ਡਾ. ਜਸਵਿੰਦਰ ਸਿੰਘ ਭੁੱਲਰ
ਗੁਰਦੁਆਰਾ ਬਾਬਾ ਅਟੱਲ, ਅੰਮ੍ਰਿਤਸਰ ਵਿਖੇ ਕੰਧਾਂ ਉੱਤੇ ਚਿੱਤਰੀ ਗਈ ਗੁਰੂ ਸਾਹਿਬ ਦੀ ਸੰਪੂਰਨ ਜੀਵਨ ਸਾਖੀ ਵਿਚਲੇ ਤਿੰਨ ਚਿੱਤਰ ਉਨ੍ਹਾਂ ਦੇ ਜੋਤੀ ਜੋਤਿ ਸਮਾਉਣ ਦੇ ਪਲਾਂ ਨੂੰ ਦ੍ਰਿਸ਼ਮਾਨ ਕਰਦੇ ਹਨ। ਪਹਿਲੇ ਚਿੱਤਰ ਵਿਚ ਗੁਰੂ ਸਾਹਿਬ ਦੀ ਚੰਦੋਏ ਹੇਠ ਪਾਵਨ ਦੇਹ ਦੇ ਆਸ-ਪਾਸ ਉਨ੍ਹਾਂ ਦਾ ਪਰਿਵਾਰ ਵਿਰਲਾਪ ਦੀ ਮੁਦਰਾ ’ਚ ਬੈਠਾ ਦਿਖਾਈ ਦਿੰਦਾ ਹੈ। ਦੂਜੇ ਮਾਰਮਿਕ ਕੰਧ ਚਿੱਤਰ ਵਿਚ ਗੁਰੂ ਸਾਹਿਬ ਦੀ ਪਾਵਨ ਦੇਹ ਸਫ਼ੈਦ ਚਾਦਰ ਵਿਚ ਲਪੇਟੀ ਰੱਖੀ ਹੈ। ਸਿਰ ਤੇ ਪੈਰਾਂ ਵਾਲੇ ਪਾਸੇ ਗੋਲ ਤਕੀਏ ਰੱਖੇ ਹਨ ਅਤੇ ਆਲੇ-ਦੁਆਲੇ ਲਾਲ ਰੰਗ ਦੀ ਕਨਾਤ ਲਗਾਈ ਹੋਈ ਹੈ। ਕਨਾਤ ਦੇ ਪਿੱਛੇ ਗੁਰੂ ਸਾਹਿਬ ਦੇ ਅਨੁਯਾਈ ਹੱਥ ਜੋੜੀ ਵਿਰਲਾਪ ਦੀ ਅਵਸਥਾ ’ਚ ਬੈਠੇ ਦਿਸਦੇ ਹਨ। ਅਧਿਆਤਮਕ ਸਰੋਕਾਰਾਂ ਤੇ ਵਿਯੋਗ ਦੇ ਪਲਾਂ ਨੂੰ ਦਰਸਾਉਂਦੇ ਤੀਜੇ ਕੰਧ ਚਿੱਤਰ ਵਿਚ ਇਕ ਪਾਸੇ ਮੁਸਲਮਾਨ ਤੇ ਦੂਜੇ ਪਾਸੇ ਹਿੰਦੂ ਚਾਦਰ ਨੂੰ ਅੱਧੋ-ਅੱਧੀ ਕਰਦੇ ਚਿੱਤਰੇ ਗਏ ਹਨ। ਜੋਤੀ ਜੋਤਿ ਸਮਾਉਣ ਵਾਲੇ ਅਤੇ ਚਾਦਰ ਅੱਧੋ-ਅੱਧੀ ਕਰਨ ਵਾਲੇ ਦੋਵੇਂ ਚਿੱਤਰ ਅਰਧ ਗੋਲਾਕਾਰ ਹਾਸ਼ੀਏ ਵਿਚ ਚਿੱਤਰੇ ਗਏ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਸਮੁੱਚੇ ਜਗਤ ਦੇ ਉਧਾਰ ਲਈ ਉਦਾਸੀਆਂ ’ਤੇ ਨਿਕਲ ਜਾਂਦੇ ਹਨ। ਪਹਿਲੀ ਉਦਾਸੀ ਦੇ ਪਹਿਲੇ ਪੜਾਅ ਦੌਰਾਨ ਭਾਈ ਲਾਲੋ ਪਾਸ 22 ਦਿਨ ਠਹਿਰਦੇ ਹਨ। ਸੈਦਪੁਰ ਵਿਖੇ ਆਪਣੇ ਇਸ ਕਿਆਮ ਦੌਰਾਨ ਸਿੱਖੀ ਦੇ ਤਿੰਨ ਮੁੱਢਲੇ ਅਸੂਲਾਂ ਵਿਚੋਂ ਦੋ ਨੂੰ ਇੱਥੇ ਦ੍ਰਿੜ੍ਹ ਕਰਾਉਂਦੇ ਹਨ: ਪਹਿਲਾ ਕਿਰਤ ਕਰਨੀ ਤੇ ਦੂਜਾ ਵੰਡ ਕੇ ਛਕਣਾ। ਲਗਭਗ 30 ਸਾਲ ਭਾਈ ਮਰਦਾਨਾ ਜੀ ਨਾਲ ਉਦਾਸੀਆਂ ਕਰਨ ਉਪਰੰਤ ਗੁਰੂ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਆਪਣੇ ਜੀਵਨ ਦੇ ਪੰਦਰਾਂ ਵਰ੍ਹੇ ਬਿਤਾਉਂਦੇ ਹਨ। ਗੁਰੂ ਸਾਹਿਬ ਖ਼ੁਦ ਇੱਥੇ ਖੇਤੀ ਕਰਦੇ ਹਨ। ਸਿੱਖੀ ਦੇ ਤੀਜੇ ਸੁਨਹਿਰੀ ਅਸੂਲ ‘ਨਾਮ ਜਪੋ’ ਦਾ ਸੰਦੇਸ਼ ਇੱਥੇ ਸਮੁੱਚੀ ਲੋਕਾਈ ਨੂੰ ਦਿੰਦੇ ਹਨ। 1534 ਵਿਚ ਹਮਸਫ਼ਰ ਜਿਗਰੀ ਭਾਈ ਮਰਦਾਨਾ ਸਦੀਵੀ ਵਿਛੋੜਾ ਦੇ ਜਾਂਦਾ ਹੈ।
ਸੰਮਤ 1522 ਵਿਚ ਮਾਤਾ ਤ੍ਰਿਪਤਾ ਨੇ ਆਪਣਾ ਆਖ਼ਰੀ ਵਕਤ ਨੇੜੇ ਆਉਂਦਾ ਵੇਖ ਪੁੱਤਰ ਨਾਨਕ ਨੂੰ ਬੁਲਾ ਕੇ ਕਿਹਾ ਕਿ ਅੱਗੋਂ ਬਾਹਰ ਨਾ ਜਾਣਾ। ਗੁਰੂ ਸਾਹਿਬ ਨੇ ਮੋਹ ਵੱਸ ਹੁੰਦਿਆਂ ਕਿਹਾ ਕਿ ਇਹ ਜੱਗ ਸੁਫ਼ਨੇ ਦੀ ਨਿਆਈ ਹੈ। ਮਾਤਾ ਜੀ ਅਕਾਲ ਚਲਾਣਾ ਕਰ ਗਏ ਅਤੇ ਇਸ ਤੋਂ ਤੀਜੇ ਦਿਨ ਬਾਅਦ ਪਿਤਾ ਮਹਿਤਾ ਕਾਲੂ ਜੀ ਵੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਸਤਿਗੁਰਾਂ ਨੇ ਮਾਤਾ ਪਿਤਾ ਦਾ ਹੱਥੀਂ ਸਸਕਾਰ ਕੀਤਾ ਪਰ ਧੀਰਜ ਨਾ ਛੱਡਿਆ:
ਜਿਓ ਕੋ ਬਨਿਕ ਕਰਨ ਵਿਵਹਾਰੇ
ਲੈ ਪੂੰਜੀ ਪ੍ਰਦੇਸ ਸਿਧਾਰੇ।
ਤਿਉ ਮਾਨੁਖ ਤਨ ਲੈ ਸਭ ਆਏ
ਨਾਮ ਬਿਹਾਜਨ ਜੈ ਸੁਖਦਾਇ॥
