ਮਨਦੀਪ ਰਿੰਪੀ
‘‘ਰਾਧਾ! ਰਾਧਾ! ਸੁਣਦੀ ਕਿਉਂ ਨਈਂ? ਚੱਲ! ਉੱਠ …ਕਿੱਧਰ ਗੁਆਚੀ ਐਂ?’’
ਰਾਜੂ ਮੇਰਾ ਸਾਥੀ ਮੈਨੂੰ ਹੁੱਝਾਂ ਮਾਰ-ਮਾਰ ਬੁਲਾ ਰਿਹਾ ਤੇ ਮੈਂ ਸਟੇਜ ’ਤੇ ਬੈਠਾ ਆਪਣੇ ਆਪ ਨਾਲ ਗੁੱਥਮ-ਗੁੱਥੀ ਹੋ ਰਿਹਾ, ਸਾਹਮਣੇ ਬੈਠੀ ਭੀੜ ਨੂੰ ਵੇਖ ਰਿਹਾ ਹਾਂ। ਰਾਧਾ ਵਾਲਾ ਗੀਤ ਲੱਗ ਚੁੱਕਿਆ ਹੈ। ਕ੍ਰਿਸ਼ਨ ਬਣਿਆ ਰਾਜੂ ਸਟੇਜ ’ਤੇ ਪੂਰੇ ਜ਼ੋਸ਼ ਨਾਲ ਪੈਰ ਮਾਰਦਿਆਂ ਮੈਨੂੰ ਇਸ਼ਾਰੇ ਕਰ ਰਿਹਾ ਹੈ ਕਿ ਮੈਂ ਸਟੇਜ ’ਤੇ ਆ ਉਸਦਾ ਸਾਥ ਦਿਆਂ। ਮੇਰੀ ਨਿਗ੍ਹਾ ਤਾਂ ਹਾਲੇ ਤੱਕ ਭੀੜ ’ਚ ਹੀ ਗੁਆਚੀ ਹੈ। ਮੈਨੂੰ ਲੱਗ ਰਿਹਾ ਹੈ ਜਿਵੇਂ ਜਗਦੀਆਂ ਰੌਸ਼ਨੀਆਂ ਜਿਹੜੀਆਂ ਕਦੇ ਮੈਨੂੰ ਆਪਣੇ ਵੱਲ ਖਿੱਚਦੀਆਂ ਸਨ, ਅੱਜ ਮੇਰੀਆਂ ਅੱਖਾਂ ਨੂੰ ਚੁੰਧਿਆ ਰਹੀਆਂ ਨੇ। ਭੀੜ ਦੀਆਂ ਤੇਜ਼ ਹੋ ਰਹੀਆਂ ਆਵਾਜ਼ਾਂ ਮੇਰੇ ਕੰਨਾਂ ਦੇ ਪਰਦੇ ਪਾੜ ਰਹੀਆਂ ਨੇ। ਅੱਜ ਮੈਨੂੰ ਪੁਕਾਰਦੀਆਂ ਆਵਾਜ਼ਾਂ ਨਾਲ ਉਤਸ਼ਾਹ ਵਧਣ ਦੀ ਥਾਂ ਮੇਰਾ ਕਾਲਜਾ ਬੈਠਦਾ ਜਾ ਰਿਹਾ ਹੈ। ਇਹ ਉਹੀ ਨੇ ਜਿਨ੍ਹਾਂ ਆਵਾਜ਼ਾਂ ’ਚੋਂ ਮੈਨੂੰ ਕਦੇ ਸਰੂਰ ਜਿਹਾ ਮਿਲਦਾ ਤੇ ਮੈਂ ਪੂਰੇ ਜਲੌਅ ਨਾਲ ਸਟੇਜ ’ਤੇ ਜਾ ਕੇ ਥਿਰਕਣ ਲੱਗ ਪੈਂਦਾ ਸਾਂ। ਮੇਰਾ ਅੰਗ ਅੰਗ ਅਨੋਖੇ ਚਾਅ ਨਾਲ ਭਰ ਜਾਂਦਾ ਤੇ ਗਾਣਾ ਖ਼ਤਮ ਹੋਣ ’ਤੇ ਹੀ ਮੇਰੀ ਸੁਰਤ ਟਿਕਾਣੇ ਆਉਂਦੀ।
ਉਂਜ ਤਾਂ ਮੈਂ ਹਮੇਸ਼ਾ ਆਪਣੀਆਂ ਯਾਦਾਂ ’ਚ ਲਿਪਟਿਆ ਰਹਿੰਦਾ, ਪਰ ਜਦੋਂ ਕਦੇ ਕਿਸੇ ਅਜਿਹੇ ਪ੍ਰੋਗਰਾਮ ਲਈ ਬੁੱਕ ਕੀਤਾ ਜਾਂਦਾ ਤਾਂ ਮੈਂ ਝੱਟ ਉਨ੍ਹਾਂ ਯਾਦਾਂ ਦੇ ਬੇਰੰਗ ਧਾਗਿਆਂ ਨੂੰ ਤੋੜ ਆਉਣ ਵਾਲੇ ਪ੍ਰੋਗਰਾਮ ਦੀ ਤਿਆਰੀ ਖਿੱਚ ਲੈਂਦਾ। ਮੈਨੂੰ ਲੱਗਦਾ ਜਿਵੇਂ ਮੇਰੇ ’ਚ ਨਵੀਂ ਰੂਹ ਭਰ ਗਈ ਹੋਵੇ। ਕਦੇ-ਕਦੇ ਆਪਣੇ ਅਤੀਤ ਦੇ ਪਰਦੇ ਫ਼ਰੋਲਣ ਲੱਗਦਾ ਤਾਂ ਮੇਰੀ ਮਾਂ ਦੀਆਂ ਮਮਤਾ ਭਰੀਆਂ ਅੱਖਾਂ ਸਭ ਤੋਂ ਪਹਿਲਾਂ ਮੇਰੇ ਸਾਹਮਣੇ ਆ ਖੜ੍ਹਦੀਆਂ। ਉਸ ਦੀਆਂ ਅੱਖਾਂ ’ਚੋਂ ਵਗਦੇ ਅੱਥਰੂਆਂ ਨਾਲ ਮੈਂ ਮੁੜ੍ਹਕੋ-ਮੁੜ੍ਹਕੀ ਹੋ ਜਾਂਦਾ। ਮੇਰਾ ਦਿਲ ਉਨੀ ਹੀ ਰਫ਼ਤਾਰ ਨਾਲ ਧੜਕਣ ਲੱਗਦਾ ਜਿੰਨੀ ਤੇਜ਼ੀ ਨਾਲ ਮੈਂ ਸਟੇਜ ’ਤੇ ਰਾਧਾ ਬਣਿਆ ਥਿਰਕਦਾ। ਮੈਨੂੰ ਚੇਤੇ ਆਉਂਦਾ ਕਿ ਮੈਨੂੰ ਰੋਕਣ ਲਈ ਕਿਵੇਂ ਮੇਰੀ ਮਾਂ ਨੇ ਮੈਨੂੰ ਬਾਂਹੋਂ ਫੜ ਆਪਣੀ ਮਮਤਾ ਦੇ ਵਾਸਤੇ ਪਾਏ, ਪਰ ਉਸ ਦੀ ਮਮਤਾ ਨੂੰ ਮੈਂ ਉਦੋਂ ਭਰ ਜਵਾਨੀ ਦੇ ਗਰੂਰ ’ਚ ਆਪਣੇ ਚਾਵਾਂ ’ਚ ਅੜਿੱਕਾ ਸਮਝਦਾ ਘਰੋਂ ਭੱਜ ਆਇਆ ਸਾਂ। ਪਿਓ ਦੀਆਂ ਦਿੱਤੀਆਂ ਮੈਨੂੰ ਬੇਦਖ਼ਲ ਕਰਨ ਦੀਆਂ ਧਮਕੀਆਂ ਵੀ ਬੇਅਸਰ ਰਹੀਆਂ। ਦੋ-ਚਾਰ ਵਾਰ ਤਾਂ ਕਰਮੇ ਦੇ ਘਰੋਂ ਮੇਰਾ ਪਿਓ ਮੈਨੂੰ ਕਿਸੇ ਨਾ ਕਿਸੇ ਬਹਾਨੇ ਨਾਲ ਲੈ ਗਿਆ, ਪਰ ਮੈਂ ਮੁੜ ਭੱਜ ਆਉਂਦਾ। ਮੇਰੇ ਪਿਉ ਨੇ ਪੂਰੀ ਵਾਹ ਲਾ ਦਿੱਤੀ ਮੈਨੂੰ ਘਰੇ ਰੱਖਣ ਲਈ। ਇੱਥੋਂ ਤੱਕ ਕਿ ਮੈਨੂੰ ਕਿੰਨੇ ਹੀ ਦਿਨ ਇੱਕ ਕਮਰੇ ਅੰਦਰ ਵੀ ਡੱਕੀ ਰੱਖਿਆ ਅਖੇ, ਸਾਡਾ ਨਾਮ ਬਦਨਾਮ ਕਰਦਾ। ਭੈਣ ਰਾਣੋ ਨੇ ਮੈਨੂੰ ਆਪਣੀ ਰੱਖੜੀ ਦਾ ਵਾਸਤਾ ਪਾਇਆ। ਮੈਨੂੰ ਸਭ ਆਪਣੇ ਵੈਰੀ ਹੀ ਜਾਪਦੇ। ਮੈਂ ਗੁੱਸੇ ਵਿੱਚ ਆਪਣੀਆਂ ਮੁੱਠੀਆਂ ਮੀਟਦਾ ਰਹਿੰਦਾ ਤੇ ਕਦੇ-ਕਦੇ ਕੰਧਾਂ ਨਾਲ ਮੁੱਕੇ ਮਾਰ-ਮਾਰ ਹੱਥ ਜ਼ਖ਼ਮੀ ਕਰ ਲੈਂਦਾ। ਮੈਂ ਰੋਟੀ ਦੀ ਥਾਲੀ ਪਰ੍ਹਾਂ ਵਗਾਹ ਮਾਰਦਾ। ਆਪਣੇ ਮਾਪਿਆਂ ਦਾ ਮੈਂ ਇੱਕੋ-ਇੱਕ ਪੁੱਤ। ਸ਼ਰੀਕੇ ’ਚੋਂ ਚਾਚੇ-ਤਾਏ ਮੇਰੇ ਉੱਤੇ ਵਿਅੰਗ ਕੱਸਦੇ। ਉਨ੍ਹਾਂ ਦੇ ਪੁੱਤ ਖ਼ਚਰੀ ਹਾਸੀ ਹੱਸਦੇ, ਪਰ ਮੈਂ ਫੇਰ ਵੀ ਉਨ੍ਹਾਂ ਨੂੰ ਕੁਝ ਨਾ ਆਖਦਾ।
ਇੱਕ ਵਾਰੀ ਮੇਰੇ ਪਿਉ ਨੇ ਮੈਨੂੰ ਕਮਰੇ ’ਚ ਡੱਕਿਆ ਤਾਂ ਮੇਰੀ ਮਾਂ ਮਮਤਾ ਹੱਥੋਂ ਮਜਬੂਰ ਹੋ ਕਮਰੇ ’ਚ ਮੇਰੇ ਕੋਲ ਆਣ ਖੜ੍ਹੀ। ਘਰ ਦੀ ਕੈਦ ‘ਚੋਂ ਆਜ਼ਾਦ ਹੋਣ ਦਾ ਇਹ ਸੁਨਹਿਰੀ ਮੌਕਾ ਮੈਨੂੰ ਮਸਾਂ ਲੱਭਿਆ ਸੀ। ਮੈਂ ਮਾਂ ਨੂੰ ਰੋਂਦਿਆਂ-ਕੁਰਲਾਉਂਦਿਆਂ ਛੱਡ ਘਰੋਂ ਭੱਜ ਆਇਆ। ਮੇਰੇ ਪਿਓ ਨੇ ਕਰਮੇ ਖ਼ਿਲਾਫ਼ ਥਾਣੇ ਰਿਪੋਰਟ ਦਰਜ ਕਰਵਾਈ ਕਿ ਮੇਰੇ ਨਾਬਾਲਗ ਪੁੱਤਰ ਨੂੰ ਵਰਗਲਾ ਕੇ ਇਹਨੇ ਆਪਣੀ ਟੋਲੀ ’ਚ ਰਲਾ ਲਿਆ। ਪੁਲੀਸ ਉਹਦੇ ਘਰ ਉਹਨੂੰ ਰਾਤ-ਬਰਾਤੇ ਤੰਗ ਕਰਦੀ। ਉਹਨੇ ਥੱਬਾ ਰੁਪਿਆਂ ਦਾ ਪੁਲੀਸ ਮੂਹਰੇ ਧਰ ਸਭ ਦਾ ਮੂੰਹ ਬੰਦ ਕਰ ਦਿੱਤਾ।
ਪੁਲੀਸ ਦੇ ਆਖੇ ਲੱਗ ਕਰਮਾ ਆਪਣੇ ਘਰੋਂ ਮੈਨੂੰ ਆਪਣੇ ਮਿੱਤਰ ਨੱਥੂ ਦੇ ਘਰ ਗੁਰਦਾਸਪੁਰ ਛੱਡ ਆਇਆ। ਮੈਂ ਉੱਥੇ ਦੋ ਕੁ ਮਹੀਨੇ ਰਿਹਾ। ਉਹਦਾ ਮਿੱਤਰ ਵੀ ਕਰਮੇ ਵਾਂਗੂੰ ਢੋਲਕੀ ਵਜਾਉਂਦਾ ਸੀ ਕਿੰਨਰਾਂ ਨਾਲ। ਮੈਨੂੰ ਉੱਥੋਂ ਦਾ ਮਾਹੌਲ ਥੋੜ੍ਹੇ ਦਿਨ ਤਾਂ ਬਹੁਤਾ ਓਪਰਾ-ਓਪਰਾ ਜਿਹਾ ਲੱਗਿਆ। ਫੇਰ ਇੱਕ ਦਿਨ ਜਦੋਂ ਉਹ ਕਿਸੇ ਵੱਡੇ ਘਰ ਵਧਾਈ ਲੈਣ ਲਈ ਜਾਣ ਲੱਗੇ ਤਾਂ ਉਨ੍ਹਾਂ ਨੂੰ ਤਿਆਰ ਹੋਇਆ ਵੇਖ ਮੈਨੂੰ ਆਪਣੇ ਗੁਆਂਢ ਵਿੱਚ ਜਾਗਰਣ ’ਤੇ ਬਣੀ ਰਾਧਾ ਦੀ ਯਾਦ ਨੇ ਆ ਘੇਰਿਆ। ਮੈਂ ਉੱਥੇ ਇੱਕ ਕਿੰਨਰ ਦੇ ਕੱਪੜੇ ਪਾ ਕੇ ਉਨ੍ਹਾਂ ਨੂੰ ਰਾਧਾ ਦਾ ਨਾਚ ਵਿਖਾਉਣ ਲੱਗਿਆ। ਉਨ੍ਹਾਂ ਦੀਆਂ ਅੱਖਾਂ ਮੈਨੂੰ ਵੇਖ ਅੱਡੀਆਂ ਰਹਿ ਗਈਆਂ ਕਿ ਮੁੰਡਾ ਹੋ ਕੇ ਕਿਵੇਂ ਕੁੜੀਆਂ ਵਾਂਗੂੰ ਥਿਰਕ-ਥਿਰਕ ਕੇ ਨੱਚ ਰਿਹਾ ਹੈ। ਉਨ੍ਹਾਂ ਮੈਨੂੰ ਆਪਣੇ ਨਾਲ ਵਧਾਈ ਮੰਗਣ ਜਾਣ ਲਈ ਜ਼ੋਰ ਲਾਇਆ, ਪਰ ਮੈਂ ਇਨਕਾਰ ਕਰ ਦਿੱਤਾ। ਭਾਵੇਂ ਨੱਥੂ ਨੇ ਬਥੇਰਾ ਲਾਲਚ ਦਿੱਤਾ ਕਿ ਚੰਗੇ ਰੁਪਏ ਮਿਲਣਗੇ… ਤੂੰ ਚੱਲ… ਤੈਨੂੰ ਪੰਜ ਸੌ ਰੁਪਏ ਵੱਖਰੇ ਦਿੱਤੇ ਜਾਣਗੇ… ਪਰ ਮੈਂ ਨਾਂਹ ਵਿੱਚ ਸਿਰ ਮਾਰਦਾ ਰਿਹਾ।
ਮੇਰੀ ਕਰਮੇ ਨਾਲ ਫ਼ੋਨ ’ਤੇ ਕਦੇ-ਕਦਾਈ ਗੱਲ ਹੁੰਦੀ ਤਾਂ ਜੋ ਪਤਾ ਲੱਗਦਾ ਰਹੇ ਕਿ ਸਾਡੇ ਘਰ ਵਿਚ ਹੁਣ ਸਭ ਕਿਵੇਂ ਹੈ? ਪਰ ਕਰਮਾ ਗੱਲ ਗੋਲ਼-ਮੋਲ਼ ਕਰ ਦਿੰਦਾ। ਉਦੋਂ ਮੈਨੂੰ ਵੀ ਕਿੱਥੇ ਪਰਵਾਹ ਸੀ ਕਿਸੇ ਦੀ? ਮੈਂ ਤਾਂ ਸ਼ੌਕੀਆ ਤੌਰ ’ਤੇ ਕਦੇ-ਕਦਾਈਂ ਰਾਧਾ ਬਣ ਕੇ ਨੱਚ ਕੇ ਆਪਣਾ ਸ਼ੌਕ ਪੂਰਾ ਕਰ ਲੈਂਦਾ। ਉੱੱਥੇ ਹੀ ਨੱਥੂ ਨੇ ਮੇਰੀ ਮੁਲਾਕਾਤ ਇੱਕ ਡਰਾਮੇ ਵਾਲਿਆਂ ਨਾਲ ਕਰਵਾ ਦਿੱਤੀ। ਉਨ੍ਹਾਂ ਦੇ ਡਰਾਮਿਆਂ ’ਚ ਸਟੇਜ ’ਤੇ ਮੈਂ ਚਾਅ ਨਾਲ ਰਾਧਾ ਦਾ ਕਿਰਦਾਰ ਨਿਭਾਉਂਦਾ। ਹੁਣ ਡਰਾਮੇ ਵਾਲਿਆਂ ਨੇ ਮੈਨੂੰ ਵੱਖ-ਵੱਖ ਸ਼ਹਿਰਾਂ ਵਿੱਚ ਜਾਗਰਣਾਂ ’ਤੇ ਭੇਜਣਾ ਸ਼ੁਰੂ ਕਰ ਦਿੱਤਾ। ਮੈਂ ਰਾਧਾ ਬਣ ਆਪਣੇ ਆਪ ਨੂੰ ਸ਼ੀਸ਼ੇ ਮੂਹਰੇ ਖੜ੍ਹ ਵੇਖਦਾ ਤਾਂ ਮੈਨੂੰ ਆਪਣੇ ਗੁਆਂਢ ਵਿੱਚ ਜਾਗਰਣ ’ਚ ਬਣੀ ਹੋਈ ਰਾਧਾ ਦੀਆਂ ਅੱਖਾਂ ਘੇਰ ਲੈਂਦੀਆਂ। ਉਸ ਨੂੰ ਮਿਲਣ ਦੀ ਤਾਂਘ ਮੈਨੂੰ ਹਰ ਵਕਤ ਹੁੱਝਾਂ ਮਾਰਦੀ ਰਹਿੰਦੀ। ਭਾਵੇਂ ਮੈਂ ਕਿੰਨੀ ਵਾਰ ਕੋਸ਼ਿਸ਼ ਕੀਤੀ ਉਸ ਰਾਧਾ ਬਾਰੇ ਪਤਾ ਕਰਨ ਦੀ ਕਿ ਉਹ ਕੌਣ ਸੀ, ਕਿੱਥੋਂ ਦੀ ਸੀ? ਪਰ ਮੈਨੂੰ ਕਦੇ ਸਫ਼ਲਤਾ ਨਾ ਮਿਲੀ। ਸਾਡੇ ਮੁਹੱਲੇ ਦਾ ਕਰਮਾ ਢੋਲਕੀ ਵਜਾਉਂਦਾ ਸੀ ਮਹੰਤਾਂ ਨਾਲ। ਮੈਂ ਕਰਮੇ ਦੇ ਘਰ ਜਾ ਕੇ ਬੈਠਾ ਰਹਿੰਦਾ, ਉਸ ਰਾਧਾ ਬਾਰੇ ਗੱਲਾਂ ਕਰਦਾ ਰਹਿੰਦਾ।
ਮੈਂ ਬੀ.ਏ. ਪਾਸ ਸੀ ਤੇ ਕਈ ਥਾਂ ਨੌਕਰੀ ਲਈ ਕਾਗਜ਼ ਪੱਤਰ ਭਰਦਾ। ਜਦੋਂ ਕਿਧਰੇ ਕੁਝ ਵੀ ਹੱਥ ਪੱਲੇ ਨਾ ਪੈਂਦਾ ਤਾਂ ਆਪਣੀ ਕਿਸਮਤ ਨੂੰ ਝੂਰਦਾ ਰਹਿੰਦਾ। ਮੇਰਾ ਪਿਉ ਕਿਹੜਾ ਬਹੁਤ ਵੱਡਾ ਜ਼ਿਮੀਂਦਾਰ ਸੀ ਜਿਹੜਾ ਮੈਨੂੰ ਕੋਈ ਚੱਜ਼ ਦਾ ਬਿਜ਼ਨਸ ਖੋਲ੍ਹ ਕੇ ਦੇ ਦਿੰਦਾ! ਉਹਦੀ ਫਰਨੀਚਰ ਦੀ ਛੋਟੀ ਜਿਹੀ ਦੁਕਾਨ ਸੀ। ਉਹ ਰੋਜ਼ ਰਾਤ ਨੂੰ ਦੋ-ਚਾਰ ਪੈੱਗ ਖਿੱਚ ਲੈਂਦਾ ਤੇ ਮੈਨੂੰ ਗਾਲ੍ਹਾਂ ਕੱਢਦਾ-ਕੱਢਦਾ ਸੌਂ ਜਾਂਦਾ। ਮਾਂ ਮੇਰੀਆਂ ਮਿੰਨਤਾਂ ਕਰਦੀ ਕਿ ਆਪਣੇ ਪਿਉ ਨਾਲ ਦੁਕਾਨ ’ਤੇ ਫਰਨੀਚਰ ਦੇ ਕੰਮ ’ਚ ਹੱਥ ਸਿੱਧੇ ਕਰਾਂ ਤਾਂ ਜੋ ਦੁਕਾਨ ਸਾਂਭਣ ਜੋਗਾ ਹੋਵਾਂ। ਮੈਨੂੰ ਦੁਕਾਨ ’ਤੇ ਜਾਣਾ ਚੰਗਾ ਨਾ ਲੱਗਦਾ। ਮੈਂ ਰੋਜ਼-ਰੋਜ਼ ਦੀ ਕਿਚ-ਕਿਚ ਤੋਂ ਅੱਕ ਗਿਆ। ਕਰਮੇ ਢੋਲਕੀ ਵਾਲੇ ਕੋਲ ਜਾ ਕੇ ਬੈਠਾ ਰਹਿੰਦਾ। ਉੱਥੇ ਹੀ ਕਈ ਮਹੰਤਾਂ ਨਾਲ ਮੇਰੀ ਦੋਸਤੀ ਪੈ ਗਈ। ਉਹ ਮੈਨੂੰ ਤਰ੍ਹਾਂ-ਤਰ੍ਹਾਂ ਦੀਆਂ ਟਿੱਚਰਾਂ ਕਰਦੇ ਤੇ ਮੈਂ ਹੱਸ ਕੇ ਸਾਰ ਦਿੰਦਾ। ਮੇਰੀ ਮਾਂ ਮੇਰੇ ਬਦਲ ਰਹੇ ਵਤੀਰੇ ਨੂੰ ਵੇਖ ਘਬਰਾਉਂਦੀ ਸਾਧੂ-ਸੰਤਾਂ ਦੇ ਡੇਰਿਆਂ ’ਤੇ ਜਾਣ ਲੱਗੀ ਤੇ ਪਤਾ ਨਹੀਂ ਕਿਹੜੇ-ਕਿਹੜੇ ਢਾਲੇ ਕਰਦੀ, ਕਿਹੜੇ-ਕਿਹੜੇ ਤਵੀਤ ਬਣਾ ਮੇਰੇ ਡੌਲਿਆਂ ਨਾਲ ਬੰਨ੍ਹਦੀ ਰਹਿੰਦੀ। ਜਦੋਂ ਮੈਨੂੰ ਖਿੱਝ ਚੜ੍ਹਦੀ ਮੈਂ ਸਾਰੇ ਧਾਗੇ ਤਵੀਤ ਤੋੜ ਪਰ੍ਹਾਂ ਵਗਾਹ ਮਾਰਦਾ। ਉਹ ਧੂਫ਼ ਕੜਛੀ ’ਚ ਪਾ ਪੂਰੇ ਘਰ ’ਚ ਫੇਰਦੀ। ਮੇਰਾ ਸਾਹ ਲੈਣਾ ਵੀ ਦੁੱਭਰ ਹੋ ਜਾਂਦਾ। ਮੈਂ ਚੰਗੇ-ਮਾੜੇ ਬੋਲ ਮੂੰਹੋਂ ਕੱਢਦਾ ਘਰੋਂ ਨਿਕਲ ਆਉਂਦਾ। ਮਾਂ ਹੋਰ ਵੀ ਵਹਿਮਾਂ ’ਚ ਘਿਰ ਜਾਂਦੀ ਪਈ ਖ਼ੌਰੇ ਕਿਹੜੀ ਚੀਜ਼ ਜਿਹੜੀ ਇਹਨੂੰ ਘਰ ਟਿਕਣ ਨਹੀਂ ਦਿੰਦੀ।
