ਜਗਤਾਰ ਪੱਖੋ
ਵੇਖੋ ਚੋਣਾਂ ਦਾ ਕਾਹਦਾ ਐਲਾਨ ਹੋਇਆ
ਘੁਸਰ ਮੁਸਰ ਹੈ ਪਿੰਡਾਂ ਵਿੱਚ ਹੋਣ ਲੱਗੀ।
ਮੁਹਤਬਰਾਂ ਨੇ ਕਰ ਲਏ ਕਮਰਕੱਸੇ,
ਢਾਣੀ ਘਰ ਘਰ ਗੇੜੀਆਂ ਲਾਉਣ ਲੱਗੀ।
ਅਸੀਂ ਪਿੰਡ ਨੂੰ ਸ਼ਹਿਰ ਬਣਾ ਦੇਣਾ
ਚਾਰੇ ਪਾਸੇ ਆਵਾਜ਼ ਇਹ ਆਉਣ ਲੱਗੀ।
ਪੱਖੋ ਹੱਥ ਬੰਨ੍ਹ ਕਰਦਾ ਜੋਦੜੀ ਇਹ
ਬੀਜ ਮਾੜਾ ਨਾ ਨਸਲ ਵਿੱਚ ਬੋਅ ਦੇਣਾ।
ਚੋਣਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ
ਭਾਈਚਾਰਾ ਨਾ ਕਿਧਰੇ ਖੋਅ ਦੇਣਾ।
ਸੰਪਰਕ: 94651-96946
* * *
ਸਰਪੰਚੀ
ਰਵਿੰਦਰ ਲਾਲਪੁਰੀ
ਬੰਨ੍ਹ ‘ਤੀ ਤਰੀਕ ਸਾਰੇ ਢੋਲ ਵੱਜਿਆ
ਘੋੜਾ ਸਰਪੰਚੀ ਦਾ ਫਿਰੇ ਭੱਜਿਆ
ਹੋ ਗਈ ਰਿਜ਼ਰਵ ਕਿ ਖੁੱਲ੍ਹੀ ਛੱਡੀ ਆ
ਕਈਆਂ ਤਾਂ ਚਿਰਾਂ ਤੋਂ ਸ਼ਿੰਗਾਰੀ ਗੱਡੀ ਆ
ਵਾਰਡਾਂ ਦੇ ਵਿੱਚ ਗੱਲਾਂ ਹੋਣ ਲੱਗੀਆਂ
ਜੋੜ ਤੋੜ ਨਾਲੇ ਹੋਣਗੀਆਂ ਠੱਗੀਆਂ
ਕਈ ਨਵੇਂ ਚਿਹਰੇ ਦਾਅ ਉੱਤੇ ਲੱਗਣੇ
ਕੁਝ ਕੁ ਪੁਰਾਣਿਆਂ ਨੇ ਗੇੜੇ ਕੱਢਣੇ
ਲੱਗਣ ਸਕੀਮਾਂ ਨਾਲ ਦੌਰ ਸ਼ਰਾਬਾਂ ਦਾ
ਟੌਹਰ ਬਣ ਗਿਆ ਵੋਟਰ ਨਵਾਬਾਂ ਦਾ
ਮਾਹੌਲ ਜਿਹਾ ਭਖ ਭਾਈਚਾਰਾ ਕਾੜ੍ਹ ਦਾ
ਅੱਸੂ ਵੀ ਲੱਗੇ ਜਿਵੇਂ ਮਹੀਨਾ ਹਾੜ੍ਹ ਦਾ
ਮੰਤਰੀ ਸੰਤਰੀ ਵੀ ਪੂਰਾ ਜ਼ੋਰ ਲਾਉਣਗੇ
ਆਪਣੀ ਪਾਰਟੀ ਦੇ ਬੰਦੇ ਜਿਤਾਉਣਗੇ
ਸਰਬਸੰਮਤੀ ਵਾਲੇ ਲੋਕ ਚੰਗੇ ਹੋਣਗੇ
