ਸੁਕੀਰਤ
ਨੌਜਵਾਨ ਉਮੀਦਾਂ
ਉਮਰ ਖਾਲਿਦ ਨੂੰ ਇਕ ਵਾਰ ਫੇਰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਵਾਰ ਫ਼ਰਵਰੀ 2020 ਵਿਚ ਦਿੱਲੀ ਵਿਚ ਹੋਈ ਹਿੰਸਾ ਬਾਰੇ ਦਿੱਲੀ ਪੁਲੀਸ ਵੱਲੋਂ ਦਾਖਲ ਚਾਰਜਸ਼ੀਟ ਦੇ ਆਧਾਰ ਉੱਤੇ, ਜਿਸ ਵਿਚ ਉਸਨੂੰ ਸਾਜ਼ਿਸ਼ਘਾੜਾ ਗਰਦਾਨਿਆ ਗਿਆ ਹੈ। ਅਤੇ ਸਪਲੀਮੈਂਟਰੀ ਚਾਰਜਸ਼ੀਟ ਵਿਚ ਸੀਤਾਰਾਮ ਯੇਚੁਰੀ, ਯੋਗੇਂਦਰ ਯਾਦਵ, ਅਪੂਰਵਾਨੰਦ ਤੇ ਹੋਰ ਉੱਘੀਆਂ ਹਸਤੀਆਂ ਨੂੰ ਸਹਿ-ਸਾਜ਼ਿਸ਼ਘਾੜੇ ਠਹਿਰਾਇਆ ਗਿਆ ਹੈ। ਇਹ ਚਾਰਜਸ਼ੀਟ ਏਨੀ ਇਕਪਾਸੜ ਅਤੇ ਫ਼ਿਰਕੂ ਭਾਵਨਾ ਨਾਲ ਗੜੁੱਚ ਹੈ ਕਿ ਖ਼ੁਦ ਪੁਲੀਸ ਦੇ ਨੌਂ ਉੱਚ (ਸੇਵਾਮੁਕਤ) ਅਧਿਕਾਰੀਆਂ ਨੇ ਦਿੱਲੀ ਦੇ ਪੁਲੀਸ ਕਮਿਸ਼ਨਰ ਨੂੰ ਖ਼ਤ ਲਿਖ ਕੇ ਉਨ੍ਹਾਂ ਵੱਲੋਂ ਹੋਈ ਤਹਿਕੀਕਾਤ ਦੇ ਢੰਗ-ਤਰੀਕਿਆਂ ਉੱਤੇ ਸਵਾਲ ਉਠਾਇਆ ਹੈ। ਪਰ ਹਥਲੇ ਲੇਖ ਦਾ ਵਿਸ਼ਾ ਇਹ ਚਾਰਜਸ਼ੀਟ ਨਹੀਂ। ਮੈਂ ਤੁਹਾਡੀ ਜਾਣ ਪਛਾਣ ਉਸ ਉਮਰ ਖਾਲਿਦ ਨਾਲ ਕਰਾਉਣਾ ਚਾਹੁੰਦਾ ਹਾਂ ਜਿਸਨੂੰ ਮੈਂ ਜਾਣਦਾ ਹਾਂ।
ਸਾਢੇ ਚਾਰ ਵਰ੍ਹੇ ਪੁਰਾਣੀ ਗੱਲ ਹੈ। ਉਦੋਂ ਤਕ ਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਅਨਿਰਬਾਨ ਦੇ ਨਾਂਅ ਮੈਂ ਸੁਣੇ ਵੀ ਨਹੀਂ ਸਨ ਹੋਏ। ਇਹ ਸਾਡੇ ਕੰਨੀਂ ਕਦੇ ਸ਼ਾਇਦ ਪੈਂਦੇ ਵੀ ਨਾ, ਜੇਕਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਕੈਂਪਸ ਅੰਦਰ 9 ਫ਼ਰਵਰੀ 2016 ਨੂੰ ਵਾਪਰੀ ਇਕ ਘਟਨਾ ਨੂੰ ਇਸ ਦੇਸ਼ ਦੀ ਸਰਕਾਰ ਨੇ ਹਊਆ ਬਣਾ ਕੇ ਪੇਸ਼ ਕਰਨ ਲਈ ਪੂਰਾ ਟਿੱਲ ਨਾ ਲਾਇਆ ਹੁੰਦਾ। ਇਹ ਸਾਬਤ ਕਰਨ ਦੀ ਕੋਸ਼ਿਸ਼ ਨਾ ਕੀਤੀ ਹੁੰਦੀ ਕਿ ਭਾਰਤ ਦੀ ਆਜ਼ਾਦੀ ਹੀ ਕਿਸੇ ਡੂੰਘੇ ਖ਼ਤਰੇ ਵਿਚ ਪੈ ਗਈ ਹੈ। ਕਨ੍ਹਈਆ ਕੁਮਾਰ ਨੂੰ ਫੜ ਲੈਣ ਤੋਂ ਬਾਅਦ ਜਦੋਂ ਸਰਕਾਰ ਨੂੰ ਆਪਣੀ ਇਸ ਕਰਤੂਤ ਨੂੰ ਵਾਜਬ ਸਿੱਧ ਕਰਨ ਲਈ ਸਬੂਤ ਘੜਨੇ ਪਏ ਤਾਂ ਸਭ ਤੋਂ ਪਹਿਲਾਂ ਉਮਰ ਖਾਲਿਦ ਦਾ ਹੀ ਨਾਂਅ ਵਰਤਿਆ ਗਿਆ। ਸਾਡੇ ਉਸ ਵੇਲੇ ਦੇ ਗ੍ਰਹਿ-ਮੰਤਰੀ ਦੀ ਟਵੀਟ ਕਹਿੰਦੀ ਸੀ ਕਿ ਉਮਰ ਖਾਲਿਦ ਦਹਿਸ਼ਤਗਰਦ ਹਾਫ਼ਿਜ਼ ਸਈਦ ਦਾ ਸਿਪਾਹੀ, ਜੈਸ਼-ਏ-ਮੁਹੰਮਦ ਦਾ ਸਰਗਣਾ, ਕਸ਼ਮੀਰੀ ਮੁਸਲਮਾਨ ਹੈ ਜੋ ਕਸ਼ਮੀਰ ਦੀ ਆਜ਼ਾਦੀ ਮੰਗਦੇ ਦਹਿਸ਼ਤਗਰਦਾਂ ਦਾ ਆਗੂ ਹੈ। ਕੇਂਦਰੀ ਗ੍ਰਹਿ ਮੰਤਰੀ ਤੋਂ ਲੈ ਕੇ ਟੀ.ਵੀ. ਦੇ ਵੱਡੇ ਵੱਡੇ ਚੈਨਲਾਂ ਤਕ ਨੇ ਹਵਾਈ ਝੂਠਾਂ ਅਤੇ ਤੁਹਮਤਾਂ ਦੀ ਅਜਿਹੀ ਬੁਛਾੜ ਸ਼ੁਰੂ ਕੀਤੀ ਕਿ ਸ਼ੁਰੂ ਦੇ ਦਿਨਾਂ ਵਿਚ ਸੱਚ-ਝੂਠ ਦਾ ਨਿਖੇੜਾ ਕਰਨਾ ਹੀ ਸੰਭਵ ਨਾ ਰਿਹਾ। ਪਰ ਹੌਲੀ ਹੌਲੀ ਕੂੜ ਨੇ ਤਾਂ ਨਿਖੁੱਟਣਾ ਹੀ ਸੀ: ਉਮਰ ਦੀ ਅਧਿਆਪਕ ਸੰਗੀਤਾ ਦਾਸਗੁਪਤਾ, ਅਨਿਰਬਾਨ ਦੀ ਅਧਿਆਪਕ ਤਨਿਕਾ ਸਰਕਾਰ, ਦਿੱਲੀ ਵਿਸ਼ਿਵਦਿਆਲੇ ਦੇ ਪ੍ਰੋ. ਅਪੂਰਵਾਨੰਦ ਅਤੇ ਹੁਣ ਬਾਲੀਵੁੱਡ ਪਰ ਪਹਿਲੋਂ ਜੇ.