ਕੇ.ਐਲ. ਗਰਗ
ਮਨਮੋਹਨ ਬਾਵਾ ਪੰਜਾਬੀ ਸਾਹਿਤ ਵਿਚ ਆਪਣੀਆਂ ਇਤਿਹਾਸਕ ਗਲਪ ਰਚਨਾਵਾਂ ਅਤੇ ਯਾਤਰਾ ਸਾਹਿਤ ਕਾਰਨ ਬਹੁਤ ਹੀ ਸਤਿਕਾਰਿਆ ਅਤੇ ਪਿਆਰਿਆ ਲੇਖਕ ਹੈ। ਉਸ ਦੇ ਇਤਿਹਾਸਕ ਗਲਪ ਦੀਆਂ ਕੁੁਝ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਕਾਰਨ ਉਹ ਆਲੋਚਕਾਂ/ਪਾਠਕਾਂ ’ਤੇ ਡੂੰਘੀ ਛਾਪ ਛੱਡਦਾ ਹੈ। ਉਸ ਦੀਆਂ ਗਲਪ ਰਚਨਾਵਾਂ ਤਰਕ ਆਧਾਰਿਤ ਹਨ। ਉਨ੍ਹਾਂ ਦਾ ਮਾਨਵਵਾਦੀ ਖ਼ਾਸਾ ਪ੍ਰਭਾਵਿਤ ਕਰਦਾ ਹੈ। ਉਹ ਆਦਿਵਾਸੀਆਂ, ਦਲਿਤਾਂ ਅਤੇ ਹੋਰ ਛੋਟੀਆਂ ਸਮਝੀਆਂ ਜਾਂਦੀਆਂ ਜਾਤੀਆਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਦਾ ਹੈ।
ਬਹੁਤ ਵਰ੍ਹੇ ਪਹਿਲਾਂ ਹਿੰਦੀ ਦੇ ਪ੍ਰਸਿੱਧ ਵਿਦਵਾਨ ਅਤੇ ਚਿੰਤਕ ਹਜ਼ਾਰੀ ਪ੍ਰਸਾਦ ਦਿਵੇਦੀ ਨੇ ਇਕ ਨਾਵਲ ਲਿਖਿਆ ਸੀ: ‘ਬਾਣ ਭੱਟ ਕੀ ਆਤਮ-ਕਥਾ’ ਜਿਸ ਦੀ ਬਹੁਤ ਪ੍ਰਸ਼ੰਸਾ ਹੋਈ ਸੀ। ਬਾਣ ਭੱਟ ਰਾਜਾ ਹਰਸ਼ਵਰਧਨ ਦੇ ਕਾਲ ਦਾ ਪ੍ਰਸਿੱਧ ਨਾਟਕਕਾਰ ਸੀ। ਬਾਵਾ ਨੇ ਵੀ ਉਸੇ ਤਰਜ਼ ’ਤੇ ਆਪਣੀ ਗਲਪ ਰਚਨਾ ‘ਵਿਆਸ ਭੱਟ ਦੀ ਆਤਮਕਥਾ’ (ਕੀਮਤ: 425 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ/ਕੋਟਕਪੂਰਾ) ਲਿਖੀ ਹੈ ਜਿਸ ਵਿਚ ਉਸ ਨੇ ਹਰਸ਼ਵਰਧਨ ਦੇ ਵਾਰਿਸ ਯਸ਼ੋਵਰਮਨ ਦੇ ਰਾਜ ਕਾਲ ਦਾ ਬਿਰਤਾਂਤ ਪੇਸ਼ ਕੀਤਾ ਹੈ। ਵਿਆਸ ਭੱਟ, ਬਾਣ ਭੱਟ ਦਾ ਭਤੀਜਾ ਸੀ ਜਿਸ ਦਾ ਜ਼ਿਕਰ ਉਹ ਵਾਰ-ਵਾਰ ਕਰਦਾ ਹੈ, ਪਰ ਉਸ ਕੋਲ ਬਾਣ ਭੱਟ ਜਿੰਨੀ ਤੇ ਜਿਹੀ ਪ੍ਰਤਿਭਾ ਨਹੀਂ ਸੀ। ਵਿਆਸ ਭੱਟ ਦਾ ਗੁਰੂ ਹਰਿਵਰਧਨ ਇਸੇ ਲਈ ਉਸ ਨੂੰ ਨਾਟਕ ਕਲਾ ਬਾਰੇ ਕੁਝ ਗਿਆਨ, ਅਨੁਭਵ ਅਤੇ ਸਿਖਲਾਈ ਲੈਣ ਲਈ ਉਸ ਵੇਲੇ ਨਾਟ-ਕਲਾ ਦੇ ਪ੍ਰਸਿੱਧ ਕਲਾ-ਕੇਂਦਰ ਉਜੈਨ ਭੇਜਦਾ ਹੈ। ਉਜੈਨ ਜਾਣ ਦੇ ਦੋ ਰਾਹ ਹਨ। ਗੁਰੂ ਉਸ ਨੂੰ ਔਖੇ ਰਾਹ ਜਾਣ ਲਈ ਆਖਦਾ ਹੈ ਤਾਂ ਕਿ ਉਹ ਗੂੜ੍ਹ ਅਨੁਭਵ ਪ੍ਰਾਪਤ ਕਰ ਸਕੇ। ਰਾਹ ਵਿਚ ਤਰ੍ਹਾਂ-ਤਰ੍ਹਾਂ ਦੇ ਲੋਕਾਂ ਅਤੇ ਜਾਤੀਆਂ ਨੂੰ ਮਿਲੇ ਅਤੇ ਆਪਣੇ ਅਨੁਭਵ ਨੂੰ ਮੋਕਲਾ ਕਰੇ।
ਮਨਮੋਹਨ ਬਾਵਾ ਆਪਣੀ ਘੁਮੱਕੜੀ ਬਿਰਤੀ ਦਾ ਇਜ਼ਹਾਰ ਇਸ ਗਲਪ ਰਚਨਾ ਵਿਚ ਵੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਵਿਆਸ ਭੱਟ ਦੀਆਂ ਉਹ ਦੋ ਯਾਤਰਾਵਾਂ (ਲੰਮੀਆਂ) ਇਸ ਨਾਵਲ ਵਿਚ ਦਰਸਾਉਂਦਾ ਹੈ। ਇਕ ਉਜੈਨ ਜਾਣ ਦੀ ਅਤੇ ਦੂਸਰੀ ਯੁੱਧ ਵਿਚੋਂ ਨੱਸ ਕੇ ਵਾਪਸ ਆਪਣੇ ਘਰ ਵੱਲ ਪਰਤਣ ਦੀ। ਇਨ੍ਹਾਂ ਯਾਤਰਾਵਾਂ ਦੌਰਾਨ ਉਹ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨੂੰ ਮਿਲਦਾ ਹੈ ਅਤੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਹਾਸਿਲ ਕਰਦਾ ਹੈ। ਉਹ ਰਾਜਿਆਂ ਦੇ ਘੁਮੰਡ, ਮੂਰਖਤਾ ਅਤੇ ਹੱਠ ਦਾ ਜ਼ਿਕਰ ਕਰਦਾ ਹੈ। ਚਾਪਲੂਸਾਂ ਦੁਆਰਾ ਰਾਜਿਆਂ ਨੂੰ ਪੁੱਠੇ ਰਾਹ ਪਾ ਕੇ ਜੰਗ ਕਰਵਾ ਦੇਣ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਾ ਹੈ। ਰਾਜਾ ਯਸ਼ੋਵਰਮਨ ਕਸ਼ਮੀਰ ਦੇ ਰਾਜੇ ਨਾਲ ਕੇਵਲ ਬੁੱਧ ਦਾ ਇਕ ਦੰਦ ਪ੍ਰਾਪਤ ਕਰਨ ਲਈ ਹੀ ਯੁੱਧ ਛੇੜ ਲੈਂਦਾ ਹੈ ਤੇ ਭਾਰੀ ਨੁਕਸਾਨ ਉਠਾਉਂਦਾ ਹੈ।
