ਬਲਵਿੰਦਰ ਬਾਲਮ
ਵਿਸ਼ਵ ਪ੍ਰਸਿੱਧ ਪਹਾੜੀ, ਝੀਲਾਂ, ਝਰਨਿਆਂ, ਜੰਗਲਾਂ, ਨਦੀਆਂ ਦਾ ਅਦਭੁੱਤ, ਰਮਣੀਕ, ਅਲੌਕਿਕ ਵਾਟਰਟਨ ਲੇਕਸ ਨੈਸ਼ਨਲ ਪਾਰਕ ਕੈਨੇਡਾ ਦੀ ਪ੍ਰਸਿੱਧ ਸਟੇਟ ਅਲਬਰਟਾ ਵਿਚ ਹੈ। ਇੱਥੇ ਪਹੁੰਚਣ ਲਈ ਐਡਮਿੰਟਨ ਤੋਂ ਛੇ ਘੰਟੇ ਅਤੇ ਕੈਲਗਰੀ ਤੋਂ ਤਿੰਨ ਘੰਟੇ ਲੱਗਦੇ ਹਨ। ਪਹੁੰਚ ਵਾਲਾ ਸਾਰਾ ਰਸਤਾ ਦਿਲਚਸਪ ਅਤੇ ਆਕਰਸ਼ਣ ਰੱਖਦਾ ਹੈ। ਨੀਮ ਪਹਾੜੀ ਰਸਤਾ ਹੈ ਬਿਲਕੁਲ ਸਿੱਧੀਆਂ ਸੜਕਾਂ। ਕੋਈ ਅੰਨ੍ਹਾ ਮੋੜ ਹੀ ਨਹੀਂ। ਕੈਨੇਡਾ ਵਿਖੇ ਗੱਡੀ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਚਲਾ ਸਕਦੇ ਕਿਉਂਕਿ ਸੜਕ ਦੇ ਸੱਜੇ ਪਾਸੇ ਨਿਰਧਾਰਿਤ ਰਫ਼ਤਾਰ ਲਿਖੀ ਹੁੰਦੀ ਹੈ। ਨਿਰਧਾਰਿਤ ਸਪੀਡ ਬੋਰਡ ਦੇ ਨਿਰਦੇਸ਼ ਮੁਤਾਬਿਕ ਹੀ ਤੁਸੀਂ ਸਪੀਡ ਵੱਧ ਘੱਟ ਕਰ ਸਕਦੇ ਹੋ, ਆਪਣੀ ਮਰਜ਼ੀ ਨਾਲ ਨਹੀਂ। ਇੱਥੇ ਜੀ.ਪੀ.ਐੱਸ. (ਗਲੋਬਿਲ ਪੋਜੀਸ਼ਨਿੰਗ ਸਿਸਟਮ) ਦੇ ਨਿਰਦੇਸ਼ ਨਾਲ ਗੱਡੀ ਚਲਾਉਣਾ ਹੋਰ ਵੀ ਆਸਾਨ ਹੋ ਜਾਂਦਾ ਹੈ। ਇਸ ਬਗੈਰ ਗੁਜ਼ਾਰਾ ਹੀ ਨਹੀਂ। ਜੰਗਲਾਂ ਵਿਚ ਵਸਾਇਆ ਇਹ ਸ਼ਹਿਰ ਪਹਾੜੀਆਂ ਨਾਲ ਤਾਲਮੇਲ ਬਣਾਉਂਦਾ ਹੋਇਆ ਅਲੌਕਿਕ ਦ੍ਰਿਸ਼ ਪੇਸ਼ ਕਰਦਾ ਹੈ। ਅਮਰੀਕਾ ਦੇ ਪਹਾੜੀ ਇਲਾਕੇ ਵਾਲੇ ਸ਼ਹਿਰ ਮੋਨਟਾਨਾ ਦੀ ਸਰਹੱਦ ਨਾਲ ਸਾਂਝਾ ਤਾਲਮੇਲ ਬਣਾਉਂਦਾ ਹੈ। ਇਹ ਸਾਰਾ ਸ਼ਹਿਰ ਲਗਭਗ 140 ਕਿਲੋਮੀਟਰ ਦੇ ਘੇਰੇ ਵਿਚ ਵਸਾਇਆ ਹੋਇਆ ਹੈ। ਹਜ਼ਾਰਾਂ ਸਾਲ ਪਹਿਲਾਂ ਇਸ ਜੰਗਲੀ ਸਥਾਨ ਵਿਚ ਝੀਲਾਂ ਦੇ ਕਿਨਾਰੇ ਕੁਟੇਨਵੀ ਕਬੀਲੇ ਦੇ ਲੋਕ ਰਹਿੰਦੇ ਸਨ। ਉਸ ਸਮੇਂ ਇਸ ਝੀਲ ਨੂੰ ਕੁਟੀਨੇ ਲੇਕਸ ਕਹਿੰਦੇ ਸਨ। ਇਸ ਤਿੰਨ ਝੀਲਾਂ ਦੇ ਸੁਮੇਲ ਨੂੰ ਵਾਟਰਟਨ ਦਾ ਨਾਮ ਦਿੱਤਾ ਗਿਆ। ਇਹ ਤਿੰਨ ਝੀਲਾਂ ਆਪਸ ਵਿਚ ਇਕਮਿਕ ਹੋਈਆਂ ਪਈਆਂ ਹਨ ਜੋ ਵਿਸ਼ਾਲ ਲੰਬੀ ਝੀਲ ਦਾ ਰੂਪ ਅਖਤਿਆਰ ਕਰਦੀਆਂ ਹਨ। ਇਸ ਝੀਲ ਦੀ ਲੰਬਾਈ ਲਗਭਗ 80 ਕਿਲੋਮੀਟਰ ਹੈ ਜਿਸ ਦਾ ਇਕ ਸਿਰਾ ਵਾਟਰਟਨ ਸ਼ਹਿਰ ਨਾਲ ਤੇ ਦੂਸਰਾ ਸਿਰਾ ਅਮਰੀਕਾ ਦੀਆਂ ਪਹਾੜੀਆਂ ਵਿਚ ਜਾ ਖ਼ਤਮ ਹੁੰਦਾ ਹੈ। ਸੱਜੇ ਪਾਸੇ ਕੈਨੇਡਾ ਅਤੇ ਖੱਬੇ ਪਾਸੇ ਅਮਰੀਕਾ ਦੀਆਂ ਪਹਾੜੀਆਂ ਹਨ ਅਤੇ ਵਿਚਕਾਰ ਸਾਂਝੀ ਝੀਲ ਸਾਂਝੀ ਸਰਹੱਦ ਦੀ ਹੋਂਦ ਨੂੰ ਮਾਨਵਤਾਵਾਦੀ ਚਿੰਨ੍ਹ ਪ੍ਰਦਾਨ ਕਰਦੀ ਹੋਈ ਸ਼ਾਂਤੀ ਅਤੇ ਵਿਸ਼ਵ ਭਾਈਚਾਰੇ ਦਾ ਸੰਦੇਸ਼ ਦਿੰਦੀ ਪ੍ਰਤੀਤ ਹੁੰਦੀ ਹੈ। ਇਸ ਝੀਲ ਦਾ ਨਾਮ ਇਤਿਹਾਸਕਾਰ ਖੋਜੀ ਬਲੇਕਿਸਟਨ ਨੇ ਬ੍ਰਿਟਿਸ਼ ਕੁਦਰਤੀ ਵਿਗਿਆਨੀ ਚਾਰਲਸ ਵਾਟਰਟਨ ਦੇ ਨਾਮ ’ਤੇ ਰੱਖਿਆ। ਸ਼ੁਰੂ ਵਿਚ ਇਹ ਸਥਾਨ ਕੈਨੇਡਾ ਦਾ ਪਹਿਲਾ ਰਾਸ਼ਟਰੀ ਪਾਰਕ ਸੀ ਪਰ ਸਮੇਂ ਦੀ ਕਰਵਟ ਅਤੇ ਨਵੇਂ ਸਿਰਜਨਾਤਮਿਕ ਹੋਰ ਅਦਭੁੱਤ ਸਥਾਨਾਂ ਦੀ ਹੋਂਦ ਕਰਕੇ ਅੱਜਕੱਲ੍ਹ ਵਾਟਰਟਨ ਸਥਾਨ ਕੈਨੇਡਾ ਦਾ ਚੌਥਾ ਰਾਸ਼ਟਰੀ ਪਾਰਕ ਹੈ। ਅਮਰੀਕਾ ਕੈਨੇਡਾ ਦੀ ਇਹ ਪਹਾੜੀ ਝੀਲ ਨੁਮਾ ਸੁੰਦਰ ਸਰਹੱਦ ਸਭ ਤੋਂ ਵੱਡੀ ਹੈ। ਇਹ ਸਥਾਨ ਵਾਤਾਵਰਣ ਦਾ ਸਭ ਤੋਂ ਵੱਧ ਮਾਨਤਾ ਪ੍ਰਾਪਤ ਨਿਸ਼ਾਨ ਬਣਾਉਂਦਾ ਹੈ। ਦਸੰਬਰ 1995 ਨੂੰ ਵਾਟਰਟਨ ਗਲੇਸ਼ੀਅਰ ਇੰਟਰਨੈਸ਼ਨਲ ਪੀਸ ਪਾਰਕ ਨੂੰ ਅਧਿਕਾਰਿਤ ਤੌਰ ’ਤੇ ਯੂਨੈਸਕੋ ਵਿਸ਼ਵ ਵਿਰਾਸਤੀ ਸਥਾਨ ਨਾਮਜ਼ਦ ਕੀਤਾ ਗਿਆ। ਇਸ ਨੂੰ ਵਾਤਾਵਰਣ ਪੱਖੀ ਅਤੇ ਚੰਗੇ ਇੱਛਾ ਸ਼ਕਤੀ ਦੇ ਨਮੂਨੇ ਵਜੋਂ ਲਿਆ ਗਿਆ ਹੈ। ਇਹ ਅਨੋਖਾ ਵਿਸ਼ਵ ਵਿਆਪੀ ਖ਼ਜ਼ਾਨਾ ਹੈ। ਰੋਟਰੀ ਇੰਟਰਨੈਸ਼ਨਲ ਦੀ ਤਰਫ਼ੋਂ ਸਰ ਚਾਰਲਸ ਆਰਥਰ ਮੰਡੇਰ ਨੇ ਇਹ ਸਰਹੱਦੀ ਸਾਂਝੇਦਾਰੀ ਵਿਸ਼ਵ ਸਾਂਤੀ ਨੂੰ ਸਮਰਪਿਤ ਕੀਤੀ। ਅੱਜ ਇਹ ਸ਼ਹਿਰ ਸੰਯੁਕਤ ਰਾਜ ਅਤੇ ਕੈਨੇਡਾ ਦੇ ਲੋਕਾਂ ਦਰਮਿਆਨ ਸ਼ਾਂਤੀ ਅਤੇ ਦੋਸਤੀ ਦੇ ਬੰਧਨ ਦਾ ਖ਼ੂਬਸੂਰਤ ਪ੍ਰਤੀਕ ਹੈ। ਇਸ ਸਥਾਨ ਨੂੰ ਵਿਸ਼ਵ ਵਿਰਾਸਤ ਵਾਲੀ ਅਦਭੁੱਤ ਸੁੰਦਰ ਜਗ੍ਹਾ ਵਜੋਂ ਮਨੋਨੀਤ ਕੀਤਾ ਗਿਆ।
