ਸੁਭਾਸ਼ ਪਰਿਹਾਰ
ਚਾਰਲਸ ਬ੍ਰੈਡਲੈਫ ਇੰਗਲੈਂਡ ਦਾ ਇੱਕ ਪ੍ਰਸਿੱਧ ਉਦਾਰਵਾਦੀ, ਸੁਤੰਤਰ ਚਿੰਤਕ ਅਤੇ ਰਾਜਨੀਤਿਕ ਕਾਰਕੁਨ ਸੀ। ਉਹ ਬ੍ਰਿਟਿਸ਼ ਪਾਰਲੀਮੈਂਟ ਵਿਚ ਹਿੰਦੋਸਤਾਨੀ ਸਵੈ-ਸ਼ਾਸਨ ਦਾ ਜ਼ੋਰਦਾਰ ਹਮਾਇਤੀ ਸੀ। ਇੰਡੀਅਨ ਨੈਸ਼ਨਲ ਕਾਂਗਰਸ ਦੇ 1889 ਵਿਚ ਬੰਬਈ ਵਿਖੇ ਹੋਏ ਪੰਜਵੇਂ ਸਾਲਾਨਾ ਸੈਸ਼ਨ ਵਿਚ ਉਸ ਨੂੰ ਸੱਦਾ ਦਿੱਤਾ ਗਿਆ ਸੀ। ਲਾਹੌਰ ਵਿਖੇ 1893 ਇੰਡੀਅਨ ਨੈਸ਼ਨਲ ਕਾਂਗਰਸ ਦੀ ਨੌਵੀਂ ਸਾਲਾਨਾ ਕਾਨਫਰੰਸ ਵਿਚ ਵੀ ਬ੍ਰੈਡਲੈਫ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਸੀ।
ਕੋਈ ਵੀ ਇਮਾਰਤ ਦੋ ਕਾਰਨਾਂ ਕਰਕੇ ਮਹੱਤਵਪੂਰਨ ਅਤੇ ਸੰਭਾਲਣਯੋਗ ਹੋ ਸਕਦੀ ਹੈ – ਜਾਂ ਤਾਂ ਇਹ ਬਿਹਤਰੀਨ ਇਮਾਰਤਸਾਜ਼ੀ ਕਲਾ ਦਾ ਨਮੂਨਾ ਹੋਵੇ ਜਾਂ ਇਹ ਕਿਸੇ ਇਤਿਹਾਸਕ ਘਟਨਾ ਨਾਲ ਜੁੜੀ ਹੋਵੇ। ਲਾਹੌਰ ਦੇ ਬ੍ਰੈਡਲੈਫ ਹਾਲ ਦਾ ਮਹੱਤਵ ਅਨੇਕਾਂ ਇਤਿਹਾਸਕ ਘਟਨਾਵਾਂ ਦੀ ਚਸ਼ਮਦੀਦ ਗਵਾਹ ਹੋਣ ਕਾਰਨ ਵੱਧ ਹੈ। ਇਮਾਰਤਸਾਜ਼ੀ ਕਲਾ ਦੇ ਨਮੂਨੇ ਪੱਖੋਂ ਵੀ ਇਹ ਆਪਣੇ ਸਮੇਂ ਦੀ ਬਿਹਤਰੀਨ ਇਮਾਰਤ ਭਾਵੇਂ ਨਾ ਹੋਵੇ, ਪਰ ਉਸ ਸਮੇਂ ਦੀ ਇੱਕ ਨਿਸ਼ਾਨੀ ਤਾਂ ਹੈ ਹੀ। ਇਹ ਹਾਲ ਲਾਹੌਰ ਦੀ ਸਭ ਤੋਂ ਪ੍ਰਸਿੱਧ ਦਰਗਾਹ ਦਾਤਾ ਦਰਬਾਰ ਦੇ 300 ਕੁ ਮੀਟਰ ਦੱਖਣ-ਪੱਛਮ ਵੱਲ ਸਥਿਤ ਹੈ।
