ਸੋਮਾ ਸਬਲੋਕ
ਇਹ ਮੇਲਾ ਤਿੰਨ ਦਿਨ ਚੱਲਣਾ ਸੀ- ਪੂਰੇ ਤਿੰਨ ਦਿਨ। ਇਨ੍ਹਾਂ ਤਿੰਨਾਂ ਦਿਨਾਂ ਵਿੱਚ ਲੋਕਾਂ ਨੇ ਇਕੱਠੇ ਹੋਣਾ ਸੀ। ਇੱਕ ਬਹੁਤ ਵੱਡਾ ਇਕੱਠ… ਸਾਂਝੇ ਪੀਰ ਦੀ ਮਜ਼ਾਰ ’ਤੇ…
ਸਾਂਝਾ ਪੀਰ…? ਹਾਂ, ਸਾਂਝਾ ਪੀਰ… ਮਜ਼ਾਰ ਬ੍ਰਾਹਮਣ ਸਭਾ ਨੇ ਜੁ ਬਣਵਾਈ ਸੀ… ਨਾ ਪੀਰ ਸਿਆਸੀ ਸੀ, ਨਾ ਸਭਾ ਸਿਆਸੀ ਸੀ, ਆਮ ਜਨਤਾ ਦੇ ਮਨ ਵਿੱਚ ਕੋਈ ਭੇਦ ਨਹੀਂ ਹੁੰਦਾ…। ਮੇਲੇ ਤੇ ਉਹ ਵੀ ਧਾਰਮਿਕ… ਸਭ ਬਰਾਬਰ… ਇੱਕੋ ਜਿਹੇ… ਮਸਤ… ਕਿਹੜਾ ਕੋਈ ਵੋਟਾਂ ਦਾ ਚੱਕਰ ਹੁੰਦਾ ਇੱਥੇ…। ਇਹ ਜਗ੍ਹਾ ਹੀ ਉਹ ਸੀ… ਜਿੱਥੇ ਬਹੁਤਿਆਂ ਤੋਂ ਵੀ ਵੱਧ ਲੋਕਾਂ ਦਾ ਵਿਸ਼ਵਾਸ ਬੱਝਦਾ…ਹਮੇਸ਼ਾ ਈ ਤਾਂ ਇਵੇਂ ਹੁੰਦਾ ਰਿਹਾ…। ਮੈਂ ਇਵੇਂ ਹੀ ਤਾਂ ਦੇਖਦਾ ਆ ਰਿਹਾਂ… ਜਦੋਂ ਤੋਂ ਸੁਰਤ ਸੰਭਾਲੀ ਏ… ਮੇਰਾ ਬਾਪ ਵੀ ਇਸ ਗੱਲ ਦੀ ਸ਼ਾਹਦੀ ਭਰਿਆ ਕਰਦਾ ਸੀ…। ਉਹ ਦੱਸਦਾ ਹੁੰਦਾ ਸੀ… ਕੀੜੀਆਂ ਦੀ ਨਿਆਈਂ ਲੋਕ ਜਮ੍ਹਾਂ ਹੋਇਆ ਕਰਦੇ ਸਨ…ਹੁਮ ਹੁਮਾ ਕੇ ਪੁੱਜਦੇ ਸਨ… ਰੰਗ ਬਰੰਗੇ ਕੱਪੜੇ ਪਾ ਕੇ… ਸਜ-ਧਜ ਕੇ… ਕੀ ਕੁੜੀਆਂ-ਕੀ ਬੁੜ੍ਹੀਆਂ… ਕੀ ਮੁੰਡੇ-ਖੁੰਡੇ ਤੇ ਕੀ ਚਿੱਟੇ ਭਰਵੱਟਿਆਂ ਵਾਲੇ… ਅੱਖਾਂ ’ਚ ਸੁਰਮਾ… ਤੇੜ ਚਾਦਰੇ ਖੜਕਦੇ ਹੋਣੇ… ਤੁਰਦੀਆਂ ਜਾਂਦੀਆਂ ਦੇ ਨਾਲ ਪਰਾਂਦੇ ਮੱਟਕਦੇ ਹੋਣੇ…। ਉਹ ਹਿੰਦੂ-ਹਿੰਦਵਾਣੀਆਂ ਨਹੀਂ ਸਨ ਹੁੰਦੇ, ਉਹ ਮੁਸਲਮਾਨ-ਮੁਸਲਮਾਣੀਆਂ ਵੀ ਨਹੀਂ ਹੁੰਦੇ ਸਨ, ਉਂਜ ਉਹ ਜੱਟ… ਅਧਰਮੀ… ਪੰਡੇ… ਪਰ੍ਹੋਤ… ਖੱਤਰੀ-ਵੈਸ਼ ਕੁਝ ਵੀ ਨਹੀਂ ਹੁੰਦੇ ਸਨ… ਸਭ ਸਾਂਝੇ, ਤੂੰ ਸਾਂਝਾ…ਮੈਂ ਸਾਂਝਾ, ਧੀਆਂ ਭੈਣਾਂ ਸਾਂਝੀਆਂ ਮੇਰਾ ਬਾਪ ਦੱਸਦਾ ਹੁੰਦਾ ਸੀ… ਉਹ ਸਾਰੇ ਮੇਲਾ ਦੇਖਣ ਆਉਂਦੇ ਹੁੰਦੇ ਸਨ…
ਕੁਦਰਤ ਤੋਂ ਭੈਅ ਖਾਂਦਾ ਮਨੁੱਖ, ਭੈਅ ਤੋਂ ਮੁਕਤ ਹੋਣ ਲਈ ਕੁਦਰਤ ਦੀ ਮੂਰਤ ਘੜਦਾ ਮਨੁੱਖ, ਫੇਰ ਮੂਰਤ ਤੋਂ ਡਰ ਕੇ ਉਸ ਦੀ ਪੂਜਾ ਕਰਦਾ ਮਨੁੱਖ, ਉਹ ਮੂਰਤ ਉਸ ਨੂੰ ਪੱਥਰ ’ਚ ਵੀ ਨਜ਼ਰ ਆ ਜਾਂਦੀ ਹੈਗੀ… ਕਾਗ਼ਜ਼ ’ਤੇ ਵੀ ਦਿਸਦੀ ਹੈਗੀ… ਡਰਦਾ ਡਰਦਾ ਉਹ ਹਰ ਉਸ ਥਾਂ ’ਤੇ ਪਹੁੰਚ ਜਾਂਦਾ ਏ ਜਿੱਥੋਂ ਉਸ ਨੂੰ ਇਸ ਡਰ ਤੋਂ ਮੁਕਤੀ ਮਿਲਦੀ ਏ… ਮਨ ਦੀ ਮੌਜ ਆ ਨਾ ਭਾਈ… ਜਿੱਥੋਂ ਹਾਸਲ ਹੁੰਦੀ ਹੋਵੇ… ਉਸ ਨੂੰ ਅਹਿਸਾਸ ਹੁੰਦਾ ਹੋਵੇ ਕਿ ਉਹ ਇੱਕ ਬੁੱਕਲ ਅੰਦਰ ਸੁਰੱਖਿਅਤ ਏ… ਫੇਰ ਇਹ ਬੁੱਕਲ ਧਰਮ ਦੀ ਹੋਵੇ, ਇਹ ਬੁੱਕਲ ਮੂਰਤੀ-ਕੈਲੰਡਰ ਦੀ ਹੋਵੇ, ਇਹ ਬੁੱਕਲ ਮਹਬਿੂਬ ਦੀ ਹੋਵੇ, ਇਹ ਬੁੱਕਲ ਮਹਬਿੂਬਾ ਦੀ ਹੋਵੇ
ਬਸ, ਬੁੱਕਲ ਬੁੱਕਲ ਹੀ ਹੁੰਦੀ ਏ… ਤੇ ਜਾਂ ਫੇਰ ਇਹ ਬੁੱਕਲ ਸਿਆਸਤ ਦੀ ਹੀ ਕਿਉਂ ਨਾ ਹੋਵੇ। ਜਦੋਂ ਤੱਕ ਇਸ ਬੁੱਕਲ ਦਾ ਨਿੱਘ ਮਿਲਦਾ ਰਹਿਣਾ… ਉਦੋਂ ਤੱਕ ਇਹ ਇਕੱਠ ਹੁੰਦੇ ਹੀ ਰਹਿਣੇ।
* * *
ਮੇਲੇ ਵਿਚ ਉਹਦੀ ਚਿਰਾਗ਼ਾਂ ਦੇ ਨੇੜੇ ਡਿਊਟੀ ਲੱਗੀ ਹੋਈ ਸੀ। ਮਜ਼ਾਰ ’ਤੇ ਲੋਕ ਚਿਰਾਗ਼ ਹੀ ਤਾਂ ਬਾਲਦੇ ਹਨ ਸ਼ਰਧਾ ਨਾਲ… ਗੱਲ ਜਗ੍ਹਾ ਦੀ ਨਹੀਂ ਹੁੰਦੀ, ਗੱਲ ਭੀੜ ਦੀ ਵੀ ਨਹੀਂ ਹੁੰਦੀ- ਗੱਲ ਤਾਕਤ ਦੀ ਹੁੰਦੀ ਏ… ਹੁਣ ਇਹ ਤਾਕਤ ਦਾ ਰਾਮ-ਰੌਲਾ ਕਿੱਥੋਂ ਆ ਗਿਆ? ਰਾਮ-ਰੌਲਾ ਕੀ? …ਤਾਕਤ ਤਾਂ ਤਾਕਤ ਏ… ਮੰਨੇ ਜਾਣ ਵਾਲੇ ਦੀ ਹੋਈ ਜਾਂ ਮਨਵਾਉਣ ਵਾਲੇ ਦੀ ਹੋਈ… ਮੰਨਣ ਵਾਲੇ ਦੀ ਤਾਕਤ ਕਿੱਥੇ…? ਇਹੋ ਤਾਂ ਇਸ ਜਗ੍ਹਾ ਦਾ ਸੀ… ਜਿਸ ਨੂੰ ਲੋਕੀਂ ਮੰਨਦੇ ਸਨ… ਡਾਢਿਆਂ ਨੇ ਉਸ ਥਾਂ ਤੋਂ ਲੋਕਾਂ ਨੂੰ ਦੂਰ ਕਰ ਦਿੱਤਾ ਸੀ। ਲੋਕ ਮਜ਼ਾਰ ’ਤੇ ਚਿਰਾਗ਼ ਬਾਲ ਕੇ ਰੱਖ ਜਾਂਦੇ ਤੇ ਖੇਤ ਕੁ ਦੀ ਵਿੱਥ ’ਤੇ ਜਾ ਕੇ ਮੇਲੇ ਵਿਚ ਸ਼ਾਮਲ ਹੋ ਜਾਂਦੇ। ਸਦੀਆਂ ਤੋਂ ਇਵੇਂ ਹੀ ਚਲਦਾ ਆ ਰਿਹਾ…।
ਇਸ ਵਰ੍ਹੇ ਉਹ ’ਕੱਲਾ ਈ ਸੇਵਾ ’ਤੇ ਸੀ। 24 ਵਰ੍ਹਿਆਂ ਦਾ ਹੁਸੈਨ। ਲੋਕੀਂ ਚਿਰਾਗ਼ ਲਈ ਇੱਕ ਦੂਜੇ ਤੋਂ ਪਹਿਲਾਂ ਅੱਗੇ ਲੰਘ ਕੇ ਮਜ਼ਾਰ ’ਤੇ ਨਿਵਣ ਦੀ ਕਾਹਲ ਵਿੱਚ ਸਨ।
ਕੋਈ ਬਜ਼ੁਰਗ ਹੈ ਜਾਂ ਬੱਚਾ ਹੈ ਜਾਂ ਫੇਰ ਬੱਚੇ ਵਾਲੀ ਹੈ- ਇਸ ਦਾ ਕੋਈ ਖ਼ਿਆਲ ਨਹੀਂ ਸੀ ਕਰ ਰਿਹਾ। ਹੁਸੈਨ ਆਪਣੀ ਵਿਉਂਤ ਮੁਤਾਬਿਕ ਬੱਚਿਆਂ ਵਾਲੀਆਂ ਨੂੰ ਅੱਗੇ ਲਿਆ ਰਿਹਾ ਸੀ। ਉਸ ਤੋਂ ਬਾਅਦ ਬਜ਼ੁਰਗਣੀਆਂ ਬਜ਼ੁਰਗ ਤੇ ਫੇਰ ਸਮੂਹ ਨੱਢੇ-ਨੱਢੀਆਂ।
ਵਾ-ਵਰੋਲਾ ਜਿਹਾ ਆਇਆ। ਅਫਰਾ-ਤਫਰੀ ਦਾ ਮਾਹੌਲ ਇਕਦਮ ਬਣ ਗਿਆ।
ਕੁਝ ਸਮਝ ਈ ਨਾ ਲੱਗੇ ਬਈ ਹੋਇਆ ਕੀ ਏ… ਬਸ, ਡਾਂਗਾਂ ਸੋਟੀਆਂ… ਘਸੁੰਨ ਚਪੇੜਾਂ… ਕੋਈ ਕਹੇ… ਜੋਰੂ ਦਾ ਤਮਾਸ਼ਾ ਤੇ ਕੋਈ ਦੂਜਾ ਕਹੇ… ਨਾ… ਇੱਦਾਂ ਨਹੀਂ… ਇਹ ਤਾਂ ਕੋਈ…? ਬੰਦੇ-ਤੀਵੀਆਂ ਮਿੰਟਾਂ-ਸਕਿੰਟਾਂ ਵਿੱਚ ਈ ਸਿਰੋਂ ਨੰਗੇ ਤੇ ਪੈਰੋਂ ਵ੍ਹਾਣੇ ਹੋ ਗਏ… ਕੁੱਛੜ ਵੀ ਖ਼ਾਲੀ ਹੁੰਦੇ ਦਿਸਣ ਲੱਗੇ ਤੇ ਪਰਾਂਦਿਆਂ ਦੀ ਮੱਟਕ ਵੀ ਜਾਂਦੀ ਲੱਗੀ।
ਮਜ਼ਾਰ ਦੇ ਨਾਲ ਦਾ ਖੇਤ ਛੱਡ ਕੇ ਉਸ ਤੋਂ ਅਗਲੇ ਖੇਤ ਵਿਚ ਚੰਡੋਲਾਂ ਦੇ ਬੰਨੇ ਠਾਹ-ਠਾਹ ਹੋਈ ਤਾਂ ਕੱਵਾਲ ਵੀ ਉਸਤਤ ਕਰਨਾ ਭੁੱਲ ਗਏ, ਉਨ੍ਹਾਂ ਦੇ ਰਾਗ ਠੱਪ ਹੋ ਗਏ।
* * *
ਦੂਜੇ ਦਿਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਸਨ- ਪਿੰਡ ਚੱਕੋ ਚੱਕ ਦੇ ਮੇਲਾ ਬਾਬਾ ਲਾਲ ਲਾਲਾਂ ਵਾਲੇ ’ਚ ਮਚੀ ਨੱਠ-ਭੱਜ… ਮਜ਼ਾਰ ’ਤੇ ਨਿਵ ਰਹਿਆਂ ’ਤੇ ਵੀ ਚੱਲੀ ਗੋਲੀ…
ਲਗਭਗ ਪੰਜ ਸੌ ਮਾਰੇ ਗਏ ਤੇ ਕੁਝ ਇੰਨਿਆਂ ਕੁ ਦਾ ਪਤਾ ਨਹੀਂ ਲੱਗ ਰਿਹਾ।
* * *
ਇਨ੍ਹਾਂ ਸਾਰਿਆਂ ’ਚ ਨਜ਼ਾਮ ਮਲਕ ਦਾ ਪੁੱਤਰ ਵੀ ਸੀ- ਹੁਸੈਨ ਮਜ਼ਾਰ ’ਤੇ ਸੇਵਾ ਨਿਭਾਅ ਰਿਹਾ। ਬਾਬੇ ਨਿਸ਼ਾਨ ਦਾ ਪੋਤਰਾ ਬੇਅੰਤ ਵੀ ਕਤਾਰ ਵਿੱਚ ਖੜ੍ਹਾ ਬੜੀ ਸ਼ਰਧਾ ਤੇ ਸ਼ਿੱਦਤ ਨਾਲ ਮਜ਼ਾਰ ਤੱਕ ਪਹੁੰਚਣ ਲਈ ਆਪਣੀ ਵਾਰੀ ਦੀ ਉਡੀਕ ਵਿੱਚ ਸੀ। ਜਿਵੇਂ ਬਾਕੀਆਂ ਨੂੰ ਆਪਣੇ ਆਉਣ ਵੇਲੇ ਸਮੇਂ ਦਾ ਪਤਾ ਨਹੀਂ ਸੀ… ਹੁਸੈਨ ਤੇ ਬੇਅੰਤ ਵੀ ਬੇਖ਼ਬਰ ਸਨ ਆਪਣੇ ਨਾਲ ਵਾਪਰਨ ਵਾਲੇ ਹਾਦਸੇ ਬਾਰੇ।… ਇੱਕ ਪੈਰ ਚੁੱਕੋ ਤੇ ਦੂਜੇ ਦਾ ਭਰੋਸਾ ਨਈਂ… ਸ਼ੈਤਾਨ ਅੱਗੇ ਮਨੁੱਖ ਦੀ ਛੇਵੀਂ ਇੰਦਰੀ ਦੀ ਕੀ ਬਿਸਾਤ… ਹੁਸੈਨ ਅਤੇ ਬੇਅੰਤ ਅਣਿਆਈ ਮੌਤ ਮਾਰੇ ਗਏ… ਪਤਾ ਨਹੀਂ ਕੀਹਦੀ ਕਿਹੋ ਜਿਹੀ ਸਿਆਸਤ ਉਨ੍ਹਾਂ ਨੂੰ ਨਿਗਲ ਗਈ।
ਪਤਾ ਨਈਂ ਇਹ ਕੁਦਰਤ ਦੀ ਸਿਆਸਤ ਸੀ। ਕਿ… ਕੁਰਸੀ ਦੀ ਸਿਆਸਤ ਸੀ। ਪੋਤਰੇ ਬੇਅੰਤ ਦੀ ਲਾਸ਼ ਉਸਦੇ ਸਾਹਮਣੇ ਸੀ- ਸੱਜੀ ਬਾਂਹ ਤੋਂ ਬਿਨਾਂ ਵਾਲੀ ਲਾਸ਼। ਸੱਜੇ ਹੱਥ ਵਿੱਚ ਹੀ ਤਾਂ ਉਸ ਚਿਰਾਗ਼ ਫੜਿਆ ਹੋਇਆ ਸੀ। ਇਸੇ ਹੱਥ ਵਿੱਚ ਉਸ ਬੱਤੀਆਂ ਤੇ ਸਰ੍ਹੋਂ ਦੇ ਤੇਲ ਦੀ ਸ਼ੀਸ਼ੀ ਫੜੀ ਹੋਈ ਸੀ। ਡਾਢੇ ਦਾ ਸੱਤੀਂ ਵੀਹੀਂ ਸੌ… ਪਤਾ ਨਈਂ ਕੀਹਨੇ ਉਸ ਤੋਂ ਸੌ ਦਾ ਹਿਸਾਬ ਲਿਆ ਹੋਵੇਗਾ… ਖੱਬੇ ਪਾਸੇ ਦੇ ਕੰਨ ਵਿੱਚ ਪਾਈ ਸੋਨੇ ਦੀ ਨੱਤੀ ਦੀ ਚਮਕ ਫਿੱਕੀ ਪੈ ਗਈ ਸੀ… ਦਾਦੇ ਨਿਸ਼ਾਨ ਨੇ ਬੜੇ ਚਾਅ ਨਾਲ ਉਸ ਨੂੰ ਘੜਾਅ ਕੇ ਦਿੱਤੀ ਸੀ ਨੱਤੀ। ਨਿਸ਼ਾਨ ਨੇ ਨੱਤੀ ਤਾਂ ਆਪਣੇ ਜਵਾਨ ਪੁੱਤ ਹਰਬੰਸ ਦੇ ਵੀ ਪਾਈ ਸੀ… ਉਹਦਾ ਵਿਸ਼ਵਾਸ ਸੀ ਸੋਨਾ ਪਾਉਣ ਨਾਲ ਮਨੁੱਖ ਦੀ ਉਮਰ ਵਧਦੀ ਹੈ।
ਹਰਬੰਸ ਭੈਣ ਨੂੰ ਸੰਧਾਰਾ ਦੇਣ ਚੱਲਾ ਸੀ। ਉਸਦੀ ਬੱਸ ਸ਼ਹਿਰੋਂ ਬਾਹਰ ਹਾਲੇ ਨਿਕਲੀ ਹੀ ਸੀ ਕਿ ਮੁੱਖ ਸੜਕ ’ਤੇ ਬਣੇ ਹੰਪ ਕਾਰਨ ਡਰਾਈਵਰ ਨੇ ਉਸ ਦੀ ਸਪੀਡ ਹੌਲੀ ਕਰ ਲਈ ਸੀ। ਅੱਖ ਦੇ ਫੋਰੇ ਵਿੱਚ ਹੀ ਹਾਲਾ ਲਾਲਾ ਮੱਚ ਗਈ। ਕੋਈ ਸਮਝ ਨਾ ਪਈ।
ਉਸੇ ਬੱਸ ਵਿੱਚੋਂ ਦੋ ਜਣੇ ਪਿਛਲੀ ਬਾਰੀ ਵਿੱਚੋਂ ਅਤੇ ਦੋ ਜਣੇ ਅਗਲੀ ਬਾਰੀ ਵਿੱਚੋਂ ਅੱਗ ਦੇ ਲਾਂਬੂ ਵਾਂਗ ਉਤਰੇ ਅਤੇ ਫਟਾਫਟ ਮੋਢੇ ’ਤੇ ਧਰੇ ਪਰਨਿਆਂ ਨਾਲ ਮੁੰਡਾਸਾ ਮਾਰ ਲਿਆ। ਸਿਰ ਉਨ੍ਹਾਂ ਪਹਿਲਾਂ ਹੀ ਲਪੇਟੇ ਹੋਏ ਸਨ। ਇਸ ਤੋਂ ਕੁਝ ਵੀ ਨਹੀਂ ਪਛਾਣ ਹੁੰਦਾ ਸੀ ਕਿ ਉਹ ਕਿਸ ਕੌਮ ਦੇ ਸਨ, ਕਿਸ ਧਰਮ ਦੇ ਸਨ… ਉਨ੍ਹਾਂ ਦਾ ਕਿਹੜਾ ਰੱਬ ਸੀ। ਬੱਸ ਤੋਂ ਹੇਠਾਂ ਉਤਰ ਕੇ ਉਨ੍ਹਾਂ ਇਕੱਠੇ ਹੀ ਲਲਕਾਰਾ ਮਾਰਿਆ ਸੀ- ‘ਸਾਰੇ ਰੋਡੇ ਹੇਠਾਂ ਆ ਜਾਓ ਉਏ… …’
ਦੇਖਦਿਆਂ ਹੀ ਦੇਖਦਿਆਂ ਉਨ੍ਹਾਂ ਬੱਸ ਦਾ ਇੱਕ ਅਗਲਾ ਤੇ ਇੱਕ ਪਿਛਲਾ ਟਾਇਰ ਗੋਲੀਆਂ ਨਾਲ ਵਿੰਨ੍ਹ ਦਿੱਤੇ। ਬੱਸ ਅੰਦਰ ਇੱਕੋ ਸਾਹੇ ਚੀਕਾਂ ਵੱਜਣ ਲੱਗੀਆਂ… ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ… ਇਹ ਕੀ ਭਾਣਾ ਵਰਤ ਗਿਆ…? ਬਸ ਅੰਦਰ ਦੋ-ਚਾਰ ਜਨਾਨਾ ਸਵਾਰੀਆਂ ਤੇ ਤਿੰਨ ਚਾਰ ਹਲਕੀ ਉਮਰ ਦੇ ਬੱਚੇ ਸਹਿਮ ਦੇ ਰੌਂਅ ਵਿੱਚ ਸੀਟਾਂ ਹੇਠ ਵੜਨ ਦੀ ਕੋਸ਼ਿਸ਼ ਕਰਨ ਲੱਗੇ।
ਉਨ੍ਹਾਂ ਦੇ ਦੋ-ਤਿੰਨ ਵਾਰ ਲਲਕਾਰੇ ਮਾਰਨ ’ਤੇ ਵੀ ਕੋਈ ਹੇਠਾਂ ਨਾ ਉਤਰਿਆ… ਮੂਹਰਲੇ ਪਾਸੇ ਉਤਰੇ ਦੋ ਜਣਿਆਂ ਵਿੱਚੋਂ ਇੱਕ ਵਾਹੋਦਾਹੀ ਅੰਦਰ ਆ ਵੜਿਆ ਤੇ ਉਸ ਚੁਣ-ਚੁਣ ਕੇ ਬੰਦੇ ਹੇਠਾਂ ਉਤਾਰਨੇ ਸ਼ੁਰੂ ਕਰ ਦਿੱਤੇ… ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਉਹ ਇਵੇਂ ਬਕ ਰਹੇ ਸਨ ਜਿਵੇਂ ਉਹ ਕਿਸੇ ਮਾਂ ਦੇ ਪੇਟੋਂ ਨਾ ਜੰਮੇ ਹੋਣ…।
ਦੇਖਦਿਆਂ ਹੀ ਦੇਖਦਿਆਂ ਚੌਦਾਂ ਰੋਡੇ ਕਤਾਰ ਵਿਚ ਖੜ੍ਹੇ ਕਰ ਦਿੱਤੇ। ਹਰਬੰਸ ਦੇ ਅੰਦਰ ਭੈਅ ਦੀਆਂ ਤਹਿਆਂ ਨੇ ਇਉਂ ਸਿਰ ਚੁੱਕਿਆ ਕਿ ਉਸ ਦੀਆਂ ਅੱਖਾਂ ਸਾਹਮਣੇ ਆਪ ਬਾਪ ਨਿਸ਼ਾਨ ਵੱਲੋਂ ਅੱਖਾਂ ਭਰ ਭਰ ਬਿਆਨ ਕੀਤੀਆਂ ਅਣਹੋਈਆਂ ਇੱਕ ਇੱਕ ਕਰ ਕੇ ਰੀਲ ਵਾਂਗੂੰ ਘੁੰਮ ਗਈਆਂ… ਨਿਸ਼ਾਨ ਅਕਸਰ ਹੀ ਉਹ ਵਾਕਿਆਤ ਛੋਹ ਲੈਂਦਾ… ਬੰਸਿਆ… ਇਉਂ ਥੋੜ੍ਹਾ ਸੀ ਉੱਥੇ ਸਾਡੇ ਘਰਾਂ ’ਚ… ਨਿਸ਼ਾਨ ਹੋਇਆ ਕਿ ਅਹਿਮਦ ਹੋਇਆ… ਛੇ-ਸੱਤ ਘਰ ਹੁੰਦੇ ਸੀ ਪੂਰੇ ਮੁਹੱਲੇ ਵਿੱਚ… ਸਭਨਾਂ ਨੂੰ ਇੱਕ-ਦੂਜੇ ਦੇ ਚੁੱਲ੍ਹੇ ਦਾ