ਇਹ ਸਥਾਨ ਵਾਟਰਟਨ, ਕੈਨੇਡਾ ਦਾ ਦੂਜਾ ਬਾਇਓਸਪਿਅਰ ਰਿਜ਼ਰਵ ਅਤੇ ਯੂਨੈਸਕੋ ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲਾ ਪਹਿਲਾ ਕੈਨੇਡੀਅਨ ਰਾਸ਼ਟਰੀ ਪਾਰਕ ਵੀ ਹੈ। ਦੁਨੀਆਂ ਵਿਚ ਇਸ ਤਰ੍ਹਾਂ ਦੀ ਕੋਈ ਹੋਰ ਜਗ੍ਹਾ ਨਹੀਂ ਹੈ। ਸ਼ਹਿਰ ਦੀਆਂ ਆਪਣੀਆਂ ਸੀਮਾਵਾਂ ਦੇ ਅੰਦਰ ਦੋ ਰਾਸ਼ਟਰੀ ਇਤਿਹਾਸਕ ਸਥਾਨ ਪੱਛਮੀ ਕੈਨੇਡਾ ਵਿਚ ਪਹਿਲੇ ਤੇਲ ਖੂਹ ਵੀ ਪਾਏ ਜਾਂਦੇ ਹਨ। ਕਈ ਕੋਇਲੇ ਦੀਆਂ ਖਾਣਾਂ ਵੀ ਮੌਜੂਦ ਸਨ।
ਝੀਲ ਦੇ ਸ਼ੁਰੂਆਤੀ ਕੋਨੇ ਦੇ ਉੱਪਰ ਇਕ ਛੋਟੀ ਜਿਹੀ ਸੁੰਦਰ ਪਹਾੜੀ ਹੈ ਜਿਸ ਦੇ ਪੈਰਾਂ ਵਿਚੋਂ ਝੀਲ ਦਾ ਉਗਮਣਾ ਬੇਗਾਨੇ ਵਾਤਾਵਰਣ ਨੂੰ ਆਪਣਾਪਨ ਦੇ ਕੇ ਸੁੰਦਰ ਦ੍ਰਿਸ਼ ਸਥਾਪਿਤ ਕਰਦਿਆਂ ਜੰਨਤ ਹੀ ਜਾਪਦਾ ਹੈ। ਇਸ ਪਹਾੜੀ ਉੱਪਰ ਸਭ ਤੋਂ ਪਹਿਲਾਂ 1927 ਵਿਚ ਪ੍ਰਿੰਸ ਆਫ ਵੇਲਜ਼ ਹੋਟਲ ਖੋਲ੍ਹਿਆ ਗਿਆ ਅਤੇ ਗਲੇਸ਼ੀਅਰ ਨੈਸ਼ਨਲ ਪਾਰਕ (ਯੂ.ਐੱਸ.ਏ.) ਦੀ ਬੱਸ ਸੇਵਾ ਸ਼ੁਰੂ ਕੀਤੀ ਗਈ। ਇਹ ਸਥਾਨ ਕੈਨੇਡਾ ਅਤੇ ਅਮਰੀਕਾ ਦਰਮਿਆਨ ਸ਼ਾਂਤੀ, ਸਦਭਾਵਨਾ, ਸਹਿਯੋਗ, ਵਿਸ਼ਵਵਿਆਪੀ ਪ੍ਰੇਮ, ਸਮਾਨਤਾ, ਮਾਨਵੀ ਕਦਰਾਂ-ਕੀਮਤਾਂ ਦਾ ਵਿਕਾਸ, ਨੈਤਿਕ ਭਾਵਨਾ, ਦ੍ਰਿਸ਼ਟੀ ਦਰਸ਼ਨ ਅਤੇ ਦੇਸ਼-ਵਿਦੇਸ਼ ਦੀ ਮਾਨਵਤਾ ਦਾ ਮਿਲਣ ਉਤਸਵ ਬਣਾ ਕੇ ਇਕ ਸਰਵਉੱਚ ਜੀਵਨ ਭੌਤਿਕ ਸਮਰਿਧੀ ਦਾ ਸੰਦੇਸ਼ ਦਿੰਦਾ ਹੈ। ਇਹ ਦੋਵੇਂ ਹੱਦਾਂ ਪਾਰ ਵਿਰਾਸਤ ਪ੍ਰਬੰਧਨ ਵਿਚ ਸਾਕਾਰਤਮਕ ਸਹਿਯੋਗ ਦੀ ਪ੍ਰਤੀਕ ਕਾਰਜਸ਼ੀਲ ਮਿਸਾਲ ਹੈ।
