ਚੰਦਰ ਪ੍ਰਕਾਸ਼ ਦੇਵਲ
ਮਹਾਂਭਾਰਤ ਦੇ ਉਦਓਗ ਪਰਵ ਵਿਚਲੇ ਭਗਵਧਾਨ ਪਰਵ ਵਿਚ ਗਾਲਵ-ਚਰਿੱਤਰ ਨਾਂ ਦੀ ਕਥਾ ਹੈ। ਰਿਸ਼ੀ ਵਿਸ਼ਵਾਮਿੱਤਰ ਤੋਂ ਸਿੱਖਿਆ ਲੈ ਕੇ ਜਦੋਂ ਉਨ੍ਹਾਂ ਦਾ ਸ਼ਿਸ਼ ਗਾਲਵ ਗੁਰੂਦੱਖਣਾ ਦੇਣ ਲਈ ਬਹੁਤਾ ਹੀ ਜ਼ੋਰ ਪਾਉਂਦਾ ਹੈ ਤਾਂ ਰਿਸ਼ੀਵਰ ਉਹਦੇ ਕੋਲੋਂ ਦੱਖਣਾ ਵਜੋਂ ਅੱਠ ਸੌ ਸ਼ਿਆਮ ਰੰਗ ਦੇ ਅਸ਼ਵਮੇਧੀ ਘੋੜੇ ਮੰਗ ਲੈਂਦੇ ਹਨ। ਇਹ ਘੋੜੇ ਪ੍ਰਾਪਤ ਕਰਨ ਲਈ ਗਾਲਵ ਗਰੁੜ ਦੀ ਸਹਾਇਤਾ ਨਾਲ ਰਾਜਾ ਯਯਾਤੀ ਕੋਲ ਜਾਂਦਾ ਹੈ। ਪਰ ਯਯਾਤੀ ਕੋਲ ਨਾ ਤਾਂ ਘੋੜੇ ਹਨ ਅਤੇ ਨਾ ਹੀ ਇਨ੍ਹਾਂ ਦੇ ਇਵਜ਼ ਵਿਚ ਦੇਣ ਜੋਗਾ ਧਨ। ਰਾਜਾ ਯਯਾਤੀ ਮੰਨਿਆ ਹੋਇਆ ਦਾਨੀ ਹੈ। ਉਹ ਬੂਹੇ ’ਤੇ ਆਏ ਜਾਚਕ ਨੂੰ ਨਿਰਾਸ਼ ਵੀ ਨਹੀਂ ਕਰਨਾ ਚਾਹੁੰਦਾ। ਉਹ ਗਾਲਵ ਨੂੰ ਆਪਣੀ ਧੀ ਮਾਧਵੀ ਦਾਨ ਵਜੋਂ ਦੇ ਦੇਂਦਾ ਹੈ। ਮਾਧਵੀ ਨੂੰ ਕਿਸੇ ਵੇਦ ਰਿਸ਼ੀ ਦਾ ਵਰਦਾਨ ਹੈ ਕਿ ਉਹਦੀ ਕੁੱਖੋਂ ਚੱਕਰਵਰਤੀ ਸੰਤਾਨ ਹੀ ਪੈਦਾ ਹੋਵੇਗੀ ਅਤੇ ਹਰ ਸੰਤਾਨ ਪਿੱਛੋਂ ਉਹ ਫਿਰ ਪਹਿਲਾਂ ਵਾਂਗ ਹੀ ਜੋਬਨਵੰਤੀ ਹੋ ਜਾਏਗੀ। ਗਾਲਵ ਮਾਧਵੀ ਨੂੰ ਲੈ ਕੇ ਸਭ ਤੋਂ ਪਹਿਲਾਂ ਅਯੋਧਿਆ ਦੇ ਰਾਜੇ ਹਰਯਸ਼ਵ ਕੋਲ ਜਾਂਦਾ ਹੈ ਅਤੇ ਦੋ ਸੌ ਘੋੜਿਆਂ ਦੇ ਮੁੱਲ ਬਦਲੇ ਮਾਧਵੀ ਨੂੰ ਇਕ ਵਰ੍ਹੇ ਲਈ ਰਾਜੇ ਨੂੰ ਸੌਂਪ ਦੇਂਦਾ ਹੈ ਤਾਂ ਜੋ ਉਹ (ਰਾਜਾ) ਉਸ ਤੋਂ ਪੁੱਤਰ ਪ੍ਰਾਪਤ ਕਰ ਸਕੇ। ਇਸੇ ਤਰ੍ਹਾਂ ਗਾਲਵ ਵਾਰੀ ਵਾਰੀ ਕਾਂਸ਼ੀ ਦੇ ਰਾਜੇ ਦਿਵੋਦਾਸ, ਭੋਜ ਨਗਰ ਦੇ ਰਾਜਾ ਉਸ਼ੀਨਰ ਨੂੰ ਇਕ ਇਕ ਵਰ੍ਹੇ ਲਈ ਮਾਧਵੀ ਦੀ ਸੌਂਪਣਾ ਕਰਦਾ ਹੈ ਤਾਂ ਜੋ ਉਹ ਚੱਕਰਵਰਤੀ ਪੁੱਤਰ ਪ੍ਰਾਪਤ ਕਰ ਸਕਣ। ਬਦਲੇ ਵਿਚ ਉਹ ਉਨ੍ਹਾਂ ਤੋਂ ਦੋ ਦੋ ਸੌ ਘੋੜੇ ਪ੍ਰਾਪਤ ਕਰਦਾ ਹੈ। ਗੁਰੂਦੱਖਣਾ ਲਈ ਅਜੇ ਵੀ ਦੋ ਸੌ ਘੋੜਿਆਂ ਦੀ ਲੋੜ ਹੈ। ਤਿੰਨਾਂ ਰਾਜਿਆਂ ਦੀ ਸੰਗਤ ਤੋਂ ਮਾਧਵੀ ਦੀ ਕੁੱਖੋਂ ਵਸੁਮਨਾ, ਪਰਤਰਦਨ ਅਤੇ ਸ਼ਿਵਿ ਨਾਂ ਦੇ ਪੁੱਤਰ ਜਨਮ ਲੈਂਦੇ ਹਨ।
