ਪ੍ਰੋ. ਨਵ ਸੰਗੀਤ ਸਿੰਘ
ਜ਼ਰਾ ਦਿਲ ਦੀ ਗੱਲ ਸੁਣਾ ਤਾਂ ਸਹੀ।
ਕਿਉਂ ਦੂਰ ਹੈਂ ਨੇੜੇ ਆ ਤਾਂ ਸਹੀ।
ਕਿਤੇ ਵਿਛੜੇ ਹੀ ਨਾ ਮਰ ਜਾਈਏ,
ਗਲਵੱਕੜੀ ਪਾ, ਗਲ਼ ਲਾ ਤਾਂ ਸਹੀ।
ਕੀ ਰੱਖਿਐ ਪੀਜ਼ੇ ਬਰਗਰ ਵਿੱਚ,
ਕਦੇ ਰੋਟੀ-ਦਾਲ਼ ਵੀ ਖਾ ਤਾਂ ਸਹੀ।
ਦੂਰੋ-ਦੂਰੀ ਵਿੱਚ ਕੀ ਹੈ ਮਜ਼ਾ,
ਗੁੱਸੇ-ਰੁੱਸੇ ਨੂੰ ਮਨਾ ਤਾਂ ਸਹੀ।
ਮਿਟ ਜਾਣੀ ਉਦਾਸੀ ਪਲ ਭਰ ਵਿੱਚ,
ਹਰ ਇੱਕ ਨੂੰ ਹੱਸ ਬੁਲਾ ਤਾਂ ਸਹੀ।
ਗੰਧਲਾ-ਧੁੰਦਲਾ ਮਾਹੌਲ ਬੜਾ,
ਕੁਝ ਦੀਵੇ-ਚਿਰਾਗ਼ ਜਗਾ ਤਾਂ ਸਹੀ।
ਚਹੁੰ ਪਾਸੀਂ ਸ਼ੋਰ-ਸ਼ਰਾਬਾ ਹੈ,
ਚੰਦ ਬੋਲ ਪਿਆਰ ਦੇ ਗਾ ਤਾਂ ਸਹੀ।
ਲੋਅ ਅੰਦਰ ਆਉਣ ਨੂੰ ਤਰਸ ਰਹੀ,
ਖਿੜਕੀ ਤੋਂ ਪਰਦਾ ਸਰਕਾ ਤਾਂ ਸਹੀ।
ਸੰਪਰਕ: 94176-92015
* * *
ਬਾਪੂ ਦੀ ਹਾਲਤ
ਸਰੂਪ ਚੰਦ ਹਰੀਗੜ੍ਹ
ਮੇਰੇ ਇੱਕ ਦੋਸਤ ਨੇ ਕੁੱਤਾ ਮੰਗਵਾਇਆ,
ਦੇਖਣ ਲਈ ਕੁੱਤੇ ਨੂੰ ਮੈਨੂੰ ਵੀ ਗਿਆ ਬੁਲਾਇਆ।
ਇੱਕ ਦਿਨ ਮੈਂ ਸੀ ਸੋਚਿਆ ਚੱਲ ਦੋਸਤ ਦੇ ਘਰ ਜਾਈਏ,
ਕਿਹੋ ਜਿਹਾ ਹੈ ਟੌਮੀ ਉਸ ਦੇ ਦਰਸ਼ਨ ਕਰਕੇ ਆਈਏ।
ਖ਼ੁਸ਼ ਹੋ ਗਿਆ ਦੇਖ ਕੇ ਮੈਨੂੰ ਦੋਸਤ ਮੇਰਾ,
ਚਿਰਾਂ ਬਾਅਦ ਪਾਇਆ ਸੀ ਉਸਦੇ ਘਰ ਫੇਰਾ।
ਪਹਿਲਾਂ ’ਕੱਠਿਆਂ ਬੈਠ ਕੇ ਪੀਤਾ ਚਾਹ ਪਾਣੀ,
ਕੁੱਤੇ ਦੀ ਉਸ ਤੋਰ ਲਈ ਫਿਰ ਝੱਟ ਕਹਾਣੀ।
ਤੜਕੇ ਉੱਠ ਬਿਸਕਟਾਂ ਨਾਲ ਕਹੇ ਦੁੱਧ ਪਿਆਈਏ,
ਇਹਦੀ ਸੇਵਾ ਬਾਅਦ ਹੀ ਕੁਝ ਮੂੰਹ ਨੂੰ ਲਾਈਏ।
