ਸੁਰਜੀਤ ਜੱਜ
(ਕਿਸਾਨ ਸੰਘਰਸ਼ ਦੇ ਪ੍ਰਸੰਗ ’ਚ ਇਕ ਪਾਤਰੀ ਕਾਵਿ-ਨਾਟ)
ਮੰਚ ਪ੍ਰਵੇਸ਼ ਨਾਲ, ਪਿਛੋਕੜ ’ਚੋਂ ਉਭਰਦੀ ਆਵਾਜ਼:
ਮੈਂ ਤੱਤ-ਭੜੱਤੀ ਕਿਰ ਗਈ, ਤੇਰੀ ਮੁੱਠੋਂ ਬਣ ਕੇ ਰੇਤ
ਮੈਂ ਫ਼ਸਲੋਂ ਹੋਈ ਨਿਫ਼ਸਲੀ, ਤੂੰ ਕਿੱਦਾਂ ਵਾਹੇ ਖੇਤ।
ਨਾ ਟੁੱਟੀ ਟਾਹਣ ਧਰੇਕ ਦੀ, ਉਹ ਬਣ ਗਈ ਲੋਹੇ-ਹਾਰ
ਤੂੰ ਕੱਖੋਂ ਹੌਲ਼ਾ ਹੋ ਗਿਓਂ, ਉਹਦੇ ਉੱਤੇ ਲਟਕਣ ਗਾਰ।
… … …
… … …
ਮੈਂ ਮਿੱਟੀਏ ਮਿੱਟੀ ਹੋ ਗਈ, ਮੰਗਦੀ ਰਾਹਾਂ ਦੀ ਖੈਰ
ਚੁੱਕ ਤੁਰੀ ਕਸੂਰੀ ਜੁੱਤੀਆਂ, ਤੇ ਪਿੱਛੇ ਭੁੱਲ ਗਈ ਪੈਰ।
ਮੈਂ ਰੀਝੀ ਐਸੀ ਰੱਥ ’ਤੇ, ਜਿਹਦੀ ਢਿੱਲੀ ਹਰ ਇਕ ਚੂਲ਼
ਮੈਂ ਪੋਟਾ-ਪੋਟਾ ਪੈਰ ਹੁਣ, ਤੇ ਲੂੰ-ਲੂੰ ਮੇਰਾ ਸੂਲ।
ਕੀ ਬਾਤਾਂ ਪਾਵਾਂ ਦਿਲ ਦੀਆਂ, ਮੈਂ ਗੂੰਗੀ ਹੋਈ ਲਾਟ
ਜਣ-ਜਣ ਸਰਹੱਦਾਂ ਖਾ’ਗੀਆਂ, ਸਾਨੂੰ ਸਣ ਮੰਜ਼ਿਲ ਸਣ ਵਾਟ।
… … …
… … …
ਸਰਹੱਦਾਂ,
ਮੇਰੇ ਜੀਣ ਦੀਆਂ ਮੇਰੇ ਮਰਨ ਦੀਆਂ
ਮੇਰੇ ਤੁਰਨ, ਪੁਲਾਂਘਾਂ ਭਰਨ ਦੀਆਂ
ਮੇਰੇ ਪੱਤਣਾਂ ’ਤੇ ਡੁੱਬ ਜਾਣ ਦੀਆਂ
ਤੇ ਲਹੂ ਦੀਆਂ ਨਦੀਆਂ ਤਰਨ ਦੀਆਂ।
ਇਹ ਹੱਦਾਂ ਕੌਣ ਬਣਾਉਂਦਾ ਏ?
ਸਰਹੱਦਾਂ ਕੌਣ ਬਣਾਉਂਦਾ ਏ?
… … …
… … …
ਖੇਤਾਂ ਦੀਆਂ ਵੱਟਾਂ ਤੋਂ ਵੱਡੀ, ਮੈਂ ਵੰਡ ਕਦੇ ਵੀ ਸੋਚੀ ਨਾ
ਹੱਥਾਂ ਦੀਆਂ ਲੀਕਾਂ ਤੋਂ ਵਧ ਕੇ, ਕੋਈ ਲੀਕ ਕਦੇ ਮੈਂ ਲੋਚੀ ਨਾ।
ਜੋ ਲੋ ਨੂੰ ਲੀਕੀਂ ਵੰਡ ਦਵੇ, ਕੋਈ ਐਸੀ ਕਾਨੀ ਬੋਚੀ ਨਾ
ਲਿਖ ਹੋਵੇ ਜਿਸ ’ਤੇ ‘ਹੋਦ’ ਸ਼ਬਦ, ਮੈਂ ਐਸੀ ਫੱਟੀ ਪੋਚੀ ਨਾ।
… … …
… … …
ਫਿਰ ਵੀ ਮੇਰੇ ਪੱਬ ਧਰਨ ਦੀਆਂ
ਨਿਰਭਓ ਹੋਵਣ ਤੇ ਡਰਨ ਦੀਆਂ।
ਪੋਹ-ਮਾਘ ਦੀ ਰੁੱਤੇ ਸੜਨ ਦੀਆਂ
ਤੇ ਜੇਠ-ਹਾੜ ਵਿਚ ਧਰਨ ਦੀਆਂ।
ਆਪਣੇ ਹੰਝੂਆਂ ਵਿਚ ਖਰਨ ਦੀਆਂ
ਮੇਰੀ ਕੁੱਖ ਨੂੰ ਸੱਖਣੇ ਕਰਨ ਦੀਆਂ।
ਇਹ ਹੱਦਾਂ ਤਾਜ ਬਣਾਉਂਦਾ ਏ
ਸਰਹੱਦਾਂ ਤਖ਼ਤ ਬਣਾਉਂਦਾ ਏ।
ਅੱਜ ਸ਼ੰਭੂ, ਸਿੰਘੂ, ਟਿੱਕਰੀ ਵੀ
ਮੈਨੂੰ ਵਾਹਗੇ ਵਾਂਗ ਸਤਾਉਂਦਾ ਏ।
… … …
ਵਾਹਗਾ… ਵਾਹਗਾ… ਵਾਹਗਾ
ਵਾਹਗੇ ਵਗੀ ਲਕੀਰ ਇਕ ਮੇਰਾ ਤਨ-ਮਨ ਚੀਰ ਗਈ
ਮੇਰੇ ਸਿਰ ’ਤੇ ਸੋਂਹਦੀ ਚੁੰਨੜੀ ਹੋ ਲੀਰੋ-ਲੀਰ ਗਈ।
ਮੈਨੂੰ ਚੱਬਿਆ ਚੁੱਕ ਚਨਾਬ ਨੇ, ਕੁਝ ਰਾਵੀ ਜੀਰ ਗਈ
ਮੈਨੂੰ ਸਭ ਕੁਝ ਯਾਦ ਜੋ ਆਖਦੀ, ਮਾਂ ਅਖੀਰ ਗਈ:
… … …
… … …
ਵੀਰਾਂ ਵਾਲੀ ਦਿਆਂ ਵੀਰਾਂ ਨੇ, ਵਖਤਾਂ ਦੇ ਵਰਕੇ ਪਾੜ ਲਏ
ਸਭ ਸਾਲੂ, ਸੁੱਬਰ, ਫੁਲਕਾਰੀ, ਓਨ੍ਹਾਂ ਸਣੇ ਭੈਣ ਦੇ ਸਾੜ ਲਏ।
ਕੀ ਹਮਸਾਇਆਂ ਨੂੰ ਦੋਸ਼ ਦਿਆਂ, ਪਿਓ ਨੇ ਵੀ ਜ਼ਹਿਰ ਇਹ ਫੱਕੀ ਨਾ
ਜਿਉਂਦੇ ਜੀ ਮੋਈ ਜੀਣੀ ਦੀ, ਉਸ ਲਾਸ਼ ਵੀ ਮੁੜ ਕੇ ਤੱਕੀ ਨਾ।
ਮੁੜ-ਮੁੜ ਕੇ ਸਲਮਾ ਕੋਹੀ ਗਈ, ਮਰ ਕੇ ਵੀ ਫ਼ਾਤਮਾ ਰੋਈ ਗਈ,
ਚੰਨੋ ਦੀਆਂ ਚੀਕਾਂ ਹਾਲੇ ਤਕ, ਅੱਲ੍ਹਾ ਦਾ ਤਖ਼ਤ ਹਿਲਾਉਂਦੀਆਂ ਨੇ
ਮਾਂ ਕਹਿੰਦਿਆਂ-ਕਹਿੰਦਿਆਂ ਹੀ ਤੁਰ ਗਈ, ਉਹਨੂੰ ਵੰਡ ਦੀਆਂ ਲਪਟਾਂ ਤਾਉਂਦੀਆਂ ਨੇ।
… … …
… … …
ਵੰਡ… ਵੰਡ… ਵੰਡ… ਬਸ ਵੰਡ…
ਧਰਤੀ ਦੀ ਵੰਡ, ਨਸਲਾਂ ਦੀ ਵੰਡ
ਖੇਤਾਂ ਦੀ ਵੰਡ, ਫ਼ਸਲਾਂ ਦੀ ਵੰਡ
ਜੂਹਾਂ ਦੀ ਵੰਡ, ਰਾਹਵਾਂ ਦੀ ਵੰਡ
ਸਿਰਾਂ ਦੀ ਵੰਡ, ਬਾਹਵਾਂ ਦੀ ਵੰਡ
ਦੁੱਖਾਂ ਦੀ ਵੰਡ, ਚਾਵਾਂ ਦੀ ਵੰਡ
ਦਾਦੀਆਂ, ਨਾਨੀਆਂ, ਮਾਵਾਂ ਦੀ ਵੰਡ
ਧੁੱਪਾਂ ਦੀ ਵੰਡ, ਛਾਵਾਂ ਦੀ ਵੰਡ
ਜੰਗਲ, ਜੂਹ, ਦਰਿਆਵਾਂ ਦੀ ਵੰਡ
ਤਖ਼ਤਾਂ ਦੇ ਕਹਿ ’ਤੇ, ਮਾਇਆ ਦੀ ਸ਼ਹਿ ’ਤੇ
ਸ਼ਹਿਰਾਂ ਦੀ ਵੰਡ, ਗਰਾਵਾਂ ਦੀ ਵੰਡ
… … …
… … …
ਵੰਡ… ਵੰਡ… ਵੰਡ…
ਇਸ ਵੰਡ ਜਾਈਆਂ ਸਰਹੱਦਾਂ ’ਤੇ, ਕੀ ਕਹਾਂ ਜੋ ਮੇਰੇ ਨਾਲ਼ ਹੋਈ
ਕਦੇ ਪਿਓ ਦੀ, ਕਦੇ ਦਿਲ-ਜਾਨੀ ਦੀ, ਮੈਥੋਂ ਲਾਸ਼ ਤਕ ਨਾ ਭਾਲ ਹੋਈ
ਜੀਣਾ ਤਾਂ ਮੁਲਤਵੀ ਕਰਦੇ ਗਏ, ਪਰ ਮੌਤ ਕਦੇ ਨਾ ਟਾਲ ਹੋਈ
ਅਸੀਂ ਤਖ਼ਤ ਦੇ ਪਾਵੇ ਸਾਂਭੀ ਗਏ, ਪਗੜੀ ਨਾ ਮਗਰ ਸੰਭਾਲ ਹੋਈ…
… … … ਪਗੜੀ, ਖੇਤ, ਫ਼ਸਲ
ਜ਼ਖ਼ਮੀ ਕੁੱਖ, ਰੁਲਦੀ ਨਸਲ… … …
(… ਦੂਰ ਪਿਛੋਕੜ ’ਚੋਂ ਆਉਂਦੀ ਧੁਨੀ ਦੀ ਆਵਾਜ਼ ਵਿਚ…)
ਅਸੀਂ ਹੱਥਲ ਹੋਣਾ ਜਰ ਲਿਆ, ਨਾ ਲੜੇ ‘ਦੀਨ ਕੇ ਹੇਤ’
ਨਿੱਤ ਲਾਸ਼ਾਂ ਭਾਵੇਂ ਉੱਗੀਆਂ, ਅਸੀਂ ਫਿਰ ਵੀ ਵਾਹੇ ਖੇਤ।
ਹਰ ਵਾੜ ਵਲਗਣਾਂ ਬਣ ਗਈ ਤੇ ਵੱਟ ਬਣੀ ਸਰਹੱਦ
ਪੁੱਗ ਗਈ ਸਿਰਾਂ ਨੂੰ ਸਾਂਭਦੀ, ਸਾਡੀ ਸਰਲੱਥਾਂ ਦੀ ਜੱਦ।
… … …
… … …
ਸਿਰ… ਸਿਰਲੱਥ, ਸੀਸ… ਸਰਬੰਸ
ਚਮਕੌਰ, ਸਰਹੰਦ …ਗੜ੍ਹੀ ਗੁਰਦਾਸ
ਜੱਲ੍ਹਿਆਂਵਾਲਾ ਬਾਗ਼… ਹੁਸੈਨੀਵਾਲਾ
ਲਾਹੌਰ ਜੇਲ੍ਹ… ਕਾਲਾ ਪਾਣੀ
ਤੇਗ… ਦੇਗ …ਦਿੱਲੀ …ਹਾਂ…ਹਾਂ ਦਿੱਲੀ…
ਹਾਂ! ਦਿੱਲੀ… ਦਗ਼ਾ… ਦਹਿਲ, ਆਰਾ…ਦੇਹ
…ਦਰਦ…ਮੋਹ…ਰੋਹ…
ਸਬਰ, ਸਿਦਕ, ਸੰਤੋਖ, ਸ਼ਹਾਦਤ
ਹੱਕ ਇਮਾਨ, ਹੈ ਹੱਕ ਇਬਾਦਤ
… … …
ਪਲ-ਪਲ ਜੂਝਣ ਦੀ ਕਨਸੋਅ
ਜ਼ਖ਼ਮੀ ਮੱਥੇ, ਰਿਸਦੀ ਲੋਅ…
ਹਾਂ! ਮੱਥਿਆਂ ’ਚੋਂ ਰਿਸਦੀ ਲੋਅ…
ਮੇਰੇ… ਤੇਰੇ… ਤੇਰੇ… ਇਹਦੇ…ਉਹਦੇ, ਉਰਲੇ…ਪਰਲੇ …ਸਭ ਦੇ
ਮੱਥਿਆਂ ’ਚੋਂ ਰਿਸਦੀ ਲੋਅ!