ਐਨ.ਯੂ. ਨਾਲ ਜੁੜੀ ਰਹੀ ਅਦਾਕਾਰ ਸਵਰਾ ਭਾਸਕਰ ਦੇ ਲੇਖਾਂ ਰਾਹੀਂ ਓੜਕ ਸੱਚ ਸਾਹਮਣੇ ਆਉਣਾ ਸ਼ੁਰੂ ਹੋਇਆ। ਪਰ ਉਦੋਂ ਤਕ ਉਮਰ ਖਾਲਿਦ ਅਤੇ ਅਨਿਰਬਾਨ ‘ਆਤਮ-ਸਮਰਪਣ’ ਕਰ ਚੁੱਕੇ ਸਨ। 18 ਮਾਰਚ ਨੂੰ ਜ਼ਮਾਨਤ ’ਤੇ ਰਿਹਾਅ ਹੋ ਕੇ ਆਏ ਤਾਂ ਰਿਹਾਈ ਉਪਰੰਤ ਕੀਤੀਆਂ ਉਨ੍ਹਾਂ ਦੀਆਂ ਤਕਰੀਰਾਂ ਸੁਣਨ ਨੂੰ ਮਿਲੀਆਂ। ਇਨ੍ਹਾਂ ਮੁੰਡਿਆਂ ਦੀਆਂ ਤਕਰੀਰਾਂ ਸੁਣ ਕੇ ਠਾਣ ਲਈ ਕਿ ਇਨ੍ਹਾਂ ਨੂੰ ਵੀ ਜ਼ਰੂਰ ਮਿਲਣਾ ਹੈ ਅਤੇ ਗੱਲਬਾਤ ਕਰਨੀ ਹੈ।
23 ਮਾਰਚ 2016 ਨੂੰ, ਉਨ੍ਹਾਂ ਦੋਹਾਂ ਨੂੰ ਮੈਂ ਉਨ੍ਹਾਂ ਦੀ ਰਿਹਾਈ ਤੋਂ 5 ਦਿਨ ਬਾਅਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਮਾਜਕ ਵਿਗਿਆਨ ਵਿਭਾਗ ਵਿਚ ਮਿਲਿਆ ਅਤੇ ਇਕ ਲੰਮੀ ਮੁਲਾਕਾਤ ਕੀਤੀ। ਪਰ ਪਿਛਲੇ ਪੰਜ ਸਾਲਾਂ ਵਿਚ ਮੁਸਲਮਾਨਾਂ ਵਿਰੋਧੀ ਪਰਚਾਰ ਵਧਿਆ ਹੈ, ਘਟਿਆ ਨਹੀਂ; ਅਤੇ ਇਸਨੇ ਚੰਗੇ ਭਲੇ ਮਨਾਂ ਵਿਚ ਫ਼ਿਰਕੂ ਜ਼ਹਿਰ ਘੋਲ ਦਿਤਾ ਹੈ। ਅਤੇ ਅਗਲੇ ਦਿਨਾਂ ਵਿਚ ‘ਫ਼ਿਰਕੂ ਭਾਵਨਾਵਾਂ ਭੜਕਾਊ’ ਮੀਡੀਆ ਇਕੇਰਾਂ ਫੇਰ ਝੂਠੇ ਤੱਥ ਪਰੋਸੇਗਾ, ਲੋਕ-ਮਨਾਂ ਨੂੰ ਭੜਕਾਉਣ ਲਈ ਉਮਰ ਬਾਰੇ ਜ਼ਹਿਰ ਉਗਲੇਗਾ, ਇਸ ਲਈ ਉਸ ਲੰਮੀ ਮੁਲਕਾਤ ਦੇ ਸਿਰਫ਼ ਕੁਝ ਅੰਸ਼ ਮੈਂ ਮੁੜ ਪੇਸ਼ ਕਰ ਰਿਹਾ ਹਾਂ ਤਾਂ ਜੋ ਤੁਸੀ ਖ਼ੁਦ ਫ਼ੈਸਲਾ ਕਰ ਸਕੋ ਕਿ ਉਮਰ ਕਿਸ ਮਿੱਟੀ ਦਾ ਬਣਿਆ ਹੋਇਆ ਹੈ।
ਮੈਂ ਉਮਰ ਖਾਲਿਦ ਨੂੰ ਸਭ ਤੋਂ ਪਹਿਲਾਂ ਆਪਣੇ ਪਿਛੋਕੜ ਬਾਰੇ ਦੱਸਣ ਲਈ ਆਖਦਾ ਹਾਂ ਕਿਉਂਕਿ ਮੀਡੀਏ ਵਿਚ ਇਸ ਬਾਰੇ ਬਹੁਤ ਭੰਬਲਭੂਸਾ ਪਾਇਆ ਗਿਆ ਹੈ।
ਉਮਰ ਦੱਸਦਾ ਹੈ ਕਿ ਉਸਦੇ ਪਿਤਾ ਦਾ ਪਰਿਵਾਰ ਮਹਾਰਾਸ਼ਟਰ ਤੋਂ ਹੈ, ਭਾਵੇਂ ਉਸਦਾ ਆਪਣਾ ਜਨਮ ਦਿੱਲੀ ਵਿਚ ਹੋਇਆ। ਬਚਪਨ ਨਾਗਪੁਰ ਅਤੇ ਦਿੱਲੀ ਦੇ ਵੱਖੋ ਵੱਖ ਸਕੂਲਾਂ ਵਿਚ ਪੜ੍ਹਦਿਆਂ ਗੁਜ਼ਰਿਆ ਅਤੇ ਬੀ.ਏ. ਦਿੱਲੀ ਯੂਨੀਵਰਸਟੀ ਤੋਂ ਕੀਤੀ। ਐੱਮ.ਏ. ਲਈ ਜੇ.ਐੱਨ.ਯੂ. ਆਇਆ, ਏਥੋਂ ਹੀ ਐਮ.ਫਿਲ. ਕੀਤੀ ਅਤੇ ਹੁਣ ਇਤਿਹਾਸ ਅਧਿਐਨ ਕੇਂਦਰ ਵਿਚ ਡਾ. ਸੰਗੀਤਾ ਦਾਸਗੁਪਤਾ ਦੀ ਨਿਗਰਾਨੀ ਹੇਠ ਆਦਿਵਾਸੀਆਂ ਉੱਤੇ ਪੀਐੱਚ.ਡੀ. ਕਰ ਰਿਹਾ ਹੈ। ਉਸ ਦੇ ਪਿਤਾ ਪੱਤਰਕਾਰ ਹਨ ਅਤੇ ਉਰਦੂ ਦਾ ਇਕ ਰਸਾਲਾ ਕਢਦੇ ਹਨ। ਘਰ ਵਿਚ ਉਹ ਸਭ ਤੋਂ ਵੱਡਾ ਹੈ, ਬਾਕੀ ਭੈਣਾਂ ਹਨ ਜਿਨ੍ਹਾਂ ਵਿਚੋਂ ਇਕ ਅਮਰੀਕਾ ਵਿਚ ਪੜ੍ਹ ਰਹੀ ਹੈ।
w ਤੇਰੀ ਗਾਈਡ ਡਾ. ਸੰਗੀਤਾ ਦਾਸਗੁਪਤਾ ਨੇ ਤੇਰੇ ਬਾਰੇ ਆਪਣੇ ਲੇਖ ਵਿਚ ਜ਼ਿਕਰ ਕੀਤਾ ਹੈ ਕਿ ਤੂੰ ਯੇਲ (ਅਮਰੀਕਾ ਦੀਆਂ ਬਿਹਤਰੀਨ ਯੂਨੀਵਰਸਟੀਆਂ ਵਿਚੋਂ ਇਕ) ਜਾਣ ਤੋਂ ਨਾਂਹ ਕਰ ਦਿੱਤੀ ਸੀ। ਕਾਰਨ?
