ਦਰਸ਼ਨ ਸਿੰਘ ਤਾਤਲਾ
ਸਾਹਿਤ ਤੇ ਸਿਆਸਤ
ਚਿੱਲੀ ਦੇ ਪ੍ਰਸਿੱਧ ਨੋਬੇਲ ਪੁਰਸਕਾਰ ਜੇਤੂ ਕਵੀ ਪਾਬਲੋ ਨੈਰੂਦਾ ਨੂੰ ਭਾਰਤ ਨਾਲ ਖ਼ਾਸ ਸਨੇਹ ਸੀ। ਉਹ ਦੋ ਵਾਰ ਭਾਰਤ ਆਇਆ। ਪਹਿਲੀ ਵਾਰ 1928 ਵਿਚ ਅਤੇ ਦੂਜੀ ਵਾਰ ਦੇਸ਼ ਦੇ ਆਜ਼ਾਦ ਹੋਣ ਮਗਰੋਂ 1950 ਵਿਚ। ਇਹ ਲੇਖ ਦੂੁਜੀ ਫੇਰੀ ਨਾਲ ਸਬੰਧਿਤ ਉਸ ਦੀ ਯਾਦ ’ਤੇ ਆਧਾਰਿਤ ਹੈ।
ਪਾਬਲੋ ਨੈਰੂਦਾ (1904-1973) ਚਿੱਲੀ ਦਾ ਮਸ਼ਹੂਰ ਕਵੀ, ਡਿਪਲੋਮੈਟ ਅਤੇ ਰਾਜਨੀਤਕ ਆਗੂ ਸੀ ਜਿਸ ਨੂੰ 1971 ਵਿਚ ਸਾਹਿਤ ਦਾ ਨੋਬੇਲ ਪੁਰਸਕਾਰ ਮਿਲਿਆ। ਦਸ ਸਾਲ ਦੀ ਉਮਰ ਤੋਂ ਹੀ ਨੈਰੂਦਾ ਕਵਿਤਾ ’ਤੇ ਹੱਥ ਅਜ਼ਮਾਉਣ ਲੱਗਾ ਸੀ। ਉਸ ਦੀਆਂ ਸੰਸਾਰ ਪ੍ਰਸਿੱਧ ਕਵਿਤਾਵਾਂ ਵਿਚ ‘ਵੀਹ ਪ੍ਰੇਮ ਕਵਿਤਾਵਾਂ ਅਤੇ ਇਕ ਨਿਰਾਸ ਗੀਤ’ ਹੈ। ਪਾਬਲੋ ਨੈਰੁਦਾ ਚਿੱਲੀ ਦੇ ਸੋਸ਼ਲਿਸ਼ਟ ਰਾਸ਼ਟਰਪਤੀ ਸਲਵਾਡੋਰ ਉਯੰਦੇ (ਜੋ 1970 ਤੋਂ 1973 ਤਕ ਇਸ ਅਹੁਦੇ ’ਤੇ ਰਿਹਾ) ਦਾ ਕਰੀਬੀ ਦੋਸਤ ਸੀ। ਸਲਵਾਡੋਰ ਉਯੰਦੇ ਨੇ ਨੈਰੂਦਾ ਨੂੰ 70,000 ਲੋਕਾਂ ਸਾਹਮਣੇ ਕਵਿਤਾ ਪੜ੍ਹਨ ਲਈ ਕਿਹਾ ਸੀ। ਚਿੱਲੀ ਦੇ ਫ਼ੌਜੀ ਜਰਨੈਲਾਂ ਨੇ ਅਮਰੀਕਾ ਦੀ ਮਦਦ ਸਗੋਂ ਸਾਜ਼ਿਸ਼ ਅਧੀਨ ਉਯੰਦੇ ਦੀ ਸੋਸ਼ਲਿਸਟ ਸਰਕਾਰ ਦਾ ਤਖ਼ਤ ਪਲਟਾ ਕਰਕੇ ਰਾਜ ਸੰਭਾਲ ਲਿਆ ਸੀ ਜਿਸ ਦੇ ਫਲਸਰੂਪ ਉਯੰਦੇ ਨੇ ਖ਼ੁਦਕੁਸ਼ੀ ਕਰ ਲਈ ਸੀ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਚਿੱਲੀ ਦੇ ਨਵੇਂ ਫ਼ੌਜੀ ਤਾਨਾਸ਼ਾਹ ਔਗੋਸਤੋ ਪੀਨੁਸ਼ਏ ਨੇ ਸਾਜ਼ਿਸ਼ ਤਹਿਤ ਪਾਬਲੋ ਨੈਰੂਦਾ ਨੂੰ ਜ਼ਹਿਰ ਦਾ ਟੀਕਾ ਲੁਆ ਕੇ ਮਰਵਾਇਆ ਸੀ।
ਸਾਹਿਤ ਵਿਚ ਨੋਬੇਲ ਪੁਰਸਕਾਰ ਜੇਤੂ ਕੋਲੰਬੀਆਈ ਲੇਖਕ ਗੈਬਰੀਅਲ ਗਾਰਸ਼ੀਆ ਮਾਰਕੁਏਜ਼ ਦੇ ਕਥਨ ਅਨੁਸਾਰ ਪਾਬਲੋ ਨੈਰੂਦਾ 20ਵੀਂ ਸਦੀ ਦਾ ਸਭ ਤੋਂ ਮਹਾਨ ਕਵੀ ਸੀ। ਪੱਛਮ ਦੇ ਸਾਹਿਤ ਆਲੋਚਕ ਹੈਰੋਲਡ ਬਲੂਮ ਨੇ ਨੈਰੂਦਾ ਨੂੰ ਪੱਛਮੀ ਸਾਹਿਤਕ ਪ੍ਰਣਾਲੀ ਦਾ ਪ੍ਰਮੁੱਖ ਲੇਖਕ ਕਿਹਾ ਸੀ।
ਪੰਜਾਬੀ ਵਿਚ ਪਾਬਲੋ ਨੈਰੂਦਾ ਦੀਆਂ ਚੋਣਵੀਆਂ ਕਵਿਤਾਵਾਂ ਮਿਲਦੀਆਂ ਹਨ ਜਿਨ੍ਹਾਂ ਦਾ ਵੱਖ ਵੱਖ ਵਿਅਕਤੀਆਂ ਨੇ ਉਲਥਾ ਕੀਤਾ ਹੈ। ਅਜੇ ਨੈਰੂਦਾ ਦੀ ਜੀਵਨੀ ਪੰਜਾਬੀ ਵਿਚ ਨਹੀਂ ਲਿਖੀ ਗਈ। ਪੰਜਾਬੀ ਅਲੋਚਕ ਤੇਜਵੰਤ ਸਿੰਘ ਗਿੱਲ ਅਨੁਸਾਰ ਪੰਜਾਬੀ ਕਵੀ ਪਾਸ਼ ਨੇ ਨੈਰੂਦਾ ਤੋਂ ਬਹੁਤ ਕੁਝ ਸਿੱਖਿਆ। ਕਿਹਾ ਗਿਆ ਹੈ ਕਿ ਪਾਸ਼ ਦੀ ਕਵਿਤਾ ਨੈਰੂਦਾ ਦੇ ਬਰਾਬਰ ਰੱਖੀ ਜਾ ਸਕਦੀ ਹੈ। ਪਾਸ਼ ਨੇ ਉਸ ਦੀਆਂ ‘ਪ੍ਰੇਮ ਕਵਿਤਾਵਾਂ’ ’ਚੋਂ ਇਕ ਕਵਿਤਾ ਦਾ ਪੰਜਾਬੀ ਅਨੁਵਾਦ ਕੀਤਾ ਸੀ।
ਪਾਬਲੋ ਨੈਰੂਦਾ ਭਾਰਤ ਨਾਲ ਖ਼ਾਸ ਸਨੇਹ ਰੱਖਦਾ ਸੀ। ਉਹ ਪਹਿਲੀ ਵਾਰ 1928 ਵਿਚ ਹਿੰਦੋਸਤਾਨ ਆਇਆ। ਉਦੋਂ ਉਸ ਨੇ ਮਹਾਤਮਾ ਗਾਂਧੀ ਦੀ ਪ੍ਰਧਾਨਗੀ ਥੱਲੇ ਹੋਈ ਕਾਂਗਰਸ ਦੀ ਮੀਟਿੰਗ ਵਿਚ ਹਾਜ਼ਰੀ ਲੁਆਈ ਅਤੇ ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਦੂਜੀ ਵਾਰ ਉਹ 1950 ਵਿਚ ਸ੍ਰੀ ਨਹਿਰੂ ਲਈ ਖ਼ਾਸ ਸੁਨੇਹਾ ਲੈ ਕੇ ਪਹੁੰਚਿਆ ਸੀ। ਉਹ ਨਹਿਰੂ ਦੇ ਠੰਢੇ ਹੁੰਗਾਰੇ ਅਤੇ ਸਰਕਾਰ ਵੱਲੋਂ ਅਫ਼ਸਰਸ਼ਾਹੀ ਤੋਂ ਪ੍ਰੇਸ਼ਾਨ ਹੋਇਆ ਤੀਜੇ ਦਿਨ ਹੀ ਵਾਪਸ ਚਲਾ ਗਿਆ ਸੀ।
ਇਸ ਮਿਲਣੀ ਦੀ ਵਾਰਤਾ ਨੈਰੂਦਾ ਵੱਲੋਂ ਲਿਖੀ ਪੁਸਤਕ ‘ਯਾਦਾਂ’ ਵਿਚ ਦਰਜ ਹੈੈ ਜੋ 1977 ਵਿਚ ਛਪੀ। ਨੈਰੂਦਾ ਨੇ ਆਪਣੀਆ ਯਾਦਾਂ ਸਪੈਨਿਸ਼ ਭਾਸ਼ਾ ਵਿਚ ਲਿਖੀਆਂ ਸਨ ਜਿਨ੍ਹਾਂ ਦਾ ਅੰਗਰੇਜ਼ੀ ਅਨੁਵਾਦ ਹਾਰਡੀ ਮਾਰਟਿਨ ਨੇ ਕੀਤਾ। ਇਹ ਦਿਲਚਸਪ ਵਾਰਤਾ ਪੁਸਤਕ ਦੇ ਪੰਨਾ 198-204 ਉਪਰ ਦਰਜ ਹੈ।
ਪਾਬਲੋ ਨੈਰੂਦਾ ਲਿਖਦਾ ਹੈ:
ਸੰਨ 1950 ਦੀ ਗੱਲ ਹੈ ਜਦੋਂ ਮੈਨੂੰ ਅਚਨਚੇਤ ਭਾਰਤ ਜਾਣਾ ਪਿਆ। ਪੈਰਿਸ ਵਿੱਚ ਜੋਲੀਓ ਕਿਊਰੀ ਨੇ
ਮੈਨੂੰ ਕਿਹਾ ‘ਤੈਨੂੰ ਕਿਸੇ ਮਿਸ਼ਨ ’ਤੇ ਭੇਜਣਾ ਹੈ’। ‘‘ਕਿਹੜਾ ਮਿਸ਼ਨ?’’