ਰਾਜਾ ਹਰਸ਼ਵਰਧਨ ਵੇਲੇ ਉਨ੍ਹਾਂ ਦਾ ਰਾਜ ਨਾਟ-ਕਲਾ ਵਿਚ ਪੂਰੀ ਚੜ੍ਹਤ ’ਤੇ ਸੀ। ਬਾਣ ਭੱਟ, ਭਬੂਤੀ ਆਦਿ ਨਾਟਕਕਾਰ ਆਪਣੀ ਕਲਾ ਦਾ ਇਜ਼ਹਾਰ ਕਰ ਰਹੇ ਸਨ। ਪਰ ਯਸ਼ੋਵਰਮਨ ਨਾ ਤਾਂ ਸਿਆਣਾ ਰਾਜਾ ਹੀ ਸਿੱਧ ਹੋਇਆ ਤੇ ਨਾ ਹੀ ਚੰਗਾ ਨਾਟਕ ਪਾਰਖੂ। ਉਸ ਵੇਲੇ ਪੁਰਾਣੇ ਤੇ ਪ੍ਰਸਿੱਧ ਨਾਟਕਕਾਰ ਜਾਂ ਤਾਂ ਸਵਰਗ ਸਿਧਾਰ ਚੁੱਕੇ ਸਨ ਤੇ ਜਾਂ ਫਿਰ ਏਨੇ ਬਿਰਧ ਹੋ ਗਏ ਸਨ ਕਿ ਕਿਸੇ ਕੰਮ ਦੇ ਨਹੀਂ ਰਹੇ ਸਨ। ਇਸੇ ਲਈ ਸਤਿਆਕੀਰਤੀ, ਕਰਨਾਕਰ ਵਰਮਨ, ਰਵਾਲਕਰ ਅਤੇ ਜਕਸ਼ਤਰਕ ਜਿਹੇ ਅਖੌਤੀ ਚਾਪਲੂਸਾਂ ਅਤੇ ਕਲਾ ਤੋਂ ਕੋਰੇ ਨਾਟਕਕਾਰਾਂ ਦਾ ਬੋਲਬਾਲਾ ਹੈ। ਉਹ ਚੰਗੇ ਨਾਟਕ ਲਿਖਣ ਦੀ ਥਾਂ ਚਾਪਲੂਸੀ, ਸਾਜ਼ਿਸ਼ ਅਤੇ ਖੁਸ਼ਾਮਦ ਰਾਹੀਂ ਰਾਜ ਦੀਆਂ ਉੱਚੀਆਂ-ਉੱਚੀਆਂ ਪਦਵੀਆਂ ਹਥਿਆਉਣ ਵਿਚ ਕਾਮਯਾਬ ਹੋ ਜਾਂਦੇ ਹਨ। ਸਾਜ਼ਿਸ਼ ਕਰਕੇ ਹੀ ਉਹ ਵਿਆਸ ਭੱਟ ਨੂੰ ਯੁੱਧ ਵਿਚ ਝੋਂਕਣ ਵਿਚ ਸਫ਼ਲ ਹੋ ਜਾਂਦੇ ਹਨ ਜਿੱਥੋਂ ਉਹ ਆਪਣੀ ਜਾਨ ਬਚਾ ਕੇ ਨੱਸ ਆਉਂਦਾ ਹੈ ਤੇ ਰਾਜ-ਧ੍ਰੋਹ ਦਾ ਸਾਹਮਣਾ ਕਰਦਾ ਹੈ। ਉੱਥੋਂ ਉਸ ਨੂੰ ਉਸ ਦੀ ਪ੍ਰੇਮਿਕਾ ਜੂਹਿਕਾ ਬਚਾਉਣ ਵਿਚ ਸਫ਼ਲ ਹੋ ਜਾਂਦੀ ਹੈ ਤੇ ਉਹ ਰਾਜ ਛੱਡ ਕੇ ਕਿਤੇ ਦੂਰ ਭੱਜ ਜਾਣ ਦਾ ਨਿਸ਼ਠਾ ਕਰ ਲੈਂਦਾ ਹੈ।
