ਸਤਨਾਮ ਸਮਾਲਸਰੀਆ
ਆਥਣ ਦੇ ਚਾਰ ਕੁ ਵੱਜੇ ਹੋਣੇ ਐ, ਦੁਕਾਨ ’ਤੇ ਕੰਮ ਵੀ ਠੰਢਾ ਜਿਹਾ ਹੀ ਸੀ। ਇੱਕ ਤਰ੍ਹਾਂ ਵਿਹਲਾ ਬੈਠਾ ਮੈਂ ਆਪਣੇ ਹੀ ਕਾਗਜ਼ਾਂ-ਪੱਤਰਾਂ ਦੀ ਛਾਂਟ-ਛਟਾਈ ਕਰ ਰਿਹਾ ਸੀ। ਬਾਹਰ ਬੱਸਾਂ ਕਾਰਾਂ ਦੀ ਟੀਂ-ਟੀਂ, ਪਾਂ-ਪਾਂ ਦਿਮਾਗ਼ ਨੂੰ ਪਰੇਸ਼ਾਨ ਕਰ ਰਹੀ ਸੀ। ਇਨ੍ਹਾਂ ਅਵਾਜ਼ਾਂ ਵਿੱਚੋਂ ਬਾਹਰ ਇੱਕ ਆਵਾਜ਼ ਬਾਹਰੋਂ ਮੇਰੇ ਕੰਨਾਂ ਵਿੱਚ ਪਈ ਜਿਵੇਂ ਕਿਸੇ ਨੇ ਬਾਹਰ ਵਾਲੀਆਂ ਦੁਕਾਨਾਂ ਤੋਂ ਕਿਸੇ ਨੂੰ ਪੁੱਛਿਆ ਹੋਵੇ, ‘ਵੇ ਵੀਰਾ! ਆਹ ਓਸ ਮੁੰਡੇ ਦੀ ਦੁਕਾਨ ਕਿੱਥੇ ਐ ਜਿਹੜਾ ਕਾਗਜ਼ ਪੱਤਰ ਜੇ ਬਣਾਉਂਦੈ, ਚਿੱਠੀਆਂ-ਚੁੱਠੀਆਂ ਜਿਹੀਆਂ ਲਿਖਦੈ’ ਤੇ ਜਿਵੇਂ ਕਿਸੇ ਨੇ ਕਿਹਾ ਹੋਵੇ, ‘ਆਹ, ਅਗਾਂਹ ਦੋ ਦੁਕਾਨਾਂ ਛੱਡ ਕੇ ਤੀਜੀ ਦੁਕਾਨ ਐ ਬੇਬੇ।’ ਆਵਾਜ਼ ਦੇ ਬੰਦ ਹੁੰਦਿਆਂ ਹੀ ਮੇਰੀ ਦੁਕਾਨ ਦੇ ਬਾਹਰ ਸੱਠ ਪੈਂਹਟ ਸਾਲ ਦੀ ਐਨ ਮਰੀ ਮੁੱਕੀ ਜਿਹੀ ਔਰਤ ਦੁਕਾਨਾਂ ਗਿਣਦੀ ਮੇਰੀ ਦੁਕਾਨ ਵਿੱਚ ਵੜ ਗਈ। ਮੈਂ ਕੁਝ ਸਰਸਰੀ ਜਿਹੀ ਨਿਗਾਹ ਮਾਰੀ ਤੇ ਆਪਣੇ ਕਾਗਜ਼ਾਂ ਵਿੱਚ ਹੀ ਰੁੱਝਿਆ ਰਿਹਾ। ਕੁਰਸੀ ’ਤੇ ਬੈਠਦਿਆਂ ਗਰਮੀ ਦੀ ਹਫੀ ਨੇ ਚੁੰਨੀ ਦੇ ਪੱਲੇ ਨਾਲ ਆਪਣਾ ਮੁੜ੍ਹਕਾ ਪੂੰਝਿਆ ਤੇ ਢਿੱਡ ਵਿੱਚੋਂ ਜਿਵੇਂ ਹਫ਼ ਕੇ ਡਿੱਗੀ ਨੇ ਹਾਉਕਾ ਲਿਆ ਹੋਵੇ। ਉਹਦੇ ਹਾਉਕੇ ਦੀ ਅਵਾਜ਼ ਮੇਰੇ ਕੰਨਾਂ ਨੂੰ ਸੁਣ ਗਈ। ਮੈਨੂੰ ਕੰਮ ਵਿੱਚ ਉਲਝੇ ਨੂੰ ਦੇਖ ਉਹਨੇ ਕਿਹਾ, ‘‘ਵੇ ਪੁੱਤ, ਕਿੰਨਾ ਕੁ ਟੈਮ ਲੱਗਦਾ? ਮੈਂ ਤਾਂ ਜਾ ਕੇ ਗਿੰਦਰ ਕਾ ਕੰਮ ਵੀ ਕਰ ਕੇ ਆਉਣੈ, ਪਸ਼ੂਆਂ ਨੇ ਖੁਰ ਵੱਢ ਕਰ ਕੇ ਨਰਕ ਵਰ੍ਹਾ ਦਿੱਤਾ ਹੋਣੈ। ਉਹਦੇ ਘਰਵਾਲੀ ਤਾਂ ਅੱਗੇ ਹੀ ਨਿੱਤ ਕਹਿੰਦੀ ਰਹਿੰਦੀ ਐ, ‘ਬੁੜੀਏ ਹੁਣ ਤੇਰੇ ਤੋਂ ਕੰਮ ਨੀਂ ਹੁੰਦਾ। ਐਵੇਂ ਵੇਲਾ ਪੂਰਾ ਕਰਦੀ ਐਂ ਤੂੰ। ਰਹਿਣ ਦਿਆ ਕਰ ਅਸੀਂ ਕੋਈ ਹੋਰ ਬੁੜੀ ਲੱਭ ਲੈਨੇ ਆਂ’।…’’ ਤੇ ਉਹ ਔਰਤ ਹੋਰ ਦੋ-ਤਿੰਨ ਗੱਲਾਂ ਮੂੰਹ ਵਿੱਚ ਹੀ ਬੁੜਬੁੜਾਉਂਦੀ ਕਹਿ ਗਈ। ਉਹ ਦੁਕਾਨ ਵਿੱਚ ਬੈਠੀ ਕਦੇ ਏਧਰ ਤੇ ਕਦੇ ਓਧਰ ਵੇਖਦੀ ਮੈਨੂੰ ਦਿਮਾਗ਼ੀ ਤੌਰ ’ਤੇ ਵੀ ਕੁਝ ਠੀਕ ਨਹੀਂ ਲੱਗੀ। ਮੈਂ ਉਹਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ, ‘‘ਹਾਂ ਬੇਬੇ ਕੀ ਕਰਵਾਉਣਾ ਸੀ ਤੁਸੀਂ?’’ ਮੇਰੇ ਪੁੱਛਣ ਤੋਂ ਵੀ ਕੋਈ ਇੱਕ ਡੇਢ ਮਿੰਟ ਚੁੱਪ ਰਹਿਣ ਬਾਅਦ ਉਸ ਨੇ ਜਵਾਬ ਦਿੱਤਾ ਜਿਵੇਂ ਕੋਈ ਸਾਧੂ ਸਮਾਧੀ ਵਿੱਚੋਂ ਜਾਗ ਕੇ ਬੋਲਿਆ ਹੋਵੇ, ‘‘ਵੇ ਪੁੱਤ! ਮੈਨੂੰ ਕਿਸੇ ਨੇ ਦੱਸਿਆ ਸੀ ਕਿ ਤੂੰ ਆਹ ਚਿੱਠੀਆਂ ਲਿਖ ਦਿੰਦਾ ਏਂ।’’ ‘‘ਆਹੋ ਬੇਬੇ! ਮੇਰਾ ਇਹੀ ਕੰਮ ਐ।’’ ਮੈਂ ਉਹਦੀ ਚੁੱਪ ਤੋਂ ਕੁਝ ਕਲਪ ਕਿਹਾ। ਕੁਰਸੀ ਖਿੱਚ ਕੇ ਮੇਰੇ ਕਾਊਂਟਰ ਨੇੜੇ ਕਰਦਿਆਂ ਉਹਨੇ ਕਿਹਾ, ‘‘ਵੇ ਪੁੱਤ! ਆਹ ਮੇਰੇ ਵੀ ਚਾਰ ਕੁ ਅੱਖਰ ਲਿਖ ਦੇ। ਮੈਂ ਤੈਨੂੰ ਦੱਸੀ ਜਾਨੀ ਆਂ ਤੇ ਤੂੰ ਲਿਖੀ ਜਾਈਂ।’’ ਮੈਂ ਉਸ ਤੋਂ ਕੁਝ ਖਹਿੜਾ ਜਿਹਾ ਛੁਡਾਉਣ ਦੇ ਮਾਰੇ ਨੇ ਕਿਹਾ, ‘‘ਬੋਲ ਬੇਬੇ ਕੀ ਲਿਖਾਂ!’’ ਉਹ ਮੇਰੀ ਛੱਤ ਦੀਆਂ ਲਾਈਟਾਂ ਵੱਲ ਮੂੰਹ ਚੁੱਕ ਕੇ ਝਾਕੀ ਤੇ ਫਿਰ ਇਕਦਮ ਨੀਵੀਂ ਪਾ ਕੇ ਕਹਿਣ ਲੱਗੀ, ‘‘ਲਿਖ, ਮੈਂ ਅਮਰ ਕੌਰ ਘਰਵਾਲੇ ਦਾ ਨਾਂ ਚਾਨਣ ਸਿੰਘ, ਸਾਧਾਂ ਵਾਲੀ ਬਸਤੀ, ਨਗਰ ਖੇੜਾ, ਮੇਰਾ ਘਰ ਰਤਨੇ ਕੇ ਘਰ ਵਾਲੀ ਪਹੀ ਤੋਂ ਮੁੜ ਕੇ, ਗਾਂਹ ਮਿਲਖੀ ਦੀ ਹੱਟੀ ਕੋਲ ਜਾਂਦੀ ਬੀਹੀ ਵਿੱਚ ਐ। ਘਰ ਵੀ ਕਾਹਦਾ ਹੁਣ ਤਾਂ ਬੱਸ ਮਹੀਨੇ-ਵੀਹਾਂ ਦਿਨਾਂ ਦਾ ਹੀ ਐ, ਡਿੱਗੂੰ-ਡਿੱਗੂੰ ਕਰਦਾ, ਉੱਤੋਂ ਆਹ ਜਾਏ ਖਾਣੇ ਦਾ ਮੀਂਹ ਨਿੱਤ ਚੜ੍ਹ ਕੇ ਆ ਜਾਂਦਾ ਐ। ਕੀ ਪਤਾ ਅਸੀਂ ਸੁੱਤੇ ਹੀ ਰਹਿ ਜਾਈਏ।’’ ਕਹਿੰਦਿਆਂ ਉਹ ਇਕਦਮ ਚੁੱਪ ਕਰ ਗਈ। ਮੈਨੂੰ ਉਹਦੀਆਂ ਗੱਲਾਂ ’ਤੇ ਅਕੇਵਾਂ ਜਿਹਾ ਹੋ ਰਿਹਾ ਸੀ ਕਿ ਜੇ ਕੋਈ ਹੋਰ ਗਾਹਕ ਆ ਗਿਆ ਤਾਂ ਉਹਨੂੰ ਰੋਕਣਾ ਪਵੇਗਾ, ਨਾਲੇ ਅਗਲੇ ਦਾ ਕੀ ਪਤਾ ਰੁਕੇ ਕਿ ਨਾ। ਹੋਰ ਵੀਹ ਦੁਕਾਨਾਂ ਵਾਲੇ ਬੈਠੇ ਨੇ। ਕਿਹੜਾ ਅਗਲਾ ਮੇਰੇ ਆਸਰੇ ਹੀ ਖੜ੍ਹਾ। ਮੈਂ ਚਾਹੁੰਦਾ ਸੀ ਕਿ ਛੇਤੀ-ਛੇਤੀ ਉਹਦੀ ਚਿੱਠੀ ਲਿਖ ਕੇ ਮੱਥੇ ਮਾਰਾਂ। ਉਹ ਫਿਰ ਬੋਲਣ ਲੱਗੀ, ‘‘ਅੱਗੇ ਲਿਖ, ਜਦੋਂ ਦਾ ਚਾਨਣ ਘਰੋਂ ਗਿਐ ਘਰ ਦੇ ਜਾਣੋਂ ਭਾਗ ਹੀ ਲੈ ਗਿਆ ਚੰਦਰਾ ਨਾਲ। ਕੱਖੋਂ ਹੋਲੇ ਕਰ ਗਿਆ ਸਾਨੂੰ ਤਾਂ। ਕੋਈ ਸਾਕ ਸਕੀਰੀ ਨੀਂ ਛੱਡੀ ਪੈਸੇ ਫੜ੍ਹਨ ਵਾਲੀ। ਖ਼ਬਰੇ ਬਿਮਾਰੀ ਚੰਦਰੀ ਲੱਗੀ ਸੀ। ਫਿਰ ਵੱਡਿਉਂ ਛੋਟਾ ਮੁੰਡਾ ਜੀਹਦਾ ਅਸੀਂ ਦੋ ਕੁ ਮਹੀਨੇ ਪਹਿਲਾਂ ਹੀ ਚੁੰਨੀ ਚੜ੍ਹਾਵਾ ਜਿਹਾ ਕਰ ਕੇ ਵਿਆਹ ਕੀਤਾ ਸੀ ਆਖੇ, ਬੀਬੀ ਮੈਂ ਬਾਹਰ ਜਾ ਵੜ੍ਹਦਾਂ ਲੋਕਾਂ ਦੇ ਫੜ੍ਹੇ-ਫੜਾਏ ਪੈਸੇ ਮੋੜ ਦਿਆਂਗੇ। ਉਹ ਵਿਆਜੂ ਸਵਾਏ ਫੜ੍ਹ ਕੇ ਬਾਹਰ ਗਿਆ। ਦੋ ਕੁ ਮਹੀਨੇ ਵਧੀਆ ਕੰਮ ਧੰਦਾ ਕਰਦਾ ਰਿਹਾ ਤੇ ਦੀਵਾਲੀ ਤੋਂ ਪੰਜ ਕੁ ਦਿਨ ਪਹਿਲਾਂ ਸਾਡੇ ਘਰਾਂ ਦੇ ਸਾਰੇ ਬੰਦੇ ਬੁੜ੍ਹੀਆਂ ਘੁਸਰ-ਮੁਸਰ ਜੀ ਕਰਦੇ ਫਿਰਨ। ਨਾਲ ਹੀ ਮੇਰੇ ਦੋਵੇਂ ਛੋਟਾ ਤੇ ਵੱਡਾ ਮੁੰਡਾ ਵੀ ਸੀ। ਮੈਨੂੰ ਦੱਸਣ ਕੁਛ ਵੀ ਨਾ ਬਈ ਕੀ ਗੱਲ ਬਣੀ ਐ। ਉਂਜ, ਮੈਂ ਸੋਚਾਂ ਬਈ ਕੋਈ ਗੱਲ ਤਾਂ ਜ਼ਰੂਰ ਐ। ਫੇਰ ਕੀ ਸੀ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਲਿਆ ਕੇ ਬਕਸੇ ਵਿੱਚ ਪੁੱਤ ਦੀ ਲਾਸ਼ ਰੱਖ ’ਤੀ।’’ ਇਹ ਕਹਿੰਦਿਆਂ ਉਹ ਮਨ ਭੈੜਾ ਕਰ ਆਈ ਤੇ ਅੱਖਾਂ ਵਿੱਚੋਂ ਤਿੱਪ-ਤਿੱਪ ਹੰਝੂ ਕੇਰਨ ਲੱਗੀ। ਇਹ ਦੇਖਦਿਆਂ ਮੇਰਾ ਵੀ ਮਨ ਪਤਲਾ ਪੈ ਗਿਆ ਤੇ ਹਮਦਰਦੀ ਦੇ ਹੰਝੂ ਮੇਰੀਆਂ ਅੱਖਾਂ ਵਿੱਚ ਤੈਰ ਰਹੇ ਸਨ ਭਾਵੇਂ ਭਰ ਕੇ ਉੱਛਲੇ ਨਾ। ਉਹਦੀਆਂ ਗੱਲਾਂ ਸੁਣ ਮੇਰਾ ਰਵੱਈਆ ਪਹਿਲਾਂ ਨਾਲੋਂ ਬਦਲ ਗਿਆ। ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦਿਆਂ ਉਹ ਫੇਰ ਕਹਿਣ ਲੱਗੀ, ‘‘ਉਹਦੇ ਜਾਣ ਬਾਅਦ ਘਰਵਾਲੀ ਚਾਚੇ ਦੇ ਪੁੱਤ ਸਿਰ ਬਿਠਾਉਣੀ ਪਈ। ਉਹਦਾ ਬੇਗਾਨੀ ਧੀ ਦਾ ਕੀ ਕਸੂਰ? ਆਖ਼ਰ ਐਡੀ ਜਿੰਦਗੀ ਕੀਹਦੇ ਆਸਰੇ ਕੱਢੂ? ਵੱਡਾ ਮੁੰਡਾ ਤਾਂ ਪਿਉ ਦੇ ਜਾਣ ਤੋਂ ਬਾਅਦ ਹੀ ਨਸ਼ਿਆਂ ’ਚ ਐਨਾ ਗਰਕ ਹੋਇਆ ਬਈ ਉਹਨੂੰ ਕਿਸੇ ਦੇ ਡੁੱਲ੍ਹਦੇ-ਰਿੱਝਦੇ ਦਾ ਕੋਈ ਭਾਅ ਨੀ। ਦੋ ਮੁੰਡੇ ਆ ਉਹ ਵੀ ਸਕੂਲੋਂ ਤਾਂ ਪੜ੍ਹਨੋਂ ਹਟੇ ਆ। ਮੈਂ ਤਾਂ ਕਈ ਆਂਢਣਾਂ ਗੁਆਂਢਣਾਂ ਤੋਂ ਸੁਣਿਆ ਬਈ ਆਹ ਜਾਏ ਵੱਢੜੇ ਚਿੱਟਾ-ਚੁੱਟਾ ਲਾਉਣ ਲੱਗਗੇ। ਸਾਡੇ ਨਾਲੋਂ ਤਾਂ ਕਦੋਂ ਦੇ ਅੱਡ ਹੋਏ ਆ। ਮੇਰੀ ਨੂੰਹ ਵਿਚਾਰੀ ਦਿਹਾੜੀ ਦੱਪਾ ਕਰ ਕੇ ਢਿੱਡ ਭਰਦੀ ਐ ਸਾਰਿਆਂ ਦਾ। ਮੈਂ ਐਵੇਂ ਕਿਉਂ ਬੇਗਾਨੀ ਧੀ ਨੂੰ ਮਾੜਾ ਆਖਾ, ਜਦੋਂ ਖੋਟਾ ਸਿੱਕਾ ਆਵਦਾ…! ਕਿੰਨੇ ਵਾਰੀ ਤਾਂ ਮੈਂ ਆਥਣੇ ਭੁੱਖੇ ਤਿਹਾਇਆਂ ਨੂੰ ਰੋਟੀਆਂ ਫੜਾਈਆਂ। ਆਖਰ ਮੇਰਾ ਤਾਂ ਢਿੱਡ ਕੁਲਝਦਾ ਮਾਂ ਜੋ ਹੋਈ, ਜਦੋਂ ਉਹ ਵਿਚਾਰੀ ਦਾ ਕੰਮ ਧੰਦਾ ਰੁਕ ਜਾਂਦੈ ਜਾਂ ਬਿਮਾਰ-ਠਮਾਰ ਹੋ ਜਾਂਦੀ ਐ।” ਇਹ ਕਹਿੰਦਿਆਂ ਉਹ ਫੇਰ ਅੱਖਾਂ ਭਰ ਆਈ ਤੇ ਭਰੇ ਗੱਚ ਨਾਲ ਉਹਦੀ ਆਵਾਜ਼ ਬਦਲ ਗਈ। ਮੇਰੇ ਦਿਮਾਗ਼ ਵਿੱਚ ਵੀ ਮਹਾਤਮਾ ਬੁੱਧ ਦੀ ਕਹੀ ਗੱਲ ਯਾਦ ਆ ਗਈ ਕਿ ਸੰਸਾਰ ਦੁੱਖਾਂ ਦਾ ਘਰ ਹੈ। ਬਿੰਦ ਦਾ ਬਿੰਦ ਉਹਦੇ ਝੁਰੜੀਆਂ ਭਰੇ ਚਿਹਰੇ ਵੱਲ ਵੇਖ ਉਹਦੇ ਜੀਵਨ ਦੀ ਨਿਰਾਸ਼ਾ ਦਾ ਅੰਦਾਜ਼ਾ ਲਾਉਂਦਾ ਰਿਹਾ। ਅੱਖਾਂ ਪੂੰਝ ਉਹ ਫੇਰ ਬੋਲਣ ਲੱਗੀ, ‘‘ਓਧਰੋਂ ਲੈਣੇ-ਦੇਣੇ ਵਾਲੇ ਤੋੜ-ਤੋੜ ਖਾਣ ਬਈ ਸਾਡੇ ਪੈਸੇ ਤਾਂ ਹੁਣੇ ਦਿਉ। ਘਰ ਵਿੱਚ ਸੂਣ ਵਾਲੀ ਮੱਝ ਖੜ੍ਹੀ ਸੀ, ਹਾਰ ਕੇ ਦਿਨਾਂ ’ਤੇ ਉਹ ਵੇਚੀ। ਸੋਚਿਆ ਸੀ ਚੱਲ ਦੁੱਧ ਹੋ ਜਾਊ ਭੋਰਾ ਪੋਤੇ ਪੋਤੀਆਂ ਦੇ ਮੂੰਹ ਵਿੱਚ ਪੈ ਜਾਇਆ ਕਰੂ, ਪਰ…! ਛੋਟੇ ਮੁੰਡੇ ਵਿਚਾਰੇ ਨੇ ਦਿਨ ਰਾਤ ਭੱਠੇ ’ਤੇ ਕੰਮ ਕਰਕੇ ਇੱਕ ਦੋ ਜਣਿਆਂ ਦੇ ਪੈਸੇ ਮੋੜੇ। ਚਾਰ ਕੁ ਸਾਲ ਪਹਿਲਾਂ ਓਹਨੇ ਵਿਆਹ ਕਰਵਾਇਆ। ਮਸਾਂ ਦੋ ਕੁ ਸਾਲ ਸਹੀ ਰਹੀ। ਪਿੱਛੋੋਂ ਉਹਨੂੰ ਸ਼ੂਗਰ ਦੇ ਨਾਲ ਹੋਰ ਦੋ ਤਿੰਨ ਬਿਮਾਰੀਆਂ ਬਣ ਗਈਆਂ। ਦੋ ਸਾਲ ਹੋ ਗਏ ਮੰਜੇ ’ਤੇ ਪਈ ਐ। ਚੰਦਰੀ ਨਾ ਕੁਛ ਖਾਂਦੀ ਐ ਨਾ ਪੀਂਦੀ। ਬੱਸ ਸਾਹ ਹੀ ਚੱਲਦੇ ਐ। ਪੇਕੇ ਕਹਿੰਦੇ, ਥੋਡੇ ਘਰੇ ਆ ਕੇ ਸਾਡੀ ਕੁੜੀ ਬਿਮਾਰ ਹੋਈ ਐ। ਦੋ ਭੋਰਾ-ਭਰ ਨਿਆਣੇ ਐ, ਇੱਕ ਕੁੜੀ ਇੱਕ ਮੁੰਡਾ। ਉਨ੍ਹਾਂ ਨੂੰ ਮੈਂ ਢਿੱਡ ਨਾਲ ਲਾਈ ਫਿਰਦੀ ਆਂ। ਆਖਰ ਮੇਰੇ ਪੁੱਤ ਦੀ ਅਣਸ ਐ।’’ ਇਹ ਕਹਿੰਦਿਆਂ ਹੁਬਕੀ-ਹੁਬਕੀ ਰੋ ਪਈ। ਮੈਨੂੰ ਇਉਂ ਲੱਗਾ ਜਿਵੇਂ ਕਿਸੇ ਨੇ ਮੇਰੀਆਂ ਆਂਦਰਾਂ ਦਾ ਰੁੱਗ ਭਰ ਲਿਆ ਹੋਵੇ। ‘‘ਪੁੱਤ, ਮੇਰਾ ਘਰ ਦੀ ਹਾਲਤ ਵੇਖ ਕੇ ਸ਼ੁਦਾਈ ਹੋਇਆ ਫਿਰਦਾ ਬੱਸ ਉਹਦੇ ਮੰਜੇ ਦੇ ਕੋਲ ਬੈਠਾ ਰੋਈ ਹੀ ਜਾਂਦੈ। ਕਹਿੰਦਾ ਤੇਰੇ ਬਿਨਾਂ ਮੇਰੇ ਜਵਾਕਾਂ ਦਾ ਕੀ ਬਣੂ। ਵੇ ਪੁੱਤ, ਲਿਖ ਦੇਵੀਂ ਕਿ ਦੋ-ਚਾਰ ਸਾਲ ਮੇਰੇ ਸਿਰ ਦੇ ਸਾਂਈ ਚਾਨਣ ਨੂੰ ਤੇ ਉਹਦੇ ਪੁੱਤ ਮਾਘੀ ਨੂੰ ਮੋੜ ਦੇ। ਸਾਡੇ ਘਰ ਦਾ ਹਾਲ ਬਹੁਤ ਮਾੜਾ ਏ। ਸਾਡਾ ਕੋਈ ਇੱਥੇ ਹੱਥ ਨੀ ਫੜ੍ਹਦਾ। ਜਦੋਂ ਮਾੜਾ ਜਿਹਾ ਅਸੀਂ ਪੈਰਾਂ ਭਾਰ ਹੋ ਗਏ ਦੁੱਖਾਂ ਨੂੰ ਸਹਿਣ ਵਾਲੇ ਤਾਂ ਸੱਦ ਲਈਂ ਆਵਦੇ ਕੋਲ, ਪਰ ਹੁਣ ਮੋੜ ਦੇ ਮੈਂ ਕੱਲੀ ਦੱਸ ਕਿੱਧਰ ਜਾਵਾਂ?’’ ਇਹ ਸਾਰੇ ਬੋਲ ਉਹ ਰੋਂਦਿਆਂ ਹੀ ਬੋਲ ਰਹੀ ਸੀ। ਇੱਕ ਵਾਰੀ ਮੇਰਾ ਜੀ ਕੀਤਾ ਕਹਿ ਦੇਵਾਂ, ‘ਬੇਬੇ, ਮਰੇ ਹੋਏ ਵੀ ਕਿਤੇ ਮੁੜੇ ਐ।’ ਪਰ ਫੇਰ ਪਤਾ ਨਹੀਂ ਕਿਹੜੀ ਸ਼ੈਅ ਨੇ ਮੈਨੂੰ ਰੋਕ ਦਿੱਤਾ ਤੇ ਮੈਂ ਬੇਬੇ ਨੂੰ ਕੁਵੇਲਾ ਹੁੰਦਿਆਂ ਦੇਖ ਕਿਹਾ, ‘‘ਬੱਸ ਬਹੁਤ ਐ ਬੇਬੇ, ਤੂੰ ਜਵਾਕ ਵੀ ਘਰੇ ਛੱਡੇ ਤੇ ਨਾਲੇ ਤੂੰ ਕੰਮ ਵੀ ਕਰਨ ਜਾਣਾ ਹੋਣਾ।” ‘‘ਆਹੋ ਪੁੱਤ, ਮੈਨੂੰ ਤਾਂ ਚੇਤਾ ਹੀ ਨੀ ਰਿਹਾ। ਉਹ ਤਾਂ ਮੈਨੂੰ ਅਲੀ-ਅਲੀ ਕਰਨਗੇ। ਲਿਖ ਦੇ ਚਿੱਠੀ ਦਾ ਜਵਾਬ ਛੇਤੀ ਦੇਵੀਂ। ਕਿਤੇ ਅੱਗੇ ਲੀਡਰਾਂ ਨੂੰ ਪਾਈਆਂ ਚਿੱਠੀਆਂ ਵਾਂਗ ਤੂੰ ਵੀ ਜਵਾਬ ਦੇਣਾ ਨਾ ਭੁੱਲ ਜਾਈਂ। ਇਉਂ ਕਰ ਪੁੱਤ ਇਹਦੀਆਂ ਚਾਰ ਕਾਪੀਆਂ ਬਣਾ ਦੇਵੀਂ।” ਮੈਨੂੰ ਹਾਲੇ ਤੱਕ ਇਹ ਪਤਾ ਨਹੀਂ ਲੱਗਿਆ ਸੀ ਬਈ ਚਿੱਠੀ ਲਿਖਵਾਈ ਕੀਹਨੂੰ ਐ। ਜਦੋਂ ਮੈਂ ਅਖੀਰ ਪੁੱਛਿਆ, ‘‘ਬੇਬੇ, ਚਿੱਠੀ ਜੀਹਨੂੰ ਭੇਜਣੀ ਐ ਉਹਦਾ ਪਤਾ?’’ ‘‘ਪੁੱਤ, ਇਹ ਚਿੱਠੀਆਂ ਰੱਬ ਦੇ ਨਾਂ ’ਤੇ ਪਾਉਣੀਐਂ। ਇੱਕ ’ਤੇ ਮੰਦਰ ਲਿਖ, ਇੱਕ ’ਤੇ ਗੁਰਦੁਆਰਾ, ਇੱਕ ’ਤੇ ਮਸਜਿਦ ਤੇ ਇੱਕ ’ਤੇ ਚਰਚ ਦਾ ਪਤਾ ਲਿਖ ਦੇ।’’ ਇਹ ਸੁਣ ਮੇਰੀ ਰੂਹ ਝੰਜੋੜੀ ਗਈ। ਮਨ ਤੜਫ਼-ਤੜਫ਼ ਜਿਵੇਂ ਕਹਿ ਰਿਹਾ ਹੋਵੇ, ‘ਬੇਬੇ, ਬੇਈਮਾਨ ਤੇ ਸਰਮਾਏਦਾਰਾਂ ਦੇ ਦੇਸ਼ ਵਿੱਚ ਰਹਿੰਦਿਆਂ ਰੱਬ ਕੋਲ ਤੇਰੀ ਗ਼ਰੀਬਣੀ ਦੀਆਂ ਚਿੱਠੀਆਂ ਦਾ ਜਵਾਬ ਦੇਣ ਦਾ ਸਮਾਂ ਕਿੱਥੇ ਹੋਊ।’ ਇਹ ਸੋਚਦਿਆਂ ਮੈਂ ਚਿੱਠੀਆਂ ਵਾਲੇ ਲਿਫ਼ਾਫ਼ੇ ਉਹਨੂੰ ਫੜਾ ਦਿੱਤੇ।
ਸੰਪਰਕ: 99142-98580
* * *
ਇੱਜ਼ਤਦਾਰ
ਹਰਭਿੰਦਰ ਸਿੰਘ ਸੰਧੂ
ਲੋਹੇ ਵਾਲੀ ਵਰਕਸ਼ਾਪ ਦੇ ਬਾਹਰੋਂ ਲੋਹੇ ਦੇ ਛੋਟੇ ਅਤੇ ਬਾਰੀਕ ਟੁਕੜੇ ਇਕੱਠੇ ਕਰਦੀਆਂ ਮਾਵਾਂ ਧੀਆਂ ਨੂੰ ਦੇਖ, ਦੁਕਾਨ ਦਾ ਮਾਲਕ ਆਪਣੇ ਛੋਟੇ ਨੌਕਰ ਬਿੰਦੂ ਨੂੰ ਸ਼ਰਾਰਤ ਭਰੇ ਲਹਿਜੇ ਵਿੱਚ ਬੋਲਿਆ, ‘‘ਉਏ ਛੋਟੂ… ਤੇਰਾ ਵਿਆਹ ਨਾ ਕਰ ਦੇਈਏ ਇਸ ਕੁੜੀ ਨਾਲ।’’ ਉਸ ਨੇ ਆਪਣੀ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਕੁੜੀ ਦੀ ਮਾਂ ਆਪਣੀ ਧੀ ਦਾ ਹੱਥ ਘੁੱਟ ਕੇ ਫੜ੍ਹਦੀ ਹੋਈ ਬੋਲੀ, ‘‘ਸਰਦਾਰ ਜੀ, ਗ਼ਰੀਬ ਜ਼ਰੂਰ ਹਾਂ ਅਸੀਂ, ਪਰ ਇੱਜ਼ਤਦਾਰ ਹਾਂ।’’ ਇੰਨਾ ਕਹਿੰਦੀ ਹੋਈ ਉਹ ਆਪਣੀ ਧੀ ਨੂੰ ਨਾਲ ਲੈ ਕੇ ਅਗਲੀਆਂ ਦੁਕਾਨਾਂ ਵੱਲ ਹੋ ਤੁਰੀ। ਹੁਣ ਦੁਕਾਨ ਦਾ ਮਾਲਕ ਸ਼ਰਮਿੰਦਾ ਜਿਹਾ ਹੁੰਦਾ ਹੋਇਆ ਆਪਣੀ ਦੁਕਾਨ ਦੇ ਪਿੱਛੇ ਬਣੇ ਕੈਬਿਨ ਵਿੱਚ ਜਾ ਬੈਠਾ।
ਸੰਪਰਕ: 97810-81888
* * *
ਲੜਾਈ ਲੜਾਈ ਦਾ ਫ਼ਰਕ
ਜਗਦੇਵ ਸ਼ਰਮਾ
‘‘ਸਾਥੀਓ! ਸਾਨੂੰ ਇਹ ਗੱਲ ਅੱਜ ਚੰਗੀ ਤਰ੍ਹਾਂ ਸਮਝਣੀ ਹੋਵੇਗੀ ਕਿ ਜੇਕਰ ਅੱਜ ਅਸੀਂ ਨਾ ਜਾਗੇ ਤਾਂ ਸਾਡਾ ਧਰਮ ਲੋਪ ਹੋ ਜਾਵੇਗਾ। ਤੁਹਾਡੇ ਪੂਜਾ ਸਥਾਨਾਂ ’ਤੇ ਬਿਗਾਨਿਆਂ ਦਾ ਕਬਜ਼ਾ ਹੋ ਜਾਵੇਗਾ। ਤੁਹਾਡੀ ਬੋਲੀ ਨਹੀਂ ਰਹੇਗੀ। ਤੁਹਾਡਾ ਖਾਣਾ, ਤੁਹਾਡਾ ਪਹਿਨਣਾ, ਤੁਹਾਡੇ ਰੱਬਾਂ, ਤੁਹਾਡਾ ਸੱਭਿਆਚਾਰ ਤੁਹਾਨੂੰ ਭੁਲਾ ਦਿੱਤਾ ਜਾਵੇਗਾ। ਆਪਣੇ ਧਰਮ ਦੀ ਰੱਖਿਆ ਵਾਸਤੇ ਤੁਹਾਨੂੰ ਤਕੜਿਆਂ ਹੋਣਾ ਪਵੇਗਾ। ਕੌਮਾਂ ਉਹ ਹੀ ਜਿਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੇ ਹੱਥ ਵਿੱਚ ਸੱਤਾ ਹੁੰਦੀ ਹੈ। ਹੁਣ ਇਹ ਫ਼ੈਸਲਾ ਤੁਸੀਂ ਯਾਨੀ ਕਿ ਜਨਤਾ ਜਨਾਰਦਨ ਨੇ ਕਰਨਾ ਹੈ ਕਿ ਤੁਸੀਂ ਆਪਣਾ ਧਰਮ ਬਚਾਉਣਾ ਹੈ ਜਾਂ ਨਹੀਂ। ਦੁਸ਼ਮਣ ਨੂੰ ਕਮਜ਼ੋਰ ਕਰਨ ਲਈ ਸਾਮ ਦਾਮ ਦੰਡ ਭੇਦ ਆਦਿ ਸਾਰੇ ਹਥਕੰਡੇ ਵਰਤਣੇ ਪੈਣਗੇ। ਸੱਤਾ ਆਪਣੇ ਹੱਥਾਂ ਵਿੱਚ ਰੱਖਣ ਲਈ ਕਿਸੇ ਵੀ ਕਿਸਮ ਦੀ ਲੜਾਈ ਲੜਨ ਲਈ ਤੁਹਾਨੂੰ ਤਿਆਰ ਰਹਿਣਾ ਪਵੇਗਾ। ਮੈਂ ਤਾਂ ਤੁਹਾਨੂੰ ਅਪੀਲ ਕਰਾਂਗਾ ਕਿ ਮਰਨ ਮਾਰਨ ਲਈ ਤਿਆਰ ਰਹੋ। ਅੱਗੇ ਤੁਹਾਡੀ ਮਰਜ਼ੀ।’’
