ਮਨਮੋਹਨ
ਸਿਆਸੀ ਦਾਅ-ਪੇਚ
ਇਤਿਹਾਸਕਾਰ ਵਿਲੀਅਮ ਡੈਲਰਿੰਪਲ ਨੇ ਆਪਣੀ ਨਵੀਂ ਕਿਤਾਬ ‘ਦਿ ਅਨਾਰਕੀ’ (The Anarchy: The East India Company, Corporate Violence, and the Pillage of the Empire) ਵਿਚ ਭਾਰਤ ’ਚ 1615 ਤੋਂ ਲੈ ਕੇ ਈਸਟ ਇੰਡੀਆ ਕੰਪਨੀ ਦੀ ਬੇਰੋਕ ਤੇ ਬੇਕਿਰਕ ਚੜ੍ਹਤ ਦਾ ਬਿਰਤਾਂਤ ਪੇਸ਼ ਕੀਤਾ ਹੈ। ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਦਰਬਾਰ ’ਚ ਬਰਤਾਨੀਆ ਦੇ ਬਾਦਸ਼ਾਹ ਜੇਮਜ਼ ਨੇ ਸ਼ਾਹੀ ਏਲਚੀ ਸਰ ਥਾਮਸ ਰੋਅ ਨੂੰ ਬਹੁਤ ਸਾਰੇ ਤੋਹਫ਼ਿਆਂ ਸਮੇਤ ਅਜਮੇਰ ਵਿਖੇ ਭੇਜਿਆ ਤਾਂ ਕਿ ਉਹ ਈਸਟ ਇੰਡੀਆ ਕੰਪਨੀ ਲਈ ਵਿਓਪਾਰ ਵਾਸਤੇ ਸ਼ਾਹੀ ਫਰਮਾਨ ਹਾਸਿਲ ਕਰ ਸਕੇ। ਇਸ ਤੋਂ ਪਹਿਲਾਂ ਵੀ ਵਿਲੀਅਮ ਹਾਕਿਨਜ਼ ਇਸੇ ਮਕਸਦ ਲਈ ਆਗਰਾ ਵਿਖੇ ਅਫ਼ਗ਼ਾਨ ਲਬਿਾਸ ’ਚ ਬਾਦਸ਼ਾਹ ਕੋਲ ਹਾਜ਼ਰ ਹੋਇਆ। ਹਾਕਿਨਜ਼ ਨੂੰ ਤੁਰਕੀ, ਫ਼ਾਰਸੀ ਤੇ ਰੇਖਤਾ ’ਤੇ ਆਬੂਰ ਹਾਸਿਲ ਸੀ। ਇਸ ਦੇ ਬਾਵਜੂਦ ਬਾਦਸ਼ਾਹ ਉਸ ਤੋਂ ਬਹੁਤਾ ਪ੍ਰਭਾਵਿਤ ਨਾ ਹੋ ਸਕਿਆ, ਪਰ ਹਾਕਿਨਜ਼ ਨੂੰ ਖ਼ੁਸ਼ ਕਰਨ ਲਈ ਇਕ ਆਰਮੀਨੀਅਨ ਇਸਾਈ ਔਰਤ ਤੋਹਫ਼ੇ ਵਜੋਂ ਦੇ ਕੇ ਵਾਪਸ ਤੋਰ ਦਿੱਤਾ। ਸਰ ਹੈਨਰੀ ਮਿਡਲਟਨ ਨੇ ਕੁਝ ਅਰਸਾ ਬਾਅਦ ਸੂਰਤ ਵਿਖੇ ਵਿਓਪਾਰ ਦੀ ਇਜਾਜ਼ਤ ਹਾਸਿਲ ਕਰ ਲਈ, ਪਰ ਪੁਰਤਗਾਲੀਆਂ ਨਾਲ ਝਗੜੇ ਕਾਰਨ ਮੁਗ਼ਲਾਂ ਨੇ ਦੋਵਾਂ ਖ਼ਾਰਜ਼ੀ ਕੌਮਾਂ ਨੂੰ ਸੂਰਤ ਤੋਂ ਬਾਹਰ ਭਜਾ ਦਿੱਤਾ।
ਸਰ ਥਾਮਸ ਰੋਅ ਵੱਲੋਂ ਹਾਸਿਲ ਕੀਤੇ ਇਸ ਵਿਓਪਾਰਕ ਫਰਮਾਨ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ 1803 ਤੱਕ ਏਨੀ ਤੇਜ਼ੀ ਨਾਲ ਆਪਣੀਆਂ ਵਿਓਪਾਰਕ ਗਤੀਵਿਧੀਆਂ ਦੇ ਪਰਦੇ ’ਚ ਸਿਆਸੀ ਸਾਮਰਾਜਵਾਦੀ ਹਰਕਤਾਂ ਏਨੀਆਂ ਵਧਾ ਦਿੱਤੀਆਂ ਕਿ ਦੋ ਸਦੀਆਂ ਤੋਂ ਥੋੜ੍ਹੇ ਘੱਟ ਵਕਫ਼ੇ ਨਾਲ ਮੁਲਕ ਦੇ ਲਗਪਗ ਤਿੰਨ ਚੌਥਾਈ ਹਿੱਸੇ ’ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਸ਼ੁਰੂ ਹੋਇਆ ਡੇਢ ਸੌ ਸਾਲ ਦੀ ਗ਼ੁਲਾਮੀ ਦਾ ਦੌਰ 1947 ’ਚ ਦੇਸ਼ ਨੂੰ ਆਜ਼ਾਦੀ ਮਿਲਣ ’ਤੇ ਖ਼ਤਮ ਹੋਇਆ।
