ਸੁਲੱਖਣ ਸਰਹੱਦੀ
ਹਥਲੀ ਪੁਸਤਕ ‘ਕਿੱਸਾ: ਜੰਗ ਕਸ਼ਮੀਰ: 1947-48’ (ਸੰਪਾਦਕ: ਕਰਨਲ ਬਲਬੀਰ ਸਿੰਘ ਸਰਾਂ; ਕੀਮਤ: 150 ਰੁਪਏ; ਪੀਪਲਜ਼ ਫੋਰਮ ਬਰਗਾੜੀ) ਦਾ ਕੇਂਦਰੀ ਹਿੱਸਾ 1947-48 ਦਾ ਕਸ਼ਮੀਰ ਦੀ ਲੜਾਈ ਦਾ ਜੰਗਨਾਮਾ ਹੈ। ਇਹ ਕਿੱਸਾ ਜਾਂ ਜੰਗਨਾਮਾ ਜੰਗ ਕਸ਼ਮੀਰ ਦਾ ਮੁੱਖ ਭਾਗ ਬਣੀ ਫਸਟ ਪਟਿਆਲਾ ਪਲਟਣ ਅਰਥਾਤ 1 ਰਜਿੰਦਰਾ ਸਿੱਖ ਯੂਨਿਟ ਜਾਂ ਬਟਾਲੀਅਨ ਦੇ ਸਿਪਾਹੀ ਸਰਬਣ ਸਿੰਘ ਭੁਰਥਲਾ ਦਾ ਲਿਖਿਆ ਹੋਇਆ ਹੈ ਜੋ ਕਿ 45 ਕਬਿੱਤਾਂ ਡਿਓੜਾਂ ਅਤੇ ਕੁਝ ਦੋਹਰਿਆਂ ਵਿਚ ਲਿਖਿਆ ਹੋਇਆ ਹੈ। ਇਸ ਜੰਗਨਾਮੇ ਦੀ ਅਹਿਮੀਅਤ ਇਸ ਕਰਕੇ ਵੀ ਹੈ ਕਿ ਸਰਬਣ ਸਿੰਘ ਭੁਰਥਲਾ ‘ਜੰਗਨਾਮਾ ਸਿੰਘਾਂ ਤੇ ਫਰੰਗੀਆਂ’ ਦੇ ਲੇਖਕ ਸ਼ਾਹ ਮੁਹੰਮਦ ਵਾਂਗ ਚਸ਼ਮਦੀਦ ਗਵਾਹ ਹੈ। ਕਿੱਸਾਕਾਰ 1963 ਵਿਚ ਸੁਰਗ ਸਿਧਾਰ ਗਿਆ ਸੀ। ਭਾਵੇਂ ਇਹ ਕਿੱਸਾ ਪਹਿਲਾਂ ਪਟਿਆਲਾ ਪ੍ਰਿੰਟਿੰਗ ਪ੍ਰੈਸ ਪਟਿਆਲਾ ਬਾਜ਼ਾਰ ਅਰਨਾ ਬਰਨਾ ਨੇ ਪ੍ਰਕਾਸ਼ਿਤ ਤਾਂ ਕੀਤਾ ਸੀ, ਪਰ ਇਹ ਗੌਲਿਆ ਹੀ ਨਾ ਗਿਆ।
ਪੰਦਰਾਂ ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ ਤੇ ਪਾਕਿਸਤਾਨ ਹੋਂਦ ਵਿਚ ਆ ਗਿਆ। ਭਾਰਤ ਦੇ ਉਹੀ ਰਾਜ ਆਜ਼ਾਦ ਹੋਏ ਸਨ ਜੋ ਅੰਗਰੇਜ਼ਾਂ ਦੇ ਅਧੀਨ ਸਨ, ਪਰ ਦੇਸੀ ਰਿਆਸਤਾਂ ਜਿਵੇਂ ਹੈਦਰਾਬਾਦ ਤੇ ਕਸ਼ਮੀਰ ਅੰਗਰੇਜ਼ਾਂ ਦੇ ਅਧੀਨ ਨਹੀਂ ਸਨ। ਓਧਰ ਜੰਮੂ ਕਸ਼ਮੀਰ ਦਾ ਤਤਕਾਲੀ ਹਾਕਮ ਮਹਾਰਾਜਾ ਹਰੀ ਸਿੰਘ ਸੀ ਜੋ ਖ਼ੁਦ ਆਜ਼ਾਦ ਰਹਿਣਾ ਚਾਹੁੰਦਾ ਸੀ। ਕਸ਼ਮੀਰ ਉੱਤੇ ਪਾਕਿਸਤਾਨ ਨੇ ਹੱਲਾ ਬੋਲ ਦਿੱਤਾ ਅਤੇ ਕਸ਼ਮੀਰ ਦੇ ਕੁਝ ਹਿੱਸੇ ਉੱਤੇ ਕਬਜ਼ਾ ਕਰ ਲਿਆ ਤਾਂ ਹਰੀ ਸਿੰਘ ਥਿੜਕ ਗਿਆ। ਉਸ ਨੇ ਇਹ ਲਿਖ ਕੇ ਦੇ ਦਿੱਤਾ ਕਿ ਉਹ ਭਾਰਤ ਨਾਲ ਰਹਿਣਾ ਚਾਹੁੰਦਾ ਹੈ। ਇਸ ਵੇਲੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਪਟਿਆਲਾ ਸਟੇਟ ਨੂੰ ਕਸ਼ਮੀਰ ਵਿਚ ਸਿੱਖ ਪਲਟਣ ਭੇਜਣ ਲਈ ਕਿਹਾ। 