ਉਨ੍ਹੀਵੀਂ ਸਦੀ ਦੇ ਆਖ਼ਰ ਤੀਕ ਲਾਹੌਰ ਵਿਖੇ ਮੀਟਿੰਗਾਂ ਲਈ ਦੋ ਹੀ ਹਾਲ ਸਨ- ਮਿਉਂਸਿਪਲ ਦਫ਼ਤਰ ਦਾ ਟਾਊਨ ਹਾਲ ਅਤੇ ਲਾਰੈਂਸ ਗਾਰਡਨ (ਜਿਨਾਹ ਬਾਗ਼) ਵਿਚਲਾ ਮਿੰਟਗੁਮਰੀ ਹਾਲ। ਪਰ ਇਹ ਦੋਵੇਂ ਇਮਾਰਤਾਂ ਸਰਕਾਰੀ ਮਲਕੀਅਤ ਸਨ ਜਿਸ ਕਾਰਨ ਸਿਆਸੀ ਮੀਟਿੰਗਾਂ ਲਈ ਨਹੀਂ ਸੀ ਵਰਤੀਆਂ ਜਾ ਸਕਦੀਆਂ। ਉਦੋਂ ਤੀਕ ਸਿਆਸੀ ਮੀਟਿੰਗਾਂ ‘ਦਿ ਟ੍ਰਿਬਿਊਨ’ ਅਖ਼ਬਾਰ ਦੇ ਵਿਹੜੇ ਵਿਚ ਹੁੰਦੀਆਂ ਸਨ ਕਿਉਂਕਿ ਇਸ ਅਖ਼ਬਾਰ ਦੇ ਸੰਸਥਾਪਕ ਸਰਦਾਰ ਦਿਆਲ ਸਿੰਘ ਮਜੀਠੀਆ ਸਿਆਸੀ ਅਤੇ ਸਮਾਜਿਕ ਸਰੋਕਾਰਾਂ ਪ੍ਰਤੀ ਜਾਗਰੂਕ ਸ਼ਖ਼ਸ ਸਨ।
ਦਸੰਬਰ 1893 ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਨੌਵਾਂ ਸਾਲਾਨਾ ਸੈਸ਼ਨ ਲਾਹੌਰ ਵਿਖੇ ਕਰਨ ਦਾ ਫ਼ੈਸਲਾ ਹੋਇਆ ਤਾਂ ਸਰਦਾਰ ਦਿਆਲ ਸਿੰਘ ਨੂੰ ਇਸ ਦੀ ਸਵਾਗਤੀ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ। ਡਾਕਟਰ ਦਾਦਾ ਭਾਈ ਨੈਰੋਜੀ ਦੀ ਪ੍ਰਧਾਨਗੀ ਹੇਠ ਇਹ ਸੈਸ਼ਨ ਬਹੁਤ ਸਫ਼ਲ ਰਿਹਾ। ਸੈਸ਼ਨ ਲਈ ਟਿਕਟਾਂ ਰਾਹੀਂ ਇਕੱਠੀ ਕੀਤੀ ਗਈ ਰਕਮ ਵਿਚੋਂ ਸਾਰੇ ਖਰਚੇ ਕੱਢ ਕੇ ਵੀ 10,000 ਰੁਪਏ ਬਚ ਰਹੇ। ਇਹ ਰਕਮ ਕੇਂਦਰੀ ਫੰਡ ਬਣ ਗਿਆ ਅਤੇ ਇਸ ਵਿਚ ਹੋਰ ਸੋਮਿਆਂ ਤੋਂ ਆਰਥਿਕ ਸਹਾਇਤਾ ਮਿਲਾ ਕੇ ਇਸ ਨਾਲ ਭਵਿੱਖ ਦੀਆਂ ਮੀਟਿੰਗਾਂ ਲਈ ਇੱਕ ਵੱਡੇ ਹਾਲ ਦੀ ਉਸਾਰੀ ਕਰਨ ਦੀ ਯੋਜਨਾ ਬਣਾਈ ਗਈ। ਇਸ ਯੋਜਨਾ ਨੂੰ ਨੇਪਰੇ ਚੜ੍ਹਨ ਵਿਚ ਸੱਤ ਸਾਲ ਲੱਗ ਗਏ। ਆਖ਼ਰ 30 ਅਕਤੂਬਰ 1900 ਨੂੰ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਦੇ ਸੰਸਥਾਪਕ ਸੁਰੇਂਦਰਨਾਥ ਬੈਨਰਜੀ ਨੇ ਇਸ ਹਾਲ ਦਾ ਨੀਂਹ ਪੱਥਰ ਰੱਖਿਆ। ਆਪਣੇ ਸਾਦਾ ਡਿਜ਼ਾਈਨ ਅਤੇ ਪੈਸੇ ਦੀ ਘਾਟ ਨਾ ਹੋਣ ਕਾਰਨ ਇਹ ਛੇਤੀ ਹੀ ਬਣ ਕੇ ਤਿਆਰ ਹੋ ਗਿਆ। ਅਗਲੀ ਅੱਧੀ ਸਦੀ ਦੌਰਾਨ ਲਾਹੌਰ ਦਾ ਇਹ ਹਾਲ ਸਿਆਸੀ, ਸਮਾਜਿਕ ਅਤੇ ਸਾਹਿਤਕ ਗਤੀਵਿਧੀਆਂ ਦਾ ਕੇਂਦਰ ਬਣਿਆ ਰਿਹਾ।
1997 ਵਿਚ ਛਪੀ ਪ੍ਰਸਿੱਧ ਕਿਤਾਬ ‘ਲਾਹੌਰ- ਏ ਸੈਂਟੀਮੈਂਟਲ ਜਰਨੀ’ ਵਿਚ ਇਸ ਦਾ ਰਚੇਤਾ ਪ੍ਰਾਣ ਨੇਵਿਲ ਲਿਖਦਾ ਹੈ: “ਜਦੋਂ ਮੈਂ ਆਪਣੇ ਵਿਦਿਆਰਥੀ ਜੀਵਨ ਦੇ ਦਿਨਾਂ ਨੂੰ ਯਾਦ ਕਰ ਰਿਹਾ ਸੀ ਤਾਂ ਮੈਨੂੰ ਮਸ਼ਹੂਰ ਬ੍ਰੈਡਲੈਫ ਹਾਲ ਦੀ ਯਾਦ ਆਈ ਜਿੱਥੇ ਅਸੀਂ ਹਰ ਕਿਸਮ ਦੀਆਂ ਮੀਟਿੰਗਾਂ, ਵਿਸ਼ੇਸ਼ ਤੌਰ ’ਤੇ ਰਾਸ਼ਟਰੀ ਆਜ਼ਾਦੀ ਲਹਿਰ ਨਾਲ ਜੁੜੀਆਂ ਮੀਟਿੰਗਾਂ ਲਈ ਜੁੜਦੇ ਸਾਂ। ਰਾਜਬੰਸ ਕ੍ਰਿਸ਼ਨ, ਪ੍ਰਮੋਦ ਚੰਦਰ, ਯਸ਼ ਪਾਲ, ਆਈ.ਕੇ. ਗੁਜਰਾਲ ਅਤੇ ਮਜ਼ਹਰ ਅਲੀ ਵਰਗੇ ਵਿਦਿਆਰਥੀ ਨੇਤਾ ਬ੍ਰੈਡਲੈਫ ਹਾਲ ਵਿਚ ਵਿਦਿਆਰਥੀਆਂ ਦੀ ਭੀੜ ਨੂੰ ਸੰਬੋਧਨ ਕਰਦੇ ਹੋਏਮੈਨੂੰ ਹੁਣ ਵੀ ਚੇਤੇ ਹਨ।’’
1905 ਵਿਚ ਮਜ਼ਦੂਰ ਅਤੇ ਕਿਸਾਨੀ ਅੰਦੋਲਨ, ‘ਪਗੜੀ ਸੰਭਾਲ ਜੱਟਾ’ ਲਹਿਰ, ਅਤੇ ਬਾਅਦ ਵਿਚ 1915 ਵਿੱਚ ਗ਼ਦਰ ਪਾਰਟੀ ਨੇ ਵੀ ਇਸ ਹਾਲ ਨੂੰ ਆਪਣਾ ਆਧਾਰ ਬਣਾਇਆ। 1920 ਤੱਕ ਇਹ ਇੱਕ ਅਜਿਹਾ ਪ੍ਰਮੁੱਖ ਸਿਆਸੀ ਕੇਂਦਰ ਬਣ ਗਿਆ ਸੀ ਜੋ ਲਗਭਗ ਸਾਰੇ ਭਾਰਤ ਵਿਚ ਚੰਗੀ ਤਰ੍ਹਾਂ ਜਾਣਿਆ ਜਾਂਦਾ ਸੀ। ਵੱਖ-ਵੱਖ ਰਾਜਨੀਤਿਕ ਸੋਚ ਅਤੇ ਧਰਮਾਂ ਦੇ ਲੋਕ ਇਸ ਦੀ ਛੱਤ ਹੇਠ ਮਿਲ ਬੈਠਦੇ ਅਤੇ ਵਿਚਾਰ-ਵਟਾਂਦਰਾ ਕਰਦੇ। ਕਿਸੇ ਲੀਡਰ ਨੂੰ ਰਿਸੈਪਸ਼ਨ ਦੇਣੀ ਹੁੰਦੀ ਤਾਂ ਇਸ ਲਈ ਸਥਾਨ ਦੇ ਤੌਰ ’ਤੇ ਜ਼ਿਆਦਾਤਰ ਇਸੇ ਹਾਲ ਨੂੰ ਚੁਣਿਆ ਜਾਂਦਾ। ਇਸੇ ਹਾਲ ਵਿਚ ਆਲ ਇੰਡੀਆ ਮੁਸਲਿਮ ਲੀਗ ਦੇ ਆਗੂ ਜਨਾਬ ਮੁਹੰਮਦ ਅਲੀ ਜਿਨਾਹ ਨੇ 24 ਮਈ 1924 ਨੂੰ ਖ਼ਿਲਾਫ਼ਤ ਅੰਦੋਲਨ ਦੇ ਸੈਸ਼ਨ ਦੌਰਾਨ ਤਕਰੀਰ ਕੀਤੀ।
ਸਿਆਸੀ ਭੂਮਿਕਾ ਤੋਂ ਇਲਾਵਾ ਇਹ ਹਾਲ ਲਾਹੌਰ ਵਿੱਚ ਸਾਹਿਤਕ ਅਤੇ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਵੀ ਰਿਹਾ। ਇਸ ਹਾਲ ਵਿਚ ਅਣਗਿਣਤ ਰੰਗਮੰਚ ਨਾਟਕ ਅਤੇ ਵਰ੍ਹਿਆਂ-ਬੱਧੀ ਰਾਮਲੀਲ੍ਹਾ ਖੇਡੀ ਜਾਂਦੀ ਰਹੀ। ਆਪਣੇ ਸਮੇਂ ਦੀਆਂ ਪ੍ਰਸਿੱਧ ਪਾਰਸੀ ਥੀਏਟਰੀਕਲ ਕੰਪਨੀਆਂ ਕਾਵਾਸਜੀ ਅਤੇ ਹਬੀਬ ਸੇਠ ਨੇ ਵੀ ਇਸ ਹਾਲ ਨੂੰ ਲਾਹੌਰੀਆਂ ਦੇ ਮਨੋਰੰਜਨ ਲਈ ਵਰਤਿਆ। ਜਦ 1912 ਵਿੱਚ ਮਸ਼ਹੂਰ ਗਾਇਕ ਅਤੇ ਨ੍ਰਿਤਕੀ ਗੌਹਰ ਜਾਨ ਕਲਕੱਤੇਵਾਲੀ ਨੇ ਇਸ ਹਾਲ ਵਿਚ ਸ਼ੋਅ ਪੇਸ਼ ਕੀਤਾ ਤਾਂ ਦਰਸ਼ਕਾਂ ਵਿਚ ਨਵਾਬ ਮੁਹੰਮਦ ਅਲੀ ਖ਼ਾਨ ਕਜ਼ਲਬਾਸ਼, ਸਰ ਹਯਾਤ ਖ਼ਾਨ ਟਿਵਾਣਾ, ਰਾਜਾ ਕਿਸ਼ਨ ਕੌਲ, ਰਾਜਾ ਨਰਿੰਦਰ ਨਾਥ, ਫ਼ਕੀਰ ਇਫ਼ਤਖ਼ਾਰੂੱਦੀਨ ਅਤੇ ਮੀਆਂ ਸਰਾਜੁੱਦੀਨ ਵਰਗੇ ਸ਼ਖ਼ਸ ਸ਼ਾਮਿਲ ਸਨ।
ਲਾਹੌਰ ਵਿਖੇ ਮੁਸ਼ਾਇਰਿਆਂ ਲਈ ਵੀ ਪਹਿਲੀ ਚੋਣ ਇਹੋ ਹਾਲ ਬਣ ਗਿਆ ਸੀ। ਇਨ੍ਹਾਂ ਮੁਸ਼ਾਇਰਿਆਂ ਵਿਚ ਅੱਲਾਮਾ ਮੁਹੰਮਦ ਇਕਬਾਲ, ਮੌਲਾਨਾ ਜ਼ਫਰ ਅਲੀ ਖ਼ਾਨ, ਡਾ. ਮੁਹੰਮਦ ਅਸ਼ਰਫ਼, ਮੀਆਂ ਇਫ਼ਤਿਖ਼ਾਰੂੱਦੀਨ ਅਤੇ ਮਲਿਕ ਬਰਕਤ ਅਲੀ ਵਰਗੇ ਨਾਮਵਰ ਸ਼ਾਇਰ ਆਪਣਾ ਆਪਣਾ ਕਲਾਮ ਪੇਸ਼ ਕਰਦੇ ਰਹੇ।
1947 ਤੋਂ ਬਾਅਦ ਸਭ ਕੁਝ ਬਦਲ ਗਿਆ। ਇਹ ਇਮਾਰਤ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਔਕਾਫ਼ ਬੋਰਡ) ਅਧੀਨ ਆ ਗਈ ਅਤੇ ਇਹ ਹਾਲ ਅੰਮ੍ਰਿਤਸਰ ਤੋਂ ਲਾਹੌਰ ਆਏ ਪਨਾਹਗੀਰਾਂ ਨੂੰ ਠਹਿਰਨ ਲਈ ਮੁਹੱਈਆ ਕਰ ਦਿੱਤਾ। ਫਿਰ ਇਸ ਦੀ ਵਰਤੋਂ ਅੰਨ ਦੇ ਗੋਦਾਮ ਵਜੋਂ ਕੀਤੀ ਜਾਣ ਲੱਗੀ। ਹੌਲੀ-ਹੌਲੀ ਇਸ ਦੇ ਚਾਰੇ ਪਾਸੇ ਦੀ ਜ਼ਮੀਨ ’ਤੇ ਲੋਕਾਂ ਨੇ ਕਬਜ਼ਾ ਕਰ ਲਿਆ ਅਤੇ ਸਾਂਭ-ਸੰਭਾਲ ਖੁਣੋਂ ਇਹ ਹਾਲ ਖੰਡਰ ਵਿਚ ਤਬਦੀਲ ਹੁੰਦਾ ਗਿਆ।
ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਇਮਾਰਤ ਦੇ ਨਾਂ ਨਾਲ ਜੁੜਿਆ ਬ੍ਰੈਡਲੈਫ ਸੀ ਕੌਣ? ਬ੍ਰੈਡਲੈਫ ਦਾ ਪੂਰਾ ਨਾਂ ਚਾਰਲਸ ਬ੍ਰੈਡਲੈਫ ਸੀ। ਉਹ ਇੰਗਲੈਂਡ ਵਿਚ ਵਿਕਟੋਰੀਅਨ ਕਾਲ (1837-1901) ਦਾ ਇੱਕ ਪ੍ਰਸਿੱਧ ਉਦਾਰਵਾਦੀ, ਸੁਤੰਤਰ ਚਿੰਤਕ ਅਤੇ ਰਾਜਨੀਤਿਕ ਕਾਰਕੁਨ ਸੀ। ਜਿਸ ਸਮੇਂ ਇੰਗਲੈਂਡ ਦੇ ਕੱਟੜਪੰਥੀ ਲੀਡਰ ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣ, ਟਰੇਡ ਯੂਨੀਅਨ ਬਣਾਉਣ ਦੀ ਇਜਾਜ਼ਤ ਦੇਣ ਅਤੇ ਹੋਰ ਸਮਾਜਿਕ ਸੁਧਾਰਾਂ ਦਾ ਵਿਰੋਧ ਕਰ ਰਹੇ ਸਨ, ਬ੍ਰੈਡਲੈਫ ਇਨ੍ਹਾਂ ਸਭ ਸੁਧਾਰਾਂ ਦੇ ਪੱਖ ਵਿਚ ਡਟ ਕੇ ਖੜ੍ਹਿਆ। ਉਹ ਆਇਰਲੈਂਡ ਵਿਚ ਹੋਮ ਰੂਲ ਸਥਾਪਿਤ ਕਰਨ ਦਾ ਵੀ ਹਾਮੀ ਸੀ। ਪਰ ਹਾਂ, ਉਹ ਸਮਾਜਵਾਦ ਦਾ ਵਿਰੋਧੀ ਸੀ।
