ਮਨਦੀਪ ਰਿੰਪੀ
ਬਿੰਦੀ ਦੌੜ ਰਿਹਾ ਸੀ। ਬਹੁਤ ਤੇਜ਼ ਹਨੇਰੀ ਵਾਂਗੂੰ ਤੇ ਉਸ ਦਾ ਦਿਲ ਵੀ ਉਸੇ ਰਫ਼ਤਾਰ ਨਾਲ ਧੜਕ ਰਿਹਾ ਸੀ। ਜਦੋਂ ਸਰੀਰ ਹੋਰ ਭੱਜਣ ਤੋਂ ਜੁਆਬ ਦੇ ਗਿਆ ਉਹ ਹੰਭ ਕੇ ਡਿੱਗ ਪਿਆ। ਉਸ ਨੇ ਹਾਲੇ ਹੋਰ ਭੱਜਣਾ ਸੀ ਪਰ ਭੱਜ ਨਾ ਸਕਿਆ। ਚਾਰੇ ਪਾਸੇ ਫੈਲੀ ਹਨੇਰੇ ਦੀ ਕਾਲਖ ਉਸ ਨੂੰ ਸ਼ਮਸ਼ਾਨ ਨਾਲੋਂ ਵੀ ਡਰਾਉਣੀ ਜਾਪ ਰਹੀ ਸੀ। ਉਹ ਥੋੜ੍ਹੀ ਦੇਰ ਧਰਤੀ ’ਤੇ ਅੱਖਾਂ ਮੀਟ ਕੇ ਪਿਆ ਰਿਹਾ। ਛੇਤੀ ਹੀ ਨੀਂਦ ਨੇ ਉਸ ਨੂੰ ਆਪਣੀ ਬੁੱਕਲ ਵਿੱਚ ਕੱਸ ਕੇ ਲਪੇਟ ਲਿਆ। ਜਦੋਂ ਜਾਗ ਖੁੱਲ੍ਹੀ ਤਾਂ ਦੂਰ ਤੱਕ ਹਨੇਰੇ ਤੋਂ ਇਲਾਵਾ ਕੁਝ ਵੀ ਨਹੀਂ ਸੀ ਪਰ ਉਸ ਦਾ ਟੁੱਟਿਆ ਸਰੀਰ ਉਸ ਨੂੰ ਪਹਿਲਾਂ ਨਾਲੋਂ ਸਾਬਤ ਲੱਗ ਰਿਹਾ ਸੀ। ਕਿੰਨੇ ਦਿਨਾਂ ਦਾ ਉਨੀਂਦਰਾ ਸੀ। ਏਸ ਦੋ-ਢਾਈ ਘੰਟਿਆਂ ਦੀ ਨੀਂਦਰ ਨੇ ਉਸ ਦੇ ਸਰੀਰ ਵਿੱਚ ਨਵੀਂ ਜਾਨ ਭਰ ਦਿੱਤੀ। ਉਸ ਦੀਆਂ ਬੁਝੀਆਂ ਅੱਖਾਂ ਮੁੜ ਲਟ-ਲਟ ਬਲਣ ਲੱਗੀਆਂ। ਉਸ ਦੇ ਬੁੱਲ੍ਹਾਂ ’ਤੇ ਮੁਸਕਰਾਹਟ ਫੈਲ ਗਈ ਤੇ ਉਸ ਨੂੰ ਤਸੱਲੀ ਹੋ ਗਈ ਕਿ ਉਹ ਮੂੰਹ ਅੱਡੀ ਖੜ੍ਹੀ ਮੌਤ ਤੋਂ ਬਹੁਤ ਦੂਰ ਹੈ।
ਉਹ ਉੱਠ ਬੈਠਿਆ। ਉਹਨੇ ਆਪਣੇ ਪਿੱਠੂ ਬੈਗ ਵਿੱਚੋਂ ਪਾਣੀ ਦੀ ਬੋਤਲ ਕੱਢ ਕੇ, ਦੋ ਘੁੱਟ ਪਾਣੀ ਪੀਤਾ। ਆਪਣੇ ਹੱਥ ਵਿੱਚ ਫੜੀ ਪਾਣੀ ਦੀ ਬੋਤਲ ਨੂੰ ਘੂਰਦਿਆਂ ਉਹ ਯਾਦਾਂ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗਿਆ। ਜਦੋਂ ਦੀ ਉਹਨੇ ਸੋਝੀ ਸੰਭਾਲੀ ਆਪਣੀਆਂ ਖੁੱਲ੍ਹੀਆਂ ਤੇ ਬੰਦ ਅੱਖਾਂ ਨਾਲ ਇੱਕੋ ਸੁਪਨਾ ਵੇਖਿਆ ਸੀ ਤੇ ਉਸ ਸੁਪਨੇ ਦੀ ਪੂਰਤੀ ਲਈ ਉਸ ਦੀ ਮਾਂ ਹਰ ਘੜੀ ਮੰਨਤਾਂ ਮੰਗਦੀ ਸੀ। ਰੱਬ ਨੇ ਉਹਦੀ ਮਾਂ ਦੀਆਂ ਮੰਨਤਾਂ ਨੂੰ ਛੇਤੀ ਹੀ ਮੰਨ ਲਿਆ ਤੇ ਉਹਦਾ ਸੁਫ਼ਨਾ ਅਸਲੀਅਤ ਬਣ ਉਹਦੇ ਨਾਲ ਤੁਰ ਪਿਆ। ਹੁਣ ਉਹਨੂੰ ਆਪਣਾ ਉਹ ਸੁਪਨਾ ਹੀ ਆਪਣਾ ਵੈਰੀ ਜਾਪਦਾ ਤੇ ਉਹ ਉਸ ਤੋਂ ਖਹਿੜਾ ਛੁਡਾਉਣ ਲਈ ਹੀ ਭੱਜ ਰਿਹਾ ਸੀ।
ਉਸ ਨੂੰ ਮੁੜ-ਮੁੜ ਯਾਦ ਆ ਰਿਹਾ ਸੀ, ਬਚਪਨ ਵਿੱਚ ਮਾਤਾ ਦੇ ਮੇਲੇ ’ਚੋਂ ਖਰੀਦੀ ਖਿਡੌਣਾ ਸਟੇਨਗੰਨ। ਜਦੋਂ ਉਸ ਨੇ ਚਾਈਂ-ਚਾਈਂ ਉਹ ਸਟੇਨਗੰਨ ਖਰੀਦੀ ਤਾਂ ਉਹਦੇ ਦਿਹਾੜੀਦਾਰ ਪਿਓ ਨੇ ਉਹਨੂੰ ਫ਼ੌਜੀ ਵਰਦੀ ਵੀ ਲੈ ਦਿੱਤੀ। ਉਹ ਫ਼ੌਜੀ ਵਰਦੀ ਪਾ ਟੌਹਰ ਨਾਲ ਸਟੇਨਗੰਨ ਚਲਾਉਂਦਾ ਘਰ ਦੇ ਵਿਹੜੇ ਵਿੱਚ ਠਾਹ-ਠੂਹ ਦੀਆਂ ਆਵਾਜ਼ਾਂ ਕੱਢਦਾ ਬਾਘੀਆਂ ਪਾਉਂਦਾ ਰਹਿੰਦਾ। ਬੇਬੇ-ਬਾਪੂ ਆਪਣੇ ਪੋਤੇ ਨੂੰ ਵੇਖ ਲੱਖਾਂ ਅਸੀਸਾਂ ਦਿੰਦੇ ਤੇ ਉਸ ਮਾਲਕ ਦਾ ਸ਼ੁਕਰ ਕਰਦੇ। ਫ਼ੌਜੀ ਵਰਦੀ ’ਚ ਵੇਖ ਸਾਰੇ ਉਸ ਨੂੰ ਲਾਡ ਨਾਲ ਫ਼ੌਜੀ ਆਖਣ ਲੱਗੇ। ਫ਼ੌਜੀ ਸ਼ਬਦ ਉਸ ਦੇ ਮਨ ਦੀ ਸਲੇਟ ’ਤੇ ਹਮੇਸ਼ਾਂ ਲਈ ਉੱਘੜ ਗਿਆ।
ਜਦੋਂ ਸਕੂਲ ਵਿੱਚ ਦਾਖ਼ਲ ਹੋਇਆ ਤਾਂ ਜੇਕਰ ਕੋਈ ਪੁੱਛਦਾ, ‘‘ਤੂੰ ਵੱਡਾ ਹੋ ਕੇ ਕੀ ਬਣਨਾ?’’ ਤਾਂ ਹਮੇਸ਼ਾਂ ਸਿਰ ਮਾਰਦਾ ਹੋਇਆ ਆਖਦਾ, ‘‘ਫ਼ੌਜੀ! ਮੇਰੇ ਕੋਲ ਫ਼ੌਜੀ ਵਰਦੀ ਵੀ ਹੈ ਤੇ ਗੰਨ ਵੀ। ਮੈਂ ਦੁਸ਼ਮਣ ਨੂੰ ਠਾਹ ਠਾਹ ਕਰ ਕੇ ਮਾਰੂੰ।’’
ਸਮੇਂ ਦੇ ਨਾਲ-ਨਾਲ ਫ਼ੌਜੀ ਬਣਨ ਦੀ ਇੱਛਾ ਰੂਹ ’ਤੇ ਭਾਰੂ ਹੋਣ ਲੱਗੀ। ਜਦੋਂ ਚਿਹਰੇ ’ਤੇ ਮੁੱਛਾਂ ਫੁੱਟਣ ਲੱਗੀਆਂ ਤਾਂ ਭਰਤੀ ਹੋਣ ਦੀਆਂ ਰੀਝਾਂ ਹੋਰ ਵੀ ਵੱਧ ਹੁਲਾਰੇ ਮਾਰਨ ਲੱਗੀਆਂ। ਸੁਵੱਖਤੇ ਉੱਠ ਖੇਤਾਂ ਦੀ ਵਹੀ ਤੋਂ ਦੌੜਾਂ ਲਾਉਂਦਾ ਹੋਇਆ, ਨਹਿਰ ਕਿਨਾਰੇ ਤਕ ਅੱਪੜਦਾ, ਪਤਾ ਨਹੀਂ ਫ਼ੌਜੀ ਭਰਤੀ ਹੋਣ ਦੇ ਕਿੰਨੇ ਕੁ ਸੁਪਨੇ ਘੜਨ ਲੱਗਦਾ।