‘‘ਤੂੰ ਨਵੀਂ ਦਿੱਲੀ ਜਾਣਾ ਹੈ ਜਿੱਥੇ ਭਾਰਤ ਦੇ ਕੁਝ ਉੱਘੇ ਸਿਆਸੀ ਵਿਅਕਤੀਆਂ ਨੂੰ ਮਿਲਣਾ ਹੈ ਤਾਂ ਕਿ ਆਪਣਾ ‘ਸ਼ਾਂਤੀ ਸੰਘਰਸ਼’ ਮਜ਼ਬੂਤ ਹੋ ਜਾਵੇ।’’
ਜੋਲੀਓ ਕਿਊਰੀ ਉਦੋਂ ‘ਸੰਸਾਰ ਸ਼ਾਂਤੀ ਮੁਹਿੰਮ’ ਵਿਚ ਸਰਗਰਮ ਸੀ। (ਇਹ ਕਿਊਰੀ ਉਹ ਹੀ ਸੀ ਜਿਸ ਨੇ ਆਪਣੇ ਪਤੀ ਫਰੈਡਰਿਕ ਨਾਲ ਰਲ ਕੇ 1935 ਵਿਚ ਰਸਾਇਣ ਵਿਗਿਆਨ ਵਿਚ ਸਾਂਝਾ ਨੋਬੇਲ ਪੁਰਸਕਾਰ ਜਿੱਤਿਆ ਸੀ। ਇਨ੍ਹਾਂ ਨੇ ਵਿਆਹ ਪਿੱਛੋਂ ਦੋਵਾਂ ਦੇ ਨਾਂ ਜੋਲੀਓ ਕਿਊਰੀ ਪਾ ਲਏ ਸਨ। ਕਿਊਰੀ ਦੀ ਮਾਂ ਮੇਰੀ ਕਿਊਰੀ ਸੰਸਾਰ ਦੀ ਪ੍ਰਸਿੱਧ ਵਿਗਿਆਨੀ ਸੀ। ਉਹ ਦੋ ਵਿਸ਼ਿਆਂ ਵਿਚ ਦੋ ਵਾਰੀ ਨੋਬੇਲ ਜਿੱਤਣ ਵਾਲੀ ਪਹਿਲੀ ਔਰਤ ਸੀ)।
ਅਸੀਂ ਕਾਫ਼ੀ ਲੰਮੀ ਗੱਲਬਾਤ ਕੀਤੀ। ਜੋਲੀਓ ਕਿਊਰੀ ਦਾ ਫ਼ਿਕਰ ਇਹ ਸੀ ਕਿ ਭਾਵੇਂ ਮੁਲਕ ਦਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸ਼ਾਂਤੀ ਸਥਾਪਤੀ ਦੇ ਯਤਨ ਕਰਨ ਵਾਲਾ ਮੁੱਖ ਆਗੂ ਗਿਣਿਆ ਜਾਂਦਾ ਸੀ, ਪਰ ਭਾਰਤ ਨੇ ਇਸ ਸੰਘਰਸ਼ ਵਿਚ ਆਪਣੇ ਵੱਲੋਂ ਉਮੀਦ ਮੁਤਾਬਿਕ ਅਜੇ ਬਹੁਤਾ ਹਿੱਸਾ ਨਹੀਂ ਸੀ ਪਾਇਆ।
ਕਿਊਰੀ ਨੇ ਮੈਨੂੰ ਦੋ ਚਿੱਠੀਆਂ ਫੜਾਈਆਂ। ਇਕ ਬੰਬਈ (ਹੁਣ ਮੁੰਬਈ) ਵਿਚ ਵਿਗਿਆਨੀ ਦੇ ਨਾਂ ਤੇ ਦੂਜੀ ਮੈਂ ਜ਼ਾਤੀ ਤੌਰ ’ਤੇ ਪ੍ਰਧਾਨ ਮੰਤਰੀ ਨੂੰ ਦੇਣੀ ਸੀ। ਮੈਨੂੰ ਕੁਝ ਹੈਰਾਨੀ ਹੋਈ ਕਿ ਏਨੀ ਸਾਦਾ ਜਿਹੀ ਗੱਲ ਪਿੱਛੇ ਮੈਨੂੰ ਏਨੇ ਵੱਡੇ ਦੌਰੇ ਉੱਤੇ ਭੇਜਿਆ ਜਾਣਾ ਹੈ। ਸ਼ਾਇਦ ਕਿਊਰੀ ਨੂੰ ਪਤਾ ਸੀ ਕਿ ਮੈਂ ਭਾਰਤ ਨਾਲ ਖ਼ਾਸ ਸਨੇਹ ਰੱਖਦਾ ਹਾਂ ਕਿਉਂਕਿ ਆਪਣੀ ਜਵਾਨੀ ਦੇ ਕੁਝ ਸਾਲ ਮੈਂ ਉੱਥੇ ਗੁਜ਼ਾਰੇ ਸਨ ਜਾਂ ਗੱਲ ਇਹ ਹੋਵੇਗੀ ਕਿ ਮੈਨੂੰ ਇਸੇ ਸਾਲ ਸ਼ਾਂਤੀ ਪੁਰਸਕਾਰ ਮਿਲਿਆ ਸੀ ਜਿਹੜਾ ਪਾਬਲੋ ਪਿਕਾਸੋ ਅਤੇ ਨਜ਼ੀਮ ਹਿਕਮਤ ਨਾਲ ਸਾਂਝਾ ਸੀ।
ਮੈਂ ਬੰਬਈ ਲਈ ਜਹਾਜ਼ ਫੜਿਆ। ਮੈਂ ਤੀਹ ਸਾਲਾਂ ਪਿੱਛੋਂ ਭਾਰਤ ਚੱਲਿਆ ਸਾਂ। ਇਸ ਮੁਲਕ ਨੇ ਗ਼ੁਲਾਮੀ ਦਾ ਜੂਲਾ ਲਾਹ ਦਿੱਤਾ ਸੀ ਅਤੇ ਹੁਣ ਲੋਕਤੰਤਰੀ ਗਣਤੰਤਰ ਸੀ ਜੋ ਉਸ ਵੇਲੇ ਮਹਾਤਮਾ ਗਾਂਧੀ ਦਾ ਸੁਪਨਾ ਸੀ ਜਦੋਂ ਮੈਂ ਉਸ ਦੀ ਪਹਿਲੀ ਕਾਂਗਰਸ 1928 ਵਿਚ ਹਾਜ਼ਰੀ ਲਵਾਈ ਸੀ। ਉਨ੍ਹਾਂ ਦਿਨਾਂ ਦੇ ਮੇਰੇ ਮਿੱਤਰਾਂ ’ਚੋਂ ਸ਼ਾਇਦ ਹੀ ਕੋਈ ਜਿਊਂਦਾ ਹੋਵੇ ਜਿਨ੍ਹਾਂ ਨੇ ਮੈਨੂੰ ਆਜ਼ਾਦੀ
ਦੇ ਸੰਘਰਸ਼ ਦੀ ਕਿੰਨੀਆਂ ਸਾਰੀਆਂ ਭੇਤ ਵਾਲੀਆਂ ਗੱਲਾਂ ਦੱਸੀਆਂ ਸਨ। ਬਿਲਕੁਲ ਭਰਾਵਾਂ ਵਾਂਗੂੰ।