ਮੱਥਿਆਂ ’ਚੋਂ ਰਿਸਦੀ ਲੋ ਵਾਲਿਆਂ ਦੀ ਜੱਦ,
ਪੁੱਗਿਆ ਨਹੀਂ ਕਰਦੀ…
ਸਿਰ ਸਾਂਭਦਿਆਂ ਤਾਂ ਹਰਗਿਜ਼ ਨਹੀਂ,
ਹਲਾਂ ਨੂੰ ਸਾਂਭਦੇ ਹੱਥ, …ਹੱਥਲ ਨਹੀਂ ਹੁੰਦੇ
ਜਾਗ ਪਏ ਖੇਤਾਂ ’ਚੋਂ ਖ਼ੁਦਕੁਸ਼ੀ ਨਹੀਂ ਉੱਗਿਆ ਕਰਦੀ
ਖ਼ੁਦਦਾਰੀ ਉੱਗਦੀ ਏ, ਨਾਬਰੀ ਨਿੱਸਰਦੀ ਏ…
ਹਾਂ… ਨਾਬਰੀ ਨਿੱਸਰਦੀ ਏ…
… … …
… … …
ਉੱਠ! ਨਾ ਘਬਰਾ ਤੂੰ ਅੰਮੀਏ, ਕੁਝ ਫੁੱਲ ਜੇ ਟੁੱਟ ਗਏ
ਕੁਝ ਡਾਕੂ ਮਹਿਲੋਂ ਨਿਕਲ ਕੇ ਤੇਰੀ ਦੁਨੀਆਂ ਲੁੱਟ ਗਏ।
ਤੇਰੀ ਕੁੱਖ ਨੂੰ ਪਰ ਵਰਦਾਨ ਹੈ, ਨਿੱਤ ਜਣੇ ਸੁਲੱਖਣੇ ਸੀਸ
ਤੇਰੇ ਲੂੰ-ਲੂੰ ਵਿਚ ਅਰਦਾਸ ਹੈ, ਤੇਰੀ ਤੱਕਣੀ ਵਿਚ ਅਸੀਸ…
ਉੱਠ ਤੁਰ ਪਏ ਯੁੱਗ ਪਲਟਾਉਣ ਨੂੰ, ਸਭ ਲੂਹ ਨ੍ਹੇਰੇ ਦੇ ਜਾਲ਼
ਤੇਰੇ ਚੰਨ ਲੋ ਵੰਡਦੇ ਖ਼ੁਦ ਨੂੰ, ਵਾਂਗ ਮਸ਼ਾਲਾਂ ਬਾਲ਼…
… … …
… … …
(ਸਹਿਗਾਨ:)
ਹੋਰ ਮਸ਼ਾਲਾਂ ਬਾਲ਼ ਸਾਥੀਆ, ਹੋਰ ਮਸ਼ਾਲਾਂ ਬਾਲ਼
ਲੂਹ ਨ੍ਹੇਰੇ ਦੇ ਜਾਲ ਸਾਥੀਆ, ਲੂਹ ਨ੍ਹੇਰੇ ਦੇ ਜਾਲ਼
…
ਲੋਕ-ਕਾਫ਼ਲਾ ਰੁਕਣ ਨਈਂ ਦੇਣਾ
ਖੇਤਾਂ ਦਾ ਸਿਰ ਝੁਕਣ ਨਈਂ ਦੇਣਾ
ਪਗੜੀ ਫੇਰ ਸੰਭਾਲ, ਸਾਥੀਆ, ਪੱਗੜੀ ਫੇਰ ਸੰਭਾਲ
ਹੋਰ ਮਸ਼ਾਲਾਂ ਬਾਲ਼…
ਮਾਵਾਂ, ਦਾਦੀਆਂ, ਨਾਨੀਆਂ ਤੁਰੀਆਂ
ਸ਼ਾਖਸ਼ਾਤ ਕੁਰਬਾਨੀਆਂ ਤੁਰੀਆਂ
ਤੇਰੇ ਨਾਲੋ-ਨਾਲ ਸਾਥੀਆ, ਹੋਰ ਮਸ਼ਾਲਾਂ ਬਾਲ਼
ਹੋਰ ਮਸ਼ਾਲਾਂ ਬਾਲ਼…
ਬੁੱਢੜੇ ਪਿਓ ਤੇ ਦਾਦੇ ਤੁਰ ਪਏ
