ਵਲਾਉਮੀਰ ਮੋਜੇਕ
ਜਿਹੜੇ ਦੇਸ਼ ਦੀ ਇਹ ਕਹਾਣੀ ਹੈ ਉਹਦੀ ਵਿਸ਼ੇਸ਼ਤਾ ਇਹ ਸੀ ਕਿ ਉਹਦੇ ਸਾਰੇ ਹਿੱਸਿਆਂ ਵਿਚ ਸਦਾ ਉਹੀ ਮੌਸਮ ਰਹਿੰਦਾ ਸੀ ਜਿਹੜਾ ਉਹਦੀ ਰਾਜਧਾਨੀ ਵਿਚ ਹੁੰਦਾ ਸੀ! ਰਾਜਧਾਨੀ ਵਿਚ ਧੁੱਪ ਨਿਕਲ ਰਹੀ ਹੋਵੇ ਤਾਂ ਕੀ ਮਜਾਲ ਕਿ ਦੇਸ਼ ਦੇ ਕਿਸੇ ਕੋਨੇ ਵਿਚ ਆਪਣੀਆਂ ਅੱਖਾਂ ਸਾਹਵੇਂ ਵਰਖਾ ਹੁੰਦੀ ਵੇਖ ਕੇ ਵੀ ਕੋਈ ਇਹ ਕਹਿਣ ਦੀ ਜੁਰੱਅਤ ਕਰੇ ਕਿ ਇੱਥੇ ਧੁੱਪ ਨਹੀਂ ਨਿਕਲੀ ਹੈ।
ਕਹਿਣ ਨੂੰ ਤਾਂ ਇਸ ਦੇਸ਼ ਦੇ ਇਕ ਦੁਰਾਡੇ ਕੋਨੇ ਵਿਚ ਮੌਸਮ ਵਿਗਿਆਨ ਕੇਂਦਰ ਮੌਜੂਦ ਸੀ ਜਿਸ ਵਿਚ ਮੌਸਮ ਦੀ ਖ਼ਬਰ ਸਾਰ ਰੱਖਣ ਵਾਲੇ ਕੁਝ ਯੰਤਰ ਲੱਗੇ ਹੋਏ ਸਨ। ਇਸ ਕੇਂਦਰ ਦੇ ਨੇੜੇ ਹੀ ਉਸ ਦਾ ਮੈਨੇਜਰ ਰਹਿੰਦਾ ਸੀ। ਕੇਂਦਰ ਦੇ ਯੰਤਰਾਂ ਦੀ ਦੇਖਭਾਲ ਤੋਂ ਇਲਾਵਾ ਉਹ ਰੋਜ਼ ਮੌਸਮ ਦੀ ਰਿਪੋਰਟ ਵੀ ਲਿਖਦਾ ਸੀ ਤਾਂ ਕਿ ਸਨਦ ਰਹੇ ਤੇ ਲੋੜ ਪੈਣ ’ਤੇ ਕੰਮ ਆ ਸਕੇ।
ਨਵਾਂ ਮੈਨੇਜਰ ਇਕ ਇਮਾਨਦਾਰ ਨੌਜਵਾਨ ਸੀ! ਬਿਨਾ ਨਾਗਾ ਬੜੀ ਹੀ ਇਮਾਨਦਾਰੀ ਨਾਲ ਜਿਹੋ ਜਿਹਾ ਮੌਸਮ ਹੁੰਦਾ ਠੀਕ ਉਹੋ ਜਿਹੀ ਰਿਪੋਰਟ ਲਿਖ ਕੇ ਉਹ ਉੱਚ ਅਧਿਕਾਰੀਆਂ ਨੂੰ ਭੇਜ ਦਿੰਦਾ।
ਜਦੋਂ ਗਰਮੀ ਦੀ ਰੁੱਤ ਆਈ ਤਾਂ ਹਨੇਰੀ ਅਤੇ ਤੂਫ਼ਾਨ ਦੇ ਨਾਲ ਵਰਖਾ ਵੀ ਸ਼ੁਰੂ ਹੋ ਗਈ। ਮੈਨੇਜਰ ਨੇ ਆਪਣੀ ਰਿਪੋਰਟ ਵਿਚ ਹਨੇਰੀ ਅਤੇ ਤੂਫ਼ਾਨ ਦਾ ਜ਼ਿਕਰ ਵੀ ਕੀਤਾ ਤੇ ਵਰਖਾ ਦਾ ਵੀ।