ਮੀਟ ਤੇ ਮੱਛੀ ਖਾਂਵਦਾ ਨਾ ਖਾਵੇ ਰੋਟੀ,
ਦਲੀਆ ਖਿਚੜੀ ਖਾ ਲਵੇ ਕਦੇ ਮਾੜੀ ਮੋਟੀ।
ਪੈਣ ਬੈਠਣ ਨੂੰ ਇਸ ਦੇ ਹੈ ਨਰਮ ਗਦੈਲਾ,
ਕਈ ਵਾਰ ਹਾਂ ਝਾੜਦੇ ਹੋਣ ਦੇਈਏ ਨਾ ਮੈਲਾ।
ਪੰਜ ਸੌ ਦਾ ਇੱਕ ਟੀਕਾ ਮਹੀਨੇ ਬਾਅਦ ਲਵਾਈਏ,
ਸੰਗਲੀ ਫੜ ਕੇ ਸੁਭਾ ਸ਼ਾਮ ਇਹਨੂੰ ਸੈਰ ਕਰਾਈਏ।
ਸਾਂਭਣ ਦੇ ਲਈ ਇਸ ਨੂੰ ਨਾਲੇ ਰੱਖਿਆ ਬੰਦਾ,
ਬਹੁਤ ਰੁਪਈਆ ਇਸ ’ਤੇ ਹੈ ਖ਼ਰਚਾ ਹੁੰਦਾ।
ਗੱਲਾਂ ਕਰਦਿਆਂ ਤੂੜੀ ਵਾਲੇ ਮੈਂ ਨਿਗ੍ਹਾ ਲਗਾਈ,
ਮੰਜੀ ’ਤੇ ਬੈਠਾ ਖੰਘ ਨਾਲ ਬੁੜ੍ਹਾ ਦੇਵੇ ਦੁਹਾਈ।
ਢਿੱਲੀ ਮੰਜੀ ਉਸ ਦੀ ਪਈ ਦੌਣ ਸੀ ਟੁੱਟੀ,
ਸਾਹ ਨਾਲ ਕੜੱਲਾਂ ਚੜ੍ਹਦੀਆਂ ਬੈਠਾ ਹੱਥ ਘੁੱਟੀ।
ਦੇਖਦਿਆਂ ਹੀ ਸਮਝਣ ਵਿੱਚ ਮੈਨੂੰ ਦੇਰ ਨਾ ਲੱਗੀ,
ਸਿਰਹਾਣੇ ਉਸ ਦੇ ਪਈ ਸੀ ਪਾਣੀ ਦੀ ਮੱਘੀ।
ਸੋਟੀ ਆਸਰੇ ਉੱਠਦਾ ਡਿੱਕ ਡੋਲੇ ਖਾਵੇ,
ਪਾਣੀ ਘੁੱਟ ਫੜਾਉਣ ਲਈ ਕੋਈ ਕੋਲ ਨਾ ਆਵੇ।
ਖਊਂ ਖਊਂ ਤੋਂ ਜਾਪਦਾ ਹੋਊ ਖੰਘ ਪੁਰਾਣੀ,
ਕੱਖਾਂ ਵਾਂਗਰ ਰੁੱਲ ਰਹੀ ਬੁੱਢੀ ਜਿੰਦ ਨਮਾਣੀ।
ਹਾਲਤ ਉਸਦੀ ਦੇਖਕੇ ਮੈਨੂੰ ਤਰਸ ਜਾ ਆਇਆ,
ਕੌਣ ਯਾਰ ਇਹ ਬੁੱਢੜਾ ਮੈਂ ਪੁੱਛਣਾ ਚਾਹਿਆ।
ਦੱਸਣ ਲੱਗਿਆ ਫ਼ਖਰ ਨਾਲ ਇਹ ਬਾਪੂ ਮੇਰਾ,
ਸਾਡੀ ਖਾਤਰ ਕੀਤਾ ਇਸ ਨੇ ਕੰਮ ਬਥੇਰਾ।
ਹੁਣ ਇਸ ਦੀ ਖੰਘ ਨੇ ਸਾਨੂੰ ਬੜਾ ਸਤਾਇਆ,
ਤਾਹੀਓਂ ਮੰਜਾ ਇਸ ਦਾ ਤੂੜੀ ਵਾਲੇ ਡਾਹਿਆ।
