ਸੁਲੱਖਣ ਸਰਹੱਦੀ
ਪੁਸਤਕ ਪੜਚੋਲ
ਡਾ. ਅਮਲ ਕੋਮਲ 91 ਸਾਲ ਦਾ ਨੌਜਵਾਨ ਸਾਹਿਤਕਾਰ ਹੈ ਜਿਸ ਨੇ ਹੁਣ ਤੱਕ 144 ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ ਹਨ। ਇਨ੍ਹਾਂ ਪੁਸਤਕਾਂ ਵਿੱਚ ਕਵਿਤਾ ਦੀਆਂ 19, ਨਿਬੰਧ ਸੰਗ੍ਰਹਿ 25, ਜੀਵਨੀਆਂ 7, ਸ਼ਬਦ ਚਿੱਤਰ (ਕਵਿਤਾ ਵਿੱਚ) 2, ਪੰਜਾਬੀ ਕਹਾਣੀ ਸੰਗ੍ਰਹਿ 9, ਬਾਲ ਪੁਸਤਕਾਂ 14 , ਆਲੋਚਨਾ 14 , ਸੰਪਾਦਿਤ ਪੁਸਤਕਾਂ 15 ਅਤੇ ਸਵੈ-ਜੀਵਨੀਆਂ 2 ਪੁਸਤਕਾਂ ਸ਼ਾਮਿਲ ਹਨ। ਉਸ ਨੇ ਪ੍ਰਾਇਮਰੀ ਅਧਿਆਪਕ ਤੋਂ ਲੈ ਕੇ ਯੂਨੀਵਰਸਿਟੀ ਦੇ ਪ੍ਰੋਫੈਸਰ ਤੱਕ ਦਾ ਸਫ਼ਰ ਪ੍ਰਾਈਵੇਟ ਤੌਰ ’ਤੇ ਪੜ੍ਹ ਕੇ ਹਾਸਲ ਕੀਤਾ। ਫਿਰ ਪੀਐੱਚਡੀ ਤੱਕ ਦਾ ਸਫ਼ਰ ਉਸ ਨੇ ਆਪਣੀ ਲਗਨ ਤੇ ਹਿੰਮਤ ਸਦਕਾ ਤੈਅ ਕੀਤਾ। ਡਾ. ਕੋਮਲ ਦੀ ਕਲਮ ਪਿਛਲੇ 61 ਸਾਲਾਂ ਤੋਂ ਕਦੇ ਖੁਸ਼ਕ ਨਹੀਂ ਹੋਈ।
ਡਾ. ਬਲਦੇਵ ਸਿੰਘ ਬੱਦਨ ਪੂਰਵ ਨਿਰਦੇਸ਼ਕ ਨੈਸ਼ਨਲ ਬੁੱਕ ਟਰੱਸਟ ਹਥਲੀ ਪੁਸਤਕ ‘ਜ਼ਿੰਦਗੀਨਾਮਾ (ਰੁਬਾਈਆਂ-ਰੁਸ਼ਨਾਈਆਂ)’ (ਕੀਮਤ: 200 ਰੁਪਏ; ਨਵਰੰਗ ਪਬਲੀਕੇਸ਼ਨ) ਦੀ ਭੂਮਿਕਾ ਵਿੱਚ ਲਿਖਦੇ ਹਨ ਕਿ ਡਾ. ਅਮਰ ਕੋਮਲ 1953 ਤੋਂ ਆਪਣੇ ਅਧਿਐਨ, ਸ਼ੌਕ-ਲਗਨ ਕਰਕੇ ਪੰਜਾਬੀ ਦਾ ਲੇਖਕ ਬਣਨ ਵਿੱਚ ਕਿਵੇਂ ਸਫਲ ਹੁੰਦਾ ਹੈ, ਇਹ ਅਸਚਰਜ ਕਰਨ ਵਾਲੀ ਗਾਥਾ ਹੈ ਜਦਕਿ ਉਸ ਨੂੰ ਵਿਰਸੇ ਵਿੱਚ ਮਿਲੀ ਗ਼ਰੀਬੀ, ਲਾਚਾਰੀ, ਬਿਮਾਰੀ ਅਤੇ ਭਾਰੀ ਕਬੀਲਦਾਰੀ ਦੀਆਂ ਔਖੀਆਂ ਘਾਟੀਆਂ ਉਸ ਦੇ ਰਾਹ ਵਿੱਚ ਦੀਵਾਰ ਬਣ ਕੇ ਖੜ੍ਹੀਆਂ ਸਨ। ਉਸ ਨੇ ਆਪਣੇ ਹਿੱਸੇ ਦੇ ਸੀਮਤ ਸਾਧਨਾਂ ਨੂੰ ਲਗਨ ਨਾਲ ਵਿਆਪਕਤਾ ਦਾ ਆਧਾਰ ਬਣਾ ਲਿਆ।