ਈਸਟ ਇੰਡੀਆ ਕੰਪਨੀ ਨੇ ਰਾਬਰਟ ਕਲਾਈਵ ਦੀ ਕਮਾਨ ਹੇਠ ਦੋ ਮਹੱਤਵਪੂਰਣ ਲੜਾਈਆਂ ਲੜੀਆਂ। ਸੰਨ 1757 ’ਚ ਈਸਟ ਇੰਡੀਆ ਕੰਪਨੀ ਨੇ ਪਲਾਸੀ ਦੀ ਲੜਾਈ ਜਿੱਤ ਕੇ ਬੰਗਾਲ, ਬਿਹਾਰ ਤੇ ਉੜੀਸਾ ਦੀ ਦੀਵਾਨੀ ਹਾਸਿਲ ਕੀਤੀ। 1765 ’ਚ ਬਕਸਰ ਦੀ ਲੜਾਈ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੂੰ ਮੁਗ਼ਲ ਬਾਦਸ਼ਾਹ ਕੋਲੋਂ ਭਾਰਤ ਦੇ ਸਭ ਤੋਂ ਵੱਧ ਉਪਜਾਊ ਅਤੇ ਖ਼ੁਸ਼ਹਾਲ ਸੂਬੇ ਅਵਧ ਦਾ ਕਰ ਤੇ ਲਗਾਨ ਵਸੂਲਣ ਦਾ ਅਖ਼ਤਿਆਰ ਮਿਲ ਗਿਆ। ਇਨ੍ਹਾਂ ਲੜਾਈਆਂ ’ਚ ਮੀਰ ਜ਼ਾਫ਼ਰ, ਮੀਰ ਕਾਸਿਮ ਅਤੇ ਓਸਵਾਲ ਜਗਤ ਸੇਠਾਂ ਨੇ ਈਸਟ ਇੰਡੀਆ ਕੰਪਨੀ ਨਾਲ ਮਿਲ ਕੇ ਸਾਰੀ ਵਿਵਸਥਾ ਨੂੰ ਹੀ ਤਹਿਸ ਨਹਿਸ ਕਰ ਦਿੱਤਾ ਕਿ ਪੂਰੀ ਦੁਨੀਆ ’ਚ ਅਜਿਹੀ ਹੋਰ ਕੋਈ ਮਿਸਾਲ ਕਿਧਰੇ ਨਹੀਂ ਮਿਲਦੀ।
ਈਸਟ ਇੰਡੀਆ ਕੰਪਨੀ ਆਪਣੀ ਨਿੱਜੀ ਫ਼ੌਜ ਰਾਹੀਂ ਕਰ ਤੇ ਲਗਾਨ ਵਸੂਲਣ ਲਈ ਅਤਿ ਜ਼ਾਲਮ, ਦਮਨਕਾਰੀ, ਬਰਬਰ ਅਤੇ ਕਰੂਰ ਢੰਗ ਅਪਣਾਉਂਦੀ ਜਿਸ ’ਚ ਰਿਆਇਆ ਦੀ ਕੋਈ ਵਾਹ ਨਾ ਚੱਲਦੀ। ਉਸ ਨੂੰ ਹਰ ਹਾਲਤ ਲਗਾਨ ਭਰਨਾ ਹੀ ਪੈਂਦਾ। ਵਿਲੀਅਮ ਡੈਲਰਿੰਪਲ ਇਸ ਨੂੰ ‘ਅਣਇੱਛਤ ਨਿੱਜੀਕਰਣ’ ਕਹਿੰਦਾ ਹੈ। ਕਿਸਾਨਾਂ, ਕਿਰਤੀਆਂ ਅਤੇ ਸ਼ਿਲਪੀਆਂ ਕੋਲੋਂ ਜ਼ਬਰਦਸਤੀ ਮਾਲੀਏ ਦੀ ਉਗਰਾਹੀ ’ਚ ਕੋਈ ਰਹਿਮ ਦੀ ਅਪੀਲ ਨਹੀਂ ਸੀ। ਸਰ ਪੈਨਦੀਰੇਲ ਮੂਨ ਆਪਣੀ ਕਿਤਾਬ ‘ਦਿ ਬ੍ਰਿਟਿਸ਼ ਕੌਨਕੁਐਸਟ ਐਂਡ ਡੋਮੀਨਿਅਨ ਆਫ਼ ਇੰਡੀਆ’ ’ਚ ਲਿਖਦਾ ਹੈ ਕਿ ਈਸਟ ਇੰਡੀਆ ਕੰਪਨੀ ਦੇ ਵਿਓਪਾਰੀ ਭਾਰਤ ਦੇ ਆਰਥਿਕ ਸਰੋਤਾਂ ’ਤੇ ਇੰਝ ਟੁੱਟ ਕੇ ਪੈ ਗਏ ਜਿਵੇਂ ਸਮੁੰਦਰੀ ਡਾਕੂ ਕਿਸੇ ਸਮੁੰਦਰੀ ਜਹਾਜ਼ ਨੂੰ ਲੁੱਟਣ ਪੈ ਜਾਂਦੇ ਹਨ।
ਇਸ ਨਾਲ ਇਕ ਇਤਿਹਾਸਕ ਵਿਡੰਬਨਾ ਵੀ ਜੁੜੀ ਸੀ। ਈਸਟ ਇੰਡੀਆ ਕੰਪਨੀ ਦੀ ਲੁੱਟ ਏਨੀ ਭਿਆਨਕ ਸੀ ਕਿ ਪੰਜ ਸਾਲਾਂ ਦੇ ਅੰਦਰ ਹੀ ਬੰਗਾਲ ’ਚ 1770 ਵਿਚ ਪਏ ਮਹਾ-ਕਾਲ ਦੀਆਂ ਪ੍ਰਸਥਿਤੀਆਂ ਤਿਆਰ ਹੋ ਗਈਆਂ। ਮਸ਼ਹੂਰ ਬਰਤਾਨਵੀ ਵਿਓਪਾਰੀ ਥਾਮਸ ਟਵਿੰਨਿੰਗ (ਜਿਸ ਦੀ ਕੰਪਨੀ ਦੀ ਚਾਹ ਅੱਜ ਵੀ ਬਹੁਤ ਮਸ਼ਹੂਰ ਹੈ) ਬਕਸਰ ਦੀ ਲੜਾਈ ਤੋਂ ਵੀਹ ਸਾਲ ਬਾਅਦ ਉਧਰੋਂ ਲੰਘਦਿਆਂ ਆਪਣੀ ਕਿਤਾਬ ‘Travels In India A Hundred