ਮੈਂ ਜਹਾਜ਼ ’ਚੋਂ ਉਤਰਿਆ। ਸਿੱਧਾ ਕਸਟਮ ਵਾਲਿਆਂ ਵੱਲ ਵਧਿਆ। ਇੱਥੋਂ ਮੈਂ ਸਿੱਧਾ ਹੋਟਲ ’ਚ ਜਾਣਾ ਸੀ। ਵਿਗਿਆਨੀ ਰਮਨ ਨੂੰ ਚਿੱਠੀ ਦੇ ਕੇ ਨਵੀਂ ਦਿੱਲੀ, ਪਰ ਮੈਂ ਆਪਣੇ ਮੇਜ਼ਬਾਨਾਂ ਬਾਰੇ ਤਾਂ ਸੋਚਿਆ ਹੀ ਨਹੀਂ ਸੀ। ਮੇਰੇ ਸੂਟਕੇਸ ਹੀ ਉੱਥੇ ਪਹੁੰਚਣ ਲਈ ਕਿੰਨਾ ਸਮਾਂ ਲਾ ਰਹੇ ਸਨ? ਮੈਂ ਵੇਖਿਆ ਕਿੰਨੇ ਸਾਰੇ ਬੰਦੇ ਖੜ੍ਹੇ ਸਨ ਜੋ ਕਸਟਮ ਅਫ਼ਸਰ ਸਨ, ਇਹ ਹੁਣ ਮੇਰੇ ਸਾਮਾਨ ਵਿਚਦੀ ਕੰਘਾ ਫੇਰੀ ਕਰ ਰਹੇ ਸਨ। ਮੈਂ ਬਹੁਤ ਥਾਈਂ ਸਾਮਾਨ ਦਾ ਮੁਆਇਨਾ ਹੁੰਦਾ ਵੇਖਿਆ ਹੈ, ਪਰ ਇਹ ਕੀ? ਮੇਰੇ ਕੋਲ ਸਾਮਾਨ ਵੀ ਕੋਈ ਜ਼ਿਆਦਾ ਨਹੀਂ ਸੀ। ਇੱਕ ਮਧਰਾ ਜਿਹਾ ਸੂਟਕੇਸ ਜਿਸ ਵਿਚ ਮੇਰੇ ਕੱਪੜੇ ਸਨ, ਨਾਲ ਇਕ ਛੋਟਾ ਚਮੜੇ ਦਾ ਬੈਗ ਜਿਸ ਵਿਚ ਮੇਰੀਆਂ ਮੂੰਹ ਹੱਥ ਧੋਣ ਵਾਲੀਆਂ ਵਸਤਾਂ ਸਨ। ਮੈਂ ਵੇਖਿਆ ਇਨ੍ਹਾਂ ਅਫ਼ਸਰ ਸਾਹਿਬਾਨ ਨੇ ਮੇਰੀਆਂ ਪੈਂਟਾਂ, ਨਿੱਕਰਾਂ, ਜੁੱਤੀ ਸਭ ਕੁਝ ਬਾਹਰ ਕੱਢ ਲਿਆ ਸੀ ਤੇ ਇਨ੍ਹਾਂ ਨੂੰ ਪੰਜ ਜਣਿਆਂ ਦੀ ਅੱਖਾਂ ਪਰਖ ਰਹੀਆਂ ਸਨ। ਪੈਂਟਾਂ ਦੀਆਂ ਅੰਦਰਲੀਆਂ ਜੇਬਾਂ ਦੀ ਤਲਾਸ਼ੀ ਅਤੇ ਲੱਗਦਾ ਸੀ ਜਿਵੇਂ ਸਲਾਈ ਵੀ ਪਰਖੀ ਜਾ ਰਹੀ ਹੋਵੇ। ਰੋਮ ਸ਼ਹਿਰ ਵਿਚ ਮੈਂ ਆਪਣੀ ਜੁੱਤੀ ਨੂੰ ਅਖ਼ਬਾਰ ਵਿਚ ਲਪੇਟ ਲਿਆ ਸੀ ਤਾਂ ਕਿ ਇਹ ਮੇਰੇ ਕੱਪੜੇ ਖ਼ਰਾਬ ਨਾ ਕਰੇ। ਇਹ ਅਖ਼ਬਾਰ ਦਾ ਟੋਟਾ ਮੈਂ ਆਪਣੇ ਹੋਟਲ ਦੇ ਕਮਰੇ ’ਚੋਂ ਚੁੱਕ ਲਿਆ ਸੀ। ਸ਼ਾਇਦ ਇਸ ਅਖ਼ਬਾਰ ਦਾ ਨਾਂ ਅਗਜਾਬਰ ਰੀਮੈਨੋ ਸੀ। ਅਫ਼ਸਰਾਂ ਨੇ ਉਹ ਅਖ਼ਬਾਰ ਦਾ ਟੋਟਾ ਵੀ ਮੇਜ਼ ’ਤੇ ਵਿਛਾ ਲਿਆ। ਇਹਦੇ ਉੱਤੇ ਲਾਈਟ ਮਾਰੀ। ਮੁੜ ਇਸ ਨੂੰ ਤਹਿਆਂ ਵਿਚ ਲਪੇਟ ਦਿੱਤਾ ਜਿਸ ਤਰ੍ਹਾਂ ਗੁਪਤ ਦਸਤਾਵੇਜ਼ ਰੱਖੀਦੇ ਹਨ। ਇਸ ਅਖ਼ਬਾਰੀ ਟੋਟੇ ਨੂੰ ਵੀ ਮੇਰੇ ਹੋਰ ਕਾਗਜ਼ਾਂ ਸਮੇਤ ਪਰ੍ਹੇ ਸਾਂਭ ਲਿਆ। ਮੇਰੀ ਜੁੱਤੀ ਦਾ ਅੰਦਰੋਂ ਤੇ ਬਾਹਰੋਂ ਮੁਆਇਨਾ ਕਰਦੇ ਰਹੇ ਜਿਵੇਂ ਇਹ ਕਿਸੇ ਕੀਮਤੀ ਪ੍ਰਾਚੀਨ ਜੀਵ ਦੇ ਪਿੰਜਰ ਹੋਣ।
ਇਹ ਅਨੋਖੀ ਜਾਂਚ ਦੋ ਘੰਟੇ ਤਕ ਚੱਲਦੀ ਰਹੀ। ਫਿਰ ਇਕ ਬੰਡਲ ਬਣਾ ਕੇ ਮੇਰੇ ਕਾਗਜ਼ ਜਾਣੀ ਪਾਸਪੋਰਟ, ਪਤੇ ਵਾਲੀ ਡਾਇਰੀ, ਚਿੱਠੀ ਵਾਲਾ ਲਿਫ਼ਾਫ਼ਾ ਅਤੇ ਨਾਲ ਹੀ ਅਖ਼ਬਾਰ ਦਾ ਕਾਗਜ਼ ਮੇਰੀਆਂ ਅੱਖਾਂ ਸਾਹਮਣੇ ਹੀ ਇਨ੍ਹਾਂ ਸਭਨਾਂ ਨੂੰ ਇਕ ਵੱਡੇ ਲਿਫ਼ਾਫ਼ੇ ਵਿਚ ਬੰਦ ਕਰਦਿਆਂ ਬਾਕਾਇਦਾ ਮੋਮ ਲਾ ਕੇ ਬੰਦ ਕਰ ਦਿੱਤਾ। ਇਹ ਸਾਰਾ ਕੁਝ ਮੁਕਾ ਉਨ੍ਹਾਂ ਮੈਨੂੰ ਛੁੱਟੀ ਦਿੱਤੀ ਤੇ ਕਿਹਾ, ਤੂੰ ਹੁਣ ਹੋਟਲ ਨੂੰ ਜਾ ਸਕਦਾ ਹੈਂ।
ਮੈਂ ਆਪਣੀ ਸਾਰੀ ਮਨ-ਸ਼ਕਤੀ ਨੂੰ ਕਾਬੂ ਵਿਚ ਰੱਖਦਿਆਂ ਜਿਸ ਵਿਚ ਚਿਲੀਅਨ ਮੁਹਾਵਰੇ ਵਾਲਾ ਸਬਰ ਦਾ ਘੁੱਟ ਵੀ ਸ਼ਾਮਲ ਸੀ, ਇਨ੍ਹਾਂ ਅਫ਼ਸਰਾਂ ਨੂੰ ਕਿਹਾ, ‘‘ਉਹ ਕਿਹੜਾ ਹੋਟਲ ਹੈ ਜੋ ਮੈਨੂੰ ਬਿਨਾਂ ਪਛਾਣ ਦਸਤਾਵੇਜ਼ਾਂ ਦੇ ਰਹਿਣ ਲਈ ਇਜਾਜ਼ਤ ਦੇਵੇਗਾ।’’