ਲਾਲਪੁਰੀ ਵੋਟਾਂ ਵਿੱਚ ਬੜੇ ਪੰਗੇ ਹੋਣਗੇ
ਸੰਪਰਕ: 94634-52261
* * *
ਅੱਸੂ
ਲਖਵਿੰਦਰ ਸਿੰਘ ਬਾਜਵਾ
ਅੱਸੂ ਮਾਂਹ ਨੇ ਅੰਮ੍ਰਿਤ ਵੇਲੇ, ਰਾਗ ਇਲਾਹੀ ਗਾਇਆ।
ਸ਼ਾਂਤ ਫਿਜ਼ਾ ਨੇ ਜਾਦੂ ਕੈਸਾ, ਰੂਹਾਂ ਉੱਤੇ ਪਾਇਆ।
ਠੰਢੀ ਮਿੱਠੀ ਪੌਣ ਰੁਮਕਦੀ, ਭਰੇ ਤਾਜ਼ਗੀ ਸਾਹੀਂ,
ਫਿੱਕੀ ਪੈਂਦੀ ਜਾਏ ਸਿਆਹੀ, ਵਿਛੀ ਰਾਤ ਦੀ ਰਾਹੀਂ।
ਚੜ੍ਹਦੇ ਪਾਸੇ ਕੇਸਰ ਕਾਸਾ, ਊਸ਼ਾ ਨੇ ਉਲਟਾਇਆ,
ਏਧਰ ਥਾਲ ਮੋਤੀਆਂ ਭਰਿਆ, ਧੁਰ ਅੰਬਰ ਤੋਂ ਆਇਆ।
ਲਹਿੰਦੇ ਵਾਲੇ ਪਾਸੇ ਚੰਦਾ, ਦਿਸੇ ਅਧੂਰੀ ਛੋਟੀ,
ਜਿਵੇਂ ਕਿਸੇ ਅਣਜਾਣ ਕੁੜੀ ਨੇ, ਹੋਏ ਪਕਾਈ ਰੋਟੀ।
ਗਿਆ ਖ਼ਜ਼ਾਨਾ ਤਾਰਿਆਂ ਵਾਲਾ, ਦਿਸੇ ਉਦਾਸ ਇਕੱਲਾ,
ਲੁੱਟਿਆ ਉਹਦਾ ਆਣ ਦਿਵਸ ਨੇ, ਮੋਤੀਆਂ ਵਾਲਾ ਗੱਲਾ।
ਜਾਗ ਪੰਛੀਆਂ ਨੇ ਕੁਦਰਤ ਦਾ, ਇੰਜ ਸ਼ੁਕਰਾਨਾ ਕੀਤਾ,
ਰਾਗ ਛੇੜਿਆ ਏ ਰਸਭਿੰਨਾ, ਰਸਨਾ ਅੰਮ੍ਰਿਤ ਪੀਤਾ।
ਲੈਣ ਪਈਆਂ ਅੰਗੜਾਈ ਫ਼ਸਲਾਂ, ਲਾਹ ਨ੍ਹੇਰੇ ਦੀ ਲੋਈ,
ਸੁਖ ਦੀ ਸੇਜ ਮਾਣ ਕੇ ਜਿੱਦਾਂ, ਆਲਸ ਲਾਹੇ ਕੋਈ।
ਨਾਲ ਹੁਲਾਰੇ ਮਸਤ ਹਵਾ ਦੇ, ਕਿਰ ਕਿਰ ਪੈਂਦੇ ਮੋਤੀ,
ਵਾਲ ਸੁਕਾਉਂਦੀ ਜਿਵੇਂ ਨਹਾ ਕੇ, ਨੂਰੀ ਨਾਰ ਖਲੋਤੀ।
ਪੂਰਬ ਦੀ ਗੋਪੀ ਨੇ ਮਾਰੀ, ਸੂਹੀ ਭਰ ਪਿਚਕਾਰੀ,
ਰੰਗਿਆ ਸ਼ਾਮ ਅੰਬਰ ਦਾ ਚਿਹਰਾ, ਕਰ ਕੇ ਚਿਤਰਕਾਰੀ।
ਜਮਨਾ ਦੇ ਤਟ ਉੱਤੇ ਜਿਵੇਂ, ਨਹਾਉਣ ਗੋਪੀਆਂ ਆਈਆਂ,