Years Ago’ ਵਿਚ ਲਿਖਦਾ ਹੈ ਕਿ ਕੰਪਨੀ ਨੇ ਬਕਸਰ ਦੀ ਲੜਾਈ ਜਿੱਤਣ ਲਈ ਸਭ ਕੁਝ ਦਾਅ ’ਤੇ ਲਾ ਦਿੱਤਾ ਅਤੇ ਜਿੱਤ ਵੀ ਗਈ। ਮੁਗ਼ਲ ਸਲਤਨਤ ਹੁਣ ਉਸਦੇ ਪੈਰਾਂ ’ਤੇ ਸੀ, ਪੂਰੀ ਤਰ੍ਹਾਂ ਹਾਰੀ ਹੋਈ ਅਤੇ ਇਸ ਦੇ ਨਾਲ ਹੀ ਇਤਿਹਾਸ ਵਿਚਲੀ ਸਭ ਤੋਂ ਵੱਧ ਅਨੋਖੀ ਕਾਰਪੋਰੇਟ ਸੱਤਾ ਵੱਲੋਂ ਭਾਰਤ ਉਪ-ਮਹਾਂਦੀਪ ਦੇ ਵਿਸ਼ਾਲ ਮੰਚ ’ਤੇ ਆਪਣੀ ਥਾਂ ਮੱਲਣ ਲਈ ਤਿਆਰੀ ਹੋ ਗਈ ਸੀ। ਜੋਹਨ ਐਨਟਿਕ ਇਸ ਬਾਰੇ ਆਪਣੀ ਕਿਤਾਬ ’ਚ ਲਿਖਦਾ ਹੈ ਕਿ ਬਰਤਾਨੀਆ ਦੇ ਕਾਰਪੋਰੇਟ ਸਮਾਜ ਦੇ ਵਿਓਪਾਰੀਆਂ ਦੀ ਕੰਪਨੀ ਹੁਣ ਏਸ਼ੀਆ ਦੇ ਸ਼ਹਿਜ਼ਾਦਿਆਂ ਦੀ ਕਾਬੀਨਾ ਬਣ ਗਈ। ਫਿਲਪ ਜੇ. ਸਟਰੱਨ ਆਪਣੀ ਕਿਤਾਬ ’ਚ ਮਸ਼ਹੂਰ ਅਰਥ ਸ਼ਾਸਤਰੀ ਐਡਮ ਸਮਿੱਥ ਦਾ ਹਵਾਲਾ ਦਿੰਦਾ ਹੈ: ‘ਕੰਪਨੀ ਤੇ ਸਟੇਟ ਦਾ ਰਿਸ਼ਤਾ। ਇਕ ਅਜੀਬ ਕਿਸਮ ਦਾ ਊਟ ਪਟਾਂਗ।’
ਈਸਟ ਇੰਡੀਆ ਕੰਪਨੀ ਦੇ ਅਹੁਦੇਦਾਰਾਂ ਨੂੰ ਬਰਤਾਨਵੀ ਬਾਦਸ਼ਾਹ ਤੋਂ ਮਿਲੀ ਸਨਦ ’ਚ ‘ਜੰਗ ਲੜਨ’ ਦਾ ਅਧਿਕਾਰ ਵੀ ਸ਼ਾਮਿਲ ਸੀ। ਉਹ ਆਪਣੇ ਹਿੱਤਾਂ ਤੇ ਟੀਚਿਆਂ ਦੀ ਪ੍ਰਾਪਤੀ ਅਤੇ ਰਾਖੀ ਲਈ ਹਿੰਸਾ ਕਰ ਸਕਦੇ ਸਨ। ਇਸ ਨਵੀਂ ਤਰ੍ਹਾਂ ਦੀ ਸਰਕਾਰ ਦੇ ਆਉਣ ਨਾਲ ਇਹ ਰਾਹ ਖੁੱਲ੍ਹ ਗਿਆ ਕਿ ਰਵਾਇਤੀ ਤੌਰ ’ਤੇ ਈਸਟ ਇੰਡੀਆ ਕੰਪਨੀ ਮਸਾਲਿਆਂ, ਰੇਸ਼ਮ, ਨੀਲ, ਕਪਾਹ ਅਤੇ ਅਫ਼ੀਮ ਦੇ ਵਿਓਪਾਰ ਤੋਂ ਅਸਾਧਾਰਨ ਰੂਪ ’ਚ ਬਹੁਕੌਮੀ ਕਾਰਪੋਰੇਟੀ ਵਿਓਪਾਰ ਦੇ ਪਰਦੇ ’ਚ ਲੜਾਕੀ ਅਤੇ ਹਿੰਸਕ ਬਸਤੀਵਾਦੀ ਸੱਤਾ ਬਣ ਗਈ ਜਿਸਨੇ ਅੰਤ ਨੂੰ ਬ੍ਰਿਟਿਸ਼ ਸਾਮਰਾਜਵਾਦ ਦੀ ਧਰਾਤਲ ਤਿਆਰ ਕੀਤੀ। ਚਾਲ਼ੀ ਸਾਲਾਂ ਤੋਂ ਵੀ ਘੱਟ ਵਕਫ਼ੇ ’ਚ ਇਸਨੇ ਦੋ ਲੱਖ ਦੀ ਨਫ਼ਰੀ ਵਾਲੀ ਨਵੀਂ ਕਿਸਮ ਦੇ ਹਥਿਆਰਾਂ ਨਾਲ ਲੈਸ ਅਨੁਸ਼ਾਸਿਤ ਅਤੇ ਅਤਿ-ਸਿੱਖਿਅਤ ਫ਼ੌਜ ਤਿਆਰ ਕਰ ਲਈ। ਹੈਰਾਨੀ ਦੀ ਗੱਲ ਹੈ ਕਿ ਪੂਰੇ ਬਰਤਾਨੀਆ ’ਚ ਓਸ ਵੇਲੇ ਸਿਰਫ਼ ਫ਼ੌਜ ਦੀ ਨਫ਼ਰੀ ਇਕ ਲੱਖ ਹੀ ਸੀ। ਸਭ ਤੋਂ ਪਹਿਲਾਂ ਬੰਗਾਲ, ਬਿਹਾਰ ਅਤੇ ਉੜੀਸਾ ’ਤੇ ਕਬਜ਼ਾ ਕਰਨ ਤੋਂ ਬਾਅਦ ਲਗਪਗ ਸਾਰੇ ਉਪ-ਮਹਾਂਦੀਪ ’ਤੇ ਆਪਣਾ ਪ੍ਰਭਾਵ ਜੰਮਾ ਲਿਆ ਅਤੇ ਫਿਰ 1803 ’ਚ ਮੁਗ਼ਲ ਸਲਤਨਤ ਦੀ ਰਾਜਧਾਨੀ ਦਿੱਲੀ ਵੀ ਜਿੱਤ ਲਈ। ਇਸ ਤਰ੍ਹਾਂ ਪੂਰੀ ਦੁਨੀਆਂ ’ਚ ਸਭ ਤੋਂ ਵੱਧ ਸ਼ਾਨਦਾਰ, ਵੈਭਵੀ ਅਤੇ ਵਿਸ਼ਾਲ ਮੁਗ਼ਲ ਸਾਮਰਾਜ ਦੀ ਥਾਂ ਬੜੀ ਖ਼ਤਰਨਾਕ, ਆਪਹੁਦਰੀ, ਅਨਿਯਿਮਤ ਨਿੱਜੀ ਕੰਪਨੀ ਨੇ ਲੈ ਲਈ ਜਿਸਦੀ ਨਿਯੰਤਰਣ ਕੁੰਜੀ ਸੱਤ ਸਮੁੰਦਰੋਂ ਪਾਰ ਬੈਠੇ ਕੰਪਨੀ ਦੇ ਕੁਝ ਕੁ ਅਹੁਦੇਦਾਰਾਂ ਦੇ ਹੱਥਾਂ ’ਚ ਸੀ।
22 ਸਤੰਬਰ 1599 ਨੂੰ ਮੂਰ ਗੇਟ ਦੇ ਫਾਉਂਡਰ ਹਾਲ ’ਚ ਔਡੀਟਰ ਸਮਿੱਥ ਨੇ 101 ਹਿੱਸੇਦਾਰਾਂ ਦੇ ਇਕੱਠ ’ਚ ਈਸਟ ਇੰਡੀਆ ਕੰਪਨੀ ਦੀ ਨੀਂਹ ਰੱਖੀ ਅਤੇ ਕੁੱਲ 11450 ਪੌਂਡ ਦੀ ਰਾਸ਼ੀ ਇਕੱਠੀ ਹੋਈ। ਹੁਣ ਤੱਕ ਕੰਪਨੀ ਦੀ ਪਹੁੰਚ ’ਚ ਹਿਮਾਲਿਆ ਤੋਂ ਲੈ ਕੇ ਭਾਰਤ ਦੇ ਧੁਰ ਦੱਖਣ ਤੱਕ ਹੋ ਗਈ ਸੀ। ਇਸ ਸਾਰੇ ਵਿਸ਼ਾਲ ਇਲਾਕੇ ਉਪਰ ਕੰਪਨੀ ਦੇ ਲੰਡਨ ਸਥਿਤ ਪੰਜ ਖਿੜਕੀਆਂ ਵਾਲੇ ਛੋਟੇ ਜਿਹੇ ਕਮਰੇ ਤੋਂ ਨਿਯੰਤਰਣ ਹੁੰਦਾ ਸੀ। ਇਹ ਕੰਪਨੀ ਦੂਰ ਦੁਰਾਡੇ ਇਲਾਕਿਆਂ ’ਚ ਬੈਠੇ ਆਪਣੇ ਹਿੱਸੇਦਾਰਾਂ ਨੂੰ ਹੀ ਜਵਾਬਦੇਹ ਸੀ ਨਾ ਕਿ ਬਰਤਾਨਵੀ ਸੰਸਦ ਨੂੰ। ਈਸਟ ਇੰਡੀਆ ਕੰਪਨੀ ਦਾ ਭਾਰਤ ’ਤੇ ਕਬਜ਼ਾ ਨਿਸ਼ਚਿਤ ਰੂਪ ਸੰਸਾਰ ਦੇ ਇਤਿਹਾਸ ’ਚ ਕਾਰਪੋਰੇਟ ਹਿੰਸਾ ਦਾ ਸਭ ਤੋਂ ਘਿਨਾਉਣਾ ਕਾਰਾ ਤੇ ਘਟਨਾਕ੍ਰਮ ਸੀ।
ਈਸਟ ਇੰਡੀਆ ਕੰਪਨੀ ਜਿਹੀ ਫ਼ੌਜੀ ਤਾਕਤ ਨਾਲ ਵੱਡੇ ਇਲਾਕਿਆਂ ਨੂੰ ਸਬੂਤਾ ਨਿਗਲ ਜਾਣ ਵਾਲੀ ਹਿੰਸਕ ਚੁੜੇਲ ਦੇ ਮੁਕਾਬਲੇ ਅੱਜ ਦੇ ਦੌਰ ’ਚ ਵੱਡੇ ਕਾਰਪੋਰੇਟਸ ਜਿਵੇਂ ਐਕਸੋਨਮੋਬਿਲ, ਐਮਾਜ਼ੋਨ, ਵਾਲ ਮਾਰਟ ਅਤੇ ਗੂਗਲ ਇਕ ਤਰ੍ਹਾਂ ਦੇ ਸ਼ਰੀਫ਼ ਸ਼ੈਤਾਨ ਹਨ। ਇਤਿਹਾਸ ਭਾਵੇਂ ਕੁਝ ਵੀ ਦਿਖਾਅ ਸਕਦਾ ਹੈ, ਪਰ ਇਹ ਸੱਚ ਹੈ ਕਿ ਈਸਟ ਇੰਡੀਆ ਕੰਪਨੀ ਦੇ ਮਾਮਲੇ ’ਚ ਸਟੇਟ ਸੱਤਾ ਅਤੇ ਕਾਰਪੋਰੇਟ ਵਿਚਾਲੇ ਗੂੜ੍ਹੀ ਯਾਰੀ ਸੀ। ਹਾਲਾਂਕਿ ਕਾਰਪੋਰੇਟ ਨੂੰ ਤਾਂ ਕਿਸੇ ਤਰ੍ਹਾਂ ਨਿਯਮਬੱਧ ਕੀਤਾ ਜਾ ਸਕਦਾ ਹੈ ਕਿਉਂਕਿ ਕਾਰਪੋਰੇਸ਼ਨ ਅੰਦਰੋਂ ਹੀ ਆਪਣੀ ਸੱਤਾ ਦਾ ਪੂਰਾ ਇਸਤੇਮਾਲ ਕਰੇਗੀ ਕਿ ਅਜਿਹੇ ਗੱਠਜੋੜਾਂ ਦਾ ਅੰਦਰੋਂ ਹੀ ਵਿਰੋਧ ਕੀਤਾ ਜਾਵੇ।