ਉਹ ਆਪਣੇ ਪਿੰਡ ਪੈਨਸ਼ਨ ਆਏ ਬੰਤ ਸੂਬੇਦਾਰ ਨੂੰ ਵੇਖਦਾ ਤੇ ਆਪ ਵੀ ਉਹਦੇ ਵਰਗਾ ਬਣਨਾ ਲੋਚਦਾ। ਫ਼ੌਜ ਵਿੱਚ ਬੰਤ ਸੂਬੇਦਾਰ ਦੀ ਬਾਂਹ ਕੱਟੀ ਗਈ ਸੀ ਪਰ ਫੇਰ ਵੀ ਉਹਦਾ ਪਿੰਡ ਦੇ ਸਾਰੇ ਸਾਬਤਿਆਂ ਨਾਲੋਂ ਕਿਤੇ ਵੱਧ ਮਾਣ ਇੱਜ਼ਤ ਸੀ। ਪਿੰਡ ਦਾ ਕੋਈ ਵੀ ਕੰਮ ਉਹਦੇ ਸਲਾਹ-ਮਸ਼ਵਰੇ ਤੋਂ ਬਿਨਾਂ ਸਿਰੇ ਨਹੀਂ ਸੀ ਚੜ੍ਹਦਾ। ਬਿੰਦੀ ਨੂੰ ਯਾਦ ਹੈ ਕਿ ਬੰਤ ਸੂਬੇਦਾਰ ਜਦੋਂ ਛੁੱਟੀ ਆਉਂਦਾ ਹੁੰਦਾ ਸੀ ਤਾਂ ਕਿਵੇਂ ਰੇਡੀਓ ਕੰਨ ਨਾਲ ਲਾ ਕੇ ਘੁੰਮਦਾ ਤੇ ਸੱਥ ਵਿੱਚ ਬਹਿ ਫ਼ੌਜ ਦੀਆਂ ਗੱਲਾਂ ਸੁਣਾਉਂਦਾ। ਨਿਆਣੇ-ਸਿਆਣੇ ਬੜੇ ਸ਼ੌਕ ਨਾਲ ਉਹਦੀਆਂ ਗੱਲਾਂ ਸੁਣਨ ਲਈ ਉਹਦੇ ਆਲੇ-ਦੁਆਲੇ ਆਣ ਬੈਠਦੇ। ਉਹ ’ਕੱਲੇ-’ਕੱਲੇ ਨੂੰ ਘਰ ਜਾ ਕੇ ਮਿਲਦਾ ਤੇ ਖ਼ਬਰਸਾਰ ਲੈਣਾ ਕਦੇ ਨਾ ਭੁੱਲਦਾ। ਉਹਦੀ ਵਹੁਟੀ ਬਚਨੀ ਦੇ ਚਿਹਰੇ ’ਤੇ ਉਦੋਂ ਵੱਖਰਾ ਹੀ ਨੂਰ ਹੁੰਦਾ ਪਰ ਜਦੋਂ ਛੁੱਟੀ ਖ਼ਤਮ ਹੁੰਦਿਆਂ ਉਹ ਡਿਊਟੀ ’ਤੇ ਪਰਤਦਾ ਤਾਂ ਮੁੜ ਬਚਨੀ ਦਾ ਚਿਹਰਾ ਮੁਰਝਾਇਆ ਜ਼ਰਦ ਪੱਤੇ ਵਰਗਾ ਹੋ ਜਾਂਦਾ।
ਬਿੰਦੀ ਨੂੰ ਬੰਤ ਸੂਬੇਦਾਰ ਦੇ ਛੁੱਟੀ ਆਉਣ ਦਾ ਕੁਝ ਜ਼ਿਆਦਾ ਹੀ ਚਾਅ ਹੁੰਦਾ। ਉਹ ਮੁੜ-ਮੁੜ ਉਹਦੇ ਘਰ ਗੇੜੇ ਮਾਰਦਾ ਰਹਿੰਦਾ ਤੇ ਲੜਾਈ ਦੀਆਂ ਗੱਲਾਂ ਸੁਣਦਾ। ਉਹ ਜਦੋਂ ਉਡਾਰ ਹੋਇਆ ਤਾਂ ‘ਬਾਰਡਰ’ ਵਰਗੀਆਂ ਫ਼ਿਲਮਾਂ ਵੇਖਦਾ ਤੇ ਉਹ ਦ੍ਰਿਸ਼ ਉਹਦੀਆਂ ਅੱਖਾਂ ਮੂਹਰੇ ਘੁੰਮਦੇ ਰਹਿੰਦੇ।
