ਗੁਰਮੀਤ ਸਿੰਘ
ਨੀਲੀ ਟੀਲ ਜਿਸ ਨੂੰ ਅੰਗਰੇਜ਼ੀ ਵਿੱਚ ਗਾਰਗਨੀ ਬੱਤਖ਼ (Garganey teal) ਕਹਿੰਦੇ ਹਨ, ਸਿਆਲ ਦੀ ਰੁੱਤ ਵਿੱਚ ਯੂਰੋਪ ਅਤੇ ਏਸ਼ੀਆ ਵਿੱਚ ਪਰਵਾਸ ਕਰਦੀ ਹੈ। ਇਹ ਬੱਤਖ਼ ਪੰਜਾਬ ਦੀਆਂ ਨਮਧਰਤੀਆਂ ਵਿੱਚ ਪਰਵਾਸ ਕਰਦੀ ਹੈ। ਇਸ ਦੇ ਨਰ ਦਾ ਸਿਰ ਅਤੇ ਧੌਣ ਭੂਰੀ ਰੰਗੀ ਹੁੰਦੀ ਹੈ। ਇਸ ਬੱਤਖ਼ ਨੂੰ ਸਿਰ ਉੱਤੇ ਅੱਖ ਦੇ ਦੁਆਲੇ ਵੱਖਰੀ ਚਿੱਟੀ ਪੱਟੀ ਅਤੇ ਇਸ ਦੇ ਖੰਭਾਂ ਦੇ ਨਾਲ ਨੀਲੇ ਅਤੇ ਚਿੱਟੇ ਨਿਸ਼ਾਨ ਨੂੰ ਵੇਖਦਿਆਂ ਪਛਾਣਿਆ ਜਾ ਸਕਦਾ ਹੈ।
ਇਨ੍ਹਾਂ ਦੀ ਛਾਤੀ ਅਤੇ ਪਿੱਠ ਭੂਰੇ ਰੰਗ ਦੀ ਹੁੰਦੀ ਹੈ ਅਤੇ ਥੱਲੇ ਤੋਂ ਸਰੀਰ ਚਿੱਟਾ ਹੁੰਦਾ ਹੈ। ਇਨ੍ਹਾਂ ਦੀ ਚੁੰਝ ਗੂੜ੍ਹੇ ਸਲੇਟੀ ਅਤੇ ਲੱਤਾਂ ਨੀਲੀਆਂ ਸਲੇਟੀ ਭਾਹ ਮਾਰਦੀਆਂ ਹਨ। ਇਨ੍ਹਾਂ ਦੇ ਸਰੀਰ ਦੀ ਲੰਬਾਈ 37 ਸੈਂਟੀਮੀਟਰ ਤੋਂ 41 ਸੈਂਟੀਮੀਟਰ ਦੇ ਵਿਚਕਾਰ ਹੁੰਦੀ ਹੈ। ਇਨ੍ਹਾਂ ਦਾ ਭਾਰ ਲਗਭਗ 316 ਗ੍ਰਾਮ ਤੋਂ 502 ਗ੍ਰਾਮ ਤੱਕ ਹੁੰਦਾ ਹੈ। ਨੀਲੀ ਟੀਲ ਅਫ਼ਰੀਕਾ ਦੇ ਉੱਤਰੀ ਖੰਡੀ ਖੇਤਰਾਂ ਵਿੱਚ ਅਤੇ ਸਰਦੀਆਂ ਦੇ ਮੌਸਮ ਵਿੱਚ ਇੰਗਲੈਂਡ ਦੇ ਉੱਤਰ ਤੱਕ ਦੀ ਯਾਤਰਾ ਕਰਦੀਆਂ ਹਨ। ਇਸ ਨੂੰ ਸਭ ਤੋਂ ਵੱਧ ਖ਼ਤਰਾ ਸੁੱਕ ਰਹੇ ਛੱਪੜਾਂ, ਰਹਿਣ ਸਥਾਨਾਂ ਦੀ ਘਾਟ, ਭੂਮੀ ਸੁਧਾਰ ਅਤੇ ਡਰੇਨੇਜ਼ ਤੋਂ ਹੈ।
ਇਹ ਬੱਤਖ਼ ਪਾਣੀ ਵਿੱਚ ਡੁਬਕੀ ਨਹੀਂ ਲਗਾਉਂਦੀ ਬਲਕਿ ਪਾਣੀ ਦੀ ਸਤਹ ਨਾਲ ਭੋਜਨ ਦੀ ਖੋਜ ਕਰਨ ਲਈ ਪਾਣੀ ਦੇ ਤਲ ਦੇ ਹੇਠਾਂ ਆਪਣਾ ਸਿਰ ਕਰਕੇ ਖਾਣ ਦੀਆਂ ਚੀਜ਼ਾਂ ਕੱਢਦੀ ਹੈ। ਇਸ ਦਾ ਪਿਛਲਾ ਹਿੱਸਾ ਪਾਣੀ ਦੇ ਉੱਪਰ ਰਹਿੰਦਾ ਹੈ। ਇਹ ਆਪਣੀ ਲੰਮੀ ਤੇ ਚੌੜੀ ਚੁੰਝ ਨਾਲ ਪਾਣੀ ਵਿੱਚ ਪਈ ਬਨਸਪਤੀ ਅਤੇ ਕੀੜੇ-ਮਕੌੜਿਆਂ ਨੂੰ ਤੇਜ਼ੀ ਨਾਲ ਕੱਢਦੀ ਹੈ। ਇਹ ਬੱਤਖ਼ ਖਾਣ ਲਈ ਦਿਨ ਰਾਤ ਕਿਰਿਆਸ਼ੀਲ ਰਹਿੰਦੀ ਹੈ।