ਅੱਜ ਅਸੀਂ ਫਿਰ ਉਸ ਸੰਸਾਰ ਵੱਲ ਪਰਤ ਰਹੇ ਹਾਂ ਜੋ ਬਰਤਾਨੀਆ ਦੇ ਭਾਰਤ ਵੱਲ ਭੇਜੇ ਪਹਿਲੇ ਏਲਚੀ ਸਰ ਥਾਮਸ ਰੋਅ ਦਾ ਸੀ ਜਿੱਥੇ ਪੂਰਬ ਦਾ ਧਨ ਪੱਛਮ ਵੱਲ ਵਹਿਣ ਲੱਗਾ। ਇਹ ਉਵੇਂ ਹੀ ਵਾਪਰ ਰਿਹਾ ਹੈ ਜਿਵੇਂ ਰੋਮਨ ਸਾਮਰਾਜ ਦੇ ਸਮਿਆਂ ’ਚ ਵਾਪਰਿਆ ਜਦੋਂ ਤੱਕ ਈਸਟ ਇੰਡੀਆ ਕੰਪਨੀ ਨਹੀਂ ਸਥਾਪਿਤ ਹੋਈ ਸੀ। ਹੁਣ ਜਦੋਂ ਕਿਸੇ ਵੀ ਪੱਛਮੀ ਦੇਸ਼ ਦਾ ਪ੍ਰਧਾਨ ਮੰਤਰੀ ਭਾਰਤ ਦੀ ਯਾਤਰਾ ਕਰਦਾ ਹੈ, ਉਹ ਰਾਬਰਟ ਕਲਾਈਵ ਵਾਂਗ ਆਪਣੀਆਂ ਸ਼ਰਤਾਂ ਮਨਵਾਉਣ ਨਹੀਂ ਆਉਂਦਾ। ਦਰਅਸਲ, ਹਰ ਗੱਲਬਾਤ ਦਾ ਨਿਯਤ ਏਜੰਡਾ ਹੁੰਦਾ ਹੈ। ਉਹ ਥਾਮਸ ਰੋਅ ਵਾਂਗ ਠੇਕਿਆਂ ਅਤੇ ਵਿਓਪਾਰ ਦੇ ਬੇਨਤੀਕਾਰ ਵਾਂਗ ਆਉਂਦਾ ਅਤੇ ਉਸ ਨਾਲ ਉਸ ਦੇ ਦੇਸ਼ ਦੀ ਸਭ ਤੋਂ ਵੱਡੀ ਕਾਰਪੋਰੇਸ਼ਨ ਦਾ ਮੁੱਖ ਕਾਰਜਕਾਰੀ ਅਫ਼ਸਰ ਵੀ ਆਉਂਦਾ ਹੈ।
ਕਾਰਪੋਰੇਸ਼ਨ ਦਾ ਵਿਚਾਰ ਯੂਰਪੀ ਬੁਰਜੁਆਜ਼ੀ ਦੀ ਅਨੋਖੀ ਖੋਜ ਸੀ ਕਿ ਇਕ ਅਜਿਹਾ ਇਕਹਿਰਾ ਇਕਜੁੱਟ ਵਿਓਪਾਰਕ ਸੰਗਠਨ ਸਥਾਪਿਤ ਕੀਤਾ ਜਾਵੇ ਜੋ ਸੱਤ ਸਮੁੰਦਰਾਂ ਤੋਂ ਪਾਰ ਤੱਕ ਫੈਲਿਆ ਹੋਵੇ। ਇਸਦੀ ਸਥਾਪਤੀ ਤੇ ਫੈਲਾਅ ਦੇ ਨਾਲ ਹੀ ਯੂਰਪੀ ਬਸਤੀਵਾਦ ਆਰੰਭ ਹੋਇਆ। ਇਸ ਬਸਤੀਵਾਦ ਦੇ ਨਾਲ ਹੀ ਏਸ਼ੀਆ, ਅਫ਼ਰੀਕਾ ਅਤੇ ਯੂਰੋਪ ਦੇ ਵਿਓਪਾਰ ਦਾ ਵਿਸਥਾਰ ਵੀ ਜੁੜਿਆ ਸੀ। ਇਸ ਨੇ ਆਉਣ ਵਾਲੇ ਸਮਿਆਂ ’ਚ ਮੁਕਾਬਲੇ ਨੂੰ ਮੂਹਰੇ ਰੱਖਿਆ। ਇਹ ਵਿਚਾਰ ਯੂਰਪੀ ਸਾਮਰਾਜਵਾਦ ਦੇ ਢਹਿ ਜਾਣ ਤੋਂ ਬਾਅਦ ਵੀ ਬਣਿਆ ਰਿਹਾ। ਜਦੋਂ ਇਤਿਹਾਸਕਾਰ ਭਾਰਤ ’ਚ ਬਰਤਾਨਵੀ ਬਸਤੀਵਾਦ ਦੀ ਦੇਣ ’ਤੇ ਚਰਚਾ ਕਰਦੇ ਹਨ, ਉਹ ਆਮ ਤੌਰ ’ਤੇ ਜਮਹੂਰੀਅਤ, ਕਾਨੂੰਨ ਦੇ ਨਿਯਮ ਅਤੇ ਵਿਵਸਥਾ, ਰੇਲਵੇ, ਚਾਹ ਅਤੇ ਕ੍ਰਿਕਟ ਦਾ ਜ਼ਿਕਰ ਕਰਦੇ ਹਨ। ਫਿਰ ਵੀ ਸਾਂਝੇ ਸਟੋਕ ਵਾਲੀ ਨਿੱਜੀ ਕੰਪਨੀ ਦਾ ਵਿਚਾਰ ਬਰਤਾਨੀਆ ਦਾ ਭਾਰਤ ਨੂੰ ਦਿੱਤਾ ਸਭ ਤੋਂ ਵੱਡਾ ਤੋਹਫ਼ਾ ਨਿਰਯਾਤ ਦੇ ਰੂਪ ’ਚ ਸੀ। ਇਹ ਯੂਰਪੀ ਵਿਚਾਰ ਵੀ ਨਾਲ ਹੀ ਆਇਆ ਕਿ ਦੱਖਣੀ ਏਸ਼ੀਆ ਨੂੰ ਬੁਰੇ ਤੋਂ ਚੰਗਾ ਭਾਵ ਸੱਭਿਅਕ ਵੀ ਬਣਾਇਆ ਜਾਵੇ। ਇਹ ਨਵੀਂ ਤਰ੍ਹਾਂ ਦਾ ਔਰੀਐਂਟਲਿਜ਼ਮ ਸੀ। ਇ ਸਦਾ ਪ੍ਰਭਾਵ ਕਮਿਊਨਿਜ਼ਮ, ਪ੍ਰੋਟੈਸਟੈਂਟ ਇਸਾਈਅਤ ਅਤੇ (ਜਿੱਥੋਂ ਤੱਕ ਸੰਭਵ ਹੋ ਸਕਿਆ) ਜਮਹੂਰੀਅਤ ’ਤੇ ਵੀ ਭਾਰੂ ਰਿਹਾ।