ਬੰਸੀ ਕਾਹਨ ਵਜਾਈ ਐਸੀ, ਸੱਭੇ ਕੀਲ ਬਹਾਈਆਂ।
ਧੁਨੀ ਕੀਰਤਨ ਗੁਰਬਾਣੀ ਦੀ, ਇੰਝ ਫਿਜ਼ਾ ਵਿੱਚ ਤੈਰੀ,
ਸ਼ਾਂਤ ਸਰੋਵਰ ਵਿੱਚੋਂ ਜਿੱਦਾਂ, ਪੌਣ ਉਠਾਵੇ ਲਹਿਰੀ।
ਹੌਲੀ ਹੌਲੀ ਰੰਗਾਂ ਦੀ ਨੈਂ, ਰੂਪ ਵਟਾਵਣ ਲੱਗੀ,
ਜਿਵੇਂ ਕੁੜੀ ਸ਼ਰਮਾ ਸ਼ਰਮਾਕਲ, ਹੁੰਦੀ ਜਾਵੇ ਬੱਗੀ।
ਸੂਰਜ ਰਥ ਦੇ ਘੋੜੇ ਛੇੜੇ, ਬਾਹਰ ਓਟ ’ਚੋਂ ਆਇਆ,
ਭਾਗਾਂ ਭਰੇ ਬਾਜਵਾ ਦਿਨ ਨੇ, ਸਭ ਜੱਗ ਧੰਦੇ ਲਾਇਆ।
ਤੂੰ ਵੀ ਆਲਸ ਛੱਡ ਜਵਾਨਾ, ਨਾ ਕਰ ਨੀਂਦ ਪਿਆਰੀ,
ਪਾ ਜੱਗ ਦੇ ਇਸ ਜੱਗ ਵਿੱਚ ਹਿੱਸਾ, ਲੈ ਕੋਈ ਜ਼ਿੰਮੇਵਾਰੀ।
ਸੰਪਰਕ: 94167-34506
* * *
ਗ਼ਜ਼ਲ
ਰਾਕੇਸ਼ ਕੁਮਾਰ
ਯਾਦਾਂ ਦੇ ਨਾਲ ਕੁਝ ਦਰਦ ਟਿਕਾ ਲਏ।
ਜਦੋਂ ਬੀਤੇ ਪਲ ਸਾਥੀ ਆਪਣੇ ਬਣਾ ਲਏ।
ਹੋਰਾਂ ਦੇ ਰਾਹਾਂ ਉੱਤੇ ਚੱਲ ਕੇ ਕੀ ਪੁੱਜਣਾ ਸੀ,
ਮੰਜ਼ਿਲ ਲਈ ਰਾਹ ਖ਼ੁਦ ਹੀ ਬਣਾ ਲਏ।
ਕੈਨਵਸ ’ਤੇ ਤਸਵੀਰ ਨੇ ਬਿਖਰਨਾ ਹੀ ਸੀ,
ਰੰਗਾਂ ਨੇ ਆਪਣੇ ਜਦੋਂ ਦਰਦ ਦਬਾ ਲਏ।
ਹਸ਼ਰ ਬਗ਼ਾਵਤ ਦਾ ਇਹ ਹੀ ਹੋਣਾ ਸੀ,
ਦਹਿਲੀਜ਼ ਤੋਂ ਨਜ਼ਰਾਂ ਦੇ ਪਹਿਰੇ ਹਟਾ ਲਏ।
ਇਸ ਦੀ ਤਾਕਤ ਨੂੰ ਹੁਣ ਮੈਂ ਪਛਾਣ ਗਿਆ,
ਦੌਲਤ ਨੇ ਤੋੜ ਕੇ ਰਿਸ਼ਤੇ ਨਾਲ ਮਿਲਾ ਲਏ।
ਨੈਣਾਂ ਦੀ ਝੀਲ ’ਚ ਪਿਆਸਿਆਂ ਨੇ ਡੁੱਬਣਾ ਸੀ,
ਘਰ ਦੀਆਂ ਖਿੜਕੀਆਂ ਤੋਂ ਜਦੋਂ ਪਰਦੇ ਹਟਾ ਲਏ।