ਇਸ ਤਰ੍ਹਾਂ ਮਾਧਵੀ, ਗਾਲਵ ਦੇ ਘੋੜਿਆਂ ਦੇ ਇਵਜ਼ਾਨੇ ਵਜੋਂ ਪੇਸ਼ ਹੁੰਦੀ ਹੁੰਦੀ ਬਾਕੀ ਰਹਿ ਗਏ ਦੋ ਸੌ ਘੋੜਿਆਂ ਦੇ ਬਦਲੇ ਰਿਸ਼ੀ ਵਿਸ਼ਵਾਮਿੱਤਰ ਨੂੰ ਸੌਂਪੀ ਜਾਂਦੀ ਹੈ। ਵਿਸ਼ਵਾਮਿੱਤਰ ਵੀ ਮਾਧਵੀ ਦੀ ਸੇਜ ਮਾਣ ਕੇ ਅਸ਼ਟਕ ਨਾਮੀ ਪੁੱਤਰ ਪ੍ਰਾਪਤ ਕਰਦਾ ਹੈ। ਅੱਠ ਸੌ ਘੋੜਿਆਂ ਦਾ ਗੁਰੂਦੱਖਣਾ ਦਾ ਨਿਸ਼ਾਨਾ ਪੂਰਾ ਹੋ ਚੁੱਕਿਆ ਹੈ। ਚੌਂਹ ਪੁੱਤਰਾਂ ਨੂੰ ਜਨਮ ਦੇ ਕੇ ਨਵੇਂ ਸਿਰਿਉਂ ਜਵਾਨ ਹੋਈ ਮਾਧਵੀ ਨੂੰ ਗਾਲਵ ਉਸ ਦੇ ਪਿਤਾ ਰਾਜਾ ਯਯਾਤੀ ਨੂੰ ਸੌਂਪ ਦੇਂਦਾ ਹੈ। ਯਯਾਤੀ ਆਪਣੀ ਧੀ ਮਾਧਵੀ ਦਾ ਸਵੰਬਰ ਰਚਾਉਂਦਾ ਹੈ। ਇਸ ਵਿਚ ਅਨੇਕ ਰਾਜੇ, ਯੋਧੇ ਅਤੇ ਰਿਸ਼ੀ ਸ਼ਾਮਲ ਹੁੰਦੇ ਹਨ ਪਰ ਮਾਧਵੀ ਇਨ੍ਹਾਂ ਸਭਨਾਂ ਨੂੰ ਛੱਡ ਕੇ ਤਪੋਬਣ ਨੂੰ ਚੁਣਦੀ ਹੈ ਅਤੇ ਬਾਕੀ ਦਾ ਜੀਵਨ ਤਪੋਬਣ ’ਚ ਬਤੀਤ ਕਰਦੀ ਹੈ। ਇਤਿ।
ਟਾਹਣੀ ਚੋਂ ਨਿਕਲੇ ਪੱਤਾ
ਉਹਦਾ ਪਿੱਛਾ ਕਰਦੀ ਕਰੂੰਬਲ
ਖਿੜ ਖਿੜ ਜਾਏ
ਉਥੇ ਈ ਕਿਤੇ
ਇਸੇ ਪੁੰਗਰਨ ਤੇ ਖਿੜਨ ਵਿਚਕਾਰ
ਇਸ ਹੋਣ ਤੇ ਹੋਣ ਵਿਚਕਾਰ
ਹੁੰਦਾ ਹੈ ਰੁੱਖ
ਫਲ ਵਿਚ ਨਹੀਂ ਹੁੰਦਾ
ਫੁੱਲ ਵਿਚ ਨਹੀਂ ਹੁੰਦਾ
ਬੀਜ ਵਿਚ ਨਹੀਂ ਹੁੰਦਾ
ਇਸੇ ਹੋਣ ਤੋਂ ਹੋਣ ਵਿਚਕਾਰ
ਹੁੰਦਾ ਹੈ ਇਤਿਹਾਸ
ਹੁੰਦੀ ਹੈ ਕਥਾ
ਸਭ ਕੁਝ ਉਹ ਹੁੰਦਾ ਹੈ
ਜੋ ਹੁੰਦਾ ਹੈ।
ਪਰ ਤੂੰ ਜਿਸ ਇੰਦਰਧਣੁਖੀ ਪੀਂਘ ’ਤੇ ਬਹਿ
ਝੂਟਣਾ ਚਾਹੁੰਦੀ ਸੈਂ, ਮਾਧਵੀ!
ਉਹ ਤਾਂ ਧੂੰਆਂ ਸੀ
ਫਿਰ ਬੈਠ ਵੀ ਨਾ ਸਕੀ ਉਸਤੇ
ਪਰ ਉਸ ਦੌੜ ਦੇ ਆਦਿ ਤੇ ਅੰਤ ਦੇ ਮਾਇਆ-ਜਾਲ ਵਿਚ
ਤੂੰ ਕਿੱਥੇ ਸੈਂ, ਮਾਧਵੀ!
ਜਦ ਗਾਲਵ ਦੇ ਰਿਹਾ ਸੀ ਝਾਂਸਾ
ਆਪਣੇ ਗੁਰੂ ਵਿਸ਼ਵਾਮਿੱਤਰ ਨੂੰ ਗੁਰਦੱਖਣਾ ਦਾ
ਉਸ ਵੇਲੇ ਤੂੰ ਕਿੱਥੇ ਸੈਂ, ਮਾਧਵੀ!
ਜਦ ਸੰਸਾਰ ਵਿਚ ਰਚੇ ਜਾ ਰਹੇ ਸਨ ਕੀਰਤੀਮਾਨ
ਕਿਸੇ ਸ਼ਿਸ਼ ਦੇ ਸ਼ਿਸ਼ਧਰਮੀ ਵਿਖਾਵੇ ਦੇ
ਉਸ ਵੇਲੇ ਤੂੰ ਕਿੱਥੇ ਸੈਂ, ਮਾਧਵੀ!
ਜਦ ਕਠਪੁਤਲੀ ’ਚ ਢਾਲਿਆ ਜਾ ਰਿਹਾ ਸੀ
ਜੀਂਦੀ ਜਾਗਦੀ ਕੁੜੀ ਨੂੰ
ਜਦ ਹੱਥਕੰਡਾ
ਸੰਭਾਵਨਾ ’ਚ ਜਾ ਰਿਹਾ ਸੀ ਢਾਲਿਆ
ਕਿ ਬਾਲਮਨ ਵੀ ਦੇ ਦੇਂਦਾ ਹੈ ਕਦੀ ਕਦੀ
ਰਾਜ਼ੀ ਹੋ
ਆਪਣਾ ਆਕਾਸ਼
ਆਪਣਾ ਪਹਾੜ
ਆਪਣੀ ਗੁੱਡੀ
ਪਰਾਏ ਹੱਥਾਂ ਵਿਚ
ਥੋੜ੍ਹੇ ਚਿਰ ਲਈ ਈ ਸਹੀ
ਦੇਂਦਾ ਤਾਂ ਹੈ
ਕਿੱਥੇ ਸੈਂ ਉਸ ਵੇਲੇ
ਜਦੋਂ ਕਿਸੇ ਯਯਾਤੀ ਦੇ ਮਨ ’ਚ ਪਾਇਆ ਜਾ ਰਿਹਾ ਸੀ
ਇਹ ਭਰਮ
ਕਿ ਘਰ ਆਏ ਜਾਚਕ ਨੂੰ
ਦਾਨ ਦਾ ਵਚਨ ਨਾ ਦੇਣਾ
ਧਰਮਗ੍ਰੰਥ ਦੇ ਫਲਾਣੇ ਸ਼ਲੋਕ ’ਤੇ
ਕਾਲਖ਼ ਮਲਣਾ ਹੈ
ਕਾਲਖ਼
ਜੋ ਮਲੀ ਤਾਂ ਜਾਏ ਵਰਕਿਆਂ ਤੇ ਅੱਖਾਂ ’ਤੇ
ਪਰ ਉਹਦਾ ਰੰਗ ਉਘੜ ਆਉਂਦਾ ਹੈ
ਮਲਣ ਵਾਲੇ ਦੇ ਚਿਹਰੇ ’ਤੇ
ਤੂੰ ਕਿੱਥੇ ਸੈਂ, ਮਾਧਵੀ!