ਬੰਤ ਸੂਬੇਦਾਰ ਵੀ ਉਹਦਾ ਬਹੁਤ ਮੋਹ ਕਰਦਾ। ਸ਼ਾਇਦ ਆਪਣੇ ਪੁੱਤਾਂ ਨਾਲੋਂ ਵੀ ਵੱਧ। ਉਹਦੇ ਚਾਰ ਪੁੱਤਰਾਂ ’ਚੋਂ ਕੋਈ ਵੀ ਫ਼ੌਜ ’ਚ ਭਰਤੀ ਨਹੀਂ ਸੀ ਹੋਣਾ ਚਾਹੁੰਦਾ।
ਉਹਦੇ ਪੁੱਤ ਅਕਸਰ ਆਖਦੇ, ‘‘ਆਪਣੇ ਫ਼ੌਜੀ ਪਿਓ ਨੂੰ ਵੇਖ ਕੇ ਸਾਡਾ ਚਾਅ ਤਾਂ ਲੱਥ ਗਿਆ ਭਰਤੀ ਹੋਣ ਦਾ… ਅਸੀਂ ਤਾਂ ਨਈਂ ਜਾਂਦੇ ਫ਼ੌਜ ’ਚ… ਪੰਜੀਂ-ਛੇਈਂ ਮਹੀਨਿਆਂ ਮਗਰੋਂ ਜਦੋਂ ਸਾਡਾ ਪਿਉ ਫ਼ੌਜ ’ਚੋਂ ਛੁੱਟੀ ਆਉਂਦਾ ਸੀ, ਉਦੋਂ ਵੀ ਚਿੰਤਾ ਵੱਢ-ਵੱਢ ਖਾਂਦੀ ਰਹਿੰਦੀ ਸੀ ਕਿ ਪਤਾ ਨਹੀਂ ਡਿਊਟੀ ’ਤੇ ਪਰਤਣ ਲਈ ਕਦੋਂ ਸੁਨੇਹਾ ਆ ਜਾਵੇ! ਜਦੋਂ ਡਿਉੂਟੀ ’ਤੇ ਹੁੰਦਾ ਉਦੋਂ ਵੀ ਜਾਨ ਮੁੱਠੀ ’ਚ ਆਈ ਰਹਿੰਦੀ ਬਾਰਡਰਾਂ ’ਤੇ ਹਮਲਿਆਂ ਦੀਆਂ ਖ਼ਬਰਾਂ ਸੁਣ ਕੇ।’’ ਪਰ ਬਿੰਦੀ ਲਈ ਬੰਤ ਸੂਬੇਦਾਰ ਕਿਸੇ ਫਿਲਮੀ ਹੀਰੋ ਤੋਂ ਘੱਟ ਨਹੀਂ ਸੀ।
ਜਦੋਂ ਬਿੰਦੀ ਫ਼ੌਜ ਵਿੱਚ ਭਰਤੀ ਹੋਇਆ ਉਹਦੀ ਮਾਂ ਨੇ ਰੀਝਾਂ ਨਾਲ ਤੋਰਿਆ ਆਪਣੇ ਪੁੱਤ ਨੂੰ ਫ਼ੌਜ ’ਚ। ਮਾਂ ਨੂੰ ਪੁੱਤ ਦੀਆਂ ਰੀਝਾਂ ਪੂਰੀਆਂ ਹੋਣ ਦਾ ਚਾਅ ਸੀ ਪਰ ਮਾਂ ਦਾ ਦਿਲ ਹਰ ਵੇਲੇ ਕੰਬਦਾ ਰਹਿੰਦਾ, ਆਪਣੇ ਪੁੱਤ ਦੀ ਸਲਾਮਤੀ ਲਈ ਅਰਦਾਸਾਂ ਕਰਦਾ। ਜਦੋਂ ਬਿੰਦੀ ਘਰੋਂ ਤੁਰਿਆ ਤਾਂ ਆਪਣੀਆਂ ਅੱਖਾਂ ਵਿੱਚ ਤਰਦੇ ਅੱਥਰੂਆਂ ਨੂੰ ਮਾਂ ਨੇ ਚੁੰਨੀ ਦੇ ਲੜ ਸਾਂਭ ਲਿਆ ਅਤੇ ਪੁੱਤ ਨੂੰ ਹੱਸ ਕੇ ਵਿਦਾ ਕੀਤਾ।