ਲਗਦਾ ਗ਼ਦਰੀ ਬਾਬੇ ਤੁਰ ਪਏ
ਭਗਤ-ਸਰਾਭੇ ਨਾਲ, ਸਾਥੀਆ ਹੋਰ ਮਸ਼ਾਲਾਂ ਬਾਲ਼
ਹੋਰ ਮਸ਼ਾਲਾਂ ਬਾਲ਼…
ਜਾਗੇ ਖੇਤ, ਜਗਾ ਕੇ ਰੱਖੀਂ
ਹਲ਼ ਨੂੰ ਕਲਮ ਫੜਾ ਕੇ ਰੱਖੀਂ
ਸੁੱਚੇ ਸ਼ਬਦ ਸੰਭਾਲ ਸਾਥੀਆ, ਸੁੱਚੇ ਸ਼ਬਦ ਸੰਭਾਲ
ਹੋਰ ਮਸ਼ਾਲਾਂ ਬਾਲ਼ ਸਾਥੀਆ…
… … …
… … …
ਹਾਂ! ਉਹ ਤੁਰਿਆ ਸੀ-
ਮਸ਼ਾਲਾਂ ਵਾਲਿਆਂ ਨਾਲ
ਮਸ਼ਾਲ ਫੜ… ਮਸ਼ਾਲ ਬਣ
ਮੇਰੀ ਕੁੱਖੋਂ ਜਾਇਆ, ਗੋਦ ਖਿਡਾਇਆ
ਮੇਰੀ ਅੱਖ ਦਾ ਨੂਰ
ਮੇਰੇ ਦੁੱਧ ਦੇ ਤੇਜ਼ ਦਾ ਜਲੌਅ ਸੀ ਉਹਦੇ ਮੱਥੇ ’ਤੇ
ਉਹਦੇ ਸਿਰ ’ਤੇ ਮੇਰੀ ਅਸੀਸ ਦੀ ਛਾਂ ਸੀ
ਪਰ ਸ਼ਾਇਦ… ‘ਸ਼ਾਇਦ ਨਹੀਂ’- ਸੱਚਮੁੱਚ…ਯਕੀਨਨ,
ਹਰ ਮਾਂ ਦੀ ਅਸੀਸ ਵਿਚ
ਮਾਤਾ ਗੁਜਰੀ ਦੀ ਅਸੀਸ ਰਲ਼ੀ ਹੁੰਦੀ ਏ
ਜੋ ਆਪਣੇ ਪੁੱਤ-ਪੋਤਿਆਂ ਨੂੰ, ਇਕੋ ਗੁੜ੍ਹਤੀ ਬਖ਼ਸ਼ਦੀ ਏ
‘‘ਇਤੁ ਮਾਰਗੁ ਪੈਰ ਧਰੀਜੈ, ਸਿਰ ਦੀਜੈ ਕਾਣੁ ਨਾ ਕੀਜੈ’’
ਤੇ ਹਾਂ!
ਸਿਰ ਦੇਣ ਲੱਗਿਆਂ,
ਕਾਣ ਤਾਂ ਉਹਦੇ ਵੱਡੇ ਵੀਰ ਨੇ ਵੀ ਨਹੀਂ ਸੀ ਕੀਤੀ
ਜੂਝ ਮਰਿਆ ਸੀ… ਕਾਰਗਿਲ ਦੇ ਕੁਰੂਕਸ਼ੇਤਰ ਵਿਚ…
ਕਾਹਦੇ ਲਈ…
ਤਖ਼ਤ ਦੀ ਸ਼ਹਿ-ਮਾਤ ਦਾ ਹਠ ਪੂਰਾ ਕਰਨ ਲਈ!
ਭਰਾਵਾਂ ਨੂੰ ਮਾਰਨ ਤੇ ਭਰਾਵਾਂ ਹੱਥੋਂ ਮਰਨ ਲਈ
ਆਪਣੀ ਸਾਹ-ਹੀਣ ਹਿੱਕ ’ਤੇ
ਲਹੂ ਲਿੱਬੜਿਆ ਤਗ਼ਮਾ ਧਰਨ ਲਈ
ਮੇਰੀ ਚਿੱਟੀ ਚੁੰਨੀ ਨੂੰ, …ਹੋਰ ਚਿੱਟਾ ਕਰਨ ਲਈ!
…ਉਹਦੇ ਹੱਥ ਵੀ ਮਸ਼ਾਲ ਸੀ
ਪਰ… ਕੇਹੀ ਮਸ਼ਾਲ!