ਜਦ ਪੂਰੇ ਹੋ ਰਹੇ ਸਨ ਮੰਗਲਮਈ ਕਾਰਵਿਹਾਰ
ਬਿਨਾਂ ਕਿਸੇ ਝਿਜਕ ਦੇ
ਸਾਹ ਬੰਨ੍ਹੇ ਜਾ ਰਹੇ ਸਨ
ਧਰਮ ਸ਼ਾਸਤਰ ਦੇ ਅੱਖਰੀ ਕਿੱਲਿਆਂ ਨਾਲ
ਅਧਰਮ ਦੀ ਉਸ ਕੁਲਹਿਣੀ ਸੰਧੀ ਦੇ ਮੌਕੇ ’ਤੇ
ਜਦ ਮਾਂ ਦੀ ਦੇਹ ’ਚੋਂ
ਚੱਕਰਵਰਤੀ ਸਮਰਾਟ ਦੀ ਲਾਲਸਾ ਖ਼ਾਤਿਰ
ਵਿਛੁੰਨੇ ਜਾ ਰਹੇ ਸੀ ਬਾਲ
ਔਰਤ ਪ੍ਰਿਥਵੀ- ਤਾਂ ਨਹੀਂ ਹੁੰਦੀ ਮਾਧਵੀ
ਕਿ ਲਾਵਾ ਉਗਲਕੇ
ਬੰਦ ਕਰ ਲਏ ਆਪਣੇ ਜਵਾਲਾਮੁਖੀ ਮੁਹਾਣੇ
ਤੇ ਇੰਨੀ ਬੇਲਾਗ ਹੋ ਜਾਏ
ਜਿਵੇਂ ਕੁਝ ਹੋਇਆ ਈ ਨਾ ਹੋਏ
ਔਰਤ ਪਹਾੜ ਵੀ ਨਹੀਂ ਹੁੰਦੀ
ਕਿ ਕਿਸੇ ਨਦੀ ਨੂੰ ਜਨਮ ਦੇ ਕੇ
ਛੱਡ ਦਏ ਉਹਨੂੰ ਐਵੇਂ ਇਧਰ ਓਧਰ ਵਗਣ ਲਈ
ਤੇ ਆਪ ਰਚਾ ਲਏ ਆਪਣਾ ਮਨ
ਹਰਿਆਲੀਆਂ ਵਾਦੀਆਂ ਦੇ ਨਾਲ
ਅਸਲੋਂ ਨਿਸ਼ਚਿੰਤ ਤੇ ਖ਼ਾਮੋਸ਼- ਕਿਸੇ ਹਠਯੋਗੀ ਦੇ ਵਾਂਗ
ਡੁੱਬ ਜਾਏ ਆਪਣੀ ਹੀ ਸਾਧਨਾ ਵਿਚ ਲੀਨ ਹੋ ਕੇ
ਆਕਾਸ਼ ਵੀ ਨਹੀਂ ਹੁੰਦੀ ਔਰਤ
ਕਿ ਪ੍ਰਗਟਾਕੇ ਆਪਣੀ ਕੁੱਖ ’ਚੋਂ ਅਣਗਿਣਤ ਤਾਰੇ
ਆਪ ਸੌਂ ਜਾਏ ਤਾਣਕੇ ਚਾਦਰ ਹਨ੍ਹੇਰੇ ਦੀ
ਗੁੰਮ ਜਾਏ ਆਪਣੀ ਹੀ ਦੁਨੀਆਂ ਵਿਚ
ਛੱਡਕੇ ਤਾਰਿਆਂ ਨੂੰ ਟਿਮਟਮਾਉਂਦੇ
ਵਿਲਕਦੇ ਛੱਡਕੇ
ਫਿਰ ਤੇਰਾ ਇਹ ਵਿਸਥਾਰ
ਵਾਧੂ ਵਿਸਥਾਰ
ਅਯੋਧਿਆ, ਕਾਸ਼ੀ, ਭੋਜਨਗਰ ਤਕ ਦਾ ਵਿਸਥਾਰ
ਕਦੋਂ ਢੱਕ ਸਕਿਆ, ਨੰਗੇਜ਼
ਤੇਰਾ
ਹਰਯਸ਼ਵ
ਦਿਵੋਦਾਸ
ਉਸ਼ੀਨਰ
ਵਿਸ਼ਵਾਮਿੱਤਰ
ਗਾਲਵ
ਤੇ ਯਯਾਤੀ ਦਾ
ਸਿਰਫ਼ ਤੂੰ ਹੀ ਪਾਲਦੀ ਰਹੀ ਭਰਮ
ਸਭਨਾਂ ਨੂੰ ਆਸਰਾ ਦੇਣ ਦਾ ਭਰਮ
ਵਿਲਕਦੇ ਰਹੇ ਅੰਙਾਣੇ ਬਾਲ
ਵਸੁਮਨਾ
ਪਰਤਰਦਨ
ਸ਼ਿਵਿ ਤੇ ਅਸ਼ਟਕ
ਤੇਰੇ ਅੰਦਰ ਦੀ ਮਾਂ
ਕਿਨ੍ਹਾਂ ਨਿਰਦਈਆਂ ’ਚ ਘਿਰੀ ਸੀ
ਕਿ ਤੂੰ ਪਾਲ ਨਾ ਸਕੀ
ਸਿੰਜ ਨਾ ਸਕੀ
ਆਪਣੀ ਸਿਰਜਣਾ ਦੀਆਂ ਜੜ੍ਹਾਂ
ਸਿਰਜਣ ਤੇ ਗਰਕਣ ਵਿਚਕਾਰ
ਹਰ ਵੇਲੇ ਨਹੀਂ ਹੁੰਦੇ ਬ੍ਰਹਮਅਸਤਰੀ ਧਮਾਕੇ
ਨਾ ਬਾਰੂਦ ਦੀ ਬੂ
ਨਾ ਹੀ ਹੁੰਦਾ ਹੈ ਯੁੱਧ ਦਾ ਤ੍ਰਾਹ
ਹੁੰਦੀ ਹੈ ਇਕ ਬਾਰੀਕ ਰੇਖਾ
ਜੋ ਸਿਰਜਣਾ ਤੇ ਨਾਸ਼ ਨੂੰ ਵੱਖ ਵੱਖ ਵੀ ਕਰਦੀ ਹੈ
ਪ੍ਰਾਣਵਾਨ ਰਗ ਵਾਂਗ
ਜੋੜਕੇ ਵੀ ਰੱਖਦੀ ਹੈ ਦੋਹਾਂ ਨੂੰ