ਪਤਾ ਹੁੰਦਾ ਸੀ… ਮੂੜ੍ਹੇ-ਦਰੀਆਂ ਦੀ ਕੋਈ ਵੰਡ ਥੋੜ੍ਹਾ ਸੀ ਪਾਈ ਹੋਈ ਕਿਸੇ ਨੇ… ਤੇਰੀ ਮਾਂ ਨੂੰ ਨਿਆਣੇ ਐਨੇ ਚੰਗੇ ਲੱਗਦੇ ਸਨ ਕਿ ਪੂਰੇ ਮੁਹੱਲੇਦਾਰਾਂ ਦਿਆਂ ਨੂੰ ਨਹਾਉਣਾ-ਧਵਾਉਣਾ ਕਰ ਦਿੰਦੀ ਸੀ… ਸਾਗ ਦੀ ਤੌੜੀ ਇੱਕ ਚੁੱਲ੍ਹੇ ’ਤੇ ਹੀ ਚੜ੍ਹਦੀ… ਜੇ ਕੜਾਹ ਖੀਰ ਪੱਕਦੇ ਤਾਂ ਉਹ ਵੀ ਕਿਸੇ ਇੱਕ ਚੁੱਲ੍ਹੇ ’ਤੇ… ਨਾ ਕੋਈ ਦਵਾਲੀ ਦਾ ਝੇੜਾ ਤੇ ਨਾ ਈਦ ਦਾ… ਹੋਲੀ ਵੀ
ਸਾਂਝੀ… ਲੋਹੜੀ ਵੀ ਸਾਂਝੀ… ਬੱਸ ਡੰਗ ਈ ਲਿਆ ਲੋਕਾਂ ਦੀਆਂ ਖੁਸ਼ੀਆਂ ਨੂੰ ਚੰਦਰਿਆਂ ਦੀ ਨਿਮਾਣੀ ਜਿਹੀ ਭੁੱਖ ਨੇ… ਲਾਲਚ ਕਦੇ ਰੱਜਣ ਈ ਨਹੀਂ ਦਿੰਦਾ ਲੋਭੀਆਂ ਨੂੰ… ਉੱਧਰੋਂ ਉੱਜੜ ਕੇ ਆਇਆਂ ਨੂੰ ਇੱਧਰ ਆ ਕੇ ਵੀ ਨਹੀਂ ਟਿਕਾਅ… ਹੁਣ ਰੋਡਿਆਂ ਤੇ ਕੇਸਧਾਰੀਆਂ ਦਾ ਝੇੜਾ ਛੇੜੀ ਬੈਠੇ ਨੇ… ਇਨ੍ਹਾਂ ਦਾ ਰਾਮ ਸਾਂਝਾ… ਸਤਿਗੁਰ ਸਾਂਝਾ… ਸਮਝ ਨ੍ਹੀਂ ਲੱਗਦੀ… ਤਰੇੜ ਕਿਹੜੀ ਆ? … ਕੀ ਚਾਹੁੰਦੇ ਨੇ ਇਹ…? ਆਪੋ ਵਿੱਚ ਰਿਸ਼ਤੇਦਾਰੀਆਂ… ਗੁਰਦਵਾਰੇ ਜਾਂਦਿਆਂ ਦੀ ਧੀ ਸਨਾਤਨੀਆਂ ਦੇ ਘਰ ਵਸਦੀ ਆ… ਤੇ
ਸਨਾਤਨੀਆਂ ਦੀ ਧੀ ਸਰਦਾਰਾਂ ਦੇ ਘਰ ਦੀ ਸ਼ਾਨ ਬਣਦੀ ਆ… ਬੰਸਿਆ… ਤੇਰੀ ਮਾਂ… ਨੰਦ ਕੁਰ… ਤੂੰ ਆਪੇ ਸਮਝ… ਇਹ ਤਾਂ ਬਸ … ਦਿਆਂ ਦੀ ਚੌਧਰ ਦੀ ਭੁੱਖ… ਸੱਤਾ ਦਾ ਲਾਲਚ ਘਾਣ ਕਰੀ ਜਾਂਦਾ ਅਸਾਂ ਲੋਕਾਂ ਦਾ…।
ਹਰਬੰਸ ਦੇ ਮੂਹਰੇ ਬਾਪੂ ਨਿਸ਼ਾਨ ਦੇ ਸ਼ਬਦ ਸੱਚ ਹੋਣ ਜਾ ਰਹੇ ਸਨ… ਉਸ ਦੀਆਂ ਅੱਖਾਂ ਮੂਹਰੇ ਰੀਲ ਘੁੰਮ ਗਈ…
ਬੇਅੰਤ-ਪਿਉ ਮੋਇਆ
ਹਰਦੇਈ-ਸਿਰੋਂ ਨੰਗੀ
ਨਿਸ਼ਾਨ-ਸੱਜੀ ਬਾਂਹ ਭੱਜਾ
ਗੋਲੀ ਨੇ ਉਸ ਦੀ ਛਾਤੀ ’ਤੇ ਵੀ ਦਸਤਕ ਦੇ ਦਿੱਤੀ ਤੇ ਉਹ ਵੀ ਢੇਰੀ ਹੋ ਗਿਆ… ਕਿਸੇ ਰਾਜ ਦੀ ਸਥਾਪਨਾ ਲਈ ਪਾਏ ਜਾ ਰਹੇ ਬੀਮ ਦਾ ਸਰੀਆ ਬਣਨ ਲਈ…।
* * *
ਨਜ਼ਾਮ ਮਲਕ ਲੋਥਾਂ ਫਰੋਲ ਰਿਹਾ ਸੀ।
ਨਿਸ਼ਾਨ ਵੀ ਡੱਕਰੇ ਡੱਕਰੇ ਹੋਈਆਂ ਲਾਸ਼ਾਂ ’ਚੋਂ ਬੇਅੰਤ ਨੂੰ ਲੱਭ ਰਿਹਾ ਸੀ। ਓ ਸਾਈਆਂ… ਕੀ ਵਿਗਾੜ ਦਿੱਤਾ ਸੀ ਉਏ ਬੇਅੰਤ ਨੇ… ਮੇਰੇ ਲਾਲ ਦੇ ਲਾਲ ਨੇ… ਮੇਰੀ ਬੁੱਢੇ ਦੀ ਡੰਗੋਰੀ ਨੇ… ਉਏ… ਤੇਰੇ ਦਰਬਾਰ ’ਤੇ ਵੀ ਕੁਰਸੀਆਂ ਦੀ ਵੰਡ ਦਾ ਜਸ਼ਨ ਮਨਾ ਹੋ ਗਿਆ… ਉਏ ਸ਼ਾਂਤੀ ਪਾਠ ਕਰਨ ਵਾਲਿਓ… ਕਦੋਂ ਤੁਹਾਡੇ ਸ਼ਾਂਤੀ ਪਾਠਾਂ ਨੂੰ ਬੂਰ ਪੈਣਗੇ…? ਜਦੋਂ ਸਾਡੇ ਘਰ ਤਬਾਹ ਹੋ ਜਾਣਗੇ…? ਓ … … ਭਾਣੇ ਵਰਤ ਚੁੱਕਣ ਤੋਂ ਬਾਅਦ ਹੀ ਤੁਹਾਨੂੰ ਸ਼ਾਂਤੀ ਪਾਠ ਯਾਦ ਆਉਂਦੇ… ਕਿੱਦਾਂ ਦੇ ਦਲਾਸੇ ਦਿੰਦੇ ਹੋ ਉਏ ਤੁਸੀਂ…।
ਲੋਥਾਂ ਦਾ ਢੇਰ ਹੋ ਚੁੱਕੀ ਭੀੜ ’ਚੋਂ ਬੇਅੰਤ ਦਾ ਖੁਰਾ-ਖੋਜ ਨਹੀਂ ਲੱਭਾ। ਨਜ਼ਾਮ ਮਲਕ ਦਾ ਪੁੱਤਰ ਹੁਸੈਨ ਵੀ ਮਜ਼ਾਰ ’ਤੇ ਡਿਊਟੀ ਦਿੰਦਾ ਦਿੰਦਾ ਨਾਮਾਲੂਮ ਕਿੱਥੇ ਡਿਊਟੀ ਦੇਣ ਚਲਾ ਗਿਆ।
ਦੋ ਦਿਨਾਂ ਵਿਚ ਹੀ ਚੀਥੜੇ ਉੱਡੀਆਂ ਅਣਪਛਾਤੀਆਂ ਦੇਹਾਂ ਉੱਥੇ ਨਹੀਂ ਸਨ। ਉਸ ਪਾਸੇ ਰਹਿੰਦੇ ਲੋਕਾਂ ਨੇ ਦੱਸਿਆ ਸੀ… ਪੁਲੀਸ ਗੱਡੀਆਂ ਭਰ ਕੇ ਲੈ ਗਈ ਸੀ… ਵੱਢੀਆਂ ਟੁੱਕੀਆਂ ਲੋਥਾਂ ਦੀਆਂ… ਲਹੂ-ਲੁਹਾਨ ਹੋਏ ਸਰੀਰਾਂ ਦੀਆਂ… ਮਜ਼ਾਰ ਦਾ ਚੌਗਿਰਦਾ ਸਾਫ਼ ਸੀ… ਮੇਲੇ ਵਾਲੇ ਮੈਦਾਨ ਵਿੱਚ ਵੀ ਕੁਝ ਵਾਪਰਿਆ ਨਹੀਂ ਦਿਸ ਰਿਹਾ ਸੀ।
ਸਿਰਫ਼ ਨਜ਼ਾਮ ਮਲਕ ਦੇ ਘਰ ਕੁਝ ਹੋਇਆ ਸੀ…
ਨਿਸ਼ਾਨ ਦਾ ਵਿਹੜਾ ਸੁੰਨਾ ਹੋਇਆ ਸੀ…
ਦਸ ਮੀਲ ਦੂਰ ਵਗਦਾ ਦਰਿਆ ਭਰ ਗਿਆ ਸੀ… ਖ਼ੁਸ਼ ਹੋ ਰਿਹਾ ਸੀ ਲਾਸ਼ਾਂ ਨਾਲ ਆਪਣਾ ਢਿੱਡ ਭਰ ਕੇ… ਸ਼ਾਇਦ ਦੁਆਵਾਂ ਵੀ ਦੇ ਰਿਹਾ ਹੋਵੇ ਆਪਣੀ ਖ਼ੈਰ ਖਵਾਹ ਪੁਲੀਸ ਨੂੰ…।
ਅਖ਼ਬਾਰਾਂ ਨੇ ਦੱਸ ਪਾਈ ਸੀ ਸ਼ਾਇਦ ਹਜ਼ਾਰ ਕੁ ਲੋਕ ਇਸ ਮੇਲੇ ਵਿੱਚ ਮਾਰੇ ਗਏ ਸਨ… ਕੁਝ ਜ਼ਖ਼ਮੀ ਹੋਏ ਹਸਪਤਾਲਾਂ ਵਿੱਚ ਇਲਾਜ ਲਈ ਪੁੱਜ ਗਏ ਸਨ। ਵਿਸਫੋਟ ਦਾ ਕਾਰਨ ਹਿੰਦੂ-ਮੁਸਲਿਮ ਬੇਇਤਫ਼ਾਕੀ ਲਿਖੀ ਗਈ।
ਨਜ਼ਾਮ ਮਲਕ ਅਖ਼ਬਾਰ ਪੜ੍ਹ ਰਿਹਾ ਸੀ ਤੇ ਸੋਚ ਰਿਹਾ ਸੀ… ਬੇਇਤਫ਼ਾਕੀ ਮਜ਼ਾਰ ’ਤੇ ਚਿਰਾਗ਼ ਬਾਲਣ ਗਏ ਲੋਕਾਂ ਵਿੱਚ ਕਿਵੇਂ ਹੋ ਸਕਦੀ ਏ… ਪੀਰ ਬਾਬਾ ਤਾਂ ਸਾਰਿਆਂ ਦਾ ਸਾਂਝਾ… ਸਾਰੇ ਈ ਤਾਂ ਰਲ ਮਿਲ ਕੇ ਉੱਥੇ ਆਏ ਸਨ… ਗਮਗੀਨ ਹੋਏ ਨੇ ਆਪ-ਮੁਹਾਰੇ ਇਹ ਵੀ ਦੁਹਰਾਇਆ ਸੀ… ਵੈਸੇ ਤਾਂ ਇਹ ਮਜ਼ਾਰ ਬਣਾਈ ਵੀ ਇੱਕ ਪੰਡਤ ਨੇ ਦੱਸੀ ਜਾਂਦੀ… ਆਮ ਲੋਕ ਵੱਢ-ਟੁੱਕ… ਗੋਲੀ ਬਾਰੀ… ਬੰਬ ਬਾਜ਼ੀ ਇਵੇਂ ਨਹੀਂ ਕਰ ਸਕਦੇ… ਮਾਜਰਾ ਕੁਝ ਹੋਰ ਹੀ ਏ…।
ਵਾਰ ਵਾਰ ਦੰਦਲ ਪੈਣ ਕਾਰਨ ਦੁਖੀ ਹੋਈ ਆਪਣੀ ਬੇਗ਼ਮ ਨੂੰ ਵੀ ਦਿਲਾਸੇ ਦੇ ਰਿਹਾ ਸੀ ਤੇ ਹਾਲਾਤ ’ਤੇ ਵਿਚਾਰ ਵੀ ਕਰ ਰਿਹਾ ਸੀ।
* * *
ਨਜ਼ਾਮ ਮਲਕ ਇਸ ਵੇਲੇ ਸੱਤਰਾਂ ਨੂੰ ਢੁੱਕ ਰਿਹਾ ਸੀ… ਉਹ ਪਿਛਲੇ ਪੱਚੀ ਵਰ੍ਹਿਆਂ ਤੋਂ ਇਹ ਕੰਮ ਕਰ ਰਿਹਾ ਸੀ… ਪਰ ਇਹ ਉਸਦਾ ਪੇਸ਼ਾ ਨਹੀਂ ਸੀ। ਉਸਦਾ ਪੇਸ਼ਾ ਸਬਜ਼ੀ ਦੀ ਰੇਹੜੀ ਲਾਉਣਾ ਸੀ… ਸਵੇਰੇ ਸਵੇਰੇ ਮੰਡੀ ’ਚੋਂ ਮਾਲ ਲੈ ਕੇ ਉਹ ਆਪਣੇ ਇਲਾਕੇ ਵਿੱਚ ਹੋਕਾ ਦਿੰਦਾ… ਉਸਦੇ ਪੱਕੇ ਗਾਹਕ ਸਨ… ਕੋਈ ਹੋਰ ਵੀ ਕਿਉਂ ਨਾ ਲੰਘੇ ਉੱਧਰੋਂ ਹੋਕਾ ਦਿੰਦਾ ਹੋਇਆ… ਪਰ ਉਸ ਮੁਹੱਲੇ ਵਾਲਿਆਂ ਨੇ ਨਜ਼ਾਮ ਮਲਕ ਤੋਂ ਹੀ ਸਬਜ਼ੀ ਲੈਣੀ ਹੁੰਦੀ… ਉਧਾਰ-ਸੁਧਾਰ ਵੀ ਉਹ ਕਰ ਲੈਂਦਾ ਸੀ… ਪਰ ਕੋਈ ਵੀ ਉਸਦਾ ਵਿਸ਼ਵਾਸ ਨਹੀਂ ਤੋੜਦੀ ਸੀ… ਤੋਲ ਦਾ ਬੜਾ ਇਮਾਨਦਾਰ ਸੀ ਨਾ ਉਹ… ਕੰਡੀ ਮਾਰਨ ਨੂੰ ਉਹ ਹਰਾਮ ਕਹਿੰਦਾ ਸੀ… ਉਹਦੀਆਂ ਖਰੀਦਦਾਰਾਂ ਨੂੰ ਵੀ ਪਤਾ ਸੀ…ਨਜ਼ਾਮ ਮਲਕ ਦਾ ਕੋਈ ਬਹੁਤਾ ਟੱਬਰ ਨਹੀਂ… ਬਸ ਇੱਕ ਪੁੱਤਰ ਤੇ ਦੋਹਾਂ ਨੂੰ ਪਕਾ ਦੇ ਖਵਾਉਣ ਵਾਲੀ ਉਸਦੀ ਬੇਗ਼ਮ…।