ਮਾਂ ਮੇਰੇ ਵਿਆਹ ਦੀਆਂ ਵਿਉਂਤਾਂ ਘੜਨ ਲੱਗਦੀ ਕਿ ਖ਼ਬਰੇ ਕਬੀਲਦਾਰੀ ਦਾ ਬੋਝ ਪੈਣ ’ਤੇ ਸੁਰਤ ਟਿਕਾਣੇ ਆ ਜਾਵੇ। ਮੇਰੀ ਮਾਸੀ ਮੇਰੇ ਲਈ ਸਾਕ ਲਿਆਈ, ਪਰ ਮੈਂ ਤਾਂ ਤਿੱਖੇ ਨੈਣਾਂ ਵਾਲੀ ਆਪਣੇ ਮਨ ’ਚ ਸਮਾਈ ਹੋਈ ਆਪਣੀ ਰਾਧਾ ਨੂੰ ਭਾਲ਼ਦਾ ਸਾਂ। ਮੈਨੂੰ ਉਸੇ ਰਾਧਾ ਦੀ ਉਡੀਕ ਸੀ। ਆਪਣੀ ਮਾਂ ਨੂੰ ਰੋਂਦਿਆਂ ਵੇਖ… ਦਿਨ-ਰਾਤ ਕੁੜ੍ਹਦੀ ਵੇਖ ਮੈਂ ਇੱਕ ਦਿਨ ਵਿਆਹ ਲਈ ਪਤਾ ਨਹੀਂ ਕਿਵੇਂ ਹਾਮੀ ਭਰ ਬੈਠਿਆ। ਮੇਰੇ ਹਾਮੀ ਭਰਨ ਦੀ ਦੇਰ ਸੀ ਕਿ ਝੱਟ ਮੇਰੀ ਮਾਸੀ ਆ ਹਾਜ਼ਰ ਹੋਈ। ਕੁੜੀ ਵਾਲਿਆਂ ਨੂੰ ਮਾਸੀ ਨੇ ਪਤਾ ਨਹੀਂ ਕਿਹੜੇ ਸੱਚ-ਝੂਠ ਦੱਸੇ ਕਿ ਉਨ੍ਹਾਂ ਮੈਨੂੰ ਬਿਨਾਂ ਦੇਖਿਆਂ ਪਰਖਿਆਂ ਝੱਟ ਹਾਂ ਕਰ ਦਿੱਤੀ ਮੇਰੇ ਪਿਓ ਦੀ ਦੁਕਾਨ ਵੇਖ ਕੇ। ਅਖੇ ਮੁੰਡਾ ਚੰਗਾ ਕਾਰੀਗਰ ਫਰਨੀਚਰ ਦਾ। ’ਕੱਲਾ-’ਕੱਲਾ ਮੁੰਡਾ… ਕੁੜੀ ਨੂੰ ਭੁੱਖੀ ਥੋੜ੍ਹਾ ਮਰਨ ਦਿੰਦੈ… ਕੁੜੀ ਵੀ ਨਾਨਕੇ ਰਹਿ ਕੇ ਪਲ਼ੀ ਹੋਈ ਮਾਮੀਆਂ ਦੀਆਂ ਤੱਤੀਆਂ-ਠੰਢੀਆਂ ਜਰ ਕੇ। ਉਹਨੇ ਮੈਨੂੰ ਆਪਣੀ ਕਿਸਮਤ ਮੰਨ ਚੁੱਪ-ਚਾਪ ਵਿਆਹ ਲਈ ਤਿਆਰੀਆਂ ਕੱਸ ਲਈਆਂ।
ਘਰ ’ਚ ਵਿਆਹ ਦਾ ਚਾਅ ਸੀ, ਪਰ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੌਤ ਮੇਰੇ ਸਾਹਮਣੇ ਮੂੰਹ ਅੱਡੀ ਖੜ੍ਹੀ ਹੋਵੇ ਤੇ ਉਹਦੇ ਤਿੱਖੇ-ਤਿੱਖੇ ਦੰਦਾਂ ਭਰਿਆ ਜਬਾੜਾ ਮੈਨੂੰ ਚਿੱਥਣ ਲਈ ਆਰੇ ਦੇ ਦੰਦਿਆਂ ਦਾ ਰੂਪ ਧਾਰ ਕੇ ਮੈਨੂੰ ਉਡੀਕ ਰਿਹਾ ਹੋਵੇ। ਸਾਰੇ ਸਾਕ ਸਬੰਧੀ ਇਕੱਠੇ ਹੋਏ ਹੋਏ ਸਨ। ਰਾਤ ਨੂੰ ਜਾਗੋ ਦੀ ਲੋਅ ਮੈਨੂੰ ਹਨੇਰੇ ਨਾਲੋਂ ਵੀ ਵੱਧ ਭਿਆਨਕ ਤੇ ਡਰਾਉਣੀ ਲੱਗ ਰਹੀ ਸੀ। ਤਾਈਆਂ-ਚਾਚੀਆਂ ਤੇ ਮਾਮੀਆਂ ਗਿੱਧਾ ਪਾਉਣ, ਇੱਕ-ਦੂਜੇ ਨੂੰ ਸਿੱਠਣੀਆਂ ਦੇਣ। ਜਦੋਂ ਢੋਲੀ ਹੇਕਾਂ ਲਾ ਬੋਲੀਆਂ ਪਾਉਣ ਲੱਗਿਆ… ਉਹਦੇ ਢੋਲ ਦੇ ਡਗੇ ਨੇ ਮੇਰੇ ਅੰਦਰ ਐਨਾ ਖੌਰੂ ਪਾਇਆ ਕਿ ਮੈਂ ਆਪੇ ’ਚੋਂ ਬਾਹਰ ਆ ਉੱਥੋਂ ਭੱਜ ਆਇਆ। ਮੈਂ ਕਰਮੇ ਢੋਲੀ ਦੇ ਨਾਨਕੇ ਉਹਦੇ ਮਾਮੇ ਦੇ ਪੁੱਤ ਕੋਲ ਜਾ ਬੈਠਿਆ। ਉਹਨੂੰ ਮੇਰੇ ਵਿਆਹ ਬਾਰੇ ਕੁਝ ਚਿੱਤ ਚੇਤੇ ਵੀ ਨਹੀਂ ਸੀ। ਉਹਨੇ ਮੇਰੀ ਸੋਹਣੀ ਆਓ ਭਗਤ ਕੀਤੀ। ਮੈਂ ਦੋ-ਚਾਰ ਦਿਨ ਉੱਥੇ ਹੀ ਬੈਠਾ ਰਿਹਾ। ਮੈਂ ਭਾਵੇਂ ਘਰੋਂ ਤਾਂ ਭੱਜ ਆਇਆ ਸਾਂ, ਪਰ ਤਰ੍ਹਾਂ-ਤਰ੍ਹਾਂ ਦੇ ਕਿੰਨੇ ਹੀ ਖ਼ਿਆਲ ਮੇਰੇ ਮਨ ’ਤੇ ਹੋਰ ਵੀ ਭਾਰੂ ਹੋ ਗਏ ਸਨ।
ਮੈਂ ਜਾਣਨਾ ਚਾਹੁੰਦਾ ਸਾਂ ਕਿ ਮੇਰੇ ਪਿੱਛੋਂ ਸਾਡੇ ਘਰ ਵਿੱਚ ਕੀ-ਕੀ ਵਾਪਰਿਆ? ਮੈਂ ਕਿੱਥੋਂ ਪਤਾ ਕਰਦਾ? ਕਰਮੇ ਤੋਂ ਇਲਾਵਾ ਮੈਂ ਕਿਸੇ ’ਤੇ ਭਰੋਸਾ ਨਹੀਂ ਸੀ ਕਰ ਸਕਦਾ। ਮੈਂ ਕਰਮੇ ਨੂੰ ਫ਼ੋਨ ਲਾ ਬੈਠਿਆ। ਉਹਨੇ ਮੈਨੂੰ ਦੱਸਿਆ ਕਿ ਸਾਰੀ ਰਾਤ ਤੇਰੇ ਤਾਏ-ਚਾਚੇ ਰਿਸ਼ਤੇਦਾਰ ਤੈਨੂੰ ਭਾਲਦੇ ਰਹੇ। ਤੇਰੇ ਘਰਦਿਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ ਕਿ ਹੁਣ ਕੀ ਕੀਤਾ ਜਾਵੇ? ਉਨ੍ਹਾਂ ਮੇਰੇ ਅੱਗੇ ਵੀ ਬਹੁਤ ਤਰਲੇ ਮਿੰਨਤਾਂ ਕੀਤੀਆਂ ਕਿ ਮੈਂ ਦੱਸ ਦਿਆਂ ਪਈ ਤੂੰ ਕਿੱਥੇ ਐਂ? ਪਰ ਮੈਨੂੰ ਜਦੋਂ ਤੇਰੇ ਬਾਰੇ ਕੁਝ ਪਤਾ ਹੀ ਨਹੀਂ ਸੀ ਮੈਂ ਕੀ ਦੱਸਦਾ? ਸਾਰੀ ਪੰਚਾਇਤ ਸਾਹਮਣੇ ਮਸਲਾ ਖੜ੍ਹਾ ਹੋ ਗਿਆ ਪਿੰਡ ਦੀ ਇੱਜ਼ਤ ਦਾ। ਤੇਰੀ ਮਾਂ ਨੂੰ ਗਸ਼ੀਆਂ ਪੈਣ ਤੇ ਤੇਰਾ ਪਿਉ ਪੈੱਗ ਲਾ ਕੇ ਬੈਠ ਗਿਆ ਗੰਡਾਸਾ ਚੁੱਕ ਕੇ ਤੇਰੇ ਡੱਕਰੇ-ਡੱਕਰੇ ਕਰਨ ਲਈ। ਅਜਿਹੇ ਵੇਲੇ ਤੇਰੇ ਸ਼ਰੀਕੇ ’ਚੋਂ ਲੱਗਦੇ ਚਾਚੇ ਸੱਜਣ ਨੇ ਮੌਕਾ ਸਾਂਭ ਲਿਆ ਜਿਵੇਂ ਬਿੱਲੀ ਭਾਣੇ ਮਸਾਂ ਦੁੱਧ ਦਾ ਛਿੱਕਾ ਟੁੱਟਿਆ ਹੋਵੇ। ਉਹਨੇ ਆਪਣੇ ਕਮਲੇ ਪੁੱਤ ਮੇਸ਼ੀ ਨੂੰ ਤੇਰੀ ਥਾਂ ਵਿਆਹੁਣ ਦੀਆਂ ਤਿਆਰੀਆਂ ਕੱਸ ਲਈਆਂ। ਉਹਨੇ ਤੇਰੇ ਪਿਓ ’ਤੇ ਅਹਿਸਾਨ ਕਰਨ ਵਾਂਗੂੰ ਆਪਣਾ ਇਹ ਕਮਲਾ ਪੁੱਤ ਪੰਚਾਇਤ ਸਾਹਮਣੇ ਲਿਆ ਖੜ੍ਹਾ ਕੀਤਾ। ਜਦੋਂ ਬਰਾਤ ਤੁਰਨ ਤੱਕ ਤੂੰ ਘਰ ਨਾ ਪਰਤਿਆ ਤਾਂ ਤੇਰੇ ਵਿਆਹ ਦਾ ਸਿਹਰਾ ਉਹਦੇ ਮੱਥੇ ਸਜਾ ਤੁਰ ਪਿਆ ਤੇਰੀ ਮੰਗ ਵਿਆਹੁਣ। ਕਰਮੇ ਦੀ ਗੱਲ ਸੁਣ ਕੇ ਮੈਂ ਹੱਕਾ ਬੱਕਾ ਰਹਿ ਗਿਆ। ਮੇਸ਼ੀ ਕਮਲੇ ਨੂੰ ਮਹੀਨੇ ’ਚ ਇੱਕ-ਦੋ ਦੌਰੇ ਪੈਂਦੇ ਜਿਸ ਕਾਰਨ ਉਹ ਅੱਲ-ਪਟੱਲ ਮਾਰਦਾ ਸਾਰੇ ਪਿੰਡ ’ਚ ਖੌਰੂ ਪਾਉਂਦਾ ਘੁੰਮਦਾ ਰਹਿੰਦਾ। ਸਾਡੇ ਆਂਢ-ਗੁਆਂਢ ਦੇ ਸਾਰੇ ਪਿੰਡਾਂ ਨੂੰ ਉਹਦੇ ਬਾਰੇ ਪਤਾ ਸੀ ਜਿਸ ਕਾਰਨ ਕੋਈ ਵੀ ਉਹਦਾ ਸਾਕ ਕਰਾਉਣ ਲਈ ਹਾਮੀ ਨਹੀਂ ਸੀ ਭਰਦਾ।
ਕੁੜੀ ਵਾਲਿਆਂ ਤੋਂ ਪੰਚਾਇਤ ਨੇ ਕੋਈ ਓਹਲਾ ਨਾ ਰੱਖਿਆ। ਉਨ੍ਹਾਂ ਵੀ ਹੁਣ ਇਸ ਸਮੇਂ ਨਾਂਹ ਨੁੱਕਰ ਕੀ ਕਰਨੀ ਸੀ? ਜੇ ਕੁੜੀ ਦੇ ਮਾਂ ਪਿਓ ਹੁੰਦੇ ਤਾਂ ਸ਼ਾਇਦ ਬਰਾਤ ਖ਼ਾਲੀ ਵੀ ਮੁੜ ਆਉਂਦੀ, ਪਰ ਹੁਣ ਮਾਮੇ ਮਾਮੀਆਂ ਤਾਂ ਮਸਾਂ ਭਾਰ ਲਾਹੁਣ ਨੂੰ ਫਿਰਦੇ ਸਨ ਭਾਣਜੀ ਦਾ। ਉਨ੍ਹਾਂ ਕੁੜੀ ਦੇ ਭਾਗ ਮੰਨ ਕੇ ਕਮਲੇ ਨਾਲ ਤੋਰ ਦਿੱਤੀ। ਮੈਂ ਕਰਮੇ ਦੀਆਂ ਗੱਲਾਂ ਸੁਣ ਧਰਤੀ ਵਿੱਚ ਧਸ ਰਿਹਾ ਸਾਂ। ਮੈਨੂੰ ਆਪਣੇ ਆਪ ਨਾਲ ਨਫ਼ਰਤ ਹੋ ਰਹੀ ਸੀ। ਮੈਂ ਸੋਚ ਰਿਹਾ ਸਾਂ ਕਿ ਉਸ ਵਿਚਾਰੀ ਦਾ ਕੀ ਦੋਸ਼ ਸੀ? ਮੈਨੂੰ ਕੀ ਹੱਕ ਸੀ ਕਿਸੇ ਦੀ ਜ਼ਿੰਦਗੀ ਤਬਾਹ ਕਰਨ ਦਾ, ਪਰ ਹੁਣ ਮੈਂ ਕੀ ਕਰ ਸਕਦਾ ਸਾਂ?
ਐਤਕੀਂ ਮੈਂ ਕਿੰਨੇ ਦਿਨ ਇੱਧਰ-ਉੱਧਰ ਘੁੰਮਦਾ ਰਿਹਾ, ਪਰ ਮੈਨੂੰ ਕੋਈ ਲੈਣ ਨਾ ਆਇਆ। ਦੋ ਕੁ ਮਹੀਨੇ ਘੁੰਮ ਫਿਰ ਕੇ ਜਦ ਮੇਰਾ ਦਿਲ ਚੁੱਕਿਆ ਗਿਆ ਤਾਂ ਮੈਂ ਘਰ ਵੱਲ ਮੋੜਾ ਪਾਇਆ, ਪਰ ਇਸ ਵਾਰ ਮੇਰੀ ਮਾਂ ਨੇ ਮੈਨੂੰ ਧੱਕੇ ਦੇ ਘਰੋਂ ਬਾਹਰ ਕੱਢ ਬੂਹਾ ਬੰਦ ਕਰ ਲਿਆ। ਉਹਦਾ ਬੰਦ ਕੀਤਾ ਬੂਹਾ ਮੈਂ ਮੁੜ ਕਦੇ ਖੋਲ੍ਹਣ ਦੀ ਹਿੰਮਤ ਨਾ ਕਰ ਸਕਿਆ। ਮੈਂ ਵੀ ਆਕੜ ਦਾ ਮਾਰਿਆ ਕਦੇ ਵੀ ਪਿੱਛੇ ਨਾ ਮੁੜਨ ਦਾ ਫ਼ੈਸਲਾ ਕਰ ਕਰਮੇ ਦੇ ਮਿੱਤਰ ਨੱਥੂ ਕੋਲ ਮੁੜ ਗਿਆ।
ਮੈਂ ਨੱਥੂ ਦੇ ਘਰ ਰਹਿਣ ਲੱਗਿਆ। ਕਿੰਨਾ ਕੁ ਚਿਰ ਕੋਈ ਕਿਸੇ ਵਿਹਲੜ ਨੂੰ ਰੋਟੀਆਂ ਦਿੰਦੈ? ਉਹਨੇ ਦੋ-ਚਾਰ ਦਿਨਾਂ ਮਗਰੋਂ ਹੀ ਮੈਨੂੰ ਸਾਫ਼-ਸਾਫ਼ ਆਖ ਦਿੱਤਾ ਕਿ ਜਾਂ ਤਾਂ ਮੈਂ ਉਹਦੇ ਨਾਲ ਵਧਾਈਆਂ ਮੰਗਣ ਵਾਲੇ ਟੋਲੇ ’ਚ ਸ਼ਾਮਿਲ ਹੋ ਜਾਵਾਂ ਜਾਂ ਫਿਰ ਇੱਥੋਂ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਦਫ਼ਾ ਹੋਵਾਂ। ਹੁਣ ਨਾ ਮੇਰਾ ਕੋਈ ਘਰ ਸੀ ਤੇ ਨਾ ਕੋਈ ਹਮਦਰਦ। ਮੇਰਾ ਕੋਈ ਨਹੀਂ ਸੀ। ਚਾਹੁੰਦਿਆਂ ਵੀ ਕਰਮੇ ਕੋਲ ਵਾਪਸ ਨਹੀਂ ਸੀ ਜਾ ਸਕਦਾ ਕਿਉਂਕਿ ਪੰਚਾਇਤ ਨੇ ਮਤਾ ਪਕਾਇਆ ਹੋਇਆ ਸੀ ਜਿਹੜਾ ਮੇਰੇ ਨਾਲ ਕੋਈ ਵਾਹ ਵਾਸਤਾ ਰੱਖੇਗਾ ਉਹਦੇ ਨਾਲ ਬਾਕੀ ਪਿੰਡ ਦੀ ਸਾਂਝ ਟੁੱਟ ਜਾਵੇਗੀ।
ਮੈਂ ਮੁੜ ਜਗਰਾਤੇ ਵਾਲੀ ਪਾਰਟੀ ’ਚ ਜਾ ਸ਼ਾਮਲ ਹੋਇਆ। ਪ੍ਰਧਾਨ ਜਗਤਾਰ ਨੇ ਮੈਨੂੰ ਹੱਸ ਕੇ ਆਪਣੇ ਨਾਲ ਰੱਖ ਲਿਆ। ਭਾਵੇਂ ਘਰਦਿਆਂ ਨੇ ਮੇਰਾ ਨਾਂ ਬੜੇ ਚਾਵਾਂ ਨਾਲ ਜਸਪਾਲ ਰੱਖਿਆ ਸੀ, ਪਰ ਮੇਰੀ ਮਾਂ ਦਾ ਪਾਲੀ ਪਾਲੀ ਕਹਿੰਦਿਆਂ ਕਦੀ ਮੂੰਹ ਨਹੀਂ ਸੀ ਥੱਕਦਾ। ਹੁਣ ਇੱਥੇ ਜਦੋਂ ਮੈਂ ਰਾਧਾ ਬਣ ਕੇ ਨੱਚਦਾ ਮੇਰਾ ਨਾਂ ਰਾਧਾ ਹੀ ਪੱਕ ਗਿਆ। ਮੇਰੇ ਕੁੜੀਆਂ ਵਰਗੇ ਤਿੱਖੇ ਨੈਣ ਨਕਸ਼ ਹਰ ਕਿਸੇ ਦਾ ਮਨ ਮੋਹ ਲੈਂਦੇ। ਮੇਰਾ ਰੋਟੀ ਪਾਣੀ ਸੋਹਣਾ ਤੁਰ ਪਿਆ। ਕਈ ਵਾਰ ਜਦੋਂ ਇਕੱਠੀਆਂ ਸਾਈਆਂ ਆਈਆਂ ਹੁੰਦੀਆਂ ਤਾਂ ਨੱਚ-ਨੱਚ ਕੇ ਮੇਰਾ ਸਾਰਾ ਸਰੀਰ ਥੱਕਿਆ ਹੋਇਆ ਟੁੱਟਣ ਲੱਗਦਾ ਤਾਂ ਪ੍ਰਧਾਨ ਜਗਤਾਰ ਮੈਨੂੰ ਦੋ ਘੁੱਟ ਲਾਲ ਪਰੀ ਪੀਣ ਲਈ ਆਖਦਾ, ਪਰ ਮੈਂ ਹਰ ਵਾਰ ਇਨਕਾਰ ਕਰ ਦਿੰਦਾ।
ਮੈਨੂੰ ਸਾਰੇ ਮਖ਼ੌਲ ਕਰਦੇ, ‘‘ਲੈ! ਤੂੰ ਹਾਲੇ ਤਕ ਚਾਹ ’ਤੇ ਡੁੱਲ੍ਹਿਆ ਪਿਐਂ! ਮਰਦ ਬਣ… ਮਰਦ… ਪੀ ਕੇ ਦੇਖ ਦੋ ਘੁੱਟ… ਸਾਰਾ ਸਰੀਰ ਨੌਂ ਬਰ ਨੌਂ ਹੋ ਜਾਊ… ਸੁਰਗ ਦੇ ਨਜ਼ਾਰੇ ਆਉਣਗੇ…’’