ਜਦੋਂ ਬਿੰਦੀ ਫ਼ੌਜ ਵਿੱਚ ਪਹੁੰਚਿਆ, ਉਹਨੂੰ ਫੇਰ ਸਮਝ ਆਇਆ ਕਿ ਇੱਕ ਫ਼ੌਜੀ ਹੋਣਾ ਕੀ ਹੁੰਦਾ ਹੈ? ਘਰ ਤੋਂ ਦੂਰ ਰਹਿ ਕੇ ਘਰ ਦੀਆਂ ਯਾਦਾਂ ਹਰ ਵੇਲੇ ਉਹਦੇ ਸੀਨੇ ਵਿੱਚ ਲਟ-ਲਟ ਬਲਦੀਆਂ ਰਹਿੰਦੀਆਂ। ਰਾਤ ਨੂੰ ਉਹ ਜੀਤੀ ਨੂੰ ਮਿਲਣ ਦੇ ਸੁਪਨੇ ਵੇਖਦਾ। ਜੀਤੀ ਉਹਦੇ ਸਰੀਕੇ ’ਚੋਂ ਤਾਏ ਦੀ ਨੂੰਹ ਮਿੰਦੋ ਦੀ ਭੈਣ ਸੀ। ਜੀਤੀ ਜਦੋਂ ਪਿੰਡ ਆਈ ਹੁੰਦੀ ਤਾਂ ਮੁੜ-ਮੁੜ ਆਨੇ-ਬਹਾਨੇ ਬਿੰਦੀ ਦੇ ਘਰ ਗੇੜੇ ਮਾਰਦੀ ਰਹਿੰਦੀ। ਜਦੋਂ ਉਹ ਸਾਹਮਣੇ ਹੁੰਦਾ ਤਾਂ ਉਹ ਅੱਖਾਂ ਨੀਵੀਆਂ ਕਰ ਲੈਂਦੀ ਤੇ ਬੁੱਲ੍ਹਾਂ ਦੀ ਮੁਸਕਰਾਹਟ ਨੂੰ ਝੱਟ ਦੰਦਾਂ ’ਚ ਘੁੱਟ ਲੈਂਦੀ। ਜਦੋਂ ਬਿੰਦੀ ਉਹਨੂੰ ਵੇਖਦਾ ਤਾਂ ਉਹਦਾ ਜੀਅ ਕਰਦਾ ਲਗਾਤਾਰ ਉਹਨੂੰ ਵੇਖੀ ਜਾਵੇ। ਦੋਵਾਂ ਨੇ ਇੱਕ-ਦੂਜੇ ਨਾਲ ਕਦੇ ਸ਼ਬਦਾਂ ਦੀ ਸਾਂਝ ਭਾਵੇਂ ਨਹੀਂ ਸੀ ਪਾਈ ਪਰ ਫੇਰ ਵੀ ਦੋਵਾਂ ਵਿੱਚ ਮੱਲੋ-ਮੱਲੀ ਇੱਕ ਸਾਂਝ ਉੱਗ ਆਈ ਸੀ।
ਬਿੰਦੀ ਦੀ ਮਾਂ ਨੇ ਆਪਣੇ ਪੁੱਤ ਦੀਆਂ ਅੱਖਾਂ ਵਿੱਚ ਉੱਘੜੇ ਨਵੇਂ ਸੁਫ਼ਨਿਆਂ ਨੂੰ ਵੇਖਿਆ ਤੇ ਉਹਨੇ ਗੱਲਾਂ-ਗੱਲਾਂ ਵਿੱਚ ਮਿੰਦੋ ਨੂੰ ਵਿਚੋਲਣ ਬਣਨ ਦਾ ਇਸ਼ਾਰਾ ਕੀਤਾ। ਮਿੰਦੋ ਨੇ ਵੀ ਹੱਸ ਕੇ ਆਖ ਦਿੱਤਾ, ‘‘ਜਦੋਂ ਬਿੰਦੀ ਭਰਤੀ ਹੋ ਗਿਆ ਉਦੋਂ ਬਣੂੰ ਵਿਚੋਲਣ ਮੈਂ ਤਾਂ।’’
ਉਦੋਂ ਉਹ ਹਾਲੇ ਭਰਤੀ ਨਹੀਂ ਸੀ ਹੋਇਆ।
ਜਦੋਂ ਉਹ ਭਰਤੀ ਹੋਇਆ, ਬਿੰਦੀ ਨਾਲੋਂ ਵੱਧ ਚਾਅ ਜੀਤੀ ਨੂੰ ਸੀ ਉਹਦੇ ‘ਫ਼ੌਜੀ’ ਹੋਣ ਦਾ। ਉਹ ਘਰੋਂ ਤੁਰਿਆ ਤਾਂ ਜੀਤੀ ਦੇ ਕਾਲਜੇ ’ਚੋਂ ਵੀ ਚੀਸ ਨਿਕਲੀ ਪਰ ਉਹਨੇ ਉਹ ਚੀਸ ਅੰਦਰ ਹੀ ਦੱਬ ਲਈ। ਆਪਣੀਆਂ ਭਰੀਆਂ ਅੱਖਾਂ ਦੇ ਛਲਕਣ ਦੇ ਡਰੋਂ ਉਹ ਉਸ ਨੂੰ ਜਾਂਦੇ ਨੂੰ ਵੀ ਵੇਖਣ ਨਾ ਆਈ। ਭਾਵੇਂ ਬਿੰਦੀ ਦੀਆਂ ਅੱਖਾਂ ਮੁੜ-ਮੁੜ ਉਹਨੂੰ ਭਾਲਦੀਆਂ ਰਹੀਆਂ।