ਬੀਬੀ ਨਾਨਕੀ ਜਦੋਂ ਪ੍ਰਲੋਕ ਸਿਧਾਰੇ ਤਾਂ ਭਾਈਆ ਜੈ ਰਾਮ ਜੀ ਵੀ ਤੀਜੇ ਦਿਨ ਬਾਅਦ ਹੀ ਪ੍ਰਲੋਕ ਗਮਨ ਕਰ ਗਏ। ਮਰਦਾਨੇ ਦੇ ਜਾਣ ਤੋਂ ਪੰਜ ਸਾਲ ਬਾਅਦ ਗੁਰੂ ਸਾਹਿਬ ਆਪ ਵੀ 7 ਸਤੰਬਰ 1539, ਦਿਨ ਐਤਵਾਰ ਨੂੰ ਜੋਤੀ ਜੋਤਿ ਸਮਾ ਜਾਂਦੇ ਹਨ। ਸਬੰਧਿਤ ਸਾਖੀ ਅਨੁਸਾਰ ਗੁਰੂ ਸਾਹਿਬ ਨੇ ਆਪਣੇ ਆਖ਼ਰੀ ਵਕਤ ਨਿਰੰਕਾਰ ਦੀ ਰਜ਼ਾ ਵਿਚ ਰਹਿੰਦਿਆਂ ਆਪਣੇ ਅਨੁਯਾਈਆਂ, ਸੇਵਕਾਂ ਨੂੰ ਅਲਵਿਦਾ ਕਹੀ ਤੇ ਇਕ ਚਾਦਰ ਲੈ ਕੇ ਲੰਮੇ ਪੈ ਗਏ ਅਤੇ ਕੁਝ ਪਲਾਂ ਬਾਅਦ ਜੋਤੀ ਜੋਤਿ ਸਮਾ ਗਏ।
ਗੁਰਦੁਆਰਾ ਬਾਬਾ ਅਟੱਲ ਅੰਮ੍ਰਿਤਸਰ ਵਿਖੇ ਕੰਧਾਂ ਉੱਤੇ ਚਿੱਤਰੀ ਗਈ ਗੁਰੂ ਸਾਹਿਬ ਦੀ ਸੰਪੂਰਨ ਜੀਵਨ ਸਾਖੀ ਵਿਚਲੇ ਤਿੰਨ ਚਿੱਤਰ ਉਨ੍ਹਾਂ ਦੇ ਜੋਤੀ ਜੋਤਿ ਸਮਾਉਣ ਦੇ ਪਲਾਂ ਨੂੰ ਦ੍ਰਿਸ਼ਮਾਨ ਕਰਦੇ ਹਨ। ਪਹਿਲੇ ਚਿੱਤਰ ਵਿਚ ਗੁਰੂ ਸਾਹਿਬ ਦੀ ਚੰਦੋਏ ਹੇਠ ਪਾਵਨ ਦੇਹ ਦੇ ਆਸ-ਪਾਸ ਉਨ੍ਹਾਂ ਦਾ ਪਰਿਵਾਰ ਵਿਰਲਾਪ ਦੀ ਮੁਦਰਾ ’ਚ ਬੈਠਾ ਦਿਖਾਈ ਦਿੰਦਾ ਹੈ। ਵੱਡੇ ਸਪੁੱਤਰ ਸਿਰੀ ਚੰਦ ਉਨ੍ਹਾਂ ਦੇ ਪੈਰਾਂ ਲਾਗੇ ਦੋਵੇਂ ਹੱਥ ਜੋੜੀ, ਸਿਰ ਝੁਕਾਈ ਦੁਖੀ ਅਵਸਥਾ ਵਿਚ ਖੜ੍ਹੇ ਹਨ। ਉਦਾਸੀਆਂ ਵਾਂਗ ਉਨ੍ਹਾਂ ਨੇ ਪਿੰਡੇ ’ਤੇ ਬਿਭੂਤ ਮਲ਼ੀ ਹੈ, ਤੇੜ ਲੰਗੋਟ ਅਤੇ ਵਾਲ਼ ਖੁੱਲ੍ਹੇ ਛੱਡੇ ਹੋਏ ਹਨ। ਸਿਰੀ ਚੰਦ ਦੇ ਪਿਛਾਂਹ ਦੁਖੀ ਲਛਮੀ ਚੰਦ ਵੀ ਹੱਥ ਜੋੜੀ ਆਪਣੇ ਪਿਤਾ ਦੇ ਮੁੱਖ ਨੂੰ ਨਿਹਾਰ ਰਹੇ ਹਨ। ਗੁਰੂ ਸਾਹਿਬ ਦੇ ਸਿਰਾਹਣੇ ਮਾਤਾ ਚੋਣੀ (ਸੁਲੱਖਣੀ) ਜੀ ਦੋਵਾਂ ਹੱਥਾਂ ਨਾਲ ਆਪਣੇ ਦੁਪੱਟੇ ਦਾ ਪੱਲਾ ਫੈਲਾਈ ਵਿਰਲਾਪ ਵਿਚ ਬੈਠੇ ਹਨ। ਲਾਗੇ ਹੀ ਬਾਬਾ ਬੁੱਢਾ ਜੀ ਅਤੇ ਪਰਿਵਾਰ ਦੇ ਨੇੜਲੇ ਰਿਸ਼ਤੇਦਾਰ ਬੈਠੇ ਹਨ। ਗੁਰੂ ਸਾਹਿਬ ਦੇ ਸਿਰਹਾਣੇ ਖੜ੍ਹਾ ਬਾਲਾ ਚਉਰ ਕਰਦਾ ਚਿਤਰਿਆ ਗਿਆ ਹੈ।
ਇਸੇ ਲੜੀ ਦੇ ਦੂਜੇ ਮਾਰਮਿਕ ਕੰਧ ਚਿੱਤਰ ਵਿਚ ਗੁਰੂ ਸਾਹਿਬ ਦੀ ਪਾਵਨ ਦੇਹ ਸਫ਼ੈਦ ਚਾਦਰ ਵਿਚ ਲਪੇਟੀ ਰੱਖੀ ਹੈ। ਸਿਰ ਤੇ ਪੈਰਾਂ ਵਾਲੇ ਪਾਸੇ ਗੋਲ ਤਕੀਏ ਰੱਖੇ ਹਨ ਅਤੇ ਆਲੇ-ਦੁਆਲੇ ਲਾਲ ਰੰਗ ਦੀ ਕਨਾਤ ਲਗਾਈ ਹੋਈ ਹੈ। ਕਨਾਤ ਦੇ ਪਿੱਛੇ ਗੁਰੂ ਸਾਹਿਬ ਦੇ ਅਨੁਯਾਈ ਹੱਥ ਜੋੜੀ ਵਿਰਲਾਪ ਦੀ ਅਵਸਥਾ ’ਚ ਬੈਠੇ ਦਿਸਦੇ ਹਨ। ਚਿੱਤਰ ਦੇ ਉੱਪਰਲੇ ਭਾਗ ਵਿਚ ਦੇਵਤੇ ਆ ਕੇ ਸ਼ਰਧਾ ਦੇ ਫੁੱਲ ਬਰਸਾ ਰਹੇ ਹਨ। ਚਿੱਤਰਕਾਰ ਨੇ ਦੇਵਤਿਆਂ ਦੀ ਆਮਦ ਨਾਲ ਗੁਰੂ ਸਾਹਿਬ ਦਾ ਵਡਿੱਤਣ ਦਿਖਾਇਆ ਹੈ ਕਿ ਵਿਛੜੀ ਪਾਵਨ ਰੂਹ ਦੇਵਤਿਆਂ ਤੋਂ ਵੀ ਉਚੇਰਾ ਸਥਾਨ ਰੱਖਦੀ ਹੈ। ਇਸ ਚਿੱਤਰ ਦੇ ਹੇਠਾਂ ਜੋਤੀ ਜੋਤਿ ਸਮਾਉਣ ਦੀ ਸੰਮਤ 1596 ਲਿਖੀ ਹੋਈ ਹੈ।
ਸਾਖੀ ਦੱਸਦੀ ਹੈ ਕਿ ਜੋਤੀ ਜੋਤਿ ਸਮਾਉਣ ਉਪਰੰਤ ਅੰਤਿਮ ਰਸਮਾਂ ਨਿਭਾਉਣ ਲਈ ਹਿੰਦੂ-ਮੁਸਲਿਮ ਅਨੁਯਾਈਆਂ/ਸੇਵਕਾਂ ਵਿਚ ਤਕਰਾਰ ਪੈਦਾ ਹੋ ਗਿਆ। ਹਿੰਦੂ ਕਹਿਣ ਲੱਗੇ ਕਿ ਉਹ ਸਾਡੇ ਗੁਰੂ ਸਨ ਅਤੇ ਮੁਸਲਮਾਨ ਉਨ੍ਹਾਂ ਨੂੰ ਆਪਣਾ ਪੀਰ ਕਹਿਣ ਲੱਗੇ। ਇਸ ਤਕਰਾਰ ਦੇ ਚਲਦਿਆਂ ਜਦੋਂ ਉਨ੍ਹਾਂ ਨੇ ਚਾਦਰ ਹਟਾਈ ਤਾਂ ਹੇਠਾਂ ਫੁੱਲ ਹੀ ਮਿਲੇ। ਬਾਅਦ ਵਿਚ ਦੋਵਾਂ ਨੇ ਚਾਦਰ ਅੱਧੀ-ਅੱਧੀ ਵੰਡ ਕੇ ਆਪਣੇ ਸੰਸਕਾਰਾਂ ਸਹਿਤ ਚਾਦਰ ਦਾ ਸਸਕਾਰ ਅਤੇ ਦਫ਼ਨ ਦਾ ਕਾਰਜ ਕਰਤਾਰਪੁਰ ’ਚ ਸੰਪੂਰਨ ਕਰ ਦਿੱਤਾ। 1733 ਈ. ਵਿਚ ਲਿਖੀ ਹੱਥ ਲਿਖਤ ‘B-40 ਗੁਰੂ ਬਾਬਾ ਨਾਨਕ’ ਦੀ ‘ਤਿੰਨ ਜੋਗੀਸ਼ਰ ਤੇ ਕਮਲਾ’ ਨਾਮੀ ਆਖਰੀ ਸਾਖੀ ਵਿਚ ਪਿੰਡੋਂ ਬਾਹਰ ਬੇਲੇ ਵਿਚ ਬੈਠੇ ਤਿੰਨ ਜੋਗੀਆਂ ਵੱਲੋਂ ਕਮਲੇ ਨੂੰ ਇਕ ਚੁਟਕੀ ਰਾਖ ਦੇ ਕੇ ਗੁਰੂ ਸਾਹਿਬ ਕੋਲ ਭੇਜਣਾ ਤੇ ਗੁਰੂ ਸਾਹਿਬ ਦਾ ਕਹਿਣਾ ‘ਕਮਲਿਆ! ਅਸਾਡਾ ਤੈਂ ਸੁਨੇਹਾ ਆਂਦਾ’ ਅੰਤਿਮ ਸਮੇਂ ਦੀ ਆਹਟ ਹੈ।
ਇਨ੍ਹਾਂ ਅਧਿਆਤਮਕ ਸਰੋਕਾਰਾਂ ਤੇ ਵਿਯੋਗ ਦੇ ਪਲਾਂ ਨੂੰ ਦਰਸਾਉਂਦੇ ਤੀਜੇ ਕੰਧ ਚਿੱਤਰ ਵਿਚ ਇਕ ਪਾਸੇ ਮੁਸਲਮਾਨ ਤੇ ਦੂਜੇ ਪਾਸੇ ਹਿੰਦੂ ਚਾਦਰ ਨੂੰ ਅੱਧੋ-ਅੱਧੀ ਕਰਦੇ ਚਿੱਤਰੇ ਗਏ ਹਨ। ਜੋਤੀ ਜੋਤਿ ਸਮਾਉਣ ਵਾਲੇ ਅਤੇ ਚਾਦਰ ਅੱਧੋ-ਅੱਧੀ ਕਰਨ ਵਾਲੇ ਦੋਵੇਂ ਚਿੱਤਰ ਅਰਧ ਗੋਲਾਕਾਰ ਹਾਸ਼ੀਏ ਵਿਚ ਚਿੱਤਰੇ ਗਏ ਹਨ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ 70 ਸਾਲ, 5 ਮਹੀਨੇ ਤੇ 7 ਦਿਨ ਦੁਨਿਆਵੀ ਜ਼ਿੰਦਗੀ ਭੋਗ ਕੇ ਰੁਖ਼ਸਤ ਹੋ ਗਏ। ਗੁਰੂ ਸਾਹਿਬ ਤੋਂ ਲਗਭਗ ਛੇ ਸਾਲ ਬਾਅਦ ਮਾਤਾ ਸੁਲੱਖਣੀ ਜੀ ਵੀ 1545 ਵਿਚ ਕਰਤਾਰਪੁਰ ਵਿਖੇ ਹੀ ਪ੍ਰਲੋਕ ਗਮਨ ਕਰ ਗਏ।
