ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਦਸੰਬਰ
ਨਾਗਮਣੀ ਦੇ ਪੰਨਿਆਂ ਨੂੰ ਰੇਖਾ ਚਿੱਤਰਾਂ ਨਾਲ ਸਜਾਉਣ ਵਾਲੇ ਚਿੱਤਰਕਾਰ ਇਮਰੋਜ਼ ਦਾ ਮੁਬੰਈ ਵਿਖੇ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 98ਵੇਂ ਵਰ੍ਹੇ ਵਿੱਚ ਸਨ। ਇਮਰੋਜ਼ ਕਾਫੀ ਦਿਨਾਂ ਤੋਂ ਬਿਮਾਰ ਸਨ ਤੇ ਉਹ ਅੰਮ੍ਰਿਤਾ ਪ੍ਰੀਤਮ ਦੀ ਨੁੰਹ ਅਲਕਾ ਕੋਲ ਕਈ ਸਾਲਾਂ ਤੋਂ ਰਹਿ ਰਹੇ ਸਨ। ਮੁੰਬਈ ਉਨ੍ਹਾਂ ਕੋਲ ਗਈ ਹੋਈ ਲੇਖਿਕਾ ਅੰਮੀਆ ਕੰਵਰ ਨੇ ਦੱਸਿਆ ਕਿ ਇਮਰੋਜ਼ ਨੂੰ ਕੁਝ ਸਮਾਂ ਪਹਿਲਾਂ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਹੁਣ ਉਹ ਫ਼ੂਡ ਨਾਲੀ ਨਾਲ ਖਾਣਾ ਲੈ ਰਹੇ ਸਨ। ਉਨ੍ਹਾਂ ਆਖ਼ਰੀ ਉਮਰੇ ਕਵਿਤਾ ਲਿਖਣੀ ਸ਼ੁਰੂ ਕੀਤੀ ਤੇ ਕਿਤਾਬ ਵੀ ਪ੍ਰਕਾਸ਼ਿਤ ਕਰਵਾਈ। ਉਨ੍ਹਾਂ ਦਾ ਸਸਕਾਰ ਅੱਜ ਧਾਨੂਕਰਬਾੜੀ ਕਾਂਦੀਵਾਲੀ ਵੈਸਟ ਮੁੰਬਈ ਵਿਚ ਕੀਤਾ ਜਾਵੇਗਾ। ਪੰਜਾਬੀ ਸਾਹਿਤ ਸਭਾ ਦਿੱਲੀ ਦੀ ਚੇਅਰਪਰਸਨ ਡਾ. ਰੇਣੂਕਾ ਸਿੰਘ, ਡਾਇਰੈਕਟਰ ਬਲਬੀਰ ਮਾਧੋਪੁਰੀ, ਸਿੱਖ ਆਗੂ ਬਲਬੀਰ ਸਿੰਘ ਵਿਵੇਕ ਵਿਹਾਰ, ਵਿਸ਼ਵ ਪੰਜਾਬੀ ਸੰਸਥਾ ਦੇ ਕੌਮਾਂਤਰੀ ਚੇਅਰਮੈਨ ਵਿਕਰਮਜੀਤ ਸਿੰਘ ਸਾਹਨੀ, ਸ਼ਿਲਾਲੇਖ ਪ੍ਰਕਾਸ਼ਨ ਦੇ ਸਤੀਸ਼, ਦਿਆਲ ਸਿੰਘ ਕਾਲਜ ਦੇ ਡਾ. ਕਮਲਜੀਤ ਸਿੰਘ, ਸਹਾਇਕ ਪ੍ਰੋਫੈਸਰ ਹਰਮੀਤ ਕੌਰ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਵੀ ਰਵਿੰਦਰ, ਡਾ. ਨਛੱਤਰ ਸਿੰਘ, ਡਾ. ਕੁਲਬੀਰ ਗੋਜਰਾ ਸਮੇਤ ਹੋਰ ਪੰਜਾਬੀ ਪਿਆਰਿਆਂ ਨੇ ਇਮਰੋਜ਼ ਦੀ ਮੌਤ ਉਪਰ ਦੁੱਖ ਪ੍ਰਗਟ ਕੀਤਾ ਹੈ। ਇਮਰੋਜ਼ ਨੇ ਅੱਖਰਕਾਰੀ ਤੇ ਕਿਤਾਬਾਂ ਦੇ ਟਾਈਟਲ ਬਣਾਉਣ ਲਈ ਵੱਖਰੀ ਸ਼ੈਲੀ ਵਿਕਸਿਤ ਕੀਤੀ ਤੇ ਪੰਜਾਬੀ, ਹਿੰਦੀ, ਉਰਦੂ ਦੀਆਂ ਅਨੇਕਾਂ ਕਿਤਾਬਾਂ ਦੇ ਟਾਈਟਲ ਤਿਆਰ ਕੀਤੇ।