ਸਿੰਜਦੀ ਹੈ
ਜਿਹਨੂੰ ਅਸੀਂ ਨਾੜੀ ਕਹਿੰਦੇ ਆਂ
ਜੋ ਹੈ- ਜੋ ਰਹਿੰਦੀ ਹੈ
ਜਿਵੇਂ ਦਿਨ ਦੇ ਅੰਤਿਮ ਸਿਰੇ ’ਤੇ
ਰਾਤ ਦੀ ਸੀਮਾ ਤੋਂ ਪਹਿਲਾਂ
ਸੂਰਜ ਦੇ ਅਸਤਣ ਤੇ ਸ਼ਾਮ ਦੇ ਐਨ ਵਿਚਕਾਰ
ਸਮੇਂ ਦੀ ਸ਼ਕਲ ਵਿਚ
ਕਾਲ-ਰੇਖਾ ਬਣਕੇ
ਚਾਨਣ ਤੇ ਨ੍ਹੇਰੇ ਦੋਹਾਂ ਵਿਚ ਰਹਿੰਦੀ ਹੈ
ਜਿਵੇਂ ਹੁੰਦੀ ਏ
ਵਹਿੰਦੀ ਹੋਈ
ਪਤਲੀ ਜਹੀ ਵੈਤਰਣੀ
ਸੁਰਗ ਤੇ ਨਰਕ ਦੇ ਵਿਚਕਾਰ
ਉਵੇਂ ਈ ਹੁੰਦੀ ਹੈ ਸਦਾ
ਸ਼ੁਭ ਤੇ ਅਸ਼ੁਭ ਵਿਚਕਾਰ
ਝੂਠ ਤੋਂ ਸੱਚ ਵਿਚਕਾਰ
ਸੁੱਕੇ ਤੇ ਗਿੱਲੇ ਵਿਚਕਾਰ
ਕੌੜੇ ਤੇ ਮਿੱਠੇ ਵਿਚਕਾਰ
ਠੋਸ ਤੇ ਤਰਲ ਵਿਚਕਾਰ
ਜ਼ਿੰਦਗੀ ਤੇ ਮੌਤ ਵਿਚਕਾਰ
ਇਸ ਜੀਵੰਤ ਵੰਡ-ਜੋੜ ਦੀ ਲੀਕ ਟੱਪਣ ਦੀ
ਸਾਡੇ ਲਈ ਮਨਾਹੀ ਹੈ
ਤੂੰ ਸੁਣਿਆ ਹੋਏਗਾ ਮਾਧਵੀ!
ਸੀਤਾ ਨੇ ਜੋ ਉਲੰਘੀ ਸੀ
ਇਹੀ ਤਾਂ ਸੀ ਉਹ ਲਛਮਣ-ਰੇਖਾ
ਘਰ ਘਰ ਬਣੀ ਹੁੰਦੀ ਹੈ ਇਹ
ਡਿਉੜੀ ਜਾਂ ਦਹਿਲੀਜ਼ ਬਣਕੇ
ਜਿਹਨੂੰ ਅਸੀਂ ਵਾਰ ਵਾਰ ਲੰਘ ਜਾਂਦੇ ਆਂ
ਆਉਂਦੇ ਜਾਂਦੇ
ਪਰ ਜਦ ਅਸੀਂ ਜਾਂਦੇ ਆਂ
ਤਾਂ ਆ ਕਦ ਸਕਦੇ ਆਂ
ਤੇ ਜਦ ਅਸੀਂ ਆਉਂਦੇ ਆਂ
ਤਾਂ ਜਾ ਕਦ ਸਕਦੇ ਆਂ
ਜਨਮ ਤੇ ਮੌਤ ਵਾਂਗ
ਤੂੰ ਕਿੱਥੇ ਹੁੰਦੀ ਸੈਂ ਮਾਧਵੀ!
ਜਦ ਉਹ ਰਿਖੀ ਗਾਲਵ, ਯਯਾਤੀ ਵਾਂਗ
ਤੈਨੂੰ ਕਿਸੇ ਰਾਜੇ ਨੂੰ ਸੌਂਪਕੇ
ਅਲੋਪ ਹੋ ਜਾਂਦਾ ਸੀ
ਤੇ ਫਿਰ ਐਨ ਉਸ ਵੇਲੇ
ਜਦ ਤੂੰ ਮਾਂ ਬਣ ਗਈ ਹੁੰਦੀ
ਆਪਣਾ ਮਨ ਸੌਂਪ ਚੁਕੀ ਹੁੰਦੀ
ਆਪਣੇ ਲਹੂ ਮਿੱਝ ’ਚੋਂ ਬਣੇ
ਮਾਸ-ਪਿੰਡੇ ਨੂੰ
ਪਰਤ ਆਉਂਦਾ ਸੀ
ਸੂਰਜ ਦੀ ਤਰ੍ਹਾਂ
ਹਰ ਵਾਰ ਨਿਯਤ ਸਮੇਂ ਤੇ
ਮੁੜਕੇ ਅਲੋਪ ਹੋਣ ਲਈ
ਤੂੰ ਕਿੱਥੇ ਸੈਂ, ਮਾਧਵੀ!
ਜਦ ਤੇਰੇ ਮੋਢਿਆਂ ’ਤੇ ਲੱਦਿਆ ਜਾ ਰਿਹਾ ਸੀ
ਹੋਰਨਾਂ ਦੇ ਭਾਗਾਂ ਦਾ
ਝੀਣਾਂ ਤੇ ਅਡਿੱਠ ਭਾਰ
ਜੋ ਤੈਨੂੰ ਤੇਰੇ ਵਰਗਾ ਰਹਿਣ ਦੇਣਾ
ਨਹੀਂ ਚਾਹੁੰਦਾ ਸੀ
ਜਦ ਤੇਰੇ ਕੋਲ
ਤੇਰਾ ਆਪਣਾ ਕਹਿਣ ਨੂੰ ਕੁਛ ਨਹੀਂ ਸੀ
ਨਾ ਪ੍ਰੀਤ
ਨਾ ਦੇਹ
ਨਾ ਸੁਪਨੇ
ਨਾ ਜੀਵਨ
ਫਿਰ ਉਹ ਕੀ ਚੀਜ਼ ਸੀ
ਜੋ ਤੈਨੂੰ ਅੰਦਰ ਈ ਅੰਦਰ
ਵੱਢਦੀ ਰਹੀ ਲਗਾਤਾਰ
