ਓਸ ਨੇ
ਹਰਮਿੰਦਰ ਸਿੰਘ ਕੋਹਾਰਵਾਲਾ
ਕੀਤਾ ਸ਼ੁਗਲ ਸੀ ਓਸ ਨੇ, ਘਰ ਨ੍ਹੇਰ ਪਾ ਗਿਆ।
ਬੁੱਲਾ ਹਵਾ ਦਾ ਆਣ ਕੇ, ਦੀਵਾ ਬੁਝਾ ਗਿਆ।
ਜ਼ਾਲਮ ਨੇ ਚੁੱਕੀ ਅਤਿ ਸੀ, ਜੀਣਾ ਮੁਹਾਲ ਸੀ।
ਦੁਖੀਆਂ ਦਾ ਜੁੜ ਕੇ ਕਾਫ਼ਲਾ, ਆਈ ’ਤੇ ਆ ਗਿਆ।
ਡਰਨਾ ਕੀ ਕਾਲ਼ੀ ਰਾਤ ਤੋਂ, ਚੀਰੋ ਹਨ੍ਹੇਰ ਨੂੰ,
ਸਾਨੂੰ ਹਨੇਰੇ ਵਿੱਚ ਰਾਹ, ਜੁਗਨੂੰ ਵਿਖਾ ਗਿਆ।
ਰੰਗੇ ਜਿਨ੍ਹਾਂ ਨੇ ਹੱਥ ਸਨ, ਨੰਗੇ ਉਹ ਹੋ ਗਏ,
ਸਦਨਾਂ ’ਚ ਹੋਈ ਬਹਿਸ ਵਿਚ, ਮੁੱਦਾ ਇਹ ਛਾ ਗਿਆ।
ਬੜੀਆਂ ਹੀ ਰੀਝਾਂ ਨਾਲ਼ ਮੈਂ, ਬੂਟੇ ਲਗਾ ਲਏ,
ਮਾਲੀ ਨਿਕੰਮਾ ਨਿਕਲਿਆ, ਗੁਲਸ਼ਨ ਸੁਕਾ ਗਿਆ।
ਜੇਠੇ ਨਸ਼ੇੜੀ ਪੁੱਤ ਦੀ, ਪੈਲ਼ੀ ’ਤੇ ਅੱਖ ਸੀ,
ਧਮਕਾ ਕੇ ਬੁੱਢੇ ਬਾਪ ਨੂੰ, ’ਗੂਠਾ ਲਵਾ ਗਿਆ।
ਰੁਲ਼ਦਾ ਹੈਂ ਪੈਰਾਂ ਵਿੱਚ ਤੂੰ, ਵੇਖਾਂ ਮੈਂ ਸੂਰਤਾਂ,
ਪੱਥਰ ਨੂੰ ਟੁਕੜਾ ਕੱਚ ਦਾ, ਸ਼ੀਸ਼ਾ ਵਿਖਾ ਗਿਆ।
ਸੰਪਰਕ: 98768-73735
ਦਰਸ ਦਿਖਾ
ਹਰਵਿੰਦਰ ਸਿੰਘ ਰੋਡੇ
ਉੱਠਦੇ ਚਮਕ ਮੋਤੀ ਨੇਤ੍ਰਾਂ ਦੇ ਕੋਇਆਂ ਵਿੱਚ,
ਹਾਲ ਜਦੋਂ ਵੇਖੀਦਾ ਪਿਆਰ ਦੀ ਕਿਆਰੀ ਦਾ।
ਦੁੱਧ ਦਿਆਂ ਸੜਿਆਂ ਨੂੰ ਕੌਣ ਸਮਝਾਵੇ ਭਲਾ,
ਲੱਸੀ ਨੂੰ ’ਨ੍ਹੀਂ ਐਵੇਂ ਫੂਕਾਂ ਮਾਰ ਠਾਰੀ ਦਾ।
ਅੱਲੜ ਵਰੇਸ ਵਿੱਚ ਕੀਹਨੂੰ ਏਨੀ ਸੂਝ ਹੁੰਦੀ,
ਕੱਚੀਆਂ ਨੀਹਾਂ ਦੇ ਉੱਤੇ ਮਹਿਲ ’ਨ੍ਹੀਂ ਉਸਾਰੀ ਦਾ।
ਵੱਡੇ ਵੱਡੇ ਵੈਦਾਂ ਤੇ ਹਕੀਮਾਂ ਕੋਲੋਂ ਪੁੱਛਿਆ ਮੈਂ,
ਲੱਭਿਆ ਇਲਾਜ ਨਹੀਓਂ ਇਸ਼ਕ ਬਿਮਾਰੀ ਦਾ।
ਕੁੱਲ ਕਾਇਨਾਤ ਨੇ ਪ੍ਰੇਮ ਦੇ ਤਰਾਨੇ ਗਾਏ,
ਬੱਝਿਆ ਸੀ ਮੁੱਢ ਜਦੋਂ ਤੇਰੀ ਮੇਰੀ ਯਾਰੀ ਦਾ।
ਅਸਾਂ ਨੂੰ ਗਨੀਵ ’ਵਾਜ ਵੱਜਣੀ ਤੁਸਾਂ ਦੇ ਵੱਲੋਂ,
ਲੋਕ ਨੇ ਮਨਾਉਂਦੇ ਬੁਰਾ ਪਿੱਛੋਂ ਹਾਕ ਮਾਰੀ ਦਾ।
ਭੌਰ ਅਣਭੋਲ ਕਾਹਦਾ ਪਿੱਛਾ ਭਉਂ ਕੇ ਵੇਖ ਬੈਠਾ,