ਨਾਲੇ ਦੱਸਿਆ ਕਿ ਮੈਂ ਇਸ ਉਦੇਸ਼ ਨਾਲ ਇਹ ਸਫ਼ਰ ਕੀਤਾ ਹੈ ਕਿ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਉਹ ਚਿੱਠੀ ਦੇਣੀ ਹੈ ਜਿਹੜੀ ਤੁਸਾਂ ਇੱਥੇ ਗ੍ਰਿਫ਼ਤਾਰ ਕਰ ਲਈ ਹੈ।
ਅਫ਼ਸਰ ਕਹਿਣ ਲੱਗੇ, ‘‘ਅਸੀਂ ਹੋਟਲ ਵਾਲਿਆਂ ਨਾਲ ਗੱਲ ਕਰਾਂਗੇ ਉਹ ਤੁਹਾਨੂੰ ਲੈ ਲੈਣਗੇ। ਰਹੀ ਪੇਪਰਾਂ ਦੀ ਗੱਲ, ਇਹ ਤੁਹਾਨੂੰ ਕੁਝ ਸਮੇਂ ਵਿਚ ਮੋੜ ਦਿੱਤੇ ਜਾਣਗੇ।’’ ਇਹ ਉਹੀ ਮੁਲਕ ਸੀ ਜਿਸ ਦੀ ਆਜ਼ਾਦੀ ਦੀ ਤਿੜਕ ਵਿਚ ਮੈਂ ਨੌਜਵਾਨ ਵਜੋਂ ਤਜਰਬਾ ਕੀਤਾ ਸੀ। ਖ਼ੈਰ! ਮੈਂ ਆਪਣਾ ਸੂਟਕੇਸ ਬੰਦ ਕੀਤਾ, ਨਾਲ ਹੀ ਆਪਣਾ ਮੂੰਹ। ਫੇਰ ਵੀ ਮੇਰੇ ਬੁੱਲ੍ਹਾਂ ’ਤੇ ਇਕ ਸ਼ਬਦ ਜ਼ਰੂਰ ਆਇਆ, ‘‘ਗੰਦ…’’
ਹੋਟਲ ’ਚ ਮੈਂ ਪ੍ਰੋਫ਼ੈਸਰ ਵਾਇਰਾ ਨੂੰ ਟੱਕਰ ਪਿਆ। ਉਸ ਨੂੰ ਆਪਣੀ ਪਰੇਸ਼ਾਨੀ ਦੱਸੀ। ਉਹ ਚੰਗੇ ਸੁਭਾਅ ਵਾਲਾ ਹਿੰਦੂ ਸੀ। ਉਹਨੇ ਇਨ੍ਹਾਂ ਗੱਲਾਂ ਨੂੰ ਸਾਧਾਰਨ ਤੌਰ ’ਤੇ ਲਿਆ। ਆਪਣੇ ਮੁਲਕ ਬਾਰੇ ਉਸ ਦਾ ਖੁਸ਼-ਮਿਜ਼ਾਜੀ ਵਾਲਾ ਰਵੱਈਆ ਸੀ ਜੋ ਅਜੇ ਉਸਰ ਹੀ ਤਾਂ ਰਿਹਾ
ਸੀ। ਦੂਜੇ ਪਾਸੇ ਮੇਰੇ ਲਈ ਇਕ ਨਵੇਂ ਆਜ਼ਾਦ ਮੁਲਕ
ਤੋਂ ਅਜਿਹੇ ਜੀ ਆਇਆਂ ਦੀ ਆਸ ਨਹੀਂ ਸੀ ਤੇ
ਮੇਰਾ ਮਨ ਖੱਟਾ ਸੀ।
ਕਿਊਰੀ ਦੇ ਜਿਸ ਮਿੱਤਰ ਪ੍ਰੋਫ਼ੈਸਰ ਰਮਨ ਲਈ ਮੈਂ ਚਿੱਠੀ ਲਿਆਇਆ ਸਾਂ ਉਹ ਭਾਰਤ ਦੇ ਨਿਊਕਲੀਅਰ ਫਿਜ਼ਿਕਸ ਖੋਜ ਕੇਂਦਰ ਦਾ ਡਾਇਰੈਕਟਰ ਸੀ। ਉਸ ਨੇ ਮੈਨੂੰ ਸੱਦਿਆ ਅਤੇ ਨਾਲ ਹੀ ਦੱਸਿਆ ਕਿ ਅੱਜ ਦੁਪਹਿਰ ਦਾ ਖਾਣਾ ਪ੍ਰਧਾਨ ਮੰਤਰੀ ਦੀ ਭੈਣ ਦੇ ਨਾਲ ਹੈ। ਇਹ ਮੇਰੀ ਚੰਗੀ ਕਿਸਮਤ ਸੀ। ਇਉਂ ਮੇਰੀ ਸਾਰੀ ਜ਼ਿੰਦਗੀ ਵਿਚ ਹੀ ਹੁੰਦਾ ਰਿਹਾ ਹੈ ਜਦੋਂ ਕੋਈ ਇਕ ਪਾਸੇ ਤਾਂ ਮੇਰੇ ਵੱਖੀ ਜਾਂ ਢੁੱਡ ਮਾਰੇ, ਦੂਜੇ ਪਾਸੇ ਕੋਈ ਮੈਨੂੰ ਫੁੱਲਾਂ ਦਾ ਗੁਲਦਸਤਾ ਫੜਾ ਜਾਵੇ।
ਨਿਊਕਲੀਅਰ ਖੋਜ ਦਾ ਕੇਂਦਰ ਉਹੋ ਜਿਹੀਆਂ ਇਮਾਰਤਾਂ ਵਰਗਾ ਹੀ ਸੀ ਜਿਹੜੀਆਂ ਸਾਫ਼ ਅਤੇ ਚਮਕਦੀਆਂ ਹਨ। ਜਿੱਥੇ ਆਦਮੀ ਅਤੇ ਇਸਤਰੀਆਂ ਚਿੱਟੇ ਗਾਊਨ ਪਾਈ ਪਾਣੀ ਦੀ ਤਰ੍ਹਾਂ ਤੁਰੇ ਫਿਰਦੇ ਹਨ, ਕਦੇ ਇਹ ਦਰਵਾਜ਼ਾ ਲੰਘ ਕਦੇ ਕਿਸੇ ਪੁਰਜ਼ੇ ਨੂੰ ਪਰਖਦੇ, ਕਦੇ ਬਲੈਕਬੋਰਡਾਂ ਉੱਤੇ ਲਿਖਦੇ, ਕਦੇ ਟਰੇਆਂ ਆਦਿ ਚੁੱਕੀ ਫਿਰਦੇ ਹਨ। ਮੈਨੂੰ ਇਸ ਕੇਂਦਰ ’ਚ ਕੀ ਹੁੰਦਾ ਹੈ ਬਾਰੇ ਮਾੜੀ ਮੋਟੀ ਹੀ ਸਮਝ ਆਈ, ਪਰ ਇਸ ਦੌਰੇ ਨੇ ਪੁਲੀਸ ਇੰਸਪੈਕਟਰਾਂ ਦੇ ਵਰਤਾਅ ਨੂੰ ਜ਼ਰੁੂਰ ਭੁਲਾ ਦਿੱਤਾ। ਮੈਨੂੰ ਇਸ ਕੇਂਦਰ ਵਿਚ ਵੱਡੇ ਸਾਰੇ ਗੋਲ ਜਿਹੇ ਮਰਤਬਾਨ ਵਿਚ ਪਾਰਾ ਲਰਜ਼ਦਾ ਅਜੇ ਚੇਤੇ ਹੈ, ਬਾਕੀ ਕੁਝ ਵੀ ਯਾਦ ਨਹੀਂ।