ਕਈ ਵਾਰ ਉਹ ਸਬਜ਼ੀ ਖਰੀਦਦੀਆਂ ਬੀਬੀਆਂ-ਭੈਣਾਂ ਨੂੰ ਉਸ ਮੰਜ਼ਰ ਬਾਰੇ ਦੱਸਣ ਲੱਗ ਜਾਂਦਾ… ਉਹਨੂੰ ਪਤਾ ਈ ਨਹੀਂ… ਉਸਦਾ ਪੁੱਤਰ ਕਿੱਥੇ ਦਫ਼ਨ ਕੀਤਾ ਗਿਆ…ਉਹ ਉਸਦੀ ਲੋਥ ਦੇਖ ਹੀ ਨਹੀਂ ਸਕਿਆ ਸੀ… ਉਸ ਖੂਨੀ ਹਨ੍ਹੇਰੀ ਦੇ ਝੁੱਲਣ ਤੋਂ ਹਫ਼ਤੇ ਕੁ ਬਾਅਦ ਪੁਲੀਸ ਕੁਝ ਕੱਪੜੇ ਲਿਆਈ ਸੀ ਉਸ ਨੂੰ ਦੇਣ ਲਈ… ਪਰ ਇਹ ਉਸ ਦੇ ਪੁੱਤਰ ਦੇ ਕੱਪੜੇ ਨਹੀਂ ਸਨ।
ਇੱਕ ਦਿਨ ਉਸ ਆਪਣੇ ਚੇਤਿਆਂ ’ਚੋਂ ਇੱਕ ਘਟਨਾ ਦਾ ਖੁਲਾਸਾ ਕੀਤਾ… ਮੈਂ ਤੇ ਬੇਗ਼ਮ ਕਿੱਧਰੇ ਜਾ ਰਹੇ ਸਾਂ… ਬਸ ਦਰਿਆ ਦੇ ਪੁਲ ’ਤੇ ਹਜੇ ਚੜ੍ਹੇ ਹੀ ਸੀ ਕਿ ਕੀ ਵੇਖਦੇ ਆਂ… ਇੱਕ ਪੁਲਸ ਮੁਲਾਜ਼ਮ ਦਰਿਆ ਵਿੱਚ ਕੋਈ ਲੋਥ ਸੁੱਟ ਰਿਹਾ ਸੀ… ਚਿੱਟੇ ਕੱਪੜੇ ਵਿੱਚ ਲਪੇਟੀ ਹੋਈ… ਤਿੰਨ ਜਗ੍ਹਾ ਤੋਂ ਬੰਨ੍ਹੀ ਹੋਈ… ਪਹਿਲਾਂ ਤਾਂ ਮੈਨੂੰ ਯਕੀਨ ਹੀ ਨਾ ਆਵੇ ਬਈ ਦਿਨ ਦੀਵੀਂ ਇਹ ਕਿਵੇਂ ਹੋ ਸਕਦਾ…ਪਰ ਸੋਚਿਆ… ਸਰਕਾਰੇ ਦਰਬਾਰੇ ਅਣਹੋਣੀਆਂ ਹੋਣੀਆਂ ਹੀ ਹੋ ਕੇ ਢੁੱਕ ਰਹੀਆਂ ਨੇ…ਤੇ ਫੇਰ ਇਹ ਤਾਂ ਕੋਈ ਵੱਡੀ ਗੱਲ ਨਈਂ… ਉਹ ਕਿਉਂ ਲੁਕ ਕੇ ਕਰਨਗੇ ਇਹੋ ਜੇ ਕੰਮ… ਵਰਤਾਰਾ ਸਮਝਦਿਆਂ ਯਕੀਨ ਹੋ ਹੀ ਗਿਆ ਸੀ ਮੈਨੂੰ ਆਪਣੀਆਂ ਅੱਖਾਂ ’ਤੇ… ਮੈਂ ਆਪਣੇ ਵਿਚਾਰ ਦੀ ਹਾਮੀ ਆਪ ਹੀ ਭਰ ਦਿੱਤੀ ਸੀ… ਮੇਰੇ ਲੂੰ-ਕੰਡੇ ਖੜ੍ਹੇ ਹੋ ਗਏ… ਮੇਰਾ ਹੁਸੈਨ ਵੀ ਦਰਿਆ ਵਿੱਚ ਸੁੱਟ ਦਿੱਤਾ ਹੋਣਾ… ਹੋਰ ਵੀ ਪਤਾ ਨਈਂ ਕਿੰਨੇ ਕੁ ਹੁਸੈਨ ਜਲ ਦੇਵਤਾ ਨੂੰ ਸੌਂਪ ਦਿੱਤੇ ਹੋਣ ਇਨ੍ਹਾਂ… ਮੇਰਾ ਵਿਸ਼ਵਾਸ ਪੱਕਾ ਹੋ ਗਿਆ… ਮੇਰੇ ਹੁਸੈਨ ਨੂੰ ਮਿੱਟੀ ਨਹੀਂ ਮਿਲੀ… ਹੋਰਨਾਂ ਵਾਂਗ ਉਹ ਵੀ ਜਲ ਦੇਵਤਾ ਦੀ ਭੇਟਾ ਚਾੜ੍ਹ ਦਿੱਤਾ ਗਿਆ ਹੋਣਾ… ਉਸ ਦਿਨ ਤੋਂ ਹੀ ਮੈਂ ਤਹੱਈਆ ਕਰ ਲਿਆ ਸੀ ਅਣਪਛਾਤੀਆਂ ਤੇ ਲਾਵਾਰਿਸ ਮ੍ਰਿਤਕ ਦੇਹਾਂ ਦਾ ਵਲੀ-ਵਾਰਸ ਬਣਾਂਗਾ… ਮੈਂ ਉਨ੍ਹਾਂ ਦਾ ਦਾਹ ਸੰਸਕਾਰ ਕਰਾਂਗਾ… ਮੈਂ ਉਨ੍ਹਾਂ ਨੂੰ ਮਿੱਟੀ ਦਿਆਂਗਾ…।
* * *
ਇਹ ਫ਼ੈਸਲਾ ਕੋਈ ਐਵੀਂ ਨਹੀਂ ਸੀ ਲੈ ਹੋ ਗਿਆ। ਇਹ ਜਿਸ ਤਨ ਲੱਗੇ ਸੋਈ ਤਨ ਜਾਣੇ ਦਾ ਉਬਾਲ ਸੀ… ਲਗਾਤਾਰ ਉਬਲਦਾ ਹੋਇਆ… ਕਦੇ ਮੱਠਾ ਨਾ ਪੈਂਦਾ ਹੋਇਆ…।
ਇਹ ਉਬਾਲ ਅੱਗ ਵਿੱਚ ਵੀ ਤਾਂ ਨਹੀਂ ਸੀ ਪੈ ਰਿਹਾ… ਬਸ ਉਬਲਦਾ ਹੀ ਜਾ ਰਿਹਾ ਸੀ… ਕੜਾਹੇ ਅੰਦਰ ਉਬਲਦੇ ਤੇਲ ਵਾਂਗ… ਗੁਰੂਆਂ-ਪੀਰਾਂ… ਦੇਵੀ ਦੇਵਤਿਆਂ ਦੀ ਇਸ ਧਰਤ ’ਤੇ ਲਾਸ਼ਾਂ ਦੇ ਢੇਰ ਕੋਈ ਇੱਕ ਦਿਨ ਲੱਗ ਕੇ ਬੱਸ ਥੋੜ੍ਹੀ ਹੋ ਜਾਂਦੀ ਏ… ਅੱਜਕੱਲ੍ਹ ਤਾਂ ਹਰ ਘਰ ਮਿੰਟੋ-ਮਿੰਟੀ ਸੱਥਰ ਵਿੱਛ ਜਾਂਦੇ ਨੇ… ਘਰ ਮੁਸਲਮਾਨ ਦਾ ਹੋਵੇ ਜਾਂ ਘਰ ਹਿੰਦੂ ਦਾ ਹੋਵੇ… ਮਨੁੱਖ ਦੇ ਅੰਦਰ ਇੱਕ ਵਿਅਕਤੀਗਤ ਦੁਸ਼ਮਣ… ਵਿਅਕਤੀ ਦੇ ਚੁਫ਼ੇਰੇ ਬਾਹਰਲੇ ਦੁਸ਼ਮਣ… ਸੋਚਦਾ ਸੋਚਦਾ ਨਜ਼ਾਮ ਮਲਕ ਆਪਮੁਹਾਰੇ ਪਿਆਜ਼ ਦੇ ਛਿੱਲੜ ਉਧੇੜਦਾ ਰਹਿੰਦਾ। ਕਦੇ ਉਹ ਸੋਚਦਾ ਕਾਮ ਅਤੇ ਕ੍ਰੋਧ ਇੱਕਜੁੱਟ… ਲੋਭ ਦੂਜੀ ਧਿਰ… ਇਸ ਲੋਭ ਨੇ ਘਰ ਪੱਟ ਕੇ ਰੱਖ ਦਿੱਤੇ… ਹਰ ਵਕਤ ਦੀ ਹਫੜਾ-ਦਫੜੀ… ਅੱਗੇ ਤੋਂ ਅੱਗੇ ਭੱਜਣ ਦੀ ਹੋੜ… ਪਤਾ ਵੀ ਹੈਗਾ… ਨਾਲ ਕੁਝ ਨਈਂ ਜਾਣਾ… ਫੇਰ ਵੀ ਘਰ ਭਰਨਾ… ਤਿਜੋਰੀਆਂ ਭਰਨੀਆਂ… ਸਭ ਤੋਂ ਮਾੜੀ ਭੁੱਖ ਸਰਦਾਰੀ ਦੀ… ਸੱਤਾ ਦੀ…। ਹੁਸੈਨ ਦੇ ਟੁਰ ਜਾਣ ਕਾਰਨ ਨਜ਼ਾਮ ਮਲਕ ਉਦਰੇਵੇਂ ਭਰੀ ਸਿਆਣਪ ਦੀ ਗੁਥਲੀ ਬਣ ਗਿਆ ਸੀ।
ਬੀਬੀ ਤਾਹਿਰਾ ਨੂੰ ਕਦ ਚੈਨ ਪਿਆ ਸੀ… ਉਦੋਂ ਦਾ ਹੀ ਜਦੋਂ ਦਾ ਉਸਦਾ ਸਰਵਣ ਪੁੱਤਰ ਹੁਸੈਨ ਅੱਖੋਂ ਉਹਲੇ ਹੋਇਆ… ਸਦਾ ਲਈ… ਉਸ ਦੀ ਛਾਤੀ ਦਾ ਉਬਾਲ ਥੰਮਿਆਂ ਨਹੀਂ ਸੀ ਥੰਮਦਾ… ਇਹ ਉਬਾਲ ਉਸਦੇ ਸਿਰ ਨੂੰ ਐਸਾ ਚੜ੍ਹਿਆ ਕਿ ਹੁਣ ਤੱਕ ਉਸ ਨੂੰ ਪੱਥਰ ਦੀ ਸਿੱਲ੍ਹ ਹੀ ਬਣਾ ਕੇ ਧਰ ਛੱਡਿਆ। ਇਸ ਸਦਮੇ ਤੋਂ ਬਾਹਰ ਆ ਪਾਉਣਾ ਉਸ ਲਈ ਅਸੰਭਵ ਹੋ ਗਿਆ… ਉੱਠਦੀ ਤਾਂ ਹੁਸੈਨ ਨੂੰ ਚਿਤਵਦੀ। ਸੌਂਦੀ ਤਾਂ ਹੁਸੈਨ ਦੇ ਸੁਫ਼ਨੇ ਵੇਖਦੀ। ਸੌਂ ਵੀ ਕਿਹੜਾ ਐਵੀਂ ਹੋ ਜਾਂਦਾ ਸੀ ਉਸ ਕੋਲੋਂ… ਡਾਕਟਰਾਂ ਨੇ ਉਸ ਨੂੰ ਗੋਲੀ ’ਤੇ ਲਾਇਆ ਤਾਂ ਜਾ ਕੇ ਕਿਧਰੇ ਦੋ ਘੜੀਆਂ ਟਿਕ ਜਾਂਦੀ… ਹੋਰ ਕੁਝ ਅਸਰ ਹੀ ਨਹੀਂ ਸੀ ਕਰਦਾ ਉਸ ’ਤੇ। ਨਜ਼ਾਮ ਮਲਕ ਥਾਲੀ ਮੂਹਰੇ ਧਰਦਾ ਤਾਂ ਉਹ ਨਿਵਾਲੇ ਧਰਤੀ ਦੇ ਮੂੰਹ ਵਿੱਚ ਪਾਉਂਦੀ… ਹੁਸੈਨ ਖਾ… ਖਾ ਲੈ… ਤੈਨੂੰ ਭੁੱਖ ਲੱਗੀ ਹੋਵੇਗੀ… ਜਿੱਥੇ ਜਾ ਬੈਠਾ ਏਂ… ਉੱਥੇ ਤੇਰੀ ਮਾਂ ਤਾਂ ਨਹੀਂ ਬੈਠੀ ਜਿਹੜੀ ਤੈਨੂੰ ਪਕਾ ਕੇ ਖਵਾਵੇਗੀ!