ਡਾ. ਅਮਰ ਕੋਮਲ ਦੀ ਹਥਲੀ ਕਾਵਿ ਪੁਸਤਕ ਰੁਬਾਈਆਂ/ਰੁਸ਼ਨਾਈਆਂ ਵਿੱਚ 501 ਰੁਬਾਈਆਂ ਤੇ ਰੁਸ਼ਨਾਈਆਂ ਹਨ। ਵਿਸ਼ੇ ਦੇ ਤੌਰ ਉੱਤੇ ਇਨ੍ਹਾਂ ਵਿੱਚ ਬਕੌਲ ਡਾ. ਕੋਮਲ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ, ਕੌੜੇ-ਮਿੱਠੇ ਜੀਵਨ ਤਜਰਬੇੇ, ਸੱਚ-ਝੂਠ, ਰੌਸ਼ਨੀ-ਹਨੇਰ ਦਾ ਨਿਰੰਤਰ ਯੁੱਧ ਅਤੇ ਗਿਆਨ-ਵਿਗਿਆਨ ਦੀ ਤਸਵੀਰਕਸ਼ੀ ਹੈ। ਇਨ੍ਹਾਂ ਵਿੱਚ ਜ਼ਿੰਦਗੀ ਨਾਲ ਵਾਬਸਤਾ ਮਾਨਵੀ ਕਿਰਦਾਰ ਅਤੇ ਅਮਾਨਵੀ ਹਿਕਾਇਤਾਂ ਹਨ।
ਇਨ੍ਹਾਂ ਰੁਬਾਈਆਂ ਦੇ ਰੂਪਕ ਪੱਖ ਬਾਰੇ ਸੱਚਾਈ ਹੈ ਕਿ ਰੁਬਾਈ ਸ਼ਬਦ ਰੁਬਾ (ਚਾਰ) ਤੋਂ ਬਣਿਆ ਹੈ। ਉਹ ਸਤਰ ਜਿਸ ਦੇ 4 ਸ਼ਬਦ ਜਾਂ ਚਾਰ ਵਾਕ-ਮਿਸਰੇ ਹੋਣ ਨੂੰ ਰੁਬਾਈ ਕਿਹਾ ਜਾਂਦਾ ਹੈ। ਇਹ ਫ਼ਾਰਸੀ ਤੋਂ ਪੰਜਾਬੀ ਵਿੱਚ ਆਇਆ ਕਾਵਿ ਰੂਪ ਹੈ। ਰੁਬਾਈ ਨੂੰ ਸੁਰਬਾਈ, ਚਹਾਰਬਾਈ, ਦੁਬੈਂਤੀ, ਤਗਨਾ ਆਦਿ ਵੀ ਨਾਮ ਮਿਲੇ। ਇਸ ਦਾ ਸਰੂਪ ਇਉਂ ਹੁੰਦਾ ਹੈ ਕਿ ਇਸ ਦੀਆਂ ਪਹਿਲੀਆਂ ਦੋ ਸਤਰਾਂ ਦਾ ਕਾਫੀਆ ਮਿਲਦਾ ਹੈ, ਤੀਜੇ ਮਿਸਰੇ ਦਾ ਕਾਫੀਆ ਨਹੀਂ ਮਿਲਦਾ ਪਰ ਚੌਥੇ ਦਾ ਫੇਰ ਤੋਂ ਪਹਿਲੇ ਦੋਂਹ ਮਿਸਰਿਆਂ ਨਾਲ ਮੇਲ ਖਾਂਦਾ ਹੈ। ਰੁਬਾਈ ਰੂਪਾਂ-ਸਰੂਪਾਂ ਬਾਰੇ ਫ਼ਾਰਸੀ ਅਰੂਜ਼ ਵਿਦਵਾਨ ਮੁਨਸ਼ੀ ਸਾਦੁੱਲਾ ਕਥਨ ਹੈ ਕਿ ਰੁਬਾਈ ਦੇ 10 ਹਜ਼ਾਰ ਵਜ਼ਨ ਨਿਕਲ ਸਕਦੇ ਹਨ। ਉਸ ਨੇ ਖ਼ੁਦ 82984 ਵਜ਼ਨ ਲੱਭਣ ਦਾ ਦਾਅਵਾ ਕੀਤਾ ਹੈ। ਪਰ ਉਸ ਨੇ ਨਾਲ ਹੀ ਕਿਹਾ ਕਿ ਰੁਬਾਈ ਦੇ ਅਸਲ ਤੇ ਮੁੱਢਲੇ ਸਰੂਪ 2409 ਹਨ ਜੋ ਕਿ ਬਹਿਰ ਹਜਜ ਵਿੱਚੋਂ ਕੱਢੇ ਮਿਲਦੇ ਹਨ। ਰੁਬਾਈ ਦੇ ਕੇਵਲ ਦੋ ਸ਼ਿਅਰ ਹੁੰਦੇ ਹਨ ਇੱਕ ਮਤਲਾ ਤੇ ਦੂਜਾ ਸ਼ਿਅਰ। ਮਤਲੇ ਵਿੱਚ ਵਿਸ਼ੇ ਨੂੰ ਉਭਾਰਿਆ ਜਾਂਦਾ ਹੈ ਅਤੇ ਸ਼ਿਅਰ ਵਿੱਚ ਉਸ ਵਿਸ਼ੇ ਦਾ ਨਿਚੋੜ/ਸਿੱਟਾ ਪੇਸ਼ ਕੀਤਾ ਜਾਂਦਾ ਹੈ। ਰੁਬਾਈ ਦੇ ਹਜ਼ਾਰਾਂ ਬਹਿਰਾਂ ਤੋਂ ਉਕਤਾਏ ਰੁਬਾਈ ਪੰਜਾਬੀ ਲੇਖਕਾਂ ਨੇ ਇਸ ਦਾ ਰੂਪ ਸਰੂਪ ਬਾਹਰੋਂ ਤਾਂ ਉਹੀ ਰਹਿਣ ਦਿੱਤਾ ਮਗਰ ਇਸ ਦਾ ਬਹਿਰ ਦਵਈਆ (7 ਫੇਲੁਨ) ਕਰ ਲਿਆ ਸੀ। ਡਾ. ਅਮਰ ਕੋਮਲ ਦੀਆਂ ਰੁਬਾਈਆਂ ਦਾ ਸਰੂਪ ਪੁਰਾਤਨ ਹੈ। ਇਨ੍ਹਾਂ ਰੁਬਾਈਆਂ ਦੀਆਂ ਪਹਿਲੀਆਂ ਦੋ ਸਤਰਾਂ ਦੀਆਂ 22-22 ਮਾਤਰਾਂ, ਤੀਜੇ ਚਰਨ ਜਾਂ ਸਤਰ ਦੀਆਂ 19 ਮਾਤਰਾਂ ਅਤੇ ਚੌਥੇ ਚਰਨ ਦੀਆਂ 20 ਮਾਤਰਾਂ ਹਨ, ਸਭ ਸਤਰਾਂ ਦੇ ਅੰਤ ਵਿੱਚ ਲਘੂ ਦੀ ਸ਼ਰਤ ਦਰਸਾਈ ਗਈ ਹੈ ਪਰ ਨਿਭਾਈ ਨਹੀਂ ਗਈ। ਇੱਥੇ ਮੈਂ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਰੁਬਾਈ ਦੇ ਬਹਿਰੀ ਢਾਂਚੇ ਉੱਤੇ ਬਹੁਤਾ ਜ਼ੋਰ ਦੇਣ ਦੀ ਬਜਾਏ ਅਜੋਕੇ ਸਮੇਂ ਹੋਰ ਕਵੀਆਂ ਵਾਂਗ ਬਹਿਰ 7 ਫੇਲੁਨ ਦਵੱਈਆ ਹੀ ਬਿਹਤਰ ਹੈ।
ਡਾ. ਅਮਰ ਕੋਮਲ ਦੀਆਂ ਸਾਰੀਆਂ 501 ਰੁਬਾਈਆਂ ਵਿਚਲਾ ਬਹਿਰ, ਪੜ੍ਹਨ ਸਮਝਣ ਵਿੱਚ ਅੜਚਣ ਪੈਦਾ ਨਹੀਂ ਕਰਦਾ ਅਤੇ ਇਨ੍ਹਾਂ ਦਾ ਬਹਿਰ ਆਪਣੇ ਆਪ ਹੀ ਦਵੱਈਆ ਵੀ ਹੋ ਜਾਂਦਾ ਹੈ। ਕੁਝ ਰੁਬਾਈਆਂ ਦੇ ਮਿਸਰੇ ਹਾਜ਼ਰ ਹਨ ਜੋ ਕਿ ਮੁਹਾਵਰਿਆਂ ਵਾਂਗ ਅਮਰ ਜਾਪਦੇ ਹਨ। ਇਨ੍ਹਾਂ ਰੁਬਾਈਆਂ ਵਿੱਚ ਜ਼ਿੰਦਗੀ ਵਾਸਤੇ ਰੌਸ਼ਨ ਰਾਹਾਂ ਦੀ ਤਸਦੀਕ ਅਤੇ ਹਨੇਰੇ ਰਾਹਾਂ ਵਿੱਚ ਛਾਪੇ ਹਨ।
ਸੰਪਰਕ: 94174-84337