26 ਅਕਤੂਬਰ 1947 ਤੱਕ ਪਾਕਿਸਤਾਨ ਅੱਗੇ ਵਧਦਾ ਰਿਹਾ।
26 ਤੇ 27 ਅਕਤੂਬਰ, 1947 ਦੀ ਅੱਧੀ ਰਾਤ ਨੂੰ ਪਹਿਲੀ ਸਿੱਖ ਬਟਾਲੀਅਨ ਤਿਆਰ ਹੋ ਕੇ ਦਿੱਲੀ ਤੋਂ ਹਵਾਈ ਜਹਾਜ਼ਾਂ ਰਾਹੀਂ ਸ੍ਰੀਨਗਰ ਪਹੁੰਚੀ। ਸ੍ਰੀਨਗਰ ’ਤੇ ਕਬਜ਼ਾ ਕਰ ਕੇ ਇਹ ਬਟਾਲੀਅਨ ਅੱਗੇ ਵਧੀ ਅਤੇ 31 ਦਸੰਬਰ 1948 ਤੱਕ ਹੁਣ ਵਾਲਾ ਭਾਰਤੀ ਕਸ਼ਮੀਰ ਜਿੱਤ ਲਿਆ। ਪਹਿਲੀ ਜਨਵਰੀ 1949 ਵਿਚ ਜੰਗਬੰਦੀ ਐਲਾਨੀ ਗਈ। ਇਸ ਜੰਗ ਵਿਚ ਸਿੱਖ ਫ਼ੌਜ ਦੀ ਕਮਾਨ ਜਨਰਲ ਕਰਿਅੱਪਾ, ਸਰ ਡੁਮੇਲ ਰਸਲ, ਮੇਜਰ ਜਨਰਲ ਕੁਲਵੰਤ ਸਿੰਘ, ਸੈਨਾ ਮੁਖੀ ਰਹੇ ਕੇ.ਐੱਸ. ਥਿਮੱਈਆ ਆਦਿ ਨੇ ਸੰਭਾਲੀ। ਕਵੀ ਸਿਪਾਹੀ ਸਰਬਣ ਸਿੰਘ ਇਸੇ ਬਟਾਲੀਅਨ ਵਿਚ ਸਿਪਾਹੀ ਹੁੰਦਿਆਂ ਲੜਿਆ ਸੀ। ਉਸ ਨੇ ਅੱਖੀਂ ਡਿੱਠਾ ਹਾਲ ਬਿਆਨ ਕੀਤਾ ਜੋ ਅੱਜ ਦੇ ਸਮੇਂ ਵਿਚ ਬਹੁਤ ਕੀਮਤੀ ਤੇ ਸੱਚੀ ਸਾਖੀ ਹੈ।
ਇਹ ਕਿੱਸਾ ਸ. ਚੇਤਨ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਨੇ ਧਿਆਨ ਵਿਚ ਲਿਆਂਦਾ, ਜਿਸ ਨੂੰ ਉਨ੍ਹਾਂ 2010 ਵਿਚ ਮੁੜ ਕੰਪੋਜ਼ (ਟਾਈਪ) ਕਰਵਾਇਆ ਸੀ। ਇਹ ਕਿੱਸਾ ਭਾਰਤੀ ਫ਼ੌਜ ਦੇ ਸਾਬਕਾ ਕਰਨਲ ਬਲਬੀਰ ਸਿੰਘ ਸਰਾਂ ਨੂੰ ਮੁੜ ਸੰਪਾਦਨ ਕਰਨ ਲਈ ਦਿੱਤਾ। ਕਰਨਲ ਬਲਬੀਰ ਸਿੰਘ ਨੇ ਵੱਡੀ ਵਿਦਵਤਾ ਨਾਲ ਕਿੱਸੇ ਨੂੰ ਪੁਸਤਕ ਰੂਪ ਦਿੱਤਾ ਅਤੇ ਜੰਗ ਨਾਲ ਜੁੜੀਆਂ ਘਟਨਾਵਾਂ ਨੂੰ ਵੀ ਤਾਰੀਖ਼ੀ ਸਬੂਤਾਂ ਨਾਲ ਪੇਸ਼ ਕੀਤਾ ਹੈ।
ਸੰਪਰਕ: 94174-84337