ਸਮੂਹ ਕੰਧ ਚਿੱਤਰਾਂ ਦਾ ਮੁਲਾਂਕਣ ਕਰੀਏ ਤਾਂ ਚਿੱਤਰਕਾਰਾਂ (ਨੱਕਾਸ਼ਾਂ) ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਬਾਲ ਅਵਸਥਾ, ਫਿਰ ਜਵਾਨੀ ਸਮੇਂ ਦੁਨਿਆਵੀ ਕੰਮਾਂ ਵਿਚਲੇ ਰੁਝੇਵਿਆਂ, ਚਾਰੇ ਉਦਾਸੀਆਂ ਅਤੇ ਕਰਤਾਰਪੁਰ ਵਿਖੇ ਅੰਤਲੇ ਸਾਲਾਂ ਦੇ ਵਾਕਿਆਤ ਨੂੰ ਬਾਖ਼ੂਬੀ ਚਿੱਤਰ ਕੇ ਜਨਮ ਸਾਖੀਆਂ ਨੂੰ ਸੰਪੂਰਨਤਾ ਦਿੱਤੀ ਹੈ। ਇਸ ਤਰ੍ਹਾਂ ਚਿੱਤਰਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਦੇ ਚਿੱਤਰ ਤੋਂ ਲੈ ਕੇ ਜੀਵਨ ਦੇ ਆਖ਼ਰੀ ਵਕਤ ਤੱਕ ਦੇ ਪ੍ਰਸੰਗਾਂ ਨੂੰ ਚਿੱਤਰਾਂ ਰਾਹੀਂ ਸਾਡੇ ਸਾਹਮਣੇ ਇੰਜ ਪੇਸ਼ ਕੀਤਾ ਹੈ, ਜਿਵੇਂ ਅਸੀਂ ਵੀ ਗੁਰੂ ਸਾਹਿਬ ਦੇ ਪੂਰੇ ਜੀਵਨ ਵਿਚ ਉਨ੍ਹਾਂ ਦੇੇ ਨਾਲ-ਨਾਲ ਹੋਈਏ ਅਤੇ ਉਨ੍ਹਾਂ ਦੇ ਜੀਵਨ ਦਾ ਹਰ ਵਰਤਾਰਾ/ਪ੍ਰਸੰਗ ਆਪਣੀ ਅੱਖੀਂ ਵੇਖ ਰਹੇ ਹੋਈਏ। ਗੁਰੂ ਸਾਹਿਬ ਦੇ ਦੁਨਿਆਵੀ ਸੰਸਾਰ ਛੱਡ ਜਾਣ ਦੇ ਤਿੰਨੇ ਚਿੱਤਰਾਂ ਦੀ ਡੂੰਘਿਆਈ ਵਿੱਚ ਉਤਰਦਿਆਂ ਅਤੇ ਜਜ਼ਬਾਤ ਦੇ ਵੇਗ ਵਿੱਚ ਵਹਿੰਦਿਆਂ ਸਾਡੀਆਂ ਅੱਖਾਂ ਵੀ ਦੁੱਖ ਤੇ ਵਿਯੋਗ ਵਿਚ ਭਰ ਆਉਂਦੀਆਂ ਹਨ। ਇੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਸਾਰੇ ਚਿੱਤਰਕਾਰ ਇਸ ਰੂਹਾਨੀ ਰਹਬਿਰ ਦੀ ਜਨਮ ਸਾਖੀ ਵਿਚਲੇ ਪ੍ਰਸੰਗਾਂ ਨੂੰ ਸਰਲਤਾ ਨਾਲ ਪੇਸ਼ ਕਰਨ ਅਤੇ ਉਨ੍ਹਾਂ ਦੇ ਸਕਾਰਾਤਮਕ ਦੈਵੀ ਪ੍ਰਭਾਵ ਨੂੰ ਸਿਰਜਣ ਵਿਚ ਕਾਮਯਾਬ ਰਹੇ ਹਨ।
ਸੰਪਰਕ: 98106-02915