ਅੱਜ ਵੀ ਕੰਪਨੀ ਅਤੇ ਕਾਰਪੋਰੇਟੀ ਵਿਚਾਰਧਾਰਾ ਦੀ ਪ੍ਰਬਲਤਾ ਸਾਡੇ ਸਮਿਆਂ ਅਤੇ ਊਰਜਾ ਸਰੋਤਾਂ ’ਤੇ ਕਿਸੇ ਵੀ ਹੋਰ ਸੰਸਥਾ ਜਾਂ ਵਿਚਾਰ ਤੋਂ ਵੱਧ ਬਣੀ ਰਹਿੰਦੀ ਹੈ। ਵਿਲੀਅਮ ਡੈਲਰਿੰਪਲ ਦਾ ਕਹਿਣਾ ਹੈ ਕਿ ਹਾਰਵਰਡ ਸੈਂਟਰ ਆਫ ਬਿਜ਼ਨਸ ਅਤੇ ਗੌਰਮੈਂਟ ਦੀ ਨਿਰਦੇਸ਼ਕ ਇਰਾ ਜੈਕਸਨ ਅਨੁਸਾਰ ਕਾਰਪੋਰੇਟ ਜਗਤ ਦੇ ਲੀਡਰਾਂ ਨੇ ਰਾਜਨੀਤੀ ਅਤੇ ਰਾਜਨੀਤਿਕ ਨੇਤਾਵਾਂ ਦੀ ਥਾਂ ਲੈ ਲਈ ਹੈ। ਕੰਪਨੀਆਂ ਅਜੇ ਵੀ ਮਹਤੱਵਪੂਰਣ ਦਰ ਨਾਲ ਮਨੁੱਖੀ ਜ਼ਿੰਦਗੀਆਂ ਨੂੰ ਵਿਭਿੰਨ ਢੰਗਾਂ ਨਾਲ ਪ੍ਰਭਾਵਿਤ ਕਰ ਰਹੀਆਂ ਹਨ। ਪਿਛਲੇ ਤਿੰਨ ਸੌ ਸਾਲ ਤੋਂ ਇਹ ਪ੍ਰਸ਼ਨ ਸਪੱਸ਼ਟ ਜਵਾਬ ਦੀ ਉਡੀਕ ’ਚ ਖੜ੍ਹਾ ਹੈ ਕਿ ਵੱਡੀਆਂ ਬਹੁਕੌਮੀ ਕਾਰਪੋਰੇਸ਼ਨਾਂ ਦੀ ਸੱਤਾ ਤੋਂ ਪੈਦਾ ਸੰਕਟਾਂ ਨਾਲ ਕਿਵੇਂ ਨਜਿੱਠਿਆ ਜਾਵੇ? ਇਹ ਅਜੇ ਵੀ ਸਪੱਸ਼ਟ ਨਹੀਂ ਕਿ ਨੇਸ਼ਨ-ਸਟੇਟ ਆਪਣੇ ਨਾਗਰਿਕਾਂ ਨੂੰ ਕਾਰਪੋਰੇਟੀ ਵਧੀਕੀਆਂ ਤੋਂ ਕਿਵੇਂ ਸੁਰੱਖਿਅਤ ਰੱਖੇ? ਅੱਜ ਈਸਟ ਇੰਡੀਆ ਕੰਪਨੀ ਵਾਂਗ ਹਿੰਸਾ ਅਤੇ ਕਰੂਰ ਫ਼ੌਜੀ ਸੱਤਾ ਦੇ ਨੰਗੇ ਨਾਚ ਨੂੰ ਕੋਈ ਵੀ ਕਾਰਪੋਰੇਸ਼ਨ ਹੂ-ਬ-ਹੂ ਲਾਗੂ ਨਹੀਂ ਕਰ ਸਕਦੀ, ਪਰ ਕਈ ਕਾਰਪੋਰੇਟ ਘਰਾਣਿਆਂ ਨੇ ਸਟੇਟ ਦੀ ਸੱਤਾ ਨੂੰ ਆਪਣੀ ਤਾਕਤ ਨਾਲ ਆਪਣੇ ਹਿੱਤਾਂ ਦੇ ਹੱਕ ਵਿਚ ਭੁਗਤਾਇਆ ਹੈ। ਕਾਰਪੋਰੇਸ਼ਨਾਂ ਦੇਸ਼ਾਂ ਨੂੰ ਅਮੀਰ ਵੀ ਬਣਾ ਸਕਦੀਆਂ ਤੇ ਉਨ੍ਹਾਂ ਦੀ ਆਰਥਿਕਤਾ ਦਾ ਬੇੜਾ ਡੋਬ ਵੀ ਸਕਦੀਆਂ ਹਨ। ਅਜਿਹਾ 2007-2009 ’ਚ ਅਮਰੀਕਾ ਦੇ ਬੈਂਕਾਂ ਵੱਲੋਂ ਸਬਪ੍ਰਾਈਮ ਲੈਂਡਿੰਗ ਵੇਲੇ ਹੋਇਆ ਜਿਸ ’ਚ ਅਮਰੀਕੀ ਤੇ ਯੂਰਪੀ ਬੈਂਕਾਂ ਨੂੰ ਦਸ ਖਰਬ ਡਾਲਰ ਦਾ ਨੁਕਸਾਨ ਹੋਇਆ। 1772 ’ਚ ਬਰਤਾਨਵੀ ਸਿਆਸਤਦਾਨ ਤੇ ਰਾਜਨੀਤਿਕ ਦਾਰਸ਼ਨਿਕ ਐਡਮੰਡ ਬਰਕ ਨੇ ਇੰਗਲੈਂਡ ਦੀ ਪਾਰਲੀਮੈਂਟ ’ਚ ਈਸਟ ਇੰਡੀਆ ਕੰਪਨੀ ਬਾਰੇ ਇਹੋ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਕੰਪਨੀ ਦੀਆਂ ਨੀਤੀਆਂ ਸਰਕਾਰ ਨੂੰ ਅਥਾਹ ਨਿਘਾਰ ਵੱਲ ਖਿੱਚ ਕੇ ਲੈ ਜਾਣਗੀਆਂ। 2008 ’ਚ ਆਈਸਲੈਂਡ ’ਚ ਇਹੋ ਕੁਝ ਵਾਪਰਿਆ। ਨਿੱਜੀ ਬੈਂਕਾਂ ਦੇ ਦੀਵਾਲੀਆ ਹੋਣ ’ਤੇ ਦੇਸ਼ ਦੀ ਪੂਰੀ ਆਰਥਿਕਤਾ ਤਬਾਹ ਹੋ ਗਈ। ਇੱਕੀਵੀਂ ਸਦੀ ’ਚ ਅੱਜ ਵੀ ਕੋਈ ਵੀ ਸ਼ਕਤੀਸ਼ਾਲੀ ਕਾਰਪੋਰੇਟ ਸੁਤੰਤਰ ਸਟੇਟ ਦੀ ਸਥਿਤੀ ਨੂੰ ਉੱਥਲ ਪੁਥਲ ਸਕਦੀ ਹੈ ਜਿਵੇਂ ਈਸਟ ਇੰਡੀਆ ਕੰਪਨੀ ਨੇ ਅਠਾਰਵੀਂ ਸਦੀ ’ਚ ਪਲਾਸੀ ਦੀ ਲੜਾਈ ਤੋਂ ਪਹਿਲਾਂ ਓਸਵਾਲ ਜਗਤ ਸੇਠਾਂ ਨਾਲ ਮਿਲ ਕੇ ਕੁਝ ਇਸੇ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਸਨ।
ਕਾਰਪੋਰੇਟੀ ਪ੍ਰਭਾਵ ਦਾ ਸੱਤਾ, ਧਨ ਅਤੇ ਗ਼ੈਰ-ਜਵਾਬਦੇਹੀ ਨਾਲ ਪੈਦਾ ਹੋਏ ਖ਼ਤਰਨਾਕ ਗੱਠਜੋੜ ਕਾਰਨ ਕਮਜ਼ੋਰ ਸਟੇਟਾਂ ਕੋਲ ਕਾਰਪੋਰੇਟਾਂ ਦੀ ਕਾਰਗੁਜ਼ਾਰੀ ’ਤੇ ਕੋਈ ਨਿਯੰਤਰਣ ਅਤੇ ਉਨ੍ਹਾਂ ਨੂੰ ਨਿਯਮਬੱਧ ਕਰਨ ਦੀ ਸ਼ਕਤੀ ਨਹੀਂ ਹੁੰਦੀ। ਇਸ ਦੇ ਉਲਟ ਜਿਨ੍ਹਾਂ ਕਾਰਪੋਰੇਟਾਂ ਕੋਲ ਅਪਾਰ ਖ਼ਰੀਦੋ ਫ਼ਰੋਖ਼ਤ ਕਰਨ ਦੀ ਸ਼ਕਤੀ ਹੁੰਦੀ ਹੈ ਉਹ ਸਰਕਾਰਾਂ ਤੇ ਸੰਸਦਾਂ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੇ ਸਮਰੱਥ ਹੁੰਦੀਆਂ ਹਨ। ਅਜਿਹੀ ਚਿੰਤਾ ਤਿੰਨ ਸੌ ਸਾਲ ਪਹਿਲਾਂ ਹੋਰੇਸ ਵਾਲਪੋਲੇ ਨੇ ਜਤਾਈ ਸੀ। ਉਸ ਨੇ ਈਸਟ ਇੰਡੀਆ ਕੰਪਨੀ ਨੂੰ ਵੈਭਵੀ ਧਨ ਅਤੇ ਰਾਜਨੀਤਕ ਭ੍ਰਿਸ਼ਟਾਚਾਰ ਦਾ ਸਮਾਨਾਰਥਕ ਕਿਹਾ ਸੀ ਅਤੇ ਕੰਪਨੀ ਦੇ ਨਵ-ਧਨਾਢ ਅਫ਼ਸਰਾਂ ਨੂੰ ‘ਏਸ਼ਿਆਈ ਰਾਜਕੁਮਾਰ’।
ਵਿਲੀਅਮ ਡੈਲਰਿੰਪਲ ਦਾ ਕਹਿਣਾ ਹੈ ਕਿ ਖ਼ੁਸ਼ਕਿਸਮਤੀ ਹੈ ਕਿ ਈਸਟ ਇੰਡੀਆ ਕੰਪਨੀ ਜਿਹਾ ਕੋਈ ਵੀ ਸਮਰੂਪ ਵਰਤਾਰਾ ਅੱਜ ਵਜੂਦ ’ਚ ਨਹੀਂ ਹੈ। ਵਾਲਮਾਰਟ ਮੁਨਾਫ਼ੇ ਵਜੋਂ ਅੱਜ ਦੁਨੀਆ ਦੀ ਸਭ ਤੋਂ ਵੱਡੀ ਕਾਰਪੋਰੇਸ਼ਨ ਹੈ, ਪਰ ਉਸ ਕੋਲ ਕੋਈ ਫ਼ੌਜੀ ਜਾਂ ਪ੍ਰਮਾਣੂ ਹਥਿਆਰਾਂ ਦੀ ਸ਼ਕਤੀ ਨਹੀਂ। ਈਸਟ ਇੰਡੀਆ ਕੰਪਨੀ ਇਤਿਹਾਸ ਦੀ ਪਹਿਲੀ ਬਹੁਕੌਮੀ ਕਾਰਪੋਰੇਸ਼ਨ ਸੀ ਜਿਸਨੇ ਹਰ ਵਿਸ਼ੇ ’ਚ ਸਭ ਹੱਦਾਂ ਬੰਨੇ ਪਾਰ ਕਰ ਦਿੱਤੇ। ਅੱਜ ਵੀ ਕਈ ਸਟੌਕ ਕਾਰਪੋਰੇਸ਼ਨਾਂ ਹਨ ਜਿਨ੍ਹਾਂ ਕੋਲ ਆਪਣੀ ਫ਼ੌਜੀ ਸ਼ਕਤੀ ਨਹੀਂ, ਪਰ ਵੇਲੇ ਦੀਆਂ ਸਰਕਾਰਾਂ ਆਪਣੀ ਸ਼ਕਤੀ ਅਤੇ ਸੱਤਾ ਨਾਲ ਉਨ੍ਹਾਂ ਦੇ ਹਿੱਤਾਂ ਤੇ ਉਦੇਸ਼ਾਂ ਦੀ ਹਰ ਤਰ੍ਹਾਂ ਨਾਲ ਹਿਫ਼ਾਜ਼ਤ ਕਰਦੀਆਂ ਹਨ।