ਸੰਪਰਕ: 94630-24455
* * *
ਗ਼ਜ਼ਲ
ਗੁਰਵਿੰਦਰ ਸਿੰਘ ਗੋਸਲ
ਢਾਹਿਆ ਨਾ ਕਰ ਢੇਰੀ, ਹਿੰਮਤ ਕਰਿਆ ਕਰ।
ਯਾਰ ਮਾਮੂਲੀ ਮੁਸ਼ਕਿਲ, ਤੋਂ ਨਾ ਡਰਿਆ ਕਰ।
ਸਿੱਕੇ ਦੇ ਦੋ ਪਾਸੇ, ਦੁੱਖ-ਸੁੱਖ ਜੀਵਨ ਦੇ,
ਸੁੱਖਾਂ ਵਾਂਗਰ ਦੁੱਖ ਵੀ, ਹੱਸ ਕੇ ਜਰਿਆ ਕਰ।
ਤੈਨੂੰ ਮੰਜ਼ਿਲ ਮਿਲਣੀ, ਮਿਹਨਤ ਕਰ ਕੇ ਹੀ,
ਮਿਹਨਤ ਜਾਰੀ ਰੱਖ ਤੇ, ਧੀਰਜ ਧਰਿਆ ਕਰ।
ਐਵੇਂ ਥਾਂ-ਥਾਂ ਉੱਤੇ, ਸੀਸ ਝੁਕਾਵੇਂ ਕਿਉਂ,
ਇੱਕੋ ਦਰ ਦਾ ਹੋ ਕੇ, ਤਨ-ਮਨ ਹਰਿਆ ਕਰ।
ਇੱਕ ਦਿਨ ਡੁੱਬ ਜਾਵੇਂਗਾ, ਅੱਧਵਿਚਾਲੇ ਹੀ,
ਦੋਵਾਂ ਬੇੜੀਆਂ ਵਿੱਚ, ਪੈਰ ਨਾ ਧਰਿਆ ਕਰ।
ਔਖੇ ਵੇਲੇ ਤੇਰੇ, ਕੰਮ ਨਾ ਆਏ ਜੋ,
ਯਾਦ ਉਨ੍ਹਾਂ ਨੂੰ ਕਰ ਕੇ, ਅੱਖ ਨਾ ਭਰਿਆ ਕਰ।
‘ਗੋਸਲ’ ਮਰਨਾ ਪੈਣੈ, ਭਾਵੇਂ ਇੱਕ ਦਿਨ ਤਾਂ,
ਐਪਰ ਇਸ ਚਿੰਤਾ ਵਿੱਚ, ਰੋਜ਼ ਨਾ ਮਰਿਆ ਕਰ।
ਸੰਪਰਕ: 97796-96042
* * *
ਕਿਸਾਨ ਵਿਦਿਆਰਥੀ
ਜਸਪ੍ਰੀਤ ਕੌਰ ਜੱਸੂ
ਸਾਦੇ ਜਿਹੇ ਕੱਪੜਿਆਂ ’ਚ
ਬਾਈ ਕੁ ਸਾਲਾ ਨੌਜਵਾਨ,
ਦਾਖਲਾ ਕਮੇਟੀ ਕੋਲ ਪੁੱਜਦਾ,
‘‘ਜੀ ਮੈਂ ਦਾਖਲਾ ਲੈਣਾ’’
ਗੁੱਸੇ ਭਰੇ ਲਹਿਜੇ ’ਚ,
ਤੂੰ ਐਨਾ ਵਕਤ ਪਹਿਲਾਂ ਕਿੱਥੇ ਸੀ?
ਹਾਲੇ ਹੋਰ ਆਰਾਮ ਕਰਲਾ
ਫੇਰ ਸੋਚ ਲਈਂ!
ਵਿਦਿਆਰਥੀ ਤਰਲੇ-ਮਿੰਨਤਾਂ ਕਰਦਾ,
ਕੁਝ ਸਮਾਂ ਛਾਈ ਚੁੱਪੀ ਤੋਂ ਬਾਅਦ,
ਬੀ.ਏ. ’ਚੋਂ ਕਿੰਨੇ ਆ?