ਨਈਂ… ਬੱਚੜਿਆ… ਖਾ… ਛੇਤੀ ਕਰ… ਫੇਰ ਈ ਤੇ ਮੈਂ ਖਾਵਾਂ… ਉਹ ਧਰਤੀ ’ਤੇ ਹੱਥ ਫੇਰਦੀ ਰਹਿੰਦੀ। ਹੁਸੈਨ ਨੂੰ ਬੁਲਾਉਂਦੀ-ਪਰਚਾਉਂਦੀ ਰਹਿੰਦੀ… ਹੁਸੈਨ ਸੀ ਕਿ ਕੋਈ ਜਵਾਬ ਈ ਨਹੀਂ ਦਿੰਦਾ ਸੀ। ਕਦੇ ਕਦੇ ਉਹ ਉਸਦੇ ਕੱਪੜੇ ਕੱਢ ਲਿਆਉਂਦੀ… ਕਿੱਲੀਆਂ ’ਤੇ ਟੰਗ ਛੱਡਦੀ… ਮੰਜੀ ਦੇ ਪਾਵਿਆਂ ਨੂੰ ਪਵਾ ਦਿੰਦੀ… ਹੁਣ ਕਿੱਲੀਆਂ-ਪਾਵੇ ਉਸਦੇ ਹੁਸੈਨ ਸਨ।
ਇੱਕ ਦਿਨ ਤਾਂ ਹੱਦ ਹੀ ਹੋ ਗਈ। ਨਜ਼ਾਮ ਮਲਿਕ ਸਬਜ਼ੀ ਦੀ ਫੇਰੀ ਲਾ ਕੇ ਮੁੜ ਆਇਆ ਸੀ। ਬੀਬੀ ਤਾਹਿਰਾ ਵੱਟਾ ਬਣੀ ਮੰਜੀ ’ਤੇ ਉਵੇਂ ਹੀ ਪਈ ਸੀ ਜਿਵੇਂ ਉਹ ਉਸ ਨੂੰ ਛੱਡ ਕੇ ਗਿਆ ਸੀ। ਆ ਕੇ ਉਸ ਨੂੰ ਤਿਆਰ ਕੀਤਾ… ਉਸਦੀ ਕੰਘੀ ਪੱਟੀ ਸਵਾਰੀ… ਜਿੰਨਾ ਕੁ ਉਸ ਖਾਧਾ, ਖਵਾ ਦਿੱਤਾ ਤੇ ਆਪ ਵੀ ਮਾੜਾ-ਮੋਟਾ ਝੁਲਸ ਕੇ ਅੱਜ ਦੀ ਵੱਟਕ ਦਾ ਹਿਸਾਬ ਕਰਨ ਬੈਠ ਗਿਆ। ਗੁਆਂਢ-ਮੱਥਾ ਚੰਗਾ ਸੀ। ਜਦੋਂ ਉਹ ਫੇਰੀ ਲਾਉਣ ਗਿਆ ਹੁੰਦਾ ਤਾਂ ਉਹ ਬੀਬੀ ਦਾ ਖ਼ਿਆਲ ਰੱਖ ਲੈਂਦੇ ਸਨ। ਪਰ ਇਸ ਇੱਕ ਦਿਨ ਗੁਆਂਢੀਆਂ ਕੋਲੋਂ ਵੀ ਉਹ ਸਾਂਭ ਨਾ ਹੋਈ… ਬੇਤਹਾਸ਼ਾ ਬੂਹੇ ਭੰਨੀ ਜਾਵੇ… ਆਪਣੇ ਢਿੱਡ ’ਤੇ ਮੁੱਕੇ ਮਾਰ ਮਾਰ ਉਹ ਹਫਦੀ ਹਫਦੀ ਡਿੱਗ ਪਈ… ਮੇਰੀ ਅੋਜਰੀ ਸੜ ਗਈ… ਹੁਸੈਨ ਬੱਚੜਿਆ… ਮੇਰੀ ਅੋਜੜੀ ਸੜ ਗਈ…। ਉਸ ਦੀ ਹਾਲਤ ਦੇਖਦਿਆਂ ਨਾਲ ਦੇ ਘਰ ਰਹਿੰਦਾ ਸ਼ਾਹਬਾਜ਼ ਨਜ਼ਾਮ ਮਲਕ ਨੂੰ ਸੱਦ ਲਿਆਇਆ। ਉਸ ਨੂੰ ਉਸਦਾ ਏਰੀਆ ਪਤਾ ਸੀ। ਡਾਕਟਰ ਕੋਲ ਲੈ ਗਏ। ਡਾਕਟਰ ਨੇ ਉਸ ਨੂੰ ਪਹਿਲੋਂ ਤੋਂ ਦਿੰਦੇ ਦਵਾਈ ਦੀ ਡੋਜ਼ ਡਬਲ ਕਰ ਦਿੱਤੀ। ਬੀਬੀ ਤਾਹਿਰਾ ਦੀ ਦਵਾਈ ਦੀ ਡੋਜ਼ ਸਮਾਂ ਪਾ ਕੇ ਡਬਲ ਤੋਂ ਵੀ ਵਧ ਗਈ… ਕੁਰਸੀ ਦੇ ਲਾਲਚੀਆਂ ਦੇ ਲਾਲਚ ਵਾਂਗ…। ਬਸ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਉਹ ਪੁੱਜ ਗਈ ਸੀ ਹੁਸੈਨ ਕੋਲ। ਨਜ਼ਾਮ ਮਲਕ ’ਕੱਲਾ ਰਹਿ ਗਿਆ ਸੀ… ਘਰ ਅੰਦਰ। ਘਰੋਂ ਬਾਹਰ ਉਹ ਇਕੱਲਾ ਨਹੀਂ ਸੀ… ਉਸ ਨਾਲ ਉਡੀਕ ਸੀ… ਲਾਵਾਰਿਸ ਲਾਸ਼ਾਂ ਦੀ ਉਡੀਕ… ਹਸਪਤਾਲ ਵਾਲਿਆਂ ਦੇ ਸੱਦੇ ਦੀ ਉਡੀਕ… ਪੁਲੀਸ ਦੀ ਆਵਾਜ਼ ਦੀ ਉਡੀਕ।
ਦੌਰ ਤਾਂ ਚੱਲ ਹੀ ਰਿਹਾ ਸੀ… ਕਿੱਧਰੇ ਨਾ ਕਿੱਧਰੇ, ਕੋਈ ਨਾ ਕੋਈ ਲਾਵਾਰਿਸ ਲਾਸ਼ ਪੁਲੀਸ ਨੂੰ ਮਿਲਦੀ ਹੀ ਰਹਿੰਦੀ… ਬੇਰੁਜ਼ਗਾਰ ਲਾਸ਼… ਨਸ਼ਿਆਂ ਦੀ ਖਾਧੀ ਲਾਸ਼… ਦਵਾ-ਦਾਰੂ ਖੁਣੋਂ ਮਰ ਗਏ ਸਾਧਨਹੀਣਾਂ ਦੀ ਲਾਸ਼… ਜਿਉਂਦੇ ਜੀ ਹਸਪਤਾਲਾਂ ਵਿੱਚ ਰੁਲਦਿਆਂ ਦੀ ਲਾਸ਼… ਸੜਕਾਂ ’ਤੇ ਰੁਲਦੇ ਔਲਾਦ ਵੱਲੋਂ ਤਿਆਗੇ ਗਏ ਬੁੱਢੇ ਮਾਂ-ਬਾਪ ਦੀ ਲਾਸ਼… ਬੱਸ ਲਾਸ਼ਾਂ ਦੇ ਅੰਬਾਰ… ਕੋਈ ਵਲੀ-ਵਾਰਸ ਨਹੀਂ ਨਜ਼ਾਮ ਮਲਕ ਤੋਂ ਬਗੈਰ… ਕੋਈ ਦਿਨ ਸਾਵਾਂ ਨਾ ਜਾਂਦਾ ਜਿਸ ਦਿਨ ਉਹ ਚਿਖਾ ਨਾ ਬਾਲਦਾ ਜਾਂ ਕਬਰ ਨਾ ਪੱਟਦਾ। ਇਹ ਉਸਦੀ ਰੋਟੀ ਦਾ ਸਾਧਨ ਨਹੀਂ ਸੀ। ਇਹ ਉਸਦੀ ਜ਼ਮੀਰ ਦੀ ਭੁੱਖ ਮਿਟਾਉਣ ਦਾ ਸਾਧਨ ਸੀ। ਪੁੱਤਰ ਹੁਸੈਨ ਦਾ ਧਾਰਮਿਕ ਅਸਥਾਨ ਤੋਂ ਪਰਤ ਕੇ ਨਾ ਆਉਣ… ਉਸ ਨੂੰ ਮਰਿਆ ਸਮਝ ਲੈਣ ਦਾ ਤਸੱਵਰ ਝੇਲਣਾ… ਇਸੇ ਦੁੱਖ ਭਰੀ ਉਡੀਕ ਵਿੱਚ ਬੀਬੀ ਤਾਹਿਰਾ ਦਾ ਚਲ ਵਸਣਾ… ਕਿਵੇਂ ਜਰ ਗਿਆ ਸੀ ਉਹ… ਇਹ ਉਹੀ ਜਾਣਦਾ ਸੀ ਜਿਸ ਦਾ ਘਰ ਉੱਜੜ ਗਿਆ ਸੀ।
ਉਸ ਦਿਨ ਉਸਦੀ ਧਾਹ ਨੇ ਅੰਬਰ ਵੀ ਚੀਰ ਦਿੱਤਾ ਸੀ… ਉਸ ਨੂੰ ਖ਼ਬਰ ਮਿਲੀ ਸੀ… ਉਸਦੇ ਜਿਗਰ ਦਾ ਟੋਟਾ ਹੁਸੈਨ ਮਾਰਿਆ ਗਿਆ ਸੀ। ਦਿਲ ਦੀ ਟੀਸ ਉਸ ਵੇਲੇ ਹੋਰ ਵਧ ਗਈ ਸੀ ਜਦੋਂ ਉਸ ਸੋਚਿਆ ਸੀ- ਅੱਲ੍ਹਾ, ਮੈਂ ਆਪਣੇ ਪੁੱਤਰ ਦਾ ਅੰਤਮ ਵਾਰ ਮੂੰਹ ਵੀ ਨਾ ਵੇਖ ਸਕਿਆ… ਉਸ ਨੂੰ ਦਫ਼ਨ ਵੀ ਨਾ ਕਰ ਸਕਿਆ… ਸਾਈਆਂ… ਮੇਰਾ ਹੁਸੈਨ ਯਤੀਮ ਤਾਂ ਨਹੀਂ ਸੀ… ਲਾਵਾਰਿਸ ਸੀ ਉਹ ਕੋਈ…?
ਉਹ ਦਿਨ ਤੇ ਇਹ ਦਿਨ ਆ ਗਏ। ਉਸ ਕੋਈ ਲੋਥ ਲਾਵਾਰਿਸ ਨਾ ਰਹਿਣ ਦਿੱਤੀ।
ਉਹ ਆਪਣਾ ਤਹੱਈਆ ਪੂਰਾ ਕਰਦਾ। ਜਿੱਥੇ ਉਸ ਨੂੰ ਮੁਸਲਮਾਨ ਬਾਰੇ ਪਤਾ ਲੱਗਦਾ, ਉਹ ਕਬਰ ਪੁੱਟਦਾ… ਹਿੰਦੂ ਬਾਰੇ ਪਤਾ ਲੱਗਦਾ ਤਾਂ ਉਸ ਨੂੰ ਅਗਨ ਭੇਂਟ ਕਰਦਾ। ਹੁਣ ਉਸਦੇ ਸ਼ਹਿਰ ਵਿੱਚੋਂ ਕੋਈ ਵੀ ਅਣਪਛਾਤੀ ਲੋਥ ਦਰਿਆ ਵਿੱਚ ਨਹੀਂ ਸੁੱਟੀ ਜਾਂਦੀ ਸੀ।
ਸਾਰੀਆਂ ਲੋਥਾਂ ਉਸ ਨੂੰ ਹੁਸੈਨ ਜਾਪਦੀਆਂ ਸਨ… ਗ਼ਮ ਵਿਚ ਡੁੱਬੀਆਂ ਰਹਿ ਕੇ ਮੁੱਕ ਗਈਆਂ ਬੀਬੀ ਤਾਹਿਰਾ ਲੱਗਦੀਆਂ ਸਨ।
ਪੁਲੀਸ ਨੂੰ ਉਸਦੇ ਸਿਦਕ ਬਾਰੇ ਪਤਾ ਲੱਗ ਗਿਆ ਸੀ। ਮਿਉਂਸਿਪੈਲਿਟੀ ਦੇ ਸਫ਼ਾਈ ਵਿਭਾਗ ਦਾ ਅਫ਼ਸਰ ਵੀ ਨਜ਼ਾਮ ਮਲਕ ਦਾ ਨਾਂ ਬੜੇ ਆਦਰ ਨਾਲ ਲੈਂਦਾ।
ਪੁਲੀਸ ਆਪਣੇ ਹੱਥ ਲੱਗੀ ਕਿਸੇ ਵੀ ਲਾਸ਼ ਦਾ ਉਹ ਪੰਚਨਾਮਾ ਕਰਦੇ… ਅਖ਼ਬਾਰ ਵਿੱਚ ਖ਼ਬਰ ਦਿੰਦੇ… ਲਾਸ਼ ਦੀ ਫੋਟੋ ਵੀ ਛਪਵਾਉਂਦੇ ਤਾਂ ਜੋ ਉਸਦੀ ਸ਼ਨਾਖ਼ਤ ਹੋ ਸਕੇ, ਪਰ ਜਦੋਂ ਕੋਈ ਵੀ ਲਾਸ਼ ਲੈਣ ਨਾ ਆਉਂਦਾ ਤਾਂ ਲਾਸ਼ ਮਿਉਂਸਿਪੈਲਿਟੀ ਨੂੰ ਸੌਂਪ ਦਿੱਤੀ ਜਾਂਦੀ… ਉਹ ਨਜ਼ਾਮ ਮਲਕ ਨੂੰ ਆਵਾਜ਼ ਮਾਰਦੇ। ਜੇਕਰ ਕਿਸੇ ਦਿਨ ਇੱਕ ਤੋਂ ਵੱਧ ਲੋਥਾਂ ਉਸਦੇ ਨਜਿੱਠਣ ਵਾਲੀਆਂ ਹੋ ਜਾਂਦੀਆਂ ਤਾਂ ਉਹ ਕੁੰਦਨ ਨੂੰ ਹਾਕ ਮਾਰਦਾ। ਦੁਪਹਿਰ ਤੋਂ ਬਾਅਦ ਜਿਸ ਥਾਂ ’ਤੇ ਨਜ਼ਾਮ ਮਲਕ ਸਵੇਰ ਦੀ ਬਚੀ ਸਬਜ਼ੀ ਦੀ ਰੇਹੜੀ ਲਾਉਂਦਾ ਸੀ, ਕੁੰਦਨ ਦੀ ਝੁੱਗੀ ਉੱਥੋਂ ਨੇੜੇ ਹੀ ਸੀ। ਕਦੇ ਕਦੇ ਕੁੰਦਨ ਉਸਦੀ ਰੇਹੜੀ ’ਤੇ ਆ ਜਾਇਆ ਕਰਦਾ ਸੀ ਤੇ ਕੰਮ ਰੁਜ਼ਗਾਰ ਦੀਆਂ ਗੱਲਾਂ ਉਹ ਆਮ ਹੀ ਸਾਂਝੀਆਂ ਕਰਦੇ ਸਨ।
ਕੁੰਦਨ ਹੱਥ ਲੱਗਦਾ ਕੰਮਕਾਜ ਕਰ ਲੈਂਦਾ… ਕਦੇ ਕੋਈ ਤੇ ਕਦੇ ਕੋਈ… ਮਜ਼ਦੂਰ ਸੀ… ਮਜ਼ਦੂਰ ਤਾਂ ਕੋਈ ਵੀ ਕੰਮ ਕਰ ਹੀ ਲੈਂਦਾ ਏ ਢਿੱਡ ਖ਼ਾਤਰ। ਪਿੱਛੇ ਜਿਹੇ ਉਹ ਬੈਂਡ ਵਾਜੇ ਵਾਲਿਆਂ ਨਾਲ ਰਲ ਗਿਆ ਸੀ। ਬੈਂਡ ਦਾ ਮਾਲਿਕ ਉਸ ਨੂੰ ਦਿਹਾੜੀ ’ਤੇ ਲੈ ਜਾਂਦਾ ਛੈਣੇ ਵਜਾਉਣ ਲਈ… ਰਾਤ ਦਾ ਪ੍ਰੋਗਰਾਮ ਹੁੰਦਾ ਤਾਂ ਗੈਸ ਚੁੱਕ ਤੁਰਨ ਲਈ… ਵਾਰਨੇ ਇਕੱਠੇ ਕਰਨ ਲਈ… ਹੋਰ ਵੀ ਕਈ ਕੁਝ ਨਿੱਕ-ਸੁੱਕ। ਬੈਂਡ ਨਾਲ ਕੰਮ ਕਰਦਿਆਂ ਕੁੰਦਨ ਦੀ ਘਰਵਾਲੀ ਨੂੰ ਵੀ ਧੰਦਾ ਮਿਲ ਜਾਂਦਾ ਕਿਉਂ ਜੋ ਵਿਆਹ-ਸ਼ਾਦੀਆਂ ਵੇਲੇ ਕੁੰਦਨ ਦੀ ਪਛਾਣ ਹਲਵਾਈਆਂ ਨਾਲ ਹੋ ਗਈ ਸੀ। ਉਹ ਹੱਡੋਂ ਤਕੜੀ