ਦੁਪਹਿਰ ਦਾ ਖਾਣਾ ਅਸੀਂ ਸ੍ਰੀ ਨਹਿਰੂ ਦੀ ਭੈਣ ਨਾਲ ਖਾਧਾ ਜਿਸ ਦਾ ਨਾਂ ਹੁਣ ਮੈਨੂੰ ਚੇਤੇ ਨਹੀਂ। ਉਹ ਤਕੜੀ ਸੁੰਦਰ ਇਸਤਰੀ ਸੀ ਜੋ ਫਿਲਮ ਅਦਾਕਾਰਾਵਾਂ ਵਾਂਗੂੰ ਸਜੀ ਧਜੀ ਸੀ। ਉਸ ਦੀ ਸਾੜ੍ਹੀ ’ਚੋਂ ਹੀਰੇ ਤੇ ਸੋਨੇ ਦੀ ਝਲਕ ਆਉਂਦੀ ਸੀ। ਇਹ ਮੈਨੂੰ ਚੰਗੀ ਲੱਗੀ। ਭਾਵੇਂ ਇਹ ਕਸੂਤੀ ਜਿਹੀ ਗੱਲ ਸੀ ਕਿ ਏਨੀ ਸੁਨੱਖੀ ਇਸਤਰੀ ਚੌਲ-ਕੜੀ ਨੂੰ ਆਪਣੀਆਂ ਛਾਪਾਂ ਨਾਲ ਲੱਦੀਆਂ ਉਂਗਲਾਂ ਨਾਲ ਖਾ ਰਹੀ ਸੀ। ਗੱਲਬਾਤ ਕਰਦਿਆਂ ਮੈਂ ਉਸ ਨੂੰ ਦੱਸਿਆ ਕਿ ਨਵੀਂ ਦਿੱਲੀ ਉਸ ਦੇ ਭਰਾ ਨੂੰ ਮਿਲਣ ਜਾ ਰਿਹਾ ਹਾਂ ਜਿਸ ਦਾ ਮਕਸਦ ਸੰਸਾਰ ਸ਼ਾਂਤੀ ਲਈ ਮੱਦਦ ਮੰਗਣਾ ਹੈ। ਉਸ ਨੇ ਇਸ ਸਬੰਧੀ ਆਪਣਾ ਹਾਂ-ਮੁਖੀ ਭਰੋਸਾ ਦਿੱਤਾ।
ਦੁਪਹਿਰ ਪਿੱਛੋਂ ਹੋਟਲ ਵਿਚ ਮੈਨੂੰ ਮੇਰੇ ਕਾਗਜ਼ਾਂ ਦਾ ਪੈਕਟ ਮਿਲ ਗਿਆ। ਪੁਲੀਸ ਵਾਲੇ ਜੋ ਇਸ ਨੂੰ ਲਿਆਏ ਉਹ ਇਸ ਦੀ ਸੀਲ ਨੂੰ ਤੋੜ ਕੇ ਫਿਰ ਮੇਰੇ ਸਾਹਮਣੇ ਲਾ ਰਹੇ ਸਨ। ਸੋ ਜ਼ਾਹਰ ਸੀ ਕਿ ਉਨ੍ਹਾਂ ਨੇ ਸਾਰੇ ਕਾਗਜ਼ਾਂ ਦੀਆਂ ਫੋਟੋਆਂ ਲਈਆਂ ਸਨ ਜਿਸ ਵਿਚ ਮੇਰੇ ਕੱਪੜੇ ਧੋਣ ਦਾ ਬਿਲ ਵੀ ਸੀ। ਮੈਨੂੰ ਪਿੱਛੋਂ ਜਾ ਕੇ ਇਹ ਪਤਾ ਲੱਗਾ ਕਿ ਜਿਹੜੇ ਜਿਹੜੇ ਬੰਦਿਆਂ ਦੇ ਮੇਰੇ ਕੋਲ ਪਤੇ ਸਨ ਪੁਲੀਸ ਨੇ ਉਨ੍ਹਾਂ ਸਾਰਿਆਂ ਕੋਲ ਜਾ ਕੇ ਪੁੱਛਗਿੱਛ ਕੀਤੀ। ਇਨ੍ਹਾਂ ਵਿਚ ਰੀਕਾਰਡੋ ਗੁਰਲੱਧ ਦੀ ਵਿਧਵਾ ਵੀ ਸੀ ਜੋ ਹੁਣ ਮੇਰੀ ਸਾਲੀ ਸੀ। ਇਹ ਸੁਬਕ ਜਿਹੀ ਇਸਤਰੀ ਆਤਮ-ਅਧਿਐਨ ਕਰਦੀ ਏਸ਼ਿਆਈ ਫਲਸਫ਼ੇ ਵਿੱਚ ਡੂੰਘੀ ਦਿਲਚਸਪੀ ਲੈਂਦੀ ਸੀ। ਜੋ ਇਧਰ ਕਿਧਰੇ ਕਿਸੇ ਛੋਟੇ ਜਿਹੇ ਪਿੰਡ ਵਿਚ ਰਹਿੰਦੀ ਸੀ। ਉਸ ਇਸਤਰੀ ਨੂੰ ਵੀ ਕਾਫ਼ੀ ਪਰੇਸ਼ਾਨ ਕੀਤਾ ਗਿਆ ਸਿਰਫ਼ ਇਸ ਕਰਕੇ ਕਿ ਉਸ ਦਾ ਨਾਮ ਮੇਰੀ ਡਾਇਰੀ ਵਿਚ ਸੀ।
ਨਵੀਂ ਦਿੱਲੀ ਪਹੁੰਚ ਕੇ ਮੈਂ ਹੋਟਲ ਦੇ ਬਗੀਚੇ ਦੀ ਛਾਂ ਵਿਚ ਬੈਠ ਭਾਰਤ ਦੇ ਕੁਲ ਛੇ ਜਾਂ ਸੱਤ ਵੱਡੇ ਆਗੂਆਂ ਨੂੰ ਮਿਲਿਆ ਇਨ੍ਹਾਂ ਵਿਚ ਲੇਖਕ, ਦਾਰਸ਼ਨਿਕ, ਹਿੰਦੂ ਜਾਂ ਬੋਧੀ ਪ੍ਰਚਾਰਕ ਸਨ, ਅਜਿਹੇ ਭਾਰਤੀ ਜਿਨ੍ਹਾਂ ਵਿਚ ਕੋਈ ਬਹੁਤਾ ਭੇਖ-ਦਿਖਾਵਾ ਨਹੀਂ ਸੀ। ਸਾਰੇ ਜਣੇ ਸੰਸਾਰ ਸ਼ਾਂਤੀ ਦੇ ਮਦਦਗਾਰ ਸਨ ਅਤੇ ਭਾਰਤ ਨੂੰ ਇਸ ਦਾ ਹਿੱਸਾ ਬਣਾਉਣ ਲਈ ਉਤਸ਼ਾਹ ਭਰੇ ਸਨ। ਉਨ੍ਹਾਂ ਸਭਨਾਂ ਨੇ ਮੈਨੂੰ ਸਿਆਣੀ ਸਲਾਹ ਦਿੱਤੀ ਕਿ ਅਜਿਹੀ ਸਭਾ ਨੂੰ ਨਾ ਤਾਂ ਕਮਿਊਨਿਸਟ, ਨਾ ਹੀ ਬੋਧੀ, ਨਾ ਹੀ ਕੋਈ
ਹੋਰ ਜਮਾਤ ਖਿਸਕਾ ਲਵੇ। ਚਾਹੇ ਕੋਈ ਹੋਵੇ ਜਾਂ ਕਿਸੇ ਤਰ੍ਹਾਂ ਦੇ ਖਿਆਲ ਰੱਖਣ, ਇਸ ਦੇ ਸਾਂਝੇ ਮਕਸਦ ਵਿਚ ਸ਼ਾਮਲ ਹੋਣ। ਮੈਂ ਉਨ੍ਹਾਂ ਦੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਸੀ।