ਹੁਣ ਬਿੰਦੀ ਤੇ ਜੀਤੀ ਦੇ ਰਿਸ਼ਤੇ ਵਿੱਚ ਕਿਸੇ ਵੀ ਕੰਧ ਦੇ ਉਸਰਨ ਦਾ ਕੋਈ ਡਰ ਨਹੀਂ ਸੀ ਕਿਉਂਕਿ ਬਿੰਦੀ ‘ਫ਼ੌਜੀ’ ਹੋ ਗਿਆ ਸੀ। ਜੀਤੀ ਦੇ ਮਾਪੇ ਵੀ ਇਹੋ ਤਾਂ ਚਾਹੁੰਦੇ ਸਨ। ਹੁਣ ਜੀਤੀ ਉਸ ਦੇ ਛੁੱਟੀ ਆਉਣ ਦੇ ਸੁਪਨੇ ਬੁਣਦੀ ਤੇ ਬਿੰਦੀ ਉਸ ਨੂੰ ਸੂਹੇ ਜੋੜੇ ’ਚ ਵਿਆਹ ਕੇ ਘਰ ਲਿਆਉਣ ਵਾਲੇ ਭਾਗਾਂ ਭਰੇ ਦਿਨ ਨੂੰ ਉਡੀਕਦਾ।
ਬਿੰਦੀ ਪਹਿਲੀ ਵਾਰ ਛੁੱਟੀ ਆਇਆ ਤਾਂ ਉਹ ਪਹਿਲਾਂ ਨਾਲੋਂ ਵੀ ਵੱਧ ਸੁਨੱਖਾ ਹੋ ਗਿਆ ਸੀ। ਮਾਂ ਨੇ ਬੜੇ ਚਾਵਾਂ ਨਾਲ ਜੀਤੀ ਨੂੰ ਉਹਦੇ ਘਰਦਿਆਂ ਤੋਂ ਮੰਗਿਆ। ਮਿੰਦੋ ਚਾਈਂ-ਚਾਈਂ ਆਪਣੀ ਭੈਣ ਦੀ ਵਿਚੋਲਣ ਬਣੀ। ਦੋਵਾਂ ਪਰਿਵਾਰਾਂ ਦੀ ਹਾਜ਼ਰੀ ’ਚ ਉਨ੍ਹਾਂ ਦੀ ਕੁੜਮਾਈ ਹੋਈ। ਦੋਵਾਂ ਦੇ ਚਾਵਾਂ ਨਾਲ ਭਰੇ ਮਨ ਹਰ ਵੇਲੇ ਇੱਕ-ਦੂਜੇ ਦੇ ਨੇੜੇ-ਨੇੜੇ ਹੋਣਾ ਲੋਚਦੇ। ਦੋਵੇਂ ਕਿੰਨੀ-ਕਿੰਨੀ ਦੇਰ ਫੋਨ ’ਤੇ ਇੱਕ ਦੂਜੇ ਨਾਲ ਆਪਣੇ ਦਿਲ ਦੀਆਂ ਸਾਂਝਾਂ ਪਾਉਂਦੇ। ਉਹ ਦੋਵੇਂ ਇੱਕ-ਦੂਜੇ ਦੀ ਜਿੰਦ ਜਾਨ ਤਾਂ ਪਹਿਲਾਂ ਹੀ ਸਨ, ਹੁਣ ਲੋਕਾਂ ਸਾਹਮਣੇ ਵੀ ਉਨ੍ਹਾਂ ਹਮੇਸ਼ਾਂ-ਹਮੇਸ਼ਾਂ ਲਈ ਇੱਕ-ਦੂਜੇ ਦਾ ਹੋ ਜਾਣਾ ਸੀ, ਜਦੋਂ ਬਿੰਦੀ ਨੇ ਅਗਲੀ ਛੁੱਟੀ ਆਉਣਾ ਸੀ।
ਮੰਗਣੀ ਕਰਵਾ ਕੇ ਬਿੰਦੀ ਆਪਣੇ ਫ਼ਰਜ਼ ਨਿਭਾਉਣ ਲਈ ਪਰਤ ਗਿਆ। ਉਹ ਦਿਨ ਵੇਲੇ ਆਪਣਾ ਫ਼ੌਜੀ ਹੋਣ ਦਾ ਧਰਮ ਨਿਭਾਉਂਦਾ ਤੇ ਰਾਤ ਨੂੰ ਜੀਤੀ ਦੇ ਨਾਲ ਸੁਪਨਿਆਂ ’ਚ ਕਿੰਨੀ-ਕਿੰਨੀ ਦੇਰ ਆਪਣਾ ਦਿਲ ਫਰੋਲਦਾ ਰਹਿੰਦਾ। ਸਰਹੱਦ ’ਤੇ ਤਣਾਅ ਬਹੁਤ ਵਧਣ ਲੱਗਿਆ ਤੇ ਉਹਨੂੰ ਉੱਥੇ ਡਿਊਟੀ ’ਤੇ ਭੇਜਿਆ ਗਿਆ। ਸਰਹੱਦ ’ਤੇ ਦਿਨ-ਬ-ਦਿਨ ਅਣਸੁਖਾਵੀਆਂ ਘਟਨਾਵਾਂ ਨੇ ਉਹਨੂੰ ਹਿਲਾ ਕੇ ਰੱਖ ਦਿੱਤਾ। ਹਰ ਰੋਜ਼ ਕਿੰਨੇ ਹੀ ਪੁੱਤ ਆਪਣੀ ਜਾਨ ਕਰਮ ਭੂਮੀ ਦੇ ਲੇਖੇ ਲਾ ਦਿੰਦੇ। ਉੱਥੇ ਜੁਆਨ ਆਪਣੀਆਂ ਜਾਨਾਂ ਤਲੀਆਂ ’ਤੇ ਧਰ ਕੇ ਬੈਠੇ ਸਨ। ਬਿੰਦੀ ਨੂੰ ਹਰ ਵੇਲੇ ਮੌਤ ਦਾ ਖ਼ਿਆਲ ਘੇਰੀ ਰੱਖਦਾ। ਜੀਤੀ ਦੇ ਸੁਪਨੇ ਆਉਣੇ ਬੰਦ ਹੋ ਗਏ। ਰਾਤਾਂ ਦੀ ਨੀਂਦ ਅੱਖਾਂ ’ਚੋਂ ਗੁੰਮ ਹੋਣ ਲੱਗੀ। ਜੇ ਕਦੇ ਭੁੱਲ-ਭੁਲੇਖੇ ਅੱਖ ਲੱਗਦੀ ਵੀ ਤਾਂ ਉਹਨੂੰ ਆਪਣੇ ਵਿਛੜੇ ਸਾਥੀਆਂ ਦੇ ਚਿਹਰੇ ਆ ਘੇਰਦੇ ਤੇ ਉਨ੍ਹਾਂ ਦੇ ਟੁੱਟੇ ਅੰਗ ਹਵਾ ਵਿੱਚ ਉੱਡਦੇ ਨਜ਼ਰ ਆਉਂਦੇ। ਉਸ ਦਾ ਫ਼ੌਜ ਵਿੱਚ ਭਰਤੀ ਹੋਣ ਦਾ ਚਾਅ ਮਰ-ਮੁੱਕ ਗਿਆ ਸੀ। ਹੁਣ ਉਹ ਵਾਪਸ ਪਰਤਣਾ ਚਾਹੁੰਦਾ ਸੀ ਆਪਣੇ ਪਿੰਡ, ਆਪਣੇ ਪਰਿਵਾਰ ’ਚ। ਇਸ ਲਈ ਉਹ ਮੋਰਚੇ ’ਚੋਂ ਭੱਜ ਆਇਆ ਸੀ।
ਇੱਥੇ ਬੈਠਾ ਉਹ ਸੋਚਾਂ ਦੇ ਜੰਗਲ ਵਿੱਚ ਧੱਸਦਾ ਜਾ ਰਿਹਾ ਸੀ। ਅਚਾਨਕ ਉਹਨੂੰ ਆਪਣੀ ਮਾਂ ਦਾ ਚਿਹਰਾ ਦਿਖਾਈ ਦੇਣ ਲੱਗਿਆ ਜਿਹੜੀ ਉਸ ਦੇ ਫ਼ੌਜ ’ਚ ਭਰਤੀ ਹੋਣ ਲੱਗਿਆਂ ਖ਼ੁਸ਼ ਸੀ ਤੇ ਜੀਤੀ ਦੇ ਬੋਲ ਸੁਣਾਈ ਦੇਣ ਲੱਗੇ ਜਿਹੜੀ ਆਖਦੀ, ‘‘ਫ਼ੌਜੀਆ! ਹੁਣ ਮੈਨੂੰ ਜੀਤੀ ਕਹਿਣਾ ਛੱਡ ਦੇ। ‘ਫ਼ੌਜਣ’ ਆਖਿਆ ਕਰ। ਮੇਰੀਆਂ ਸਹੇਲੀਆਂ ਹੁਣ ਮੈਨੂੰ ਫ਼ੌਜਣ ਹੀ ਆਖਦੀਆਂ ਨੇ। ਉਂਜ ਵੀ ‘ਫ਼ੌਜਣ’ ਸ਼ਬਦ ਸੁਣਦਿਆਂ ਮੈਨੂੰ ਤੇਰੀ ਯਾਦ ਆ ਜਾਂਦੀ ਹੈ ਕਿ ਮੇਰਾ ਫ਼ੌਜੀ ਬਾਰਡਰ ’ਤੇ ਬੈਠਾ ਸ਼ੇਰ ਐ, ਮੈਨੂੰ ਮਾਣ ਐ ਤੇਰੇ ’ਤੇ ਫ਼ੌਜੀਆ।’’