ਬ੍ਰੈਡਲੈਫ ਬਾਰੇ ਇੱਕ ਹੋਰ ਗੱਲ ਇਹ ਕਿ ਉਹ ਪੱਕਾ ਨਾਸਤਿਕ ਸੀ। 1880 ਵਿਚ ਮੈਂਬਰ ਪਾਰਲੀਮੈਂਟ ਚੁਣੇ ਜਾਣ ’ਤੇ ਉਸ ਨੇ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਪਰੰਪਰਾਗਤ ਧਾਰਮਿਕ ਸਹੁੰ ਖਾਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਦਾ ਕਹਿਣਾ ਸੀ ਕਿ ਉਹ ਅਦਾਲਤ ਵਿਚ ਵਫ਼ਾਦਾਰੀ ਦਾ ਹਲਫ਼ੀਆ ਬਿਆਨ ਦੇ ਸਕਦਾ ਸੀ ਪਰ ਧਾਰਮਿਕ ਸਹੁੰ ਨਹੀਂ ਚੁੱਕ ਸਕਦਾ ਸੀ। ਆਖ਼ਰਕਾਰ ਸਰਕਾਰ ਨੇ 1888 ਵਿਚ ਕਿਸੇ ਮੈਂਬਰ ਵੱਲੋਂ ਧਾਰਮਿਕ ਸਹੁੰ ਨਾ ਚੁੱਕਣ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ। ਬਾਅਦ ਵਿਚ ਇਹੋ ਕਾਨੂੰਨ ਅਦਾਲਤਾਂ ’ਤੇ ਵੀ ਲਾਗੂ ਹੋ ਗਿਆ।
ਜਿਵੇਂ ਭਾਰਤ ਵਿਚ ਭਗਤ ਸਿੰਘ ਦੇ ਅੰਤਿਮ ਪਲਾਂ ਤੀਕ ਨਾਸਤਿਕ ਰਹਿਣ ਦੇ ਉਲਟ ਕੁਝ ਧਾਰਮਿਕ ਲੋਕਾਂ ਵੱਲੋਂ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਉਹ ਆਖ਼ਰ ਵਿਚ ਰੱਬ ਦੀ ਹੋਂਦ ਨੂੰ ਮੰਨਣ ਲੱਗ ਗਿਆ ਸੀ। ਬਿਲਕੁਲ ਇਸੇ ਤਰ੍ਹਾਂ ਦਾ ਪ੍ਰਚਾਰ ਬ੍ਰੈਡਲੈਫ ਬਾਰੇ ਇੰਗਲੈਂਡ ਵਿਚ ਕੀਤਾ ਜਾਂਦਾ ਹੈ ਕਿ ਉਸ ਨੇ ਬਾਅਦ ਵਿਚ ਇਸਾਈ ਧਰਮ ਨੂੰ ਸਵੀਕਾਰ ਕਰ ਲਿਆ ਸੀ ਪਰ ਉਸ ਦੀ ਧੀ ਹਾਈਪੇਤੀਆ ਬ੍ਰੈਡਲੈਫ ਬੌਨਰ (1858-1935) ਜੋ ਖ਼ੁਦ ਇਕ ਦਾਰਸ਼ਨਿਕ, ਗਣਿਤ-ਵਿਗਿਆਨੀ, ਤਾਰਾ ਵਿਗਆਨੀ ਅਤੇ ਅਧਿਆਪਕਾ ਸੀ, ਨੇ 1898 ਵਿਚ ਲਿਖਤੀ ਰੂਪ ਵਿਚ ਸਪਸ਼ਟ ਕੀਤਾ ਕਿ ਉਸ ਦੇ ਪਿਤਾ ਨੇ ਕਦੇ ਵੀ ਰੱਬ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ ਅਤੇ ਨਾ ਹੀ ਉਹ ਕਦੇ ਇਸਾਈ ਬਣਿਆ।