ਪਾਰਟੀ ਦਾ ਤੇਜ਼ ਤਰਾਰ ਬੁਲਾਰਾ ਆਪਣੀ ਗੱਲ ਕਹਿ ਕੇ ਬੈਠ ਗਿਆ ਸੀ। ਇਸ ਤੋਂ ਪਹਿਲਾਂ ਕਿ ਭੀੜ ਵਿੱਚ ਪਹਿਲਾਂ ਤੋਂ ਹੀ ਫਿੱਟ ਕਰ ਕੇ ਬਹਾਏ ਹੋਏ ਪਿਆਦੇ ਨਾਹਰੇ ਮਾਰਨੇ ਸ਼ੁਰੂ ਕਰਦੇ, ਭੀੜ ਵਿੱਚੋਂ ਫਟੀ ਹੋਈ ਸਾੜ੍ਹੀ ਪਹਿਨੀ ਇੱਕ ਔਰਤ ਖੜ੍ਹੀ ਹੋ ਕੇ ਆਪਮੁਹਾਰੇ ਬੋਲਣ ਲੱਗ ਪਈ, ‘‘ਭਾਈ ਸਾਹਿਬ! ਮੇਰੇ ਸਮੇਤ ਆਹ ਭੀੜ ਵਿੱਚ ਬੈਠੇ ਬਹੁਤ ਸਾਰੇ ਲੋਕ ਤੇਰੇ ਵਾਲੇ ਧਰਮ ਦੇ ਹੀ ਜਾਪਦੇ ਹਨ। ਸਾਨੂੰ ਤਾਂ ਸਾਡੇ ਧਰਮ ’ਤੇ ਕੋਈ ਖ਼ਤਰੇ ਦੇ ਬੱਦਲ ਮੰਡਰਾਉਂਦੇ ਦਿਖਾਈ ਨਹੀਂ ਦਿੰਦੇ। ਬੇਸ਼ੱਕ, ਲੋਕਾਂ ਦੇ ਹੱਥ ਖੜ੍ਹੇ ਕਰਵਾ ਕੇ ਪੁੱਛ ਲਓ। ਆਂਢ-ਗੁਆਂਢ ਵਿੱਚ ਵਸਦੇ ਸਾਰੇ ਧਰਮਾਂ ਦੇ ਲੋਕ ਇੱਕ-ਦੂਜੇ ਨਾਲ ਰਲ-ਮਿਲ ਕੇ ਰਹਿੰਦੇ ਹਨ। ਇੱਕ-ਦੂਜੇ ਦੇ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ। ਇੱਕ-ਦੂਜੇ ਦੀ ਖ਼ੁਸ਼ੀ ਗ਼ਮੀ ਵਿੱਚ ਸ਼ਰੀਕ ਹੁੰਦੇ ਹਨ। ਵਿਆਹ ਸ਼ਾਦੀਆਂ ਰਲ-ਮਿਲ ਕੇ ਕਰਦੇ ਹਨ। ਇੱਥੋਂ ਤੱਕ ਕਿ ਸਾਰੇ ਧਰਮਾਂ ਦੇ ਤਿਉਹਾਰ ਸਾਂਝੇ ਰੂਪ ਵਿੱਚ ਮਨਾਏ ਜਾਂਦੇ ਹਨ। ਵਧਾਈਆਂ ਦਿੱਤੀਆਂ ਜਾਂਦੀਆਂ ਹਨ, ਮਿਠਾਈਆਂ ਵਟਾਈਆਂ ਜਾਂਦੀਆਂ ਹਨ। ਫਿਰ ਸਾਡੀ ਦੂਜੇ ਧਰਮ ਨਾਲ ਕਿਸ ਗੱਲ ਦੀ ਲੜਾਈ ਹੋਈ? ਹਾਂ, ਇੱਕ ਲੜਾਈ ਸਾਡੀ ਵੀ ਹੈ। ਇਹ ਲੜਾਈ ਸਾਡੀ ਸਾਰੇ ਧਰਮਾਂ ਦੀ ਸਾਂਝੀ ਹੈ ਅਤੇ ਇਸ ਲੜਾਈ ਦਾ ਤੁਹਾਡੇ ਵਾਲੀ ਲੜਾਈ ਨਾਲੋਂ ਫ਼ਰਕ ਹੈ। ਸਾਡੀ ਲੜਾਈ ਹੈ ਗ਼ਰੀਬੀ ਨਾਲ, ਸਾਡੀ ਲੜਾਈ ਹੈ ਅਨਪੜ੍ਹਤਾ ਅਤੇ ਬੇਰੁਜ਼ਗਾਰੀ ਨਾਲ, ਮਹਿੰਗਾਈ ਨਾਲ, ਸਾਡੀ ਲੜਾਈ ਹੈ ਪੇਟ ਦੀ ਭੁੱਖ ਨਾਲ ਅਤੇ ਸਾਡੀ ਲੜਾਈ ਹੈ ਸਮਾਜ ਵਿੱਚ ਧਰਮ ਦੇ ਨਾਂ ’ਤੇ ਵੰਡੀਆਂ ਪਾਉਣ ਵਾਲਿਆਂ ਨਾਲ। ਇਹ ਲੜਾਈ ਸਾਨੂੰ ਸਾਰਿਆਂ ਨੂੰ ਜਾਤ ਧਰਮ ਤੋਂ ਉੱਪਰ ਉੱਠ ਕੇ ਇਕੱਠਿਆਂ ਹੋ ਕੇ ਲੜਨੀ ਪਵੇਗੀ।’’
ਕਹਿ ਕੇ ਅਮਨ ਸ਼ਾਂਤੀ ਦੀ ਪ੍ਰਤੀਕ ਉਹ ਅੱਧਖੜ੍ਹ ਔਰਤ ਭੀੜ ਵਿੱਚ ਕਿਧਰੇ ਗਾਇਬ ਹੋ ਗਈ ਸੀ।
ਸੰਪਰਕ: 98727-87243
* * *
ਅਫ਼ਸੋਸ
ਜਗਤਾਰ ਗਰੇਵਾਲ ‘ਸਕਰੌਦੀ’
ਮੈਨੂੰ ਖੇਤਾਂ ਤੋਂ ਘਰ ਵੱਲ ਆਉਂਦੇ ਨੂੰ ਰਸਤੇ ’ਚ ਸਾਈਕਲ ’ਤੇ ਆਉਂਦਾ ਜਰਨੈਲ ਪੰਚ ਦਾ ਭਤੀਜਾ ਗਿੰਦਰ ਮਿਲ ਗਿਆ। ਮੈਂ ਆਵਾਜ਼ ਮਾਰ ਲਈ, ‘‘ਗਿੰਦਰਾ ਚਲਦੇ ਆਂ।’’
ਸੁਣ ਕੇ ਉਹ ਰੁਕ ਗਿਆ ਤੇ ਮੈਂ ਚੱਕਵੇਂ ਪੈਰੀਂ ਉਹਦੇ ਨਾਲ ਜਾ ਰਲਿਆ। ‘‘ਹੋਰ ਸੁਣਾ ਕੀ ਬਣਦਾ ਅੱਜਕੱਲ੍ਹ?’’
‘‘ਬਸ ਬਾਈ, ਹੋਈ ਜਾਂਦੈ ਟਾਈਮ ਪਾਸ,’’ ਗਿੰਦਰ ਨੇ ਹੁੰਗਾਰਾ ਭਰਿਆ।
‘‘ਕਿੱਧਰ ਨੂੰ ਚੱਲਿਆ ਸੀ ਗੇੜਾ ਮਾਰਨ ਐਧਰ?’’ ਮੈਂ ਗੱਲ ਅੱਗੇ ਤੋਰ ਲਈ।
‘‘ਚਾਚੇ ਵੱਲ ਚੱਲਿਆ ਸੀ ਬਾਈ। ਉਹ ਛੋਟੇ ਬਾਈ ਦੀ ਘਰਵਾਲੀ ਕੋਲ ਬੱਚਾ ਹੋਣ ਵਾਲਾ ਸੀ ਨਾ।’’
‘‘ਹਾਂ ਹਾਂ… ਆਈ ਕੋਈ ਖੁਸ਼ਖਬਰੀ? ਪਹਿਲਾ ਬੱਚਾ ਈ ਐ ਨਾ… ਡੇਢ ਕੁ ਸਾਲ ਈ ਹੋਇਆ ਵਿਆਹ ਨੂੰ…।’’ ਮੈਂ ਉਤਸੁਕਤਾ ਨਾਲ ਪੁੱਛਿਆ।
‘‘ਖੁਸ਼ਖਬਰੀ ਕਾਹਦੀ ਬਾਈ, ਪਹਿਲੀ ਹੀ ਕੁੜੀ ਹੋ ਗਈ, ਸਾਰਾ ਟੱਬਰ ਰੋਈ ਜਾਂਦੈ ਰਾਤ ਦਾ। ਬਾਈ ਨੇ ਤਾਂ ਮੁੰਡੇ ਦਾ ਨਾਂ ਵੀ ਸੋਚ ਰੱਖਿਆ ਸੀ… ਬਸ ਉਮੀਦ ਹੀ ਟੁੱਟ ਗਈ ਇਕਦਮ ਸਭ ਦੀ,’’ ਇਹ ਕਹਿ ਕੇ ਉਹ ਚੁੱਪ ਕਰ ਗਿਆ ਤੇ ਮੈਂ ਨਾ ਹਾਂ ਤੇ ਨਾ ਨਾਂਹ ’ਚ ਹੁੰਗਾਰਾ ਭਰਿਆ।
ਉਹ ਫੇਰ ਬੋਲਿਆ, ‘‘ਬਸ ਬਾਈ, ਉਧਰ ਹੀ ਜਾ ਰਿਹਾਂ। ਨਾਲੇ ਤਾਂ ਅਫ਼ਸੋਸ ਕਰ ਆਈਏ ਨਾਲੇ ਪਰਿਵਾਰ ਨੂੰ ਹੌਂਸਲਾ ਦੇ ਆਈਏ ਜੋ ਹੋਣਾ ਸੀ ਉਹ ਤਾਂ ਹੋ ਗਿਆ।’’
ਸੁਣ ਮੈਂ ਜਿਵੇਂ ਸੁੰਨ ਜਿਹਾ ਹੋ ਗਿਆ।
ਬੱਚੇ ਦੇ ਜੰਮਣ ’ਤੇ ਵੀ ਮਰੇ ਵਾਂਗ ਮਾਤਮ ਹੋ ਸਕਦਾ ਹੈ, ਇਹ ਮੇਰੀ ਸਮਝ ਤੋਂ ਪਰ੍ਹੇ ਦੀ ਗੱਲ ਸੀ।
ਸੰਪਰਕ: 94630-36033
* * *
ਪਾਣੀ ਦੀ ਕੀਮਤ
ਜਸਵੀਰ ਸ਼ਰਮਾ