ਫ਼ਰਸ਼ ਦੇ ਉੱਤੇ ਥੁੱਕਦਾ ਸਾਨੂੰ ਸੂਗ ਜਿਹੀ ਆਵੇ,
ਉੱਚੀ ਘਰਾੜੇ ਮਾਰਦਾ ਸਾਡੀ ਨੀਂਦ ਚੁਰਾਵੇ।
ਸੁਣ ਕੇ ਬਚਨ ਕਠੋਰ ਮੈਂ ਸ਼ਰਮ ਨਾ ਝੁਕਿਆ,
ਉੱਠਿਆ ਘਰ ਨੂੰ ਜਾਣ ਲਈ ਗਿਆ ਪਲ ਨਾ ਰੁਕਿਆ।
ਆਪਮੁਹਾਰੇ ਬੋਲਿਆ ਮੈਂ ਜਾਂਦਾ ਜਾਂਦਾ,
ਬਾਪੂ ਨਾਲੋਂ ਚੰਗਾ ਕੁੱਤਾ ਹੈ ਜਿਹੜਾ ਬਿਸਕੁਟ ਖਾਂਦਾ।
ਕਿਹਾ ਜ਼ਮਾਨਾ ਆ ਗਿਆ ਹੈ ਮੋਹ ਭੰਗ ਹੋਇਆ,
ਘਰ ਜਾ ਕੇ ਮੈਂ ਆਪਣੇ ਸੀ ਹੁੱਭਕੀ ਰੋਇਆ।
ਲਿਖਦੀ ਲਿਖਦੀ ਸਰੂਪ ਦੀ ਸੀ ਕਲਮ ਵੀ ਰੋਈ,
ਮਤਲਬੀ ਦੁਨੀਆ ਹੋ ਗਈ ਨਾ ਰਿਸ਼ਤਾ ਕੋਈ।
ਪਰ ਵਿਰਲੇ ਸਰਵਣ ਅੱਜ ਵੀ ਦੁਨੀਆ ’ਤੇ ਹੈਗੇ,
ਬਹੁਤੇ ਸਭ ਕੁਝ ਭੁੱਲ ਕੇ ਕੁੱਤਿਆਂ ਜੋਗੇ ਰਹਿਗੇ।
ਸੰਪਰਕ: 99143-85202
* * *
ਗੱਲ ਸਮਝੋਂ ਪਰ੍ਹੇ
ਪ੍ਰਸ਼ੋਤਮ ਪੱਤੋ
ਬਦਲਦੇ ਦੌਰ ਦੀ ਮੈਨੂੰ ਅਦਾਕਾਰੀ ਨਹੀਂ ਆਉਂਦੀ।
ਹਮੇਸ਼ਾ ਰੰਗ ਬਦਲਣ ਦੀ ਕਲਾਕਾਰੀ ਨਹੀਂ ਆਉਂਦੀ।
ਜਿਸ ਨੂੰ ਅਕਲ ਨੇ ਕਹਿੰਦੇ, ਠੇਡੇ ਖਾ ਕੇ ਆਉਂਦੀ,
ਸੱਚੀ ਕਮਾਈ ਦੇ ਬਲਬੂਤੇ ਰਵਾਦਾਰੀ ਨਹੀਂ ਆਉਂਦੀ।
ਜਿੰਨੇ ਮਰਜ਼ੀ ਮਹਿਲ-ਮੁਨਾਰੇ ਖੜ੍ਹੇ ਕਰ ਲਓ ਇੱਥੇ,
ਜੇ ਕਿਰਦਾਰ ਬੌਣਾ ਹੈ ਤਾਂ ਵਫ਼ਾਦਾਰੀ ਨਹੀਂ ਆਉਂਦੀ।
ਕਦੇ ਘਣਘੋਰ ਹਨੇਰਾ ਵੀ ਜੀਵਨ ਵਿੱਚ ਜ਼ਰੂਰੀ ਹੈ,
ਸੂਰਜ-ਚੰਦ ਬਿਨਾਂ ਧਰਤੀ ’ਤੇ ਰੰਗਦਾਰੀ ਨਹੀਂ ਆਉਂਦੀ।
ਅੱਖਾਂ ’ਚ ਅੱਖਾਂ ਪਾ ਕੇ ਮੈਨੂੰ, ਸੱਚ ਕਹਿਣ ਦੀ ਆਦਤ,
