ਨਾਨਕ ਅਤੇ ਅਸੀਂ
ਹਰਦਮ ਮਾਨ
ਭੁੱਲ ਗਏ ਹਾਂ ਤੂੰ ਜੋ ਕੀਤੀ
ਕਿਰਤ ਕਮਾਈ ਬਾਬਾ
ਅਸੀਂ ਤਾਂ ਤੇਰੇ ਨਾਂ ’ਤੇ ਆਪਣੀ
ਹੱਟ ਚਲਾਈ ਬਾਬਾ
‘ਕਿਰਤ ਕਰੋ ਤੇ ਵੰਡ ਛਕੋ’ ਸੀ
ਜੀਵਨ ਦਾ ਗੁਰਮੰਤਰ
ਖ਼ੁਦਗਰਜ਼ੀ ਨੇ ਸਾਰੀ ਸਿੱਖਿਆ
ਮਨੋਂ ਭੁਲਾਈ ਬਾਬਾ
ਜਾਤਾਂ-ਪਾਤਾਂ, ਧਰਮਾਂ, ਮਜ਼ਬਾਂ
ਨ੍ਹੇਰ ਵਿਛਾਇਆ ਹਰ ਥਾਂ
ਤੂੰ ਸੀ ਮਾਨਵਤਾ ਦੀ ਇੱਕੋ
ਜੋਤ ਜਗਾਈ ਬਾਬਾ
ਸ਼ਾਮ ਸਵੇਰੇ ਤੋਤੇ ਵਾਂਗੂੰ ਰਟਦੇ ਰਹੀਏ
ਫਿਰ ਵੀ
ਕਦੇ ਨਾ ਬਾਣੀ ਅੰਦਰ
ਡੂੰਘੀ ਤਾਰੀ ਲਾਈ ਬਾਬਾ
ਕੂੜ ਅਮਾਵਸ ਏਦਾਂ ਪਸਰੀ
ਸਾਡੇ ਜ਼ਿਹਨਾਂ ਅੰਦਰ
ਸੱਚ ਚੰਦਰਮਾ ਸਾਨੂੰ
ਦਿੰਦਾ ਨਹੀਂ ਦਿਖਾਈ ਬਾਬਾ
ਪੱਥਰ ਉੱਚੇ ਸੁੱਚੇ ਹੋ’ਗੇ
ਅੱਖਰ ਵੇਂਹਦੇ ਰਹਿ’ਗੇ
ਪੱਥਰਾਂ ਨੇ ਅੱਜ ਸ਼ਬਦਾਂ ਤੋਂ
ਪੂਜਾ ਕਰਵਾਈ ਬਾਬਾ
ਸੱਚ ਹੈ, ਤੇਰੀ ਮਹਿਮਾ ਰਹਿਣੀ
ਰਹਿੰਦੀ ਦੁਨੀਆ ਤਾਈਂ
‘ਮਾਨ’ ਤਾਂ ਹਰਦਮ ਗਾਉਂਦਾ ਹੈ
ਤੇਰੀ ਵਡਿਆਈ ਬਾਬਾ
ਸੰਪਰਕ: +1-604-308-6663
ਗੁਰੂ ਨਾਨਕ ਦੇ ਵਾਰਸ!