ਸੀ… ਕੁਦਰਤੀ ਨਰੋਈ ਦਿਖ-ਪੱਖ ਵਾਲੀ… ਕੁੰਦਨ ਦੀ ਮਲਕਾ। ਉਸ ਨੂੰ ਭਾਂਡੇ ਮਾਂਜਣ ਦਾ ਕੰਮ ਮਿਲ ਜਾਂਦਾ। ਰੋਜ਼ ਦੇ ਪੈਸੇ ਦੋਹਾਂ ਨੂੰ ਮਿਲਦੇ ਹੀ… ਖਾਣ ਲਈ ਵੀ ਚੰਗਾ ਮਿਲਦਾ ਜਾਂਦਾ… ਤਲਿਆ ਫਲਿਆ ਸਮਾਨ ਤਾਂ ਉਹ ਕਈ ਕਈ ਦਿਨ ਖਾਂਦੇ ਰਹਿੰਦੇ।
ਕੋਵਿਡ ਦੀ ਮਾਰ ਨੇ ਵੱਡੇ-ਵੱਡੇ ਕਾਰ-ਵਿਉਪਾਰ ’ਤੇ ਅਸਰ ਕੀਤਾ। ਕੁੰਦਨ ਤਾਂ ਸੀ ਹੀ ਨਿੱਕੇ-ਮੋਟੇ ਕੰਮ ਧੰਦੇ ਕਰਨ ਵਾਲਾ। ਵਿਆਹ-ਸ਼ਾਦੀਆਂ ਦੇ ਵਿਹਾਰ ਵੀ ਸੀਮਤ ਹੋ ਗਏ। ਕੁੰਦਨ ਨੂੰ ਕੰਮ ਮਿਲਣਾ ਬੰਦ ਹੋ ਗਿਆ… ਉਜਰਤ ਦਾ ਸਾਧਨ ਜਾਂਦਾ ਲੱਗਾ…
ਗਰੀਬ ਕੋਲ ਜਮ੍ਹਾਂ-ਪੂੰਜੀ ਵੀ ਕਿੰਨੀ ਕੁ ਹੁੰਦੀ… ਨੰਗਾ ਕੀ ਖਾਊ ਤੇ ਕੀ ਨਚੋੜੂ… ਉਸਦੇ ਵਿਹਲਾ ਹੋਣ ਕਾਰਨ ਹੁਣ ਨਜ਼ਾਮ ਮਲਕ ਉਸ ਨੂੰ ਆਵਾਜ਼ ਮਾਰ ਲੈਂਦਾ ਸੀ।
ਕਰਦੇ-ਕਰਾਉਂਦੇ ਉਸ ਨੂੰ ਸ਼ਹਿਰ ਦੇ ਇੱਕ ਨਾਮੀ ਹਸਪਤਾਲ ਵਿੱਚ ਕੰਮ ਮਿਲ ਗਿਆ। ਇਸ ਹਸਪਤਾਲ ਅੰਦਰ ਕੋਵਿਡ-19 ਨਾਲ ਜੂਝਦੇ ਲੋਕਾਂ ਵਾਸਤੇ ਬਹੁਤ ਵੱਡਾ ਆਈਸੋਲੇਸ਼ਨ ਸੈਂਟਰ ਸਥਾਪਤ ਕੀਤਾ ਗਿਆ ਸੀ। ਸ਼ੱਕੀ ਮਰੀਜ਼ਾਂ ਨੂੰ ਉੱਥੇ ਲਿਆਇਆ ਜਾਂਦਾ… ਸਹਿਮ ਦੇ ਮਾਹੌਲ ਵਿੱਚ ਰਹਿੰਦੇ ਕਈ ਮਰੀਜ਼ ਆਪਣਾ ਮਾਨਸਿਕ ਤਵਾਜ਼ਨ ਗੁਆ ਬੈਠਦੇ। ਕੋਵਿਡ ਦੀ ਦਹਿਸ਼ਤ ਉਨ੍ਹਾਂ ਦੀ ਭੁੱਖ-ਤ੍ਰੇਹ ਮਾਰ ਛੱਡਦੀ… ਵਡੇਰੀ ਉਮਰ ਦੇ ਮਰੀਜ਼ਾਂ ਦੀ ਸਤਿਆ ਛੇਤੀ ਜਵਾਬ ਦੇ ਜਾਂਦੀ… ਨਰੋਈ ਕਾਠੀ ਦੇ ਮਰੀਜ਼ ਇਲਾਜ ਲਈ ਦੁਹਾਈਆਂ ਪਾਉਂਦੇ… ਪਰ ਕੋਈ ਉਨ੍ਹਾਂ ਦੀ ਸੁਣਦਾ ਨਾ… ਕਈ ਉਹ ਡਾਕਟਰ ਉਨ੍ਹਾਂ ਤੋਂ ਦੂਰ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਜਿਹੜੇ ਆਪਣੀ ਸੇਵਾ ਕਰਨ ਦੀ ਖਾਧੀ ਸੌਂਹ ਨੂੰ ਇੱਕ ਪਾਸੇ ਰੱਖ ਛੱਡਦੇ ਅਤੇ ਉਨ੍ਹਾਂ ਦੀ ਵਿਅਕਤੀਗਤ ਤੌਰ ’ਤੇ ਆਮ ਲੋਕ ਹੋਣ ਦੀ ਭਾਵਨਾ ਉਭਾਰ ਖਾ ਜਾਂਦੀ। ਕੋਵਿਡ ਇਨ੍ਹਾਂ ਜੇਲ੍ਹਾਂ ਨੂੰ ਕੀ ਮੰਨਦਾ… ਮਰੀਜ਼ ਤਾਂ ਸਿਰਫ਼ ਇੱਕ ਲਾਸ਼ ਜਿਹਾ ਬਣ ਜਾਂਦਾ… ਲਾਸ਼… ਜਿਸ ਨੂੰ ਸਾਹ ਆਇਆ ਨਾ ਆਇਆ…ਇੱਕ ਬਰਾਬਰ।
ਕੁੰਦਨ ਝੁੱਗੀ ਛੱਡ ਮਲਕਾ ਨੂੰ ਨਾਲ ਲੈ ਕੇ ਇੱਥੇ ਹੀ ਆ ਗਿਆ ਸੀ। ਉਨ੍ਹਾਂ ਹਸਪਤਾਲ ਦੇ ਸਾਹਮਣੇ ਬਣ ਰਹੇ ਫਲਾਈਓਵਰ ਹੇਠਾਂ ਡੇਰੇ ਜੰਮਾ ਲਏ ਸਨ। ਉਹ ਇਕੱਲੇ ਨਹੀਂ ਸਨ ਇੱਥੇ ਰਹਿ ਰਹੇ… ਤਿੰਨ ਕੁ ਪਰਿਵਾਰ ਹੋਰ ਵੀ ਰਹਿ ਰਹੇ ਸਨ…ਵਖਤਾਂ ਮਾਰੇ। ਹਜੇ ਉਨ੍ਹਾਂ ਪਰਿਵਾਰਾਂ ਨੂੰ ਪਤਾ ਨਹੀਂ ਲੱਗਾ ਸੀ ਕਿ ਕੁੰਦਨ ਕੀ ਕੰਮ ਕਰਦਾ ਏ। ਪਤਾ ਲੱਗ ਜਾਂਦਾ ਤਾਂ ਉਨ੍ਹਾਂ ਉਸ ਨੂੰ ਉੱਥੇ ਨਹੀਂ ਰਹਿਣ ਦੇਣਾ ਸੀ ਕਿਉਂਕਿ ਉਹ ਪਰਿਵਾਰ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਸਨ… ਉਨ੍ਹਾਂ ਨੂੰ ਕੀ ਪਤਾ ਸੁਰੱਖਿਆ ਸੜਕਾਂ ’ਤੇ ਵਸਦਿਆਂ ਦੀ ਨਹੀਂ ਹੁੰਦੀ। ਖ਼ੈਰ… ਕੁੰਦਨ ਕੰਮ ’ਤੇ ਜਾਂਦਾ… ਹਸਪਤਾਲ ’ਚੋਂ ਲੋਥਾਂ ਚੁੱਕਦਾ… ਸ਼ਮਸ਼ਾਨ ਤੱਕ ਲੈ ਜਾਂਦਾ। ਹਸਪਤਾਲ ਵਾਲਿਆਂ ਨੇ ਉਸ ਨੂੰ ਸੁਰੱਖਿਆ ਵਾਸਤੇ ਪਾਉਣ ਵਾਲਾ ਸੂਟ ਲੈ ਦਿੱਤਾ ਸੀ… ਇੱਕ ਲੋਥ ਚੁੱਕਣ ਦੇ ਪੰਜ ਸੌ ਰੁਪਏ ਦੇਣੇ ਮੁਕੱਰਰ ਹੋਏ ਸਨ… ਪਰ ਕਿੱਥੇ ? …ਕਦੇ ਦੋ ਸੌ ਦੇ ਦਿੰਦੇ ਤੇ ਕਦੇ ਢਾਈ ਸੌ… ਤਿੰਨ ਸੌ ਤਾਂ ਹਜੇ ਤੱਕ ਦੋ ਕੁ ਵਾਰੀ ਹੀ ਮਿਲੇ ਸਨ। ਕੁੰਦਨ ਨੇ ਪੂਰੇ ਪੰਜ ਸੌ ਲਈ ਕਿਹਾ ਤਾਂ ਉਸ ਨੂੰ ਜਵਾਬ ਮਿਲਿਆ… ਤੇਰੇ ਕਿਹੜਾ ਕੋਈ ਨਿਆਣੇ ਹੈਗੇ… ਬਹੁਤ ਹੈਗੇ ਤੇਰੇ ਲਈ…। ਇੱਕ ਦਿਨ ਫੇਰ ਉਸ ਆਪਣੇ ਨਾਲ ਹੋਏ ਇਕਰਾਰ ਦਾ ਜ਼ਿਕਰ ਕੀਤਾ…।
ਜਵਾਬ ਮਿਲਿਆ… ਘਰਵਾਲੀ ਨੂੰ ਵਾਰਡ ਦੀ ਸਫ਼ਾਈ ਲਈ ਭੇਜ ਦੇ… ਉਹ ਵੀ ਮਰੀਜ਼ਾਂ ਦੀ ਸੇਵਾ ਕਰ ਲਿਆ ਕਰੂਗੀ… ਪੰਜ ਸੌ ਰੁਪਿਆ ਫੇਰ ਲੈ ਜਾਇਆ ਕਰਿਉ…। ਉਸ ਮਲਕਾ ਨਾਲ ਗੱਲ ਕੀਤੀ…। ਮਲਕਾ ਮੰਨ ਗਈ। ਉਹ ਰੋਜ਼ ਕੰਮ ’ਤੇ ਜਾਂਦੀ… ਸਾਫ਼ ਸਫ਼ਾਈ ਵਾਲੀ ਸੇਵਾ ਤਾਂ ਰੋਜ਼ ਦੀ ਹੀ ਸੀ… ਉਸ ਦਾ ਪੰਜ ਸੌ ਵਿਚਲਾ ਦੋ ਸੌ ਦਾ ਹਿੱਸਾ ਪੱਕਾ ਸੀ… ਲੋਥਾਂ ਰੋਜ਼ ਨਹੀਂ ਹੁੰਦੀਆਂ ਸਨ… ਕਦੇ ਕਿੰਨੀਆਂ ਤੇ ਕਦੇ ਕਿੰਨੀਆਂ। ਪ੍ਰਤੀ ਲੋਥ ਕੁੰਦਨ ਨੂੰ ਉਸ ਦਿਨ ਦਾ ਮਿਲ ਜਾਂਦਾ। ਮਲਕਾ ਰੋਜ਼ ਦਾ ਦੋ ਸੌ ਲੈ ਆਉਂਦੀ। ਇਹੋ ਉਨ੍ਹਾਂ ਲਈ ਸਬਰ-ਸੰਤੋਖ ਸੀ… ਸ਼ੁਕਰ ਹਜੇ ਉਨ੍ਹਾਂ ਕੋਲ ਕੋਈ ਤੰਦ ਨਹੀਂ ਸੀ… ਦੋ ਹੀ ਤਾਂ ਜੀਅ ਸਨ ਆਪ…। ਆਪਣੀ ਸੁੱਖ-ਸਾਂਦ ਲਈ ਓਹੜ-ਪੋਹੜ ਕਰ ਸਕਦੇ ਸਨ… ਜਵਾਨ ਸਨ… ਚੱਤੋ ਪਹਿਰ ਇਸ ਮੌਤ ਦੇ ਸਾਏ ਵਿੱਚ… ਉਹ ਰਾਹਤ ਮਹਿਸੂਸ ਕਰਦੇ ਵੀ ਸਨ ਤੇ ਨਹੀਂ ਵੀ… ਕੋਵਿਡ-19 ਕਿਸੇ ਦਾ ਸਕਾ ਥੋੜ੍ਹਾ ਸੀ… ਹੁਣ ਤਾਂ ਉਨ੍ਹਾਂ ਵਿੱਚ ਜਾਨ ਸੀ… ਸੋਚਦੇ ਬਾਲ ਬੱਚਾ ਪਾਲ ਵੀ ਲੈਣਗੇ… ਬਾਅਦ ਵਿੱਚ ਕੀ ਕਰਨਗੇ…? ਮਮਤਾ ਛਾਲਾਂ ਮਾਰਦੀ ਉਨ੍ਹਾਂ ਅੰਦਰ… ਪਰ ਹਾਲਾਤ ਅੱਗੇ ਉਹ ਸਾਵੇਂ ਨਾ ਹੋ ਪਾਉਂਦੇ। ਕਰਦੇ ਰਹੇ ਡਿਊਟੀ… ਸੇਵਾ… ਮਨੁੱਖਤਾ ਦੀ ਸੇਵਾ ਪਰਮ ਧਰਮ… ਪਰਮਾਰਥ ਲਈ ਜਿਉਣਾ ਵੀ ਤਾਂ ਕਿਸੇ ਕਿਸੇ ਦੇ ਭਾਗਾਂ ਵਿੱਚ ਹੁੰਦਾ… ਢਿੱਡ ਦੀ ਭੁੱਖ ਨੇ ਉਨ੍ਹਾਂ ਨੂੰ ਇਹ ਸੇਵਾ ਨਿਭਾਉਣ ਦਾਮੌਕਾ ਦਿੱਤਾ ਸੀ… ਉਹ ਸੋਚਦੇ- ਗ਼ਰੀਬ ਲਈ ਇਹ ਸੇਵਾ ਮਿੱਠਾ ਮੇਵਾ ਏ… ਪਰ ਜਿਹੜੇ ਸੇਵਾ ਦਾ ਪ੍ਰਣ ਕਰਕੇ ਆਏ ਸਨ ਇਸ ਰੁਜ਼ਗਾਰ ਅੰਦਰ… ਉਨ੍ਹਾਂ ਨੂੰ ਸੇਵਾ ਡੰਗ ਮਾਰਦੀ ਏ… ਪਰ ਨਹੀਂ… ਉਹ ਇਹ ਗੱਲ ਬਾਹਰ ਥੋੜ੍ਹਾ ਕਰ ਸਕਦੇ… ਮਲਕਾ ਆਖਦੀ… ਸੁਣੋ ਜੀ, ਸਾਡੇ ਢਿੱਡ ਦਾ ਸਵਾਲ ਏ… ਅਸਾਂ ਤਾਂ ਇਹ ਕੰਮ ਕਰਨਾ ਈ ਏ…ਕੋਈ ਨਖਰਾ ਥੋੜ੍ਹਾ… ਉਹ ਵੀ ਤਾਂ ਹੈਗੇ ਜਿਹੜੇ ਕਫ਼ਨ ਵੇਚਦੇ ਨੇ… ਮਰਗ ਦਾ ਸਮਾਨ ਵੇਚਦੇ ਨੇ… ਗਾਹਕਾਂ ਦਾ ਰਾਹ ਦੇਖ ਦੇਖ ਦਿਨ ਕਟੀ ਕਰਦੇ ਨੇ… ਡਾਕਟਰ ਵੀ ਤਾਂ ਮਰੀਜ਼ਾਂ ਦੀ ਰਾਹ ਦੇਖਦੇ ਹੀ ਨੇ… ਜੇ ਮਰੀਜ਼ ਨਈਂ ਤਾਂ ਡਾਕਟਰ ਦੀ ਕੀ ਲੋੜ ਹੈ ਜੀ ?… ਜੇ ਲੋਥ ਨਹੀਂ ਤਾਂ ਫੇਰ ਸਾਡੀ ਵੀ ਕੀ ਲੋੜ…? ਪਰ ਭਾਗਵਾਨੇ ਇੱਕ ਗੱਲ ਹੈਗੀ… ਅੱਜ ਇਸ ਹਸਪਤਾਲ ਵਿੱਚੋਂ ਲਾਸ਼ਾਂ ਚੁੱਕਦੇ ਹਾਂ… ਰੋਟੀ ਮਿਲੀ ਜਾਂਦੀ… ਜੇ ਇੱਥੋਂ ਨਾ ਵੀ ਮਿਲੀਆਂ ਕੱਲ੍ਹ ਨੂੰ ਤਾਂ ਫੇਰ ਕੀ?