ਮੈਂ ਆਖਦਾ, ‘‘ਮੇਰਾ ਪਿਓ ਸਾਰੀ ਉਮਰ ਸੁਰਗਾਂ ਦੇ ਝੂਟੇ ਲੈਂਦਾ ਰਿਹਾ ਤੇ ਅਸੀਂ ਮਾੜੀ ਮਾੜੀ ਚੀਜ਼ ਲਈ ਤਰਸਦੇ ਰਹੇ… ਮੈਨੂੰ ਨਫ਼ਰਤ ਐ ਏਸ ਲਾਲ ਪਰੀ ਨਾਲ ਜਿਹੜੀ ਨਿੱਤ ਸਾਡੇ ਘਰ ਕਲੇਸ਼ ਦਾ ਭਾਂਬੜ ਬਾਲ ਕੇ ਰੱਖਦੀ ਸੀ।’’
ਮੈਂ ਕਦੇ ਇਸ ਕੌੜੀ ਸ਼ੈਅ ਨੂੰ ਮੂੰਹ ਨਾ ਲਾਇਆ। ਇੱਕ ਦਿਨ ਸਾਡੀ ਪਾਰਟੀ ਦੇ ਹੀ ਮਿੰਦੀ ਤੇ ਜਿੰਦਰ ਦੀ ਸ਼ਰਤ ਲੱਗੀ ਮੈਨੂੰ ਪਿਲਾਉਣ ਦੀ। ਉਨ੍ਹਾਂ ਕੋਲਡ ਡਰਿੰਕ ਵਿੱਚ ਮਿਲਾ ਕੇ ਮੈਨੂੰ ਪਿਲਾ ਦਿੱਤੀ। ਮੈਂ ਦੋ ਰਾਤਾਂ ਦਾ ਉਨੀਂਦਰਾ ਥਕਾਵਟ ਨਾਲ ਚੂਰ ਹੋਇਆ ਪਿਆ ਸੀ। ਮੈਨੂੰ ਸਰੂਰ ਜਿਹਾ ਚੜ੍ਹ ਗਿਆ ਪੀ ਕੇ। ਮੈਂ ਪੂਰੇ ਜ਼ੋਰ ਨਾਲ ਨੱਚਣ ਲੱਗਿਆ ਰਾਧਾ ਵਾਲੇ ਗੀਤ ’ਤੇ। ਫੇਰ ਮੁੜ ਕੇ ਮੈਨੂੰ ਪਤਾ ਨਹੀਂ ਕੀ ਹੋਇਆ, ਕੀ ਨਹੀਂ। ਸਵੇਰੇ ਤਿੱਖੀ ਧੁੱਪ ਜਦੋਂ ਤਾਕੀਆਂ ’ਚੋਂ ਝਾਤੀਆਂ ਮਾਰਨ ਲੱਗੀ ਉਦੋਂ ਹੀ ਮੇਰੀ ਅੱਖ ਖੁੱਲ੍ਹੀ। ਸਭ ਨੇ ਮੇਰਾ ਚੰਗਾ ਮਖ਼ੌਲ ਉਡਾਇਆ ਤੇ ਮੈਂ ਚੁੱਪ-ਚਾਪ ਨੀਵੀਂ ਪਾ ਮੁਸਕਰਾਉਂਦਾ ਰਿਹਾ।
ਮਿੰਦੀ ਤੇ ਜਿੰਦਰ ਦੀ ਸ਼ਰਤ ਦਾ ਨਿਪਟਾਰਾ ਤਾਂ ਹੋ ਗਿਆ, ਪਰ ਮੈਨੂੰ ਰੋਜ਼ ਕੋਲਡ ਡ੍ਰਿੰਕ ਵਿੱਚ ਪੀਣੀ ਚੰਗੀ ਲੱਗਣ ਲੱਗੀ। ਹੌਲੀ-ਹੌਲੀ ਮੈਂ ਇਸ ਲਾਲ ਪਰੀ ਦਾ ਗ਼ੁਲਾਮ ਹੋ ਗਿਆ। ਇਸ ਤੋਂ ਬਗੈਰ ਮੇਰਾ ਸੰਘ ਸੁੱਕਣ ਲੱਗਦਾ। ਮੈਂ ਕਿਸੇ ਵੀ ਪ੍ਰੋਗਰਾਮ ’ਤੇ ਜਾਣ ਸਮੇਂ ਪ੍ਰਧਾਨ ਨੂੰ ਪਹਿਲਾਂ ਹੀ ਲਾਲ ਪਰੀ ਦੀ ਹਾਜ਼ਰੀ ਬਾਰੇ ਆਖ ਦਿੰਦਾ। ਪੀਣ ਤੋਂ ਬਾਅਦ ਮੈਂ ਕਿੰਨੇ-ਕਿੰਨੇ ਘੰਟੇ ਸਟੇਜ ’ਤੇ ਕਿਸੇ ਨੂੰ ਨਾ ਚੜ੍ਹਨ ਦਿੰਦਾ। ’ਕੱਲਾ ਈ ਸਟੇਜ ਸਾਂਭੀ ਰੱਖਦਾ। ਹੁਣ ਇਸ ਤੋਂ ਬਿਨਾਂ ਮੈਨੂੰ ਨੀਂਦ ਨਾ ਆਉਂਦੀ।
ਮੇਰਾ ਘਰ ਦਾ ਮੋਹ ਨਾ ਗਿਆ। ਮੈਂ ਕਦੇ-ਕਦਾਈਂ ਕਰਮੇ ਨੂੰ ਫ਼ੋਨ ਕਰ ਘਰ ਦਾ ਹਾਲ ਚਾਲ ਪੁੱਛ ਲੈਂਦਾ। ਇੱਕ ਦਿਨ ਉਹਨੇ ਮੈਨੂੰ ਮੇਰੀ ਭੈਣ ਦੇ ਵਿਆਹ ਬਾਰੇ ਦੱਸਿਆ। ਇਹ ਸੋਚ ਕੇ ਮੇਰੇ ਹੌਲ ਜਿਹਾ ਪੈਣ ਲੱਗਿਆ ਕਿ ਮੈਨੂੰ ਕਿਸੇ ਨੇ ਨਹੀਂ ਸੱਦਿਆ। ਮੈਂ ਘਰ ਜਾਣ ਦੀ ਸੋਚੀ, ਪਰ ਨਾਲ ਹੀ ਕਰਮੇ ਨੇ ਮੈਨੂੰ ਵਰਜ ਦਿੱਤਾ ਕਿ ਵਿਆਹ ’ਤੇ ਨਾ ਆਵੀਂ। ਕੁੜੀ ਦੇ ਸਹੁਰਿਆਂ ਨੂੰ ਤੇਰੇ ਬਾਰੇ ਕੁਝ ਨਹੀਂ ਪਤਾ। ਜੇਕਰ ਪਤਾ ਲੱਗ ਗਿਆ ਤਾਂ ਚੰਗਾ ਭਲਾ ਰਿਸ਼ਤਾ ਵਿਗੜ ਨਾ ਜਾਵੇ। ਇਹਦੇ ਨਾਲੋਂ ਚੰਗਾ ਤੂੰ ਜਿੱਥੇ ਐਂ ਉੱਥੇ ਹੀ ਰਹਿ। ਉਂਜ ਵੀ ਤੇਰੇ ਮਾਂ-ਪਿਓ ਹੁਣ ਤੇਰਾ ਨਾਮ ਵੀ ਸੁਣਨਾ ਨਹੀਂ ਚਾਹੁੰਦੇ। ਉਹ ਹਰ ਕਿਸੇ ਨੂੰ ਇਹੋ ਆਖਦੇ ਕਿ ਸਾਡਾ ਪੁੱਤ ਤਾਂ ਕਿਧਰੇ ਮਰ-ਮੁੱਕ ਗਿਆ। ਸਾਡੇ ਤਾਂ ਹੁਣ ਇੱਕੋ ਇੱਕ ਧੀ ਐ। ਜਦੋਂ ਕਰਮੇ ਨੇ ਇੰਜ ਦੱਸਿਆ ਤਾਂ ਮੈਨੂੰ ਸੱਚਮੁੱਚ ਹੀ ਆਪਣਾ ਸਰੀਰ ਮੁਰਦਾ ਜਿਹਾ ਲੱਗਣ ਲੱਗਿਆ ਜਿਹੜਾ ਹੁੰਦੇ ਹੋਏ ਵੀ ਆਪਣੀ ਭੈਣ ਦੇ ਵਿਆਹ ’ਤੇ ਨਹੀਂ ਜਾ ਸਕਦਾ। ਮੈਂ ਉਸ ਦਿਨ ਸਾਝਰੇ ਹੀ ਪੀ ਕੇ ਬੈਠ ਗਿਆ। ਪੀ ਵੀ ਸ਼ਾਇਦ ਹੱਦੋਂ ਵੱਧ ਲਈ। ਫਿਰ ਉਲਟੀਆਂ ਕਰ ਕਰ ਸਾਰਾ ਵਿਹੜਾ ਭਰ ਦਿੱਤਾ। ਜਗਤਾਰ ਪ੍ਰਧਾਨ ਤੇ ਹੋਰਨਾਂ ਨੇ ਬਾਅਦ ਵਿੱਚ ਮੇਰੀ ਚੰਗੀ ਰੇਲ ਬਣਾਈ। ਉਨ੍ਹਾਂ ਸਾਰਿਆਂ ਮਿਲ ਕੇ ਮੈਨੂੰ ਖ਼ੂਬ ਸ਼ਰਮਸਾਰ ਕੀਤਾ।
ਹੁਣ ਮੈਂ ਇਸ ਦੂਹਰੀ ਜ਼ਿੰਦਗੀ ਤੋਂ ਤੰਗ ਆਉਣ ਲੱਗਿਆ ਜਾਂ ਕਹਿ ਸਕਦੇ ਹੋ ਕਿ ਇਸ ਸਭ ਕੁਝ ਤੋਂ ਮੇਰਾ ਮਨ ਭਰ ਗਿਆ। ਮੈਨੂੰ ਰਾਤ ਨੂੰ ਆਪਣੀ ਮਾਂ ਦੀ ਯਾਦ ਬਹੁਤ ਸਤਾਉਂਦੀ। ਭੈੜੇ-ਭੈੜੇ ਸੁਪਨੇ ਮੈਨੂੰ ਸੌਣ ਨਾ ਦਿੰਦੇ। ਮੈਂ ਅੱਧੀ-ਅੱਧੀ ਰਾਤੀਂ ਚੀਕਾਂ ਮਾਰਦਾ ਉੱਠ ਬਹਿੰਦਾ। ਮੈਨੂੰ ਰਾਤ ਨੂੰ ਇੰਜ ਲੱਗਦਾ ਜਿਵੇਂ ਕੋਈ ਮੇਰਾ ਗਲਾ ਘੁੱਟ ਰਿਹਾ ਹੋਵੇ। ਮੇਰਾ ਸੰਘ ਸੁੱਕਣ ਲੱਗਦਾ। ਮੈਂ ਪਾਣੀ ਦੇ ਦੋ-ਦੋ ਗਲਾਸ ਲੰਘਾਰ ਲੈਂਦਾ। ਮੇਰੀ ਧੜਕਣ ਠੱਕ-ਠੱਕ ਕਰਦੀ ਰਹਿੰਦੀ। ਮੈਂ ਪਾਗਲਾਂ ਵਾਂਗੂ ਆਪਣੀ ਭੈਣ ਰਾਣੋ ਨੂੰ ਆਵਾਜ਼ਾਂ ਮਾਰਦਾ। ਕਈ ਵਾਰ ਮੇਰੇ ਨਾਲ ਪਏ ਪਾਰਟੀ ਦੇ ਹੋਰ ਲੋਕ ਵੀ ਡਰ ਕੇ ਉੱਠ ਬਹਿੰਦੇ ਤੇ ਕਿੰਨੀ-ਕਿੰਨੀ ਦੇਰ ਮੇਰੇ ਵੱਲ ਓਪਰੀਆਂ ਨਜ਼ਰਾਂ ਨਾਲ ਵੇਖਦੇ ਰਹਿੰਦੇ। ਮੈਂ ਆਪਣੇ ਘਰ ਦੀ ਮਾਲੀ ਹਾਲਤ ਤੋਂ ਚੰਗੀ ਤਰ੍ਹਾਂ ਜਾਣੂੰ ਸਾਂ। ਮੈਂ ਆਪਣੇ ਘਰਦਿਆਂ ਦੀ ਮਦਦ ਕਰਨਾ ਚਾਹੁੰਦਾ ਸਾਂ। ਮੈਂ ਕਰਮੇ ਕੋਲ ਕੁਝ ਪੈਸੇ ਆਏ ਮਹੀਨੇ ਭੇਜਣ ਲੱਗਿਆ।
ਕਰਮੇ ਨੇ ਇੱਕ ਦਿਨ ਮੈਨੂੰ ਆਖਿਆ, ‘‘ਤੇਰੇ ਘਰਦਿਆਂ ਨੇ ਤੇਰੇ ਭੇਜੇ ਰੁਪਇਆਂ ਨੂੰ ਹੱਥ ਲਾਉਣ ਤੋਂ ਇਨਕਾਰ ਕਰ ਦਿੱਤਾ… ਤੂੰ ਰੁਪਏ ਨਾ ਭੇਜਿਆ ਕਰ।’’
ਉਹਦੀ ਇਹ ਗੱਲ ਸੁਣ ਕੇ ਮੈਂ ਅੰਦਰੋ-ਅੰਦਰੀ ਹੋਰ ਟੁੱਟ ਗਿਆ। ਮੈਂ ਘਰ ਪਰਤਣਾ ਚਾਹੁੰਦਾ ਸਾਂ, ਪਰ ਕਿਵੇਂ ਜਾਂਦਾ? ਮੈਨੂੰ ਉਹ ਦਿਨ ਚੇਤੇ ਆ ਜਾਂਦਾ ਜਦੋਂ ਮੇਰੀ ਮਾਂ ਨੇ ਮੈਨੂੰ ਬਾਹੋਂ ਫੜ ਘਰੋਂ ਬਾਹਰ ਧੱਕ ਦਿੱਤਾ ਸੀ। ਮੈਂ ਜਗਰਾਤਿਆਂ ’ਤੇ ਜਾਣਾ ਵੀ ਬੰਦ ਕਰ ਦਿੱਤਾ। ਜਗਤਾਰ ਪ੍ਰਧਾਨ ਮੈਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦਾ, ਪਰ ਮੈਂ ਟੱਸ ਤੋਂ ਮੱਸ ਨਾ ਹੋਇਆ। ਹੁਣ ਮੈਂ ਮਾਪਿਆਂ ਦਾ ਸਾਊ ਪੁੱਤ ਬਣਨਾ ਚਾਹੁੰਦਾ ਸਾਂ। ਆਪਣੇ ਘਰ, ਆਪਣੇ ਪਿੰਡ, ਆਪਣੇ ਮਾਪਿਆਂ ਕੋਲ ਜਾਣਾ ਚਾਹੁੰਦਾ ਸਾਂ। ਰੋਜ਼ ਰੋਜ਼ ਕਿਸੇ ਨੂੰ ਮੁਫ਼ਤ ਦੀ ਬੁਰਕੀ ਕੌਣ ਦਿੰਦੈ? ਲਾਲ ਪਰੀ ਵੀ ਮੇਰੇ ਹੱਡਾਂ ’ਚ ਰਚ ਗਈ ਸੀ। ਮੈਂ ਉਸ ਤੋਂ ਬਿਨਾਂ ਲਾਚਾਰ ਹੋ ਜਾਂਦਾ।
ਇੱਕ ਦਿਨ ਜਗਤਾਰ ਨੇ ਵੀ ਨੱਥੂ ਢੋਲੀ ਵਾਂਗੂੰ ਮੈਨੂੰ ਘਰੋਂ ਬਾਹਰ ਦਾ ਰਾਹ ਵਿਖਾ ਦਿੱਤਾ। ਮੈਂ ਮੁੜ ਬੇਘਰ ਹੋ ਗਿਆ। ਹੁਣ ਕਿੱਥੇ ਜਾਵਾਂ? ਮੈਂ ਸੋਚਾਂ ਵਿੱਚ ਡੁੱਬਿਆ ਹੋਇਆ ਸਾਂ। ਮੈਂ ਕਰਮੇ ਨੂੰ ਇਹ ਪੁੱਛਣ ਲਈ ਫ਼ੋਨ ਲਾ ਬੈਠਿਆ ਕਿ ਮੇਰੀ ਮਾਂ ਦਾ ਗੁੱਸਾ ਕੁਝ ਢੈਲਾ ਹੋਇਆ ਜਾਂ ਨਹੀਂ? ਜੋ ਕਰਮੇ ਨੇ ਦੱਸਿਆ ਉਹਨੂੰ ਸੁਣ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਉਹਨੇ ਦੱਸਿਆ, ‘‘ਤੇਰੀ ਮਾਂ ਪੀ.ਜੀ.ਆਈ. ਦਾਖ਼ਲ ਐ ਦੋ ਦਿਨ ਹੋ ਗਏ। ਡਾਕਟਰਾਂ ਨੇ ਸਟੰਟ ਪਾਉਣ ਦੀ ਗੱਲ ਆਖੀ ਤੇ ਤੇਰਾ ਪਿਉ ਰੁਪਏ ਇਕੱਠੇ ਕਰਦਾ ਫਿਰਦੈ।’’
ਉਹਦੇ ਮੂੰਹੋਂ ਆਪਣੀ ਮਾਂ ਬਾਰੇ ਸੁਣ ਮੈਂ ਸਿੱਧਾ ਪੀ.ਜੀ.ਆਈ. ਜਾਣ ਬਾਰੇ ਸੋਚਿਆ, ਪਰ ਖਾਲੀ ਹੱਥ ਕਿਵੇਂ ਜਾਂਦਾ? ਉਹ ਵੀ ਏਸ ਘੜੀ। ਜਗਤਾਰ ਪ੍ਰਧਾਨ ਕੋਲ ਵਾਪਸ ਵੀ ਨਹੀਂ ਸੀ ਜਾ ਸਕਦਾ ਕਿਉਂਕਿ ਤਾਜ਼ਾ-ਤਾਜ਼ਾ ਉਹਦੇ ਘਰੋਂ ਕੁੱਤੇਖਾਣੀ ਕਰਵਾ ਕੇ ਆਇਆ ਸਾਂ।
ਅਜਿਹੇ ਸਮੇਂ ਮੈਂ ਨੱਥੂ ਦੇ ਘਰ ਦਾ ਬੂਹਾ ਜਾ ਖੜਕਾਇਆ। ਉਹਨੇ ਅੱਖਾਂ ਮਲ਼ਦੇ-ਮਲ਼ਦੇ ਨੇ ਬੂਹਾ ਖੋਲ੍ਹਿਆ, ‘‘ਹਾਂ! ਫਿਰ ਅੱਜ ਕਿੱਧਰ ਰਾਧਾ? ਕਿਵੇਂ ਯਾਦ ਆ ਗਈ ਸਾਡੀ?’’ ਉਹ ਟਿੱਚਰ ਭਰੇ ਲਹਿਜੇ ’ਚ ਬੋਲਿਆ। ਮੈਂ ਭਰੀਆਂ ਅੱਖਾਂ ਨਾਲ ਉਹਦੇ ਮੂਹਰੇ ਹੱਥ ਜੋੜੀ ਖੜ੍ਹਾ ਸਾਂ ਉਸ ਮਾਂ ਲਈ ਜਿਹਨੂੰ ਮੈਂ ਸਾਰੀ ਉਮਰ ਨਹੀਂ ਸਿਆਣਿਆ। ਅੱਜ ਉਸ ਮਾਂ ਦੀ ਤਕਲੀਫ਼ ਬਾਰੇ ਸੁਣ ਕੇ ਮੈਨੂੰ ਤਕਲੀਫ਼ ਹੋ ਰਹੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਮੇਰਾ ਦਿਲ ਵੀ ਅੱਜ ਮੈਨੂੰ ਧੋਖਾ ਦੇ ਜਾਵੇਗਾ।’’
‘‘ਉਸਤਾਦ! ਅੱਜ ਮੈਂ ਤੇਰੇ ਕੋਲ ਬਹੁਤ ਉਮੀਦ ਲੈ ਕੇ ਆਇਆਂ… ਮੇਰੀ ਮਾਂ ਬਹੁਤ ਬਿਮਾਰ ਐ… ਉਹ ਪੀ.ਜੀ.ਆਈ. ਦਾਖਲ ਐ… ਜੇਕਰ ਸਮੇਂ ਸਿਰ ਆਪ੍ਰੇਸ਼ਨ ਨਾ ਹੋਇਆ ਤਾਂ ਕੁਝ ਵੀ ਹੋ ਸਕਦੈ… ਮੈਨੂੰ ਕੁਝ ਰੁਪਿਆਂ ਦੀ ਲੋੜ ਐ।’’
‘‘ਕਿੰਨੇ ਕੁ ਰੁਪਿਆਂ ਨਾਲ ਸਰ ਜਾਊ?’’
ਉਹਦੇ ਪੁੱਛਣ ਦੀ ਦੇਰ ਸੀ ਤੇ ਮੇਰੇ ਮੂੰਹੋਂ ਝੱਟ, ‘‘ਦੋ ਲੱਖ!’’ ਉਹਨੇ ਬਿਨਾਂ ਕੋਈ ਹੋਰ ਸਵਾਲ ਕੀਤਿਆਂ ਆਪਣੀ ਪਤਨੀ ਰਜਨੀ ਨੂੰ ਆਵਾਜ਼ ਮਾਰੀ ਤੇ ਉਹ ਪੌੜੀਆਂ ਉਤਰਦੀ ਹੋਈ ਮੇਰੇ ਵੱਲ ਘੂਰਦੀ ਸਾਡੇ ਕੋਲ ਆਣ ਖੜ੍ਹੀ। ਪਹਿਲਾਂ ਜਦੋਂ ਮੈਂ ਇੱਥੇ ਰਹਿੰਦਾ ਸਾਂ ਇਕ-ਦੋ ਵਾਰ ਮੇਰੀ ਉਹਦੇ ਨਾਲ ਝੜਪ ਵੀ ਹੋ ਗਈ ਸੀ। ਉਹ ਮੈਨੂੰ ਵਧਾਈ ਮੰਗਣ ਲਈ ਭੇਜਣਾ ਚਾਹੁੰਦੀ ਸੀ, ਪਰ ਮੈਂ ਆਪਣੀ ਨਾ ਜਾਣ ਦੀ ਜ਼ਿੱਦ ’ਤੇ ਅੜਿਆ ਰਿਹਾ। ਜਿਸ ਕਾਰਨ ਉਹਨੇ ਹੀ ਮੇਰਾ ਕੱਪੜਿਆਂ ਦਾ ਬੈਗ ਚੁੱਕ ਗਲੀ ਵਿੱਚ ਵਗਾਹ ਮਾਰਿਆ ਸੀ ਤੇ ਮੁੜ ਆਪਣੀ ਸ਼ਕਲ ਨਾ ਵਿਖਾਉਣ ਲਈ ਆਖਿਆ ਸੀ। ਉਹ ਮੇਰੇ ਕੋਲ ਖੜ੍ਹ ਮੇਰੇ ਵੱਲ ਗਹੁ ਨਾਲ ਵੇਖਣ ਲੱਗੀ। ਮੈਂ ਚੋਰਾਂ ਵਾਂਗੂੰ ਅੱਖਾਂ ਨੀਵੀਆਂ ਕਰੀ ਖੜ੍ਹਾ ਸਾਂ। ਨੱਥੂ ਉਹਨੂੰ ਪੁੱਛਣ ਲੱਗਿਆ, ‘‘ਘਰ ਵਿੱਚ ਦੋ ਕੁ ਲੱਖ ਰੁਪਏ ਪਏ ਨੇ?’’
