ਸਾਗ
ਜਗਜੀਤ ਸਿੰਘ ਲੱਡਾ
ਲੈ ਪੁੱਤ ਅੱਜ ਤਾਂ ਬਣਾ ਕੇ ਖਾਓ ਸਾਗ।
ਗੰਨੇ ਚੂਪਿਓ ਜਦੋਂ ਘੜੇ ਆਪਾਂ ਆਗ।
ਕੱਲੀ ਕੱਲੀ ਗੰਦਲ ਤੋੜ ਕੇ ਲਿਆਈ,
ਪੂਰੇ ਹੀ ਕਿਆਰੇ ਦੀ ਗੇੜੀ ਮੈਂ ਲਾਈ,
ਨਾਲ ਸੀ ਮੇਰੇ, ਤੇਰੇ ਪਿਤਾ ਜੀ ਭਾਗ।
ਲੈ ਪੁੱਤ ਅੱਜ ਤਾਂ ਬਣਾ ਕੇ ਖਾਓ ਸਾਗ।
ਪਾਲਕ ਮੇਥੇ ਮੇਥੀ ਗਾਜਰਾਂ ਦਾ ਸੇਜਾ,
ਤੋੜ ਦੇ ਗਿਆ ਸੀ ਤੇਰਾ ਵੀਰਾ ਤੇਜਾ,
ਉਸ ਖੇਤੋਂ ਜਿੱਥੇ ਹੈ ਅਮਰੂਦਾਂ ਦਾ ਬਾਗ਼।
ਲੈ ਪੁੱਤ ਅੱਜ ਤਾਂ ਬਣਾ ਕੇ ਖਾਓ ਸਾਗ।
ਮੂਲੀਆਂ ਮੱਖਣ ਲੱਸੀ ਵੀ ਹੈ ਚਾਟੀ ਦੀ,
ਮੈਨੂੰ ਤਾਂ ਲੋੜ ਪਵੇ ਇਸ ਦਿਨ ਬਾਟੀ ਦੀ,
ਕੌਲੀ ਤਾਂ ਏਸ ਵਾਰੀ ਦਵਾਂ ਮੈਂ ਤਿਆਗ।
ਲੈ ਪੁੱਤ ਅੱਜ ਤਾਂ ਬਣਾ ਕੇ ਖਾਓ ਸਾਗ।
ਕੁਝ ਕੁ ਦਿਨਾਂ ਤੱਕ ਇੱਖ ਪੱਕ ਜਾਊਗਾ,
ਚਾਚਾ ਤੇਰਾ ਓਦਣ ਗੰਨੇ ਲਿਆਊਗਾ,
ਪਿੰਡ ਬੈਠਾ ਵੀ ਉਹ ਗਾਵੇ ਤੇਰੇ ਰਾਗ।
‘ਲੱਡੇ’ ਪੁੱਤ ਅੱਜ ਬਣਾ ਕੇ ਖਾਓ ਸਾਗ।
ਸੰਪਰਕ: 98555-31045
* * *
ਬਰਾਬਰੀ
ਮਜ਼ਹਰ ਸ਼ੀਰਾਜ਼
ਤੈਨੂੰ ਰੱਖਿਆ ਜਾਨ ਬਰਾਬਰ
ਕਿਹੜਾ ਤੇਰੀ ਸ਼ਾਨ ਬਰਾਬਰ
ਚੁੱਲ੍ਹੇ ਪਾ ਨੀਂਦਰ ਨੂੰ ਸੱਸੀਏ
ਮੁੜ ਨਹੀਂਓਂ ਲੱਭਣਾ ਖਾਨ ਬਰਾਬਰ
ਸ਼ਾਲਾ ਨਜ਼ਰ ਨਾ ਲੱਗੇ ਸੱਜਣਾ
ਕਿੱਡਾ ਸੋਹਣਾ ਹਾਣ ਬਰਾਬਰ
ਭੁੱਖਾ ਰੱਜਿਆ ਵੱਖ ਨਾ ਹੋਵਣ
ਰਲ਼ ਕੇ ਦੋਵੇਂ ਖਾਣ ਬਰਾਬਰ
ਜਦ ਨਬਜ਼ਾਂ ਤੇ ਹੱਥ ਰੱਖਣਾ ਏ
ਲਗਣਾ ਏ ਲੁਕਮਾਨ ਬਰਾਬਰ
ਰੱਬਾ ਹਰ ਸ਼ੈਅ ਥੱਲੇ ਰੱਖੀਂ
ਕੁਝ ਵੀ ਨਹੀਂ ਇਮਾਨ ਬਰਾਬਰ
ਮੋਢੇ ਨਾਲ ਰਲਾ ਕੇ ਮੋਢਾ