ਨਵੀਂ ਦਿੱਲੀ ਵਿਚ ਚਿੱਲੀ ਦਾ ਸਫੀਰ ਡਾਕਟਰ ਜੁਆਨ ਮੁਰੀਨ ਸੀ ਜੋ ਕਿਸੇ ਸਮੇਂ ਲੇਖਕ ਅਤੇ ਡਾਕਟਰ ਹੁੰਦਾ ਸੀ। ਇਹ ਮੇਰਾ ਪੁਰਾਣਾ ਮਿੱਤਰ ਰਿਹਾ ਸੀ। ਉਹ ਰਾਤ ਦੇ ਖਾਣੇ ਵੇਲੇ ਮੈਨੂੰ ਮਿਲਣ ਆਇਆ। ਬਹੁਤ ਸਾਰੀਆਂ ਇੱਧਰ ਉਧਰ ਦੀਆਂ ਗੱਲਾਂ ਕਰਕੇ ਉਹ ਸੰਜੀਦਾ ਹੋ ਕਹਿਣ ਲੱਗਾ, ‘‘ਮੈਨੂੰ ਭਾਰਤੀ ਪੁਲੀਸ ਦੇ ਮੁਖੀ ਨਾਲ ਮੁਲਾਕਾਤ ਕਰਨੀ ਪਈ ਹੈ। ਪੁਲੀਸ ਦੇ ਮੁਖੀ ਨੇ ਉਸ ਨੂੰ ਦੱਸਿਆ ਕਿ ਪਾਬਲੋ ਨੈਰੂਦਾ ਦੀਆਂ ਗਤੀਵਿਧੀਆਂ ਭਾਰਤ ਸਰਕਾਰ ਲਈ ਫ਼ਿਕਰ ਵਾਲੀਆਂ ਹਨ ਅਤੇ ਆਸ ਕੀਤੀ ਕਿ ਛੇਤੀ ਹੀ ਉਹ ਮੁਲਕ ਛੱਡ ਵਾਪਸ ਚਲਾ ਜਾਵੇਗਾ।’’ ਮੈਂ ਆਪਣੇ ਸਫ਼ੀਰ ਨੂੰ ਦੱਸਿਆ ਕਿ ਹੋਟਲ ਦੇ ਬਗੀਚੇ ਵਿਚ ਮੈਂ ਛੇ ਜਾਂ ਸੱਤ ਬੰਦਿਆਂ ਨੂੰ ਮਿਲਿਆ ਹਾਂ ਜਿਨ੍ਹਾਂ ਨਾਲ ਮੈਂ ਜਿਹੜੀ ਗੱਲਬਾਤ ਕੀਤੀ ਹੈ ਉਹ ਸਾਧਾਰਨ ਜਿਹੀ ਰਹੀ। ਮੈਂ ਕਿਹਾ, ‘‘ਤੁਸੀਂ ਫ਼ਿਕਰ ਨਾ ਕਰੋ, ਜਿਹੜੇ ਪਲ ਮੈਂ ਕਿਊਰੀ ਦਾ ਸੁਨੇਹਾ ਪ੍ਰਧਾਨ ਮੰਤਰੀ ਨਹਿਰੂ ਨੂੰ ਦੇ ਦਿਆਂਗਾ ਉਸੇ ਵਕਤ ਵਾਪਸ ਚਲਾ ਜਾਵਾਂਗਾ।’’ ਆਖ਼ਰ ਮੈਂ ਕਿਉਂ ਰਹਾਂਗਾ ਏਥੇ ਜਿੱਥੇ ਮੇਰੀ ਏਨੀ ਹਮਦਰਦੀ ਦੇ ਬਾਵਜੂਦ ਮੈਨੂੰ ਅਣਚਾਹਿਆ ਬਣਾਇਆ ਜਾ ਰਿਹਾ ਹੈ ਅਤੇ ਜਿਸ ਦਾ ਕੋਈ ਕਾਰਨ ਵੀ ਨਹੀਂ ਬਣਦਾ।
ਮੇਰੇ ਮੁਲਕ ਦਾ ਸਫ਼ੀਰ ਚਿੱਲੀ ਵਿੱਚ ਸ਼ੋਸਲਿਸਟ ਪਾਰਟੀ ਦੇ ਮੁੱਢਲੇ ਨਿਰਮਾਤਿਆਂ ਵਿਚੋਂ ਇਕ ਸੀ, ਪਰ ਉਹ ਹੁਣ ਨਰਮ-ਗੋਸ਼ਾ ਹੋ ਗਿਆ ਲੱਗਦਾ ਸੀ। ਸ਼ਾਇਦ ਉਮਰ ਦਾ ਤਕਾਜ਼ਾ ਜਾਂ ਸਫ਼ੀਰ ਹੋਣ ਦੀਆਂ ਸਹੂਲਤਾਂ ’ਚ ਗ੍ਰਸ ਗਿਆ ਸੀ। ਉਸ ਨੇ ਭਾਰਤ ਸਰਕਾਰ ਦੇ ਬੇਵਕੂਫ਼ਾਨਾ ਰਵੱਈਏ ਬਾਰੇ ਕੋਈ ਰੋਸਾ ਨਾ ਕੀਤਾ। ਨਾ ਹੀ ਮੈਂ ਉਸ ਦੀ ਕੋਈ ਮਦਦ ਮੰਗੀ। ਅਸੀਂ ਇਕ ਦੂਜੇ ਤੋਂ ਹੂੰ-ਹਾਂ ਕਰਦੇ ਵਿਦਾ ਹੋਏ। ਉਸ ਨੇ ਆਪਣੀ ਜ਼ਿੰੰਮੇਵਾਰੀ ਨਿਭਾਈ ਤੇ ਮੈਂ ਆਪਣੇ ਮਿੱਤਰ ਬਾਰੇ ਜੋ ਕੁਝ ਖ਼ੂਬਸੂਰਤ ਭੁਲੇਖੇ ਪਾਈ ਬੈਠਾ ਸਾਂ ਉਨ੍ਹਾਂ ਸਭਨਾਂ ਤੋਂ ਵਿਰਵਾ ਹੋ ਗਿਆ।
ਨਹਿਰੂ ਨੇ ਮੈਨੂੰ ਅਗਲੀ ਸਵੇਰ ਆਪਣੇ ਦਫ਼ਤਰ ਲਈ ਸਮਾਂ ਦੇ ਦਿੱਤਾ ਸੀ। ਮੈਂ ਉੱਥੇ ਪਹੁੰਚਿਆ ਤਾਂ ਉਹ ਉੱਠਿਆ, ਬਿਨਾਂ ਮੁਸਕਰਾਹਟ ਦੇ ਮੇਰੇ ਨਾਲ ਹੱਥ ਮਿਲਾਇਆ। ਉਸ ਦੀਆਂ ਫੋਟੋਆਂ ਤਾਂ ਕਿੰਨੀ ਵਾਰੀ ਖਿੱਚੀਆਂ ਜਾ ਚੁੱਕੀਆਂ ਹਨ, ਉਸ ਬਾਰੇ ਦੱਸਣ ਦੀ ਲੋੜ ਨਹੀਂ। ਉਸ ਦੀਆਂ ਕਾਲੀਆਂ ਠੰਢੀਆਂ ਅੱਖਾਂ ਮੇਰੇ ਵੱਲ ਝਖ ਤੱਕ ਰਹੀਆਂ ਸਨ ਬਿਨਾਂ ਕਿਸੇ ਅਹਿਸਾਸ ਦੇ। ਤੀਹ ਸਾਲ ਪਹਿਲਾਂ ਉਹ ਤੇ ਉਹਦਾ ਪਿਤਾ ਆਜ਼ਾਦੀ ਲਈ ਹੋ ਰਹੀ ਇਕ ਵੱਡੀ ਰੈਲੀ ਵਿਚ ਮੈਨੂੰ ਮਿਲਾਏ ਗਏ ਸਨ। ਮੈਂ ਇਹ ਗੱਲ ਨਹਿਰੂ ਨੂੰ ਦੱਸੀ, ਪਰ ਉਸ ਦਾ ਚਿਹਰਾ ਟੱਸ ਤੋਂ ਮੱਸ ਨਾ ਹੋਇਆ। ਜਿੰਨੀਆਂ ਕੁ ਗੱਲਾਂ ਮੈਂ ਉਸ ਨੂੰ ਕਹੀਆਂ ਉਹ ਉਨ੍ਹਾਂ ਦਾ ਇਕ ਅੱਧੇ ਸ਼ਬਦ ਵਿਚ ਜਵਾਬ ਦਿੰਦਾ ਮੇਰੇ ਵੱਲ ਠੰਢੀਆਂ ਅੱਖਾਂ ਨਾਲ ਛਾਣਬੀਣ ਜਿਹਾ ਕਰਦਾ ਜਾਪਿਆ।