ਝੱਲਿਆ ’ਨ੍ਹੀਂ ਗਿਆ ਵਾਰ ਨੈਣਾਂ ਦੀ ਕਟਾਰੀ ਦਾ।
ਤੱਕਿਆ ਜਲਾਲ ਐਸਾ ਤੇਰੇ ਨੂਰੀ ਮੁੱਖੜੇ ਦੇ,
ਹੋ ਗਿਆ ਸ਼ੁਦਾਈ ਝੱਟ ‘ਓਹਦੀ’ ਕਲਾਕਾਰੀ ਦਾ।
ਹੋਰ ਕੁਝ ਚਿੱਤ ਚੇਤੇ ਰਹੇ ਜਾਂ ਨਾ-ਰਹੇ ਮੈਨੂੰ,
ਭੁੱਲਦਾ ’ਨ੍ਹੀਂ ਚੇਤਾ ਤੇਰੀ ਸੂਰਤ ਪਿਆਰੀ ਦਾ।
ਕੋਰੇ-ਕੋਰੇ ਕਾਗ਼ਜ਼ਾਂ ’ਤੇ ਦੇਖ ਕਾਲੇ ਅੱਖਰਾਂ ਨੂੰ,
ਆਉਂਦਾ ਏ ਖਿਆਲ ਤੇਰੇ ਕਜਲੇ ਦੀ ਧਾਰੀ ਦਾ।
ਹੁੰਦੀ ਸੀ ਮਾਲੂਮ ਤੇਰੇ ਸਾਹਾਂ ਦੀ ਸੁਗੰਧ ਏਦਾਂ,
ਚੁੱਕਿਆ ਢੱਕਣ ਜਾਣੀਂ ਫੁੱਲਾਂ ਦੀ ਪਟਾਰੀ ਦਾ।
ਸ਼ਹਿਦ ਦੀ ਮਿਠਾਸ ਨਾਲੋਂ ਲੱਜ਼ਤ ਵਧੇਰੇ ਆਵੇ,
ਲਬਾਂ ਵਿਚੋਂ ਜਦੋਂ ਤੇਰੇ ਨਾਮ ਨੂੰ ਉਚਾਰੀ ਦਾ।
ਕੇਹਾ ਤੇਰਾ ਨਖ਼ਰਾ ਸੀ ਵੱਖਰਾ ਜਹਾਨ ਨਾਲੋਂ,
ਚੱਬਣਾ ਦੰਦਾਂ ’ਚ ਗੋਟਾ ਚੁੰਨੀ ਦੀ ਕਿਨਾਰੀ ਦਾ।
ਅੱਜ ਦੀਆਂ ਜਿੱਤਾਂ ਵਿੱਚ ਓਹੋ ਜ੍ਹਾ ਸਕੂਨ ਕਿੱਥੇ,
ਜਿਹੜਾ ਸੀ ਆਨੰਦ ਆਉਂਦਾ ਤੈਥੋਂ ਬਾਜ਼ੀ ਹਾਰੀ ਦਾ।
ਵੇਲਾ ਸੀ ਸੁਨਹਿਰੀ ਜਿਹੜਾ ਗੁਜ਼ਰਿਆ ਨਾਲ ਤੇਰੇ,
ਤੇਰੇ ਬਾਝੋਂ ਵੇਖ ਕਿਵੇਂ ਵਕਤ ਗੁਜ਼ਾਰੀ ਦਾ।
ਟਹਿਕਦਿਆਂ ਪੁਸ਼ਪਾਂ ਨੂੰ ਕੱਲਰਾਂ ਦੇ ਰੋੜ ਕਹਿ ਕੇ,
ਚੰਗਾ ਮੁੱਲ ਮੋੜਿਆ ਈ ਸਾਡੀ ਵਫ਼ਾਦਾਰੀ ਦਾ।
ਮੱਖਣ ’ਚੋਂ ਵਾਲ ਵਾਂਙੂੰ ਦਿਲੋਂ ਕੱਢ ਸੁੱਟੇਂ ਕਾਹਨੂੰ,
ਚੇਤੇ ਜੇ ’ਨ੍ਹੀਂ ਕਰਨਾ ਤਾਂ ਮਨੋਂ ’ਨ੍ਹੀਂ ਵਿਸਾਰੀ ਦਾ।
ਅਕਲਾਂ ਨੂੰ ਪਾਸੇ ਰੱਖ ਦਿਲ ਵਾਲੇ ਮਾਮਲੇ ’ਚ,
ਏਥੇ ’ਨ੍ਹੀਂ ਦਿਮਾਗਾਂ ਨਾਲ ਸੋਚੀ ਤੇ ਵਿਚਾਰੀ ਦਾ।
ਇਕੋ ਆਸ ਲੈ ਕੇ ਰੋਜ਼ ਲੰਘਾਂ ਤੇਰੀ ਗਲੀ ਵਿਚੋਂ,
ਖੌਰੇ ਕਦੇ ਮਿਲ ਜਾਵੇ ਬੂਹਾ ਖੁੱਲ੍ਹਾ ਬਾਰੀ ਦਾ।
ਦਰਸ ਦਿਖਾ ਜਾਹ ‘ਰੋਡੇ’ ਪੀੜ ਦੇ ਪਰੁੰਨਿਆਂ ਨੂੰ,
ਏਨਾ ਕੁ ਮਾਣ ਰੱਖ ਜਿੰਦ-ਜਾਨ ਵਾਰੀ ਦਾ।
ਸੰਪਰਕ: 98889-79308