ਤੇ ਜੀਂਦੇ ਜਾਗਦੇ ਜੀਣ ਤੋਂ
ਪੁਰਾ-ਕਥਾਵਾਂ ਦੀ ਨਾਇਕਾ ਬਣਕੇ
ਜੀਣ ਦਾ ਲੋਭ ਦੇ ਕੇ
ਮਜਬੂਰ ਕਰਦੀ ਰਹੀ
ਪਰ ਤੈਨੂੰ ਨਹੀਂ ਪਤਾ
ਜਿਸ ਸਮੇਂ ਤੇ ਭਰੋਸਾ ਕਰਕੇ
ਤੂੰ ਆਪਣੇ ਆਪ ਨੂੰ ਦਾਅ ’ਤੇ ਲਾਇਆ ਸੀ
ਤੂੰ ਆਪਣੇ ਜਿਸ ਆਉਣ ਵਾਲੇ ਕੱਲ੍ਹ ਵਿਚ
ਅਮਰ ਹੋਣਾ ਚਾਹੁੰਦੀ ਸੈਂ, ਮਾਧਵੀ
ਤੇਰੇ ਉਸੇ ਕੱਲ੍ਹ ਨੂੰ
ਮੈਂ ਅੱਜ ਮਰਿਆ ਵੇਖ ਰਿਹਾਂ
ਜੇ ਭਲਾ ਜੀਂਦਾ ਵੀ ਹੁੰਦਾ
ਤਾਂ ਉਂਜ ਦਾ ਨਾ ਹੁੰਦਾ
ਕਿਉਂ ਜੋ ਸਮਾਂ ਇੰਜ ਦਾ ਨਹੀਂ ਹੁੰਦਾ
ਉਹ ਤਾਂ
ਇਤਿਹਾਸ ਵਿਚ ਢਲਦਿਆਂ ਹੀ
ਹੋ ਜਾਂਦਾ ਏ ਬੇਹਰਕਤ ਤੇ ਖੁੰਢਾ
ਉਹਦੀ ਧਾਰ ਵੀ ਕਿਤੇ ਕੁਝ ਕੱਟਦੀ ਨਹੀਂ
ਸਿਵਾਏ ਆਪਣੇ ਆਪ ਦੇ
ਤੂੰ ਤਾਂ ਐਵੇਂ ਈ
ਆਪਣੇ ਵਰਤਮਾਨ ਨੂੰ
ਭਵਿੱਖ ਵਿਚ ਜੀਂਦੀ ਰਹੀ
ਪਰ ਆਪਣੇ ਸੰਗੀ ਗਾਲਵ ਨੂੰ ਵੇਖ
ਉਹਨੂੰ ਤਾਂ ਸਿਰਫ਼ ਆਪਣੇ ਭਵਿੱਖ ਦਾ ਹੀ ਫ਼ਿਕਰ ਸੀ
ਉਹਦੇ ਲਈ ਸਮਾਂ
ਮਿਆਦ ਦੇ ਘੇਰੇ ’ਚ ਬੱਝਾ ਫੰਦਾ ਸੀ
ਜੋ ਉਹਨੇ ਬੜੀ ਚਤੁਰਾਈ ਨਾਲ ਲਾਹ
ਤੇਰੇ ਗਲ ਪਾ ਦਿੱਤਾ ਸੀ
ਮਾਧਵੀ, ਫ਼ੰਦਾ ਤਾਂ ਫ਼ੰਦਾ ਈ ਐ
ਚਾਹੇ ਸਮੇਂ ਦਾ ਈ ਕਿਉਂ ਨਾ ਹੋਏ
ਲੱਖ ਨਜ਼ਰ ਨਾ ਆਏ
ਘੇਰਾ ਤਾਂ ਘੇਰਾ ਈ ਹੁੰਦੈ
ਇਨ੍ਹਾਂ ਘੋੜਿਆਂ ਨਾਲ ਬੱਝਾ
ਆਦਮੀ, ਆਦਮੀ ਨਹੀਂ ਰਹਿੰਦਾ
ਮਾਂ, ਮਾਂ ਨਹੀਂ ਰਹਿੰਦੀ
ਜਿਵੇਂ ਚਿੜੀਆਘਰ ’ਚ ਜਾ ਕੇ
ਕਿੱਥੇ ਰਹਿੰਦਾ ਹੈ ਸ਼ੇਰ ਸ਼ੇਰ
ਗਾਲ੍ਹੜ ਗਾਲ੍ਹੜ
ਤੇ ਕੋਇਲ ਕੋਇਲ
ਮਾਧਵੀ
ਤੇਰੇ ਵੀ ਅੰਤਹਕਰਣ ਦੇ ਭਰੇ ਆਕਾਸ਼ ਵਿਚ
ਮੰਡਲਾਏ ਤਾਂ ਹੋਣਗੇ ਈ ਹੋਣਗੇ
ਸਮੇਂ ਸਮੇਂ ਅਣਪਛਾਤੇ ਪੰਖੀ
ਸੁਚੇਤ ਕੱਟਦੇ ਦਿਹੁੰ-ਮਹੀਨਿਆਂ ਵਿਚ
ਕੁਝ ਕਮਜ਼ੋਰ ਛਿਣ ਆਏ ਤਾਂ ਹੋਣਗੇ
ਤੇਰੇ ਮੁੰਦੇ ਨੈਣਾਂ ਦੇ ਵਿਹੜੇ
ਕੁਝ ਮਨਭੌਣੇ ਸੁਫ਼ਨੇ ਵੀ
ਦੱਬੇ ਪੈਰੀਂ ਅਗਾਂਹ ਵਧੇ ਤਾਂ ਹੋਣਗੇ
ਤੇ ਪੈਰ ਪੈਰ ’ਤੇ ਖਲੋਤੇ ਆਤੁਰ
ਸੁਪਨਿਆਂ ਦੇ ਅਸ਼ਲੀਲ ਸ਼ਿਕਾਰੀ
ਪਰਤ ਗਏ ਹੋਣਗੇ ਮੁੜਕੇ
ਨਿਰਾਸ ਹੋ ਦੇਸ ਆਪਣੇ
ਸੁਫ਼ਨਿਆਂ ਦੇ ਸੁਫ਼ਨੇ ਲੈਣ ਦੀ ਗੱਲ ਛੱਡ ਵੀ ਦਿਆਂ, ਮਾਧਵੀ
ਤਾਂ ਵੀ
ਨੀ ਨਿਰਬੰਸੀ ਜਨਣੀਏਂ!
ਤੂੰ ਕਿੱਥੇ ਸੈਂ ਉਸ ਵੇਲੇ
ਜਦੋਂ ਤਰੰਗਾਂ ਦੀ ਬਗੀਚੀ ਤੋਂ ਬਾਹਰ
ਮਾਰੂਥਲੀ ਦੀ ਨਿਰਵਰੀ ਕੁੱਖ ’ਚੋਂ ਜੰਮੇ
ਤੇਰੇ ਪਿਆਰ-ਬਿਰਖ਼ ਦਾ
ਕੀਤਾ ਜਾ ਰਿਹਾ ਸੀ ਫ਼ੈਸਲਾ
ਕਈ ਤਿੱਖੇ ਕਵ੍ਹਾੜੇ ਲਾ ਰਹੇ ਸਨ ਟੱਕ ਤੇ ਟੱਕ
ਤੇ ਤੂੰ ਲੱਜਿਆਹੀਣ
ਤਾਕ ’ਤੇ ਰੱਖ ਆਪਣੀ ਅਕਲ
ਪਾਲ ਰਹੀ ਸੈਂ ਆਪਣੇ ਅੰਦਰ ਕੋਈ ਕੁਜਾਤ ਬੀਜ
ਜਿਸਦਾ ਕਰੂਪ ਅੰਕੁਰ
ਪਲ ਭਰ ਲਈ ਵੀ ਦੇ ਨਹੀਂ ਸੀ ਸਕਦਾ
ਕਿਸੇ ਵੀ ਤਰ੍ਹਾਂ
ਢਿੱਡ ਦੇ ਸੇਕ ਨਾਲ ਝੁਲਸਦੇ
ਤੇਰੇ ਮਨ ਨੂੰ ਛਾਂ
ਉਸ ਵੇਲੇ ਤੂੰ ਕਿੱਥੇ ਸੈਂ, ਮਾਧਵੀ
ਜਦ ਉਨ੍ਹਾਂ ਦੀ ਆਪਣੀ ਕਾਰਜ-ਸਿੱਧੀ ਲਈ
ਤੇਰੀ ਝੋਲੀ ’ਚ ਪਾਇਆ ਜਾ ਰਿਹਾ ਸੀ
ਸਾਲਮ ਸਬੂਤਾ ਕੰਵਾਰੇਪਣ ਦਾ ਵਰਦਾਨ
ਤਾਂਕਿ ਬਣੀ ਰਹੇਂ ਤੂੰ ਢੀਠ
ਤਾਂ ਜੋ ਅੰਦਰੋਂ ਬਾਹਰੋਂ ਤੂੰ ਬਣੀ ਰਹੇਂ ਰੋਗੀ
ਤੇ ਮੱਘਰ ਦੀ ਚਾਨਣੀ ਵਰਗਾ ਤੇਰਾ ਜੀਵਨ
ਸਵੇਰ ਹੋਣ ਦਾ ਬਸ ਧੋਖਾ ਈ ਧੋਖਾ ਹੋਏ
ਸੁੰਦਰੀ!
ਜੇ ਤੇਰੇ ਬਾਰੇ ਮੈਥੋਂ ਸੀਤਾ ਪੁੱਛੇ
ਜਾਂ ਜਾਨਣਾ ਚਾਹੇ ਅਨਸੂਈਆ
ਤਾਂ ਹੇ ਮਹਾਂਸਤੀ!
ਉਨ੍ਹਾਂ ਨੂੰ ਵੀ ਬਣਦਾ ਉੱਤਰ ਦੇ ਦਿਆਂਗਾ
ਤੇਰੇ ਵਲੋਂ ਕਰਾਰਾ ਜਵਾਬ ਦਿਆਂਗਾ
ਪਰ
ਜੇ ਪੁੱਛ ਲਿਆ
ਤੇਰੀ ਆਪਣੀ ਈ ਜਾਤ ਦੀ
ਉਸੇ ਪੰਜ-ਤੱਤਾਂ ਦੀ ਬਣੀ
ਅਨੂਠੀ ਪ੍ਰੇਮ-ਪੁਜਾਰਨ ਲੈਲਾ ਨੇ
ਸੋਹਣੀ ਨੇ
ਉਜਲੀ ਨੇ
ਸੈਣੀ ਨੇ
ਤੇਰੀ ਪ੍ਰੀਤ-ਰਾਹ ਦੀਆਂ ਮੁਸੀਬਤਾਂ ਦੀ ਉਚਿੱਤਤਾ
ਅਚਰਜ ਹੋ ਪੁੱਛਿਆ ਤੇਰੇ ਜੀਵਨ ਦਾ ਮਕਸਦ
ਮੂੜ੍ਹਮੱਤੀ ਤੇਰੀ ਨਿਰਦੈਤਾ ਦਾ ਸਬੱਬ
ਤਾਂ ਮੇਰੇ ਕੋਲ ਕੀ ਜਵਾਬ ਹੋਏਗਾ?
ਦੱਸ, ਕਹਿ ਦਿਆਂ ਉਨ੍ਹਾਂ ਨੂੰ
ਕਿ ਤੂੰ ਇਸਤਰੀ ਮਾਧਵੀ ਨਹੀਂ
ਮਾਧਵੀ-ਵੇਲ ਸੈਂ
ਤੇ ਵੇਲ ਨੂੰ ਤਾਂ ਕੋਈ ਵੀ ਆਸਰਾ ਚਾਹੀਦਾ
ਕਿਸੇ ਵੀ ਨੇੜਲੇ ਰੁੱਖ ਦਾ
ਉਹਦੇ ਲਈ ਕੋਈ ਵੀ ਗ਼ੈਰ ਨਹੀਂ ਹੁੰਦਾ
ਦੱਸ, ਉਨ੍ਹਾਂ ਨੂੰ ਕਹਿ ਦਿਆਂ
ਕਿ ਨਾਰੀ ਮਾਧਵੀ ਲਈ ਨਹੀਂ
ਮਾਧਵੀ ਸ਼ਰਾਬ ਲਈ ਤਿਹਾਏ ਸਨ ਹੋਂਠ
ਪਰ ਜੇ ਉਹ ਪ੍ਰੀਤ-ਪਰਣਾਈਆਂ ਪੁੱਛਣ
ਤੇਰੀ ਬ੍ਰਿਹੋਂ ਸਾਧਨਾ ਦਾ ਬਿਰਤਾਂਤ
ਤਾਂ ਦੱਸ, ਕਹਿ ਦਿਆਂ ਉਨ੍ਹਾਂ ਨੂੰ
ਕਿ ਤੂੰ ਨਹੀਂ ਰਹੀ ਵਿਯੋਗਣ
ਤਾਂ ਇਹ ਤੇਰੀ ਜਾਤ ’ਤੇ ਦਾਗ ਹੋਏਗਾ
ਫਿਰ ਤੇਰੇ ਕੋਲ ਕੀ ਜਵਾਬ ਹੋਏਗਾ
ਮਾਧਵੀ!
ਤੂੰ ਕਿਹੜੀ ਕੁੰਤੀ ਬਣਨਾ ਸੀ
ਕਿ ਪੁੱਤਰ ਇੱਛਾ ਲਈ ਨਿਯੋਗ* ਕਰਦੀ ਵਿਚਾਰੀ
ਤੂੰ ਕਿਹੜੀ ਕੌਸ਼ਲਿਆ ਬਣਨਾ ਸੀ
ਕਿ ਅਵਤਾਰੀ ਨੂੰ ਅਵਤਾਰ ਦਿਵਾਉਣ ਲਈ ਖੀਰ ਖਾਂਦੀ
ਤੇ ਆਪਣੀ ਕੁੱਖ ਭਰਦੀ
ਤੇਰੇ ਮਨ ’ਚ ਕਦੋਂ ਸੀ
ਨਹੀਂ ਤਾਂ ਬਣ ਜਾਂਦੀ ਸਹਿਜੇ ਈ ਕੰਵਾਰੀ ਮਾਂ ਮਰੀਅਮ
ਦਰੋਪਦੀ ਨਾਲ ਵੀ ਤੇਰੀ ਕਦੋਂ ਸੀ ਟੱਕਰ
ਕਿ ਪੰਚਾਲੀ ਬਣਕੇ ਪਾਲਦੀ ਪੰਜ ਸੁਹਾਗ ਇਕਵਾਰਗੀ
ਮੈਨੂੰ ਪਤਾ ਹੈ
ਕਿ ਤੇਰੇ ਮਨ ’ਚ ਉੱਕਾ ਨਹੀਂ ਸੀ
ਇਨ੍ਹਾਂ ਸਭਨਾਂ ਵਰਗਾ ਬਣਨ ਦੀ ਲਾਲਸਾ
ਤੂੰ ਅੱਜ ਵੀ ਕਦੋਂ ਏਂ ਉਨ੍ਹਾਂ ਜਿਹੀ
ਪਰ ਤੂੰ ਹੈਂ
ਤੇ ਨਹੀਂ ਵੀ
ਕਿਉਂਕਿ ਤੂੰ ਔਰਤ ਏਂ ਮਾਧਵੀ
ਨਹੀਂ ਤਾਂ ਉਸ ਵੇਲੇ ਤੂੰ ਉਥੇ ਈ ਹੁੰਦੀ
ਐ ਅਪਸਰਾ!