ਜਿਸ ਨਾ ਘਰ ਰੁਸ਼ਨਾਇਆ
ਨਾ ਖੇਤਾਂ ਦਾ ਡਰ ਮੁਕਾਇਆ
ਨਾ ਉਹਦਾ ਲਹੂ ਫ਼ਸਲ ਦੇ ਕੰਮ ਆਇਆ
ਨਾ ਵਹਿਸ਼ਤ ਦੀ ਤਪਸ਼ ਨੂੰ ਠਾਰ ਪਾਇਆ
ਮੇਰਾ ਜਾਇਆ… ਬਸ… ਸਿਵੇ ਨੂੰ ਰਾਸ ਆਇਆ…
… … …
… … … (ਮੂਕ ਅਭਿਨੈ)
… … …
ਤੇ ਫਿਰ ਇਕ ਦਿਨ… ਛੋਟਾ ਵੀ
ਮਸ਼ਾਲਾਂ ਵਾਲਿਆਂ ਨਾਲ ਮਸ਼ਾਲ ਹੋ ਤੁਰਿਆ
ਵਰ੍ਹਿਆਂ ਬਾਅਦ ਮੈਂ ਵੇਖਿਆ
ਜਾਣਿਆ…ਪਛਾਣਿਆ…
ਮਸ਼ਾਲ-ਮਸ਼ਾਲ ਵਿਚ- ਕਿੰਨਾ ਫ਼ਰਕ ਹੁੰਦੈ:
… … …
… … …
ਉਹਦੇ ਹੱਥ ’ਚ ਮਸ਼ਾਲ, ਵੇਖੀ ਕਰਦੀ ਕਮਾਲ
ਜਿੱਥੋਂ ਲੰਘਿਆ ਰਾਹਾਂ ਦੇ ਵਿਚੋਂ ਨ੍ਹੇਰ ਧੋ ਗਿਆ
ਉਹਦੀ ਲੋ ਲੈ ਕੇ ਪਿੰਡ, ਨੂਰੋ-ਨੂਰ ਹੋ ਗਿਆ
—-
ਨੈਣ ਜਗਦੇ ਚਿਰਾਗ਼, ਧੋਂਦੇ ਕਾਲ਼ਖ਼ਾਂ ਦੇ ਦਾਗ਼,
ਚੰਨ, ਚਾਨਣਾਂ ਦੀ ਨਵੀਂ ਹੀ ਕਹਾਣੀ ਛੋਹ ਗਿਆ
ਉਹਦੀ ਲੋ ਲੈ ਕੇ ਪਿੰਡ ਨੂਰੋ-ਨੂਰ ਹੋ ਗਿਆ
—-
ਥਾਂ ਪਾਣੀ ਦੇ ਮੈਂ ਸਿਰ ਤੋਂ ਅਸੀਸਾਂ ਵਾਰੀਆਂ
ਇਕੋ ਸਾਹੇ ਮੈਂ ਸੀ, ਸੌ ਸੌ ਨਜ਼ਰਾਂ ਉਤਾਰੀਆਂ
ਮੇਰੀ ਕੁੱਖ ਨੂੰ ਸੁਲੱਖਣਾ ਗ਼ਰੂਰ ਹੋ ਗਿਆ
ਉਹਦੀ ਲੋ ਲੈ ਕੇ ਪਿੰਡ ਨੂਰੋ-ਨੂਰ ਹੋ ਗਿਆ
… … …
… … …
ਪਰ ਇਹ ਕੀ!
ਹੱਦਾਂ, ਸਰਹੱਦਾਂ ਬਣ ਗਈਆਂ
ਸ਼ੰਭੂ-ਕਾਰਗਿਲ ਹੋ ਗਿਆ
ਆਪਣਿਆਂ ਵੱਲੋਂ ਦਾਗੇ ਹੰਝ-ਗੋਲੇ ਤੋਂ
ਆਪਣੇ ਕਿਸੇ ਵਡੇਰੇ ਦੀ ਢਾਲ਼ ਬਣਦਾ
ਉਹ ਮੇਰੀ ਢਾਲ਼ ਦਾ ਮਾਣ ਤੋੜ ਗਿਆ
ਹਾਂ… ਏਥੇ… ਜੀ ਹਾਂ… ਏਥੇ… ਠੀਕ ਏਥੇ… ਬਸ ਏਥੇ ਕਿਤੇ…
ਬੈਰੀਅਰ… ਬਾਡਰ… ਪਤਾ ਨਈਂ ਕੀ ਲਿਖਿਆ, ਉਹ ਪੱਥਰ
ਕਾਰਗਿਲ ਦੀ ਚਟਾਨ ਬਣ ਗਿਆ
ਮੇਰਾ ਨੂਰ… ਆਪਣੀ ਲੋ ਤਲ਼ੀ ’ਤੇ ਧਰ
ਹਨੇਰੇ ਅੱਗੇ ਤਣ ਗਿਆ
ਹੱਦ, …ਸਰਹੱਦ ਹੋ ਗਈ
ਖੇਤਾਂ ਨਾਲ਼ ਤਖ਼ਤ ਦੀ ਦੁਸ਼ਮਣੀ ਦੀ ਹੱਦ ਹੋ ਗਈ
ਤੇ ਮੇਰੀ ਬੇ-ਨੂਰ ਹੋਈ ਕੁੱਖ ਦੀ ਲੋਅ ਨੇ
ਇਕ ਵਾਰ ਫਿਰ ਤੱਕਿਆ… ਜਾਣਿਆ… ਪਛਾਣਿਆ
ਕਿ ਮਸ਼ਾਲ ਤੇ ਮਸ਼ਾਲ ਵਿਚ, ਕਿੰਨਾ ਫ਼ਰਕ ਹੁੰਦੈ!