ਇਸ ਸਥਾਨ ਵਿਖੇ ਜੀਵ ਵਿਗਿਆਨ ਦੇ ਭੰਡਾਰ, ਮਨੁੱਖੀ ਅਤੇ ਕੁਦਰਤੀ ਵਾਤਾਵਰਣ, ਪ੍ਰਮੁੱਖ ਟੀਚੇ ਦੀ ਜਾਣਕਾਰੀ ਦੇ ਆਦਾਨ-ਪ੍ਰਦਾਨ, ਖੋਜ, ਸਿੱਖਿਆ, ਸਿਖਲਾਈ, ਸੁਧਾਰ, ਭੂਮੀ ਪ੍ਰਬੰਧਨ, ਸਥਾਨਕ ਜ਼ਿੰਮੀਦਾਰਾ, ਸਰਕਾਰੀ ਏਜੰਸੀਆਂ, ਵੱਡੇ ਆਕਾਰ ਦੇ ਸਾਂਝੇ ਪ੍ਰਾਜੈਕਟ, ਮਨੋਰੰਜਨ ਕਿਰਿਆਵਾਂ ਸਥਾਨ, ਖ਼ੂਬਸੂਰਤ ਹੋਟਲ, ਸਾਧਾਰਨ ਰੂਪ ਵਿਚ ਭਿੰਨ ਭਿੰਨ ਸ਼੍ਰੇਣੀ ਦੇ ਅਮੀਰ ਪੌਦੇ, ਅਦਭੁੱਤ ਖ਼ੂਬਸੂਰਤ ਵਿਗਿਆਨਕ ਤਰੀਕੇ ਦੀ ਲੈਂਡ ਸਕੇਪਿੰਗ, ਪਹਾੜੀਆਂ ਦੇ ਨਾਰੰਗੀ ਕਿਰਮਚੀ ਦ੍ਰਿਸ਼ ਆਪਣੀ ਹੋਂਦ ਨੂੰ ਪ੍ਰਮਾਣਿਕ ਬਣਾਉਂਦੇ ਪ੍ਰਤੀਤ ਹੁੰਦੇ ਹਨ।
ਪ੍ਰਿੰਸ ਆਫ਼ ਵੇਲਜ਼ ਹੋਟਲ ਦਾ ਇਕ ਸ਼ਾਨਦਾਰ ਡਿਜ਼ਾਈਨ ਅਤੇ ਨਾਟਕੀ ਦ੍ਰਿਸ਼ ਇਸ ਵਾਤਾਵਰਣ ਦਾ ਸਭ ਤੋਂ ਵੱਧ ਮਾਨਤਾ ਪ੍ਰਾਪਤ ਚਿੰਨ੍ਹ ਹੈ। ਇਹ ਸੁੰਦਰ ਹੋਟਲ ਇਸ ਇਲਾਕੇ ਦਾ ਸਭ ਤੋਂ ਵੱਧ ਆਕਰਸ਼ਣ ਦਾ ਕੇਂਦਰ ਹੈ ਅਤੇ ਬਹੁਤ ਮਹਿੰਗਾ ਹੋਟਲ ਹੈ। ਇਸ ਹੋਟਲ ਤੋਂ ਝੀਲ ਨਜ਼ਰ ਆਉਂਦੀ ਹੈ।
ਦੋਵਾਂ ਦੇਸ਼ਾਂ ਦੇ ਵਿਗਿਆਨੀਆਂ ਦੀ ਸੋਚ ਨੂੰ ਸਿਜਦਾ ਕਰਨਾ ਬਣਦਾ ਹੈ ਕਿਉਂਕਿ ਉਨ੍ਹਾਂ ਨੇ ਇਨ੍ਹਾਂ ਝੀਲਾਂ ਦੀ ਵੰਡ ਨਹੀਂ ਹੋਣ ਦਿੱਤੀ ਕਿਉਂਕਿ ਅੱਧੀ ਝੀਲ ਅਮਰੀਕਾ ਵਿਚ ਅਤੇ ਅੱਧੀ ਝੀਲ ਕੈਨੇਡਾ ਵਿਚ ਆਉਂਦੀ ਸੀ ਪਰ ਦੋਵਾਂ ਦੇਸ਼ਾਂ ਦੇ ਵਿਗਿਆਨੀਆਂ ਨੇ ਸਾਂਝੀ ਸੋਚ ਅਪਣਾਉਂਦਿਆਂ ਕਿਹਾ, ‘‘ਜੀਉਲੋਜੀ ਕੋਈ ਸੀਮਾਵਾਂ ਨਹੀਂ ਪਛਾਣਦੀ ਅਤੇ ਜਿਵੇਂ ਝੀਲ ਪਈ ਹੈ, ਮਨੁੱਖ ਦੁਆਰਾ ਬਣਾਈ ਗਈ ਕੋਈ ਵੀ ਸੀਮਾ ਪਾਣੀ ਨੂੰ ਵੱਖ ਨਹੀਂ ਕਰ ਸਕਦੀ।’’
ਇਸ ਝੀਲ ਦੇ ਰਸਤੇ ਅਮਰੀਕਾ ਦੀ ਹੱਦ ਮੋਨਟਾਨਾ ਵਿਖੇ ਪਹੁੰਚਣ ਲਈ ਇਕ ਸ਼ਾਨਦਾਰ ਇਕ ਮੰਜ਼ਿਲਾ ਕਰੂਜ਼ (ਛੋਟਾ ਸ਼ਿੱਪ) ਦੀ ਵਰਤੋਂ ਕੀਤੀ ਜਾਂਦੀ ਹੈ। ਵਾਟਰਟਨ ਦਾ ਪ੍ਰਮੁੱਖ ਖਿੱਚ ਦਾ ਕੇਂਦਰ ਅਤੇ ਵਿਸ਼ੇਸ਼ ਮਹੱਤਵਪੂਰਨ ਮਨੋਰੰਜਨ ਦਾ ਸਾਧਨ ਹੈ ਕਰੂਜ਼। ਕਰੂਜ਼ ਵਿਚ ਬੈਠ ਕੇ ਹੀ ਝੀਲ ਦੇ ਖ਼ੂਬਸੂਰਤ ਵੱਖ-ਵੱਖ ਸ਼੍ਰੇਣੀਆਂ ਦੇ ਪਹਾੜਾਂ ਦਾ ਨਜ਼ਾਰਾ ਲਿਆ ਜਾ ਸਕਦਾ ਹੈ। ਕਰੂਜ਼ ਵਿਚ ਸਫ਼ਰ ਕਰਨ ਦੀ ਟਿਕਟ ਲੱਗਦੀ ਹੈ ਅਤੇ ਇਸ ਦਾ ਸਮਾਂ ਨਿਰਧਾਰਿਤ ਹੈ। ਸਵੇਰੇ ਦਸ ਵਜੇ, ਦੁਪਹਿਰ ਇਕ ਵਜੇ ਅਤੇ ਸ਼ਾਮੀ ਚਾਰ ਵਜੇ ਕਰੂਜ਼ ਚਲਦਾ ਹੈ। ਇਹ ਝੀਲ ਲਗਭਗ 80 ਕਿਲੋਮੀਟਰ ਲੰਬੀ ਹੈ ਜਿਸ ਵਿਚ ਕਰੂਜ਼ ਦੇ ਆਉਣ ਜਾਣ ਲਈ ਦੋ ਘੰਟੇ ਲੱਗਦੇ ਹਨ। ਕਰੂਜ਼ ਵਿਚ ਖਾਣ-ਪੀਣ ਦਾ ਸਮਾਂ ਨਹੀਂ ਮਿਲਦਾ। ਨਾ ਹੀ ਕੋਈ ਪਖਾਨਾ ਹੈ। ਖਾਣ-ਪੀਣ ਦਾ ਸਾਮਾਨ ਨਾਲ ਲੈ ਕੇ ਜਾ ਸਕਦੇ ਹੋ। ਕਰੂਜ਼ ਵਿਚ ਨਿਸ਼ਚਿਤ ਅਤੇ ਨਿਰਧਾਰਿਤ ਸੀਟਾਂ ਹੀ ਹੁੰਦੀਆਂ ਹਨ। ਬੁਕਿੰਗ ਇਕ ਦਿਨ ਪਹਿਲਾਂ ਹੀ ਕਰਵਾਉਣੀ ਪੈਂਦੀ ਹੈ।