ਵਿਲੀਅਮ ਡੈਲਰਿੰਪਲ ਨੇ ਇਸ ਕਿਤਾਬ ਰਾਹੀਂ ਵਿਓਪਾਰਕ ਅਤੇ ਸਾਮਰਾਜਵਾਦੀ ਸੱਤਾ ਸਬੰਧਾਂ ਨੂੰ ਸਮਝਣ ਦਾ ਯਤਨ ਕੀਤਾ ਹੈ। ਇਸ ’ਚ ਇਹ ਵੀ ਦੇਖਿਆ ਗਿਆ ਹੈ ਕਿ ਕਿਵੇਂ ਕਾਰਪੋਰੇਟ ਜਗਤ ਅਤੇ ਰਾਜਨੀਤੀ ਇਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ? ਕਿਵੇਂ ਸੱਤਾ ਅਤੇ ਧਨ, ਵਿਓਪਾਰ ਅਤੇ ਬਸਤੀਵਾਦ ਹੱਥ ਨਾਲ ਹੱਥ ਮਿਲਾ ਕੇ ਚਲਦੇ ਹਨ? ਪੱਛਮੀ ਸਾਮਰਾਜਵਾਦ ਅਤੇ ਕਾਰਪੋਰੇਟ ਪੂੰਜੀਵਾਦ ਇਕੋ ਸਮੇਂ ਹੀ ਪੈਦਾ ਹੋਏ ਜਿਨ੍ਹਾਂ ਨੇ ਅੱਜ ਆਧੁਨਿਕ ਸੰਸਾਰ ਨੂੰ ਪੂਰੀ ਤਰ੍ਹਾਂ ਆਪਣੀ ਗ੍ਰਿਫ਼ਤ ’ਚ ਲੈ ਲਿਆ ਹੈ। ਅਠਾਰਵੀਂ ਸਦੀ ’ਚ ਈਸਟ ਇੰਡੀਆ ਕੰਪਨੀ ਵੱਲੋਂ ਮਚਾਈ ਤਬਾਹੀ ਤੋਂ ਬਚਣ ਹਿੱਤ ਅਤੇ ਇਤਿਹਾਸ ਤੋਂ ਸਬਕ ਲੈਣ ਲਈ ਫ਼ਾਰਸੀ ਅਦਬ ’ਚ ਇਕ ਨਵੀਂ ਸਿਨਫ਼ ਈਜਾਦ ਹੋਈ ‘ਇਬਰਤਨਮਾ’ ਜਿਸਦਾ ਭਾਵ ਹੈ, ਚਿਤਾਵਨੀ, ਤਾੜਨਾ, ਤੰਬੀਹ। ਖ਼ੈਰਉਦਦੀਨ ਅਲਾਹਾਬਾਦੀ ਨੇ ਇਸ ਸਬੰਧ ’ਚ ਲਿਖਿਆ: ‘‘ਅਜ਼ ਫਰਾ ਦੀਦਾ ਏ ਸਰ ਗ਼ੁਜ਼ਸ਼ਤ ਏ ਗ਼ੁਜ਼ਸ਼ਤਾਗਨ, ਬਰ ਖ਼ੁਦ ਇਬਰਤ ਪਜ਼ੀਰਦ’’ ਭਾਵ ‘‘ਐ ਦੋਸਤ, ਇਨ੍ਹਾਂ ਗ਼ੁਜ਼ਰ ਚੁੱਕੀਆਂ ਆਵਾਜ਼ਾਂ ’ਚੋਂ ਆਪਣੇ ਭਵਿੱਖ ਦੀ ਪੈੜ ਸੁਣ।’’
ਈਸਟ ਇੰਡੀਆ ਦੀ ਸਥਾਪਨਾ ਤੋਂ ਚਾਰ ਸੌ ਚੌਵੀ ਸਾਲ ਬਾਅਦ ਵੀ ਇਸ ਦੀ ਕਥਾ ਵਰਤਮਾਨ ’ਚ ਵੀ ਓਨੀ ਹੀ ਪ੍ਰਸੰਗਿਕ ਹੈ ਅਤੇ ਸਿੱਖਿਆ ਦੇਣ ਯੋਗ ਹੈ। ਵਿਲੀਅਮ ਡੈਲਰਿੰਪਲ ਇਸ ਕਿਤਾਬ ਰਾਹੀਂ ਵਿਸ਼ਵ ਦੀ ਪਹਿਲੀ ਕਾਰਪੋਰੇਟ ਸੱਤਾ ਵਜੋਂ ਪੈਦਾ ਹੋਈ ਈਸਟ ਇੰਡੀਆ ਕੰਪਨੀ ਦੀ ਕਹਾਣੀ ਸੁਣਾਉਂਦਿਆਂ ਚੇਤੰਨ ਕਰਦਾ ਹੈ ਕਿ ਜੇ ਅੱਜ ਦੇ ਨਵਪੂੰਜੀਵਾਦੀ, ਨਵਬਸਤੀਵਾਦੀ ਅਤੇ ਬਹੁਕੌਮੀ ਕੰਪਨੀਆਂ ਦੇ ਦੌਰ ਅਤੇ ਉਨ੍ਹਾਂ ਦੇ ਛੁਪੇ ਏਜੰਡਿਆਂ ਅਤੇ ਹੱਥਕੰਡਿਆਂ ਨੂੰ ਸਮਝਣਾ ਲਈ ਸਤਾਰ੍ਹਵੀਂ ਸਦੀ ’ਚ ਈਸਟ ਇੰਡੀਆ ਕੰਪਨੀ ਦੀ ਆਮਦ ਨਾਲ ਸ਼ੁਰੂ ਹੋਏ ਬਸਤੀਵਾਦ, ਕਾਰਪੋਰੇਟ ਸੱਤਾ ਅਤੇ ਸਾਮਰਾਜਵਾਦ ਦੇ ਵਰਤਾਰੇ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। 2016 ’ਚ ਸ਼ਸ਼ੀ ਥਰੂਰ ਦੀ ਕਿਤਾਬ ‘An Era Of Darkness’ ਆਈ। ਇਸ ਵਿਸ਼ੇ ’ਤੇ ਹੋਰ ਪ੍ਰਬੁੱਧ ਗਿਆਨ ਲਈ ਪਾਠਕ ਦੋਹਾਂ ਕਿਤਾਬਾਂ ਨੂੰ ਜੋੜ ਕੇ ਪੜ੍ਹਨ ਤਾਂ ਇਸ ਵਿਸ਼ੇ ਦੀ ਸੂਖ਼ਮਤਾ ਨੂੰ ਹੋਰ ਗਹਿਰਾਈ ਨਾਲ ਸਮਝਿਆ ਜਾ ਸਕਦਾ ਹੈ।
ਸੰਪਰਕ: 82839-48811