ਉਹ ਹਾਂ ਵਿੱਚ ਸਿਰ ਮਾਰਦਿਆਂ ਨੱਕ-ਬੁੱਲ ਕੱਢਦੀ ਹੋਈ ਪੁੱਛਣ ਲੱਗੀ, ‘‘ਕੀ ਲੋੜ ਪੈ ਗਈ ਸੁਵਖਤੇ ਈ ਐਨੇ ਰੁਪਿਆਂ ਦੀ?’’
ਨੱਥੂ ਉਹਨੂੰ ਠਰੰਮੇ ਨਾਲ ਆਖਣ ਲੱਗਿਆ, ‘‘ਇਹਦੀ ਮਾਂ ਦੇ ਇਲਾਜ ਲਈ ਲੋੜ ਐ।’’
ਰਜਨੀ ਨੇ ਬਿਨਾ ਕੋਈ ਹੋਰ ਸਵਾਲ ਪਾਇਆਂ ਚੁੱਪ-ਚਾਪ ਚੁਬਾਰੇ ’ਚੋਂ ਦੋ ਲੱਖ ਰੁਪਏ ਲਿਆ ਮੇਰੇ ਹੱਥ ਫੜਾ ਦਿੱਤੇ। ਮੈਂ ਰੁਪਏ ਲੈ ਕੇ ਉਨ੍ਹਾਂ ਦੇ ਅਹਿਸਾਨ ਹੇਠ ਸਿਰ ਤੋਂ ਪੈਰਾਂ ਤਕ ਦੱਬ ਗਿਆ।
ਮੈਂ ਛੇਤੀ ਹੀ ਰੁਪਏ ਵਾਪਸ ਕਰਨ ਦਾ ਵਾਅਦਾ ਕਰ ਪੀ.ਜੀ.ਆਈ. ਪਹੁੰਚਣ ਲਈ ਚੰਡੀਗੜ੍ਹ ਦੀ ਬੱਸ ’ਚ ਆ ਬੈਠਿਆ। ਸਾਰੇ ਰਾਹ ਮੈਂ ਪਿਛਲੀਆਂ ਯਾਦਾਂ ਦੇ ਵਰਕੇ ਫ਼ਰੋਲਦਾ ਰਿਹਾ। ਪੀ.ਜੀ.ਆਈ. ਪਹੁੰਚ ਕੇ ਮੈਂ ਪੁੱਛ-ਗਿੱਛ ਕਰਦਿਆਂ ਉੱਥੇ ਪਹੁੰਚ ਗਿਆ ਜਿਸ ਵਾਰਡ ਵਿਚ ਮੇਰੀ ਮਾਂ ਦਾਖ਼ਲ ਸੀ। ਮੈਨੂੰ ਵੇਖਦੇ ਸਾਰ ਮੇਰੇ ਪਿਓ ਦਾ ਚਿਹਰਾ ਭਖ ਗਿਆ। ਉਸ ਦੀਆਂ ਮੋਟੀਆਂ-ਮੋਟੀਆਂ ਅੱਖਾਂ ਵਿੱਚ ਲਾਲੀ ਉਤਰ ਆਈ। ਉਹ ਮੈਨੂੰ ਗੁੱਸੇ ਨਾਲ, ‘‘ਹਾਲੇ ਮਰਿਆ ਨੀਂ ਮੈਂ… ਤੂੰ ਏਥੇ ਕੀ ਲੈਣ ਆਇਐਂ? ਵੇਖਣ ਆਇਐਂ ਕਿ ਉਹ ਮਰੀ ਕਿ ਨਹੀਂ?’’
ਮੈਂ ਕੁਝ ਨਾ ਬੋਲਿਆ, ਅੱਖਾਂ ਨੀਵੀਆਂ ਕਰ ਖੜ੍ਹਾ ਰਿਹਾ। ਐਨੇ ਨੂੰ ਮੇਰੇ ਪਿਓ ਦੀ ਮੋਬਾਈਲ ਦੀ ਘੰਟੀ ਵੱਜੀ ਤੇ ਉਹ ਫੋਨ ’ਤੇ ਨੰਬਰ ਵੇਖ ਗੱਲ ਕਰਨ ਲੱਗਿਆ, ‘‘ਨਹੀਂ! ਹਾਲੇ ਨਹੀਂ… ਪੈਸੇ ਥੋੜ੍ਹੇ ਥੁੜ੍ਹਦੇ ਨੇ… ਕਿੰਨੀ ਥਾਂ ਤਾਂ ਫ਼ੋਨ ਕਰ ਚੁੱਕਿਆ ਹਾਂ, ਪਰ ਹਾਲੇ ਗੱਲ ਨਹੀਂ ਬਣੀ… ਡਾਕਟਰ ਵੀ ਤਾਂ ਉਦੋਂ ਹੀ ਆਪ੍ਰੇਸ਼ਨ ਨੂੰ ਹੱਥ ਪਾਉਣਗੇ ਜਦੋਂ ਫ਼ੀਸ ਪੂਰੀ ਜਮ੍ਹਾ ਹੋਈ।’’ ਮੇਰੇ ਪਿਓ ਦੀਆਂ ਗੱਲਾਂ ਵਿੱਚ ਬੇਵਸੀ ਵੇਖ ਮੈਂ ਹੋਰ ਟੁੱਟ ਗਿਆ। ਅੱਜ ਤਾਈਂ ਮੈਂ ਆਪਣੇ ਪਿਓ ਨੂੰ ਕਦੇ ਏਦਾਂ ਨਹੀਂ ਸੀ ਵੇਖਿਆ। ਉਹ ਹਮੇਸ਼ਾਂ ਆਕੜ ’ਚ ਤੁਰਿਆ ਫਿਰਦਾ ਰਹਿੰਦਾ ਸੀ ਤੇ ਮੈਂ ਉਹਦੀ ਆਕੜ ਭੰਨਣਾ ਚਾਹੁੰਦਾ ਸਾਂ, ਪਰ ਐਦਾਂ ਤਾਂ ਕਦੇ ਵੀ ਨਹੀਂ ਸੀ ਸੋਚਿਆ। ਅੱਜ ਮੇਰੇ ਪਿਓ ਦੇ ਮੂੰਹ ਤੋਂ ਹਮੇਸ਼ਾਂ ਆਉਂਦੀ ਹਵਾੜ ਵੀ ਗੈਰਹਾਜ਼ਰ ਸੀ ਜਿਹੜੀ ਸਵੇਰੇ ਸਾਝਰੇ ਹੀ ਦੋ ਪੈੱਗ ਲਾਉਣ ਤੋਂ ਬਾਅਦ ਹਮੇਸ਼ਾਂ ਉਸ ਦੇ ਮੂੰਹੋਂ ਨਿਕਲਦੀ ਮੇਰੇ ਮਨ ਅੰਦਰ ਉਸ ਲਈ ਗੁੱਸਾ ਭਰ ਦਿੰਦੀ ਸੀ। ਉਹ ਫ਼ੋਨ ਕੱਟ ਲਾਚਾਰਾਂ ਵਾਂਗੂੰ ਮੱਥਾ ਫੜ ਕੁਰਸੀ ’ਤੇ ਬਹਿ ਗਿਆ। ਮੈਂ ਕੁਝ ਨਾ ਆਖਿਆ ਤੇ ਆਪਣੇ ਪਿਓ ਦੇ ਹੱਥਾਂ ਵਿੱਚ ਦੋ ਲੱਖ ਰੁਪਏ ਫੜਾ ਦਿੱਤੇ। ਭਾਵੇਂ ਚੰਗੇ ਦਿਨਾਂ ਵਿੱਚ ਉਹ ਮੈਥੋਂ ਰੁਪਏ ਨਾ ਵੀ ਲੈਂਦਾ, ਪਰ ਹੁਣ ਉਹ ਮਜਬੂਰ ਸੀ। ਉਹਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ ਤੇ ਉਹਨੇ ਮੈਨੂੰ ਗਲ ਨਾਲ ਲਾ ਆਪਣੇ ਕਲਾਵੇ ’ਚ ਭਰ ਲਿਆ। ਮੈਂ ਮਾਂ ਨੂੰ ਵੇਖਿਆ, ਅੰਦਰ ਬੇਸੁਧ ਪਈ ਸੀ। ਮੈਂ ਆਪਣੇ ਪਿਉ ਨੂੰ ਮੁੜ ਛੇਤੀ ਹੀ ਆਉਣ ਦਾ ਵਾਅਦਾ ਕਰ ਮੁੜ ਬੱਸ ਚੜ੍ਹ ਆਇਆ ਨੱਥੂ ਕੋਲ ਜਿਹਦਾ ਹੁਣ ਮੈਂ ਦੋ ਲੱਖ ਰੁਪਏ ਦਾ ਕਰਜ਼ਾਈ ਸਾਂ। ਜਿਹਨੇ ਮੈਨੂੰ ਇੱਕ ਤਰ੍ਹਾਂ ਨਾਲ ਖ਼ਰੀਦ ਲਿਆ ਸੀ ਦੋ ਲੱਖ ਵਿੱਚ।
ਨੱਥੂ ਨੂੰ ਅਸਲ ਵਿਚ ਮੀਨਾ ਮਹੰਤ ਨੇ ਗੋਦ ਲਿਆ ਹੋਇਆ ਸੀ। ਨੱਥੂ ਤੇ ਉਹਦੀ ਘਰਵਾਲੀ ਉਸ ਬਜ਼ੁਰਗ ਹੋ ਚੁੱਕੇ ਮਹੰਤ ਦੀ ਸੇਵਾ ਕਰਦੇ। ਨੱਥੂ, ਮਹੰਤ ਦੇ ਡੇਰੇ ਵਿੱਚ ਰਹਿੰਦਾ ਸੀ। ਨੱਥੂ ਦੀ ਰਿਹਾਇਸ਼ ਵੱਖਰੀ ਚੁਬਾਰੇ ਵਿੱਚ ਸੀ ਜਦੋਂਕਿ ਹੇਠਲੇ ਪੰਜ ਛੇ ਕਮਰੇ ਕਿੰਨਰਾਂ ਨੂੰ ਦਿੱਤੇ ਹੋਏ ਸਨ। ਮੈਨੂੰ ਵੀ ਨੱਥੂ ਨੇ ਇੱਕ ਖ਼ਾਲੀ ਪਿਆ ਕੋਠੜੀਨੁਮਾ ਕਮਰਾ ਦੇ ਦਿੱਤਾ। ਨੱਥੂ ਕਿੰਨਰਾਂ ਨਾਲ ਵਧਾਈ ਮੰਗਣ ਜਾਂਦਾ ਤੇ ਮੈਨੂੰ ਵੀ ਨਾਲ ਚੱਲਣ ਲਈ ਆਖਦਾ। ਹੁਣ ਉਹਨੂੰ ਨਾਂਹ ਕਰਨ ਦੀ ਮੇਰੀ ਔਕਾਤ ਨਹੀਂ ਸੀ ਰਹਿ ਗਈ। ਮੈਂ ਚੁੱਪ-ਚਾਪ ਸੂਟ ਪਾ ਔਰਤਾਂ ਵਾਂਗੂੰ ਹਾਰ ਸ਼ਿੰਗਾਰ ਕਰ ਉਹਦੇ ਨਾਲ ਤੁਰ ਪੈਂਦਾ। ਮੈਨੂੰ ਨੱਥੂ ਤੇ ਉਹਦੀ ਘਰਵਾਲੀ ਰਜਨੀ ਵੀ ਰਾਧਾ ਹੀ ਆਖਦੇ।