ਲਖਵਿੰਦਰ ਸਿੰਘ ਰਈਆ
ਅਸੀਂ ਓਸ ਨਾਨਕ ਦੇ ਵਾਰਸ! ਨਾ ਨਾ ਨਾ
ਅਸੀਂ ਓਸ ਨਾਨਕ ਦੇ ਵਾਰਸ! ਨਾ ਨਾ ਨਾ
ਓਸ, ਸੱਚ ਦਾ ਪਾਠ ਪੜ੍ਹਾਇਆ
ਅਸੀਂ ਝੂਠ ਬੋਲ ‘ਮੁਰਦਾਰ’ ਖਾਇਆ।
ਓਸ, ਤੇਰਾ ਤੇਰਾ ਤੋਲਿਆ
ਅਸੀਂ ਮੇਰਾ ਮੇਰਾ ਬੋਲਿਆ।
ਓਸ, ‘ਕਿਰਤ’ ਨੂੰ ‘ਧਰਮ’ ਬਣਾਇਆ
ਅਸੀਂ ‘ਧਰਮ’ ਨੂੰ ‘ਕਿਰਤ’ ਬਣਾਇਆ।
ਓਸ, ‘ਭਾਗੋਆਂ’ ਦੇ ਅਡੰਬਰ ਨਕਾਰੇ
ਅਸੀਂ ‘ਲਾਲੋਆਂ’ ਦੇ ਵੀ ਹੱਕ ਮਾਰੇ।
ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ
ਅਸੀਂ ਵੱਢੀ ਲੈ ਘਰ ਬਾਹਰ ਚਲਾਇ।
ਓਸ, ‘ਜਾਬਰ’ ਆਖ ‘ਬਾਬਰ’ ਵੰਗਾਰੇ
ਅਸੀਂ ‘ਜ਼ਮੀਰਾਂ’ ਵੇਚ ਕਾਜ ਸੰਵਾਰੇ।
ਓਸ, ਕਿਹਾ ਰੱਖਣਾ ਉੱਚਾ ਸੁੱਚਾ ਆਚਾਰ
ਅਸੀਂ ਨੀਵਾਂ ਜੂਠਾ ਕਰ ਲਿਆ ਕਿਰਦਾਰ।
ਓਸ, ‘ਸਾਂਝੀਵਾਲਤਾ’ ਨੂੰ ਕਮਾਇਆ
ਅਸੀਂ ਜਾਤ ਪਾਤ ਨੂੰ ਗਲ਼ ਲਾਇਆ।
ਓਸ, ਤਰਕ ਨਾਲ ਭਰਮ ਭੁਲੇਖੇ ਤੋੜੇ
ਅਸੀਂ ਉਨ੍ਹਾਂ ਸੰਗ ਹੀ ਮਨ ਜੋੜੇ।
ਓਸ, ਆਖਿਆ ਚੁਫੇਰੇ ਐ ਰੱਬ
ਅਸੀਂ ਵਲਗਣਾਂ ’ਚ ਵਲ਼ ਦਿੱਤਾ ਰੱਬ।
ਓਸ, ਰਚੀ ਧੁਰ ਕੀ ਬਾਣੀ ਵਿੱਚ ਸਰੂਰ
ਅਸੀਂ ਪੜ੍ਹਦੇ ਸੁਣਦੇ ਵਿੱਚ ਗਰੂਰ।
ਮੱਥੇ ਟੇਕ ਟੇਕ ਲਏ ‘ਨੱਕ’ ਘਸਾ
‘ਕਰਮ ਧਰਮ’ ਮਾਰੇ ਪਰਾਂ ਵਗਾਹ।
ਓਹ, ਕਥਨੀ ਕਰਨੀ ਵਿੱਚ ਭਰਪੂਰ
ਅਸੀਂ ਹੋ ਗਏ ‘ਸ਼ੁਭ ਅਮਲਾਂ’ ਤੋਂ ਦੂਰ।
ਓਸ, ਵਿਖਾਇਆ ਸਿੱਧਾ ਰਾਹ
ਅਸੀਂ ਤੁਰ ਪਏ ਪੁੱਠੇ ਰਾਹ।
ਓਸ, ਵਜ਼ਨਦਾਰ ਗੱਲ ਕੀਤੀ
ਅਸੀਂ ਹਰ ਗੱਲ ਕੱਖੋਂ ਹੌਲੀ ਕੀਤੀ।
ਓਸ, ਕੀਤਾ ਕੁਦਰਤ ਦਾ ਆਦਰ
ਅਸੀਂ ਕੀਤਾ ਕੁਦਰਤ ਦਾ ਨਿਰਾਦਰ।
ਓਸ, ਪਵਣ ਪਾਣੀ ਧਰਤਿ ਅਕਾਸ਼ ਨਮਸਕਾਰੇ
ਅਸੀਂ ਟਿੱਚ ਜਾਣ ਕਿ ਇਹ ਸਭ ਖ਼ਰਾਬ ਕਰ ਮਾਰੇ।
ਓਸ, ਚਾਨਣ ਵੰਡਣ ਪੈਰੀਂ ਦੁਨੀਆ ਗਾਹਤੀ
ਅਸੀਂ ‘ਕਰਾਮਤੀ’ ਬਣਾ, ਓਸ ਹੱਥ ਮਾਲਾ ਫੜਾਤੀ।
ਭਲਾਂ ਦਸੋ!
ਅਸੀਂ ਓਸ ਨਾਨਕ ਦੇ ਕਿਵੇਂ ਵਾਰਸ ਹੋਏ?
ਅਸੀਂ ਓਸ ਨਾਨਕ ਦੇ ਕਿਵੇਂ ਵਾਰਸ ਹੋਏ?
ਸੰਪਰਕ: 98764-74858 (ਵਟਸਐਪ)