– ਉਹ ਚਾਹੁੰਦੇ ਸਨ ਕਿ ਮੈਂ ਜਾਵਾਂ, ਪਰ ਮੈਂ ਓਥੇ ਜਾ ਕੇ ਕੀ ਕਰ ਸਕਦਾ ਸਾਂ! ਮੇਰੀ ਖੋਜ ਦਾ ਵਿਸ਼ਾ ਏਥੇ ਹੈ। ਮੈਂ ਵਿਦਿਆਰਥੀ ਹਾਂ, ਅਕਾਦਮਿਕ ਤੌਰ ’ਤੇ ਚੰਗਾ ਕੰਮ ਕਰਨਾ ਚਾਹੁੰਦਾ ਹਾਂ। ਪਰ ਮੇਰੇ ਸਿਆਸੀ ਖਿਆਲ ਅਤੇ ਅਕਾਦਮਿਕ ਝੁਕਾਅ ਆਪਸ ਵਿਚ ਜੁੜੇ ਹੋਏ ਹਨ। ਮੇਰਾ ਸਿਆਸੀ ਨਜ਼ਰੀਆ ਮੇਰੀ ਖੋਜ ਨਾਲ ਬੱਝਾ ਹੋਇਆ ਹੈ। ਮੈਂ ਆਪਣੇ ਦੇਸ਼ ਦੇ ਆਦਿਵਾਸੀਆਂ ਨੂੰ ਕਾਰਜ-ਖੇਤਰ ਵਜੋਂ ਚੁਣਿਆ ਹੈ, ਸੋ ਮੇਰੀ ਖੋਜ ਅਤੇ ਅਧਿਐਨ ਦਾ ਧਰਾਤਲ ਵੀ ਏਥੇ ਹੈ। ਏਸੇ ਕਾਰਨ ਮੈਂ ਬਾਹਰ ਜਾਣ ਤੋਂ ਨਾਂਹ ਕਰ ਦਿੱਤੀ। ਪਰ ਇਸਦਾ ਇਹ ਮਤਲਬ ਨਹੀਂ ਕਿ ਮੈਂ ਕੋਈ ਕੁਰਬਾਨੀ ਦਿੱਤੀ; ਇਹ ਤਾਂ ਮੇਰੀ ਆਪਣੀ ਚੋਣ ਹੈ। ਨਾ ਹੀ ਮੈਂ ਉਨ੍ਹਾਂ ਲੋਕਾਂ ਨੂੰ ਮਾੜਾ ਸਮਝਦਾ ਹਾਂ ਜੋ ਬਾਹਰ ਜਾ ਕੇ ਪੜ੍ਹਦੇ ਹਨ। ਇਹ ਉਨ੍ਹਾਂ ਦੀ ਚੋਣ ਹੈ।
ਮੈਂ ਉਮਰ ਦੀਆਂ ਗੱਲਾਂ ਸੁਣਦਿਆਂ ਸੋਚ ਰਿਹਾ ਸਾਂ ਕਿ ਇਹ ਮੁੰਡਾ ਜਿਸਨੂੰ ‘ਰਾਸ਼ਟਰ-ਧਰੋਹੀ’ ਤੇ ਪਤਾ ਨਹੀਂ ਹੋਰ ਕੀ ਕੀ ਗਰਦਾਨਿਆ ਜਾ ਰਿਹਾ ਹੈ, ਮੌਕਾ ਮਿਲਣ ’ਤੇ ਵੀ ਅਮਰੀਕਾ ਨਹੀਂ ਜਾਂਦਾ ਜਦੋਂਕਿ ਬਹੁਤੇ ‘ਰਾਸ਼ਟਰ-ਪ੍ਰੇਮੀ’ ਆਪਣੇ ਬੱਚਿਆਂ ਨੂੰ ਓਥੇ ਸੈੱਟ ਕਰਨ ਦਾ ਕੋਈ ਮੌਕਾ ਨਹੀਂ ਖੁੰਝਾਉਂਦੇ।
w ਮੈਂ ਇਕੇਰਾਂ ਫੇਰ ਉਮਰ ਵੱਲ ਮੁਖਾਤਬ ਹੁੰਦਾ ਹਾਂ। ਉਹ ਧਾਰਮਿਕ ਪਿਛੋਕੜ ਵਾਲੇ ਮੁਸਲਿਮ ਪਰਿਵਾਰ ਵਿਚੋਂ ਹੈ, ਪਰ ਆਪ ਨਾਸਤਕ ਹੈ। ਜਾਣਨਾ ਚਾਹੁੰਦਾ ਹਾਂ ਇਹ ਮੋੜ ਉਸ ਨੇ ਕਿਵੇਂ ਕੱਟਿਆ।
ਉਮਰ ਦੱਸਦਾ ਹੈ, ‘‘ਸਿਆਸਤ ਵਿਚ ਮੇਰੀ ਦਿਲਚਸਪੀ ਨਿਰੋਲ ਮੁਸਲਿਮ ਦ੍ਰਿਸ਼ਟੀਕੋਣ ਨਾਲ ਸ਼ੁਰੂ ਹੋਈ ਸੀ। 2008 ਵਿਚ ਜਦੋਂ ਸਾਡੀ ਕਾਲੋਨੀ ਜਾਮੀਆ ਨਗਰ ਵਿਚ ਕਥਿਤ ਬਾਟਲਾ ਹਾਊਸ ਪੁਲੀਸ ਮੁਕਾਬਲਾ ਹੋਇਆ ਜਿਸ ਵਿਚ 17 ਤੇ 22 ਸਾਲ ਦੇ ਦੋ ਨੌਜਵਾਨ ਮਾਰੇ ਗਏ: ਇਨ੍ਹਾਂ ਵਿਚੋਂ 17 ਸਾਲਾਂ ਵਾਲੇ ਦੀ ਖੋਪੜੀ ’ਤੇ ਪੰਜ ਗੋਲੀਆਂ ਦਾਗੀਆਂ ਗਈਆਂ ਸਨ ਜੋ ਕਿਸੇ ਪੁਲੀਸ ਮੁਕਾਬਲੇ ਸਮੇਂ ਸੰਭਵ ਨਹੀਂ। ਮੈਂ ਪਿਛਲੇ ਡੇਢ ਮਹੀਨੇ ਵਿਚ ਜੇ.ਐੱਨ.ਯੂ. ਵਿਚ ਦਹਿਸ਼ਤ ਦਾ ਦੌਰ ਦੇਖਿਆ ਹੈ ਪਰ ਜੋ ਕੁਝ ਉਸ ਸਮੇਂ ਜਾਮੀਆ ਨਗਰ ਵਿਚ ਦੇਖਿਆ, ਉਸਦੇ ਸਾਹਵੇਂ ਇਹ ਸਭ ਕੁਝ ਵੀ ਨਹੀਂ। ਲੋਕਾਂ ਨੂੰ ਅਚਾਨਕ ਚੁੱਕ ਕੇ ਲੈ ਜਾਂਦੇ ਸਨ, ਗ੍ਰਿਫ਼ਤਾਰੀਆਂ ਹੋ ਰਹੀਆਂ ਸਨ। ਹਲਾਕ ਹੋਏ ਮੁੰਡਿਆਂ ਦੇ ਹੱਕ ਵਿਚ, ਜਾਂ ਇਨ੍ਹਾਂ ਗ਼ੈਰ-ਕਾਨੂੰਨੀ ਗ੍ਰਿਫ਼ਤਾਰੀਆਂ ਵਿਰੁੱਧ ਸਵਾਲ ਖੜ੍ਹੇ ਕਰਨ ਵਾਲਿਆਂ ਨੂੰ ਤੰਗ ਕਰਦੇ ਸਨ, ਤਫ਼ਤੀਸ਼ ਲਈ ਚੁੱਕ ਖੜ੍ਹਦੇ ਸਨ। ਮੇਰੀ ਉਮਰ ਉਸ ਸਮੇਂ 22 ਸਾਲ ਸੀ ਅਤੇ ਮੇਰੇ ਪਹਿਲਾ ਪ੍ਰਤੀਕਰਮ ਇਨ੍ਹਾਂ ਮੁਸਲਮਾਨਾਂ ਪ੍ਰਤੀ ਹਮਦਰਦੀ ਦਾ ਸੀ ਜਿਨ੍ਹਾਂ ਨੂੰ ਇਸ ਤਰ੍ਹਾਂ ਤੰਗ ਕੀਤਾ ਜਾਂਦਾ ਸੀ। ਪਰ ਮੈਂ ਉਸ ਸਮੇਂ ਦਿੱਲੀ ਵਿਸ਼ਵ-ਵਿਦਿਆਲੇ ਵਿਚ ਬੀ.