ਜ਼ਮਾਨੇ ਦੀ ਤਰ੍ਹਾਂ ਹੰਕਾਰ ਦੀ ਖੁਮਾਰੀ ਨਹੀਂ ਆਉਂਦੀ।
ਬੁਢਾਪਾ ਹਰ ਇੱਕ ’ਤੇ ਆਉਂਦਾ ਤੇ ਸਭ ’ਤੇ ਆਵੇਗਾ,
ਸਿਆਣੇ ਹੋਣ ਜੇ ਬੱਚੇ, ਤਾਂ ਕਦੇ ਲਾਚਾਰੀ ਨਹੀਂ ਆਉਂਦੀ।
ਤੇਰਾ ਮਾਰਿਆ ਤਾਅਨਾ ਦਿਲ ਨੂੰ ਦਰਦ ਦਿੰਦਾ ਹੈ ਕਈ ਦਿਨ,
ਜੇ ਨਾ ਹੋਵੇ ਅੱਗ ਤਾਂ ਸ਼ਬਦਾਂ ’ਚ ਚਿੰਗਾਰੀ ਨਹੀਂ ਆਉਂਦੀ।
ਕਲਮ ਦੇ ਨਾਲ ‘ਪੱਤੋ’ ਦੇ ਹੱਥਾਂ ’ਚ ਜੋਸ਼ ਹੈ ਆਇਆ,
ਘਰ ਨੂੰ ਬਿਹਤਰ ਬਣਾਉਣ ਦੀ ਕਬੀਲਦਾਰੀ ਨਹੀਂ ਆਉਂਦੀ।
ਸੰਪਰਕ: 98550-38775
* * *
ਰੁੱਖ
ਡਾ. ਗੁਰਤੇਜ ਸਿੰਘ
ਕਿੰਨੇ ਪਿਆਰੇ ਲੱਗਦੇ ਨੇ ਰੁੱਖ,
ਮੀਂਹ ਤੋਂ ਬਾਅਦ ਲਹਿਰਾਉਂਦੇ ਹੋਏ।
ਕਿਸੇ ਬੱਚੇ ਵਾਂਗ ਆਪਣੀ ਮੌਜ ’ਚ,
ਅਠਖੇਲੀਆਂ ਕਰਦੇ ਹੋਏ।
ਕਿਸੇ ਨਾਲ ਗਿਲਾ-ਸ਼ਿਕਵਾ, ਸਾੜਾ ਨਹੀਂ,
ਬੱਸ! ਸਰਬੱਤ ਦਾ ਭਲਾ ਲੋਚਦੇੇ
ਬਿਨਾਂ ਕਿਸੇ ਭੇਦਭਾਵ ਤੋਂ।
ਜੀਵਨ ਦੀ ਹੋਂਦ ਬਣਾਈ ਰੱਖਣ ਦਾ ਵਡੇਰਾ ਗੁਣ
ਪਰ ਗੁਮਾਨ ਦਾ ਨਾਮੋ-ਨਿਸ਼ਾਨ ਤੱਕ ਨਹੀਂ।
ਹਨੇਰੀਆਂ-ਝੱਖੜ, ਔਕੜਾਂ ਹੱਸ ਕੇ ਜਰ ਲੈਂਦੇ ਨੇ,
ਮੁਸ਼ਕਿਲਾਂ ਦਾ ਰਾਗ ਗਾਏ ਬਗ਼ੈਰ।
ਸਦਾ ਮੁਸਕੁਰਾਉਂਦੇ, ਅਪਣੱਤ ਦਾ ਹੱਥ ਹਿਲਾਉਂਦੇ,
ਮਨੁੱਖ ਨੂੰ ਜੀਵਨ ਮਾਨਣ ਹਿਤ,
ਅਧਿਆਪਕ ਵਾਂਗ ਸਿਖਾਉਂਦੇ,
ਕਿੰਨੇ ਪਿਆਰੇ ਲੱਗਦੇ ਨੇ ਰੁੱਖ..।
ਸੰਪਰਕ: 95173-96001
ਈ-ਮੇਲ: gurtejsingh72783@gmail.com
* * *
ਦੋਹੇ
ਜੁਗਿੰਦਰਪਾਲ ਕਿਲ੍ਹਾ ਨੌ