ਕਰੂਜ਼ ਦਾ ਚਾਲਕ ਅਤੇ ਉਸ ਨਾਲ ਉਸ ਦਾ ਇਕ ਸਹਾਇਕ ਹੁੰਦਾ ਹੈ ਜੋ ਕਰੂਜ਼ ਦੇ ਚੱਲਣ ਦੇ ਨਾਲ ਨਾਲ ਝੀਲ, ਪਹਾੜਾਂ, ਪ੍ਰਾਚੀਨਤਾ ਅਤੇ ਆਧੁਨਿਕ ਇਤਿਹਾਸ ਦੀ ਜਾਣਕਾਰੀ ਸਪੀਕਰ (ਮਾਈਕ) ’ਤੇ ਦਿੰਦਾ ਰਹਿੰਦਾ ਹੈ। ਕਰੂਜ਼ ਚੱਲਣ ਤੋਂ ਕੁਝ ਦੇਰ ਬਾਅਦ ਹੀ ਸਰ-ਸਰ ਤੇਜ਼ ਹਵਾਵਾਂ ਪਿਛਾਂਹ ਨੂੰ ਪਿਛਾੜਦੀਆਂ ਹਨ। ਲਗਭਗ ਇਕ ਘੰਟੇ ਬਾਅਦ ਅਮਰੀਕਾ ਦਾ ਬਾਰਡਰ ਮੋਨਟਾਨਾ ਆ ਜਾਂਦਾ ਹੈ ਜਿੱਥੇ ਝੀਲ ਖ਼ਤਮ ਹੋ ਜਾਂਦੀ ਹੈ। ਕਰੂਜ਼ ਦੀ ਉਪਰਲੀ ਤੇ ਹੇਠਲੀ ਮੰਜ਼ਿਲ ਉਪਰ ਬੈਠਣ ਲਈ ਸੀਟਾਂ ਦਾ ਪ੍ਰਬੰਧ ਹੈ। ਫ਼ੋਟੋਗ੍ਰਾਫੀ ਕਰਨ ਦਾ ਇੱਥੇ ਆਪਣਾ ਹੀ ਲੁਤਫ਼ ਹੈ। ਸੱਜੇ ਖੱਬੇ ਪਹਾੜਾਂ ਵਿਚ ਵਿਗਿਆਨਕ ਤਰਤੀਬ ਨਾਲ ਕੀਤੀ ਲੈਂਡ ਸਕੇਪਿੰਗ ਵੱਖਰੀ ਹੀ ਹੈ। ਜਿੱਥੇ ਕਰੂਜ਼ ਰੁਕਦਾ ਹੈ ਉਸ ਸਰਹੱਦ ਦੇ ਨਾਲ 1926 ਦੇ ਸਮੇਂ ਦੇ ਸ਼ੈੱਡਾਂ ਵੀ ਮੌਜੂਦ ਹਨ।
ਇੱਥੋਂ ਦਾ ਵਾਤਾਵਰਣ, ਮਨਮੋਹਕ ਦ੍ਰਿਸ਼ ਆਪਣੀ ਸੰਸਕ੍ਰਿਤੀ ਤੇ ਸ਼ਿਲਪ ਦਾ ਪ੍ਰਗਟਾਵਾ ਕਰਦੇ ਨਜ਼ਰ ਆਉਂਦੇ ਹਨ। ਇਹ ਸਰਹੱਦ ਮਾਨਵੀ ਕੀਮਤਾਂ ਦੀ ਸੁੰਦਰਤਾ ਅਤੇ ਪ੍ਰੇਮ ਭਾਵਨਾ ਦੀ ਸੰਵੇਦਨਾ ਦਾ ਸੰਦੇਸ਼ ਦਿੰਦੀ ਹੈ। ਇੱਥੋਂ ਦਾ ਅਧਿਆਤਮਿਕ ਪਰ ਸਕੂਨ ਦੇਣ ਵਾਲਾ ਵਾਤਾਵਰਣ ਮਨੋਰੰਜਕ ਹੈ।