ਜਦੋਂ ਤੈਨੂੰ ਕੱਢਿਆ ਜਾ ਰਿਹਾ ਸੀ
ਤੇਰੀਆਂ ਇੱਛਾਵਾਂ ਦੇ ਇੰਦਰਲੋਕ ’ਚੋਂ
ਤੇਰੀਆਂ ਨਿਹਕਲੰਕ
ਪਵਿੱਤਰ ਮੁਸਕਾਨਾਂ ’ਤੇ
ਪਹਿਰਾ ਬੈਠਾਇਆ ਜਾ ਰਿਹਾ ਸੀ
ਤੇ ਤੂੰ ਕਿਸੇ ਡਰਪੋਕ ਵਾਂਗ
ਅਪਜੱਸ ਦੇ ਭੂਤ ਤੋਂ ਡਰਕੇ
ਜੱਸ ਦੀਆਂ ਪਨਾਹਗਾਹਾਂ ’ਚ ਨਾ ਘੁੰਮਦੀ
ਜਾਣ ਲੈਂਦੀ, ਇਹ
ਕਿ ਉਹ ਤਾਂ ਕਸਾਈਆਂ ਦੀ ਬਸਤੀ ਸੀ
ਜਿੱਥੇ ਜੀਵਨ ਨੂੰ
ਮੌਤ ਦੇ ਭਾਅ ਵੇਚਿਆ ਜਾਂਦਾ
ਸਹਿਮੇ ਤੇ ਡਰੇ ਹੋਏ ਜੀਵ ਨੂੰ
ਮਾਰਿਆ ਜਾਂਦਾ ਹੈ ਪਹਿਲਾਂ ਸਭ ਤੋਂ
ਉਸ ਵੇਲੇ ਤੂੰ ਉੱਥੇ ਈ ਹੁੰਦੀ, ਮਾਧਵੀ
ਜਿੱਥੇ ਉਹ ਕਰ ਰਹੇ ਸਨ ਤਿਆਰੀ
ਆਪਣੇ ਰਣਵਾਸਾਂ ਦੇ ਸੁਰਮਈ ਹਨ੍ਹੇਰੇ ’ਚ
ਤੈਨੂੰ ਆਰਤੀ ਦੀ ਲੋਅ ਬਣਾਉਣ ਦੀ
ਜਿਥੇ ਉਹ ਵਰਤ ਰਹੇ ਸੀ ਤੈਨੂੰ ਆਪ
ਆਪਣੀ ਅਰਾਧਨਾ ਲਈ
ਵਿਅਰਥ ਸਮੱਗਰੀ ਦੇ ਬਹਾਨੇ
ਤੂੰ ਉੱਥੇ ਹੁੰਦੀ ਸੈਂ, ਮਾਧਵੀ
ਜਿਥੇ ਉਹ ਕਾਮੀ
ਆਪਣੀ ਇੱਛਾ ਦਾ ਘਿਉ ਪਾ ਕੇ
ਆਪਣੀ ਕੁੱਲ ਵਧਾਉਣ ਲਈ
ਤੇਰੀ ਹਵਨ-ਲੱਕੜੀ ਨਾਲ ਕਰ ਰਹੇ ਸਨ ਯੱਗ
ਅੱਗਜੀਵੀ ਮਾਧਵੀ
ਤੂੰ ਇੱਥੇ ਐਵੇਂ ਬਲੀ ਧਰਮ ਕਰਮ ਲਈ
ਤੇ ਫਿਰ ਤਪੋਬਣ ਵਿਚ, ਪਛਤਾਵੇ ਵਿਚ
ਜਿਵੇਂ ਬੇਬੋਲੇ ਸੜਨਾ ਈ ਹੋਏ ਤੇਰਾ ਉਦੇਸ਼
ਜਿਵੇਂ ਤੂੰ ਸੜਨ ਤੋਂ ਬਿਨਾਂ
ਕੁਝ ਸਿਖਿਆ ਈ ਨਾ ਹੋਏ
ਨਹੀਂ ਤਾਂ ਤੂੰ ਉਥੇ ਹੁੰਦੀ ਮਾਧਵੀ
ਜਿਥੇ ਤੇਰੀ ਰੂਪਗਰੂਰੀ ਦੇਹ ’ਚ ਰਚੀ
ਮੱਦ ਮੱਤੀ ਗੰਧ
ਹੌਲੀ ਹੌਲੀ
ਨਿਕਲ ਕੇ ਬੇਰੋਕ
ਤਰਬਤਰ ਕਰ ਰਹੀ ਸੀ
ਆਲੇ ਦੁਆਲੇ ਦੀ ਹਵਾ
ਖਸਮਾਂ ਖਾਣੀ ਗੰਧ
ਜੋ ਪਲ ਪਲ ਰਿਸਦੀ ਸੀ ਬਾਹਰ
ਜਿਵੇਂ ਨਿਕਲ ਜਾਂਦਾ ਹੈ ਸਮਾਂ
ਲੋਕਾਂ ਦੀ ਧੱਕੜ ਪਕੜ ’ਚੋਂ
ਤੇ ਏਸੇ ਗੰਧ ਦੇ ਮਾਰੇ
ਤੇਜੱਸਵੀ ਰਾਜਿਆਂ ਦੇ ਦ੍ਰਿਸ਼ਟੀ-ਨਾਗ
ਘੋੜਿਆਂ ਦੀ ਚਾਲ ਨਾਲ
ਪਾਰਦਰਸ਼ੀ ਰੁਕਾਵਟਾਂ ਨੂੰ ਚੀਰਦੇ
ਵਧ ਰਹੇ ਸਨ ਮਟਕ ਮਟਕ
ਤੇਰੀਆਂ ਕੇਸ-ਪੱਟੀਆਂ ਦੇ ਬੰਗਲਿਆਂ ’ਚ
ਲੁਕ ਜਾਣ ਲਈ
ਪਰ ਸਾਰਾ ਵੇਲਾ ਤੂੰ ਕਿੱਥੇ ਸੈਂ
ਅਣਮੰਨੇ ਮਨ ਵਾਲੀ ਮਾਧਵੀ
ਏਨੀ ਬੇਖ਼ਬਰੀ ਵੀ ਕੀ
ਕਿ ਮਹਿਲਾਂ ਦੇ ਗਲਿਆਰਿਆਂ ਦੀ ਬਾਂਦੀ
ਨਿਮਾਣੀ ਧੁੱਪ ਵੀ
ਚੜ੍ਹ ਆਏ ਦੇਹ ਦੀਆਂ ਪੌੜੀਆਂ
ਆ ਕੇ ਘੇਰਾ ਪਾ ਲਵੇ
ਤੇ ਮਨ ਦਾ ਆਜ਼ਾਦ ਪੰਖੀ
ਖੰਭ ਫੜਕਦਾ ਹੋ ਜਾਏ ਲਹੂ-ਲੁਹਾਨ
ਹੋ ਜਾਏ ਜੱਗ ਨੂੰ ਖ਼ਬਰ
ਤੇ ਖ਼ੁਦ ਨੂੰ ਖ਼ਬਰ ਈ ਨਾ ਹੋਏ
ਕਦੇ ਵੀ ਕਿਸੇ ਦੇ ਮਨ ਵਿਚ
ਲੁਕਿਆ ਹੁੰਦਾ ਹੈ ਤਪੋਵਣ
ਤੇਰੇ ਮਨ ਦੀ ਵੀ ਕਿਸੇ ਨੁੱਕਰੇ
ਦੜਿਆ ਸੀ ਇਹ
ਹੇ ਤਪਵਣੀ!