ਲਾਸ਼ਾਂ ਦੀ ਕਦੇ ਕੋਈ ਕਮੀ ਨਹੀਂ ਆਉਣੀ…
ਦੰਗੇ-ਫਸਾਦ ਵੀ ਤਾਂ ਹੁੰਦੇ ਰਹਿਣੇ ਆ
ਧਰਮਾਂ ਨੇ ਖੇਡ ਖੇਡਣੀ ਈ ਖੇਡਣੀ ਆ
ਕੁਰਸੀਆਂ ਲਈ ਲੜਾਈ ਚਲਦੀ ਈ ਰਹਿਣੀ ਆ
ਤੀਵੀਆਂ ਪਿੱਛੇ ਵੀ ਲੜਾਈਆਂ ਹੁੰਦੀਆਂ ਰਹਿਣੀਆਂ
ਜ਼ਮੀਨ ਦੇ ਝਗੜੇ ਵੀ ਕਦੇ ਖ਼ਤਮ ਨਹੀਂ ਹੋਣੇ
ਹਉਮੈ ਦਾ ਸੱਚ ਕਦੇ ਝੂਠਾ ਨਹੀਂ ਹੋਣਾ
ਸ਼ਰੀਕੇਦਾਰਾਂ ਨੇ ਵੀ ਖ਼ੂਨ ਦੇ ਪਿਆਸੇ ਬਣੇ ਰਹਿਣਾ ਇੱਕ ਦੂਜੇ ਦੇ…, ਬੇਕਾਰੀ-ਬੇਰੁਜ਼ਗਾਰੀ ਨੇ ਕਦ ਨੌਜਵਾਨਾਂ ਨੂੰ ਟਿਕ ਕੇ ਬਹਿਣ ਦੇਣਾ, ਨਸ਼ਿਆਂ ਦੀ ਮਾਰ ਨੇ ਵੀ ਲੋਕਾਂ ਨੂੰ ਝੰਬੀ ਰੱਖਣਾ…, ਭਾਗਵਾਨੇ…ਇਸ ਹਫੜਾ ਦਫੜੀ ਨੇ ਲੋਕ ਮਾਰਨੇ ਈ ਮਾਰਨੇ…ਸਾਨੂੰ ਕੰਮ ਮਿਲਦਾ ਈ ਰਹਿਣਾ… ਕਾਰੋਬਾਰ ਤਾਂ ਵੱਡੇ-ਵੱਡੇ ਠੱਪ ਹੋ ਜਾਂਦੇ ਆ… ਇਹ ਕਾਰੋਬਾਰ ਕਦੇ ਠੱਪ ਨਹੀਂ ਹੋਣਾ…। ਕੁੰਦਨ ਆਉਂਦੇ ਸਮੇਂ ਲਈ ਸੋਚ ਕੇ ਗੱਲ ਕਰਦਾ।
ਹਾਂ ਜੀ… ਨਾਲੇ ਇਹ ਵੀ ਕਿ ਹੁਣ ਸਾਡਾ ਮਨ ਪੱਕਾ ਹੋ ਗਿਆ… ਪਹਿਲਾਂ ਪਹਿਲਾਂ ਲਾਸ਼ਾਂ ਚੁੱਕਣ ਦਾ ਕੰਮ ਫੜਿਆ ਸੀ ਤਾਂ ਸੋਚਦਾ ਹੁੰਦਾ ਸੀ… ਅੱਖਾਂ ਦਾ ਚਿਰਾਗ਼ ਬੁਝ ਗਿਆ ਕਿਸੇ ਦਾ… ਮਾਂ… ਪਿਆਂ ਦੀ ਸੱਜੀ ਬਾਂਹ ਟੁੱਟ ਗਈ… ਕਿਸੇ ਦੇ ਮੱਥੇ ਦੀ ਬਿੰਦੀ ਪੂੰਝੀ ਗਈ… ਹਾਏ… ਕਿਸੇ ਦਾ ਚੁੱਲ੍ਹਾ ਠੰਢਾ ਹੋ ਗਿਆ… ਪਰ ਹੁਣ ਕੀ… ਕੁਝ ਵੀ ਨਈਂ… ਇਹ ਦੁਨੀਆਂ ਏਦਾਂ ਈ ਚੱਲੀ ਜਾਣੀ… ਰੋਟੀਆਂ ਕਾਰਨ ਪੂਰੇ ਤਾਲ ਹੋਈ ਈ ਜਾਣੇ। ਮਲਕਾ ਹਾਂ-ਹੂੰ ਕਰਦੀ ਰਹਿੰਦੀ। ਉਹ ਗੱਲਾਂ ਕਰਦੇ-ਕਰਦੇ ਕਦ ਸੌਂ ਜਾਂਦੇ ਪਤਾ ਈ ਨਾ ਲੱਗਦਾ…। ਸਵੇਰੇ ਉੱਠਦੇ… ਡੱਬਾ ਬੰਨ੍ਹਦੇ ਤੇ ਨਿਕਲ ਜਾਂਦੇ ਕਾਰੋਬਾਰ ਸੰਭਾਲਣ।
* * *
ਅੱਜ ਹਸਪਤਾਲ ਅੰਦਰ ਦੁਪਹਿਰ ਦੀ ਰੋਟੀ ਖਾਂਦਿਆਂ ਨਜ਼ਾਮ ਮਲਕ ਉਨ੍ਹਾਂ ਨੂੰ ਬੜਾ ਚੇਤੇ ਆਇਆ। ਆਪੋ ਵਿੱਚੀਂ ਗੱਲਾਂ ਕਰਦੇ ਉਹ ਕਹਿ ਰਹੇ ਸਨ- ਭਲਾ ਹੋਵੇ ਨਜ਼ਾਮ ਚਾਚੇ ਦਾ… ਸਾਨੂੰ ਭੁੱਖਾ ਮਰਨੋਂ ਤੇ ਉਸ ਬਚਾਇਆ… ਸੁਣ ਮਲਕਾ… ਕਦੀ ਸੋਚਿਆ ਸੀ… ਇਹ ਪੇਸ਼ਾ ਵੀ ਕਰਨਾ ਪਵੇਗਾ… ਹੈਂਅ… ਕਿੱਥੇ ਤਾਂ ਅਸੀਂ ਜਸ਼ਨਾਂ ਤੋਂ ਕਮਾਈ ਕਰਦੇ ਹੁੰਦੇ ਸੀ… ਤੇ ਕਿੱਥੇ ਹੁਣ…? ਮਲਕਾ ਜਵਾਬ ਦਿੰਦੀ, ਭਲਿਆ ਲੋਕਾ, ਇਹ ਵੀ ਕਾਹਦੀ ਕਮਾਈ… ਚੌਵੀ ਘੰਟੇ ਡਰ ਕੇ ਈ ਜਿਉਂ ਰਹੇ ਆਂ… ਪਤਾ ਨਹੀਂ ਕਦੋਂ ਰਗੜੇ ਜਾਈਏ… ਚੰਦਰੀ ਜ੍ਹੈਮਤ ਨਾਲ… ਹਰ ਵੇਲੇ ਬਿਮਾਰੀ ਦਾ ਜਿੰਨ ਮਗਰ ਪਿਆ ਹੋਇਆ…।
ਕੋਈ ਨਾ… ਜਿੰਨੀ ਲਿਖੀ… ਜਿੰਨਾ ਚਿਰ ਜੀਵਾਂਗੇ… ਭੁੱਖੇ ਤਾਂ ਨਾ ਮਰਾਂਗੇ… ਕੁੰਦਨ ਆਖਿਆ।
* * *
ਪਤਾ ਨਹੀਂ ਦੋਹਾਂ ਦੇ ਮਨ ਵਿੱਚ ਕੀ ਆਈ… ਹਸਪਤਾਲੋਂ ਛੁੱਟੀ ਹੋਈ ਤਾਂ ਉਹ ਦੋਵੇਂ ਨਜ਼ਾਮ ਮਲਕ ਵੱਲ ਵਗ ਤੁਰੇ। ਦਿਨੇਂ ਗੱਲਾਂ ਵੀ ਉਹਦੀਆਂ ਹੀ ਕਰਦੇ ਰਹੇ ਸਨ… ਇਸੇ ਲਈ ਅੱਜ ਉਸ ਨੂੰ ਮਿਲਣਾ ਚਾਹੁੰਦੇ ਸਨ। ਨਜ਼ਾਮ ਆਪਣੇ ਅੱਡੇ ’ਤੇ ਰੇਹੜੀ ਲਾਈ ਖੜ੍ਹਾ ਸੀ। ਉਸਦੇ ਪੱਕੇ ਗਾਹਕਾਂ ਵਿੱਚੋਂ ਕਈ ਆ-ਜਾ ਰਹੇ ਸਨ ਤੇ ਹਾਲੇ ਇੱਕ-ਦੋ ਰਹਿੰਦੇ ਵੀ ਸਨ। ਰੇਹੜੀ ’ਤੇ ਬਾਲ ਕੇ ਰੱਖੀ ਲਾਲਟੈਨ ਦੀ ਲੋਅ ਵੀ ਉਹਦੇ ਲਈ ਸੂਰਜ ਦੀ ਲੋਅ ਹੀ ਸੀ… ਭਾਵੇਂ ਇਹ ਵੱਖਰੀ ਗੱਲ ਸੀ ਕਿ ਇਹ ਲੋਅ ਡੁੱਬਦੇ ਸੂਰਜ ਦੀ ਸੀ।
ਲੇਟ ਹੋ ਗਿਆਂ ਚਾਚਾ ਮਲਕ…? ਕੁੰਦਨ ਨੇ ਸਹਿਜ ਸੁਭਾਅ ਹੀ ਪੁੱਛਿਆ। ਬੜਾ ਦਿਲ ਕਰਦਾ ਸੀ ਅੱਜ ਤੈਨੂੰ ਮਿਲਣ ਦਾ… ਦਿਨੇ ਵੀ ਅਸੀਂ ਤੇਰੀਆਂ ਗੱਲਾਂ ਕਰਦੇ ਰਹੇ…, ਕੁੰਦਨ ਨੇ ਗੱਲ ਜਾਰੀ ਰੱਖੀ ਸੀ।
ਸੁਣਾ…ਕਿੱਦਾਂ ਰਿਹਾ ਤੁਹਾਡਾ ਅੱਜ…? ਨਜ਼ਾਮ ਮਲਕ ਨੇ ਸਵਾਲ ਕੀਤਾ।
ਵਧੀਆ ਸੀ… ਮਲਕਾ ਵਾਰਡ ਦੀ ਸਾਫ਼ ਸਫ਼ਾਈ ’ਤੇ ਲੱਗੀ ਰਹੀ… ਮੈਂ ਤਾਂ ਵਿਹਲਾ ਹੀ ਸੀ…। ਕੁੰਦਨ ਨੇ ਸਾਰੇ ਦਿਨ ਦੀ ਆਪਣੀ ਗੱਲ ਕਰ ਦਿੱਤੀ।
ਮੈਂ ਤਾਂ ਰਤਾ ਲੇਟ ਵਿਹਲਾ ਹੋਇਆ… ਦੋ ਲੋਥਾਂ ਦਾ ਕੰਮ ਸੀ… ਦੋਵੇਂ ਈ ਪੁਲਸ ਕੋਲ ਸਨ ਜਦੋਂ ਉਨ੍ਹਾਂ ਮੈਨੂੰ ਬੁਲਾ ਭੇਜਿਆ ਸੀ। ਸੈਨੀਟੇਸ਼ਨ ਵਾਲਿਆਂ ਦੀ ਕਾਰਵਾਈ ਵੀ ਉਨ੍ਹਾਂ ਮੇਰੇ ਪਹੁੰਚਣ ’ਤੇ ਹੀ ਕੀਤੀ ਸੀ।