ਇੱਥੋਂ ਦਾ ਪ੍ਰਸ਼ਾਸਨ ਸਮਾਜ ਦੇ ਯਾਤਰੀਆਂ ਪ੍ਰਤੀ ਨਿਸ਼ਠਾ ਅਤੇ ਕਰਤੱਵ ਭਾਵਨਾ ਨੂੰ ਸਦਾ ਅਰਪਿਤ ਕਰਨ ਦੀ ਉਮੰਗ ਵਿਚ ਰਹਿੰਦਾ ਹੈ। ਪ੍ਰਾਚੀਨਤਾ ਅਤੇ ਆਧੁਨਿਕਤਾ ਦਾ ਮਿਸ਼ਰਣ ਵੀ ਜੀਵਨ ਨੂੰ ਭੌਤਿਕ ਸਮਰਿਧੀ ਪ੍ਰਦਾਨ ਕਰਦਾ ਹੈ। ਝੀਲ ਦਾ ਨੀਲਾ ਗਹਿਰਾ ਪਾਣੀ ਜਗ੍ਹਾ ਜਗ੍ਹਾ ’ਤੇ ਰੰਗ ਬਦਲਦਾ ਸ਼ੁੱਧਤਾ ਦੀ ਮਿਸਾਲ ਹੈ। ਕਰੂਜ਼ ਵਿਚਲੇ ਸਹਿ ਯਾਤਰੀ ਨੀਤੀ-ਨਿਯਮਾਂ ਦੇ ਬੰਧਨ ਵਿਚ ਬੱਝੇ ਹੁੰਦੇ ਹਨ। ਕੋਈ ਵੀ ਉਲੰਘਣਾ ਨਹੀਂ ਕਰ ਸਕਦਾ। ਕਰੂਜ਼ ਅੱਗੇ ਵਧਦਾ ਹੈ ਤਾਂ ਨਾਟਕੀ ਢੰਗ ਨਾਲ ਅੱਗੇ ਆਉਂਦੇ ਜਗਿਆਸਾਮਈ ਦ੍ਰਿਸ਼ ਸੁਆਗਤ ਕਰਦੇ ਹਨ। ਅਲਬੱਤਾ ਪਰਤ-ਦਰ-ਪਰਤ ਦ੍ਰਿਸ਼ ਖੁੱਲ੍ਹਦੇ ਜਾਂਦੇ ਹਨ। ਪਹਾੜਾਂ ਦੀ ਵੀ ਇਕ ਭਾਸ਼ਾ ਹੁੰਦੀ ਹੈ ਜਿਸ ਨੂੰ ਸੂਰਦਾਸ, ਗੂੰਗੇ, ਬੋਲੇ ਵੀ ਸਮਝ ਸਕਦੇ ਹਨ।
ਪੀਤਾਂਬਰੀ, ਨਾਰੰਗੀ, ਕਿਰਮਚੀ ਪੌਦਿਆਂ ਦੀ ਸੁੰਦਰਤਾ। ਕਰਘਾ ਦੀ ਤਰ੍ਹਾਂ ਪਾਣੀ ਦੀਆਂ ਲਹਿਰਾਂ ਚਾਦਰਾਂ ਬੁਣਦੀਆਂ ਪ੍ਰਤੀਤ ਹੁੰਦੀਆਂ ਹਨ। ਝੀਲ ਦੇ ਛਿਤਲੇ ਪਾਣੀ ਵਿਚ ਬੱਚੇ, ਨੌਜਵਾਨ ਸਭ ਫੋਟੋ ਖਿਚਵਾਉਣ ਦੀ ਰੁਚੀ ਰੱਖਦੇ ਹਨ। ਵਾਕਈ ਇਹ ਸਥਾਨ ਕਿਸੇ ਜੰਨਤ ਤੋਂ ਘੱਟ ਨਹੀਂ ਜਾਪਦਾ।
ਸੰਪਰਕ: 98156-25409