ਇਕ ਦਿਨ ਉਹਨੂੰ ਉਸ ਤੋਂ ਵੱਡਾ ਅਤੇ ਤਜਰਬੇਕਾਰ ਸਹਿਯੋਗੀ ਮਿਲਣ ਆਇਆ! ਉਹਦੀਆਂ ਰਿਪੋਰਟਾਂ ਪੜ੍ਹਨ ਤੋਂ ਬਾਅਦ ਕਹਿਣ ਲੱਗਾ, ‘‘ਤੇਰੀਆਂ ਰਿਪੋਰਟਾਂ ਬੜੀਆਂ ਨਿਰਾਸ਼ਾਜਨਕ ਨੇ। ਸਮਝਿਆ, ਅੱਗੇ ਲਈ ਥੋੜ੍ਹਾ ਸਮਝ ਤੋਂ ਕੰਮ ਲੈ।’’
ਨਵੇਂ ਮੈਨੇਜਰ ਦੀ ਸਮਝ ਵਿਚ ਅਜੇ ਵੀ ਕੁਝ ਨਹੀਂ ਸੀ ਪਿਆ। ਉਹ ਪਹਿਲਾਂ ਵਾਂਗ ਹੀ ਜਿਹੋ ਜਿਹਾ ਮੌਸਮ ਹੁੰਦਾ ਸੀ ਉਸੇ ਤਰ੍ਹਾਂ ਦੀ ਰਿਪੋਰਟ ਲਿਖ ਕੇ ਘੱਲ ਦਿੰਦਾ।
ਕੁਝ ਦਿਨਾਂ ਬਾਅਦ ਉਸ ਦੇ ਇਕ ਉੱਚ ਅਧਿਕਾਰੀ ਨੇ ਉਹਨੂੰ ਆਪਣੇ ਕੋਲ ਸੱਦਿਆ। ਜਦੋਂ ਉਹ ਉਸ ਉੱਚ ਅਧਿਕਾਰੀ ਦੇ ਘਰ ਪਹੁੰਚਿਆ ਤਾਂ ਉਹਨੂੰ ਦੇਖ ਕੇ ਅਧਿਕਾਰੀ ਨੇ ਆਖਿਆ, ‘‘ਤੈਨੂੰ ਇਸ ਲਈ ਬੁਲਾਇਆ ਗਿਆ ਹੈ ਕਿ ਤੇਰੀਆਂ ਰਿਪੋਰਟਾਂ ਹਮੇਸ਼ਾ ਇਕਤਰਫ਼ਾ ਹੁੰਦੀਆਂ ਨੇ। ਫ਼ਸਲਾਂ ਵੱਢਣ ਵਾਲੀਆਂ ਹੋਈਆਂ ਪਈਆਂ ਨੇ ਅਤੇ ਤੂੰ ਵਰਖਾ ਦਾ ਰਾਗ ਅਲਾਪੀ ਜਾ ਰਿਹੈਂ। ਅਜਿਹੀਆਂ ਰਿਪੋਰਟਾਂ ਨਾਲ ਕਿਸਾਨਾਂ ’ਤੇ ਬੁਰਾ ਅਸਰ ਪੈ ਸਕਦੈ।’’
‘‘ਪਰ ਜਦੋਂ ਬਾਰਿਸ਼ ਹੋ ਹੀ ਰਹੀ ਹੋਵੇ ਫੇਰ ਤਾਂ…।’’
‘‘ਬਕਵਾਸ ਬੰਦ ਕਰ!’’ ਅਧਿਕਾਰੀ ਨੇ ਗੁੱਸੇ ਨਾਲ ਮੇਜ਼ ’ਤੇ ਮੁੱਕਾ ਮਾਰਦਿਆਂ ਕਿਹਾ, ‘‘ਤੇਰੀਆਂ ਸਭ ਰਿਪੋਰਟਾਂ ਮੇਰੇ ਕੋਲ ਨੇ। ਤੂੰ ਚੰਗਾ ਮੈਨੇਜਰ ਤਾਂ ਹੈ, ਪਰ ਤੂੰ ਬੰਦਾ ਬੜਾ ਬੋਦਾ ਹੈਂ। ਪਰ ਹੁਣ ਤੇਰਾ ਇਹ ਨਿਰਾਸ਼ਾਵਾਦ ਹੋਰ ਨਹੀਂ ਚਲੇਗਾ।’’ ਮੈਨੇਜਰ ਆਪਣਾ ਢਿੱਲਾ ਜਿਹਾ ਮੂੰਹ ਲੈ ਕੇ ਪਰਤ ਆਇਆ। ਅਗਲੇ ਦਿਨ ਮੌਸਮ ਵਿਚ ਸੁਧਾਰ ਹੋਇਆ ਅਤੇ ਮੀਂਹ ਰੁਕ ਗਿਆ। ਇਹ ਦੇਖ ਕੇ ਉਹਨੂੰ ਬੜੀ ਖ਼ੁਸ਼ੀ ਹੋਈ ਅਤੇ ਉਹਨੇ ਆਪਣੀ ਰਿਪੋਰਟ ’ਚ ਲਿਖਿਆ: ਬਾਰਿਸ਼ ਪੂਰੀ ਤਰ੍ਹਾਂ ਰੁਕ ਗਈ ਹੈ। ਇਹ ਵੀ ਮੰਨਣਾ ਪਏਗਾ ਕਿ ਪਿਛਲੇ ਦਿਨਾਂ ਵਿਚ ਕੋਈ ਜ਼ਿਆਦਾ ਵਰਖਾ ਨਹੀਂ ਹੋਈ ਉਹਨੂੰ ਬੂੰਦਾਬਾਂਦੀ ਹੀ ਆਖਿਆ ਜਾ ਸਕਦਾ ਹੈ। ਹੁਣ ਬੜੀ ਤੇਜ਼ ਧੁੱਪ ਨਿਕਲੀ ਹੋਈ ਹੈ।
ਧੁੱਪ ਸੱਚਮੁੱਚ ਹੀ ਤੇਜ਼ ਸੀ ਅਤੇ ਮੈਨੇਜਰ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ।
ਪਰ ਸ਼ਾਮ ਹੁੰਦੇ ਹੁੰਦੇ ਫਿਰ ਠੰਢੀ ਹਵਾ ਚਲਣ ਲੱਗੀ। ਠੰਢ ਕਾਰਨ ਮੈਨੇਜਰ ਸਾਰੀ ਰਾਤ ਠੁਰਠੁਰ ਕੰਬਦਾ ਰਿਹਾ, ਪਰ ਜਦੋਂ ਅਗਲੇ ਦਿਨ ਰਿਪੋਰਟ ਲਿਖਣ ਦਾ ਵਕਤ ਆਇਆ ਤਾਂ ਉਹਨੇ ਰਿਪੋਰਟ ਵਿਚ ਲਿਖਿਆ: ‘‘ਧੁੱਪ ਹਮੇਸ਼ਾਂ ਦੀ ਤਰ੍ਹਾਂ ਹੀ ਨਿਕਲੀ! ਉਂਝ ਵੀ ਕੋਈ ਕੋਪਰਨੀਕਸ ਸਾਹਿਬ ਫਰਮਾ ਗਏ ਹਨ ਕਿ ਸੂਰਜ ਕਦੀ ਵੀ ਨਹੀਂ ਡੁੱਬਦਾ ਅਤੇ ਹਮੇਸ਼ਾ ਹੀ ਚਮਕਦਾ ਰਹਿੰਦਾ ਹੈ ਸਿਰਫ਼…’’
ਬਸ ਇਸ ਤੋਂ ਅੱਗੇ ਉਸ ਤੋਂ ਲਿਖਿਆ ਨਹੀਂ ਗਿਆ! ਉਹਦਾ ਮਨ ਉਸ ਨੂੰ ਫਿਟਕਾਰਾਂ ਪਾ ਰਿਹਾ ਸੀ! ਉਸ ਦਾ ਚਿਤ ਬੜਾ ਦੁਖੀ ਸੀ! ਤਦ ਆਸਮਾਨ ਵਿਚ ਬਿਜਲੀ ਚਮਕੀ! ਉਸ ਦੀ ਇਮਾਨਦਾਰੀ ਦੀ ਭਾਵਨਾ ਫਿਰ ਉਹਨੂੰ ਅੰਦਰੋਂ ਕੁਰੇਦਣ ਲੱਗੀ! ਉਸ ਨੇ ਰਿਪੋਰਟ ਦੁਬਾਰਾ ਲਿਖੀ! ਉਸ ਵਿਚ ਉਸ ਨੇ ਸਿਰਫ਼ ਇਕ ਵਾਕ ਲਿਖਿਆ: ‘‘ਸ਼ਾਮ ਦੇ ਪੰਜ ਵੱਜੇ ਹਨ! ਆਕਾਸ਼ ਵਿਚ ਬਿਜਲੀ ਚਮਕ ਰਹੀ ਹੈ ਅਤੇ ਬੱਦਲ ਗਰਜ ਰਹੇ ਹਨ!’’
