾਸ਼! ਇਹ ਗੱਭਰੂ ਵੀ ਟੈਸਟ ਦੇਣ ਹੀ ਜਾ ਰਿਹਾ ਹੋਵੇ’ ਪ੍ਰੀਤ ਮਨ ਹੀ ਮਨ ਸੋਚ ਗਈ।
‘‘ਹਾਂ ਜੀ?’’ ਕਹਿੰਦਿਆਂ ਮੁੰਡੇ ਨੇ ਅਖ਼ਬਾਰ ਤੋਂ ਧਿਆਨ ਹਟਾ ਕੇ ਕੁੜੀ ਵੱਲ ਸਵਾਲੀਆ ਨਜ਼ਰੀਂ ਤੱਕਿਆ। ਪ੍ਰੀਤ ਨੂੰ ਇੰਜ ਲੱਗਿਆ ਜਿਵੇਂ ਮੁੰਡੇ ਨੇ ਉਹਦੇ ਦਿਲ ਦੀ ਆਵਾਜ਼ ਸੁਣ ਲਈ ਹੋਵੇ। ਹੜਬੜਾਈ ਕੁੜੀ ਨੂੰ ਕੁਝ ਵੀ ਨਾ ਅਹੁੜਿਆ।
‘‘ਮੈਨੂੰ ਇੰਜ ਲੱਗਿਆ ਜਿਵੇਂ ਤੁਸੀਂ ਮੈਨੂੰ ਕੁਝ ਕਿਹੈ, ਸੌਰੀ,’’ ਕਹਿ ਕੇ ਮੁੰਡਾ ਫਿਰ ਅਖ਼ਬਾਰ ਪੜ੍ਹਨ ਲੱਗ ਪਿਆ। ਪ੍ਰੀਤ ਨਾਰੀ ਸੰਕੋਚ ਨਾਲ ਥੋੜ੍ਹੀ ਝੇਂਪ ਗਈ। ‘‘ਬਾਏ ਦਿ ਵੇਅ, ਤੁਸੀਂ ਵੀ ਟੈਸਟ ਦੇਣ ਜਾ ਰਹੇ ਹੋ?’’ ਪਤਾ ਨਹੀਂ ਇਹ ਸ਼ਬਦ ਪ੍ਰੀਤ ਕਿਵੇਂ ਕਹਿ ਗਈ।
‘‘ਜੀ।’’ ਮੁੰਡਾ ਇਕ ਅੱਖਰੇ ਜੁਆਬ ਤੋਂ ਅੱਗੇ ਕੁਝ ਨਾ ਬੋਲਿਆ।
‘‘ਬੈਂਕ ਵਿਚ ਪ੍ਰੋਬੇਸ਼ਨਲ ਅਫ਼ਸਰ ਦਾ ਟੈਸਟ ਈ ਐ ਨਾ?’’ ਪ੍ਰੀਤ ਦਾ ਦਿਲ ਕਹਿ ਰਿਹਾ ਸੀ ਕਿ ਜੋ ਟੈਸਟ ਮੈਂ ਦੇਣ ਜਾ ਰਹੀ ਹਾਂ ਇਹ ਵੀ ਉਹੀ ਟੈਸਟ ਦੇਣ ਜਾ ਰਿਹਾ ਹੈ।
‘‘ਜੀ।’’ ਗਲੋਟੇ ਵਾਂਗ ਉਧੜਦੀ ਕੁੜੀ ਵੇਖ ਵੀ ਨੌਜਵਾਨ ਗੁਰਜੀਤ ’ਤੇ ਕੋਈ ਖ਼ਾਸ ਅਸਰ ਨਾ ਹੋਇਆ।
‘‘ਹਾਂ ਜੀ ਬਾਈ ਜੀ ਚੰਡੀਗੜ੍ਹ ਜਾਓਗੇ?’’ ਕੰਡਕਟਰ ਨੇ ਅੰਦਾਜ਼ੇ ਨਾਲ ਹੀ ਗੁਰਜੀਤ ਨੂੰ ਸਣੇ ਮੁਟਿਆਰ ਚੰਡੀਗੜ੍ਹ ਟੈਸਟ ਦੇਣ ਜਾਣ ਵਾਲੀਆਂ ਸਵਾਰੀਆਂ ਸਮਝਦਿਆਂ ਕਿਹਾ।
‘‘ਹਾਂ ਜੀ, ਬਾਈ ਜੀ, ਨੌਂ ਵਜੇ ਸਤਾਰਾਂ ਸੈਕਟਰ ਲਾ ਦਿਉਗੇ ਨਾ?’’ ਕਹਿੰਦਿਆਂ ਗੁਰਜੀਤ ਨੇ ਪੰਜ ਸੌ ਦਾ ਨੋਟ ਕੰਡਕਟਰ ਵੱਲ ਵਧਾਅ ਦਿੱਤਾ।
‘‘ਚੰਡੀਗੜ੍ਹ ਦੋ ਵੀਰੇ?’’ ਰੋਜ਼ ਚੱਲਣ ਵਾਲਾ ਕੰਡਕਟਰ ਜਾਣਦਾ ਸੀ ਕਿ ਅਕਸਰ ਨਾਲ ਬੈਠੀ ਕੁੜੀ ਦੀ ਟਿਕਟ ਮੁੰਡਾ ਹੀ ਕਟਾਉਂਦਾ ਹੈ ਪਰ ਗੁਰਜੀਤ ਨੇ ਚੁੱਪ ਕੀਤਿਆਂ ਅੰਗੂਠੇ ਨਾਲ ਦੀ ਉਂਗਲ਼ ਖੜ੍ਹੀ ਕਰ ਦਿੱਤੀ ਜਿਸ ਦਾ ਭਾਵ ਉਸਦੇ ਇਕੱਲੇ ਹੋਣ ਤੋਂ ਸੀ।
‘‘ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈਂ,’’ ਇਕ ਲੋਕ ਗੀਤ ਦੀਆਂ ਸਤਰਾਂ ਦਿਲ ’ਚ ਸੋਚਦੀ ਪ੍ਰੀਤ ਟਿਕਟ ਲੈਣ ਵਾਸਤੇ ਪਰਸ ਖੋਲ੍ਹਣ ਲੱਗ ਪਈ।
ਗੁਰਜੀਤ ਵੱਲੋਂ ਸਤਾਰਾਂ ਸੈਕਟਰ ਪਹੁੰਚਣ ਦਾ ਜੁਆਬ ਦਿੱਤੇ ਬਗੈਰ ਕੰਡਕਟਰ ਪ੍ਰੀਤ ਨੂੰ ਟਿਕਟ ਅਤੇ ਬਕਾਇਆ ਫੜਾ ਹੋਰ ਟਿਕਟਾਂ ਕੱਟਣ ਲੱਗ ਪਿਆ।
ਕੰਡਕਟਰ ਵੱਲੋਂ ਮੋੜਿਆ ਬਕਾਇਆ ਤੇ ਟਿਕਟ ਸੰਭਾਲਦੀ ਪ੍ਰੀਤ ਮੁੰਡੇ ਨੂੰ ਹੌਲ਼ੀ ਦੇਣੇ ਬੋਲੀ, ‘‘ਥੋਡਾ ਸੈਂਟਰ ਕਿਹੜਾ ਹੈ?’’ ਉਹ ਕਿਵੇਂ ਵੀ ਮੁੰਡੇ ਨਾਲ ਗੱਲਾਂ-ਬਾਤਾਂ ਦਾ ਸਿਲਸਿਲਾ ਅੱਗੇ ਤੋਰਨਾ ਚਾਹੁੰਦੀ ਸੀ।
‘‘ਗੌਰਮਿੰਟ ਹਾਈ ਸਕੂਲ ਲੜਕੇ ਸਤਾਰਾਂ ਸੈਕਟਰ,’’ ਕਹਿ ਕੇ ਗੁਰਜੀਤ ਫਿਰ ਮੋਨੀ ਬਾਬਾ ਬਣ ਗਿਆ।
‘‘ਵਾਹ ਓ…,’‘ ਪ੍ਰੀਤ ਬੱਚਿਆ ਵਾਂਗ ਚਹਿਕਦਿਆਂ ਬੋਲੀ, ‘‘ਸਫ਼ਰ ਵਧੀਆ ਰਹੇਗਾ, ਮੇਰਾ ਸੈਂਟਰ ਵੀ ਉਹੀ ਐ, ਤੁਸੀਂ ਮੈਨੂੰ ਸਿਰਫ਼ ਪ੍ਰੀਤ ਕਹਿ ਸਕਦੇ ਹੋ,’’ ਜਿਸ ਦਾ ਭਾਵ ਸਪੱਸ਼ਟ ਸੀ ਕਿ ਮੈਂ ਤੇਰੇ ਨਾਲ ਖੁੱਲ੍ਹ ਕੇ ਗੱਲਾਂ ਕਰਨੀਆਂ ਚਾਹੁੰਦੀ ਹਾਂ ਤੇ ਸਫ਼ਰ ਵਿਚ ਇਕ-ਦੂਜੇ ਪ੍ਰਤੀ ਜਾਣਕਾਰੀ ਵੀ ਬਹੁਤ ਜ਼ਰੂਰੀ ਹੁੰਦੀ ਹੈ।
‘‘ਜੀ,’’ ਕਹਿ ਕੇ ਗੁਰਜੀਤ ਸਿਰਫ਼ ਥੋੜ੍ਹਾ ਜਿਹਾ ਮੁਸਕਰਾਇਆ।
‘‘ਥੋਡਾ ਕੋਈ ਨਾਂ ਨਹੀਂ? ਹਰ ਗੱਲ ਦਾ ਜੁਆਬ ‘ਜੀ’ ਨਹੀਂ ਹੋ ਸਕਦਾ।’’ ਉਹ ਜਿਵੇਂ ‘ਜੀ’ ਤੋਂ ਖਿਝ ਗਈ ਹੋਵੇ ਤੇ ਕਹਿਣਾ ਚਾਹੁੰਦੀ ਹੋਵੇ, ‘‘ਪਹਿਲ ਮੁੰਡੇ ਕਰਦੇ ਹੁੰਦੇ ਨੇ ਡੁੰਨ ਵੱਟਿਆ!’’