ਜੀ, 77 ਫ਼ੀਸਦੀ।
ਫੇਰ ਤਾਂ ਹੁਸ਼ਿਆਰ ਐਂ,
ਫੇਰ ਪਹਿਲਾਂ ਦਾਖਲਾ ਕਿਉਂ ਨੀ ਕਰਾਇਆ?
ਐਨਾ ਲੇਟ ਕਿਉਂ ਹੋ ਗਿਆ?
ਜੀ ਪਹਿਲਾਂ ਫ਼ੀਸ ਦਾ ਪ੍ਰਬੰਧ ਨੀ ਹੋਇਆ ਸੀ,
ਹੁਣ ਵੀ ਫੀਸ ਦੋ ਕਿਸ਼ਤਾਂ ਵਿੱਚ ਭਰ ਸਕਦਾਂ।
ਫਾਦਰ ਕੀ ਕਰਦੇ ਆ?
ਸਮਾਜ ਦੀਆਂ ਨਜ਼ਰਾਂ ਵਿੱਚ ਤਾਂ
ਸਰਕਾਰੀ ਮੁਲਾਜ਼ਮ ਤੇ ਦੋ ਏਕੜ ਦੇ ਮਾਲਕ ਆਂ।
ਅੱਛਿਆ! ਲੈ ਫੇਰ ਕਾਹਦਾ ਘਾਟਾ?
ਪਰ ਸਰ ਜੀ, ਸੱਚੀ ਦੱਸਾਂ,
ਗੱਚ ਭਰਨ ਤੋਂ ਬਾਅਦ ਲੰਮਾ ਹਉਕਾ ਲੈਕੇ
ਡੈਡੀ ਤਾਂ ਸਾਨੂੰ ਕੁਝ ਨਹੀਂ ਦਿੰਦੇ ਜੀ,
ਮਾਤਾ ਦੇ ਗਹਿਣੇ ਵੀ ਵੇਚ ਦਿੱਤੇ,
ਰੋਜ਼ ਸ਼ਰਾਬ ਪੀ ਕੇ ਮਾਤਾ ਨੂੰ ਕੁੱਟਦੇ ਆ,
ਕਈ ਵਾਰ ਮੇਰੇ ਨਾਲ ਵੀ ਹੱਥੋਪਾਈ ਹੋ ਜਾਂਦੇ ਆ,
ਕਈ ਵਾਰ ਤਾਂ ਸਾਨੂੰ ਰਾਤ ਨੂੰ ਬਣੀ ਹੋਈ ਰੋਟੀ ਵੀ
ਖਾਣੀ ਨਸੀਬ ਨਹੀਂ ਹੁੰਦੀ,
ਤੇ ਹੁਣ ਤਾਂ ਲੰਮੇ ਗ਼ੈਰਹਾਜ਼ਰ ਰਹਿਣ ਕਰਕੇ
ਬਰਖਾਸਤ ਕੀਤੇ ਹੋਏ ਆ।
ਤੇ ਚਾਰ ਭੈਣਾਂ ਦਾ ਇਕਲੌਤਾ ਭਰਾ ਆਂ
ਭੈਣਾਂ ਦੇ ਵਿਆਹ ਮੌਕੇ ਜ਼ਮੀਨ ਗਹਿਣੇ ਆ,
ਤੇ ਮੈਂ ਇੱਕ ਫੈਕਟਰੀ ਵਿੱਚ ਕੰਮ ਕਰਦਾਂ
ਜਿਸ ਨਾਲ ਘਰ ਦਾ ਗੁਜ਼ਾਰਾ ਚਲਦਾ।
ਰਾਤ ਨੂੰ ਪੜ੍ਹਦਾਂ,
ਕਾਗਜ਼ੀ ਮੁਲਾਜ਼ਮ ਤੇ ਜ਼ਮੀਨੀ ਮਾਲਕ ਹੋਣ ਕਰਕੇ
ਸਾਰੀਆਂ ਸਹੂਲਤਾਂ ਤੋਂ ਵਾਂਝੇ ਆਂ।
ਪ੍ਰੋਫੈਸਰ ਰਹਿਮ ਕਰਕੇ ਦਾਖਲਾ ਕਰ ਦਿੰਦਾ,
ਦਾਖਲਾ ਹੋਣ ਦੀ ਖ਼ੁਸ਼ੀ ਵਿੱਚ
ਵਿਦਿਆਰਥੀ ਹਲਕਾ ਮਹਿਸੂਸ ਕਰਦਾ
ਖ਼ੁਸ਼ੀ-ਖ਼ੁਸ਼ੀ ਘਰ ਚਲਿਆ ਜਾਂਦਾ।
ਪਰ!!