ਏ. ਦੇ ਤੀਜੇ ਸਾਲ ਦਾ ਵਿਦਿਆਰਥੀ ਸੀ; ਬਹੁਤ ਸਾਰੀਆਂ ਹੋਰ ਜਥੇਬੰਦੀਆਂ ਨਾਲ ਵਾਬਸਤਾ ਸਾਂ ਜਿਨ੍ਹਾਂ ਵਿਚ ਖੱਬੀਆਂ ਜਥੇਬੰਦੀਆਂ ਵੀ ਸ਼ਾਮਲ ਸਨ। ਉਸ ਦੌਰਾਨ ਮੈਨੂੰ ਸੋਝੀ ਆਉਣੀ ਸ਼ੁਰੂ ਹੋਈ ਕਿ ਇਹੋ ਜਿਹਾ ਜਬਰ ਸਿਰਫ਼ ਮੁਸਲਮਾਨਾਂ ’ਤੇ ਹੀ ਨਹੀਂ ਢਾਹਿਆ ਜਾ ਰਿਹਾ, ਛੱਤੀਸਗੜ੍ਹ ਦੇ ਆਦਿਵਾਸੀਆਂ ਨਾਲ ਸਲਵਾ ਜੁਡਮ ਇਹੋ ਕੁਝ ਕਰ ਰਹੀ ਹੈ। ਉਨ੍ਹਾਂ ਨਾਲ ਵੀ ਇਹੋ ਜਿਹੇ ਹੀ ਐਨਕਾਊਂਟਰ ਹੋ ਰਹੇ ਹਨ ਜਿਨ੍ਹਾਂ ਦੀ ਕੋਈ ਗੱਲ ਵੀ ਨਹੀਂ ਕਰਦਾ। ਕਿ ਜੋ ਕੁਝ ਹੋ ਰਿਹਾ ਹੈ, ਇਹ ਸਭ ਇਸਲਾਮ ਉਪਰ ਹਮਲਾ ਜਾਂ ਉਸ ਵਿਰੁੱਧ ‘ਧਰਮ-ਯੁੱਧ’ ਨਹੀਂ, ਜਿਵੇਂ ਕਿ ਕੁਝ ਲੋਕ ਸੋਚਦੇ ਹਨ, ਇਹ ਤਾਂ ਭਾਰਤੀ ਰਾਜ ਦੀ ਵਡੇਰੀ ਅਤੇ ਢਾਂਚਾਗਤ ਸਮੱਸਿਆ ਹੈ। ਅਜਿਹੇ ਹਮਲੇ ਇਸ ਲਈ ਹੁੰਦੇ ਹਨ ਕਿਉਂਕਿ ਭਾਰਤੀ ਸਮਾਜ ਦੀ ਬਣਤਰ ਹੀ ਇਹੋ ਜਿਹੀ ਸਿਰਜੀ ਗਈ ਹੈ। ਉਸ ਸਮੇਂ ਹੀ ਮੇਰੇ ਮਨ ਵਿਚ ਧਰਮ ਬਾਰੇ ਪਹਿਲੇ ਸ਼ੰਕੇ ਉਤਪੰਨ ਹੋਣੇ ਸ਼ੁਰੂ ਹੋਏ। ਮੇਰੇ ਅੰਦਰ ਉਪਜਦੇ ਸਵਾਲਾਂ ਨੂੰ ਦੇਖਦੇ ਹੋਏ ਮੇਰੇ ਧਾਰਮਿਕ ਪਿਤਾ ਨੇ ਮੈਨੂੰ ਮੌਲਾਨਾ ਮੌਦੂਦੀ ਦੀ ਕਿਤਾਬ ‘ਕੁਰਾਨ ਦੇ ਅਧਿਐਨ ਨਾਲ ਜਾਣ-ਪਛਾਣ’ ਪੜ੍ਹਨ ਲਈ ਦਿੱਤੀ। ਦੂਜੇ ਪਾਸੇ, ਮੈਂ ਉਨ੍ਹੀਂ ਦਿਨੀਂ ਮਾਰਕਸ ਨੂੰ ਵੀ ਪੜ੍ਹ ਰਿਹਾ ਸਾਂ। ਸੋ, ਮੇਰੀ ਵਿਸ਼ਲੇਸ਼ਣੀ ਨਜ਼ਰ ਵਿਚ ਤਬਦੀਲੀ ਆ ਰਹੀ ਸੀ। ਮੌਦੂਦੀ ਦੀ ਪੁਸਤਕ ਪੜ੍ਹ ਕੇ ਮੇਰੇ ਸ਼ੰਕੇ ਸਗੋਂ ਵਧਣ ਲੱਗੇ। ਮੈਨੂੰ ਲੱਗਣ ਲੱਗ ਪਿਆ ਕਿ ਕੁਰਾਨ ਕੋਈ ਰੱਬੀ ਇਲਹਾਮ ਨਹੀਂ, ਇਕ ਖ਼ਾਸ ਇਤਿਹਾਸਕ ਸਮੇਂ, ਉਸ ਸਮੇਂ ਦੀਆਂ ਹਾਲਤਾਂ ਵਿਚ, ਅਰਬ ਦੇ ਇਕ ਰਾਜਨੀਤਕ ਆਗੂ ਵੱਲੋਂ ਕੱਢੇ ਗਏ ਸਿੱਟਿਆਂ ਦਾ ਗ੍ਰੰਥ ਹੈ। ਇਕ ਸਿਆਸੀ ਆਗੂ ਆਪਣੇ ਫ਼ੈਸਲਿਆਂ ਦੇ ਵਾਜਬ ਹੋਣ ਨੂੰ ਸਿੱਧ ਕਰਨ ਲਈ ਗੈਬੀ ਦੁਨੀਆ ਦਾ ਸਹਾਰਾ ਲੈ ਰਿਹਾ ਸੀ। ਪਰ ਮੇਰੇ ਅੰਦਰ ਇਹ ਤਬਦੀਲੀ ਆਉਂਦਿਆਂ 6-7 ਮਹੀਨੇ ਲੱਗ ਗਏ।