‘‘ਜੀ, ਜੀ ਨਹੀਂ, ਮੇਰਾ ਮਤਲਬ ਹੈ ਪ੍ਰੀਤ ਜੀ, ਨਾਚੀਜ਼ ਨੂੰ ਤੁਸੀਂ ਗੁਰਜੀਤ ਕਹਿ ਸਕਦੇ ਹੋ।’’
‘‘ਬੜਾ ਪਿਆਰਾ ਨਾਂ ਹੈ। ਥੋਡੀ ਪੱਗ ਤਾਂ ਬਹੁਤ ਹੀ ਸੁਹਣੀ ਹੈ। ਅੱਜਕੱਲ੍ਹ ਜੱਟਾਂ ਦੇ ਮੁੰਡੇ ਤਾਂ ਪੱਗਾਂ ਬੰਨ੍ਹਣੀਆਂ ਭੁੱਲਦੇ ਹੀ ਜਾ ਰਹੇ ਹਨ,’’ ਕੁੜੀ ਆਪਣੀ ਜਾਤ ਉੱਚੀ ਹੋਣਾ ਵੀ ਚਿਤਾਰ ਗਈ।
‘‘ਜੀ ਸ਼ੁਕਰੀਆ।’’
‘‘ਫਿਰ ਜੀ? ਜੀ ਤੋਂ ਇਲਾਵਾ ਹੋਰ ਕੋਈ ਸ਼ਬਦ ਥੋਨੂੰ ਆਉਂਦਾ ਈ ਨਹੀਂ ?’’ ਪ੍ਰੀਤ ਨੇ ਇੰਜ ਮਿੱਠੀ ਘੂਰੀ ਵੱਟੀ ਜਿਵੇਂ ਉਹ ਇਕ-ਦੂਜੇ ਦੇ ਚਿਰਾਂ ਤੋਂ ਜਾਣੂੰ ਹੋਣ।
‘‘ਨਹੀਂ ਮੇਰਾ ਮਤਲਬ ਹੈ ਜੋ ਕੁਝ ਸਾਡੀਆਂ ਅੱਖਾਂ ਵੇਖਦੀਆਂ ਹਨ ਉਹ ਨਜ਼ਰ ਦਾ ਧੋਖਾ ਵੀ ਹੋ ਸਕਦਾ ਹੈ, ਹਰੇਕ ਚਮਕਦਾਰ ਚੀਜ਼ ਸੋਨਾ ਤਾਂ ਨਹੀਂ ਕਹੀ ਜਾ ਸਕਦੀ!’’ ਸੰਜੀਦਾ ਜੁਆਬ ਦੇ ਕੇ ਮੁੰਡੇ ਨੇ ਆਪਣੀ ਸਿਆਣਪ ਦਾ ਸਬੂਤ ਦਿੱਤਾ।
‘‘ਗੁਰਜੀਤ, ਮੈਨੂੰ ਇਹ ਦੱਸੋ ਕਿ ਤੁਸੀਂ ਐੱਮ.ਏ. ਫਿਲਾਸਫ਼ੀ ਕਰੀ ਐ ਜਾਂ ਇਕਨੌਮਿਕਸ?’’ ਕੁੜੀ ਨੇ ਹੈਰਾਨਗੀ ਨਾਲ ਮੁੰਡੇ ਵੱਲ ਤੱਕਿਆ। ‘‘ਪ੍ਰੀਤ ਜੀ, ਫਿਲਾਸਫ਼ੀ ਬਗੈਰ ਜ਼ਿੰਦਗੀ ਨੂੰ ਸਮਝਣਾ ਬੜਾ ਮੁਸ਼ਕਿਲ ਹੈ,’’ ਮੁੰਡਾ ਕਹਿਣਾ ਚਾਹੁੰਦਾ ਸੀ,ਬਿਨਾਂ ਜਾਣ-ਪਛਾਣ ਓਪਰਿਆਂ ਨਾਲ ਬਹੁਤਾ ਖੁੱਲ੍ਹਣਾ ਵਾਜਬ ਨਹੀਂ ਹੁੰਦਾ।
ਭਾਵੇਂ ਗੁਰਜੀਤ ਬਹੁਤਾ ਖੁੱਲ੍ਹ ਨਹੀਂ ਰਿਹਾ ਸੀ ਪਰ ਪ੍ਰੀਤ ਉਹਦੇ ਨਾਲ ਆਪਣਿਆਂ ਵਾਂਗ ਗੱਲਾਂ ਕਰਨੀਆਂ ਚਾਹੁੰਦੀ ਸੀ। ਜ਼ਿੰਦਗੀ ਦੇ ਤਲਖ਼ ਤਜਰਬਿਆਂ ਨੇ ਗੁਰਜੀਤ ਨੂੰ ਉਮਰੋਂ ਵੱਧ ਸਿਆਣਾ ਬਣਾ ਦਿੱਤਾ ਸੀ। ਉਹ ਪ੍ਰੀਤ ਨਾਲ ਸਫ਼ਰ ਵਿਚ ਇਸ ਮੁਲਾਕਾਤ ਨੂੰ ਮਹਿਜ਼ ਇਕ ਇਤਫ਼ਾਕ ਤੋਂ ਵੱਧ ਮਹੱਤਵ ਨਹੀਂ ਦੇ ਰਿਹਾ ਸੀ। ਉਹ ਕੁੜੀ ਦੇ ਦਿਲ ਦੀ ਭਾਵਨਾ ਵੀ ਭਲੀ-ਭਾਂਤ ਸਮਝ ਰਿਹਾ ਸੀ। ਗੁਰਜੀਤ ਇਕ ਦਲਿਤ ਕਾਮੇ ਪਰਿਵਾਰ ਨਾਲ ਸਬੰਧ ਰੱਖਦਾ ਸੀ। ਕਿਰਤ ਨਾਲ ਜੁੜੇ ਬਾਪ ਤੋਂ ਸਿੱਖੀ ਉਸ ਨੂੰ ਵਿਰਾਸਤ ਵਿਚ ਮਿਲੀ ਸੀ। ਜਨਮ ਤੋਂ ਹੀ ਉਸ ਦਾ ਖੱਬਾ ਪੈਰ ਵਿੰਗਾ ਸੀ। ਡਾਕਟਰਾਂ ਮੁਤਾਬਿਕ ਵੱਡਾ ਹੋ ਕੇ ਅਪਰੇਸ਼ਨ ਤੋਂ ਬਾਅਦ ਠੀਕ ਹੋਣ ਦੀ ਉਮੀਦ ਸੀ ਪਰ ਬਾਪ ਦੀ ਕਮਾਈ ਸਰਾਲ਼ ਵਾਂਗ ਮੂੰਹ ਅੱਡੀ ਘਰ ਦੀਆਂ ਲੋੜਾਂ ਦਾ ਹੀ ਢਿੱਡ ਭਰਦੀ ਰਹੀ, ਬੱਚੇ ਗੁਰਜੀਤ ਦੇ ਪੈਰ ਦਾ ਅਪਰੇਸ਼ਨ ਕਰਾਉਣ ਦੀ ਪਹੁੰਚ ਨਾ ਪਈ। ਪੜ੍ਹਾਈ ਵਿਚ ਹੁਸ਼ਿਆਰ ਹੋਣ ਕਰਕੇ ਵਜੀਫ਼ਾ ਪ੍ਰਾਪਤ ਕਰਕੇ ਆਪਣਾ ਬੋਝ ਉਸ ਨੇ ਆਪ ਚੁੱਕ ਲਿਆ ਸੀ। ਘਰ ਵਿਚ ਹਮੇਸ਼ਾ ਲਵੇਰਾ ਰਹਿਣ ਕਰਕੇ ਉਹ ਆਪਣੇ ਹਾਣੀਆਂ ਨਾਲੋਂ ਸਰੀਰੋਂ ਵੀ ਤਕੜਾ ਸੀ। ਸਕੂਲੀ ਖੇਡਾਂ ਵਿਚ ਹਿੱਸਾ ਲੈਣ ਕਰਕੇ ਵੀ ਗੁਰਜੀਤ ਅਧਿਆਪਕਾਂ ਦਾ ਚਹੇਤਾ ਸੀ। ਨੈਸ਼ਨਲ ਕਬੱਡੀ ਵਿਚ ਤਾਂ ਉਹ ਰੇਡਰ ਦਾ ਗਿੱਟਾ ਫੜ੍ਹ ਕੇ ਰੋਪੜੀ ਜਿੰਦਰਾ ਬਣ ਜਾਂਦਾ। ਹਰੇਕ ਖਿਡਾਰੀ ਇਕ ਦਿਵਿਆਂਗ ਦੇ ਹੱਥੋਂ ਫੜੇ ਜਾਣ ਨੂੰ ਆਪਣੀ ਹੱਤਕ ਸਮਝਦਾ ਪਰ ਉਹ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਘੱਟ ਕਿਵੇਂ ਵੀ ਨਾ ਸਮਝਦਾ। ਦਸਵੀਂ ਤੋਂ ਬਾਅਦ ਉਸ ਦੇ ਪਿਤਾ ਨੇ ਕਈ ਵਾਰ ਕਿਹਾ ਸੀ, ‘‘ਕਮਲਿਆ ਅਪਾਹਜ ਦਾ ਪ੍ਰਮਾਣ ਪੱਤਰ ਬਣਵਾ ਲੈ, ਗੌਰਮਿੰਟ ਅਪਾਹਜਾਂ ਨੂੰ ਨੌਕਰੀ ਪਹਿਲ ਦੇ ਆਧਾਰ ’ਤੇ ਦੇਂਦੀ ਹੈ!’’
ਸਵੈ-ਭਰੋਸੇ ਨਾਲ ਲਬਰੇਜ਼ ਗੁਰਜੀਤ ਨੇ ਆਪਣੇ-ਆਪ ਨੂੰ ਅਪਾਹਜ ਕਦੀ ਸਮਝਿਆ ਹੀ ਨਹੀਂ ਸੀ। ਕਾਮਯਾਬੀ ਦੀਆਂ ਪੌੜੀਆਂ ਚੜ੍ਹਦਾ ਉੱਚੀ ਵਿੱਦਿਆ ਤੋਂ ਬਾਅਦ ਨਿਸ਼ਾਨੇ ਦੀ ਪ੍ਰਾਪਤੀ ਹਿਤ ਉਹ ਅੱਜ ਬੈਂਕਿੰਗ ਦੇ ਇਮਤਿਹਾਨ ਲਈ ਜਾ ਰਿਹਾ ਸੀ। ਬੱਸ ਲੁਧਿਆਣੇ ਬੱਸ ਅੱਡੇ ਵਿਚ ਆ ਕੇ ਰੁਕੀ। ਕੁਝ ਸਵਾਰੀਆਂ ਉਤਰੀਆਂ ਕੁਝ ਚੜ੍ਹੀਆਂ ਵੀ। ਸਵਾਰੀਆਂ ਦੇ ਨਾਲ ਹੀ ਇਕ ਛੱਲੇ-ਮੁੰਦੀਆਂ ਵੇਚਣ ਵਾਲਾ ਤਾਰ ਦੇ ਰਿੰਗ ਅਤੇ ਦੋਵਾਂ ਹੱਥਾਂ ਦੀਆਂ ਸਾਰੀਆਂ ਉਂਗਲ਼ਾਂ ਵਿਚ ਛੱਲੇ ਪਾਈ ਚੜ੍ਹਿਆ। ਬੱਸ ਦੀ ਛੱਤ ਨੂੰ ਠਕੋਰਦਾ ਸਵਾਰੀਆਂ ਨੂੰ ਸੰਬੋਧਨ ਹੋਇਆ, ‘‘ਬਾਈ ਜੀ ਦੋ ਮਿੰਟ ਬੱਸ ਰੁਕਣੀ ਐ, ਮੈਂ ਥੋਡਾ ਇਕ ਮਿੰਟ ਲੈਣੈ, ਬਾਈ ਜੀ ਰਿੱਧੀਆਂ-ਸਿੱਧੀਆਂ ਦੇ ਮਾਲਕ ਪੰਡਿਤ ਸੋਧਨਾਥ ਜੀ ਵੱਲੋਂ ਬੜੀ ਸਾਧਨਾ ਕਰਕੇ ਸੋਧੇ ਹੋਏ ਕੁਝ ਨਗ਼ ਥੋਡੀ ਨਜ਼ਰ ਹਨ, ਆਹ ਫ਼ਿਰੋਜ਼ੀ ਮੂੰਗਾ ਪਹਿਨ ਕੇ ਕਿਧਰੇ ਵੀ ਜਾਓ ਕੰਮ ਪੱਕਾ ਬਣੂ, ਆਹ ਮੁੰਦੀ ਤਾਂ ਗੁਰੂ ਜੀ ਨੇ ਵਿਸ਼ੇਸ਼ ਨੌਕਰੀ ਵਾਸਤੇ ਹੀ ਸੋਧੀ ਹੈ, ਤੁਸੀਂ ਬਣਾਉਣ ਜਾਉਂਗੇ ਦੋ-ਢਾਈ ਹਜ਼ਾਰ ਤੋਂ ਘੱਟ ਖਰਚਾ ਨਹੀਂ ਆਏਗਾ, ਗੁਰੂ ਜੀ ਨੇ ਮਸ਼ਹੂਰੀ ਅਤੇ ਸੇਵਕਾਂ ਦੀ ਸਹੂਲਤ ਵਾਸਤੇ ਇਸ ਦੀ ਕੀਮਤ ਸਿਰਫ਼ ਪੰਜਾਹ ਰੁਪਏ ਰੱਖੀ ਹੈ। ਆਇਆ ਵੀਰ ਜੀ, ਪੰਜਾਹ ਰੁਪਏ, ਪੰਜਾਹ ਰੁਪਏ, ਜਿਸਨੂੰ ਵੀ ਲੋੜ ਹੋਵੇ ’ਵਾਜ ਮਾਰ ਕੇ ਲੈ ਸਕਦਾ ਹੈ,’’ ਲਗਾਤਾਰ ਬੋਲਦਾ ਪਿਛਲੀ ਬਾਰੀ ਵੱਲ ਨੂੰ ਵਧਣ ਲੱਗਾ।
ਮੂੰਗੇ-ਮੁੰਦੀਆਂ ਵਾਲੇ ਦੇ ਪਿੱਛੇ-ਪਿੱਛੇ ਹੀ ਭਾਫ਼ਾਂ ਛੱਡਦੀ ਕੇਤਲੀ ਤੇ ਥਰਮੋਕੋਲ ਦੇ ਗਲਾਸ ਫੜੀ ਇਕ ਚਾਹ ਵੇਚਣ ਵਾਲ਼ਾ ‘‘ਚਾਹ-ਚਾਹ’’ ਕਰਦਾ ਬੱਸ ਵਿਚ ਦਾਖਲ ਹੋਇਆ। ਉਸ ਨੇ ਪਹਿਲਾ ਗਲਾਸ ਚਾਹ ਦਾ ਭਰ ਕੇ ਨਾਂਹ-ਨਾਂਹ ਕਰਦੇ ਡਰਾਈਵਰ ਨੂੰ ਫੜਾਇਆ। ਡਰਾਈਵਰ ਵੱਲੋਂ ਮੁਫ਼ਤ ਦੀ ਚਾਹ ਪੀਂਦਿਆਂ, ‘ਮੂੰਹ ਖਾਏ ਤੇ ਅੱਖਾਂ ਸ਼ਰਮਾਉਣ’ ਦੇ ਅਖਾਣ ਅਨੁਸਾਰ ਬੱਸ ਦਾ ਪੰਜ ਮਿੰਟ ਹੋਰ ਰੁਕਣਾ ਤੈਅ ਸੀ। ਗੁਰਜੀਤ ਨੇ ਵੀ ਸ਼ਿਸ਼ਟਾਚਾਰ ਵਜੋਂ ਚਾਹ ਦੇ ਦੋ ਗਲਾਸ ਭਰਵਾ ਲਏ। ਪ੍ਰੀਤ ਨੇ ਗਰਮ ਚਾਹ ਸੁੜਾਕਦਿਆਂ ਕਿਹਾ, ‘‘ਗੁਰਜੀਤ ਤੁਸੀਂ ਅਜਿਹੇ ਮੂੰਗੇ ਮੁੰਦੀਆਂ ’ਚ ਵਿਸ਼ਵਾਸ ਰੱਖਦੇ ਹੋ?’’