ਫ਼ਰਕ… ਹਾਂ… ਫ਼ਰਕ
ਪਰ ਇਹ ਫ਼ਰਕ, ਹਾਕਮ ਨੂੰ ਕਿਉਂ ਨਹੀਂ ਦਿਸਦਾ
ਕਿਸੇ ਵੀ ਫ਼ਰਕ ਨਾਲ, ਉਹਨੂੰ ਫ਼ਰਕ ਕਿਉਂ ਨਹੀਂ ਪੈਂਦਾ
ਉਹਨੂੰ ਹੱਕ ਮੰਗਣ ਤੇ ਤਖ਼ਤ ਮੰਗਣ ਵਿਚਲਾ ਫ਼ਰਕ
ਕਿਉਂ ਨਹੀਂ ਪੋਂਹਦਾ?
ਉਹਨੂੰ ਇਹ ਫ਼ਰਕ, ਵੇਖਣਾ ਪਏਗਾ
ਜਾਣਨਾ ਪਏਗਾ
ਪਛਾਣਨਾ ਪਏਗਾ
ਚਿਹਰੇ ਤੋਂ ਕੂੜ ਦਾ ਮੁਖੌਟਾ ਲਾਹੁਣਾ ਪਏਗਾ
ਉਹਨੂੰ ਹਰ ਫ਼ਰਕ ਮਿਟਾਉਣਾ ਪਏਗਾ
ਉਹਨੂੰ ਸੁਣਨੀ ਪਵੇਗੀ-
ਸਾਡੀ ਹੂਕ, ਸਾਡੀ ਹੇਕ
ਸਾਡੀ ਵੰਗਾਰ… ਸਾਡੀ ਲਲਕਾਰ
ਤੇ ਗੂੰਜੇਗਾ ਉਹਦੇ ਬੋਲ਼ੇ ਕੰਨਾਂ ਵਿਚ
ਸਾਡਾ ਸਹਿਗਾਨ… ਸਾਡਾ ਐਲਾਨ:
–
ਹੁਣ ਖੇਤ ਨੀਂਦਰੋਂ ਜਾਗ ਪਏ, ਤੇ ਤੁਰਿਆ ਉੱਠ ਪੰਜਾਬ
ਅਸੀਂ ਨਵੀਂ ਇਬਾਰਤ ਲਿਖਾਂਗੇ,
ਸਾਡੀ ਹਿੱਕ ਹੈ ਸੁਰਖ਼ ਕਿਤਾਬ
ਪੜ੍ਹ ਪੈੜਾਂ ਪਾਉਣਗੇ ਕਾਫ਼ਲੇ, ਸਾਡੀ ਹਿੱਕ ਹੈ ਪਾਕ ਕਿਤਾਬ
ਅੱਜ ਖੇਤ ਮੋਰਚੇ ਬਣੇ ਨੇ ਤੇ ਬਣੇ ਮੋਰਚੇ ਖੇਤ
ਉੱਠ ਫ਼ਸਲਾਂ ਜੂਝਣ ਤੁਰ ਪਈਆਂ, ਸਣ ਰਾਖਿਆਂ ‘ਦੀਨ ਕੇ ਹੇਤ’
ਹਲ਼ ਕਲਮਾਂ ਬਣ ਕੇ ਲਿਖਣਗੇ, ਹੁਣ ਆਪ ਆਪਣੇ ਲੇਖ
ਸਭ ਸ਼ਾਹ-ਰਾਹਾਂ ’ਤੇ ਉੱਸਰੀਆਂ, ਤੂੰ ਕੱਚੀਆਂ ਗੜ੍ਹੀਆਂ ਵੇਖ
ਮੈਂ ਉੱਤਰੋਂ-ਦੱਖਣੋਂ ਉਗਮਦਾ ਵੇਖਾਂ ‘ਬੰਦੇ’ ਦਾ ਨੂਰ
ਹੁਣ ਜਾਗੇ ਪੁੱਤ ਮਾਂ-ਧਰਤ ਦੇ, ਕੀ ਹਾਲ਼ੀ ਕੀ ਮਜ਼ਦੂਰ
ਮੈਂ ਕਦਮੋਂ-ਕਦਮੀਂ ਮਿਣ ਲਈ, ਪਿੰਡ ਤੋਂ ਦਿੱਲੀ ਦੀ ਵਾਟ
ਔਹ ਜਗਦੀ-ਜਗਦੀ ਜਗ ਪਈ, ਇਕ ਬਾਤਾਂ ਪਾਉਂਦੀ ਲਾਟ
ਜਗਣਾ ਤੇ ਬਾਤਾਂ ਪਾਵਣਾ ਮੇਰੇ ਦੁੱਖਾਂ ਦੀ ਹੈ ਕਾਟ
ਲਓ ਸੁਣੋਂ ਵੇ ਦੁਨੀਆਂ ਵਾਲਿਓ, ਮੈਂ ਬਾਤਾਂ ਪਾਉਂਦੀ ਲਾਟ…
… … …
… … …
ਚਾਨਣਾਂ ਦੀ ਬਾਤ ਨੇ ਮਸ਼ਾਲਾਂ ਪਾਉਂਦੀਆਂ