ਮੈਂ ਆਪਣੇ ਪਰਿਵਾਰ ਦੀ ਧਾਰਮਕ ਚੋਣ ਦਾ ਸਤਕਾਰ ਕਰਦਾ ਹਾਂ, ਪਰ ਉਨ੍ਹਾਂ ਨੂੰ ਇਹ ਅਧਿਕਾਰ ਨਹੀਂ ਦੇਂਦਾ ਕਿ ਉਹ ਆਪਣੇ ਅਕੀਦੇ ਨੂੰ ਮੇਰੇ ਉੱਤੇ ਥੋਪਣ। ਤਾਂ ਵੀ, ਗ਼ੈਬੀ ਦੁਨੀਆ ਵਿਚ ਉਨ੍ਹਾਂ ਦੀ ਏਨੀ ਸ਼ਰਧਾ ਜਾਂ ਝੁਕਾਅ ਨੂੰ ਦੇਖਦਿਆਂ ਕਦੇ ਕਦੇ ਘੁਟਣ ਜਿਹੀ ਮਹਿਸੂਸ ਹੁੰਦੀ ਹੈ। ਜਦੋਂ ਇਹ ਦੁਨੀਆ ਅਨਿਆਂ ਨਾਲ ਭਰੀ ਹੋਈ ਹੈ, ਆਪਣਾ ਅੱਗਾ ਸੰਵਾਰਨ ਵੱਲ ਉਨ੍ਹਾਂ ਦੀ ਇਹ ਲਿਲ੍ਹ ਕੁਝ ਸੁਆਰਥੀ ਜਾਪਦੀ ਹੈ। ਲੋੜ ਤਾਂ ਇਸ ਵੇਲੇ, ਏਥੇ ਹੀ, ਏਸੇ ਦੁਨੀਆ ਵਿਚ ਕੁਝ ਅਮਲੀ ਕੰਮ ਕਰਨ ਦੀ ਹੈ।
w ਉਮਰ ਦੀ ਇਸ ਸ਼ਿੱਦਤੀ ਨਾਸਤਕਤਾ ਨੂੰ ਦੇਖਦਿਆਂ ਮੇਰੇ ਮੂੰਹੋਂ ਆਪਮੁਹਾਰੇ ਹੀ ਨਿਕਲ ਜਾਂਦਾ ਹੈ, ‘‘ਤੇਰੇ ਵਾਂਗ ਮੈਂ ਵੀ ਨਾਸਤਕ ਹਾਂ, ਪਰ ਮੇਰਾ ਰਾਹ ਸੌਖੇਰਾ ਸੀ, ਕਿਉਂਕਿ ਮੇਰਾ ਬਾਪ ਵੀ ਨਾਸਤਕ ਸੀ, ਸੋ ਮੈਂ ਤਾਂ ਜਮਾਂਦਰੂ ਨਾਸਤਕ ਹਾਂ। ਪਰ ਤਾਂ ਵੀ ਕਦੇ ਕਦੇ ਮੇਰੇ ਅੰਦਰ, ਭਾਵੇਂ ਗ਼ੈਰ-ਰਵਾਇਤੀ ਢੰਗ ਨਾਲ ਹੀ ਸਹੀ, ਆਪਣੇ ਸਿੱਖ ਪਿਛੋਕੜ ਨੂੰ ਖੁੱਲ੍ਹ ਕੇ ਨਸ਼ਰ ਕਰਨ ਦੀ ਭਾਵਨਾ ਜਾਗ ਪੈਂਦੀ ਹੈ। ਖ਼ਾਸ ਕਰਕੇ ਉਦੋਂ ਜਦੋਂ ਮੈਨੂੰ ਜਾਪੇ ਕਿ ਕੁਝ ਲੋਕਾਂ ਦੀ ਮੂਰਖਤਾ ਕਾਰਨ ਸਾਰੇ ਭਾਈਚਾਰੇ ਨੂੰ ਹੀ ਤੁਅੱਸਬ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਹ ਗੱਲ ਦਾ ਝਾਉਲਾ ਮੈਂ ਰਿਹਾਈ ਤੋਂ ਬਾਦ ਦੇ ਤੇਰੇ ਇਕ ਕਥਨ ਵਿਚ ਵੀ ਦੇਖਿਆ ਹੈ ਕਿ ਸ਼ੁਰੂ ਵਿਚ ਤਾਂ ਤੂੰ ਤਫ਼ਤੀਸ਼ੀਆਂ ਨੂੰ ਕਹਿੰਦਾ ਰਿਹਾ ਕਿ ਤੂੰ ਨਾਸਤਕ ਹੈਂ, ਪਰ ਫੇਰ ਤੈਨੂੰ ਖਿਆਲ ਆਇਆ ਕਿ ਇਸ ਗੱਲ ਉੱਤੇ ਏਨਾ ਜ਼ੋਰ ਦੇਣਾ ਵੀ ਸ਼ਾਇਦ ਠੀਕ ਨਹੀਂ। ਜੇਕਰ ਤੂੰ ਆਸਤਕ ਮੁਸਲਮਾਨ ਹੁੰਦਾ, ਜਾਂ ਦਾੜ੍ਹੀ-ਟੋਪੀ ਵਾਲਾ ਮੁਸਲਮਾਨ ਹੁੰਦਾ ਤਾਂ ਵੀ ਤੈਨੂੰ ਆਪਣੇ ਸਿਆਸੀ ਨਜ਼ਰੀਏ ਨੂੰ ਪੇਸ਼ ਕਰਨ ਦਾ ਹੱਕ ਹੋਣਾ ਹੀ ਚਾਹੀਦਾ ਹੈ। ਸੋ ਇਕ ਕਿਸਮ ਨਾਲ ਤੇਰੇ ਇਸ ਜੇਲ੍ਹ-ਵਾਸ ਨੇ ਤੈਨੂੰ ਇਕ ਪੂਰਾ ਚੱਕਰ ਕਟਾਇਆ ਹੈ। ਜੇ ਬਤੌਰ ਸਰਗਰਮ ਸਿਆਸੀ ਵਿਦਿਆਰਥੀ ਤੂੰ ਆਪਣੀ ਭਾਈਚਾਰਕ ਪਛਾਣ ਨੂੰ ਲਾਂਭੇ ਕਰ ਛੱਡਿਆ ਸੀ ਤਾਂ ਹੁਣ ਉਸੇ ਪਛਾਣ ਨਾਲ ਜੋੜ ਕੇ ਤੇਰੇ ਉੱਤੇ ਹੋਏ ਹਮਲਿਆਂ ਨੇ ਤੈਨੂੰ ਆਪਣੇ ਭਾਈਚਾਰੇ ਦੀਆਂ ਸਮੱਸਿਆਂਵਾਂ ਅਤੇ ਉਸਦੇ ਪਛਾਣ-ਚਿਨ੍ਹਾਂ ਬਾਰੇ ਮੁੜ ਸੋਚਣ ਲਈ ਉਕਸਾਇਆ ਹੈ।’’