ਮੈਂ ਉਸ ਦੇ ਮਿੱਤਰ ਜੋਲੀਓ ਕਿਊਰੀ ਵੱਲੋਂ ਦਿੱਤੀ ਚਿੱਠੀ ਫੜਾਈ। ਉਸ ਨੇ ਕਿਹਾ ‘ਫਰਾਂਸੀਸੀ ਵਿਗਿਆਨੀ ਦੀ ਉਹ ਬਹੁਤ ਇੱਜ਼ਤ ਕਰਦਾ ਹੈ’ ਅਤੇ ਹੌਲੀ-ਹੌਲੀ ਚਿੱਠੀ ਪੜ੍ਹਨ ਲੱਗਾ। ਚਿੱਠੀ ਵਿਚ ਕਿਊਰੀ ਨੇ ਮੇਰੇ ਬਾਰੇ ਦੱਸਿਆ ਸੀ ਅਤੇ ਨਹਿਰੂ ਨੂੰ ਦਰਖਾਸਤ ਕੀਤੀ ਸੀ ਕਿ ਮੇਰੇ ਮਿਸ਼ਨ ’ਚ ਮੱਦਦ ਕਰੇ। ਨਹਿਰੂ ਨੇ ਚਿੱਠੀ ਮੁਕਾਈ, ਮੁੜ ਇਸ ਨੂੰ ਲਿਫ਼ਾਫ਼ੇ ਵਿਚ ਪਾ ਦਿੱਤਾ। ਉਹ ਬਿਨਾਂ ਕੁਝ ਕਹੇ ਮੇਰੇ ਵੱਲ ਝਾਕਿਆ।
ਮੈਨੂੰ ਝੱਟ ਖ਼ਿਆਲ ਆਇਆ ਕਿ ਮੇਰੀ ਹਾਜ਼ਰੀ ਹੀ ਨਹਿਰੂ ਨੂੰ ਬੁਰੀ ਲੱਗ ਰਹੀ ਹੈ। ਮੇਰੇ ਮਨ ’ਚ ਇਹ ਵੀ ਖਿਆਲ ਆਇਆ ਕਿ ਇਹ ਪਿੱਲੀ ਜਿਹੀ ਚਮੜੀ ਵਾਲਾ ਬੰਦਾ ਸਰੀਰਕ ਰਾਜਨੀਤਿਕ ਅਤੇ ਭਾਵਨਾਤਮਿਕ ਔਕੜਾਂ ਵਿੱਚੋਂ ਗੁਜ਼ਰ ਰਿਹਾ ਹੋਵੇਗਾ। ਉਹਦੇ ਵਿਚ ਕੁਝ ਵੱਡਾ ਅਤੇ ਭਾਰੂ ਅੰਸ਼ ਦਾ ਪ੍ਰਭਾਵ ਆਉਂਦਾ ਸੀ, ਕੁਝ ਸਖ਼ਤ ਜਿਹਾ ਵੀ ਜਿਵੇਂ ਇਹ ਬੰਦਾ ਹੁਕਮ ਦੇਣ ਦਾ ਆਦੀ ਹੋਵੇ, ਪਰ ਆਗੂ ਬਣਨ ਵਾਲੀ ਸ਼ਕਤੀ ਤੋਂ ਅਸਮਰੱਥ। ਮੈਨੂੰ ਚੇਤਾ ਆਇਆ ਕਿ ਇਸ ਦਾ ਪਿਤਾ ਪੰਡਤ ਮੋਤੀ ਲਾਲ ਜ਼ਿਮੀਦਾਰ ਜਾਂ ਪੁਰਾਣੇ ਜ਼ਮਾਨੇ ਦੇ ਫਿਊਡਲ ਬੰਦਿਆਂ ’ਚੋਂ ਸੀ ਜੋ ਗਾਂਧੀ ਦਾ ਖਜ਼ਾਨਚੀ ਜਾਣੀ ਕਾਂਗਰਸ ਦਾ ਪੈਸੇ ਵੱਲੋਂ ਮਦਦਗਾਰ ਹੁੰਦਾ ਸੀ। ਮੈਂ ਸੋਚਿਆ ਇਹ ਚੁੱਪ ਕੀਤਾ ਬੰਦਾ ਜੋ ਮੇਰੇ ਸਾਹਮਣੇ ਬੈਠਾ ਹੈ ਜੋ ਮੇਰੇ ਵੱਲ ਤਿਰਸਕਾਰ ਨਾਲ ਦੇਖ ਰਿਹਾ ਹੈ ਇਸ ਵਿਚ ਉਹੋ ਜ਼ਿਮੀਦਾਰੀ ਦਾ ਭੇਸ ਤਾਂ ਨਹੀਂ ਆ ਬੈਠਾ ਜੋ ਮੈਨੂੰ ਨੰਗੀਆਂ ਲੱਤਾਂ ਵਾਲਾ ਗ਼ਰੀਬ ਕਿਸਾਨ ਸਮਝ ਦੁਰਕਾਰਨ ਯੋਗ ਸਮਝਦਾ ਹੈ।
‘‘ਮੈਂ ਪ੍ਰੋਫ਼ੈਸਰ ਜੋਲੀਓ ਕਿਊਰੀ ਨੂੰ ਵਾਪਸ ਪੈਰਿਸ ਜਾ ਕੇ ਕੀ ਦੱਸਾਂ?’’ ਮੈਂ ਨਹਿਰੂ ਨੂੰ ਸੁਆਲ ਕੀਤਾ।
‘‘ਮੈਂ ਇਸ ਚਿੱਠੀ ਦਾ ਜੁਆਬ ਦੇ ਦਿਆਂਗਾ।’’ ਨਹਿਰੂ ਨੇ ਖੁਸ਼ਕੀ ਨਾਲ ਜਵਾਬ ਦਿੱਤਾ।
ਮੈਂ ਕੁਝ ਮਿੰਟ ਚੁੱਪ ਰਿਹਾ ਤੇ ਇਹ ਚੁੱਪ ਕਿੰਨੀ ਲੰਮੀ ਲੱਗੀ। ਏਨੇ ਸਮੇਂ ’ਚ ਨਹਿਰੂ ਨੇ ਮੇਰੇ ਨਾਲ ਇਕ ਵੀ ਹੋਰ ਗੱਲ ਨਾ ਕੀਤੀ ਭਾਵੇਂ ਉਸ ਨੇ ਮੇਰੇ ਬੈਠਣ ਬਾਰੇ ਕੋਈ ਔਖ ਵੀ ਨਾ ਪ੍ਰਗਟਾਈ। ਇਉਂ ਲੱਗਦਾ ਸੀ ਜਿਵੇਂ ਉਹ ਕਹੇ ‘ਬੈਠੇ ਰਹੋ ਜਿੰਨਾ ਚਿਰ ਬਹਿਣਾ ਹੈ’। ਪਰ ਮੇਰੇ ਮਨ ਵਿਚ ਬੜੀ ਗੁਸੈਲੀ ਭਾਵਨਾ ਪੈਦਾ ਹੋਈ। ਮੈਂ ਏਡੇ ਖ਼ਾਸ ਬੰਦੇ ਦਾ ਸਮਾਂ ਕਿਉਂ ਬਰਬਾਦ ਕਰ ਰਿਹਾ ਹਾਂ?