ਗੀਤ ਹੱਕ-ਸੱਚ ਦੇ ਮਸ਼ਾਲਾਂ ਗਾਉਂਦੀਆਂ
—-
ਨਾਨਕ-ਕਬੀਰ ਨੇ ਮਸ਼ਾਲਾਂ ਬਾਲ਼ੀਆਂ
ਹਰ ਗੁਰੂ-ਪੀਰ ਨੇ ਮਸ਼ਾਲਾਂ ਬਾਲ਼ੀਆਂ
ਬੁੱਧ ਦਰੋਂ ਤੁਰੀਆਂ ਮਸ਼ਾਲਾਂ ਆਉਂਦੀਆਂ
ਚਾਨਣਾਂ ਦੀ ਬਾਤ ਨੇ ਮਸ਼ਾਲਾਂ ਪਾਉਂਦੀਆਂ
—-
ਵਾਰਿਸ ਨੇ ਕਦੇ ਸੀ ਬੁੱਲ੍ਹੇ ਨੇ ਫੜ ਲਈ
ਡਿੱਗਦੀ ਮਸ਼ਾਲ ਦੀ ਦੁੱਲੇ ਨੇ ਫੜ ਲਈ
ਸਤਨਾਮੀ ਸਾਧਾਂ ਨੂੰ ਮਸ਼ਾਲਾਂ ਭਾਉਂਦੀਆਂ
ਚਾਨਣਾਂ ਦੀ ਬਾਤ ਨੇ ਮਸ਼ਾਲਾਂ ਪਾਉਂਦੀਆਂ
—-
ਗ਼ਦਰੀ ਜੋ ਬਾਬੇ ਮਚਦੀ ਮਸ਼ਾਲ ਨੇ
ਨੇਰ੍ਹੇ ਵਿਚ ਸਾਡੇ ਲਈ ਲੋ ਦੀ ਢਾਲ਼ ਨੇ
ਜੱਲ੍ਹਿਆਂ ਦੇ ਬਾਗ਼ੋਂ ਉੱਗ-ਉੱਗ ਆਉਂਦੀਆਂ
ਚਾਨਣਾਂ ਦੀ ਬਾਤ ਨੇ ਮਸ਼ਾਲਾਂ ਪਾਉਂਦੀਆਂ
—-
ਚਾਂਦਨੀ ਦਾ ਚੌਕ ਗੜ੍ਹੀ ਚਮਕੌਰ ਦੀ
ਲਾਟ ਹੈ ਹੁਸੈਨੀਵਾਲਾ ਹਰ ਦੌਰ ਦੀ
ਸਦਾ ਕੰਧ ਕੂੜ ਦੀ ਮਸ਼ਾਲਾਂ ਢਾਹੁੰਦੀਆਂ
ਚਾਨਣਾਂ ਦੀ ਬਾਤ ਨੇ ਮਸ਼ਾਲਾਂ ਪਾਉਂਦੀਆਂ
—-
ਸੁਕਰਾਤ, ਮੀਰਾ, ਮਨਸੂਰ ਬਹੁਤ ਨੇ
ਜਗਣ ਮਸ਼ਾਲੀਂ ਜੋ ਉਹ ਨੂਰ ਬਹੁਤ ਨੇ
ਉੱਠੀਆਂ ਜੋ ਬਾਹਵਾਂ ਇਹੋ ਦਰਸਾਉਂਦੀਆਂ
ਚਾਨਣਾਂ ਦੀ ਬਾਤ ਨੇ ਮਸ਼ਾਲਾਂ ਪਾਉਂਦੀਆਂ
—-
ਹੱਕ ਸਾਡਾ ਗੀਤ, ਹੱਕ ਸੰਗੀਤ ਹੈ
ਜੂਝਣ ਦੀ ਰੀਤ ਹਾਲੇ ਸੁਰਜੀਤ ਹੈ
ਜਿਸ ਨੂੰ ਮਸ਼ਾਲਾਂ ਅੱਜ ਵੀ ਨਿਭਾਉਂਦੀਆਂ
ਚਾਨਣਾਂ ਦੀ ਬਾਤ ਨੇ ਮਸ਼ਾਲਾਂ ਪਾਉਂਦੀਆਂ
—-
… … …
… … …
ਮੈਂ ਨਾਲ ਮਸ਼ਾਲਾਂ ਗਾਉਂਦਿਆਂ, ਖ਼ੁਦ ਬਣ ਗਈ ਇਕ ਮਸ਼ਾਲ
ਮੇਰੀ ਲੋ ਮੇਰਾ ਹਥਿਆਰ ਹੈ, ਮੇਰੀ ਲੋ ਹੀ ਮੇਰੀ ਢਾਲ਼
ਇਹ ਜੰਗ ਹੈ ਲੋ ਤੇ ਨੇਰ੍ਹ ਦੀ, ਇਹ ਜਾਰੀ ਰੱਖਣੀ ਜੰਗ
ਮੇਰਾ ਇਕੋ-ਇਕ ਜਵਾਬ ਹੈ ਤੇ ਇਕੋ-ਇਕ ਹੀ ਮੰਗ
ਸੰਪਰਕ: 94173-04446