‘‘ਬਿਲਕੁਲ ਨਹੀਂ,’’ ਕਹਿੰਦਿਆਂ ਗੁਰਜੀਤ ਨੇ ਚਾਹ ਦਾ ਘੁੱਟ ਭਰਿਆ।
‘‘ਮੈਨੂੰ ਲੱਗਦੈ ਤੁਸੀਂ ਪੱਕੇ ਨਾਸਤਿਕ ਹੋ।’’ ਪ੍ਰੀਤ ਖਿਝਦਿਆਂ ਵਾਂਗ ਬੋਲੀ।
‘‘ਨਹੀਂ ਪ੍ਰੀਤ ਅਜਿਹੀ ਕੋਈ ਗੱਲ ਨਹੀਂ, ਦਰਅਸਲ ਸਾਡਾ ਸਵੈ-ਭਰੋਸਾ ਹੀ ਸਾਡਾ ਅਸਲ ਗਹਿਣਾ ਹੈ, ਹਰੇਕ ਗੱਲ ਢਿੱਡ ਨਾਲ ਜੁੜਦੀ ਹੈ। ਅਸੀਂ ਰੋਟੀ ਦੇ ਜੁਗਾੜ ਲਈ ਘਰੋਂ ਨਿਕਲੇ ਹਾਂ, ਡਰਾਈਵਰ ਕੰਡਕਟਰ ਰੋਟੀ ਖਾਤਰ ਹੀ ਤੜਕੇ ਤੋਂ ਮੁਸਤੈਦ ਹਨ, ਮੂੰਗੇ ਮੁੰਦੀਆਂ ਵਿਚ ਇਸ ਸ਼ਖ਼ਸ ਦੀ ਰੋਟੀ ਛੁਪੀ ਹੋਈ ਹੈ।’’
‘‘ਬਾਬਾ ਥੋਡੀਆਂ ਗੱਲਾਂ ਮੇਰੀ ਸਮਝ ਬਿਲਕੁਲ ਹੀ ਨਹੀਂ ਪੈ ਰਹੀਆਂ,’’ ਪ੍ਰੀਤ ਨੇ ਵਿਚੋਂ ਹੀ ਕੱਟਦਿਆਂ ਕਿਹਾ।
ਨੌਨ ਸਟਾਪ ਬੱਸ ਸਮਰਾਲੇ ਚੌਕ ’ਚੋਂ ਸਵਾਰੀਆਂ ਚੜ੍ਹਾ ਕੇ ਚੰਡੀਗੜ੍ਹ ਵੱਲ ਸੜਕ ’ਤੇ ਦੌੜਨ ਲੱਗੀ।
ਪ੍ਰੀਤ ਮੋਗੇ ਨੇੜੇ ਇਕ ਪਿੰਡ ਦੇ ਸਹਿੰਦੇ ਜੱਟਾਂ ਦੀ ਚੰਗੇ ਚਾਲ-ਚਲਣ ਵਾਲੀ ਧੀ ਸੀ। ਮਾਪਿਆਂ ਨੂੰ ਆਪਣੀ ਧੀ ’ਤੇ ਇਸ ਲਈ ਵੀ ਮਾਣ ਸੀ ਕਿ ਉਨ੍ਹਾਂ ਸਰਦਾਰਾਂ ਦਾ ਇਲਾਕੇ ਵਿਚ ਹਰ ਪੱਖ ਤੋਂ ਦਬਦਬਾ ਸੀ ਪਰ ਅੱਖਾਂ ਚੰਦਰੀਆਂ ਦਾ ਕੋਈ ਕੀ ਕਰੇ? ਗੁਰਜੀਤ ਤੇ ਪ੍ਰੀਤ ਇਸ ਸਫ਼ਰ ਵਿਚ ਇੰਜ ਘੁਲ-ਮਿਲ ਗਏ ਸਨ ਜਿਵੇਂ ਚਿਰਾਂ ਤੋਂ ਇਕ ਦੂਜੇ ਨੂੰ ਜਾਣਦੇ ਹੋਣ। ਬੱਸ ਦੇ ਹਿਲੋਰਿਆਂ ਨੇ ਪ੍ਰੀਤ ਦੀਆਂ ਅੱਖਾਂ ਭਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ ਗੁਰਜੀਤ ਦੇ ਮੋਢੇ ਨਾਲ ਸਿਰ ਲਾਈ ਹੁਸੀਨ ਸੁਫ਼ਨਿਆਂ ਵਿਚ ਗਵਾਚ ਗਈ।
ਪਹਿਲੀ ਮੁਲਾਕਾਤ ਵਿਚ ਹੀ ਪ੍ਰੀਤ ਦੇ ਇੰਜ ਘੁਲਣ ਮਿਲਣ ਦਾ ਗੁਰਜੀਤ ’ਤੇ ਕੋਈ ਅਸਰ ਨਹੀਂ ਹੋਇਆ। ਉਸ ਨੂੰ ਪਤਾ ਸੀ ਕਿ ਯਥਾਰਥ ਦਾ ਸਾਹਮਣਾ ਕੋਈ ਦਿਲ-ਗੁਰਦੇ ਵਾਲਾ ਹੀ ਕਰਦਾ ਹੈ। ਉਹ ਉਸ ਦੇ ਅੱਲੜ੍ਹ ਅਤੇ ਭੋਲੇਪਣ ਦਾ ਭਰਮ ਵਕਤੋਂ ਪਹਿਲਾਂ ਨਹੀਂ ਤੋੜਨਾ ਚਾਹੁੰਦਾ ਸੀ। ਕੁਝ ਸਮੇਂ ਬਾਅਦ ਸਭ ਕੁਝ ਸਾਹਮਣੇ ਆ ਹੀ ਜਾਣਾ ਸੀ।
ਝਟਕਾ ਲੱਗ ਕੇ ਰੁਕੀ ਬੱਸ ਨੇ ਹੰਘਲ਼ਾਉਂਦੀਆਂ ਸਾਰੀਆਂ ਸਵਾਰੀਆਂ ਸੁਚੇਤ ਕਰ ਦਿੱਤੀਆਂ। ਸ਼ਾਇਦ ਅੱਗੇ ਕੁਝ ਆ ਗਿਆ ਸੀ। ਅੱਖਾਂ ਮਲ਼ਦੀ ਡੌਰ-ਭੌਰ ਹੋਈ ਪ੍ਰੀਤ ਬੋਲੀ, ‘‘ਗੁਰਜੀਤ ਤੁਸੀਂ ਠੀਕ ਓਂ?’’
‘‘ਹਾਂ ਠੀਕ ਆਂ, ਮੈਨੂੰ ਕੀ ਹੋਇਆ?’’