ਜਿਹਲ-ਵਾਸ, ਅਤੇ ਬਤੌਰ ਮੁਸਲਮਾਨ ਮੇਰੇ ਉੱਤੇ ਉਛਾਲੇ ਗਏ ਚਿੱਕੜ ਨੇ ਇਸ ਗੱਲ ਬਾਰੇ ਸ਼ਿੱਦਤ ਨਾਲ ਅਹਿਸਾਸ ਤਾਂ ਕਰਾਇਆ ਪਰ ਇਨ੍ਹਾਂ ਗੱਲਾਂ ਬਾਰੇ ਸੋਚਣਾ ਮੈਂ ਉਦੋਂ ਤੋਂ ਹੀ ਸ਼ੁਰੂ ਕਰ ਦਿੱਤਾ ਸੀ ਜਦੋਂ ਤੋਂ ਮੈਂ ਮਾਰਕਸਵਾਦੀ ਨਜ਼ਰੀਆ ਅਪਣਾਇਆ। ਇਤਿਹਾਸਕ ਤੌਰ ’ਤੇ ਦੇਖੀਏ ਕਿ ਭਾਰਤ ਦਾ ਮੁਸਲਮਾਨ ਭਾਈਚਾਰਾ ਕਿੱਥੇ ਖੜ੍ਹਾ ਦਿਸਦਾ ਹੈ, ਉਨ੍ਹਾਂ ਦੇ ਸਨਮੁਖ ਕਿਹੜੀਆਂ ਸਮੱਸਿਆਵਾਂ ਹਨ? ਜਦੋਂ ਮੈਂ ਨਾਸਤਕਤਾ ਦੀ ਰਾਹ ਵੱਲ ਵਧ ਰਿਹਾ ਸਾਂ, ਮੈਨੂੰ ਆਪਣੇ ਭਾਈਚਾਰੇ ਵੱਲ ਦੇਖ ਕੇ ਖਿਝ ਆਉਂਦੀ ਸੀ ਕਿ ਇਹ ਆਪਣੀ ਬਿਹਤਰੀ ਬਾਰੇ ਨਹੀਂ ਸੋਚ ਰਿਹਾ ਸਗੋਂ ਇਕ ਮੂਲਵਾਦੀ ਜਿਲ੍ਹਣ ਵਿਚ ਫਸਿਆ ਹੋਇਆ ਹੈ ਜਿਸ ਨੇ ਇਸ ਨੂੰ ਕਿਸੇ ਪਾਸੇ ਨਹੀਂ ਲੱਗਣ ਦੇਣਾ। ਪਰ ਆਪਣੇ ਮਾਰਕਸੀ ਸਾਥੀਆਂ ਨਾਲ ਗੱਲਬਾਤ ਦੌਰਾਨ ਮੈਂ ਰਤਾ ਹੋਰ ਢੰਗ ਨਾਲ ਪੜਚੋਲਣਾ ਸਿੱਖਿਆ ਤੇ ਇਹ ਜਾਣਿਆ ਕਿ ਮੈਂ ਸਿੱਧੜ ਜਿਹਾ ਵਿਸ਼ਲੇਸ਼ਣ ਕਰ ਰਿਹਾ ਸਾਂ। ਇਹ ਸਮਝਣ ਦੀ ਲੋੜ ਹੈ ਕਿ ਅਜਿਹੀ ਮਾਨਸਿਕਤਾ ਕਿਵੇਂ ਪੈਦਾ ਹੁੰਦੀ ਜਾਂ ਕੀਤੀ ਜਾਂਦੀ ਹੈ।
ਮੇਰੇ ਨਾਨਾ ਜੀ 70ਵਿਆਂ ਵਿਚ ਉੱਤਰ ਪ੍ਰਦੇਸ਼ ਤੋਂ ਉੱਠ ਕੇ ਜਾਮੀਆ ਨਗਰ ਆਣ ਵਸੇ ਸਨ। ਉਦੋਂ ਏਥੇ ਗਿਣ ਕੇ ਚਾਰ ਘਰ ਹੁੰਦੇ ਸਨ, ਉਨ੍ਹਾਂ ਦੇ ਘਰ ਦੇ ਐਨ ਪਿੱਛੇ ਜਮਨਾ ਵਗਦੀ ਸੀ। ਪਰ ਹੁਣ ਇਸ ਕਾਲੋਨੀ ਦੀ ਆਬਾਦੀ ਲੱਖਾਂ ਵਿਚ ਹੈ। ਇਨ੍ਹਾਂ ਸਾਲਾਂ ਵਿਚ ਇਹ ਏਡੀ ਵੱਡੀ ਮੁਸਲਮਾਨਾਂ ਦੀ ਨਿਖੇੜ-ਬਸਤੀ ਕਿਵੇਂ ਬਣ ਗਈ? 1984 ਦੇ ਸਿੱਖ-ਵਿਰੋਧੀ ਘਾਣ ਨੇ ਦਿੱਲੀ ਦੇ ਮੁਸਲਮਾਨਾਂ ਨੂੰ ਵੀ ਬਹੁਤ ਕੰਬਾਇਆ। ਉਦੋਂ ਰਾਮ ਜਨਮ ਭੂਮੀ ਦੀ ਮੁਹਿੰਮ ਪੱਲਰ ਰਹੀ ਸੀ, ਅਡਵਾਨੀ ਦੀ ਰਥ ਯਾਤਰਾ ਹੋਈ, ਆਰ.ਐੱਸ.ਐੱਸ. ਵੱਲੋਂ ਰਾਮ ਮੰਦਰ ਦੇ ਮੁੱਦੇ ਨੂੰ ਉਛਾਲਿਆ ਜਾ ਰਿਹਾ ਸੀ। ਤੇ ਮੇਰੀ ਮਾਂ, ਮੇਰਾ ਨਾਨਾ ਮੈਨੂੰ ਦੱਸਦੇ ਹਨ ਕਿ ਜੋ ਕੁਝ ਸਿੱਖਾਂ ਨਾਲ ਹੋਇਆ, ਉਸ ਨੂੰ ਦੇਖ ਕੇ ਉਹ ਸੋਚਣ ਲੱਗ ਪਏ ਕਿ ਇਹ ਸਭ ਤਾਂ ਸਾਡੇ ਨਾਲ ਵੀ ਹੋ ਸਕਦਾ ਹੈ। ਸੋ ਇਹ ਇਲਾਕਾ ਹੋਰ ਤੋਂ ਹੋਰ ਭਰਨ ਲੱਗਾ। ਬਾਬਰੀ ਮਸਜਿਦ ਦੇ ਢਹਿਣ ਮਗਰੋਂ ਤਾਂ ਹੋਰ ਵੀ ਤੇਜ਼ੀ ਨਾਲ। ਮੁਸਲਮਾਨ ਮਨਾਂ ਵਿਚ ਖ਼ੌਫ਼ ਬੈਠ ਗਿਆ। ਤੇ ਫੇਰ ਗੁਜਰਾਤ ਦੇ ਫ਼ਸਾਦ ਹੋਏ। ਜਾਪਣ ਲੱਗ ਪਿਆ ਕਿ ਮੁਸਲਮਾਨਾਂ ਦੇ ਇਕੱਠਿਆਂ ਰਹਿਣ ਵਿਚ ਹੀ ਭਲਾ ਹੈ। ਇੰਜ ਖ਼ਤਰਾ ਘਟ ਜਾਂਦਾ ਹੈ। ਜਾਮੀਆ ਨਗਰ ਦੇ ਨਾਲ ਹੀ ਨਿਊ ਫ਼੍ਰੈਂਡਜ਼ ਕਾਲੋਨੀ ਦਾ ਅਮੀਰ ਇਲਾਕਾ ਹੈ। ਜਾਮੀਆ ਦੇ ਕਈ ਬਾਸ਼ਿੰਦੇ ਓਥੇ ਰਹਿਣ ਦੀ ਪੁੱਜਤ ਰੱਖਦੇ ਹਨ ਪਰ ਏਥੇ ਰਹਿ ਕੇ ਉਹ ਸੁਰੱਖਿਅਤ ਮਹਿਸੂਸ ਕਰਦੇ ਹਨ। ਉਹ ਸੋਚਦੇ ਹਨ ਕਿ ਗਰੀਬੜਾ ਹੀ ਸਹੀ, ਪਰ ਸੁਰੱਖਿਅਤ ਇਲਾਕਾ ਤਾਂ ਹੈ। ਮੈਂ ਇਕ ਜਾਮੀਆ ਨਗਰ ਦੀ ਮਿਸਾਲ ਦਿੱਤੀ ਹੈ, ਇਹੋ ਜਿਹੀਆਂ ਮਿਸਾਲਾਂ ਥਾਂ ਥਾਂ ਮਿਲ ਜਾਣਗੀਆਂ। ਹੁਣ, ਏਥੇ ਪਲਣ-ਵਿਗਸਣ ਵਾਲੇ ਨੌਜਵਾਨ ਵੱਲ ਧਿਆਨ ਮਾਰੀਏ: ਉਸਦੀਆਂ ਸਾਰੀਆਂ ਸਮਾਜਿਕ ਅਤੇ ਭਾਈਚਾਰਕ ਸਾਂਝਾਂ ਆਪਣੇ ਮਜ਼ਹਬੀ ਭਰਾਵਾਂ ਦੇ ਘੇਰੇ ਤਕ ਸੀਮਤ ਹਨ। ਉੱਤੋਂ, ਕਿਤੋਂ ਨਾ ਕਿਤੋਂ ਖਬਰ ਆ ਜਾਂਦੀ ਹੈ ਕਿ ਮੁਸਲਮਾਨਾਂ ਉੱਤੇ ਏਥੇ ਜਾਂ ਓਥੇ ਹਮਲਾ ਹੋਇਆ। ਇਹ ਸਭ ਕੁਝ ਉਨ੍ਹਾਂ ਨੂੰ ਆਪਣੀ ਮੁਸਲਮਾਨ ਵਜੋਂ ਪਛਾਣ ਪ੍ਰਤੀ ਹੋਰ ਸੁਚੇਤ ਕਰਦਾ ਹੈ, ਉਸ ਦੀ ਛਾਪ ਨੂੰ ਹੋਰ ਡੂੰਘਿਆਂ ਕਰਦਾ ਹੈ। ਸੋ ਮੁਸਲਿਮ ਭਾਈਚਾਰੇ ਵਿਚ ਧਾਰਮਿਕਤਾ ਦੇ ਇਸ ਸੰਘਣੇ ਪੱਧਰ ਨੂੰ ਇਸ ਇਤਿਹਾਸਕ ਪਿਛੋਕੜ ਵਿਚ ਰੱਖ ਕੇ ਦੇਖਣਾ ਸਮਝਣਾ ਚਾਹੀਦਾ ਹੈ। ਉਨ੍ਹਾਂ ਨੂੰ ਮੂਲਵਾਦੀ ਕਹਿ ਕੇ ਭੰਡਣ ਦੀ ਥਾਂ ਸਮਝਣਾ ਚਾਹੀਦਾ ਹੈ ਕਿ ਇਤਿਹਾਸ ਨੇ ਉਨ੍ਹਾਂ ਨੂੰ ਘੜਿਆ ਕਿਵੇਂ ਹੈ। ਹਰ ਮਨੁੱਖ ਇਤਿਹਾਸ ਨੂੰ ਆਪਣੇ ਨਾਲ ਲੈ ਕੇ ਤੁਰਦਾ ਹੈ, ਇਹ ਇਤਿਹਾਸ ਅੰਤਰਮੁਖੀ ਹੋ ਸਕਦਾ ਹੈ, ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੋ ਸਕਦਾ ਹੈ, ਪਰ ਉਹ ਆਮ ਆਦਮੀ ਦੇ ਅੰਦਰ ਰਸਿਆ ਹੁੰਦਾ ਹੈ। ਜਿਵੇਂ ਇਸਲਾਮ ਖ਼ਤਰੇ ਵਿਚ ਹੈ, ਮੁਸਲਮਾਨ ਖ਼ਤਰੇ ਵਿਚ ਹਨ, ਵਗੈਰਾ। ਇਨ੍ਹਾਂ ਹੀ ਗੱਲਾਂ ਨੂੰ ਤਾਲਿਬਾਨੀ, ਜਿਹਾਦੀ ਕਿਸਮ ਦੇ ਲੋਕ ਸਿਆਸਤ ਕਰਨ ਲਈ ਵਰਤਦੇ ਹਨ। ਪਰ ਅਸਰਦਾਰ ਢੰਗ ਨਾਲ ਦਖਲਅੰਦਾਜ਼ੀ ਕਰਨ ਲਈ ਖੱਬੀਆਂ ਧਿਰਾਂ ਨੂੰ ਵੀ ਮੁਸਲਮਾਨਾਂ ਦੀ ਇਸ ਦੁਵਿਧਾਜਨਕ ਸਥਿਤੀ ਨੂੰ ਸਮਝਣਾ ਪਵੇਗਾ। ਕੋਈ ਵਿਰਲਾ ਮਨੁੱਖ ਹੀ ਆਪਣੀ ਮੂਲ ਧਾਰਮਿਕ ਪਛਾਣ ਤੋਂ ਉਤਾਂਹ ਉੱਠ ਕੇ ਸੋਚ-ਵਿਚਰ ਸਕਦਾ ਹੈ। ਮੈਨੂੰ ਜਾਪਿਆ ਸੀ ਕਿ ਮੈਂ ਉਸ ਪੜਾਅ ਨੂੰ ਪਾਰ ਕਰ ਚੁੱਕਾ ਹਾਂ। ਕਿਉਂਕਿ ਮੈਂ ਮੁਸਲਮਾਨਾਂ ਦੇ ਮੁੱਦਿਆਂ ਨੂੰ ਮੁਸਲਮਾਨ ਨਹੀਂ ਮਾਰਕਸੀ ਦ੍ਰਿਸ਼ਟੀਕੋਣ ਤੋਂ ਦੇਖਦਾ ਸਾਂ। ਕਸ਼ਮੀਰ ਦਾ ਮੁੱਦਾ ਮੇਰੇ ਲਈ ਮੁਸਲਮਾਨਾਂ ਦਾ ਨਹੀਂ, ਮਾਰਕਸੀ ਦ੍ਰਿਸ਼ਟੀਕੋਣ ਤੋਂ ਦੇਖਦਿਆਂ ਮਨੀਪੁਰ ਜਾਂ ਨਾਗਾਲੈਂਡ ਦੇ ਮੁੱਦਿਆਂ ਨਾਲ ਵਧੇਰੇ ਜੁੜਦਾ ਹੈ। ਇਸਦਾ ਹਿੰਦੋਸਤਾਨ ਦੇ ਮੁਸਲਮਾਨਾਂ ਦੀਆਂ ਸਮੱਸਿਆਵਾਂ ਨਾਲ ਕੋਈ ਸਿੱਧਾ ਸਬੰਧ ਨਹੀਂ ਸਗੋਂ ਦੂਰ ਪੂਰਬ ਦੇ ਰਾਜਾਂ ਦੀਆਂ ਸਮੱਸਿਆਵਾਂ ਨਾਲ ਹੈ।