ਜਦੋਂ ਮੈਂ ਵਧਾਈ ਲੈਣ ਜਾਂਦਾ ਤਾਂ ਮੇਰਾ ਨਾਚ ਵੇਖਣ ਲਈ ਮਿੰਟਾਂ ਵਿਚ ਭੀੜ ਜਮ੍ਹਾਂ ਹੋ ਜਾਂਦੀ ਤੇ ਸੁੱਖ ਨਾਲ ਵਾਧੂ ਵਧਾਈਆਂ ਮਿਲਦੀਆਂ। ਜਿਸ ਕਾਰਨ ਨੱਥੂ ਤੇ ਉਹਦੀ ਘਰਵਾਲੀ ਖ਼ੁਸ਼ ਸਨ। ਉਹ ਮੈਨੂੰ ਵਧਾਈ ’ਤੇ ਜਾਣ ਲਈ ਹਜ਼ਾਰ ਰੁਪਏ ਦਿੰਦੇ। ਮੈਂ ਦੋ ਕੁ ਮਹੀਨਿਆਂ ਵਿੱਚ ਹੀ ਉਨ੍ਹਾਂ ਨੂੰ ਦੋ ਲੱਖ ਰੁਪਏ ਕਮਾ ਕੇ ਦੇ ਦਿੱਤੇ। ਉਹ ਖ਼ੁਸ਼ ਸਨ, ਪਰ ਮੈਂ ਖ਼ੁਸ਼ ਨਹੀਂ ਸਾਂ। ਭਾਵੇਂ ਮੇਰੀ ਮਾਂ ਨੂੰ ਹਸਪਤਾਲੋਂ ਛੁੱਟੀ ਮਿਲ ਗਈ ਉਹ ਠੀਕ ਸੀ। ਮੇਰੇ ਨਾਲ ਫ਼ੋਨ ’ਤੇ ਵੀ ਗੱਲ ਕਰ ਲੈਂਦੀ। ਮੇਰੇ ਪਿਉ ਨਾਲ ਵੀ ਮੇਰੇ ਸਬੰਧ ਕੁਝ ਸੁਧਰਨ ਲੱਗੇ। ਮੇਰੀ ਭੈਣ ਵੀ ਕਦੇ-ਕਦਾਈਂ ਮੇਰਾ ਹਾਲ ਪੁੱਛ ਲੈਂਦੀ। ਮੈਨੂੰ ਇੰਜ ਲੱਗਣ ਲੱਗਿਆ ਜਿਵੇਂ ਹੁਣ ਸਭ ਕੁਝ ਠੀਕ ਹੋਣ ਵਾਲਾ ਐ। ਮੈਂ ਆਪਣੀ ਮਾਂ ਨੂੰ ਵਾਅਦਾ ਕੀਤਾ ਕਿ ਮੈਂ ਛੇਤੀ ਹੀ ਲੈਣ ਦੇਣ ਉਤਾਰ ਕੇ ਸੁਰਖਰੂ ਹੋ ਘਰ ਪਰਤਾਂਗਾ।
ਇਨ੍ਹਾਂ ਦਿਨਾਂ ਵਿੱਚ ਇੱਕ-ਦੋ ਵਾਰ ਮੈਨੂੰ ਜਗਤਾਰ ਪ੍ਰਧਾਨ ਵੀ ਟੱਕਰਿਆ। ਉਹਨੇ ਆਪਣੀ ਮੰਡਲੀ ਵਿੱਚ ਮੁੜ ਸ਼ਾਮਲ ਹੋਣ ਦੀ ਗੱਲ ਆਖੀ, ਪਰ ਮੈਂ ਇਨਕਾਰ ਕਰ ਦਿੱਤਾ ਕਿਉਂਕਿ ਮੈਂ ਹੁਣ ਨੱਥੂ ਦਾ ਅਹਿਸਾਨ ਨਹੀਂ ਸੀ ਭੁੱਲ ਸਕਦਾ। ਉਹਦੇ ਕਾਰਨ ਹੀ ਅੱਜ ਮੈਂ ਆਪਣੀ ਮਾਂ ਨੂੰ ਮਾਂ ਕਹਿਣ ਜੋਗਾ ਹੋਇਆ ਸਾਂ, ਪਰ ਪਤਾ ਨਹੀਂ ਜਗਤਾਰ ਨੇ ਮਨ ਵਿੱਚ ਕਿਹੜਾ ਭਰਮ ਪਾਲਿਆ ਹੋਇਆ ਸੀ। ਇੱਕ ਦਿਨ ਜਦੋਂ ਅਸੀਂ ਵਧਾਈ ਮੰਗਣ ਜਾ ਰਿਹਾ ਸਾਂ ਉਹਨੇ ਸਾਡੀ ਟੋਲੀ ’ਤੇ ਹਮਲਾ ਕਰਵਾ ਦਿੱਤਾ। ਮੈਨੂੰ ਵੀ ਬਹੁਤ ਮਾਰਿਆ ਕੁੱਟਿਆ। ਉਸ ਨੇ ਲੋਕ ਇਕੱਠੇ ਕਰ ਲਏ ਤੇ ਮੇਰੇ ਬਾਰੇ ਦੱਸਿਆ ਗਿਆ ਕਿ ਇਹ ਕਿੰਨਰ ਨਹੀਂ ਐ। ਇਹ ਨਾਜਾਇਜ਼ ਪੈਸੇ ਮੰਗਦਾ ਫਿਰਦੈ। ਲੋਕ ਸਾਡੇ ਖ਼ਿਲਾਫ਼ ਹੋ ਗਏ। ਉਹ ਤਾਂ ਮੀਨਾ ਮਹੰਤ ਟਾਈਮ ’ਤੇ ਪੁੱਜ ਗਈ। ਉਹਨੇ ਮੈਨੂੰ ਬਚਾ ਲਿਆ। ਨਹੀਂ ਤਾਂ ਭੀੜ ਨੇ ਪਤਾ ਨਹੀਂ ਮੇਰੀ ਕੀ ਦੁਰਦਸ਼ਾ ਕਰਨੀ ਸੀ। ਮੈਂ ਆਪਣੀ ਕੋਠੜੀ ਵਿੱਚ ਆ ਕੇ ਸੁਖ ਦਾ ਸਾਹ ਲਿਆ।
ਹਫ਼ਤਾ ਭਰ ਮੈਂ ਕਿਤੇ ਨਹੀਂ ਗਿਆ ਤੇ ਆਪਣੇ ਆਪ ਨੂੰ ਕੋਠੜੀ ’ਚ ਹੀ ਕੈਦ ਕਰੀ ਪਿਆ ਰਿਹਾ। ਇੱਕ ਦਿਨ ਨੱਥੂ ਤੇ ਰਜਨੀ ਮੇਰੀ ਕੋਠੜੀ ਵਿੱਚ ਆਏ। ਉਨ੍ਹਾਂ ਹੱਥ ਵਿੱਚ ਪਲੇਟ ਚੁੱਕੀ ਹੋਈ ਸੀ ਤੇ ਰਜਨੀ ਆਖਣ ਲੱਗੀ, ‘‘ਅੱਜ ਤੇਰੇ ਮਨਪਸੰਦ ਕੜ੍ਹੀ ਚਾਵਲ ਬਣਾਏ ਨੇ।’’ ਮੈਂ ਚਾਈਂ ਚਾਈਂ ਬੈਠ ਕੇ ਕੜ੍ਹੀ ਚਾਵਲ ਖਾਣ ਲੱਗਿਆ। ਖਾਣਾ ਖਾਣ ਤੋਂ ਬਾਅਦ ਮੈਨੂੰ ਕੋਈ ਸੁਰਤ ਨਾ ਰਹੀ। ਜਦੋਂ ਸੁਰਤ ਆਈ ਮੈਂ ਬੇਵਸ ਲਾਚਾਰ ਪਿਆ ਸਾਂ ਇੱਕ ਹਸਪਤਾਲ ਦੇ ਬੈੱਡ ’ਤੇ। ਮੈਂ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਕੀ ਹੋਇਆ? ਮੇਰੇ ਯੂਰਿਨ ਪਾਈਪ ਲੱਗੀ ਹੋਈ ਸੀ। ਮੈਨੂੰ ਹੌਲੀ ਹੌਲੀ ਸਮਝ ਆਈ ਕਿ ਮੈਂ ਹੁਣ ਪਹਿਲਾਂ ਵਰਗਾ ਨਹੀਂ ਰਿਹਾ। ਹੁਣ ਮੈਂ ਮਰਦ ਨਹੀਂ ਸਾਂ। ਮੇਰੇ ਨਾਲ ਧੋਖਾ ਹੋਇਆ। ਮੈਂ ਦਸ-ਬਾਰਾਂ ਦਿਨ ਉਸ ਹਸਪਤਾਲ ਵਿੱਚ ਕੈਦੀਆਂ ਵਾਂਗੂੰ ਪਿਆ ਰਿਹਾ। ਮੇਰੀ ਕੋਈ ਵੀ ਗੱਲ ਸੁਣਨ ਲਈ ਕੋਈ ਵੀ ਤਿਆਰ ਨਹੀਂ ਸੀ। ਜਦੋਂ ਮੈਂ ਰੌਲਾ ਪਾਉਂਦਾ ਤਾਂ ਮੇਰੀ ਜ਼ੁਬਾਨ ਬੇਹੋਸ਼ੀ ਦੇ ਟੀਕੇ ਨਾਲ ਬੰਦ ਕਰ ਦਿੱਤੀ ਜਾਂਦੀ। ਮੈਂ ਚਾਹੁੰਦਿਆਂ ਵੀ ਕੁਝ ਨਾ ਕਰ ਸਕਦਾ। ਮੈਨੂੰ ਮੀਨਾ ਮਹੰਤ ਆਪਣੇ ਕੋਲ ਵਾਪਸ ਲੈ ਆਈ। ਮੈਂ ਉੱਥੇ ਨਹੀਂ ਸੀ ਰਹਿਣਾ ਚਾਹੁੰਦਾ। ਮੈਨੂੰ ਇਨਸਾਫ਼ ਚਾਹੀਦਾ ਸੀ। ਨੱਥੂ ਤੇ ਰਜਨੀ ਸਾਫ਼ ਮੁੱਕਰ ਗਏ ਕਿ ਉਨ੍ਹਾਂ ਨੂੰ ਕੁਝ ਨਹੀਂ ਪਤਾ ਪਈ ਮੇਰੇ ਨਾਲ ਇਹ ਸਭ ਕਿਵੇਂ ਹੋਇਆ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਤਾਂ ਮੈਨੂੰ ਕੋਠੜੀ ਵਿੱਚ ਚੰਗਾ ਭਲਾ ਛੱਡ ਕੇ ਆਏ ਸਨ। ਉਸੇ ਸ਼ਾਮ ਮੈਨੂੰ ਖ਼ੂਨ ਨਾਲ ਲੱਥਪੱਥ ਵੇਖ ਹਸਪਤਾਲ ਲੈ ਗਏ ਸਨ। ਜੇਕਰ ਮੌਕੇ ’ਤੇ ਨਾ ਲੈ ਕੇ ਜਾਂਦੇ ਤਾਂ ਸ਼ਾਇਦ ਮੈਂ ਜਿਊਂਦਾ ਨਾ ਰਹਿੰਦਾ। ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿਸ ’ਤੇ ਵਿਸ਼ਵਾਸ ਕਰਾਂ? ਕਿਉਂ ਕਰਾਂ? ਮੈਂ ਪੁਲੀਸ ਰਿਪੋਰਟ ਲਿਖਵਾਈ, ਪਰ ਮੇਰੇ ਹੱਥ ਪੱਲੇ ਕੁਝ ਨਹੀਂ ਪਿਆ। ਮੈਂ ਹੁਣ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਾਂ। ਮੈਂ ਹੁਣ ਕਿਸੇ ਹੋਰ ਜਗਰਾਤਾ ਕੰਪਨੀ ਵਿੱਚ ਆ ਗਿਆ ਹਾਂ ਰਾਧਾ ਬਣ ਕੇ ਹਮੇਸ਼ਾ ਲਈ। ਇੱਕ ਦਿਨ ਮੇਰੀ ਮਾਂ ਦਾ ਮੈਨੂੰ ਫੋਨ ਆਇਆ ਤੇ ਜਦੋਂ ਉਹਨੇ ਮੈਨੂੰ ਪੁੱਤ ਪਾਲੀ ਕਿਹਾ, ਮੈਂ ਫ਼ੋਨ ਕੱਟ ਦਿੱਤਾ ਕਿਉਂਕਿ ਹੁਣ ਪਾਲੀ ਨਹੀਂ, ਮੈਂ ਰਾਧਾ ਸਾਂ… ਸਿਰਫ਼ ਰਾਧਾ… ਮੈਂ ਰਾਧਾ ਹਾਂ… ਰਾਧਾ।
ਸੰਪਰਕ: 98143-85918