ਇਹ ਵਣ ਤਾਂ ਜ਼ਰੂਰ ਉੱਗਿਆ ਹੋਵੇਗਾ
ਦੁਨੀਆਂ ਦੀ ਅੱਗ ਵਿਚ ਤਪਕੇ
ਤੇਰੇ ਠੰਡੇ ਹੋਏ ਮਨ ਦੇ ਅਸ਼ਾਂਤ ਧਰਾਤਲ ’ਤੇ
ਤੇਰੇ ਨਿਮੋਹੇ ਪਾਣੀ ਨਾਲ ਸਿੰਜਿਆ
ਫੁੱਟਿਆ ਹੋਏਗਾ ਵਣ
ਤੇਰੇ ਹੀ ਅੰਦਰ
ਪਹਿਲਾਂ ਪਹਿਲਾਂ ਝਾੜ ਬਣਕੇ
ਤੇ ਫਿਰ ਪਸਰਿਆ ਹੋਏਗਾ
ਤੇਰੀ ਸ਼ਰਣ ਦੇ ਇਰਾਦਿਆਂ ਵਿਚ
ਨਹੀਂ ਤਾਂ ਕੋਈ ਵੀ ਕਿੱਥੇ ਹੁੰਦਾ ਹੈ ਮਾਧਵੀ
ਉਥੇ
ਠੀਕ ਉਸ ਥਾਂਵੇਂ
ਜਿਥੇ
ਲੋਰੀ ਸੁਣਾ ਕੇ ਰੇਤਲਾ ਹੋ ਜਾਂਦਾ ਹੈ ਗਲ
ਹੌਲੀ ਹੌਲੀ ਪੀੜ-ਵਿਹੂਣੀ ਕਾਟ ਨਾਲ
ਕਿਸੇ ਸੁਫ਼ਨਈ ਤੇ ਨਿਰਾਕਾਰ ਦੁਨੀਆਂ ’ਚ
ਛਲੀ ਮਾਹੌਲ ਰਚਕੇ
ਅਣਡਿੱਠ ਹੱਥਾਂ ਨਾਲ
ਖੁੱਲ੍ਹੀਆਂ ਪਰ ਅੰਨ੍ਹੀਆਂ ਅੱਖਾਂ ਦੇ ਸਾਹਵੇਂ
ਕੋਈ ਵੀ ਕਦ ਹੁੰਦਾ ਏ
ਓਥੇ
ਅੱਖਾਂ ਦੇ ਐਨ ਸਾਹਮਣੇ
ਜਦ ‘ਹਿਚਕੀ’ ਗਾਉਣ ਦਾ ਸਮਾਂ ਹੁੰਦਾ ਹੈ
ਪਰ ਉਹ ਉੱਥੇ ਹੁੰਦਾ ਹੈ
ਆਲੇ-ਦੁਆਲੇ ਪਸਰਿਆ
ਸਾਹ ਲੈਂਦਾ
ਜਿਹਨੂੰ ਰਾਗ ਰਾਹੀਂ ਹੀ ਮਿਲੀਦਾ ਹੈ
ਬਿਲਕੁਲ ਉਵੇਂ ਹੀ, ਮਾਧਵੀ
ਤੂੰ ਵੀ ਅਜੇ ਕਿੱਥੇ ਏਂ
ਮੇਰੀ ਕਵਿਤਾ ਦੇ ਸੱਜੇ-ਖੱਬੇ
ਪਰ
ਜਿਵੇਂ ਅਸੀਂ ਨਦੀ ਨੂੰ ਯਾਦ ਕਰਕੇ
ਅੰਦਰ ਹੀ ਅੰਦਰ ਨਹਾ ਲੈਂਦੇ ਹਾਂ
ਅੱਗ ਨੂੰ ਯਾਦ ਕਰਕੇ
ਅੰਦਰ ਹੀ ਅੰਦਰ ਮਹਿਸੂਸਦੇ ਹਾਂ ਸੇਕ
ਇਸੇ ਸੇਕ ਤੇ ਨਮੀ ਵਿਚਕਾਰ
ਸਿਮਰਿਤੀ ਤੇ ਅਨੁਭੂਤੀ ਵਿਚਕਾਰ
ਕਵੀ ਤੇ ਕਵਿਤਾ ਵਿਚਕਾਰ
ਨਿਰਕਪਟ ਸਹਿਜਤਾ ਦੇ ਨਾਲ
ਤੂੰ ਹਮੇਸ਼ਾ ਹੋਏਂਗੀ, ਮਾਧਵੀ
ਗੁਰੂ ਤੇ ਗੁਰੂਦੱਖਣਾ ਵਿਚਕਾਰ
ਵਸੁਮਨਾ ਤੇ ਦਿਵੋਦਾਸ ਵਿਚਕਾਰ
ਦੁਨੀਆਂ ਤੇ ਦੁਨੀਆਂ ਵਿਚਕਾਰ
ਨਾ ਸਹੀ
ਨਾ ਸਹੀ
* ਪਤੀ ਦੀ ਔਲਾਦ ਪੈਦਾ ਕਰਨ ਦੀ ਅਯੋਗਤਾ ਕਾਰਨ ਪਤੀ ਦੀ ਮਰਜ਼ੀ ਨਾਲ ਕਿਸੇ ਔਰਤ ਦਾ ਦੂਜੇ ਮਰਦ ਦੀ ਸੰਗਤ ਤੋਂ ਬੱਚਾ ਹਾਸਿਲ ਕਰਨਾ। ਪਾਂਡਵ ਭਰਾ ਇਸੇ ਤਰ੍ਹਾਂ ਦੀ ਔਲਾਦ ਸਨ।
– ਪੰਜਾਬੀ ਰੂਪ: ਮੋਹਨਜੀਤ
ਸੰਪਰਕ: 98113-98223