ਅਚਾਨਕ ਹੀ ਉਹਨੂੰ ਆਪਣੇ ਆਪ ’ਚੋਂ ਬੁਜ਼ਦਿਲੀ ਦੀ ਬੂਅ ਆਉਣ ਲੱਗੀ। ਉਹਦੀ ਪੂਰੀ ਦੇਹ ’ਚੋਂ ਸੇਕ ਨਿਕਲਣ ਲੱਗਿਆ। ਉਹਦੀਆਂ ਸੋਚਾਂ ਦਾ ਪਾਸਾ ਪਰਤਿਆ… ਜੇ ਬਹਾਦਰਾਂ ਵਾਂਗੂੰ ਸ਼ਹੀਦ ਹੋਇਆ ਤਾਂ ਜੀਤੀ ਤੇ ਮੇਰੀ ਮਾਂ ਮੇਰੇ ਲਈ ਹੰਝੂ ਵਹਾਉਣਗੀਆਂ, ਕੀਰਨੇ ਪਾਉਂਦੀਆਂ ਮੈਨੂੰ ਯਾਦ ਕਰਨਗੀਆਂ ਪਰ ਜੇ ਇੰਜ ਭਗੌੜਾ ਬਣ ਵਾਪਸ ਮੁੜਿਆ ਤਾਂ ਲੋਕਾਂ ਦੀਆਂ ਟਿੱਚਰਾਂ ਨੇ ਨਾ ਮੈਨੂੰ ਜਿਊਣ ਦੇਣਾ ਹੈ ਤੇ ਨਾ ਉਨ੍ਹਾਂ ਨੂੰ। ਫਿਰ ਅਚਾਨਕ ਉਹਨੂੰ ਬੰਤ ਫ਼ੌਜੀ ਦੀ ਯਾਦ ਆਈ ਜਿਹੜਾ ਆਪਣੀ ਬਾਂਹ ਗੁਆ ਕੇ ਵੀ ਖ਼ੁਸ਼ ਸੀ।
ਉਹ ਸੋਚਾਂ ਦੇ ਜੰਗਲ ’ਚੋਂ ਪਰਤਿਆ ਤੇ ਭੱਜਣ ਲੱਗਿਆ ਪਰ ਜਿਧਰੋਂ ਪਹਿਲਾਂ ਪਰਤ ਰਿਹਾ ਸੀ ਉਸ ਦੇ ਪੈਰਾਂ ਨੇ ਓਧਰ ਹੀ ਮੋੜਾ ਪਾ ਲਿਆ। ਪਹਿਲਾਂ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੌਤ ਨੇ ਉਸ ਨੂੰ ਘੇਰ ਲਿਆ ਹੋਵੇ। ਸ਼ਾਇਦ ਇਸੇ ਲਈ ਉਹ ਮੌਤ ਤੋਂ ਭੱਜ ਰਿਹਾ ਸੀ, ਜ਼ਿੰਦਗੀ ਲਈ। ਇਨ੍ਹਾਂ ਦੋ ਢਾਈ ਘੰਟਿਆਂ ਨੇ ਉਸ ਦੇ ਮਨ ਨੂੰ ਬਦਲ ਦਿੱਤਾ। ਉਹ ਮੋਰਚੇ ’ਤੇ ਪਰਤ ਗਿਆ ਪਰ ਉਸ ਦਾ ਮੋਰਚਾ ਤਬਾਹ ਹੋ ਚੁੱਕਿਆ ਸੀ। ਉਹ ਆਪਣੇ ਜ਼ਖ਼ਮੀ ਸਹਿਕਦੇ ਮੌਤ ਦੇ ਮੂੰਹ ਵਿੱਚ ਜਾ ਰਹੇ ਸਾਥੀਆਂ ਨੂੰ ਸੰਭਾਲਣ ਲੱਗਿਆ। ਉਨ੍ਹਾਂ ਨੂੰ ਸੰਭਾਲਦਿਆਂ ਉਹ ਇਹ ਵੀ ਭੁੱਲ ਗਿਆ ਕਿ ਦੁਸ਼ਮਣ ਉਸ ਦੇ ਸਾਹਮਣੇ ਡਟਿਆ ਬੈਠਾ ਹੈ। ਥੋੜ੍ਹੀ ਦੇਰ ਬਾਅਦ ਜਦੋਂ ਦਿਨ ਦੇ ਚਾਨਣ ਨੇ ਲਾਸ਼ਾਂ ਨੂੰ ਹਨੇਰੇ ’ਚੋਂ ਬੇਪਰਦ ਕੀਤਾ ਤਾਂ ਉਹ ਵੀ ਉਨ੍ਹਾਂ ਲਾਸ਼ਾਂ ਵਿੱਚ ਇੱਕ ਲਾਸ਼ ਬਣਿਆ ਪਿਆ ਸੀ ਤੇ ਉਸ ਦੀਆਂ ਖੁੱਲ੍ਹੀਆਂ ਅੱਖਾਂ ਆਖ ਰਹੀਆਂ ਸਨ ‘‘ਮੈਂ ਭਗੌੜਾ ਨਹੀਂ।’’
ਸੰਪਰਕ: 98143-85918