‘‘ਗੁਰਜੀਤ, ਮੈਂ ਹੁਣੇ-ਹੁਣੇ ਬੜਾ ਭੈੜਾ ਸੁਫ਼ਨਾ ਵੇਖਿਆ ਹੈ, ਸੁਫ਼ਨੇ ਵਿਚ ਅਸੀਂ ਦੋਵੇਂ ਕਿਧਰੇ ਘੁੰਮਣ ਜਾ ਰਹੇ ਹਾਂ, ਸਾਡਾ ਐਕਸੀਡੈਂਟ ਹੋ ਗਿਆ ਹੈ, ਥੋਡੀ ਖੱਬੀ ਲੱਤ ਟੁੱਟ ਗਈ ਹੈ, ਤੁਸੀਂ ਲੰਗੜਾਅ ਕੇ ਤੁਰ ਰਹੇ ਹੋ, ਫਿਰ ਵੀ ਕਹਿ ਰਹੇ ਹੋ ਮੈਂ ਠੀਕ ਹਾਂ, ਥੋਡੇ ਵੱਲ ਵੇਖ ਕੇ ਮੇਰਾ ਬੁਰਾ ਹਾਲ ਹੈ, ਵਾਹਿਗੁਰੂ ਸੁੱਖ ਰੱਖੀਂ।’’ ਕਹਿੰਦੀ ਪ੍ਰੀਤ ਨੇ ਆਪਣੇ ਦੋਵੇਂ ਹੱਥ ਮੂੰਹ ’ਤੇ ਫੇਰੇ।
‘‘ਭੋਲ਼ੀਏ, ਚੰਦਰੇ ਸੁਫ਼ਨੇ ਭੁੱਲਣਾ ਹੀ ਬਿਹਤਰ ਹੁੰਦੈ, ਜਾਗਦਿਆਂ ਸੁਫ਼ਨੇ ਲੈ ਕੇ ਪੂਰੇ ਕਰਨ ਦੀ ਸਮਰੱਥਾ ਪੈਦਾ ਕਰਕੇ ਅਸੀਂ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕਰ ਸਕਦੇ ਹਾਂ।’’
ਅਚਾਨਕ ਬਰੇਕ ਲੱਗ ਕੇ ਬੱਸ ਫਿਰ ਆਪਣੀ ਮੰਜ਼ਿਲ ਵੱਲ ਦੌੜ ਰਹੀ ਸੀ। ਨਿੱਕੀਆਂ-ਨਿੱਕੀਆਂ ਗੱਲਾਂ ਕਰਦਿਆਂ ਪਤਾ ਹੀ ਨਾ ਲੱਗਾ ਕਦੋਂ ਬੱਸ ਸਤਾਰਾਂ ਸੈਕਟਰ ਚੰਡੀਗੜ੍ਹ ਦੇ ਬੱਸ ਅੱਡੇ ਦੇ ਪ੍ਰਵੇਸ਼ ਗੇਟ ਤੋਂ ਥੋੜ੍ਹਾ ਅੱਗੇ ਜਾ ਕੇ ਰੁਕ ਗਈ।
ਬੱਸ ਵਿਚੋਂ ਪਹਿਲਾਂ ਉੱਤਰਨ ਲਈ ਸਵਾਰੀਆਂ ਇਕ-ਦੂਜੇ ਨਾਲ ਖਹਿਣ ਲੱਗੀਆਂ, ਖਿੜਕੀਆਂ ਵਾਲੇ ਪਾਸੇ ਵਾਲੀਆਂ ਸਵਾਰੀਆਂ ਨੂੰ ਇੰਤਜ਼ਾਰ ਕਰਨਾ ਪੈਣਾ ਸੀ। ਪ੍ਰੀਤ ਪਹਿਲਾਂ ਉੱਤਰ ਕੇ ਗੁਰਜੀਤ ਦੇ ਉਤਰਨ ਦਾ ਇੰਤਜ਼ਾਰ ਕਰਨ ਲੱਗੀ। ਸਵਾਰੀਆਂ ਬੱਸੋਂ ਉਤਰਦਿਆਂ ਹੀ ਆਪੋ-ਆਪਣੇ ਰਾਹ ਪੈ ਰਹੀਆਂ ਸਨ। ਗੁਰਜੀਤ ਆਪਣਾ ਬੈਗ ਸੰਭਾਲਦਾ ਬੜੇ ਠਰੰਮੇ ਜਿਹੇ ਨਾਲ ਉਤਰਿਆ। ਗੁਰਜੀਤ ਨੂੰ ਬੱਸੋਂ ਉਤਰ ਕੇ ਲੰਗੜਾਉਂਦਾ ਵੇਖ ਪ੍ਰੀਤ ਹੈਰਾਨੀ ਨਾਲ ਉਸ ਵੱਲ ਅਹੁਲਦੀ ਬੋਲੀ, ‘‘ਕੀ ਗੱਲ ਗੁਰਜੀਤ, ਪੈਰ ਸੁੰਨ ਹੋ ਗਿਆ ਬੈਠੇ-ਬੈਠੇ?’’
‘‘ਨਹੀਂ ਪ੍ਰੀਤ ਜੀ, ਇਹ ਤਾਂ ਜਨਮ ਤੋਂ ਈ ਸੁੰਨ ਐ, ਆਓ ਚੱਲੀਏ ਟੈਸਟ ਦਾ ਟਾਈਮ ਹੋ ਰਿਹੈ।’’ ਗੁਰਜੀਤ ਨੇ ਅੱਡਿਓਂ ਬਾਹਰ ਨੂੰ ਨਿਕਲਦੇ ਰਸਤੇ ਵੱਲ ਇਸ਼ਾਰਾ ਕਰਦਿਆਂ ਕਿਹਾ।
ਪ੍ਰੀਤ ਥਾਂਏ ਹੀ ਜੰਮ ਗਈ ਜਿਵੇਂ ਬੱਸ ਵਿਚ ਵੇਖਿਆ ਸੁਫ਼ਨਾ ਹਕੀਕਤ ਬਣ ਗਿਆ ਹੋਵੇ ਜਾਂ ਜਾਗਦਿਆਂ ਸੁਫ਼ਨਾ ਵੇਖ ਕੇ ਜ਼ਿੰਦਗੀ ਦੇ ਕਰੂਰ ਯਥਾਰਥ ਦੇ ਰੂ-ਬ-ਰੂ ਹੋ ਗਈ ਹੋਵੇ। ਉਹ ਲੰਙ ਮਾਰਦੇ ਤੁਰੇ ਜਾਂਦੇ ਗੁਰਜੀਤ ਦੀ ਪਿੱਠ ਨੂੰ ਨਿਹਾਰ ਰਹੀ ਸੀ ਜੋ ਬਿਨਾਂ ਪਿੱਛੇ ਵੇਖੇ ਤੁਰਿਆ ਜਾ ਰਿਹਾ ਸੀ। ਇਹ ਮਿਲਣੀ ਗੁਰਜੀਤ ਵਾਸਤੇ ਤਾਂ ਇਕ ਇਤਫ਼ਾਕ ਹੀ ਸੀ ਪਰ ਪ੍ਰੀਤ ਨੇ ਜੋ ਤਸੱਵਰ ਕੀਤਾ ਸੀ, ਉਸ ਦੇ ਉਲਟ ਉਹ ਨਹੀਂ ਚਾਹੁੰਦੀ ਸੀ ਕਿ ਟੈਸਟ ਦੇਣ ਤੋਂ ਬਾਅਦ ਉਹ ਗੁਰਜੀਤ ਦਾ ਸਾਹਮਣਾ ਕਰੇ ਪਰ ਇਸ ਦੇ ਉਲਟ ਸਿਆਣੇ ਮੁੰਡੇ ਨੇ ਕੁੜੀ ਨੂੰ ਆਮ ਮੁੰਡਿਆਂ ਵਾਂਗ ਖਾਹ-ਮਖਾਹ ਉਡੀਕਣਾ ਬੇਵਕੂਫ਼ੀ ਹੀ ਸਮਝਿਆ।
ਗੁਰਜੀਤ ਇਸ ਇਮਤਿਹਾਨ ਵਿਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਸੀ। ਅੱਜ ਬੈਂਕ ਮਹਿਕਮੇ ਦੇ ਉੱਚ ਚੋਣ ਅਧਿਕਾਰੀਆਂ ਵੱਲੋਂ ਨਵੇਂ ਉਮੀਦਵਾਰਾਂ ਦੀ ਇੰਟਰਵਿਊ ਸੀ। ਆਪਣੀ ਵਾਰੀ ਆਉਣ ’ਤੇ ਉਸ ਨੇ ਸਵੈ-ਭਰੋਸੇ ਨਾਲ ਲਬਰੇਜ਼, ‘‘ਮੇ ਆਈ ਕਮ ਇਨ ਸਰ!’’ ਕਹਿ ਕੇ ਅੰਦਰ ਆਉਣ ਦੀ ਇਜਾਜ਼ਤ ਮੰਗੀ।
‘‘ਯੈੱਸ, ਕਮ ਇਨ ਪਲੀਜ਼, ਟੇਕ ਯੋਅਰ ਸੀਟ’’ ਚੋਣ ਬੋਰਡ ਦੇ ਸੀਨੀਅਰ ਮੈਂਬਰ ਵੱਲੋਂ ਇਸ਼ਾਰਾ ਮਿਲਣ ’ਤੇ ਗੁਰਜੀਤ ਕੁਰਸੀ ’ਤੇ ਬੈਠ ਗਿਆ।
ਗੁਰਜੀਤ ਦੇ ਦਸਤਾਵੇਜ਼ਾਂ ’ਤੇ ਨਜ਼ਰ ਮਾਰਦਿਆਂ ਇਕ ਅਫ਼ਸਰ ਦਾ ਪਹਿਲਾਂ ਸੁਆਲ ਸੀ, ‘‘ਗੁਰਜੀਤ ਜੀ, ਤੁਸੀਂ ਅਪੰਗ ਸਰਟੀਫਿਕੇਟ ਕਿਉਂ ਨਹੀਂ ਲਾਇਆ!’’ ਇਹ ਸੁਆਲ ਸ਼ਾਇਦ ਮੈਂਬਰ ਨੇ ਲੰਙ ਮਾਰਦੇ ਅੰਦਰ ਹੁੰਦੇ ਨੂੰ ਵੇਖ ਕੇ ਪੁੱਛਿਆ ਸੀ। ‘‘ਬੁਰਾ ਨਾ ਮੰਨਣਾ,ਤੁਹਾਨੂੰ ਪਹਿਲ ਮਿਲ ਜਾਣੀ ਸੀ, ਨੰਬਰ ਤੁਹਾਡੇ ਬਹੁਤ ਚੰਗੇ ਸਨ।’’
‘‘ਸਰ, ਮੈਂ ਆਪਣੇ-ਆਪ ਨੂੰ ਅਪੰਗ ਸਮਝਦਾ ਹੀ ਨਹੀਂ। ਕਾਗ਼ਜ਼ੀ ਸਰਟੀਫਿਕੇਟ ਬਣਾਉਣਾ ਇਸ ਲਈ ਵੀ ਜ਼ਰੂਰੀ ਨਹੀਂ, ਕਿਉਂਕਿ ਸਭ ਤੋਂ ਵੱਡਾ ਸਬੂਤ ਮੇਰਾ ਵਿੰਗਾ ਪੈਰ ਹੈ।’’ ਗੁਰਜੀਤ ਬਿਲਕੁੁਲ ਸ਼ਾਂਤ ਸੀ।
‘‘ਕਾਕਾ ਜੀ ਅਸੀਂ ਤੇਰੀ ਭਾਵਨਾ ਦੀ ਕਦਰ ਕਰਦੇ ਹਾਂ, ਫਿਰ ਵੀ ਤੈਨੂੰ ਪਹਿਲ ਮਿਲ ਜਾਣੀ ਸੀ।’’ ਦੂਜੇ ਮੈਂਬਰ ਨੇ ਦਖਲ ਦੇਂਦਿਆਂ ਕਿਹਾ।
‘‘ਸਰ, ਇਸ ਪੋਸਟ ਲਈ ਜੇ ਕੋਈ ਮੇਰੇ ਤੋਂ ਵੱਧ ਯੋਗ ਹੈ ਤਾਂ ਪਹਿਲਾ ਹੱਕ ਉਸ ਦਾ ਹੈ, ਮੈਂ ਤਰਸ ਦਾ ਪਾਤਰ ਬਣ ਕੇ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੁੰਦਾ।’’ ਗੁਰਜੀਤ ਦੇ ਚਿਹਰੇ ’ਤੇ ਨੌਕਰੀ ਮਿਲਦੀ-ਮਿਲਦੀ ਨਾ ਮਿਲਣ ਦਾ ਕੋਈ ਗ਼ਮ ਨਹੀ ਸੀ।
‘‘ਓ ਕੇ ਯੂ ਕੈਨ ਗੋ।’’ ਸੀਨੀਅਰ ਮੈਂਬਰ ਵੱਲੋਂ ਜੁਆਬ ਸੁਣ ਕੇ ਗੁਰਜੀਤ ਬਾਹਰ ਆ ਗਿਆ।
ਠੀਕ ਛੇਵੇਂ ਦਿਨ ਡਾਕੀਆ ਗਰੁਜੀਤ ਨੂੰ ਪ੍ਰੋਬੇਸ਼ਨਲ ਅਫ਼ਸਰ ਦੇ ਜੁਆਇਨਿੰਗ ਅਰਡਰਾਂ ਦੀ ਚਿੱਠੀ ਘਰ ਫੜਾ ਗਿਆ ਜੋ ਉਸ ਦੇ ਸਵੈ-ਭਰੋਸੇ ਦਾ ਨਤੀਜਾ ਸੀ।
ਬੱਸ ਵਿਚ ਕੁਝ ਸਮੇਂ ਦੇ ਸਫ਼ਰ ਦੀ ਸਾਥਣ ਪ੍ਰੀਤ ਨੇ ਇਹ ਟੈਸਟ ਪਾਸ ਕੀਤਾ ਜਾਂ ਨਹੀਂ, ਗੁਰਜੀਤ ਨੇ ਆਪਣੀ ਸੋਚ ਦਾ ਹਿੱਸਾ ਨਹੀਂ ਬਣਾਇਆ। ਆਪਣੀ ਲਗਨ, ਮਿਹਨਤ ਅਤੇ ਯੋਗਤਾ ਦੇ ਜ਼ੋਰ ਨਾਲ ਗੁਰਜੀਤ ਬੈਂਕ ਮੈਨੇਜਰ ਦੇ ਅਹੁਦੇ ਤੱਕ ਪਹੁੰਚ ਗਿਆ। ਚੰਗੇ ਮਾਹਰ ਡਾਕਟਰ ਕੋਲੋਂ ਅਪਰੇਸ਼ਨ ਕਰਾਉਣ ਤੋਂ ਬਆਦ ਪੈਰ ਵੀ ਸਿੱਧਾ ਹੋ ਗਿਆ। ਮਾਮੂਲੀ ਜਿਹਾ ਹੀ ਫ਼ਰਕ ਰਹਿ ਗਿਆ ਸੀ ਜੋ ਗ਼ੌਰ ਨਾਲ ਵੇਖਿਆਂ ਹੀ ਪਤਾ ਲੱਗਦਾ ਸੀ।
ਤਕਰੀਬਨ ਪੰਜ-ਛੇ ਸਾਲ ਦੇ ਅਰਸੇ ਬਆਦ ਪ੍ਰੀਤ ਨੇ ਵੀ ਆਪਣੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਬੈਂਕਿੰਗ ਦੇ ਸਾਰੇ ਇਮਤਿਹਾਨ ਪਾਸ ਕਰ ਲਏ। ਇਸ ਅਰਸੇ ਦੌਰਾਨ ਕੁਝ ਸਮਾਂ ਪਹਿਲਾਂ ਮਾਪਿਆਂ ਨੇ ਇਕ ਵਿਦੇਸ਼ ਰਹਿੰਦੇ ਮੁੰਡੇ ਨਾਲ ਉਸ ਦੀ ਮਰਜ਼ੀ ਦੇ ਬਗੈਰ ਸ਼ਾਦੀ ਵੀ ਕਰ ਦਿੱਤੀ। ਅੱਜ ਉਹ ਰੰਗਲਾ ਚੂੜਾ ਪਾਈ ਇਕ ਸ਼ਹਿਰ ਦੀ ਬਰਾਂਚ ਦੇ ਜੁਆਇਨਿੰਗ ਆਰਡਰ ਲੈ ਕੇ ਬੈਂਕ ਦੇ ਗਾਰਡ ਦੇ ਸਾਹਮਣੇ ਖੜ੍ਹੀ ਸੀ। ਗਾਰਡ ਨੇ ਚਿੱਠੀ ਵੇਖ ਕੇ ਬਰਾਂਚ ਮੈਨੇਜਰ ਦੇ ਮੋਟੇ ਸ਼ੀਸ਼ੇ ਦੇ ਕੈਬਨ ਵੱਲ ਇਸ਼ਾਰਾ ਕਰ ਦਿੱਤਾ।