ਬ੍ਰੈਡਲੈਫ ਦੀ 30 ਜਨਵਰੀ 1891 ਨੂੰ ਮੌਤ ਹੋਈ ਅਤੇ ਉਸ ਦੇ ਅੰਤਿਮ ਸਸਕਾਰ ਲਈ 3000 ਲੋਕ ਇਕੱਠੇ ਹੋਏ ਜਿਨ੍ਹਾਂ ਵਿਚ 21 ਸਾਲਾ ਮੋਹਨਦਾਸ ਕਰਮਚੰਦ ਗਾਂਧੀ ਵੀ ਸ਼ਾਮਿਲ ਸੀ। ਬ੍ਰੈਡਲੈਫ ਦੀ ਕਰਮਭੂਮੀ ਤਾਂ ਇੰਗਲੈਂਡ ਸੀ ਅਤੇ ਉਸ ਨੇ ਜੋ ਕੁਝ ਵੀ ਕੀਤਾ ਉੱਥੋਂ ਦੇ ਲੋਕਾਂ ਲਈ ਕੀਤਾ, ਫੇਰ ਲਾਹੌਰ ਦੀ ਭਾਰਤੀ ਇਮਾਰਤ ਦਾ ਨਾਂ ਉਸ ਦੇ ਨਾਂ ’ਤੇ ਕਿਉਂ ਰੱਖਿਆ ਗਿਆ? ਇਸ ਦਾ ਕਾਰਨ ਸੀ ਕਿ ਉਹ ਬ੍ਰਿਟਿਸ਼ ਪਾਰਲੀਮੈਂਟ ਵਿਚ ਹਿੰਦੋਸਤਾਨੀ ਸਵੈ-ਸ਼ਾਸਨ ਦਾ ਜ਼ੋਰਦਾਰ ਹਮਾਇਤੀ ਸੀ। ਇੰਡੀਅਨ ਨੈਸ਼ਨਲ ਕਾਂਗਰਸ ਦੇ 1889 ਵਿਚ ਬੰਬਈ ਵਿਖੇ ਹੋਏ ਪੰਜਵੇਂ ਸਾਲਾਨਾ ਸੈਸ਼ਨ ਵਿਚ ਸ਼ਾਮਿਲ ਹੋਣ ਲਈ ਉਸ ਨੂੰ ਸੱਦਾ ਦਿੱਤਾ ਗਿਆ ਸੀ। ਲਾਹੌਰ ਵਿਖੇ 1893 ਇੰਡੀਅਨ ਨੈਸ਼ਨਲ ਕਾਂਗਰਸ ਦੀ ਨੌਵੀਂ ਸਾਲਾਨਾ ਕਾਨਫਰੰਸ ਵਿਚ ਵੀ ਬ੍ਰੈਡਲੈਫ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਸੀ।
ਲਾਹੌਰ ਦੇ ਇਸ ਹਾਲ ਤੋਂ ਇਲਾਵਾ ਚਾਰਲਸ ਬ੍ਰੈਡਲੈਫ ਦੇ ਨਾਂ ’ਤੇ ਇੱਕ ਹਾਲ ਨੌਰਥਐਂਪਟਨ ਯੂਨੀਵਰਸਿਟੀ (ਇੰਗਲੈਂਡ) ਵਿਖੇ ਵੀ ਉਸਾਰਿਆ ਗਿਆ ਸੀ। ਨਾਰਥਐਂਪਟਨ ਦੇ ਉੱਤਰ ਵੱਲ ਇੱਕ ਵਾਈਲਡਲਾਈਫ਼ ਪਾਰਕ ਵੀ ਉਸ ਦੇ ਨਾਂ ’ਤੇ ਹੈ। ਨਵੰਬਰ 2016 ਵਿਚ ਨੈਸ਼ਨਲ ਸੈਕੁਲਰ ਸੋਸਾਇਟੀ ਵੱਲੋਂ ਆਪਣੀ 150ਵੀਂ ਵਰ੍ਹੇਗੰਢ ਮੌਕੇ ਚਾਰਲਸ ਬ੍ਰੈਡਲੈਫ ਦਾ ਇੱਕ ਬੁੱਤ ਵੈਸਟਮਿੰਸਟਰ ਰਾਜਮਹਿਲ ਦੇ ਸੰਗ੍ਰਹਿ ਲਈ ਵੀ ਪੇਸ਼ ਕੀਤਾ ਗਿਆ।
ਸੰਪਰਕ: 98728-22417