ਫੇਰ ਗੀਤਾਂ ਵਿੱਚ ਕਿਹੜੇ ਕਿਸਾਨ ਨੂੰ ਸੁਖੀ ਦਿਖਾਇਆ ਜਾਂਦਾ?
ਕਿਹੜੇ ਕਿਸਾਨ ਤੋਂ ਫਾਇਰ ਕਰਵਾਏ ਜਾਂਦੇ ਨੇ?
ਫੇਰ ਇਹ ਕਿਹੜੇ ਕਿਸਾਨ ਦਾ ਜਵਾਕ ਹੈ?
ਇੱਕ ਕਿਸਾਨੀ ਵਿਦਿਆਰਥੀ ਦੀ ਵੀ ਇਹ ਤ੍ਰਾਸਦੀ ਕਿਉਂ ਹੈ?
ਕਿਸਾਨ ਖੁਸ਼ਹਾਲ ਦੇਸ਼ ਖੁਸ਼ਹਾਲ ਦਾ ਨਾਅਰਾ ਕਿੱਥੇ ਹੈ?
ਸੰਪਰਕ: 98555-09018
* * *
ਉਹ
ਜਗਜੀਤ ਗੁਰਮ
ਉਹ ਸਾਹਮਣੇ ਬੈਠੇ ਇੱਕ ਦੂਜੇ ਤੋਂ ਨਜ਼ਰ ਚੁਰਾਉਂਦੇ ਰਹੇ
ਜੋ ਕਦੇ ਇੱਕ ਦੂਜੇ ਨੂੰ ਆਪਣੀ ਜਾਨ ਤੋਂ ਵੀ ਵੱਧ ਚਾਹੁੰਦੇ ਰਹੇ।
ਉਸ ਦੇ ਨਾਲ ਦੇ ਮੇਰੀ ਜਿੱਤ ਲਈ ਕੋਸ਼ਿਸ਼ ਸਨ ਕਰਦੇ ਰਹੇ
ਮੇਰੀ ਮਦਦ ਲਈ ਆਏ ਹੋਏ ਮੈਨੂੰ ਹੀ ਹਰਾਉਂਦੇ ਰਹੇ।
ਇੱਕ ਦੂਜੇ ਨੂੰ ਬਿਨ ਪਹਿਚਾਣੇ ਤੋਂ ਲੰਘ ਗਏ ਕੋਲੋਂ ਦੀ
ਉਹ ਬਚਪਨ ਵੇਲ਼ੇ ਇਕੱਠੇ ਮੀਹਾਂ ਦੇ ਵਿੱਚ ਨਹਾਉਂਦੇ ਰਹੇ।
ਗੀਤਾਂ ਵਾਲੇ ਗੀਤਾਂ ਵਿੱਚ ਖ਼ਬਰਾਂ ਹੀ ਪੜ੍ਹਦੇ ਨੇ ਅੱਜ-ਕੱਲ੍ਹ
ਖ਼ਬਰਾਂ ਵਾਲੇ ਸਭ ਮਿਲ ਜੁਲ ਕੇ ਸੱਤਾ ਦੇ ਗੁਣ ਗਾਉਂਦੇ ਰਹੇ।
ਏਨੀ ਮਿਹਨਤ ਨਾਲ ਤਾਂ ਉਹ ਸਭਨਾਂ ਤੋਂ ਅੱਗੇ ਲੰਘ ਜਾਂਦੇ
ਜਿੰਨਾ ਮੈਨੂੰ ਪਿੱਛੇ ਖਿੱਚਣ ਲਈ ਉਹ ਜ਼ੋਰ ਲਗਾਉਂਦੇ ਰਹੇ।
ਨਾਲੇ ਕਹਿੰਦੇ ਪਿੰਡਾਂ ਦੇ ਵਿੱਚ ਆਪਣਾਪਣ ਜ਼ਿਆਦਾ ਹੁੰਦਾ