ਅਗਲੇ ਦਿਨ ਫਿਰ ਤੂਫ਼ਾਨ ਆਇਆ! ਉਸ ਨੇ ਉਹਦੀ ਵੀ ਰਿਪੋਰਟ ਭੇਜੀ! ਉਸ ਤੋਂ ਅਗਲੇ ਦਿਨ ਤੂਫ਼ਾਨ ਤਾਂ ਨਹੀਂ ਆਇਆ, ਪਰ ਗੜੇ ਡਿੱਗੇ! ਉਸ ਨੇ ਆਪਣੀ ਰਿਪੋਰਟ ਵਿਚ ਇਸ ਦਾ ਵੀ ਜ਼ਿਕਰ ਕੀਤਾ! ਇਹ ਰਿਪੋਰਟਾਂ ਲਿਖ ਕੇ ਜਦ ਉਸ ਨੇ ਭੇਜੀਆਂ ਤਾਂ ਉਹਨੂੰ ਡੂੰਘੀ ਆਤਮਿਕ ਤਸੱਲੀ ਜਿਹੀ ਮਹਿਸੂਸ ਹੋਈ ਅਤੇ ਇਹ ਆਤਮਿਕ ਤਸੱਲੀ ਉਸ ਨੂੰ ਤਦ ਤਕ ਮਹਿਸੂਸ ਹੁੰਦੀ ਰਹੀ ਜਦੋਂ ਤਕ ਡਾਕੀਏ ਨੇ ਇਕ ਸਰਕਾਰੀ ਲਿਫ਼ਾਫ਼ਾ ਉਸ ਦੇ ਹੱਥਾਂ ਵਿਚ ਨਾ ਲਿਆ ਫੜਾਇਆ।
ਇਸ ਵਾਰ ਪੱਤਰ ਸਿੱਧਾ ਰਾਜਧਾਨੀ ਤੋਂ ਆਇਆ ਸੀ। ਸਰਬਉੱਚ ਅਧਿਕਾਰੀ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਸੀ।
ਜਦੋਂ ਉਹ ਰਾਜਧਾਨੀ ਤੋਂ ਮੁੜਿਆ ਤਾਂ ਉਹਦੇ ਸਾਰੇ ਸੰਸੇ ਮੁੱਕ ਚੁੱਕੇ ਸਨ। ਹੁਣ ਉਹਦੇ ਮਨ ਵਿਚ ਕੋਈ ਦੁਬਿਧਾ ਬਾਕੀ ਨਹੀਂ ਸੀ।
ਫਿਰ ਉਹਦੀਆਂ ਰਿਪੋਰਟਾਂ ਵਿਚ ਅੱਛੇ ਅਤੇ ਅਨੁਕੂਲ ਮੌਸਮ ਦਾ ਹੀ ਜ਼ਿਕਰ ਹੁੰਦਾ। ਫਿਰ ਕੁਝ ਰਿਪੋਰਟਾਂ ਤਾਂ ਉਹਨੇ ਕਵਿਤਾ ਵਿਚ ਲਿਖ ਕੇ ਵੀ ਭੇਜੀਆਂ, ਪਰ ਦੋ ਮਹੀਨਿਆਂ ਬਾਅਦ ਉਹਨੇ ਜੋ ਰਿਪੋਰਟ ਭੇਜੀ ਉਹਨੂੰ ਪੜ੍ਹ ਕੇ ਉਹਦੇ ਉੱਚ ਅਧਿਕਾਰੀ ਦੰਗ ਰਹਿ ਗਏ।
ਰਿਪੋਰਟ ਦੇ ਸ਼ੁਰੂ ਵਿਚ ਉਸ ਨੇ ਟਾਈਪ ਕੀਤਾ ਸੀ: ‘ਮੋਹਲੇਧਾਰ ਵਰਖਾ ਅਤੇ ਝੜੀ ਵਾਲਾ ਤੂਫ਼ਾਨ।’
ਫਿਰ ਘੜੀਸਵੇਂ ਸ਼ਬਦਾਂ ਵਿਚ ਹੱਥ ਨਾਲ ਲਿਖਿਆ ਸੀ: ‘‘ਪਰ ਪਿੰਡ ਦੀ ਵਿਧਵਾ ਨੇ ਜਿਹੜੇ ਬੱਚੇ ਨੂੰ ਜਨਮ ਦਿੱਤਾ ਹੈ ਉਹ ਤਕੜਾ ਹੈ ਹਾਲਾਂਕਿ ਕਿਸੇ ਨੂੰ ਵੀ ਉਹਦੇ ਬਚਣ ਦੀ ਉਮੀਦ ਨਹੀਂ ਸੀ।’’
ਵਿਭਾਗੀ ਜਾਂਚ ਤੋਂ ਪਤਾ ਲੱਗਿਆ ਕਿ ਇਹ ਰਿਪੋਰਟ ਉਹਨੇ ਉਸ ਸ਼ਰਾਬ ਦੇ ਨਸ਼ੇ ਵਿਚ ਲਿਖੀ ਸੀ ਜਿਹੜੀ ਉਹਨੇ ਆਪਣੇ ਕੇਂਦਰ ਦੇ ਯੰਤਰਾਂ ਨੂੰ ਵੇਚ ਕੇ ਲਈ ਸੀ।
ਬੰਦਾ ਵਾਕਈ ਇਮਾਨਦਾਰ ਸੀ।
– ਪੋਲਿਸ਼ ਕਹਾਣੀ ਦੀ ਪੇਸ਼ਕਸ਼: ਸ਼ਮਸ਼ੇਰ ਚਾਹਿਲ
ਸੰਪਰਕ: 98729-04882