ਕੈਬਿਨ ਦੇ ਪ੍ਰਵੇਸ਼ ਦਰਵਾਜ਼ੇ ਦੇ ਉਪਰ ‘ਗੁਰਜੀਤ ਸਿੰਘ ਬਰਾਂਚ ਮੈਨੇੇਜਰ’ ਦੀ ਸੁਨਹਿਰੀ ਅੱਖਰਾਂ ’ਚ ਲਿਖੀ ਟੰਗੀ ਤਖਤੀ ਪੜ੍ਹ ਕੇ ਜਿਵੇਂ ਪ੍ਰੀਤ ਨੂੰ ਝਟਕਾ ਜਿਹਾ ਲੱਗਾ, ਉਸ ਨੇ ਧੜਕਦੇ ਦਿਲ ਨਾਲ ਥੋੜ੍ਹਾ ਰੁਕ ਕੇ ਪਾਰਦਰਸ਼ੀ ਕੈਬਿਨ ਦੇ ਸ਼ੀਸ਼ੇ ’ਚੋਂ ਅੰਦਰ ਵੇਖਿਆ। ਮੈਨੇਜਰ ਦੀ ਕੁਰਸੀ ’ਤੇ ਬੈਠਾ ਪਗੜੀਧਾਰੀ ਨੌਜਵਾਨ ਥੋੜ੍ਹੀ ਨੀਵੀਂ ਪਾਈ ਕੁਝ ਪੜ੍ਹਨ ਵਿਚ ਵਿਅਸਤ ਸੀ ਜਿਸ ਨੂੰ ਸ਼ਕਲੋਂ ਪਛਾਣਨ ਲਈ ਚਿਹਰੇ ’ਤੇ ਲੱਗੀ ਐਨਕ ਅੜਿੱਕਾ ਪਾ ਰਹੀ ਸੀ। ਪ੍ਰੀਤ ਨੇ ਦਰਵਾਜ਼ਾ ਥੋੜ੍ਹਾ ਖਿਚ ਕੇ, ‘‘ਮੇ ਆਈ ਕਮ ਇਨ ਸਰ?’’ ਕਹਿ ਕੇ ਅੰਦਰ ਆਉਣ ਦੀ ਇਜਾਜ਼ਤ ਮੰਗੀ। ‘‘ਯੈੱਸ,’’ ਮੈਨੇਜਰ ਨੇ ਕਾਗ਼ਜ਼ਾਂ ਉਪਰੋਂ ਨਜ਼ਰ ਹਟਾਏ ਬਗੈਰ ਹੀ ਕਿਹਾ।
ਜਿਉਂ ਹੀ ਮੈਨੇੇਜਰ ਨੇ ਕਾਗ਼ਜ਼ਾਂ ਤੋਂ ਨਜ਼ਰਾਂ ਹਟਾ ਕੇ ਕੈਬਿਨ ਅੰਦਰ ਦਾਖਲ ਹੋਈ ਕੁੜੀ ਵੱਲ ਵੇਖਿਆ ਤਾਂ ਉਸ ਨੂੰ ਚਿਹਰਾ ਕੁਝ ਜਾਣਿਆ-ਪਛਾਣਿਆ ਜਿਹਾ ਲੱਗਿਆ। ਪ੍ਰੀਤ ਦਾ ਦਿਲ ਵੀ ਧੱਕ ਕਰਕੇ ਰਹਿ ਗਿਆ। ਉਸ ਨੂੰ ਇੰਜ ਲੱਗਿਆ ਜਿਵੇਂ ਉਸ ਨੇ ਪੰਜ ਸਾਲ ਪਹਿਲਾਂ ਮੋਗੇ ਬੱਸ ਅੱਡੇ ’ਚ ਖੜ੍ਹੀ ਬੱਸ ਦੀ ਬਾਰੀ ’ਚ ਖਲੋਅ ਕੇ ਧਿਆਨ ਮਾਰਿਆ ਹੋਵੇ ਤੇ ਪ੍ਰੀਤ ਦੇ ਨਜ਼ਰੀਂ ਪਿਆ ਗੁਰਜੀਤ ਦਾ ਚਿਹਰਾ ਉਸ ਦੇ ਦਿਲ ’ਚ ਲਹਿ ਗਿਆ ਹੋਵੇ। ਸਮਾਂ ਜਿਵੇਂ ਰੁਕ ਗਿਆ। ਕੁਝ ਚਿਰ ਦੋਵੇਂ ਇਕ ਦੂਜੇ ਵੱਲ ਇੰਜ ਝਾਕੀ ਗਏ ਜਿਵੇਂ ਕੁਝ ਯਾਦ ਕਰ ਰਹੇ ਹੋਣ।
‘‘ਸਰ ਤੁਸੀਂ? ਪ੍ਰੀਤ ਤੂੰ?’’ ਦੋਵਾਂ ਦੇ ਮੂੰਹੋਂ ਹੈਰਾਨਗੀ ਨਾਲ ਇਕੱਠਾ ਹੀ ਨਿਕਲਿਆ। ‘‘ਓ ਸੌਰੀ, ਪਲੀਜ਼ ਬੈਠੋ,’’ ਗੁਰਜੀਤ ਕੁਝ ਯਾਦ ਆਉਣ ਵਾਂਗ ਸਾਹਮਣੇ ਪਈਆਂ ਕੁਰਸੀਆਂ ਵੱਲ ਇਸ਼ਾਰਾ ਕਰਦਾ ਬੋਲਿਆ। ‘‘ਥੈਂਕਯੂ ਸਰ,’’ ਕਹਿ ਕੇ ਪ੍ਰੀਤ ਵੱਡੇ ਮੇਜ਼ ਦੇ ਸਾਹਮਣੇ ਗਾਹਕਾਂ ਦੇ ਬੈਠਣ ਲਈ ਪਈਆਂ ਕੁਰਸੀਆਂ ’ਚੋਂ ਇਕ ’ਤੇ ਬੈਠ ਗਈ। ‘‘ਸਰ, ਕਦੋਂ ਕੁ ਦੇ ਸਰਵਿਸ ’ਚ ਆਏ ਹੋ?’’ ਪ੍ਰੀਤ ਨੇ ਆਪਣੇ-ਆਪ ਨੂੰ ਹੁਣ ਤੱਕ ਥੋੜ੍ਹਾ ਸੰਭਾਲ ਲਿਆ ਸੀ।
‘‘ਤੈਨੂੰ ਸਰ ਤੋਂ ਬਗੈਰ ਹੋਰ ਕੋਈ ਸ਼ਬਦ ਨਹੀਂ ਆਉਂਦਾ? ਤੂੰ ਮੈਨੂੰ ਸਿਰਫ਼ ਗੁਰਜੀਤ ਕਹਿ ਸਕਦੀ ਏਂ, ਨਾਲੇ ਵਿਆਹ ਦੀਆਂ ਬਹੁਤ-ਬਹੁਤ ਵਧਾਈਆਂ।’’ ਇਸ ਵੇਲੇ ਗੁਰਜੀਤ ਆਪਣੇ ਆਪ ਨੂੰ ਮੈਨੇਜਰ ਨਾ ਸਮਝ ਕੇ ਜਿਵੇਂ ਬੱਸ ’ਚ ਬੈਠਾ ਹੀ ਸਮਝ ਰਿਹਾ ਹੋਵੇ।
‘‘ਥੈਂਕਯੂ ਸਰ,’’ ਪ੍ਰੀਤ ਨੇ ਵਿਆਹ ਦੀ ਵਧਾਈ ਦਾ ਜੁਆਬ ਦਿੱਤਾ ਪਰ ਗੁਰਜੀਤ ਫਿਰ ਬੋਲ ਪਿਆ, ‘‘ਫਿਰ ਸਰ?’’