ਇਨ੍ਹਾਂ ਦੇ ਪ੍ਰਜਣਨ ਦਾ ਸਮਾਂ ਮਾਰਚ ਤੋਂ ਜੁਲਾਈ ਤੱਕ ਹੁੰਦਾ ਹੈ। ਪ੍ਰਜਣਨ ਦੇ ਮੌਸਮ ਵਿੱਚ ਉਹ ਆਪਣੇ ਆਲ੍ਹਣੇ ਜ਼ਮੀਨ ’ਤੇ ਸੰਘਣੀ ਬਨਸਪਤੀ ਜਾਂ ਘਾਹ ਦੇ ਵਿਚਕਾਰ ਬਣਾਉਂਦੇ ਹਨ। ਆਲ੍ਹਣਾ ਪਾਣੀ ਦੇ ਬਿਲਕੁਲ ਨੇੜੇ ਬਣਾਇਆ ਜਾਂਦਾ ਹੈ। ਇਹ ਆਮ ਤੌਰ ’ਤੇ 20 ਤੋਂ 50 ਮੀਟਰ ਦੇ ਅੰਦਰ ਆਲ੍ਹਣੇ ਨੂੰ ਘਾਹ ਅਤੇ ਪੱਤਿਆਂ ਨਾਲ ਢਕ ਦਿੰਦੀ ਹੈ। ਨੀਲੀ ਟੀਲ ਜੋੜੇ ਵਿੱਚ ਪ੍ਰਜਣਨ ਕਰਦੀ ਹੈ। ਮਾਦਾ 7 ਤੋਂ 9 ਆਂਡੇ ਦਿੰਦੀ ਹੈ। ਆਂਡਿਆਂ ਦਾ ਰੰਗ ਕਰੀਮੀ ਪੀਲੇ ਤੋਂ ਹਲਕੇ ਭੂਰੇ ਅਤੇ ਹਲਕੇ ਜੈਤੂਨ ਰੰਗਾ ਹੁੰਦਾ ਹੈ। ਇਨ੍ਹਾਂ ਵਿੱਚੋਂ 25-26 ਦਿਨਾਂ ਬਾਅਦ ਚੂਚੇ ਨਿਕਲਦੇ ਹਨ। ਇਨ੍ਹਾਂ ਦੀ ਦੇਖ ਭਾਲ ਮਾਦਾ ਵੱਲੋਂ ਕੀਤੀ ਜਾਂਦੀ ਹੈ। ਬੱਚੇ ਲਗਭਗ 6 ਤੋਂ 7 ਹਫ਼ਤਿਆਂ ਬਾਅਦ ਉੱਡ ਜਾਂਦੇ ਹਨ। ਯੂਰੋਪ ਵਿੱਚ ਇਸ ਦੇ ਪ੍ਰਜਣਨ ਦੇ ਆਧਾਰ ’ਤੇ ਇਸ ਪ੍ਰਜਾਤੀ ਲਈ ਸਭ ਤੋਂ ਗੰਭੀਰ ਖ਼ਤਰਾ ਡਰੇਨੇਜ਼ ਅਤੇ ਨਮੀ ਜ਼ਰੀਏ ਨਿਵਾਸ ਸਥਾਨ ਦਾ ਵਿਗਾੜ ਹੈ।
ਇਨ੍ਹਾਂ ਬੱਤਖ਼ਾਂ ਦਾ ਯੂਰੋਪ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਕਾਨੂੰਨੀ ਤੌਰ ’ਤੇ ਸ਼ਿਕਾਰ ਕੀਤਾ ਜਾਂਦਾ ਹੈ। ਜਿਸ ਨੂੰ ਉਨ੍ਹਾਂ ਦੇਸ਼ਾਂ ਵੱਲੋਂ ਇਨ੍ਹਾਂ ਦੀ ਵਧਦੀ ਸੰਖਿਆ ਅਤੇ ਸੰਭਾਲ ਲਈ ਲਾਹੇਵੰਦ ਦੱਸਿਆ ਜਾਂਦਾ ਹੈ। ਅਫ਼ਰੀਕਾ ਵਰਗੇ ਦੇਸ਼ ਵਿੱਚ ਤਾਂ ਕਈਆਂ ਵੱਲੋਂ ਜ਼ਹਿਰ ਦੇ ਕੇ ਇਨ੍ਹਾਂ ਦੀ ਹੱਤਿਆ ਤੱਕ ਕੀਤੀ ਜਾਂਦੀ ਹੈ।
ਆਈ.ਯੂ.ਸੀ.ਐੱਨ. ਨੇ ਨੀਲੀ ਟੀਲ ਨੂੰ ਕਿਸੇ ਖ਼ਤਰੇ ਦੇ ਨਿਸ਼ਾਨ ਹੇਠ ਨਹੀਂ ਦੱਸਿਆ। ਭਾਰਤ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੈ। ਇਸ ਐਕਟ ਅਨੁਸਾਰ ਜੰਗਲੀ ਜੀਵਾਂ ਦੇ ਸ਼ਿਕਾਰ ’ਤੇ ਸਖ਼ਤ ਪਾਬੰਦੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910