ਜਿਉਂ ਹੀ ਪੋਤਰੀ ਡੌਲੀ ਨੇ ਸਵੇਰੇ ਸਵੇਰੇ ਬੁਰਸ਼ ਕਰਨ ਲਈ ਟੂਟੀ ਤੋਂ ਪਾਣੀ ਛੱਡਿਆ, ਮੇਰੀ ਨਿਗਾਹ ਉਹਦੇ ’ਤੇ ਜਾ ਪਈ। ਪਹਿਲਾਂ ਉਹਨੇ ਟੂਟੀ ਛੱਡੀ, ਫਿਰ ਬੁਰਸ਼ ਚੱਕਿਆ, ਫਿਰ ਪੇਸਟ ਲਾਈ ਤੇ ਹੌਲੀ ਹੌਲੀ ਬੁਰਸ਼ ਕਰਨ ਲੱਗੀ ਤੇ ਟੂਟੀ ਲਗਾਤਾਰ ਚੱਲ ਰਹੀ ਸੀ। ਮੈਂ ਉੱਠ ਕੇ ਟੂਟੀ ਬੰਦ ਕੀਤੀ ਤੇ ਬੜੇ ਪਿਆਰ ਨਾਲ ਕਿਹਾ, ‘‘ਬੇਟੇ। ਪਾਣੀ ਟੂਟੀ ਵਿੱਚੋਂ ਓਦੋਂ ਛੱਡੋ ਜਦੋਂ ਲੋੜ ਹੋਵੇ ਤੇ ਛੱਡੋ ਵੀ ਲੋੜ ਮੁਤਾਬਿਕ ਕਿਉਂਕਿ ਦਿਨੋਂ ਦਿਨ ਪਾਣੀ ਦੀ ਕਮੀ ਹੋ ਰਹੀ ਹੈ ਪੁੱਤਰ। ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਚਲਾ ਗਿਆ ਹੈ। ਬਹੁਤ ਸਾਰੇ ਐਸੇ ਲੋਕ ਹਨ ਜਿਨ੍ਹਾਂ ਨੂੰ ਪਾਣੀ ਬਹੁਤ ਔਖਾ ਨਸੀਬ ਹੁੰਦਾ ਹੈ ਤੇ ਪਾਣੀ ਲੈਣ ਲਈ ਬਹੁਤ ਦੂਰ ਜਾਣਾ ਪੈਂਦਾ ਹੈ। ਜੇਕਰ ਸੰਜਮ ਨਾਲ ਵਰਤਾਂਗੇ ਤਾਂ ਹੀ ਚੰਗੀ ਗੱਲ ਹੈ।’’ ਪਰ ਡੌਲੀ ਰੋਂਦੀ ਰੋਂਦੀ ਆਪਣੀ ਮਾਂ ਕੋਲ ਚਲੀ ਗਈ ਤੇ ਕਹਿਣ ਲੱਗੀ, ‘‘ਮੰਮੀ, ਦਾਦੂ ਬੁਰਸ਼ ਨਹੀਂ ਕਰਨ ਦਿੰਦੇ।’’ ਨੂੰਹ ਨੇ ਵੀ ਮੇਰੇ ਵੱਲ ਕੌੜੀ ਨਿਗਾਹ ਨਾਲ ਦੇਖਿਆ ਤੇ ਕਹਿਣ ਲੱਗੀ, ‘‘ਡੈਡੀ, ਕਿਉਂ ਝਿੜਕਦੇ ਹੋ ਬੱਚਿਆਂ ਨੂੰ? ਆਪਣੇ ਬੱਚਤ ਕਰਨ ਨਾਲ ਕਿੰਨੀ ਕੁ ਬੱਚਤ ਹੋਵੇਗੀ ਪਾਣੀ ਦੀ। ਗੁਆਂਢੀ ਵੇਖੋ ਜਿਉਂ ਘੰਟੇ ਦੇ ਕਾਰ ਧੋਣ ਲੱਗੇ ਨੇ ਉਨ੍ਹਾਂ ਨੂੰ ਹਟਾਓ।’’ ‘‘ਪੁੱਤਰ, ਆਪਾਂ ਆਪਣੇ ਘਰ ਤੋਂ ਬੱਚਤ ਸ਼ੁਰੂ ਕਰੀਏ ਤਾਂ ਹੀ ਆਪਾਂ ਦੂਜਿਆਂ ਨੂੰ ਕਹਿ ਸਕਦੇ ਹਾਂ। ਪਾਣੀ ਦੀ ਕੀ ਕੀਮਤ ਹੈ ਇਹ ਉਨ੍ਹਾਂ ਨੂੰ ਪੁੱਛੋ ਜਿਨ੍ਹਾਂ ਨੂੰ ਦੂਰੋਂ ਪੀਣ ਲਈ ਪਾਣੀ ਲਿਆਉਣਾ ਪੈਂਦਾ ਹੈ।’’ ਪਰ ਨੂੰਹ ’ਤੇ ਇਸ ਗੱਲ ਦਾ ਕੋਈ ਅਸਰ ਨਹੀਂ ਸੀ ਹੋਇਆ। ਉਸ ਨੇ ਪਹਿਲਾਂ ਤੋਂ ਵੀ ਜ਼ਿਆਦਾ ਟੂਟੀ ਖੋਲ੍ਹੀ ਤੇ ਡੌਲੀ ਨੂੰ ਕਹਿੰਦੀ, ‘‘ਲੈ ਪੁੱਤ ਕਰ ਲੈ ਬੁਰਸ਼।’’ ਮੈਥੋਂ ਇਹ ਗੱਲ ਬਰਦਾਸ਼ਤ ਨਾ ਹੋਈ ਤੇ ਬਿਨਾਂ ਚਾਹ ਪੀਤਿਆਂ ਹੀ ਮੈਂ ਘਰੋਂ ਬਾਹਰ ਨਿਕਲ ਗਿਆ। ਦਿਲ ਹੀ ਦਿਲ ਸੋਚਣ ਲੱਗਾ ਕਿ ਕੌਣ ਲੱਗਦਾ ਹੈ ਹੁਣ ਬੁੜ੍ਹਿਆਂ ਦੇ ਆਖੇ? ਜਦੋਂ ਦੁਖਣ ਲੱਗੀਆਂ ਓਦੋਂ ਹੀ ਪੱਟੀਆਂ ਬੰਨ੍ਹਣਗੇ।
ਸੰਪਰਕ: 95691-49556
* * *
ਗੁਆਚਿਆ ਰੱਬ
ਕਰਮਜੀਤ ਕੌਰ ਅੰਜੂ
‘‘ਨੀ ਪ੍ਰੀਤ ਦੇਖੀਂ ਮੇਰੀ ਛਾਂਪ ਦਾ ਨਗ ਪਾਥੀਆਂ ਪੱਥਦੀ ਦਾ ਕਿਤੇ ਲਹਿ ਕੇ ਡਿੱਗ ਗਿਆ।’’ ਪਾਥੀਆਂ ਨੂੰ ਇੱਧਰ ਉੱਧਰ ਖਿਸਕਾਉਂਦੀ ਹੋਈ ਬੇਬੇ ਕਰਮੀ ਕੋਲੋਂ ਲੰਘਦੀ ਪ੍ਰੀਤ ਨੂੰ ਕਹਿੰਦੀ ਹੈ। ਗੁਆਂਢੀਆਂ ਦੀ ਪ੍ਰੀਤ ਵੀ ਹੱਥ ਨਾਲ ਨੱਕ ਨੂੰ ਘੁੱਟਦੀ ਹੋਈ ਇੱਧਰ-ਉੱਧਰ ਨਿਗਾਹ ਮਾਰ ਬੇਬੇ ਤੋਂ ਖਹਿੜਾ ਛੁਡਾਉਣ ਲਈ ਕਹਿੰਦੀ ਹੈ, ‘‘ਬੇਬੇ, ਇੱਥੇ ਤੇਰਾ ਕਿਹੜਾ ਨਗ ਲੱਭਣੈ, ਕਿਸੇ ਪਾਥੀ ’ਚ ਪੱਥ ਦਿੱਤਾ ਹੋਣੈ। ਬੇਬੇ ਗੁਆਚੇ ਨਗ ਕਾਹਨੂੰ ਲੱਭਦੇ ਨੇ।’’ ਬੇਬੇ ਕਰਮੀ ਇੱਕ ਪਲ ਲਈ ਆਪਣੀ ਨਗ ਵਾਲੀ ਗੱਲ ਭੁੱਲ ਪ੍ਰੀਤ ਦੇ ਮੂੰਹ ਵੱਲ ਇੱਕ-ਟੱਕ ਵੇਖਦੀ ਹੈ। ਪ੍ਰੀਤ ਉੱਥੋਂ ਖਿਸਕ ਜਾਂਦੀ ਹੈ। ਬੇਬੇ ਖੜ੍ਹੀ ਉਸ ਨੂੰ ਜਾਂਦੀ ਨੂੰ ਵੇਖਦੀ ਐ।
‘‘ਬੇਬੇ, ਮੇਰੀ ਧੀ ਦੀ ਯਾਦ ਹਰ ਪਲ ਮੇਰਾ ਪਿੱਛਾ ਕਰਦੀ ਐ ਕੀ ਕਰਾਂ ਮੈਂ।’’ ਰੋਂਦੀ ਹੋਈ ਪ੍ਰੀਤ ਨੇ ਬੇਬੇ ਕਰਮੀ ਨੂੰ ਕਿਹਾ ਸੀ, ਜਦੋਂ ਦੂਸਰਾ ਬੱਚਾ ਚੈੱਕ ਕਰਾਉਣ ’ਤੇ ਵੀ ਕੁੜੀ ਦੱਸਿਆ। ਪਹਿਲਾਂ ਵੀ ਉਸ ਦੇ ਇੱਕ ਕੁੜੀ ਸੀ। ਪਹਿਲਾਂ ਤਾਂ ਘਰਦਿਆਂ ਦੀਆਂ ਗੱਲਾਂ ਤੇ ਉਨ੍ਹਾਂ ਦੇ ਦਬਾਅ ’ਚ ਆਈ ਇੱਕ ਮਾਸੂਮ ਜਿੰਦ ਦਾ ਕਤਲ ਕਰਨ ਲਈ ਰਾਜ਼ੀ ਹੋ ਗਈ ਸੀ, ਪਰ ਉਸ ਰਾਤ ਹਸਪਤਾਲ ਦੇ ਬਿਸਤਰ ’ਤੇ ਪਈ ਪਾਗਲਾਂ ਵਾਂਗ ਵਾਰ-ਵਾਰ ਬੈੱਡ ਥੱਲੇ ਤੇ ਕਦੇ ਇੱਧਰ-ਉੱਧਰ ਦੇਖੀ ਜਾਵੇ। ਸਾਰੀ ਰਾਤ ਉਹ ਆਪਣੀ ਮਰੀ ਹੋਈ ਧੀ ਨੂੰ ਆਪਣੇ ਆਸ-ਪਾਸ ਮਹਿਸੂਸ ਕਰਦੀ ਰਹੀ। ਮਾਸੂਮ ਜਿੰਦ ਉਸ ਦੀਆਂ ਖ਼ੁਸ਼ੀਆਂ ਨਾਲ ਲੈ ਗਈ ਤੇ ਉਸ ਦੇ ਹੰਝੂਆਂ-ਹਾਉਕਿਆਂ ਵਿੱਚ ਉਸ ਦਾ ਰੱਬ ਵੀ ਕਿਧਰੇ ਗੁਆਚ ਗਿਆ ਸੀ। ਮੁੜ ਚੰਦਰੀ ਦੀ ਕੁੱਖ ਦੁਬਾਰਾ ‘‘…ਓ…ਹੋ…’’ ਕੀੜੀ ਵੱਲੋਂ ਪੈਰ ਦੀ ਉਂਗਲ ’ਤੇ ਵੱਢੀ ਦੰਦੀ ਨਾਲ ਬੇਬੇ ਕਰਮੀ ਤ੍ਰਭਕ ਜਾਂਦੀ ਹੈ ਤੇ ਆਪਣੇ ਪੈਰ ਝਾੜ ਖਾਲੀ ਬੱਠਲ ਹੱਥ ਵਿੱਚ ਫੜ੍ਹ ਘਰ ਨੂੰ ਤੁਰ ਪੈਂਦੀ ਹੈ।