ਬੱਸ ’ਚ ਪਹਿਲੀ ਮਿਲਣੀ ਵੇਲੇ ਪ੍ਰੀਤ ਨੇ ਵੀ ਗੁਰਜੀਤ ਨੂੰ ਜੀ ਕਹਿਣ ਤੋਂ ਵਰਜਿਆ ਸੀ। ‘‘ਗੁਰਜੀਤ ਜੀ, ਦਰਅਸਲ ਮੈਨੂੰ ਤੁਹਾਡੀ ਬਰਾਂਚ ਦੇ ਜੁਆਇਨਿੰਗ ਆਰਡਰ ਮਿਲੇ ਹਨ।’’ ਪ੍ਰੀਤ ਅਹੁਦੇ ਦਾ ਖਿਆਲ ਰੱਖਦੀ ਬੋਲੀ।
‘‘ਰੀਅਲੀ? ਵੈਰੀ ਗੁੱਡ, ਉਦੋਂ ਕਲੀਅਰ ਨਹੀਂ ਸੀ ਕੀਤਾ?’’ ਗੁਰਜੀਤ ਨੂੰ ਜਿਵੇਂ ਪਹਿਲੀ ਮੁਲਾਕਾਤ ਵਾਲੇ ਸਫ਼ਰ ਦੇ ਪਲ ਯਾਦ ਆ ਗਏ ਹੋਣ।
‘‘ਉਦੋਂ ਮੈਂ ਦੋ ਇਮਤਿਹਾਨਾਂ ’ਚੋਂ ਫੇਲ੍ਹ ਹੋਈ ਸਾਂ,’’ ਕੁੜੀ ਕਹਿਣਾ ਚਾਹੁੰਦੀ ਸੀ ‘ਕਾਸ਼! ਉਹ ਸਫ਼ਰ ਮੇਰੀ ਜ਼ਿੰਦਗੀ ਦਾ ਸਫ਼ਰ ਬਣ ਗਿਆ ਹੁੰਦਾ।’ ਗੁਰਜੀਤ ਹੋਰ ਕੁਝ ਬੋਲਦਾ ਪ੍ਰੀਤ ਨੇ ਆਰਡਰਾਂ ਵਾਲੀ ਚਿੱਠੀ ਉਸ ਦੇ ਹਵਾਲੇ ਕਰ ਦਿੱਤੀ।
ਗੁਰਜੀਤ ਨੇ ਚਿੱਠੀ ਫੜਦਿਆਂ ਕਾਲ ਬੈੱਲ ਦਾ ਬਟਨ ਦੱਬ ਦਿੱਤਾ। ਅਗਲੇ ਪਲ ਹੀ ਕੈਬਿਨ ਦਾ ਦਰਵਾਜ਼ਾ ਖੋਲ੍ਹ ਕੇ ‘‘ਯੈੱਸ ਸਰ’’ ਕਹਿੰਦਾ ਦਰਜਾ ਚਾਰ ਕਰਮਚਾਰੀ ਹਾਜ਼ਰ ਸੀ।
‘‘ਸੁਨੀਲ, ਇੰਜ ਕਰੋ ਦੋ ਕੱਪ ਕਾਫ਼ੀ ਨਾਲ ਕੁਝ ਖਾਣ ਨੂੰ ਵੀ ਲੈ ਕੇ ਆਉਣਾ,’’ ਹੁਕਮ ਸੁਣ ਕੇ ਮੁੰਡਾ ਚਲਾ ਗਿਆ।
ਚਿੱਠੀ ਪੜ੍ਹਦਿਆਂ ਰੁਕ ਕੇ, ‘‘ਪ੍ਰੀਤ ਵਿਆਹੁਤਾ ਜੀਵਨ ਖੁਸ਼ਹਾਲ ਹੈ?’’ ਚਿਹਰੇ ’ਤੇ ਬਣਾਉਟੀ ਮੁਸਕਰਾਹਟ ਲਿਆ ਕੇ, ‘‘ਗੁਰਜੀਤ, ਦੂਸਰਿਆਂ ਦੀ ਮਰਜ਼ੀ ਨਾਲ ਖ਼ੁਸ਼ੀਆਂ ਨਹੀਂ ਮਿਲਦੀਆਂ ਹੁੰਦੀਆਂ’’ ਕੁੜੀ ਦੇ ਬੋਲਾਂ ’ਚ ਕੋਈ ਅੰਦਰਲੀ ਪੀੜ ਗੁੱਝੀ ਹੋਈ ਸੀ ਜਿਸ ਨੂੰ ਦੂਰਅੰਦੇਸ਼ ਮੁੰਡੇ ਨੇ ਪੜ੍ਹ ਲਿਆ।
‘‘ਹੂੰਅ…, ਲੱਗਦੈ ਸਾਡੀ ਪ੍ਰੀਤ ਵੀ ਅੱਜਕੱਲ੍ਹ ਫਿਲਾਸਫ਼ਰ ਬਣ ਗਈ ਹੈ!’’ ਗੁਰਜੀਤ ਕਿਸੇ ਅਪਣੱਤ ਨਾਲ ਮੁਸਕਰਾਇਆ।
‘‘ਫਿਲਾਸਫ਼ੀ ਤੋਂ ਬਗੈਰ ਜ਼ਿੰਦਗੀ ਨੂੰ ਸਮਝਣਾ ਮੁਸ਼ਕਿਲ ਹੈ, ਕਦੀ ਤੁਸੀਂ ਹੀ ਕਿਹਾ ਸੀ। ਨਾਲੇ ਹਾਦਸੇ ਸਭ ਕੁਝ ਸਿਖਾ ਦੇਂਦੇ ਹਨ।’’ ਕੁੜੀ ਕਹਿਣਾ ਚਾਹੁੰਦੀ ਸੀ, ਮੈਂ ਵੀ ਫਿਲਾਸਫ਼ੀ ਦੀ ਜਮਾਤ ਪਾਸ ਕਰ ਲਈ ਹੈ।
ਗੁਰਜੀਤ ਨੇ ਇੰਟਰਕਾਮ ਤੋਂ ਕਾਲ ਕਰਕੇ ਸਹਾਇਕ ਮੈਨੇਜਰ ਨੂੰ ਬੁਲਾ ਲਿਆ। ‘‘ਸ਼ਰਮਾ ਜੀ ਤੁਹਾਡੇ ਨਵੇਂ ਪਰੋਬੇਸ਼ਨਲ ਅਫ਼ਸਰ, ਮੈਡਮ ਪ੍ਰੀਤ,’’ ਗੁਰਜੀਤ ਨੇ ਇਸ਼ਾਰੇ ਨਾਲ ਪ੍ਰੀਤ ਦੀ ਜਾਣ ਪਛਾਣ ਕਰਵਾਈ। ਸ਼ਰਮਾ ਜੀ ਨੇ ‘‘ਵੈੱਲਕਮ ਮੈਮ’’ ਕਹਿੰਦਿਆਂ ਹੱਥ ਜੋੜ ਦਿੱਤੇ। ਸ਼ਰਮਾ ਜੀ ਨੂੰ ਚਿੱਠੀ ਫੜਾਉਂਦਿਆਂ ਗੁਰਜੀਤ ਨੇ ਕਿਹਾ, ‘‘ਇਹ ਕੱਲ੍ਹ ਨੂੰ ਆਪਣੀ ਡਿਊਟੀ ’ਤੇ ਹਾਜ਼ਰ ਹੋ ਜਾਣਗੇ, ਅੱਜ ਇਨ੍ਹਾਂ ਦੀ ਹਾਜ਼ਰੀ ਪਾ ਲੈਣਾ। ਹਾਂ, ਕੁਝ ਦਿਨ ਸਿੱਖਣ ਲਈ ਇਨ੍ਹਾਂ ਦੀ ਸੀਟ ਦਾ ਖ਼ਿਆਲ ਰੱਖਣਾ।’’ ਗੁਰਜੀਤ ਨੇ ਸ਼ਰਮਾ ਜੀ ਨੂੰ ਹਦਾਇਤ ਕਰਦਿਆਂ ਜਤਾ ਦਿੱਤਾ ਕਿ ਇਹ ਮੇਰੀ ਖ਼ਾਸ ਕੁਲੀਗ ਹੈ। ਕਾਫ਼ੀ ਪੀ ਕੇ ਗੁਰਜੀਤ ਸਤਿਕਾਰ ਵਜੋਂ ਪ੍ਰੀਤ ਨੂੰ ਬੈਂਕ ’ਚੋਂ ਬਾਹਰ ਆਪ ਛੱਡਣ ਅਇਆ। ਪ੍ਰੀਤ ਬੱਸ ਦੇ ਸਫ਼ਰ ’ਚ ਕੁਝ ਚਿਰ ਦੇ ਸਾਥੀ ਨੂੰ ਆਰਾਮ ਨਾਲ ਤੁਰਦਿਆਂ ਵੇਖ, ਚੰਡੀਗੜ੍ਹ ਬੱਸੋਂ ਉਤਰ ਕੇ ਲੰਙ ਮਾਰਦੇ ਤੁਰੇ ਜਾਂਦੇ ਅਤੇ ਅੱਜ ਵਾਲੇ ਗੁਰਜੀਤ ਨਾਲ ਤੁਲਨਾ ਕਰਦਿਆਂ ਸੋਚ ਰਹੀ ਸੀ, ਕਾਸ਼! ਮੈਂ ਉਦੋਂ ਜ਼ਿੰਦਗੀ ਦਾ ਇਮਤਿਹਾਨ ਪਾਸ ਕਰ ਲਿਆ ਹੁੰਦਾ।
ਸੰਪਰਕ: 94656-56214