ਵਿਆਸ ਭੱਟ ਕਈ ਔਰਤਾਂ ਨਾਲ ਪਿਆਰ ਕਰਦਾ ਹੈ, ਪਰ ਕਿਸੇ ਨਾਲ ਵੀ ਪੂਰਾ ਨਹੀਂ ਉਤਰਦਾ। ਜੂਹਿਕਾ ਨੂੰ ਛੱਡ ਕੇ ਇਕ ਹੋਰ ਅਭਿਨੇਤਰੀ ਵਿਸ਼ਾਖਾ ਨਾਲ ਵਿਆਹ ਕਰਵਾ ਲੈਂਦਾ ਹੈ। ਉਜੈਨ ਵਿਚ ਉਹ ਨਾਟ ਸਿਖਲਾਈ ਲੈਣ ਲਈ ਦੇਸ਼ਵਰਮਨ ਕੋਲ ਜਾਂਦਾ ਹੈ। ਉੱਥੇ ਉਸ ਨੂੰ ਉਸ ਦੀ ਬੇਟੀ ਚੰਦਰਿਕਾ ਨਾਲ ਮੁਹੱਬਤ ਹੋ ਜਾਂਦੀ ਹੈ, ਪਰ ਗੁਰੂ ਦੀ ਬੇਟੀ ਹੋਣ ਕਾਰਨ ਉਹ ਉਸ ਤੋਂ ਵੀ ਦੂਰ ਨੱਸਦਾ ਹੈ। ਵਿਸ਼ਾਖਾ ਨਾਲ ਵੀ ਉਸ ਦੀ ਨੋਕ-ਝੋਕ ਚਲਦੀ ਰਹਿੰਦੀ ਹੈ।
ਲੇਖਕ ਆਪਣੀ ਇਸ ਗਲਪ ਰਚਨਾ ਵਿਚ ਥਾਂ-ਪੁਰ-ਥਾਂ ਬਹੁਤ ਹੀ ਕਾਰਗਰ ਟਿੱਪਣੀਆਂ ਕਰਦਾ ਹੈ ਜਿਸ ਕਾਰਨ ਨਾਵਲ ਦੀ ਦਿੱਖ ਅਤੇ ਤਾਸੀਰ ਚਿੰਤਨ-ਸ਼ੈਲੀ ਵਾਲੀ ਹੋ ਜਾਂਦੀ ਹੈ। ਬੁੱਧ ਧਰਮ ਤੇ ਬ੍ਰਾਹਮਣਵਾਦ, ਨਾਟਕ ਕਲਾ ਅਤੇ ਰਾਜਿਆਂ ਦੇ ਅਹੰਮ ਬਾਰੇ ਉਸ ਦੀਆਂ ਟਿੱਪਣੀਆਂ ਬਹੁਤ ਪ੍ਰਭਾਵਿਤ ਕਰਦੀਆਂ ਹਨ।
ਵਿਆਸ ਭੱਟ ਦੇ ਚਰਿੱਤਰ ਦੀਆਂ ਊਣਤਾਈਆਂ ਵੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਉਹ ਨਾ ਤਾਂ ਸੱਚਾ ਪ੍ਰੇਮੀ ਸਿੱਧ ਹੁੰਦਾ ਹੈ ਤੇ ਨਾ ਹੀ ਪਰਪੱਕ ਨਾਟਕਕਾਰ। ਯੁੱਧ ਵਿਚੋਂ ਵੀ ਉਹ ਭਗੌੜਾ ਹੋ ਜਾਂਦਾ ਹੈ ਤੇ ਆਪਣੀ ਜਾਨ ਬਚਾਉਣ ਲਈ ਉਹ ਆਪਣਾ ਮੁਲਕ/ਰਾਜ ਤੱਕ ਛੱਡਣ ਲਈ ਤਿਆਰ ਹੋ ਜਾਂਦਾ ਹੈ। ਲੇਖਕ ਨੇ ਨਾਵਲ ਵਿਚ ਪੇਸ਼ ਕੀਤੇ ਸਮੇਂ, ਸਥਾਨ ਅਤੇ ਕਿਰਦਾਰਾਂ ਨਾਲ ਪੂਰਾ ਇਨਸਾਫ਼ ਕੀਤਾ ਹੈ। ਰਚਨਾ ਉਪਯੋਗੀ ਵੀ ਹੈ ਤੇ ਰੌਚਿਕ ਵੀ।
ਸੰਪਰਕ: 94635-37050