ਲੋਕੀਂ ਫਿਰ ਵੀ ਪਿੰਡਾਂ ਨੂੰ ਛੱਡ-ਛੱਡ ਸ਼ਹਿਰਾਂ ਵੱਲ ਆਉਂਦੇ ਰਹੇ।
ਅਸਲੀਅਤ ਵਿੱਚ ਤਾਂ ਉਨ੍ਹਾਂ ਨੂੰ ਮਿਲਣ ਨਾ ਦਿੱਤਾ ਲੋਕਾਂ ਨੇ
ਜੋ ਸੁਪਨੇ ਵਿੱਚ ਇੱਕ ਦੂਜੇ ਨੂੰ ਰੋਜ਼ ਮਿਲਣ ਲਈ ਆਉਂਦੇ ਰਹੇ।
ਸੰਪਰਕ: 99152-64836
* * *
ਇੱਕ ਚੀਜ਼ ਗੁਆਚੀ
ਦੀਪਿਕਾ ਅਰੋੜਾ
ਇੱਕ ਚੀਜ਼ ਗੁਆਚੀ ਏ, ਇੱਕ ਚੀਜ਼ ਗੁਆਚੀ ਏ
ਜ਼ਰਾ ਲੱਭਣਾ ਹਿੰਦ ਦੇ ਬੱਚਿਓ, ਇੱਕ ਚੀਜ਼ ਗੁਆਚੀ ਏ।
ਅੱਜ ਜ਼ਮਾਨਾ ਡਿਜੀਟਲ ਹੋਇਆ, ਸਰਵਣ ਪੁੱਤ ਨਹੀਂ ਮਿਲਦੇ
ਦਿਲ ਦੇ ਟੁਕੜੇ ਜਿਗਰ ਚੀਰਦੇ, ਮਾਪੇ ਦਰ-ਦਰ ਰੁਲਦੇ
ਨਾਗਫ਼ਣੀ ਉੱਗੀਆਂ, ਬੋਹੜਾਂ ਦੀ ਛਾਂ ਗੁਆਚੀ ਏ।
ਸਾਫ਼ ਹਵਾਵਾਂ ਜ਼ਹਿਰੀ ਹੋਈਆਂ, ਪਾਣੀ ਹੋਇਆ ਗੰਧਲਾ
ਰੋਜ਼ ਸਿਆਸੀ ਦੰਗਲ ਹੋਵਣ, ਹੱਲ ਨਾ ਹੋਵੇ ਮਸਲਾ
ਰਾਜ ਲਈ ਲੜਦੇ, ਨੀਤੀ ਦੀ ਰੂਹ ਗੁਆਚੀ ਏ।
ਪੰਜ ਆਬਾਂ ਦੀ ਧਰਤੀ ’ਤੇ ਹੁਣ ਦਰਿਆ ਛੇਵਾਂ ਵਗਦਾ
ਭਵਿੱਖ ਦੇਸ਼ ਦਾ ਲਾ ਟੀਕੇ, ਨਾਲੀਆਂ ’ਚ ਪਿਆ ਡਿੱਗਦਾ
ਭਗਤ, ਆਜ਼ਾਦ, ਊਧਮ ਵਾਲੀ, ਉਹ ਅਣਖ ਗੁਆਚੀ ਏ।
ਡਾਲਰ, ਪੌਂਡ ਕਰਨ ਕਮਾਈ, ਪਰ ਸੰਸਕਾਰ ਨੇ ਭੁੱਲੇ
ਬਾਣੀ ਦਾ ਨਾ ਮਰਮ ਜਾਣਦੇ, ਝੂਠੀ ਸ਼ਾਨ ’ਤੇ ਡੁੱਲ੍ਹੇ
ਬੋਲੀ ਦਾ ਰੁਤਬਾ, ਵਿਰਸੇ ਦੀ ਸਾਂਭ ਗੁਆਚੀ ਏ।
ਸੰਪਰਕ: 90411-60739
* * *