ਮੈਨੂੰ ਕਰ ਅਸਮਾਨ ਬਰਾਬਰ
ਹੁਣ ਬੰਦੇ ਦਾ ਨਾਂਅ ਕੀ ਰੱਖੀਏ
ਲਗਦਾ ਏ ਹੈਵਾਨ ਬਰਾਬਰ
ਜਦ ਆਪਾਂ ਇੱਕ ਜਾਨ ਹਾਂ ਸੱਜਣਾ
ਰੱਖ ‘ਸ਼ੀਰਾਜ਼’ ਦਾ ਮਾਣ ਬਰਾਬਰ
ਸੰਪਰਕ: +923454216319
* * *
ਸੱਚ ਜਾਣਿਓ
ਸੁਰਿੰਦਰ ਢਿੱਲੋਂ
ਕੰਬਦੀ ਆਵਾਜ਼ ਨਾਲ
ਫ਼ੋਨ ਆਉਂਦਾ ਹੈ ਵੱਡੀ ਭੈਣ ਦਾ
ਭੈਣ ਦੇ ਬੋਲ ਕੰਨਾਂ ’ਚ
ਪੈਣ ਸਾਰ ਹੀ ਚਿਹਰਾ ਖਿੜ ਗਿਆ
ਕਈ ਵਰ੍ਹਿਆਂ ਤੋਂ ਭੈਣ
ਨਾਮੁਰਾਦ ਬਿਮਾਰੀ ਨਾਲ ਲੜ ਰਹੀ ਹੈ
ਮੈਨੂੰ ਯਾਦ ਹੈ ਜਦੋਂ
ਮੈਂ ਨਿੱਕਾ ਹੁੰਦਾ ਸੀ
ਕਿਸੇ ਨਾਲ ਕੋਈ ਝਗੜਾ ਹੋਣਾ
ਭੈਣ ਨੇ ਮੋਢੇ ’ਤੇ
ਡਾਂਗ ਰੱਖ ਮੂਹਰੇ ਡੱਟ ਜਾਣਾ
ਕਈ ਦਿਨ ਹੋਗੇ ਸਨ
ਭੈਣ ਨੂੰ ਫ਼ੋਨ ਨਹੀਂ ਕਰ ਸਕਿਆ
ਫ਼ੋਨ ’ਤੇ ਮੈਨੂੰ ਝਿੜਕਦੀ ਕਿ
ਅਜੇ ਤੇਰੀ ਭੈਣ ਜਿਊਂਦੀ ਹੈ
ਮਰੀ ਨਹੀਂ ਤੂੰ ਤਾਂ
ਭੈਣ ਦੀ ਖ਼ਬਰ ਲੈਣੀ ਹੀ
ਭੁੱਲ ਗਿਆ
ਉਹ ਫ਼ੋਨ ’ਤੇ ਇੱਕੋ ਸਾਹੇ ਬੋਲੀ ਜਾ ਰਹੀ ਸੀ
ਜਿਵੇਂ ਨਿੱਕੇ ਹੁੰਦਿਆਂ
ਕੋਈ ਸ਼ਰਾਰਤ ਕਰਨ ’ਤੇ
ਮੂੰਹ ’ਤੇ ਚਪੇੜਾਂ ਮਾਰੀ ਜਾਂਦੀ
ਮੈਂ ਆਖ਼ਰ ਭੈਣ ਨੂੰ ਆਖ ਹੀ ਦਿੱਤਾ
ਭੈਣ ਬੜਾ ਚਿਰ ਹੋ ਗਿਆ ਸੀ
ਤੇਰੀਆਂ ਝਿੜਕਾਂ ਖਾਧੀਆਂ ਨੂੰ
ਹੁਣ ਸ਼ਾਂਤ ਚਿੱਤ ਹੋਈ ਭੈਣ
ਆਖਦੀ ਹੈ ਦੱਸ
ਛੋਟਿਆ ਬੱਚੇ ਠੀਕ ਨੇ ਸਾਰੇ
ਸੱਚ ਜਾਣਿਓ
ਵੱਡੀਆਂ ਭੈਣਾਂ ਮਾਵਾਂ ਦਾ ਹੀ
ਰੂਪ ਹੁੰਦੀਆਂ ਨੇ।
ਸੰਪਰਕ: 94630-43026
* * *
ਅਗਨੀ
ਜਸਵਿੰਦਰ ਸਿੰਘ ‘ਰੁਪਾਲ’
ਜਿਊਂਦੇ ਰਹਿਣ ਦਾ ਬਣਦੀ, ਸਦਾ ਆਧਾਰ ਇਹ ਅਗਨੀ।
ਸਿਰਜਣਹਾਰ ਦੀ ਰਚਨਾ ਦਾ, ਸੋਹਣਾ ਪਿਆਰ ਇਹ ਅਗਨੀ।