ਮਨਪ੍ਰਚਾਵਾ ਵਿਆਹ ਬਣੇ,
ਹੋਣ ਤਲਾਕ ਆਮ।
ਵਿੱਚ ਕਚਹਿਰੀ ਇੱਜ਼ਤਾਂ,
ਹੁੰਦੀਆਂ ਨਿੱਤ ਨਿਲਾਮ।
ਨਸ਼ਿਆਂ ਤੋਂ ਵੀ ਭੈੜਾ,
ਲੱਗ ਗਿਆ ਨਵਾਂ ਵੈਲ।
ਚੌਵੀ ਘੰਟੇ ਹੱਥ ’ਚ,
ਰਹਿੰਦਾ ਸਾਡੇ ਮੋਬਾਈਲ।
ਸਾਧ ਪਾਖੰਡੀ, ਬੂਬਨੇ,
ਧਰਮ ਦਾ ਪਰਦਾ ਪਾ।
ਚੇਲੀਆਂ ਦੀ ਪੱਤ ਲੁੱਟਦੇ,
ਖ਼ੁਦ ਨੂੰ ਕਹਿਣ ਖ਼ੁਦਾ।
ਰਾਖੇ ਮੇਰੇ ਦੇਸ਼ ਦੇ,
ਰਹੇ ਦੇਸ਼ ਨੂੰ ਲੁੱਟ।
ਠੰਢੀਆਂ ਛਾਵਾਂ ਮਾਣ ਕੇ,
ਰੁੱਖ ਰਹੇ ਨੇ ਪੁੱਟ।
ਨਿੱਤ ਗੁਰਬਾਣੀ ਪੜ੍ਹਦੇ,
ਅਮਲ ਤੋਂ ਕੋਹਾਂ ਦੂਰ।
ਕੋਹੜ ਜਾਤ-ਪਾਤ ਦਾ,
ਅੰਗ-ਅੰਗ ਬਣੇ ਨਾਸੂਰ।
ਖੰਭ ਲਾ ਘਰਾਂ ’ਚੋਂ ਉੱਡਗੇ,
ਏਕਾ ਤੇ ਇਤਫ਼ਾਕ।
ਮਾਪਿਆਂ ਨੂੰ ਮੱਤਾਂ ਦੇਂਵਦੇ,
ਕੱਲ੍ਹ ਦੇ ਜੰਮੇ ਜਵਾਕ।
ਪਵਣ ਗੁਰੂ, ਪਾਣੀ ਪਿਤਾ,
ਧਰਤੀ ਸਭ ਦੀ ਮਾਂ।
ਬਾਗ਼ੀ ਹੋ ਕੇ ਗੁਰਾਂ ਤੋਂ,
ਗੰਦ ਪਾਇਆ ਥਾਂ-ਥਾਂ।
ਚਾਅ ਵਿਦੇਸ਼ੀ ਵਸਣ ਦਾ,
ਚੱਲ ਪਈ ਕੈਸੀ ਰੀਤ।
ਪੁੱਤ ਜਹਾਜ਼ੇ ਚਾੜ੍ਹ ਕੇ,
ਗਾਉਣ ਖ਼ੁਸ਼ੀ ਦੇ ਗੀਤ।
ਬਹੁਤ ਖਰਚੀਲੇ ਹੋ ਗਏ,
ਵਿਆਹ ਅਤੇ ਮਰਗ ਦੇ ਭੋਗ।
ਲੋਕ ਦਿਖਾਵਾ ਬਣ ਗਿਆ,
ਕੈਂਸਰ ਤੋਂ ਭੈੜਾ ਰੋਗ।
ਪਹਿਲਾਂ ਜਿਹਾ ਰਿਹਾ ਨਾ,
ਬਜ਼ੁਰਗਾਂ ਦਾ ਸਤਿਕਾਰ।
ਮਾਪਿਆਂ ਨੂੰ ਬੱਚੇ ਸਮਝਦੇ,
ਹੁਣ ਬੇਲੋੜਾ ਭਾਰ।
ਗੱਲਾਂ ਲੱਗਣ ਕੌੜੀਆਂ,
ਪਰ ਸੱਚੀਆਂ ਨੇ ਯਾਰ।
ਹੋਰਾਂ ਦੇ ਔਗੁਣ ਲੱਭਦਾ,
ਖ਼ੁਦ ਅੰਦਰ ਝਾਤੀ ਮਾਰ।
ਸੰਪਰਕ: 98155-92951