‘‘ਕਰਮੀ…,’’ ਪਿੱਛੋਂ ਆਉਂਦੀ ਤਾਈ ਚੰਦ ਕੁਰ ਉਸ ਨੂੰ ਆਵਾਜ਼ ਮਾਰਦੀ ਹੈ, ਪਰ ਬੇਬੇ ਕਰਮੀ ਆਪਣੇ ਹੀ ਖ਼ਿਆਲਾਂ ਵਿੱਚ ਗੁੰਮ ਹੈ। ਤਾਈ ਚੰਦ ਕੁਰ ਉਸ ਨੂੰ ਦੁਬਾਰਾ ਆਵਾਜ਼ ਲਗਾਉਂਦੀ ਹੈ। ਇਸ ਵਾਰ ਉਸ ਦੇ ਤੇਜ਼ ਚੱਲਦੇ ਕਦਮ ਹੌਲੀ ਹੋ ਥਾਏਂ ਰੁਕ ਜਾਂਦੇ ਹਨ। ਇਸ ਤੋਂ ਪਹਿਲਾਂ ਕਿ ਉਹ ਕੋਈ ਜਵਾਬ ਦਿੰਦੀ, ‘‘ਕੁੜੇ ਕਿੱਥੇ ਗੁਆਚੀ ਸੀ, ਮੈਂ ਤੈਨੂੰ ਕਿੰਨੀਆਂ ਅਵਾਜਾਂ ਮਾਰੀਆਂ।’’ ਕਹਿੰਦਿਆਂ ਤਾਈ ਚੰਦ ਕੁਰ ਨੇ ਉਲਾਂਭਾ ਜਿਹਾ ਦੇ ਛੱਡਿਆ। ਕਿੰਨਾ ਹੀ ਚਿਰ ਦੋਵੇਂ ਜਣੀਆਂ ਇੱਕ-ਦੂਜੀ ਦੀ ਖ਼ੈਰ-ਸੁੱਖ ਪੁੱਛਦੀਆਂ ਰਹੀਆਂ। ਘਰ-ਪਰਿਵਾਰ ਦੀ ਸੁੱਖ-ਸਾਂਦ ਪੁੱਛਦੀਆਂ ਰਹੀਆਂ। ਜਦੋਂ ਦੋ ਜਾਂ ਦੋ ਤੋਂ ਵੱਧ ਔਰਤਾਂ ਇਕੱਠੀਆਂ ਹੁੰਦੀਆਂ ਨੇ ਤਾਂ ਉਨ੍ਹਾਂ ਕੋਲ ਗੱਲ ਕਰਨ ਲਈ ਅਣਗਿਣਤ ਵਿਸ਼ੇ ਹੁੰਦੇ ਨੇ, ਪਰ ਖ਼ਾਸ ਵਿਸ਼ਾ ਕੋਈ ਨਹੀਂ ਹੁੰਦਾ। ਇਉਂ ਹੀ ਦੂਰ ਜਾਂਦੇ ਰੁੱਘੂ ਨੂੰ ਦੇਖ ਤਾਈ ਚੰਦ ਕੁਰ ਉਸ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੰਦੀ ਹੈ, ‘‘ਸੱਚ ਤੈਨੂੰ ਪਤਾ ਕੁੜੇ, ਰੁੱਘੂ ਦੀ ਧੀ, ਉਹ ਨਖਰੋ ਜੀ ਆਪਣੇ ਆਪ ਨੂੰ ਬਲਾਂ ਸੰਵਾਰ ਕੇ ਰੱਖਦੀ, ਕਿਸੇ ਮੁੰਡੇ ਨਾਲ ਬਣਦੀ ਸੀ ਉਹਦੀ। ਚੰਦਰੀ ਨੇ ਉਸ ਨਾਲ ਹੀ ਵਿਆਹ ਕਰਵਾ ਲਿਆ। ਘਰ ਦੇ ਵੀ ਬਦਨਾਮੀ ਦੇ ਡਰੋਂ ਵਿਆਹ ਨੂੰ ਮੰਨ ਗਏ। ਕੁਝ ਮੁੰਡੇ ਦਾ ਘਰ-ਬਾਰ ਵੀ ਇਨ੍ਹਾਂ ਨਾਲੋਂ ਦੁੱਗਣਾ ਚੰਗਾ ਸੀ, ਪਰ ਪਿੱਛੋਂ ਪਤਾ ਲੱਗਿਆ ਬਈ ਮੁੰਡਾ ਤਾਂ ਵੈਲੀ-ਐਬੀ ਐ। ਕੁੜੀ ਬਹੁਤ ਤੰਗ ਸੀ ਪਰ ਆਪਣਾ ਸਿਰ ਉਸ ਨੇ ਆਪ ਹੀ ਗੁੰਦਿਆ ਸੀ। ਕੁਝ ਬੋਲਣ ਜੋਗੀ ਵੀ ਨਾ ਰਹੀ ਤੇ ਮਾਪੇ ਤੰਗ ਨਾ ਹੋਣ ਤੇ ਲੋਕ ਕੀ ਕਹਿਣਗੇ, ਇਸ ਡਰੋਂ ਵੀ ਚੰਦਰੀ ਚੁੱਪ ਹੀ ਰਹੀ। ਇਸੇ ਚੁੱਪ ਨੇ ਹੀ ਉਸ ਨੂੰ ਨਿਗਲ ਲਿਆ। ਚੰਦਰੀ ਕੁਝ ਖਾ ਕੇ ਮਰ ਗਈ।’’ ਬੇਬੇ ਕਰਮੀ ਉਸ ਦੀਆਂ ਗੱਲਾਂ ਦਾ ਹੁੰਗਾਰਾ ਭਰਦੀ ਜਾ ਰਹੀ ਸੀ। ਤਾਈ ਚੰਦ ਕੁਰ ਅੱਗੋਂ ਕਹਿੰਦੀ ਹੈ, ‘‘ਕੁੜੀਆਂ ਤਾਂ ਗਊਆਂ ਹੁੰਦੀਆਂ ਨੇ ਭਾਈ, ਸਹੁਰੇ ਘਰ ਤੋਰ ਕੇ ਹੀ ਫ਼ਰਜ਼ ਪੂਰਾ ਹੋਇਆ ਨਾ ਸਮਝਿਆ ਕਰੋ। ਖ਼ਬਰ ਸਾਰ ਵੀ ਰੱਖਿਆ ਕਰੋ ਧੀਆਂ ਦੀ।’’ ਕਹਿੰਦੀ ਹੋਈ ਤਾਈ ਬੇਬੇ ਕਰਮੀ ਤੋਂ ਉਸ ਦੀ ਧੀ ਤਾਰੋ ਬਾਰੇ ਵੀ ਪੁੱਛਦੀ ਹੈ। ਵਿਚਾਰੀ ਘਰਵਾਲੇ ਦੇ ਸ਼ਰਾਬ ਪੀ ਕੇ ਨਿੱਤ ਦੇ ਕਲੇਸ਼ ਤੋਂ ਡਰਦੀ ਵੀਹਾਂ-ਪੱਚੀਆਂ ਦਿਨਾਂ ਤੋਂ ਪੇਕੇ ਘਰ ਬੈਠੀ ਸੀ। ਬੇਬੇ ਕਰਮੀ ਉਸ ਨੂੰ ਕਹਿੰਦੀ ਹੈ, ‘‘ਉਸ ਦਾ ਪ੍ਰਾਹੁਣਾ ਉਸ ਨੂੰ ਲੈਣ ਆਇਆ ਸੀ, ਮਿੰਨਤਾਂ ਤਰਲੇ ਜਿਹੇ ਕਰਦਾ ਰਿਹਾ, ਸਾਡੇ ਪੈਰੀਂ ਹੱਥ ਲਾਉਣ ਲੱਗ ਪਿਆ। ਕਹਿੰਦਾ, ‘ਹਾੜ੍ਹਾ!! ਇੱਕ ਵਾਰ ਤੋਰ ਦਿਓ। ਮੁੜ ਸ਼ਰਾਬ ਨੂੰ ਹੱਥ ਨੀ ਲਾਉਂਦਾ।’ ਹੁਣ ਜਵਾਈ ਭਾਈ ਨੂੰ ਰੁਸਾਇਆ ਵੀ ਨੀ ਜਾਂਦਾ। ਨਾ ਹੀ ਵਿਆਹੀ ਧੀ ਨੂੰ ਪੇਕੇ ਘਰ ਬਹੁਤਾ ਸਮਾਂ ਰੱਖਿਆ ਜਾ ਸਕਦਾ ਹੈ। ਇੱਕ ਦਿਨ ਤਾਂ ਉਹਨੇ ਆਪਣੇ ਘਰ ਜਾਣਾ ਹੀ ਸੀ। ਇਹ ਰਿਸ਼ਤਾ ਤਾਂ ਹਮਾਤੜਾਂ ਦੇ ਗਲ ਪਏ ਢੋਲ ਵਰਗਾ ਹੁੰਦੈ, ਹਰ ਹੀਲੇ ਵਜਾਉਣਾ ਹੀ ਪੈਂਦੈ। ਬਸ ਤੋਰ ਦਿੱਤੀ ਧੀ ਉਹਦੇ ਨਾਲ।’’ ਹਾਉਕਾ ਜਿਹਾ ਭਰਦੀ ਬੇਬੇ ਕਰਮੀ ਨੇ ਕਿਹਾ। ‘‘ਹੂੰ… ਚੱਲ ਚੰਗਾ ਹੋਇਆ ਪਰ ਆਉਂਦੇ ਜਾਂਦੇ ਰਿਹਾ ਕਰੋ, ਚੰਗਾ! ਹੁਣ ਮੈਂ ਚੱਲਦੀ ਆਂ।’’ ਕਹਿੰਦੀ ਹੋਈ ਤਾਈ ਚੰਦ ਕੁਰ ਆਪਣੇ ਰਾਹ ਮੁੜ ਜਾਂਦੀ ਹੈ ਤੇ ਬੇਬੇ ਕਰਮੀ ਆਪਣੇ ਰਾਹ।
ਬੇਬੇ ਕਰਮੀ ਨੂੰਹ ਨਾਲ ਘਰ ਦਾ ਸਾਰਾ ਕੰਮ-ਕਾਜ ਕਰਵਾਉਂਦੀ ਹੈ। ਪੋਤੇ-ਪੋਤੀਆਂ ਨੂੰ ਵੀ ਸੰਭਾਲਦੀ ਹੈ, ਪਰ ਹੁਣ ਇੱਕ ਚੰਦਰੀ ਚੁੱਪ ਉਸ ਦੇ ਅੰਤਰੀਵ ਮਨ ਵਿੱਚ ਸੱਪ ਵਾਂਗ ਕਿਤੇ ਕੁੰਡਲੀ ਮਾਰ ਕੇ ਬੈਠ ਗਈ ਸੀ। ਇੱਕ ਦੁਪਹਿਰ ਰੋਟੀ ਲਈ ਨੂੰਹ ਉਸ ਨੂੰ ਆਵਾਜ਼ ਮਾਰਦੀ ਹੈ। ਬੇਬੇ ਕਰਮੀ ਨੂੰਹ ਤੋਂ ਰੋਟੀ ਫੜ੍ਹ ਵਿਹੜੇ ਵਿੱਚ ਪਈ ਪੀੜ੍ਹੀ ’ਤੇ ਬੈਠ ਜਾਂਦੀ ਹੈ, ਪਰ ਉਸ ਦਾ ਦਿਲ ਨਹੀਂ ਕਰਦਾ ਰੋਟੀ ਖਾਣ ਨੂੰ। ‘‘ਮੇਰੀ ਪਿਆਰੀ ਬੇਬੇ! ਮੈਨੂੰ ਕਾਹਤੋਂ ਵਿਆਹੁਣੀ ਐਂ ਤੂੰ। ਮੈਂ ਤਾਂ ਤੇਰੇ ਨਾਲ ਘਰ ਦੇ ਕੰਮ ਹੀ ਕਰਾਉਣੀ ਆਂ। ਦੇਖ ਅੱਜ ਮੈਂ ਸਬਜ਼ੀ ਕਿੰਨੀ ਸੁਆਦ ਬਣਾਈ ਐ। ਬੇਬੇ, ਤੂੰ ਬਾਪੂ ਨੂੰ ਮਨਾ ਲੈ ਮੈਨੂੰ ਅਜੇ ਨਾ ਵਿਆਹੀਂ, ਅਜੇ ਮੈਂ ਹੋਰ ਪੜ੍ਹਣਾ।’’ ਤਾਰੋ ਦੀਆਂ ਕਹੀਆਂ ਗੱਲਾਂ ਉਸ ਨੂੰ ਚੇਤੇ ਆਉਂਦੀਆਂ ਹਨ। ‘ਬੇਬੇ, ਕਦੇ ਗੁਆਚੇ ਨਗ ਵੀ ਲੱਭੇ ਨੇ।’ ‘ਕੁੜੀਆਂ ਤਾਂ ਗਊਆਂ ਹੁੰਦੀਆਂ ਨੇ, ਕਾਹਨੂੰ ਬੋਲ ਕੇ ਦੁੱਖ ਦੱਸਦੀਆਂ ਨੇ।’ ਤਾਈ ਚੰਦ ਕੁਰ ਤੇ ਪ੍ਰੀਤ ਦੇ ਬੋਲ ਵੀ ਤਾਰੋ ਦੇ ਬੋਲਾਂ ਨਾਲ ਜਾ ਟਕਰਾਉਂਦੇ ਹਨ। ਬੇਬੇ ਕਰਮੀ ਦੇ ਦਿਮਾਗ਼ ’ਚ ਘਮਸਾਣ ਮੱਚ ਜਾਂਦਾ ਹੈ। ਸਾਹਮਣੇ ਲੱਗੀ ਬਾਬੇ ਦੀ ਫੋਟੋ ਦੇਖ ਕਹਿੰਦੀ ਹੈ, ‘‘ਫ਼ਿਕਰ ਨਾ ਕਰ ਤੈਨੂੰ ਨੀ ਮੈਂ ਗੁਆਚਣ ਦਿੰਦੀ।’’ ਕਹਿੰਦੀ ਹੋਈ ਰੋਟੀ ਵਾਲੀ ਥਾਲੀ ਥਾਏਂ ਛੱਡ ਕੇ ਕਿੱਲੇ ’ਤੇ ਟੰਗਿਆ ਝੋਲਾ ਲਾਹ ਲੈਂਦੀ ਹੈ ਤੇ ਨੂੰਹ ਨੂੰ ਆਵਾਜ਼ ਮਾਰਦੀ ਕਹਿੰਦੀ ਹੈ, ‘‘ਚੰਗਾ ਧੀਏ, ਮੈਂ ਆਪਣੀ ਤਾਰੋ ਕੋਲ ਚੱਲੀ ਆਂ। ਕੁਝ ਕੁ ਦਿਨਾਂ ਦਾ ਮੇਰਾ ਮਨ ਜਿਹਾ ਓਦਰਿਆ ਪਿਐ। ਛੇਤੀ ਹੀ ਵਾਪਸ ਆ ਜਾਊਂ।’’ ਨੂੰਹ ਦੇ ਜਵਾਬ ਦੀ ਉਡੀਕ ਕੀਤੇ ਬਿਨਾਂ ਹੀ ਬੇਬੇ ਕਰਮੀ ਅੱਗੇ ਵਧਦੀ ਹੈ। ਕਿੱਲੇ ’ਤੇ ਬੰਨ੍ਹੀ ਗਾਂ ਦੇ ਗਲ ਵਿੱਚ ਨੂੜ ਕੇ ਦੂਹਰਾ ਕਰ ਕੇ ਪਾਇਆ ਹੋਇਆ ਰੱਸਾ ਢਿੱਲਾ ਕਰ ਦਿੰਦੀ ਹੈ ਤੇ ਵਰ੍ਹਾਂਡੇ ’ਚ ਟੰਗੇ ਪਿੰਜਰੇ ਵਿੱਚ ਬੰਦ ਛੋਟੀ ਜਿਹੀ ਅਣਭੋਲ ਰੰਗ-ਬਿਰੰਗੀ ਚਿੜੀ ਨੂੰ ਆਜ਼ਾਦ ਕਰ ਦਰ ਲੰਘ ਜਾਂਦੀ ਹੈ।
ਸੰਪਰਕ: 70099-23030
* * *
ਲੇਖਾਂ ਦੀਆਂ ਲਕੀਰਾਂ
ਇੰਦਰਜੀਤ ਸਿੰਘ ਹਰਪੁਰਾ
ਅੱਜ ਮੁਹੱਲੇ ਵਿੱਚ ਨੀਲੇ ਕਾਰਡਾਂ ਵਾਲੀ ਕਣਕ ਵੰਡਣ ਵਾਲਾ ਟਰੱਕ ਫਿਰ ਆਇਆ ਸੀ। ਬਾਪੂ ਕਰਤਾਰ ਸਿਹੁੰ ਦਿਹਾੜੀ ਵਿੱਚੇ ਛੱਡ ਕੇ ਕਣਕ ਲੈਣ ਲਈ ਲਾਈਨ ਵਿੱਚ ਆਣ ਲੱਗਾ। ਕਰੀਬ ਇੱਕ ਘੰਟੇ ਬਾਅਦ ਜਦੋਂ ਬਾਪੂ ਕਰਤਾਰ ਸਿੰਘ ਦੀ ਵਾਰੀ ਆਈ ਤਾਂ ਡਿਪੂ ਹੋਲਡਰ ਅਤੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਨੇ ਉਸ ਨੂੰ ਬਾਇਓਮੀਟ੍ਰਿਕ ਮਸ਼ੀਨ ’ਤੇ ਆਪਣਾ ਅੰਗੂਠਾ ਲਗਾਉਣ ਲਈ ਕਿਹਾ। ਵਾਰ-ਵਾਰ ਕੋਸ਼ਿਸ਼ ਕਰਨ ’ਤੇ ਵੀ ਮਸ਼ੀਨ ਬਾਪੂ ਕਰਤਾਰ ਸਿਹੁੰ ਦੇ ਅੰਗੂਠੇ ਨੂੰ ਸਕੈਨ ਨਹੀਂ ਕਰ ਰਹੀ ਸੀ। ਡਿਪੂ ਹੋਲਡਰ ਨੇ ਕਿਹਾ, ‘‘ਬਾਬਾ, ਜਾ ਕੇ ਪਹਿਲਾਂ ਚੰਗੀ ਤਰ੍ਹਾਂ ਆਪਣੇ ਹੱਥ ਧੋ ਕੇ ਆ। ਫਿਰ ਕੋਸ਼ਿਸ਼ ਕਰਦੇ ਹਾਂ।’’ ਕਰਤਾਰ ਸਿਹੁੰ ਲਾਗੇ ਟੂਟੀ ਤੋਂ ਹੱਥ ਧੋ ਕੇ ਦੁਬਾਰਾ ਆ ਗਿਆ, ਪਰ ਇਸ ਵਾਰ ਵੀ ਉਸ ਦਾ ਅੰਗੂਠਾ ਸਕੈਨ ਨਾ ਹੋ ਸਕਿਆ। ਆਖ਼ਰ ਡਿਪੂ ਹੋਲਡਰ ਨੇ ਕਹਿ ਦਿੱਤਾ ਕਿ ਤੁਹਾਨੂੰ ਕਣਕ ਨਹੀਂ ਮਿਲਣੀ ਕਿਉਂਕਿ ਮਸ਼ੀਨ ਤੁਹਾਡਾ ਅੰਗੂਠਾ ਸਕੈਨ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਇਹ ਸਾਡੀ ਮਜਬੂਰੀ ਹੈ, ਅਸੀਂ ਬਿਨਾਂ ਬਾਇਓਮੀਟ੍ਰਿਕ ਸਕੈਨਿੰਗ ਤੋਂ ਕਣਕ ਨਹੀਂ ਦੇ ਸਕਦੇ।
ਨਿਰਾਸ਼ ਹੋਏ ਬਾਪੂ ਕਰਤਾਰ ਸਿਹੁੰ ਨੇ ਕੰਧ ਨਾਲ ਲੱਗਾ ਆਪਣਾ ਸਾਈਕਲ ਘਰ ਵੱਲ ਨੂੰ ਰੋੜ੍ਹ ਲਿਆ। ਜਦੋਂ ਕਰਤਾਰ ਸਿੰਘ ਆਪਣੇ ਘਰ ਖਾਲੀ ਬੋਰੀ ਛੱਡਣ ਪਹੁੰਚਿਆ ਤਾਂ ਖਾਲੀ ਹੱਥ ਦੇਖ ਕੇ ਉਸ ਦੀ ਪੋਤੀ ਕਹਿਣ ਲੱਗੀ, ‘‘ਭਾਪਾ, ਇਸ ਵਾਰ ਵੀ ਕਣਕ ਨਹੀਂ ਮਿਲੀ?’’ ਪੋਤੀ ਦੀ ਗੱਲ ਸੁਣ ਕੇ ਬਾਪੂ ਕਰਤਾਰ ਸਿਹੁੰ ਕਹਿਣ ਲੱਗਾ, ‘‘ਕੀ ਕਰਾਂ ਧੀਏ, ਲੇਖਾਂ ਦੀਆਂ ਲਕੀਰਾਂ ਬਦਲਣ ਲਈ ਸਾਰੀ ਉਮਰ ਹੱਡ ਭੰਨ੍ਹਵੀਂ ਮਿਹਨਤ ਕਰਦਾ ਰਿਹਾ ਹਾਂ। ਉਹ ਤਾਂ ਠੀਕ ਨਹੀਂ ਹੋਈਆਂ, ਉਲਟਾ ਇਨ੍ਹਾਂ ਹੱਥਾਂ ਨਾਲ ਇੱਟਾਂ ਚੁੱਕ-ਚੁੱਕ ਕੇ ਹੱਥਾਂ ਦੀ ਲਕੀਰਾਂ ਵੀ ਘਸ ਗਈਆਂ ਜਿਸ ਕਰਕੇ ਹੁਣ ਤਾਂ ਸਰਕਾਰੀ ਕਣਕ ਤੋਂ ਵੀ ਰਹਿ ਗਿਆ ਹਾਂ। ਚੱਲ ਕੋਈ ਨਾ ਧੀਏ, ਰੱਬ ਆਪੇ ਭਲੀ ਕਰੂ।’’ ਇੰਨਾ ਕਹਿ ਕੇ ਬਾਪੂ ਕਰਤਾਰ ਸਿਹੁੰ ਨੇ ਫਿਰ ਆਪਣੇ ਲੇਖਾਂ ਦੀਆਂ ਲਕੀਰਾਂ ਬਦਲਣ ਲਈ ਕੰਮ ’ਤੇ ਚਾਲੇ ਪਾ ਦਿੱਤੇ।
ਸੰਪਰਕ: 98155-77574
* * *
ਹੈਸੀਅਤ
ਮੁਹੰਮਦ ਅੱਬਾਸ ਧਾਲੀਵਾਲ
ਅੱਜ ਸਕੂਲ ’ਚ ਮਿਠਾਈ ਦੇ ਦੋ ਡੱਬੇ ਆਏ। ਇੱਕ ਹਿੰਦੀ ਵਾਲੇ ਮੈਡਮ ਲਿਆਏ ਸਨ, ਜੋ ਬਰਫ਼ੀ ਦਾ ਸੀ ਤੇ ਦੂਜਾ ਗੁਲਾਬ-ਜਾਮਣਾਂ ਦਾ ਡੱਬਾ ਸਕੂਲ ਦੀ ਸਵੀਪਰ ਲਿਆਈ ਸੀ। ਮੈਡਮ ਦੇ ਦਿਓਰ ਦਾ ਆਉਂਦੇ ਐਤਵਾਰ ਵਿਆਹ ਸੀ। ਇਸ ਲਈ ਉਹ ਕਾਰਡ ਨਾਲ ਡੱਬਾ ਲਿਆਈ ਸੀ ਤੇ ਉਧਰ ਸਵੀਪਰ ਆਪਣੀ ਛੋਟੀ ਭੈਣ ਦੇ ਵਿਆਹ ਦਾ ਡੱਬਾ ਲਿਆਈ ਸੀ।
ਇਤਫ਼ਾਕ ਨਾਲ ਉਸ ਦੀ ਭੈਣ ਦਾ ਵਿਆਹ ਵੀ ਐਤਵਾਰ ਦਾ ਹੀ ਸੀ। ਦੋਵੇਂ ਵਿਆਹਾਂ ’ਚ ਫ਼ਰਕ ਇਹ ਸੀ ਕਿ ਸਵੀਪਰ ਦੀ ਭੈਣ ਦਾ ਵਿਆਹ ਉਨ੍ਹਾਂ ਦੇ ਗ੍ਰਹਿ ਵਿਖੇ ਹੀ ਰੱਖਿਆ ਗਿਆ ਸੀ ਜਦੋਂਕਿ ਮੈਡਮ ਦੇ ਦਿਓਰ ਦੀ ਬਾਰਾਤ ਸ਼ਹਿਰ ਦੇ ਇੱਕ ਨਾਮੀ ਪੈਲੇਸ ਵਿੱਚ ਜਾਣੀ ਸੀ।
ਵਿਆਹ ਤੋਂ ਦੋ ਦਿਨ ਪਹਿਲਾਂ ਹੈੱਡਮਾਸਟਰ ਨੇ ਸਮੂਹ ਸਟਾਫ ਦੀ ਮੀਟਿੰਗ ਸੱਦੀ ਤਾਂ ਕਿ ਸ਼ਗਨ ਦੀ ਰਕਮ ਦੇਣ ਨੂੰ ਲੈ ਕੇ ਕੋਈ ਫ਼ੈਸਲਾ ਲਿਆ ਜਾ ਸਕੇ। ਮੀਟਿੰਗ ਵਿੱਚ ਹੈੱਡਮਾਸਟਰ ਨੇ ਆਖਿਆ ਕਿ ‘‘ਤੁਹਾਨੂੰ ਪਤਾ ਹੀ ਹੈ ਕਿ ਕੱਲ੍ਹ ਨੂੰ ਦੋ ਵਿਆਹ ਨੇ। ਇਸ ਲਈ ਮੈਂ ਸੋਚਿਆ ਕਿ ਤੁਹਾਡੇ ਨਾਲ ਮਸ਼ਵਰਾ ਕਰ ਲਿਆ ਜਾਵੇ ਕਿ ਆਪਾਂ ਦੋਵੇਂ ਵਿਆਹਾਂ ਵਿੱਚ ਕੀ ਸ਼ਗਨ ਦੇਈਏ।’’
ਮੀਟਿੰਗ ਵਿੱਚ ਮੌਜੂਦ ਮਾਸਟਰ ਜਸਪ੍ਰੀਤ ਨੇ ਕਿਹਾ, ‘‘ਮੁੱਖ ਅਧਿਆਪਕ ਜੀ, ਤੁਸੀਂ ਖ਼ੁਦ ਹੀ ਦੱਸ ਦਿਓ ਕਿੰਨਾ ਸ਼ਗਨ ਪਾਉਣਾ ਹੈ। ਅਸੀਂ ਸਾਰੇ ਉਸੇ ਹਿਸਾਬ ਨਾਲ ਤੁਹਾਨੂੰ ਇਕੱਠਾ ਦੇ ਦਿੰਦੇ ਹਾਂ।’’ ਇਸ ’ਤੇ ਹੈੱਡਮਾਸਟਰ ਨੇ ਗੰਭੀਰਤਾ ਨਾਲ ਕਹਿਣਾ ਸ਼ੁਰੂ ਕੀਤਾ, ‘‘ਮੈਂ ਸੋਚਿਆ ਕਿ ਮੈਡਮ ਦੇ ਦਿਓਰ ਦੇ ਵਿਆਹ ’ਚ ਇੱਕੀ ਸੌ ਸ਼ਗਨ ਦੇ ਦਿੰਦੇ ਹਾਂ ਤੇ ਸਵੀਪਰ ਦੀ ਭੈਣ ਨੂੰ ਪੰਜ ਸੌ ਦਾ ਸ਼ਗਨ ਬਹੁਤ ਏ।’’
ਇਸ ’ਤੇ ਮੈਡਮ ਅਮਰਜੀਤ ਨੇ ਹੈੱਡਮਾਸਟਰ ਨੂੰ ਹੈਰਾਨੀ ਤੇ ਸਵਾਲੀਆ ਅੰਦਾਜ਼ ਵਿੱਚ ਪੁੱਛਿਆ, ‘‘ਸਰ, ਪਰ ਸ਼ਗਨ ’ਚ ਕਾਣੀ ਵੰਡ ਕਿਉਂ ਕੀਤੀ ਜਾ ਰਹੀ ਏ? ਮੈਨੂੰ ਸਮਝ ਨਹੀਂ ਆਈ।’’
ਹੈੱਡਮਾਸਟਰ ਨੇ ਜਿਵੇਂ ਆਪਣੀ ਝੂਠੀ ਵਿਦਵਤਾ ਪ੍ਰਗਟਾਉਂਦਿਆਂ ਆਖਿਆ, ‘‘ਮੈਡਮ ਮੈਂ ਸੋਚਿਆ, ਭਾਈ ਮੈਡਮ ਦੇ ਦਿਓਰ ਦੇ ਵਿਆਹ ਤਾਂ ਸਾਰਾ ਸਟਾਫ ਹੀ ਜਾਊਗਾ, ਇਸ ਲਈ ਘੱਟੋ-ਘੱਟ ਇੱਕੀ ਸੌ ਦੇਣਾ ਤਾਂ ਬਣਦਾ ਈ ਏ ਤੇ ਰਹੀ ਗੱਲ ਸਵੀਪਰ ਦੀ ਭੈਣ ਦੇ ਵਿਆਹ ਦੀ, ਉਸ ਵਿੱਚ ਭਲਾ ਜਾਣਾ ਹੀ ਕਿਸ ਨੇ ਹੈ। ਜੇ ਕੋਈ ਫਾਰਮੈਲਟੀ ਲਈ ਭੇਜਣਾ ਵੀ ਪਿਆ ਤਾਂ ਉੱਥੇ ਖਾਣਾ ਕਿਸ ਨੇ ਖਾਣਾ ਏ…! ਇਸ ਲਈ ਮੈਂ ਸੋਚਿਆ ਪੰਜ ਸੌ ਬਹੁਤ ਐ। ਨਾਲੇ ਸ਼ਗਨ ਬੰਦੇ ਦੀ ਹੈਸੀਅਤ ਵੇਖ ਕੇ ਹੀ ਪਾਇਆ ਜਾਂਦਾ ਹੈ।’’
ਇਸ ’ਤੇ ਮੈਡਮ ਅਮਰਜੀਤ ਨੇ ਗੰਭੀਰ ਹੁੰਦਿਆਂ ਕਿਹਾ, ‘‘ਪਰ ਸਰ ਮੇਰਾ ਖਿਆਲ ਹੈ ਕਿ ਸਾਨੂੰ ਸ਼ਗਨ ਦੋਵਾਂ ਦੇ ਇੱਕੋ ਜਿਹਾ ਪਾਉਣਾ ਚਾਹੀਦਾ ਹੈ। ਬਾਕੀ ਵੇਖਿਆ ਜਾਏ ਤਾਂ ਸਵੀਪਰ ਵਧੇਰੇ ਨੀਡੀ (ਜ਼ਰੂਰਤਮੰਦ) ਵੀ ਹੈ। ਇਸ ਲਈ ਉਸ ਦੀ ਤਾਂ ਸਾਨੂੰ ਵੱਧ ਤੋਂ ਵੱਧ ਮਦਦ ਕਰਨੀ ਬਣਦੀ ਹੈ।’’
ਆਪਣੀ ਗੱਲ ਨੂੰ ਜਾਰੀ ਰੱਖਦਿਆਂ ਉਸ ਨੇ ਅੱਗੇ ਕਿਹਾ, ‘‘ਜੇਕਰ ਸਾਡੇ ਸਮੂਹ ਸਟਾਫ ਵੱਲੋਂ ਮਹਿਜ਼ ਪੰਜ ਸੌ ਦਿੱਤੇ ਜਾਣਗੇ ਤਾਂ ਭਲਾ ਸਵੀਪਰ ਦੀ ਨਜ਼ਰ ਵਿੱਚ ਸਾਡੀ ਹੈਸੀਅਤ ਕੀ ਰਹਿ ਜਾਵੇਗੀ?’’
ਮੈਡਮ ਅਮਰਜੀਤ ਦੇ ਬੇਬਾਕ ਬੋਲ ਸੁਣ ਕੇ ਮੀਟਿੰਗ ਵਿੱਚ ਜਿਵੇਂ ਸੰਨਾਟਾ ਛਾ ਗਿਆ ਤੇ ਉੱਧਰ ਹੈੱਡਮਾਸਟਰ ਜਿਵੇਂ ਕੱਚਾ ਜਿਹਾ ਹੋਇਆ ਟੇਬਲ ’ਤੇ ਪਏ ਪੇਪਰ ਵੇਟ ਨੂੰ ਲਗਾਤਾਰ ਘੁਮਾ ਰਿਹਾ ਸੀ। ਸ਼ਾਇਦ ਉਸ ਨੂੰ ਆਪਣੇ ਵੱਲੋਂ ਹੀ ਕੁਝ ਦੇਰ ਪਹਿਲਾਂ ਬੋਲਿਆ ਸ਼ਬਦ ‘ਹੈਸੀਅਤ’ ਸੂਲ ਵਾਂਗ ਚੁੱਭ ਰਿਹਾ ਸੀ।
ਸੰਪਰਕ: 98552-59650
* * *
ਧਮਕੀ
ਜਯਾ ਤਾਗੜੇ
ਉਹਨੂੰ ਅੱਜ ਵੀ ਯਾਦ ਹੈ ਉਹ ਦਿਨ, ਜਦੋਂ ਉਹਦੀ ਛੋਟੀ ਭੈਣ ਨੇ ਹੋਰ ਧਰਮ ਦੇ ਮੁੰਡੇ ਨਾਲ ਵਿਆਹ ਦੀ ਇਜਾਜ਼ਤ ਮੰਗੀ ਸੀ। ਪਿਤਾ ਜੀ ਪੁਰਾਣੇ ਖ਼ਿਆਲਾਂ ਦੇ ਹਨ, ਸੋ ਧਰਮ ਨੂੰ ਲੈ ਕੇ ਬਹਿ ਗਏ।
ਉਂਜ ਵੇਖਿਆ ਜਾਵੇ ਤਾਂ ਪਰਿਵਾਰ ਦੇ ਸਾਰੇ ਜਵਾਈਆਂ ’ਚੋਂ ਉਹੀ ਸਭ ਤੋਂ ਯੋਗ ਅਤੇ ਭਲਾਮਾਣਸ ਇਨਸਾਨ ਹੈ। ਪਰ ਕੀ ਕਰੇ, ਪਿਤਾ ਜੀ ਨਾਲ ਕੌਣ ਪੰਗਾ ਲਵੇ…! ਜਦੋਂ ਉਹ ਨਾ ਮੰਨੀ ਤਾਂ ਪਿਤਾ ਜੀ ਨੇ ਉਸ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਅਤੇ ਹੁਣ ਉਹਨੂੰ ਆਪਣੀ ਜਾਇਦਾਦ ਤੋਂ ਵੀ ਬੇਦਖ਼ਲ ਕਰ ਦਿੱਤਾ ਹੈ। ਸਿਰਫ਼ ਇਹੋ ਨਹੀਂ, ਬਾਕੀ ਪਰਿਵਾਰਕ ਮੈਂਬਰਾਂ ਨੂੰ ਵੀ ਧਮਕੀ ਦਿੱਤੀ ਹੈ ਕਿ ਜੇ ਤੁਹਾਡੇ ’ਚੋਂ ਕਿਸੇ ਨੇ ਵੀ ਉਸ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਰੱਖਿਆ ਤਾਂ ਇਹੋ ਸਜ਼ਾ ਉਸ ਨੂੰ ਵੀ ਦਿੱਤੀ ਜਾਵੇਗੀ।
ਅੱਜ ਇੰਨੇ ਸਾਲਾਂ ਪਿੱਛੋਂ ਛੋਟੀ ਭੈਣ ਦੀ ਮਿਸ ਕਾਲ ਵੇਖ ਕੇ ਉਹਦਾ ਮਨ ਵਿਆਕੁਲ ਹੋ ਰਿਹਾ ਹੈ। ਜੀਅ ਕਰਦਾ ਹੈ ਕਿ ਉਸ ਨੂੰ ਮਿਲ ਕੇ ਢੇਰ ਸਾਰੀਆਂ ਗੱਲਾਂ ਕਰੇ।
ਇਹ ਸੋਚ ਕੇ ਉਸ ਨੇ ਨੰਬਰ ਡਾਇਲ ਕਰਨ ਲਈ ਮੋਬਾਈਲ ਚੁੱਕਿਆ। ਫਿਰ ਅਚਾਨਕ ਹੀ ਉਹਨੂੰ ਪਿਤਾ ਜੀ ਦੀ ਵੱਡੀ ਜਾਇਦਾਦ ਦਾ ਖ਼ਿਆਲ ਆਇਆ ਅਤੇ ਉਹਨੇ ਆਪਣੀ ਛੋਟੀ ਭੈਣ ਦਾ ਨੰਬਰ ਬਲਾਕ ਕਰ ਦਿੱਤਾ।
– ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015