ਇਹ ਸਭ ਆਕਾਰ ਤੇ ਬ੍ਰਹਿਮੰਡ ਦੇ, ਮੁੱਢਲੇ ਨੇ ਤੱਤ ਜਿਹੜੇ,
ਧਰਤ ਪਾਣੀ ਹਵਾ ਨੇ ਤਿੰਨ, ਨੰਬਰ ਚਾਰ ਇਹ ਅਗਨੀ।
ਅਗਨ ਇਕ ਗਰਭ ਅੰਦਰ ਸੀ, ਧੜਕਦੀ ਜਿੰਦ ਉਸ ਵਿੱਚੋਂ
ਉਦਰ ਚੋਂ ਬਾਹਰ ਮੋਹ ਮਾਇਆ, ਦਾ ਹੈ ਸੰਸਾਰ ਇਹ ਅਗਨੀ।
ਹੁਸਨ ਜਦ ਵਾਰ ਹੈ ਕਰਦਾ, ਇਸ਼ਕ ਦੇ ਸੰਗ ਜਦ ਮਿਲਦਾ,
ਕਿ ਇਸ ਸੰਗਮ ਸੁਹਾਣੇ ਦੀ, ਅਨੋਖੀ ਧਾਰ ਇਹ ਅਗਨੀ।
ਕੋਈ ਬੱਝਾ ਏ ਤ੍ਰਿਸ਼ਨਾ ਦਾ, ਕੋਈ ਹੰਕਾਰ ਵਿਚ ਡੁੱਬਾ,
ਕਤਲ ਕਰਨੇ ਲਈ ਹੱਥੀਂ ਫੜੀ, ਤਲਵਾਰ ਇਹ ਅਗਨੀ।
ਇਲਾਕੇ ਧਰਮ ਤੇ ਜਾਤਾਂ, ਮਨੁੱਖਾਂ ਵਿਚ ਜੋ ਪਾਈਆਂ ਨੇ
ਅਜਿਹੀਆਂ ਨਫਰਤਾਂ ਦਾ ਕਿਉਂ, ਰਹੀ ਘਰਬਾਰ ਇਹ ਅਗਨੀ।
ਬੜਾ ਹੈ ਸੇਕ ਢਿੱਡ ਅੰਦਰ, ਬੜਾ ਹੀ ਸੇਕ ਦਿਲ ਅੰਦਰ,
ਸਦਾ ਹੀ ਸੇਕ ਦਿਲ ਦੇ ਨੂੰ, ਏ ਦਿੰਦੀ ਠਾਰ ਇਹ ਅਗਨੀ।
ਸੁਣੇ ਨਾ ਹੂਕ ਕਿਰਤੀ ਦੀ, ਖੜ੍ਹੀ ਜੋਕਾਂ ਦੇ ਪਾਸੇ ਹੈ,
ਸਿਵੇ ਜਨਤਾ ਦੇ ਸੜਦੇ ਨੇ, ਬਣੀ ਸਰਕਾਰ ਇਹ ਅਗਨੀ।
ਗਲ਼ਾਂ ਵਿਚ ਟਾਇਰ ਪਾ ਪਾ ਕੇ, ਸੜੀ ਇਨਸਾਨੀਅਤ ਸੀ ਜਦ,
ਭਿਆਨਕ ਰੂਪ ਸੀ ਡਾਢਾ, ਬੜੀ ਖੂੰਖਾਰ ਇਹ ਅਗਨੀ।
ਜਦੋਂ ਉਹ ਠਰ ਗਿਆ ਹੋਣੈਂ, ਤਾਂ ਸਮਝੋ ਮਰ ਗਿਆ ਹੋਣੈਂ,
ਨਾ ਮਿਲਦੀ ਨਕਦ ਹੀ ਕਿਧਰੋਂ, ਤੇ ਨਾ ਉਧਾਰ ਇਹ ਅਗਨੀ।
‘ਰੁਪਾਲ’ ਇਹ ਸੋਚ ਨਾ ਸੜਨੀ, ਕਿਸੇ ਵੀ ਹਾਲ ਵਿਚ ਯਾਰੋ,
ਮੇਰੀ ਦੇਹੀ ਨੂੰ ਫੂਕਣ ਨੂੰ ਤਾਂ, ਭਾਵੇਂ ਤਿਆਰ ਇਹ ਅਗਨੀ।
ਸੰਪਰਕ: 98147-15796
* * *
ਗ਼ਜ਼ਲ
ਜਗਤਾਰ ਪੱਖੋ
ਗੋਰੀ ਧਰਤੀ ਦਾ ਜਦ ਮੁਖੜਾ ਸੂਰਜ ਤਕਦਾ ਏ।