ਮੈਂ ਮਹਿਸੂਸ ਕੀਤਾ ਕਿ ਮੈਨੂੰ ਆਪਣੇ ਮਿਸ਼ਨ ਬਾਰੇ ਕੁਝ ਕਹਿਣਾ ਚਾਹੀਦਾ ਹੈ। ਮੈਂ ਕਿਹਾ, ‘‘ਠੰਢੀ ਜੰਗ ਕਿਸੇ ਵੇਲੇ ਵੀ ਲਾਲ ਬਣ ਸਕਦੀ ਹੈ। ਸਾਰੀ ਇਨਸਾਨੀਅਤ ਇਸ ਵਿਚ ਭੁੱਜ ਸਕਦੀ ਹੈ।’’ ਮੈਂ ਨਿਊਕਲੀਅਰ ਹਥਿਆਰਾਂ ਦੇ ਫੈਲਾਓ ਦੇ ਖ਼ਤਰੇ ਬਾਰੇ ਕਿਹਾ ਕਿ ਕਿੰਨਾ ਜ਼ਰੂਰੀ ਹੈ ਅਸੀਂ ਸਾਰੇ ਇਕੱਠੇ ਹੋ ਕੇ ਨਵੀਂ ਸੰਭਾਵੀ ਜੰਗ ਨੂੰ ਰੋਕੀਏ।
ਨਹਿਰੂ ਆਪਣੀਆਂ ਸੋਚਾਂ ਵਿਚ ਬੈਠਾ ਰਿਹਾ ਜਿਵੇਂ ਉਸ ਨੇ ਮੇਰਾ ਕੁਝ ਸੁਣਿਆ ਹੀ ਨਾ ਹੋਵੇ। ਕੁਝ ਪਲਾਂ ਬਾਅਦ ਉਸ ਨੇ ਕਿਹਾ, ‘‘ਅਸਲ ਵਿਚ ਦੋਵੇਂ ਪਾਸੇ ਆਪਣੀਆਂ ਦਲੀਲਾਂ ਦੇ ਰਹੇ ਹਨ ਸ਼ਾਂਤੀ ਬਾਰੇ।’’
ਮੈਂ ਕਿਹਾ, ‘‘ਜ਼ਾਤੀ ਤੌਰ ’ਤੇ ਮੈਂ ਸੋਚਦਾ ਹਾਂ ਕਿ ਸ਼ਾਂਤੀ ਬਾਰੇ ਜੋ ਵੀ ਬੋਲਦਾ ਹੈ ਉਹ ਇਕੋ ਹੀ ਸੰਘਰਸ਼ ’ਚ ਰਲਣ ਦੀ ਆਸ ਨਾਲ ਬੋਲਦਾ ਹੈ। ਅਸੀਂ ਇਸ ਵਿੱਚੋਂ ਕਿਸੇ ਨੂੰ ਵੀ ਬਾਹਰ ਨਹੀਂ ਕਰਨਾ ਚਾਹੁੰਦੇ ਸਿਵਾਏ ਉਨ੍ਹਾਂ ਦੇ ਜਿਹੜੇ ‘ਬਦਲੇ’ ਜਾਂ ‘ਜੰਗ’ ਬਾਰੇ ਮਾਰੂ ਪ੍ਰਚਾਰ ਕਰਦੇ ਹਨ।’’
ਕੁਝ ਚਿਰ ਹੋਰ ਖ਼ਾਮੋਸ਼ੀ ਰਹੀ। ਮੈਂ ਮਹਿਸੂਸ ਕੀਤਾ ਕਿ ਗੱਲਬਾਤ ਖ਼ਤਮ ਹੋ ਗਈ ਹੈ। ਮੈਂ ਆਪਣੇ ਪੈਰੋਂ ਉੱਠਿਆ ਤੇ ਜਾਣ ਲਈ ਆਪਣਾ ਹੱਥ ਅੱਗੇ ਕੀਤਾ। ਉਸ ਨੇ ਮੇਰਾ ਹੱਥ ਚੁੱਪ ਕੀਤੇ ਹਿਲਾਇਆ। ਜਿਉਂ ਹੀ ਮੈਂ ਦਰਵਾਜ਼ੇ ਤੱਕ ਪਹੁੰਚਿਆ। ਉਸ ਨੇ ਕੁਝ ਮਿੱਤਰਤਾ ਭਾਵ ਨਾਲ ਪੁੱਛਿਆ, ‘‘ਮੈਂ ਤੇਰੇ ਲਈ ਕੁਝ ਕਰ ਸਕਦਾ ਹਾਂ! ਕੋਈ ਕੰਮ ਜੋ ਤੂੰ ਚਾਹੇਂ।’’
ਮੈਂ ਪ੍ਰਤੀਕਿਰਿਆ ਵਿਚ ਬੜਾ ਹੀ ਆਲਸੀ ਬੰਦਾ ਹਾਂ ਅਤੇ ਬਦਕਿਸਮਤੀ ਨਾਲ ਮੈਂ ਘਰੋੜੀ ਵੀ ਨਹੀਂ, ਪਰ ਜ਼ਿੰਦਗੀ ’ਚ ਪਹਿਲੀ ਵਾਰ ਮੈਂ ਜ਼ਰਾ ਤੈਸ਼ ਵਿਚ ਆਇਆ ਤੇ ਬੋਲਿਆ:
‘‘ਹਾਂ ਸੱਚ ਮੈਂ ਭੁੱਲ ਗਿਆ। ਮੈਂ ਭਾਰਤ ’ਚ ਜਦ ਰਿਹਾ ਸਾਂ ਤਾਜਮਹਿਲ ਨਹੀਂ ਸਾਂ ਵੇਖ ਸਕਿਆ ਜਿਹੜਾ ਦਿੱਲੀ ਦੇ ਨੇੜੇ ਹੀ ਹੈ। ਇਹ ਚੰਗਾ ਹੋਵੇਗਾ ਮੈਂ ਇਹ ਕੀਮਤੀ ਯਾਦਗਾਰ ਵੇਖ ਸਕਦਾ ਜੇ ਮੈਨੂੰ ਪੁਲੀਸ ਨੇ ਨੋਟਿਸ ਨਾ ਦਿੱਤਾ ਹੁੰਦਾ ਕਿ ਤੂੰ ਸ਼ਹਿਰ ਦੀ ਹੱਦ ਨਹੀਂ ਟੱਪ ਸਕਦਾ ਅਤੇ ਜਿੰਨੀ ਛੇਤੀ ਹੋ ਸਕੇ ਸ਼ਹਿਰ ਨੂੰ ਛੱਡ ਵਾਪਸ ਚਲਾ ਜਾਵਾਂ, ਮੈਂ ਸਵੇਰੇ ਹੀ ਵਾਪਸ ਜਾ ਰਿਹਾ ਹਾਂ।’’
ਮੈਂ ਆਪਣੇ ਵੱਲੋਂ ਇਉਂ ਰੋਅਬ ਨਾਲ ਇਹ ਸ਼ਬਦ ਕਹਿ ਅੰਦਰਲੇ ਮਨੋਂ ਪ੍ਰਸੰਨ ਹੋਇਆ ਅਤੇ ਕਾਹਲੀ ਨਾਲ ਫ਼ਤਹਿ ਬੁਲਾ ਦਫ਼ਤਰੋਂ ਬਾਹਰ ਆ ਗਿਆ।
ਹੋਟਲ ਦਾ ਮੈਨੇਜਰ ਮੈਨੂੰ ਰਿਸੈਪਸ਼ਨ ਉੱਤੇ ਹੀ ਉਡੀਕ ਰਿਹਾ ਸੀ। ਕਹਿਣ ਲੱਗਾ, ‘‘ਤੁਹਾਡੇ ਲਈ ਇਕ ਜ਼ਰੂਰੀ ਸੁਨੇਹਾ ਹੈ। ਸਰਕਾਰੀ ਦਫ਼ਤਰਾਂ ਵੱਲੋਂ ਹੁਣੇ ਹੀ ਤਾਕੀਦ ਹੋਈ ਹੈ ਕਿ ਤੁਸੀਂ ਤਾਜਮਹਿਲ ਵੇਖਣ ਲਈ ਜਦੋਂ ਮਰਜ਼ੀ ਜਾ ਸਕਦੇ ਹੋ।’’
‘‘ਮੇਰਾ ਬਿੱਲ ਤਿਆਰ ਕਰ,’’ ਮੈਂ ਆਖਿਆ, ‘‘ਅਫ਼ਸੋਸ ਹੈ ਕਿ ਮੈਨੂੰ ਇਹਦਾ ਦੌਰਾ ਛੱਡਣਾ ਪੈਣਾ ਹੈ। ਮੈਂ ਹੁਣੇ ਏਅਰਪੋਰਟ ਜਾ ਰਿਹਾ ਹਾਂ ਪੈਰਿਸ ਨੂੰ ਜਾਂਦਾ ਪਹਿਲਾ ਹੀ ਜਹਾਜ਼ ਫੜ ਲਵਾਂਗਾ।’’
ਪੰਜ ਸਾਲ ਪਿੱਛੋਂ ਮਾਸਕੋ ਵਿਚ ਮੈਂ ‘ਲੈਨਿਨ ਪੀਸ ਪਰਾਈਜ਼ ਕਮੇਟੀ’ ਵਿਚ ਬੈਠਾ ਸਾਂ। ਇਹ ਕੌਮਾਂਤਰੀ ਸਭਾ ਸੀ ਜਿਸ ਦਾ ਉਸ ਸਮੇਂ ਮੈਂਬਰ ਸਾਂ। ਜਦੋਂ ਉਸ ਸਾਲ ਦੇ ਇਨਾਮ ਲੈਣ ਵਾਲੇ ਨਾਂਵਾਂ ਨੂੰ ਲਿਸਟ ਪੇਸ਼ ਕਰਨ ਦੀ ਘੜੀ ਆਈ ਤਾਂ ਭਾਰਤੀ ਡੈਲੀਗੇਟਾਂ ਨੇ ਪ੍ਰਧਾਨ ਮੰਤਰੀ ਨਹਿਰੂ ਦਾ ਨਾਂ ਪੇਸ਼ ਕੀਤਾ। ਮੇਰੇ ਚਿਹਰੇ ’ਤੇ ਛੋਟੀ ਜਿਹੀ ਮੁਸਕਰਾਹਟ ਦਾ ਪ੍ਰਛਾਵਾਂ ਉੱਭਰਿਆ। ਬਾਕੀ ਜਿਊਰੀ ਮੈਂਬਰਾਂ ਨੂੰ ਇਸਦਾ ਕੀ ਪਤਾ ਲੱਗਣਾ ਸੀ। ਮੈਂ ਨਹਿਰੂ ਲਈ ਹਾਂ ਕੀਤੀ। ਉਸ ਸਾਲ ਦਾ ਕੌਮਾਂਤਰੀ ਲੈਨਿਨ ਇਨਾਮ ਨਹਿਰੂ ਨੂੰ ਸੰਸਾਰ ਦੀ ਸ਼ਾਂਤੀ ਦੀ ਬੁਲੰਦ ਆਵਾਜ਼ ਵਜੋਂ ਭੇਟ ਕੀਤਾ ਗਿਆ।