ਇਕ ਲੋਥ ਕਾਰਨ ਬੜਾ ਮਨ ਖਰਾਬ ਹੋਇਆ, ਕੁੰਦਨ… ਖੁਦਕੁਸ਼ੀ ਦਾ ਮਾਮਲਾ ਸੀ… ਪਹਿਲੀ ਨਜ਼ਰੇ ਤਾਂ ਇਵੇਂ ਹੀ ਲੱਗਾ… ਪਰ ਜਦੋਂ ਲਾਸ਼ ਦੇ ਖਿੰਡਰੇ ਹੋਏ ਟੋਟੇ ਮਿਲੇ ਤਾਂ ਪੁਲੀਸ ਕਤਲ ਬਾਰੇ ਕਿਆਫੇ ਲਾਉਣ ਲੱਗੀ… ਕੁਝ ਵੀ ਹੋਵੇ…ਜੀਅ ਤਾਂ ਖ਼ਤਮ ਹੀ ਸੀ… ਟੋਟੇ ਚੁਣ-ਚੁਣ ਮੈਂ ਮਨੋਂ ਹੰਭ ਗਿਆ ਸੀ ਤਾਂ ਕੋਈ ਜਵਾਨ-ਜੱਕਾ ਈ… ਪਤਾ ਨਹੀਂ ਸੀ ਲੱਗ ਰਿਹਾ… ਬਈ ਬੱਚੀ ਸੀ ਕਿ ਕੋਈ ਬੱਚਾ ਸੀ… ਇੱਕ ਲੱਤ ਕਿੱਧਰੇ ਦੂਜੀ ਚਾਰ ਗਜ ਦੂਰ ਕਿੱਧਰੇ… ਬਾਹਾਂ ਨੇੜੇ ਨਾ ਤੇੜੇ… ਸਿਰ ਧੜ ਨਾਲ ਹੈ ਹੀ ਨਹੀਂ ਸੀ… ਕੋਲੋਂ ਮਿਲੇ ਕੱਪੜੇ… ਕੁੰਦਨ… ਅੱਜ ਕੱਲ੍ਹ ਦੇ ਬੱਚੇ… ਜੀਨਾਂ ਵਾਲੇ ਈ ਤਾਂ ਹੁੰਦੇ…, ਨਜ਼ਾਮ ਮਲਕ ਬੜਾ ਹੰਭਿਆ ਹੋਇਆ ਬੋਲ ਰਿਹਾ ਸੀ।
ਬਸ, ਚਾਚਾ, ਮੌਤ ਦਾ ਸਾਇਆ ਪਿੱਛਾ ਨ੍ਹੀਂ ਛੱਡਦਾ… ਚੰਦਰੇ ਸਮੇਂ ਦੀ ਮਾਰ… ਕੁੰਦਨ ਵੀ ਹੰਭਦਾ ਹੋਇਆ ਬੋਲਿਆ।
ਮੇਰੇ ਹੁਸੈਨ ਦਾ ਤਾਂ ਕੁੰਦਨ ਕੁਝ ਵੀ ਮੈਨੂੰ ਨਾ ਮਿਲਿਆ… ਕੋਈ ਇੱਕ ਟੁਕੜਾ ਵੀ ਨਾ… ਜਿਹਨੂੰ ਮੈਂ ਮਿੱਟੀ ਦੇ ਸਕਦਾ। ਖ਼ੈਰ, ਅੱਜ ਦੀ ਟੁਕੜੇ ਟੁਕੜੇ ਹੋਈ ਲਾਸ਼ ਨੂੰ ਇਕੱਠਾ ਕਰਦੇ ਹੋਏ ਮੇਰੇ ਹੱਥ ਕੰਬ ਰਹੇ ਸਨ… ਦਿਲ ਰੋ ਰਿਹਾ ਸੀ… ਲੱਤਾਂ ਥਣੀਂ ਤ੍ਰੇਲੀਆਂ ਮੀਂਹ-ਮੁਸ਼ਕੀ ਵਗ ਰਹੀਆਂ ਸਨ… ਅੱਖਾਂ ਲਈ ਇਹ ਪਛਾਣਨੀ ਬੜੀ ਔਖੀ ਹੋ ਰਹੀ ਸੀ। … ਸਾਰੇ ਟੁਕੜੇ ਪੁਲਸ ਦੇ ਹਵਾਲੇ ਕਰਨ ਲੱਗਾ ਤਾਂ ਇੱਕ ਵਾਰ ਹੱਥ ਫੇਰ ਕੰਬ ਗਏ… ਹੁਸੈਨ ਅੱਖਾਂ ਮੂਹਰੇ ਆ ਕੇ ਖੜ੍ਹ ਗਿਆ…। ਉਸਦੇ ਵੀ ਵਿਸਫੋਟ ਵਿੱਚ ਇਵੇਂ ਹੀ ਚੀਥੜੇ ਉੱਡ ਗਏ ਹੋਣੇ… ਪਰ ਇਸ ਲਾਸ਼ ਦੇ ਟੋਟੇ ਤਾਂ ਕਿਸੇ ਹੈਵਾਨ ਦੇ ਹੱਥੋਂ ਹੋਏ ਲੱਗਦੇ ਸਨ… ਸਾਜ਼ਸ਼ੀ…।
ਪੁੱਤਰ ਹੁਸੈਨ ਦੇ ਹਾਵੇ ਦੀ ਅੱਗ ’ਚ ਧੁਖਦਾ ਨਜ਼ਾਮ ਮਲਕ ਦੱਸਦਾ ਗਿਆ- ਕਦੇ ਬੋਲਾਂ ਰਾਹੀਂ… ਕਦੇ ਅੱਥਰੂਆਂ ਰਾਹੀਂ।
ਨਜ਼ਾਮ ਚਾਚਾ… ਇਹ ਵੇਰਵਾ ਤਾਂ ਸੁਣਿਆ ਵੀ ਨਹੀਂ ਜਾ ਰਿਹਾ… ਤੂੰ ਤਾਂ ਨੰਗੀਆਂ ਅੱਖਾਂ ਨਾਲ ਦੇਖਿਆ… ਨੰਗੇ ਹੱਥਾਂ ਨਾਲ ਸਾਰਾ ਕੰਮ ਕੀਤਾ… ਧੰਨ ਏਂ…। ਖ਼ੌਫ਼ ਖਾਂਦਾ ਕੁੰਦਨ ਕਹਿਣ ਲੱਗਾ।
ਇੱਥੇ ਈ ਬਸ ਨਹੀਂ… ਉਹ ਪੁਲਸੀਏ ਵੀ ਜਿਵੇਂ ਖ਼ੌਫ਼ ਖਾਧੇ ਹੋਏ ਸਨ… ਐਸੇ ਟੁਕੜਿਆਂ ਤੋਂ ਜਲਦੀ ਛੁਟਕਾਰਾ ਪਾਉਣਾ ਚਾਹੁੰਦੇ ਸਨ… ਉਨ੍ਹਾਂ ਦੀ ਮਨਸ਼ਾ ਇਸ ਲਾਸ਼ ਨੂੰ ਦਰਿਆ ਵਿੱਚ ਸੁੱਟਣ ਦੀ ਸੀ… ਪਰ ਮੇਰੇ ਵਾਸਤੇ ਅੱਗੇ ਉਹ ਢੈਲੇ ਪੈ ਗਏ… ਮੈਂ ਹੀ ਮਿੰਨਤ ਕੀਤੀ… ‘ਜਨਾਬ, ਤੁਸੀਂ ਆਪਣੀ ਕਾਰਵਾਈ ਪੂਰੀ ਕਰ ਲਉ… ਜ਼ਿਆਦਾ ਦਿਨ ਤਾਂ ਨਹੀਂ ਲੱਗਣ ਲੱਗੇ… ਮੋਰਚਰੀ ਵਿੱਚ ਹੀ ਰਖਵਾਉਣੀ ਹੈ… ਕੋਈ ਨਾ… ਤੁਸੀਂ ਪੰਚਨਾਮਾ ਤਿਆਰ ਕਰੋ… ਨਾ ਕੋਈ ਵਾਲੀ ਵਾਰਸ ਮਿਲਿਆ ਤਾਂ ਮੈਂ ਹੈਗਾਂ… ਵਾਰਿਸ… ਮੈਂ ਅਗਨੀ ਦਿਆਂਗਾ…।’ ਨਜ਼ਾਮ ਮਲਕ ਨੇ ਤਫ਼ਸੀਲ ਬਿਆਨ ਕਰ ਦਿੱਤੀ। ਸੁਤੇ ਸਿੱਧ ਹੀ ਉਸ ਇੱਕ ਸੱਚ ਤੋਂ ਵੀ ਪਰਦਾ ਚੁੱਕ ਦਿੱਤਾ ਸੀ। ਉਹ ਨਹੀਂ ਸੀ ਚਾਹੁੰਦਾ ਜਿਸ ਅੱਗ ਵਿੱਚ ਉਹ ਜਿਉਂਦੇ ਜੀਅ ਸੜ ਰਿਹਾ, ਕੋਈ ਹੋਰ ਵੀ ਸੜੇ। ਇਸੇ ਲਈ ਉਸ ਸੋਚ ਸਮਝ ਕੇ ਪੁਲੀਸ ਕੋਲ ਆਪਣਾ ਨਾਂ ਦਿੱਤਾ ਸੀ ਤੇ ਮਿਉਂਸਿਪਲ ਕਮੇਟੀ ਵਿੱਚ ਵੀ ਇਸ ਕਾਰਜ ਲਈ ਆਪਣਾ ਨਾਂ ਸਮਾਜ ਸੇਵਕ ਦੇ ਤੌਰ ’ਤੇ ਦਰਜ ਕਰਵਾ ਆਇਆ ਸੀ।
* * *
ਚੰਗਾ ਹਨ੍ਹੇਰਾ ਹੋ ਗਿਆ ਸੀ। ਕੁੰਦਨ ਨੇ ਉਸਦੀ ਰੇਹੜੀ ਸੰਭਾਲਣ ਵਿੱਚ ਮਦਦ ਕੀਤੀ। ਉਮਰ ਦੇ ਹਿਸਾਬ ਨਾਲ ਹਨ੍ਹੇਰੇ ਵੇਲੇ ਕੰਮ ਕਰਨਾ ਹੁਣ ਨਜ਼ਾਮ ਮਲਕ ਲਈ ਕੁਝ ਔਖਾ ਹੋ ਗਿਆ ਸੀ। ਅੱਸੀਵਿਆਂ ਨੂੰ ਢੁਕਣ ਲੱਗਾ ਸੀ ਉਹ। ਨੀਂਦ ਵਾਲੀਆਂ ਗੋਲੀਆਂ ਦੇ ਸਹਾਰੇ ਟਿਕ ਗਈ ਸੀ ਉਸਦੀ ਨੀਂਦ… ਇਸ ਉਮਰੇ ਦੁੱਖ ਸੁੱਖ ਦਾ ਸਾਥੀ ਵੀ ਕੋਈ ਨ੍ਹੀਂ ਉਸ ਕੋਲ।
ਪ੍ਰਸ਼ਾਸਨ ਦੱਸਦਾ ਸੀ ਕਿ ਹੁਣ ਤੱਕ ਨਜ਼ਾਮ ਮਲਕ ਨੂੰ ਸਮੇਂ ਸਮੇਂ ’ਤੇ ਛੱਤੀ ਸੌ ਲਾਸ਼ਾਂ ਸੌਂਪੀਆਂ ਜਾ ਚੁੱਕੀਆਂ ਸਨ ਜਿਨ੍ਹਾਂ ਨੂੰ ਉਸ ਮਿੱਟੀ ਵੀ ਦਿੱਤੀ ਤੇ ਅਗਨੀ ਦੀ ਭੇਟਾ ਵੀ ਕੀਤਾ ਸੀ। ਕਈ ਬਾਜ਼ਾਰ ਵਾਲੇ ਵੀ ਉਸਦੀ ਮਦਦ ਕਰਦੇ ਸਨ। ਇਸ ਕੰਮ ਵਿੱਚ ਮਦਦ ਲਈ ਉਸਨੇ ਇੱਕ ਬੰਦਾ ਰੱਖ ਲਿਆ ਸੀ ਜਿਸ ਨੂੰ ਉਹ ਕੋਲੋਂ ਪੈਸੇ ਦਿੰਦਾ ਸੀ।
ਅੱਜ ਉਸ ਦੀਆਂ ਅੱਖਾਂ ਦਾ ਅਪਰੇਸ਼ਨ ਹੋਣਾ ਸੀ। ਉਹ ਹਿੰਦੂ ਵੀ ਸੀ, ਮੁਸਲਮਾਨ ਵੀ ਸੀ। ਸਾਰੇ ਉਸਦੇ ਆਪਣੇ ਸਨ… ਉਹ ਸਭਨਾਂ ਦਾ ਸੀ। ਅੱਖਾਂ ਦੇ ਹਸਪਤਾਲ ਵਿੱਚ ਅੱਜ ਸਾਰੇ ਹੀ ਉਸ ਕੋਲ ਸਨ… ਮਨੁੱਖੀ ਹੋਂਦ ਵਾਲੀ ਕੁਰਸੀ ਦੇ ਬੇਤਾਜ ਬਾਦਸ਼ਾਹ ਕੋਲ।
ਸੰਪਰਕ: 98146-93992