ਮਿੱਟੀ ਉੱਤੇ ਪੈੜਾਂ ਦਾ ਫਿਰ ਮਸਲਾ ਭਖਦਾ ਏ।
ਖ਼ਾਸ ਮਰਤਬਾ ਪਾਇਆ ਉਸ ਫ਼ੌਲਾਦੀ ਹਸਤੀ ਨੇ,
ਹੁਣ ਉਸਦੇ ਚਿਹਰੇ ਤੇ ਆਕੇ ਗ਼ਮ ਵੀ ਹਸਦਾ ਏ।
ਰਮਜ਼ ਸਕੇ ਨਾ ਪੜ੍ਹ ਕੋਈ ਇਹ ਤਿੜਕੇ ਖ਼ਾਬਾਂ ਦੀ,
ਹੋਠਾਂ ਉੱਤੇ ਤਾਹੀਂ ਫੁੱਲ ਸਜਾ ਕੇ ਰੱਖਦਾ ਏ।
ਦਿਲ ਦੀ ਧੜਕਣ ਫੇਰੇ ਜਦ ਅਹਿਸਾਸਾਂ ਦੀ ਮਾਲਾ
ਫਿਰ ਹੀ ਖੂਨ ਦੇ ਅੰਦਰ ਕੋਈ ਨਗਮਾ ਵਗਦਾ ਏ।
ਝੂਠ ਫਰੇਬਾਂ ਦਾ ਤਾਂ ਚਿਹਰਾ ਝੁਕਿਆ ਹੁੰਦਾ ਹੈ,
ਸੱਚ ਹਮੇਸ਼ਾਂ ਸੂਰਜ ਬਣ ਮੱਥੇ ਤੇ ਦਗਦਾ ਏ।
ਅਵਚੇਨਤ ਵਿੱਚ ਚਲਦਾ ਅਕਸਰ ਮੂੰਹ ਤੇ ਆ ਜਾਂਦਾ
ਹਰ ਇਕ ਚਿਹਰਾ ਕਿੱਥੇ ਰਾਜ਼ ਛੁਪਾ ਕੇ ਰਖਦਾ ਏ।
ਸੰਪਰਕ: 94651-96946
* * *
ਗ਼ਜ਼ਲ
ਗੁਰਵਿੰਦਰ ‘ਗੋਸਲ’
ਦੁੱਖ ਵਿੱਚ ਮਿਲੇ ਜੋ, ਸਹਾਰੇ ਚੰਗੇ ਲਗਦੇ।
ਮੈਨੂੰ ਮੇਰੇ ਮਿੱਤਰ, ਪਿਆਰੇ ਚੰਗੇ ਲਗਦੇ।
ਹੰਕਾਰੀ ਬੰਦਿਆਂ ਤੋਂ ਮੈਨੂੰ, ਸੱਚੀਂ ਡਰ ਲਗਦਾ ਏ,
ਬਸ ਮੈਨੂੰ ਫ਼ੱਕਰ, ਵਿਚਾਰੇ ਚੰਗੇ ਲਗਦੇ।
ਜੀਹਦੇ ਵਿੱਚ ਗੁਰੂ ਮੇਰਾ, ਕਰਦਾ ਸਵਾਰੀ ਹੋਵੇ,
ਉਹੋ ਮੈਨੂੰ ਸਾਧਨ, ਸ਼ਿੰਗਾਰੇ ਚੰਗੇ ਲਗਦੇ।
ਬਜ਼ੁਰਗਾਂ ਦੇ ਕੋਲ ਬਹਿਣਾ, ਲਗਦਾ ਏ ਚੰਗਾ ਮੈਨੂੰ,
ਬੱਚਿਆਂ ਦੇ ਹੱਥਾਂ ’ਚ, ਗੁਬਾਰੇ ਚੰਗੇ ਲੱਗਦੇ।
ਦੁਖੀ ਲੋੜਵੰਦਾਂ ਦੀ ਜੋ, ਕਰਨ ਮਦਦ ਜਾਕੇ,
ਉਹੋ ਇਨਸਾਨ ਮੈਨੂੰ, ਸਾਰੇ ਚੰਗੇ ਲਗਦੇ।
ਜਦੋਂ ਕਦੇ ‘ਗੋਸਲ’ ਦਾ, ਮਨ ਜਾ ਉਦਾਸ ਹੁੰਦਾ,
ਉਦੋਂ ਫਿਰ ਨਹਿਰ ਦੇ, ਕਿਨਾਰੇ ਚੰਗੇ ਲੱਗਦੇ।
ਸੰਪਰਕ: 97796-96042