ਪਰ ਜਿਵੇਂ ਕਿ ਤੁਸੀਂ ਕਿਹਾ ਹੈ, ਮੈਂ ਹੁਣ ਇਕ ਪੂਰਾ ਚੱਕਰ ਕੱਟ ਲਿਆ ਹੈ। ਕਿਉਂਕਿ ਇਨ੍ਹਾਂ ਦਿਨਾਂ ਦੀ ਘਟਨਾਵਾਂ ਦੌਰਾਨ ਮੈਨੂੰ ਮੇਰੀ ਬਤੌਰ ਮੁਸਲਮਾਨ ਪਛਾਣ ’ਤੇ ਹੀ ਸੀਮਤ ਕਰ ਕੇ ਰੱਖ ਦਿੱਤਾ ਗਿਆ। ਸੋ ਮੈਨੂੰ ਉਸ ਪਛਾਣ ਤੋਂ ਵੀ ਇਨਕਾਰੀ ਨਹੀਂ ਹੋਣਾ ਚਾਹੀਦਾ। ਨਾਲ ਹੀ ਮੁਸਲਮਾਨਾਂ ਨੂੰ ਇਹ ਵੀ ਸਮਝਣਾ ਪਵੇਗਾ ਕਿ ਜੇਕਰ ਦਲਿਤਾਂ ਅਤੇ ਆਦਿਵਾਸੀਆਂ ਵਾਂਗ, ਉਹ ਆਪਣੇ ਸੰਘਰਸ਼ ਸਿਰਫ਼ ਆਪਣੇ ਹੀ ਭਾਈਚਾਰੇ ਦੀ ਬਿਹਤਰੀ ਲਈ ਜਾਰੀ ਰੱਖਣਗੇ ਤਾਂ ਇਹ ਉਨ੍ਹਾਂ ਲਈ ਤ੍ਰਾਸਦੀ ਹੋ ਨਬਿੜੇਗੀ। ਇਸ ਸਮੇਂ ਲੜਾਈ ਫ਼ਾਸ਼ੀਵਾਦ ਨਾਲ ਹੈ, ਇਨ੍ਹਾਂ ਅੱਡੋ-ਅੱਡ ਲਿਤਾੜੀਆਂ ਜਾਂਦੀਆਂ ਜਮਾਤਾਂ ਵਿਚਲਾ ਪਾੜਾ ਸਾਰਿਆਂ ਲਈ ਘਾਤਕ ਸਿੱਧ ਹੋਵੇਗਾ। ਇਸ ਪਾੜੇ ਨੂੰ ਮੇਟਣ ਨੂੰ ਪਹਿਲ ਦੇਣੀ ਚਾਹੀਦੀ ਹੈ। ਖੱਬੀਆਂ ਧਿਰਾਂ ਨੂੰ ਵੀ ਆਪਣੀ ਨਿਰੋਲ ਆਰਥਕਤਾ-ਮੁਖੀ ਸਮਝ ਤੋਂ ਬਾਹਰ ਨਿਕਲਣ ਦੀ ਲੋੜ ਹੈ। ਭਾਰਤੀ ਸਮਾਜ 19ਵੀਂ ਸਦੀ ਦੇ ਯੋਰਪ ਨਾਲੋਂ ਕਿਤੇ ਵੱਧ ਗੁੰਝਲਦਾਰ ਸਮਾਜ ਹੈ। ਇਹ ਕੋਈ ਸਿੱਧੀ ਜੇਹੀ ਜਮਾਤੀ ਵੰਡ ਨਹੀਂ ਜਿਸ ਵਿਚ ਜਮਾਤੀ ਖਾਸਾ ਆਪਣੇ ਆਪ ਹੀ ਲੋਕਾਂ ਦੀ ਭਾਈਚਾਰਕ ਪਛਾਣ ਉੱਤੇ ਹਾਵੀ ਹੋ ਸਕਣ ਦੇ ਸਮਰੱਥ ਹੋਵੇ। ਇਹ ਦੋਵੇਂ ਇਕ ਦੂਜੇ ਦੇ ਪੂਰਕ ਹਨ, ਇਕ ਦੂਜੇ ਵਿਚ ਰਲਗੱਡ ਹਨ। ਖੱਬੀਆਂ ਧਿਰਾਂ ਨੂੰ ਉਨ੍ਹਾਂ ਸਾਰੇ ਦਮਿਤ ਵਰਗਾਂ ਅਤੇ ਸਮੂਹਾਂ ਨੂੰ ਜੋੜਨ ਦੀ ਲੋੜ ਹੈ ਜੋ ਪਹਿਲੀ ਨਜ਼ਰੇ ਇਕੋ ਜਮਾਤ ਜਾਂ ਕਲਾਸ ਦੇ ਖਾਨੇ ਵਿਚ ਨਹੀਂ ਆਉਂਦੇ ਦਿਸਦੇ, ਪਰ ਜਿਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਇਹ ਹੀ ਉਨ੍ਹਾਂ ਸਭਨਾਂ ਵਿਚਲਾ ਸਾਂਝਾ ਸੂਤਰ ਹੈ।’’
ਇਹ ਉਸ ਲੰਮੀ ਮੁਲਾਕਾਤ ਦਾ ਸਿਰਫ਼ ਇਕ ਹਿੱਸਾ ਹੈ ਜੋ ਸਬੱਬੀਂ 23 ਮਾਰਚ 2016 ਨੂੰ ਹੋਈ ਸੀ: ਸ਼ਹੀਦ ਭਗਤ ਸਿੰਘ ਦੇ 85ਵੇਂ ਸ਼ਹਾਦਤ ਦਿਵਸ ਸਮੇਂ। ਕੁਝ ਇਨ੍ਹਾਂ ਨੌਜਵਾਨਾਂ ਦੇ ਜਜ਼ਬੇ ਅਤੇ ਰੌਸ਼ਨ-ਖਿਆਲੀ ਨੇ, ਤੇ ਕੁਝ ਉਸ ਇਤਿਹਾਸਕ ਦਿਹਾੜੇ ਦੀ ਮਹੱਤਤਾ ਨੇ ਮੈਨੂੰ ਜਜ਼ਬਾਤੀ ਜਿਹਾ ਕਰ ਦਿੱਤਾ ਸੀ, ਤੇ ਵਿਦਾ ਲੈਣ ਤੋਂ ਪਹਿਲਾਂ ਮੈਂ ਦੋਹਾਂ (ਉਮਰ ਤੇ ਅਨਿਰਬਾਨ) ਨੂੰ ਮੁਖਾਤਬ ਹੁੰਦਿਆਂ ਕਿਹਾ ਸੀ: ‘‘ਮੈਂ ਆਪਣੀ ਪੂਰੀ ਪੀੜ੍ਹੀ ਵੱਲੋਂ ਤੁਹਾਡੇ ਕੋਲੋਂ ਮੁਆਫ਼ੀ ਮੰਗਦਾ ਹਾਂ। ਸਾਡੇ ਪੁਰਖਿਆਂ ਦੀ ਪੀੜ੍ਹੀ ਨੇ ਸਾਨੂੰ ਆਜ਼ਾਦ ਭਾਰਤ ਦਿੱਤਾ, ਪਰ ਮੇਰੀ ਪੀੜ੍ਹੀ ਇਹ ਵੀ ਨਾ ਕਰ ਸਕੀ ਕਿ ਅਸੀਂ ਉਸ ਆਜ਼ਾਦ ਮੁਲਕ ਨੂੰ ਤੁਹਾਡੇ ਵਰਗੇ ਨੌਜੁਆਨਾਂ ਲਈ ਸੁਰੱਖਿਅਤ ਤੇ ਖੁਲ੍ਹ-ਖਿਆਲਾ ਬਣਾ ਕੇ ਰੱਖ ਸਕਦੇ। ਮੇਰੀ ਪੀੜ੍ਹੀ ਤੁਹਾਡੀ ਗੁਨਾਹਗਾਰ ਹੈ।’’
ਅੱਜ ਉਮਰ ਮੁੜ ਹਿਰਾਸਤ ਹੇਠ ਹੈ, ਤੇ ਅੱਜ ਮੈਂ ਹੋਰ ਵੀ ਸ਼ਰਮਸਾਰ ਹਾਂ।
ਸੰਪਰਕ: 93162-02025